Granth 11 Likhat 071: 18 Magh 2018 Bikarmi Katha Singh de Ghar Pind Moyel Jammu

੧੮ ਮਾਘ ੨੦੧੮ ਬਿਕ੍ਰਮੀ ਕਥਾ ਸਿੰਘ ਦੇ ਘਰ ਪਿੰਡ ਮੋਇਲ ਜੰਮੂ

ਪੀਰ ਪੈਗ਼ੰਬਰ ਰਹੇ ਨੱਠ, ਚਾਰ ਯਾਰੀ ਨਾਲ ਰਲਾਈਆ। ਦਰ ਦਰਵੇਸ ਇਕ ਇਕੱਠ, ਗ੍ਰਹਿ ਮੰਦਰ ਵੇਖ ਵਖਾਈਆ। ਇਕ ਦੂਜੇ ਨੂੰ ਰਹੇ ਦੱਸ, ਸਦੀ ਚੌਧਵੀਂ ਦਏ ਦੁਹਾਈਆ। ਸਭ ਦੇ ਖਾਲੀ ਹੋਏ ਹੱਥ, ਅੱਗੇ ਚਲੇ ਨਾ ਕੋਇ ਵਡਿਆਈਆ। ਕਲਮਾ ਨਬੀ ਨਾ ਕੋਈ ਨੱਥ, ਰਸੂਲ ਅਸੂਲ ਨਾ ਕੋਈ ਬਿਤਾਈਆ। ਜਿਸ ਦਾ ਗਾਉਂਦੇ ਰਹੇ ਜਸ, ਮੁਕਾਮੇ ਹੱਕ ਹੱਕ ਖ਼ੁਦਾਈਆ। ਸੋ ਪਰਗਟ ਹੋਇਆ ਸਾਹਿਬ ਸਮਰਥ, ਨਿਰਗੁਣ ਆਪਣਾ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਪੀਰ ਪੈਗ਼ੰਬਰ ਕਰਨ ਵਿਚਾਰ, ਹਰਿ ਵਿਚਾਰ ਵਿਚ ਕਦੇ ਨਾ ਆਈਆ। ਸਦੀ ਸਦੀਵੀ ਹੋਈ ਖ਼ੁਆਰ, ਸਿਰ ਸਦਕਾ ਨਾ ਕੋਈ ਰਖਾਈਆ। ਚਾਰੋਂ ਕੁੰਟ ਧੂੰਆਂਧਾਰ, ਚੌਦਾਂ ਤਬਕ ਰਹੇ ਕੁਰਲਾਈਆ। ਐਨਲਹਕ ਨਾ ਕਹੇ ਕੋਈ ਪੁਕਾਰ, ਹੱਕ ਹਕ਼ੀਕ਼ਤ ਨਾ ਕੋਈ ਸਮਝਾਈਆ। ਲਾਸ਼ਰੀਕ ਪਰਵਰਦਿਗਾਰ, ਬੇਐਬ ਰੂਪ ਵਟਾਈਆ। ਸਾਡੀ ਕਰਨੀ ਪਾਵੇ ਸਾਰ, ਪੂਰਬ ਲੇਖਾ ਵੇਖੇ ਥਾਉਂ ਥਾਈਂਆ। ਹੁਕਮੀ ਹੁਕਮ ਕਰੇ ਫ਼ਰਮਾਣ, ਧੁਰ ਫ਼ਰਮਾਣਾ ਇਕ ਜਣਾਈਆ। ਸਦਾ ਦੇਵੇ ਏਕਾ ਦਾਨ, ਏਕਾ ਘਰ ਮੰਗਾਈਆ। ਰੁੱਤੜੀ ਸੋਹੇ ਭਗਤ ਦੁਆਰ, ਲੋਕਮਾਤ ਵੱਜੇ ਵਧਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਆਪਣੇ ਹੱਥ ਰੱਖੀ ਵਡਿਆਈਆ। ਏਕਾ ਜਾਣੇ ਰਾਮ ਰੂਪ ਕਰਤਾਰ, ਬੇਅੰਤ ਬੇਅੰਤ ਬੇਅੰਤ ਬੇਪਵਰਾਹੀਆ। ਖੇਲੇ ਖੇਲ ਦੋ ਜਹਾਨ, ਸ੍ਰੀ ਭਗਵਾਨ ਆਪਣੀ ਕਾਰ ਕਮਾਈਆ। ਲਹਿਣਾ ਦੇਣਾ ਵਖਾਏ ਗੋਪੀ ਕਾਹਨ, ਬਣ ਘਨਈਆ ਨੱਯੀਆ ਮਾਤ ਚਲਾਈਆ। ਸ਼ਬਦ ਅਗੰਮੀ ਦੇ ਪੈਗ਼ਾਮ, ਪੀਰ ਪੀਰ ਕਰੇ ਪੜ੍ਹਾਈਆ। ਅੰਤਮ ਸਭ ਨੂੰ ਵੇਖੇ ਆਣ, ਬੇਪਹਿਚਾਨ ਰੂਪ ਵਟਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਗਿਆਨ, ਏਕਾ ਅੱਖਰ ਕਰੇ ਪੜ੍ਹਾਈਆ। ਦਾਤਾ ਦਾਨੀ ਨੌਜਵਾਨ, ਬਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨੂਰ ਜ਼ਹੂਰ ਆਪ ਕਰਾਈਆ। ਨੂਰ ਜ਼ਹੂਰ ਹਰਿ ਅਗੰਮ, ਅਗੰਮੜਾ ਖੇਲ ਕਰਾਇੰਦਾ। ਚੌਦਾਂ ਲੋਕ ਬੇੜਾ ਬੰਨ੍ਹ, ਚੌਦਾਂ ਤਬਕ ਆਪ ਹਿਲਾਇੰਦਾ। ਲੱਖ ਚੁਰਾਸੀ ਦੇਵੇ ਡੰਨ, ਜੋ ਘੜ੍ਹਿਆ ਭੰਨ ਵਖਾਇੰਦਾ। ਭਗਤ ਭਗਵੰਤ ਚੜ੍ਹਾਏ ਸਾਚੇ ਚੰਨ, ਮੁਰਸ਼ਦ ਮੁਰੀਦ ਦਇਆ ਕਮਾਇੰਦਾ। ਏਕਾ ਰਾਗ ਸੁਣਾਏ ਕੰਨ, ਕਲਮਾ ਕਲਾਮ ਆਪ ਜਣਾਇੰਦਾ। ਏਕਾ ਜੋਤ ਜਗਾਏ ਤਨ, ਦੀਪਕ ਦੀਆ ਡਗਮਗਾਇੰਦਾ। ਏਕਾ ਬੇੜਾ ਦੇਵੇ ਬੰਨ੍ਹ, ਖੇਵਟ ਖੇਟ ਸੇਵ ਕਮਾਇੰਦਾ। ਏਕਾ ਦੇਵੇ ਸੱਚਾ ਧੰਨ, ਵਸਤ ਅਮੋਲਕ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਚੁਕਾਇੰਦਾ। ਪੀਰ ਪੈਗ਼ੰਬਰ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਈਆ। ਏਕਾ ਵਿਛੜਿਆ ਮੀਤ ਮੁਰਾਰ, ਇਲਾਹੀ ਨੂਰ ਨਾ ਕੋਇ ਰੁਸ਼ਨਾਈਆ। ਮੁਕਾਮੇ ਹੱਕ ਨਾ ਸਾਂਝਾ ਯਾਰ, ਹਕ਼ੀਕ਼ਤ ਕਰੇ ਨਾ ਕੋਈ ਕੁੜਮਾਈਆ। ਰਾਮ ਰਹੀਮ ਰਹਿਮਾਨ ਹੋਇਆ ਖ਼ਬਰਦਾਰ, ਖ਼ਬਰਦਾਰ ਕਰੇ ਲੋਕਾਈਆ। ਏਕਾ ਚਿੱਲਾ ਤੀਰ ਕਮਾਨ, ਤ੍ਰੈਭਵਨ ਧਨੀ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਈਆ। ਸਾਚਾ ਚਿੱਲਾ ਤੀਰ ਕਮਾਨ, ਸ੍ਰੀ ਭਗਵਾਨ ਆਪ ਉਠਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਰਵਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਲੇਖਾ ਜਾਣੇ ਗੋਪੀ ਕਾਹਨ, ਕ੍ਰਿਸ਼ਨ ਮਧੁਰ ਧੁਨ ਬੰਸਰੀ ਨਾਮ ਵਜਾਇੰਦਾ। ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਨਾਦ ਅਨਾਦੀ ਧੁਰ ਫ਼ਰਮਾਣ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਲੇਖਾ ਮੁੱਕੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਪਰਗਟ ਹੋ ਸ੍ਰੀ ਭਗਵਾਨ, ਵੇਦ ਵਿਆਸੇ ਨਾਲ ਉਠਾਇੰਦਾ। ਏਕਾ ਮੰਦਰ ਇਕ ਮਕਾਨ, ਸਾਚੇ ਬੰਕ ਸੋਭਾ ਪਾਇੰਦਾ। ਏਕਾ ਨਾਮ ਗੀਤਾ ਗਿਆਨ, ਦ੍ਰਿਸ਼ਟ ਇਸ਼ਟ ਇਕ ਵਖਾਇੰਦਾ। ਏਕਾ ਰਾਮ ਏਕਾ ਕਾਹਨ, ਧੁਨ ਅਨਾਦੀ ਇਕ ਵਜਾਇੰਦਾ। ਏਕਾ ਸਤਿਨਾਮ ਸਤਿਨਾਮ ਕਰੇ ਪਰਵਾਨ, ਧੁਰ ਫ਼ਰਮਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ ਤੇਰਾ ਲਹਿਣਾ ਤੇਰੀ ਝੋਲੀ ਪਾਇੰਦਾ। ਸਾਚਾ ਲਹਿਣਾ ਦੇਵਣਹਾਰ, ਆਦਿ ਜੁਗਾਦਿ ਸਮਾਇਆ। ਗੁਰ ਅਵਤਾਰਾਂ ਪਾਵੇ ਸਾਰ, ਜੁਗ ਜੁਗ ਵੇਸ ਵਟਾਇਆ। ਭਗਤ ਭਗਵੰਤ ਦਏ ਆਧਾਰ, ਸਿਰ ਆਪਣਾ ਹੱਥ ਟਿਕਾਇਆ। ਲੱਖ ਚੁਰਾਸੀ ਪਾਰ ਕਿਨਾਰ, ਆਵਣ ਜਾਵਣ ਗੇੜ ਕਟਾਇਆ। ਏਥੇ ਓਥੇ ਹੋਏ ਸਹਾਰ, ਵਿਚ ਜਹਾਨਾਂ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਇਆ। ਹਰਿਜਨ ਸਾਚੇ ਆਪ ਉਠਾਲ, ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਸਾਚੇ ਲਾਲ, ਗੁਰ ਗੁਰ ਸੇਵ ਕਮਾਈਆ। ਸ਼ਬਦੀ ਸ਼ਬਦ ਬਣ ਦਲਾਲ, ਜਗਤ ਵਿਚੋਲਾ ਫੇਰਾ ਪਾਈਆ। ਨਾਤਾ ਤੋੜ ਕਾਲ ਮਹਾਂਕਾਲ, ਏਕਾ ਬਖ਼ਸ਼ੇ ਸਰਨ ਸਰਨਾਈਆ । ਨੂਰੀ ਜਲਵਾ ਨੂਰ ਜਲਾਲ, ਨੂਰ ਨੂਰਾਨਾ ਇਕ ਦਰਸਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏ ਪਛਾਣ, ਲੱਖ ਚੁਰਾਸੀ ਫੋਲ ਫੁਲਾਈਆ। ਸੀਤਾ ਸੁਰਤੀ ਮਿਲੇ ਰਾਮ, ਘਰ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚੇ ਮੇਲ ਮਿਲੌਣਾ, ਹਰਿ ਆਪਣੀ ਦਇਆ ਕਮਾਇੰਦਾ। ਪੀਰ ਪੈਗ਼ੰਬਰ ਨਾਲ ਰਲੌਣਾ, ਗੁਰ ਅਵਤਾਰ ਆਪ ਉਠਾਇੰਦਾ। ਸਾਚਾ ਬੰਕ ਇਕ ਸੁਹੌਣਾ, ਜਿਸ ਦੁਆਰੇ ਫੇਰਾ ਪਾਇੰਦਾ। ਪੂਰਬ ਲਹਿਣਾ ਝੋਲੀ ਪੌਣਾ, ਜਨਮ ਕਰਮ ਪੰਧ ਮੁਕਾਇੰਦਾ। ਜੋਤੀ ਜੋਤ ਜੋਤ ਮਿਲਾਉਣਾ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਏਕਾ ਹੱਥ ਟਿਕਾਇੰਦਾ। ਗੁਰਮੁਖ ਸੱਚਾ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਬਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰਨ ਵਿਚਾਰ, ਅਚਰਜ ਹਰਿ ਹਰਿ ਖੇਲ ਵਰਤਾਈਆ। ਜੁਗ ਚੌਕੜੀ ਦੇਂਦਾ ਰਿਹਾ ਨਾਮ ਆਧਾਰ, ਆਪਣਾ ਨਾਉਂ ਕਰ ਵਡਿਆਈਆ। ਕਲਜੁਗ ਅੰਤਮ ਹੋ ਤਿਆਰ, ਲੋਕਮਾਤ ਫੇਰਾ ਪਾਈਆ। ਜੋਤੀ ਜਾਤਾ ਹੋ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਜੰਗਲ ਜੂਹ ਵੇਖੇ ਉਜਾੜ ਪਹਾੜ, ਲੱਖ ਚੁਰਾਸੀ ਡੂੰਘੀ ਕੰਦਰ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਚਰਨਾਂ ਹੇਠ ਲਿਤਾੜ, ਸੱਤਾਂ ਦੀਪਾਂ ਵੰਡ ਵੰਡਾਈਆ। ਗੁਰਮੁਖ ਵਿਚੋਂ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਨਾਤਾ ਤੋੜੇ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਮਿਲਿਆ ਧੁਰ ਦਰਬਾਰ, ਸ੍ਰੀ ਭਗਵਾਨ ਦਇਆ ਕਮਾਇੰਦਾ। ਗੁਰ ਕਾ ਸ਼ਬਦ ਇਕ ਆਧਾਰ, ਗੁਰ ਗੁਰ ਰੂਪ ਸਮਾਇੰਦਾ। ਸਤਿਗੁਰ ਪੂਰਾ ਜਾਏ ਤਾਰ, ਫੜ ਬੇੜਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਸਾਚਾ ਸਤਿ ਸਰੂਪ, ਮਹਿਮਾ ਅਨੂਪ ਗਿਣੀ ਨਾ ਜਾਈਆ। ਪ੍ਰਭ ਮਿਲਿਆ ਇਕੋ ਭੂਪ, ਰਾਜਾਨ ਰਾਜ ਬੇਪਰਵਾਹੀਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਨਾਤਾ ਤੋੜ ਜੂਠ ਝੂਠ, ਸਚ ਸੁੱਚ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਸਾਚਾ ਤਾਰਿਆ, ਤਾਰਨਹਾਰ ਗੁਰ ਏਕ। ਆਵਣ ਜਾਵਣ ਗੇੜ ਨਿਵਾਰਿਆ, ਚਰਨ ਸਰਨ ਬਖ਼ਸ਼ੀ ਟੇਕ। ਸਚਖੰਡ ਦੁਆਰੇ ਆਪ ਸੁਹਾ ਲਿਆ, ਮੇਲ ਮਿਲਾਵਾ ਏਕੋ ਏਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਲਿਖਣਹਾਰਾ ਲੇਖ। ਆਪੇ ਲਿਖੇ ਲੇਖ, ਲਿਖਣਹਾਰ ਗੋਪਾਲਾ। ਸੰਤ ਸੁਹੇਲੇ ਆਪੇ ਵੇਖ, ਦੇਵੇ ਨਾਮ ਸੁਖਾਲਾ। ਆਪੇ ਬਨਣਹਾਰਾ ਰੇਖ, ਆਪੇ ਤੋੜਣਹਾਰ ਜੰਜਾਲਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਲਾਲਾ। ਹਰਿਜਨ ਲਾਲ ਅਨਮੁਲੜਾ, ਕੀਮਤ ਕੋਇ ਨਾ ਪਾਇੰਦਾ। ਸਤਿਗੁਰ ਕੰਡੇ ਜੋ ਜਨ ਤੁਲੜਾ, ਤਿਸ ਭਾਰ ਨਾ ਕੋਈ ਉਠਾਇੰਦਾ। ਏਥੇ ਓਥੇ ਫਲਿਆ ਫੁਲੜਾ, ਦੋ ਜਹਾਨਾਂ ਡਗਮਗਾਇੰਦਾ। ਭਾਗ ਲਗਾਏ ਆਪਣੀ ਕੁਲੜਾ, ਕੁਲਵੰਤ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਿਰ ਰੱਖੇ ਹੱਥ ਆਪ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ। ਜੋ ਜਨ ਰਸਨਾ ਸੋਹੰ ਗਾਏ ਜੈਕਾਰ, ਜਨਮ ਮਰਨ ਵਿਚ ਨਾ ਆਈਆ। ਨੇਤਰ ਲੋਚਣ ਨੈਣ ਦੇਵੇ ਦਰਸ ਦੀਦਾਰ, ਸਵੱਛ ਸਰੂਪੀ ਰੂਪ ਵਟਾਈਆ। ਅਗਨੀ ਤੱਤ ਦੇਵੇ ਠਾਰ, ਅੰਮ੍ਰਿਤ ਮੇਘ ਬਰਸਾਈਆ। ਕਾਗ ਰਲਾਏ ਹੰਸਾ ਡਾਰ, ਸੋਹੰ ਹੰਸਾ ਮੋਤੀ ਚੋਗ ਚੁਗਾਈਆ। ਹਉਮੇ ਦੁਖੜਾ ਦਏ ਨਿਵਾਰ, ਘਰ ਘਰ ਵਿਚ ਸੁਖ ਉਪਜਾਈਆ। ਨਾਤਾ ਤੋੜ ਸਰਬ ਸੰਸਾਰ, ਚਰਨ ਸਰਨ ਦਏ ਸਰਨਾਈਆ। ਗੁਰਮੁਖ ਕਰੇ ਸਦਾ ਪਿਆਰ, ਗੁਰ ਪੂਰੇ ਵਡ ਵਡਿਆਈਆ। ਕਥਾ ਸਿੰਘ ਉਤਰਿਆ ਪਾਰ, ਅਧਵਿਚਕਾਰ ਨਾ ਕੋਇ ਅਟਕਾਈਆ। ਦੋੲੋ ਜੋੜ ਕਰੇ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਗੋਦ ਮੇਰਾ ਪਰਵਾਰ, ਇਕੋ ਤੇਰੀ ਓਟ ਤਕਾਈਆ। ਆਦਿ ਜੁਗਾਦਿ ਸਦਾ ਰਖਵਾਲ, ਤੂੰ ਸੱਚਾ ਸਾਹਿਬ ਸਾਈਂਆ। ਏਥੇ ਓਥੇ ਦੋ ਜਹਾਨਾਂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਧੰਨ ਭਾਗ ਮੇਰੀ ਲੇਖੇ ਲਾਈ ਘਾਲ, ਕੀਤੀ ਘਾਲ ਥਾਏਂ ਪਾਈਆ। ਚਰਨ ਪ੍ਰੀਤੀ ਨਿਭੇ ਨਾਲ, ਅੰਤ ਵਿਛੋੜਾ ਨਾ ਕੋਈ ਰਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ, ਦਇਆਨਿਧ ਠਾਕਰ ਗਹਿਰ ਗੰਭੀਰ ਸਹਿਜ ਗੁਣ ਸਾਗਰ ਅੰਮ੍ਰਿਤ ਤਾਲ ਲਿਆ ਨੁਹਾਈਆ। ਪਾਰਬ੍ਰਹਮ ਤੇਰਾ ਪਰਵਾਰ, ਗੁਰ ਅਵਤਾਰ ਨਾਉਂ ਧਰਾਇਆ। ਪੀਰ ਪੈਗ਼ੰਬਰ ਤੇਰਾ ਆਧਾਰ, ਲੋਕਮਾਤ ਖੇਲ ਕਰਾਇਆ। ਆਪਣਾ ਨਾਉਂ ਰੱਖ ਹਰਿ ਨਿਰੰਕਾਰ, ਅੰਮ੍ਰਿਤ ਅਮੋਲਕ ਇਕ ਵਰਤਾਇਆ। ਕਾਇਆ ਗੋਲਕ ਕਰ ਤਿਆਰ, ਆਦਿ ਜੁਗਾਦਿ ਵਿਚ ਟਿਕਾਇਆ। ਸੱਚੀ ਢੋਲਕ ਅਗੰਮ ਅਪਾਰ, ਏਕਾ ਏਕ ਸੁਣਾਇਆ। ਅਨਬੋਲਤ ਤੂੰ ਕੋਇ ਨਾ ਪਾਏ ਸਾਰ, ਤੇਰਾ ਭੇਵ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਸ ਇਕ ਵਡਿਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਉਂ, ਲੋਕਮਾਤ ਪਰਗਟਾਈਆ। ਜੁਗ ਜੁਗ ਦੇਵਣ ਧੁਰ ਫ਼ਰਮਾਣ, ਜੀਵ ਜੰਤ ਕਰ ਪੜ੍ਹਾਈਆ। ਆਪ ਰੱਖਣ ਤੇਰਾ ਧਿਆਨ, ਧਿਆਨ ਦੱਸਣ ਸਰਬ ਲੋਕਾਈਆ। ਆਪ ਮੰਗਣ ਤੇਰਾ ਗਿਆਨ, ਗਿਆਨ ਜੀਵ ਜੰਤ ਜਣਾਈਆ। ਆਪ ਮੰਗਣ ਤੈਥੋਂ ਦਾਨ, ਬਣ ਦਾਨੀ ਲੋਕਮਾਤ ਸੇਵ ਕਮਾਈਆ। ਆਪ ਮੰਨਣ ਤੈਨੂੰ ਕਾਹਨ, ਲੋਕਮਾਤ ਬਣ ਬਣ ਕਾਹਨ ਤੇਰੀ ਰਾਸ ਰਚਾਈਆ। ਤੂੰ ਸਭ ਦਾ ਦਾਤਾ ਸ੍ਰੀ ਭਗਵਾਨ, ਬੇਅੰਤ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰਾ ਰੰਗ, ਰੰਗ ਰੰਗ ਚੜ੍ਹਾਈਆ। ਆਤਮ ਸੇਜਾ ਸਚ ਪਲੰਘ, ਸਚ ਸਿੰਘਾਸਣ ਇਕ ਵਿਛਾਈਆ। ਨਿਝ ਆਤਮ ਦੇਵੇ ਨਿਝਾਨੰਦ, ਨਿਝ ਘਰ ਕਰੇਂ ਰਸਾਈਆ। ਗੀਤ ਸੁਣਾਏ ਆਪਣਾ ਛੰਦ, ਬਿਨ ਤੰਦੀ ਤਾਰ ਹਿਲਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਘਰਾਨਾ, ਤੇਰੇ ਹੱਥ ਸਾਹਿਬ ਵਡਿਆਈਆ। ਤੂੰ ਸਭ ਦਾ ਸੱਚਾ ਦਾਤਾ, ਸ਼ਹਿਨਸ਼ਾਹ ਅਖਵਾਈਆ। ਸਭ ਗੌਦੇਂ ਤੇਰਾ ਗਾਣਾ, ਜੁਗ ਜੁਗ ਸੇਵ ਕਮਾਈਆ। ਤੂੰ ਚਰਨ ਬਖ਼ਸ਼ੇ ਮਾਣਾ, ਸਿਰ ਆਪਣਾ ਹੱਥ ਟਿਕਾਈਆ। ਨੇਤਰ ਨੈਣ ਤੇਰਾ ਧਿਆਨਾ, ਤੇਰੇ ਹੁਕਮੇ ਫੇਰੀ ਪਾਈਆ। ਤੂੰ ਚਤੁਰ ਸੁਘੜ ਸੁਜਾਨਾ, ਵਡ ਦਾਤਾ ਸ਼ਹਿਨਸ਼ਾਹੀਆ। ਤੇਰਾ ਖੇਲ ਦੋ ਜਹਾਨਾਂ, ਲੋਕਮਾਤ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਤੇਰਾ ਸਾਕ, ਲੋਕਮਾਤ ਬੰਧਨ ਪਾਇਆ। ਤੂੰ ਆਪਣੀ ਦੱਸੀਂ ਭਵਿਖਤ ਵਾਕ, ਭੇਵ ਅਭੇਦ ਖੁਲ੍ਹਾਇਆ। ਤੂੰ ਬਣਾਏਂ ਆਪਣੀ ਜ਼ਾਤ, ਆਪਣਾ ਰੰਗ ਰੰਗਾਇਆ। ਤੂੰ ਬੈਠਾ ਇਕ ਇਕਾਂਤ, ਸਚ ਮਹੱਲੇ ਡੇਰਾ ਲਾਇਆ। ਤੇਰਾ ਖੇਲ ਬਹੁ ਬਿਧ ਭਾਂਤ, ਏਕਾ ਬਿਧ ਆਪਣੀ ਧਾਰ ਚਲਾਇਆ। ਤੇਰੀ ਸੇਵਾ ਦਿਵਸ ਰਾਤ, ਸੂਰਜ ਚੰਨ ਰਹੇ ਕਮਾਇਆ। ਤੇਰੀ ਪੜ੍ਹ ਪੜ੍ਹ ਪੂਜਾ ਪਾਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਧੰਦੇ ਆਪ ਲਗਾਇਆ। ਗੁਰ ਅਵਤਾਰ ਪੀਰ ਪੇਗ਼ੰਬਰ ਤੇਰਾ ਬੰਧਨ, ਦੀਨਾ ਬੰਧੂ ਤੇਰੀ ਵਡਿਆਈਆ। ਤੇਰਾ ਨਾਮ ਮਸਤਕ ਲੌਣ ਚੰਦਨ, ਚੰਦਨ ਨਿੰਮ ਵਾਸ ਮਹਿਕਾਈਆ। ਦੋਏ ਜੋੜ ਕੀਤੀ ਬੰਦਨ, ਸੀਸ ਜਗਦੀਸ ਝੁਕਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦਨ, ਤੇਰੇ ਹੱਥ ਵਡਿਆਈਆ। ਅਸੀਂ ਸੇਵਾ ਕਰੀਏ ਵਿਚ ਵਰਭੰਡਨ, ਬ੍ਰਹਿਮੰਡ ਤੇਰੀ ਧਾਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸਾਜਨ ਆਪੇ ਸਾਜ, ਵੇਖੇ ਚਾਈਂ ਚਾਈਂਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਨਾਤਾ, ਜੁਗ ਜੁਗ ਗਾਵੇ ਤੇਰੀ ਗਾਥਾ, ਤੇਰਾ ਸੋਹਲਾ ਨਾਲ ਰਲਾਇਆ। ਨਿਉਂ ਨਿਉਂ ਟੇਕਣ ਮਾਥਾ, ਪ੍ਰਭ ਚਰਨ ਸੀਸ ਝੁਕਾਇਆ। ਤੂੰ ਸਾਹਿਬ ਪੁਰਖ ਸਮਰਾਥਾ, ਵਡ ਦਾਤਾ ਬੇਪਰਵਾਹਿਆ। ਤੂੰ ਬਾਂਕਨ ਬਾਂਕੀ ਬਾਂਕਾ, ਪਤਿਤ ਪੁਨੀਤ ਵੇਸ ਕਰਾਇਆ। ਕੋਟਨ ਕੋਟ ਬ੍ਰਹਿਮੰਡ ਖੰਡ ਤੇਰਾ ਅਹਾਤਾ, ਗੁਰ ਅਵਤਾਰ ਬੈਠੇ ਸੇਵ ਕਮਾਇਆ। ਤੇਰੇ ਰੰਗ ਕਿਸੇ ਨਾ ਜਾਤਾ, ਬੇਅੰਤ ਤੇਰੀ ਸ਼ਹਿਨਸ਼ਾਹਿਆ। ਤੂੰ ਸਭ ਦਾ ਪਿਤਾ ਮਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰਾ ਜੋੜ, ਜੋੜਨ ਜੋੜ ਜੋੜ ਜੁੜਾਈਆ। ਤੂੰ ਲੱਗੀ ਨਿਭਾਵੇਂ ਤੋੜ, ਤੇਰੇ ਹੱਥ ਵਡ ਵਡਿਆਈਆ। ਜੁਗ ਜੁਗ ਤੇਰੀ ਰੱਖਣ ਓਟ, ਇਕੋ ਆਸ ਤਕਾਈਆ। ਤੂੰ ਦਾਤਾ ਨਿਰਮਲ ਜੋਤ, ਨੂਰ ਨੂਰ ਰੁਸ਼ਨਾਈਆ। ਸਚਖੰਡ ਵਸੇਂ ਸਾਚੇ ਕੋਟ, ਚਾਰ ਦੁਆਰ ਨਾ ਕੋਈ ਬਣਾਈਆ । ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਮਿਤ, ਮਿੱਤਰ ਪਿਆਰਾ ਤੂੰ ਅਖਵਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰਿਆ ਹਿਤ, ਨਿਤ ਨਵਿਤ ਵੇਸ ਵਟਾਈਆ। ਕਲਜੁਗ ਅੰਤਮ ਦੱਸੀ ਸਾਚੀ ਥਿਤ, ਸਾਚਾ ਘਰ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਘਰ ਆਪਣਾ ਭੇਵ ਚੁਕਾਈਆ। ਗੁਰ ਪੀਰ ਅਵਤਾਰ ਤੇਰਾ ਦਰਵਾਜ਼ਾ, ਲੋਕਮਾਤ ਖੁਲਾਇਆ। ਅੰਦਰ ਵੜ ਵੜ ਕਰੇ ਕਾਜਾ, ਆਪਣਾ ਹੁਕਮ ਸੁਣਾਇਆ। ਭੂਪਤ ਭੂਪ ਬਣ ਰਾਜਨ ਰਾਜਾ, ਹੁਕਮੀ ਸਰਬ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰੰਗ ਵਖਾਈਆ। ਗੁਰ ਪੀਰ ਅਵਤਾਰ ਤੇਰਾ ਸੱਜਣ, ਤੂੰ ਸਗਲਾ ਸੰਗ ਨਿਭਾਇੰਦਾ। ਚਰਨ ਧੂੜ ਕਰਾਏ ਮਜ਼ਨ, ਸਚ ਸਰੋਵਰ ਇਕ ਨੁਹਾਇੰਦਾ। ਜੁਗਾਂ ਜੁਗੰਤ ਹੋਏ ਪੜਦੇ ਕੱਜਣ, ਨਾਮ ਦਾਤ ਹੱਥ ਰਖਾਇੰਦਾ। ਨਾਦ ਅਨਾਦੀ ਨਾਦ ਤੇਰੇ ਵੱਜਣ, ਗੀਤ ਗੋਬਿੰਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਆਸ, ਇਕੋ ਆਸ ਤਕਾਈਆ। ਜੁਗ ਜੁਗ ਬੁਝਾਏ ਪਿਆਸ, ਤ੍ਰਿਸਨਾ ਅਗ ਮਿਟਾਈਆ। ਭੇਵ ਚੁਕਾਏ ਪ੍ਰਿਥਮੀ ਆਕਾਸ਼, ਆਕਾਸ਼ ਅਕਾਸ਼ਾਂ ਕਰ ਰੁਸ਼ਨਾਈਆ। ਸਰਗੁਣ ਨਿਰਗੁਣ ਹੋ ਦਾਸੀ ਦਾਸ, ਸਾਚੀ ਸੇਵ ਕਮਾਈਆ। ਆਪਣੇ ਵਿਚੋਂ ਪਰਗਟ ਕਰਕੇ ਆਪਣੀ ਸ਼ਾਖ਼, ਸਾਖਿਆਤ ਰੂਪ ਵਖਾਈਆ । ਨਾਮ ਅਗੰਮੀ ਦੇ ਦੇ ਦਾਤ, ਝੋਲੀ ਸਰਬ ਭਰਾਈਆ। ਅੰਤਮ ਵੇਖਣਹਾਰਾ ਜ਼ਾਤ, ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਤੱਕ, ਇਕ ਧਿਆਨ ਲਗਾਇਆ। ਤੂੰ ਆਦਿ ਜੁਗਾਦਿ ਨਾ ਜਾਏਂ ਅੱਕ, ਜੁਗ ਜੁਗ ਖੇਲ ਕਰਾਇਆ। ਆਪਣੇ ਚਰਨਾਂ ਹੇਠਾਂ ਸਾਰੇ ਰੱਖੀ ਢਕ, ਆਪ ਆਪਣਾ ਪੜਦਾ ਲਾਹਿਆ। ਜਿਸ ਭਾਵੇਂ ਤਿਸ ਲਏਂ ਕੱਢ, ਹੁਕਮੀ ਹੁਕਮ ਫਿਰਾਇਆ। ਇਕ ਦੂਜੇ ਨਾਲੋਂ ਕਰੇਂ ਅੱਡ, ਆਪਣੀ ਵੰਡ ਵੰਡਾਇਆ। ਜਗਤ ਨਿਸ਼ਾਨਾ ਮਾਤ ਗੱਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਵੇਖ, ਨੈਣ ਨੈਣ ਉਠਾਈਆ। ਪਾਰਬ੍ਰਹਮ ਕਿਸੇ ਨਾ ਦੱਸਿਆ ਭੇਤ, ਅਛਲ ਅਛੱਲ ਛਲ ਕਰਾਈਆ। ਆਪਣੇ ਮਤਲਬ ਲਈ ਕਰਦਾ ਆਇਆ ਹੇਤ, ਲੋਕਮਾਤ ਸੇਵਾ ਲਾਈਆ। ਅੰਤ ਸਭ ਨੂੰ ਕਰਿਆ ਖੇਤ, ਰਣਭੂਮੀ ਇਕ ਵਖਾਈਆ। ਆਪੇ ਬੈਠਾ ਰੱਖ ਕੇ ਚਰਨਾਂ ਹੇਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੰਗ ਆਪ ਨਿਭਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਉਡੀਕ, ਏਕਾ ਓਟ ਤਕਾਈਆ। ਪ੍ਰਭ ਆਏ ਲਾਸ਼ਰੀਕ, ਲੋਕਮਾਤ ਫੇਰਾ ਪਾਈਆ। ਤਿਸ ਅੱਗੇ ਝੁਕਾਈਏ ਸੀਸ, ਨਿਉਂ ਨਿਉਂ ਖ਼ੁਸ਼ੀ ਮਨਾਈਆ। ਸੋ ਸਾਹਿਬ ਸੱਚਾ ਜਗਦੀਸ, ਜਿਸ ਦਿਤੀ ਮਾਣ ਵਡਿਆਈਆ। ਜਿਸ ਦਾ ਕਲਮਾ ਪੜ੍ਹੀ ਹਦੀਸ, ਸੋ ਹਜ਼ਰਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੰਧ ਆਪ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਪੰਧ ਮੁਕਾ, ਵੇਲਾ ਵਕਤ ਰਿਹਾ ਨਾ ਰਾਈਆ। ਕਲਜੁਗ ਅੰਧੇਰਾ ਗਿਆ ਛਾ, ਚੰਦ ਚਾਂਦਨੀ ਨਾ ਕੋਈ ਰੁਸ਼ਨਾਈਆ। ਧੀਰਜ ਸਕੇ ਨਾ ਕੋਈ ਧਰਾ, ਧਰਮ ਅਧਰਮ ਬੈਠਾ ਮੁਖ ਛੁਪਾਈਆ। ਜੀਵ ਜੰਤ ਰਹੇ ਕੁਰਲਾ, ਕੂਕ ਕੂਕ ਸੁਣਾਈਆ। ਸਾਡੀ ਆਯੂ ਗਈ ਵਿਹਾ, ਵੇਲਾ ਗਿਆ ਹੱਥ ਨਾ ਆਈਆ। ਕੋਈ ਸਰਗੁਣ ਨਿਰਗੁਣ ਨਾ ਦਿਸੇ ਐ ਖ਼ੁਦਾ, ਖ਼ੁਦੀ ਵਿਚ ਸਰਬ ਲੋਕਾਈਆ। ਪੀਰ ਪੈਗ਼ੰਬਰ ਬੈਠੇ ਮੁਖ ਛੁਪਾ, ਨਜ਼ਰ ਨਾਲ ਨਜ਼ਰ ਨਾ ਕੋਇ ਮਿਲਾਈਆ। ਮੁੱਲਾ ਸ਼ੇਖ਼ ਹੁਕਾ ਬੈਠਾ ਡਾਹ, ਤੱਤੀ ਅੱਗ ਚਿਲਮ ਨਾ ਕੋਈ ਟਿਕਾਈਆ। ਤੇਰਾ ਭੁਲਿਆ ਨਾਂ ਮੇਰੇ ਮਿਹਰਵਾਨ, ਇਲਮ ਮਿਲੀ ਵਡਿਆਈਆ। ਤੇਰੇ ਉਤੋਂ ਵੇਖ ਹੋਵਾਂ ਕੁਰਬਾਂ, ਜਗਤ ਕਰਬਲਾ ਦਏ ਦੁਹਾਈਆ। ਤੇਰੀ ਮੰਗਾਂ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਮੰਗਣ ਪਨਾਹ, ਸਚ ਤੇਰੀ ਸਰਨਾਈਆ। ਕਲਜੁਗ ਅੰਤਮ ਕਰਦੇ ਹਾਂ, ਪਾਰਬ੍ਰਹਮ ਬੇਪਰਵਾਹੀਆ। ਤੇਰੀ ਸਰਨਾਈ ਸੱਚਾ ਥਾਂ, ਮਿਲ ਮਿਲ ਖ਼ੁਸ਼ੀ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਰਿਹਾ ਸੁਣਾਈਆ। ਮੇਰੀ ਇਕੋ ਹੋਈ ਹਾਂ, ਕਲਜੁਗ ਅੰਤ ਵੰਡ ਵੰਡਾਈਆ। ਜਿਸ ਛੁਰੀ ਫਿਰਾਈ ਉਤੇ ਸੂਰ ਗਾਂ, ਤਿਸ ਨਾਲੋਂ ਕਰਾਂ ਜੁਦਾਈਆ। ਜਨ ਭਗਤਾਂ ਬਣਾਂ ਪਿਤਾ ਮਾਂ, ਲੋਕਮਾਤ ਫੇਰਾ ਪਾਈਆ। ਇਕੋ ਦੱਸਾਂ ਸੱਚਾ ਨਾਂ, ਪੁਰਖ ਅਕਾਲ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਮੇਲਾ ਸਹਿਜ ਸੁਭਾ, ਸੋਹੰ ਅੱਖਰ ਸਚ ਪੜ੍ਹਾਈਆ। ਹਾਂ ਕਰੀ ਇਕੋ ਭਗਤ, ਮੈਂ ਤੂੰ ਭੇਵ ਚੁਕਾਇਆ। ਨਾਤਾ ਤੋੜ ਸਰਬ ਜਗਤ, ਸਿਰਫ ਗੁਰਮੁਖ ਇਕ ਉਠਾਇਆ। ਲੇਖੇ ਲਾਈ ਬੂੰਦ ਰਕਤ, ਜਿਸ ਜਨ ਆਪਣਾ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਚੁਕਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਭਗਤਾਂ ਕਲਜੁਗ ਅੰਤ ਹੱਥ ਕਿਸੇ ਨਾ ਆਇਆ।