੧੯ ਮਾਘ ੨੦੧੮ ਬਿਕ੍ਰਮੀ ਇੰਦਰ ਰਾਮ ਦੇ ਗ੍ਰਹਿ ਧੰਗਾਲੀ ਜੰਮੂ
ਸਰਗੁਣ ਕਹੇ ਨਿਰਗੁਣ ਸਹਾਰਾ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਰੂਪ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਸ਼ਹਿਨਸ਼ਾਹ ਸੱਚੀ ਸਰਕਾਰਾ, ਨਿਰਗੁਣ ਕਹੇ ਸਰਗੁਣ ਸੱਚੀ ਕਾਰ ਕਮਾਈਆ। ਸਰਗੁਣ ਕਹੇ ਨਿਰਗੁਣ ਹੁਕਮ ਵਰਤਾਰਾ, ਨਿਰਗੁਣ ਕਹੇ ਸਰਗੁਣ ਚਲੇ ਸਚ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਰਖਾਈਆ। ਸਰਗੁਣ ਕਹੇ ਨਿਰਗੁਣ ਪੁਰਖ ਅਕਾਲ, ਨਿਰਗੁਣ ਕਹੇ ਸਰਗੁਣ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਦੀਨ ਦਿਆਲ, ਨਿਰਗੁਣ ਕਹੇ ਸਰਗੁਣ ਸਾਚਾ ਲਾਲ ਨਾਉਂ ਰਖਾਈਆ। ਸਰਗੁਣ ਕਹੇ ਨਿਰਗੁਣ ਚਲੇ ਅਵੱਲੜੀ ਚਾਲ, ਨਿਰਗੁਣ ਕਹੇ ਸਰਗੁਣ ਚਾਲ ਨਿਰਾਲੀ ਇਕ ਜਣਾਈਆ। ਸਰਗੁਣ ਕਹੇ ਨਿਰਗੁਣ ਨਾ ਖਾਏ ਕਾਲ, ਨਿਰਗੁਣ ਕਹੇ ਸਰਗੁਣ ਤੇਰੇ ਕਾਲ ਚਰਨ ਸਰਨ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਰਗੁਣ ਕਹੇ ਨਿਰਗੁਣ ਨੂਰਾਨੀ ਜੋਤ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਜੋਤ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਵਸੇ ਸਾਚੇ ਕੋਟ, ਨਿਰਗੁਣ ਕਹੇ ਬਿਨ ਸਰਗੁਣ ਲੋਕਮਾਤ ਕਿਲਾ ਕੋਟ ਨਜ਼ਰ ਕੋਇ ਨਾ ਆਈਆ। ਸਰਗੁਣ ਕਹੇ ਨਿਰਗੁਣ ਉਤੇ ਮੈਂ ਹੋਇਆ ਮੋਹਤ, ਨਿਰਗੁਣ ਕਹੇ ਮੈਂ ਸਰਗੁਣ ਪਿਛੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਅਨੁਭਵ ਪਰਕਾਸ਼, ਨਿਰਗੁਣ ਕਹੇ ਸਰਗੁਣ ਨੂਰ ਨੂਰ ਸਮਾਇਆ। ਸਰਗੁਣ ਕਹੇ ਨਿਰਗੁਣ ਸ਼ਾਹੋ ਸ਼ਾਬਾਸ਼, ਨਿਰਗੁਣ ਕਹੇ ਸਰਗੁਣ ਸ਼ਹਿਨਸ਼ਾਹ ਲੋਕਮਾਤ ਵਡਿਆਇਆ। ਸਰਗੁਣ ਕਹੇ ਮੈਂ ਨਿਰਗੁਣ ਦਾਸ, ਨਿਰਗੁਣ ਕਹੇ ਮੈਂ ਸਰਗੁਣ ਬਣ ਦਾਸੀ ਦਾਸ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਇਆ। ਸਰਗੁਣ ਕਹੇ ਨਿਰਗੁਣ ਅਛੱਲ, ਨਿਰਗੁਣ ਕਹੇ ਅਛੱਲ ਸਰਗੁਣ ਵਿਚ ਸਮਾਇਆ। ਸਰਗੁਣ ਕਹੇ ਨਿਰਗੁਣ ਬੀਰ ਬਲ, ਨਿਰਗੁਣ ਕਹੇ ਬਲ ਸਰਗੁਣ ਅੰਦਰ ਧਰਾਇਆ। ਸਰਗੁਣ ਕਹੇ ਨਿਰਗੁਣ ਅਟੱਲ, ਨਿਰਗੁਣ ਕਹੇ ਅਟੱਲ ਮੁਨਾਰਾ ਸਰਗੁਣ ਮਾਤ ਵਡਿਆਇਆ। ਸਰਗੁਣ ਕਹੇ ਨਿਰਗੁਣ ਜੋਤ ਰਿਹਾ ਰਲ, ਨਿਰਗੁਣ ਸਰਗੁਣ ਤੇਰੀ ਜੋਤੀ ਜੋਤ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਇਆ। ਸਰਗੁਣ ਕਹੇ ਨਿਰਗੁਣ ਗੁਣ ਨਿਧਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਗੁਣ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਸ਼ਾਹ ਸੁਲਤਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਚਲੇ ਨਾ ਕੋਈ ਸ਼ਹਿਨਸ਼ਾਹੀਆ। ਸਰਗੁਣ ਕਹੇ ਨਿਰਗੁਣ ਇਕ ਸਤਿ ਨਿਸ਼ਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਸਤਿ ਨਿਸ਼ਾਨਾ ਨਾ ਕੋਇ ਉਠਾਈਆ। ਸਰਗੁਣ ਕਹੇ ਨਿਰਗੁਣ ਨੌਜਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਜੋਬਨ ਨਾ ਕੋਇ ਹੰਢਾਈਆ। ਸਰਗੁਣ ਕਹੇ ਨਿਰਗੁਣ ਵਸੇ ਸਚਖੰਡ ਮਕਾਨ, ਨਿਰਗੁਣ ਕਹੇ ਬਿਨ ਸਰਗੁਣ ਸਚਖੰਡ ਦੁਆਰਾ ਕੰਮ ਕਿਸੇ ਨਾ ਆਈਆ। ਸਰਗੁਣ ਕਹੇ ਨਿਰਗੁਣ ਈਮਾਨ, ਨਿਰਗੁਣ ਕਹੇ ਬਿਨ ਸਰਗੁਣ ਸ਼ਰਅ ਨਾ ਕੋਇ ਚਲਾਈਆ। ਸਰਗੁਣ ਕਹੇ ਨਿਰਗੁਣ ਸੂਰਬੀਰ ਬਲਵਾਨ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਬਲ ਨਾ ਕੋਇ ਅਜਮਾਈਆ। ਸਰਗੁਣ ਕਹੇ ਨਿਰਗੁਣ ਇਕੋ ਆਣ, ਨਿਰਗੁਣ ਕਹੇ ਬਿਨ ਸਰਗੁਣ ਮੇਰਾ ਹੁਕਮ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖੇਲ ਖੇਲ ਆਪਣੀ ਖ਼ੁਸ਼ੀ ਮਨਾਈਆ। ਸਰਗੁਣ ਕਹੇ ਨਿਰਗੁਣ ਸੂਰਾ ਸਰਬੰਗ, ਨਿਰਗੁਣ ਕਹੇ ਸਰਗੁਣ ਸੂਰਬੀਰ ਪਰਗਟਾਇਆ। ਸਰਗੁਣ ਕਹੇ ਨਿਰਗੁਣ ਮਰਦੰਗ, ਨਿਰਗੁਣ ਕਹੇ ਮਰਦੰਗ ਸਰਗੁਣ ਹੱਥ ਫੜਾਇਆ। ਸਰਗੁਣ ਕਹੇ ਨਿਰਗੁਣ ਬਿਨ ਰੂਪ ਰੰਗ, ਨਿਰਗੁਣ ਕਹੇ ਆਪਣਾ ਰੂਪ ਰੰਗ ਸਰਗੁਣ ਮਾਤ ਧਰਾਇਆ। ਸਰਗੁਣ ਕਹੇ ਨਿਰਗੁਣ ਸੋਹੇ ਸਚ ਪਲੰਘ, ਨਿਰਗੁਣ ਕਹੇ ਸਚ ਪਲੰਘ ਸਰਗੁਣ ਅੰਦਰ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ ਨਿਰਗੁਣ ਸਰਗੁਣ ਆਪਣੀ ਵੰਡ ਵੰਡਾਇਆ। ਸਰਗੁਣ ਕਹੇ ਨਿਰਗੁਣ ਨਿਰੰਕਾਰ, ਨਿਰਗੁਣ ਕਹੇ ਸਰਗੁਣ ਵਿਹਾਰ ਚਲਾਈਆ। ਸਰਗੁਣ ਕਹੇ ਨਿਰਗੁਣ ਅਗੰਮ ਅਪਾਰ, ਨਿਰਗੁਣ ਕਹੇ ਸਰਗੁਣ ਅਗੰਮੜੀ ਧਾਰ ਵਖਾਈਆ। ਸਰਗੁਣ ਕਹੇ ਨਿਰਗੁਣ ਅਲੱਖ ਜੈਕਾਰ, ਨਿਰਗੁਣ ਕਹੇ ਸਰਗੁਣ ਜੈ ਜੈ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਕਿਸੇ ਨਾ ਆਏ ਵਿਚ ਵਿਚਾਰ, ਨਿਰਗੁਣ ਕਹੇ ਸਰਗੁਣ ਅੰਦਰ ਵੜ ਵੜ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਭੇਵ ਰਖਾਈਆ।
