੧੯ ਮਾਘ ੨੦੧੮ ਬਿਕ੍ਰਮੀ ਵਕੀਲ ਸਿੰਘ ਦੇ ਗ੍ਰਹਿ ਧੰਗਾਲੀ ਜੰਮੂ
ਸਰਗੁਣ ਕਹੇ ਨਿਰਗੁਣ ਵਸੇ ਉਹਲੇ, ਨਿਰਗੁਣ ਕਹੇ ਸਰਗੁਣ ਆਪਣਾ ਭੇਵ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਬੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੀ ਧੁਨ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਰਹੇ ਸਦਾ ਅਡੋਲੇ, ਨਿਰਗੁਣ ਕਹੇ ਸਰਗੁਣ ਅਡੋਲ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਮੇਰਾ ਪੜਦਾ ਖੋਲ੍ਹੇ, ਨਿਰਗੁਣ ਕਹੇ ਸਰਗੁਣ ਸੇਵਾ ਕਰਨੀ ਮੇਰੀ ਵਡਿਆਈਆ। ਸਰਗੁਣ ਕਹੇ ਨਿਰਗੁਣ ਸਾਚਾ ਤੋਲ ਤੋਲੇ, ਨਿਰਗੁਣ ਕਹੇ ਸਰਗੁਣ ਕੰਡਾ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਸੁਣਾਏ ਅਗੰਮੀ ਢੋਲੇ, ਨਿਰਗੁਣ ਕਹੇ ਬਿਨ ਸਰਗੁਣ ਮੇਰੇ ਗੀਤ ਨਾ ਕੋਇ ਸੁਣਾਈਆ। ਸਰਗੁਣ ਕਹੇ ਨਿਰਗੁਣ ਮੇਰੇ ਅੰਤਰ ਮੌਲੇ, ਨਿਰਗੁਣ ਕਹੇ ਸਰਗੁਣ ਫਲ ਫੁਲਵਾੜੀ ਇਕ ਲਗਾਈਆ। ਸਰਗੁਣ ਕਹੇ ਨਿਰਗੁਣ ਅੰਮ੍ਰਿਤ ਭਰਿਆ ਕੌਲੇ, ਨਿਰਗੁਣ ਕਹੇ ਸਰਗੁਣ ਹਰੀ ਸਿੰਚ ਕਿਆਰੀ ਆਪ ਕਰਾਈਆ। ਸਰਗੁਣ ਕਹੇ ਨਿਰਗੁਣ ਦੇਵੇ ਮਾਣ ਉਪਰ ਧੌਲੇ, ਨਿਰਗੁਣ ਕਹੇ ਸਰਗੁਣ ਧੌਲ ਉਪਰ ਮੇਰੀ ਕਰੇ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਨੂਰ ਅਵਲੇ, ਨਿਰਗੁਣ ਕਹੇ ਸਰਗੁਣ ਮੇਰਾ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੂਰ ਨੂਰ ਵਿਚ ਧਰਾਈਆ। ਸਰਗੁਣ ਕਹੇ ਨਿਰਗੁਣ ਪਰਵਰਦਿਗਾਰ, ਏਕਾ ਨੂਰ ਸਮਾਇਆ। ਨਿਰਗੁਣ ਕਹੇ ਸਰਗੁਣ ਮੇਰਾ ਯਾਰ, ਸਾਚੀ ਯਾਰੀ ਆਪ ਹੰਢਾਇਆ। ਸਰਗੁਣ ਕਹੇ ਨਿਰਗੁਣ ਵਸੇ ਧਾਮ ਨਿਆਰ, ਨਿਰਗੁਣ ਕਹੇ ਸਰਗੁਣ ਖੇੜਾ ਆਪ ਵਸਾਇਆ। ਸਰਗੁਣ ਕਹੇ ਨਿਰਗੁਣ ਹੱਕ ਬੋਲੇ ਜੈਕਾਰ, ਨਿਰਗੁਣ ਕਹੇ ਸਰਗੁਣ ਜਗਤ ਰਿਹਾ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਇਆ। ਸਰਗੁਣ ਕਹੇ ਨਿਰਗੁਣ ਬੇਐਬ, ਨਿਰਗੁਣ ਕਹੇ ਸਰਗੁਣ ਐਬ ਨਾ ਕੋਇ ਜਣਾਈਆ। ਸਰਗੁਣ ਕਹੇ ਨਿਰਗੁਣ ਮੇਰਾ ਸਾਹਿਬ, ਨਿਰਗੁਣ ਕਹੇ ਸਰਗੁਣ ਮੇਰਾ ਸਾਬਤ ਰੂਪ ਵਖਾਈਆ। ਸਰਗੁਣ ਕਹੇ ਨਿਰਗੁਣ ਗਾਇਬ, ਨਿਰਗੁਣ ਕਹੇ ਸਰਗੁਣ ਜ਼ਾਹਿਰ ਜ਼ਹੂਰ ਨੂਰ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪ ਵਖਾਈਆ। ਸਰਗੁਣ ਕਹੇ ਨਿਰਗੁਣ ਜਲਾਲ, ਨਿਰਗੁਣ ਕਹੇ ਸਰਗੁਣ ਜਲਵਾ ਮਾਤ ਪਰਗਟਾਇੰਦਾ। ਸਰਗੁਣ ਕਹੇ ਨਿਰਗੁਣ ਦਲਾਲ, ਨਿਰਗੁਣ ਕਹੇ ਸਰਗੁਣ ਵਿਚੋਲਾ ਖੇਲ ਕਰਾਇੰਦਾ। ਸਰਗੁਣ ਕਹੇ ਨਿਰਗੁਣ ਵਸੇ ਸੱਚੀ ਧਰਮਸਾਲ, ਨਿਰਗੁਣ ਕਹੇ ਸੱਚੀ ਧਰਮਸਾਲ ਸਰਗੁਣ ਗੜ੍ਹ ਬਣਾਇੰਦਾ। ਸਰਗੁਣ ਕਹੇ ਨਿਰਗੁਣ ਵਜਾਏ ਤਾਲ, ਨਿਰਗੁਣ ਕਹੇ ਤਾਲ ਤਲਵਾੜਾ ਸਰਗੁਣ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭਰਮ ਆਪ ਚੁਕਾਇੰਦਾ। ਸਰਗੁਣ ਕਹੇ ਨਿਰਗੁਣ ਜੋਤੀ ਜਾਤਾ, ਨਿਰਗੁਣ ਕਹੇ ਸਰਗੁਣ ਜੋਤ ਜੋਤ ਰੁਸ਼ਨਾਈਆ। ਸਰਗੁਣ ਕਹੇ ਨਿਰਗੁਣ ਪੁਰਖ ਬਿਧਾਤਾ, ਨਿਰਗੁਣ ਕਹੇ ਸਰਗੁਣ ਪੁਰਖ ਰੂਪ ਵਟਾਈਆ। ਸਰਗੁਣ ਕਹੇ ਨਿਰਗੁਣ ਨਾ ਕਿਸੇ ਪਛਾਤਾ, ਨਿਰਗੁਣ ਕਹੇ ਸਰਗੁਣ ਗੁਰਮੁਖ ਆਪਣੇ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਰਗੁਣ ਕਹੇ ਨਿਰਗੁਣ ਸੰਜੋਗ, ਨਿਰਗੁਣ ਕਹੇ ਸਰਗੁਣ ਸੰਗ ਨਿਭਾਇਆ। ਸਰਗੁਣ ਕਹੇ ਨਿਰਗੁਣ ਦਰਸ ਅਮੋਘ, ਨਿਰਗੁਣ ਕਹੇ ਸਰਗੁਣ ਦਰਸੀ ਦਰਸ ਦੇ ਦੇ ਤ੍ਰਿਪਤ ਬੁਝਾਇਆ। ਸਰਗੁਣ ਕਹੇ ਨਿਰਗੁਣ ਵਸੇ ਚੌਦਾਂ ਲੋਕ, ਨਿਰਗੁਣ ਕਹੇ ਸਰਗੁਣ ਕੋਟਨ ਕੋਟ ਲੋਕ ਚਰਨਾਂ ਹੇਠ ਦਬਾਇਆ। ਸਰਗੁਣ ਕਹੇ ਨਿਰਗੁਣ ਸੁਣਾਏ ਸਲੋਕ, ਨਿਰਗੁਣ ਕਹੇ ਕੋਟੀ ਕੋਟ ਸਲੋਕ ਸਰਗੁਣ ਰਹੇ ਸਾਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇਆ। ਸਰਗੁਣ ਕਹੇ ਨਿਰਗੁਣ ਸਤਿਗੁਰ, ਨਿਰਗੁਣ ਕਹੇ ਸਰਗੁਣ ਗੁਰ ਗੁਰ ਰੂਪ ਵਖਾਇੰਦਾ। ਸਰਗੁਣ ਕਹੇ ਨਿਰਗੁਣ ਲੇਖਾ ਜਾਣੇ ਧੁਰ, ਨਿਰਗੁਣ ਕਹੇ ਸਰਗੁਣ ਧੁਰ ਮਸਤਕ ਲੇਖ ਸਮਝਾਇੰਦਾ। ਸਰਗੁਣ ਕਹੇ ਨਿਰਗੁਣ ਚੜ੍ਹੇ ਸਾਚੇ ਘੋੜ, ਨਿਰਗੁਣ ਕਹੇ ਸਰਗੁਣ ਤੇਰਾ ਪਰੇਮ ਘੋੜਾ ਇਕ ਵਖਾਇੰਦਾ। ਸਰਗੁਣ ਕਹੇ ਨਿਰਗੁਣ ਜਾਏ ਬੌਹੜ, ਨਿਰਗੁਣ ਕਹੇ ਸਰਗੁਣ ਤੇਰੀ ਜੁਗ ਜੁਗ ਸੇਵ ਕਮਾਇੰਦਾ। ਸਰਗੁਣ ਕਹੇ ਨਿਰਗੁਣ ਆਦਿ ਜੁਗਾਦਿ ਰਿਹਾ ਦੌੜ, ਨਿਰਗੁਣ ਕਹੇ ਸਰਗੁਣ ਸਦਾ ਸਦਾ ਆਪਣੀ ਗੋਦ ਬਹਾਇੰਦਾ। ਸਰਗੁਣ ਕਹੇ ਨਿਰਗੁਣ ਬੁਝਾਏ ਔੜ, ਨਿਰਗੁਣ ਕਹੇ ਸਰਗੁਣ ਅੰਮ੍ਰਿਤ ਮੇਘ ਬਰਸਾਇੰਦਾ। ਸਰਗੁਣ ਕਹੇ ਨਿਰਗੁਣ ਦੋ ਜਹਾਨਾਂ ਲਾਏ ਪੌੜ, ਨਿਰਗੁਣ ਕਹੇ ਸਰਗੁਣ ਫੜ ਬਾਂਹੋਂ ਉਪਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਇਕੇ ਘਰ, ਘਰ ਘਰ ਵਿਚ ਵੇਖ ਵਖਾਇੰਦਾ। ਸਰਗੁਣ ਕਹੇ ਨਿਰਗੁਣ ਅਮੀਰ, ਨਿਰਗੁਣ ਕਹੇ ਸਰਗੁਣ ਉਮਰਾਓ ਉਪਜਾਈਆ। ਸਰਗੁਣ ਕਹੇ ਨਿਰਗੁਣ ਪੀਰੇ ਪੀਰ, ਨਿਰਗੁਣ ਕਹੇ ਸਰਗੁਣ ਪੀਰੀ ਤੇਰੇ ਹੱਥ ਫੜਾਈਆ। ਸਰਗੁਣ ਕਹੇ ਨਿਰਗੁਣ ਮਾਰੇ ਜ਼ੰਜੀਰ, ਨਿਰਗੁਣ ਕਹੇ ਸਰਗੁਣ ਜਗਤ ਜ਼ੰਜੀਰ ਤੇਰੀ ਵਸਤ ਵਖਾਈਆ। ਨਿਰਗੁਣ ਸਰਗੁਣ ਆਦਿ ਅੰਤ ਜੁਗਾਂ ਜੁਗੰਤ ਖੇਲ ਅਖ਼ੀਰ, ਆਖਰ ਆਪਣੀ ਖੇਲ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸਚ ਨਿਸ਼ਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਦੋ ਜਹਾਨ ਰਿਹਾ ਝੁਲਾਈਆ।
