੨੧ ਮਾਘ ੨੦੧੮ ਬਿਕ੍ਰਮੀ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੋਟਲੀ ਸ਼ਾਹ ਦੌਲਾ ਜੰਮੂ
ਹੁਕਮੇ ਅੰਦਰ ਚਲੇ ਜਮਾਨਾ, ਸੋ ਪੁਰਖ ਨਿਰੰਜਣ ਆਪ ਚਲਾਈਆ। ਆਦਿ ਜੁਗਾਦਿ ਖੇਲ ਸ੍ਰੀ ਭਗਵਾਨਾ, ਜੁਗ ਕਰਤਾ ਆਪ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੇਟੇ ਕੂੜ ਨਿਸ਼ਾਨਾ, ਕਲਜੁਗ ਵੇਲਾ ਅੰਤਮ ਆਇੰਦਾ। ਕਰੇ ਖੇਲ ਵਾਲੀ ਦੋ ਜਹਾਨਾਂ, ਆਪਣਾ ਭੇਵ ਚੁਕਾਇੰਦਾ। ਲੱਖ ਚੁਰਾਸੀ ਹੋਏ ਹੈਰਾਨਾ, ਜੀਵ ਜੰਤ ਸਾਧ ਸੰਤ ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਕਾਲੀ ਧਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਸ੍ਰਿਸ਼ਟ ਸਬਾਈ ਗਈ ਹਾਰ, ਧੀਰਜ ਜਤ ਨਾ ਕੋਈ ਰਖਾਈਆ। ਜੀਵ ਜੰਤ ਕਰੇ ਵਿਭਚਾਰ, ਸਤਿ ਸੰਤੋਖ ਨਾ ਕੋਇ ਦ੍ਰਿੜਾਈਆ। ਧਰਮ ਕਰਮ ਹੋਏ ਖੁਵਾਰ, ਸਾਚੀ ਗੰਢ ਨਾ ਕੋਇ ਪੁਵਾਈਆ। ਏਕਾ ਵਿਸਰਿਆ ਹਰਿ ਨਿਰੰਕਾਰ, ਨੌਂ ਖੰਡ ਪ੍ਰਿਥਮੀ ਦਏ ਦੁਹਾਈਆ। ਸੱਤਾਂ ਦੀਪਾਂ ਹਾਹਾਕਾਰ, ਜਗਤ ਦੁਹਾਗਣ ਰੰਡ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਮਾਨਾ ਦਏ ਸਮਝਾਈਆ। ਜਗਤ ਜਮਾਨਾ ਅੰਧੇਰਾ ਅੰਧ, ਸਾਚਾ ਚੰਨ ਨਾ ਕੋਇ ਚੜ੍ਹਾਇੰਦਾ। ਘਰ ਘਰ ਦਰ ਦਰ ਦਿਸੇ ਵਿਕਾਰ ਗੰਦ, ਆਤਮ ਪਰਮਾਤਮ ਮੇਲ ਨਾ ਕੋਇ ਕਰਾਇੰਦਾ। ਰਸਨਾ ਜਿਹਵਾ ਗਾ ਗਾ ਥੱਕੀ ਬੱਤੀ ਦੰਦ, ਆਤਮ ਅਨੰਦ ਨਾ ਕੋਇ ਪਾਇੰਦਾ। ਦਹਿ ਦਿਸ਼ਾ ਭੇਖ ਪਖੰਡ, ਸਚ ਸੁੱਚ ਨਾ ਕੋਇ ਦ੍ਰਿੜਾਇੰਦਾ। ਬਿਨ ਹਰਿ ਨਾਮੇ ਸ੍ਰਿਸ਼ਟ ਸਬਾਈ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਇੰਦਾ। ਆਦਿ ਜੁਗਾਦਿ ਖੇਲੇ ਖੇਲ ਸੂਰਾ ਸਰਬੰਗ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜਮਾਨਾ ਵੇਖ ਵਖਾਇੰਦਾ। ਜਗਤ ਜਮਾਨਾ ਵੇਖ ਭਗਵਾਨ, ਆਪਣੀ ਦਇਆ ਕਮਾਈਆ। ਚਾਰੋਂ ਕੁੰਟ ਪੰਜ ਸ਼ੈਤਾਨ, ਵਰਨ ਬਰਨ ਕਰਨ ਲੜਾਈਆ। ਮੰਦਰ ਮਸਜਦ ਸ਼ਿਵਦਵਾਲੇ ਬੈਠੇ ਬੇਈਮਾਨ, ਆਤਮ ਅੰਤਰ ਨਾ ਕੋਇ ਦਰਸਾਈਆ। ਰਸਨਾ ਪੜ੍ਹ ਪੜ੍ਹ ਕਰਨ ਗਿਆਨ, ਅੰਤਰ ਰਾਮ ਨਾ ਕੋਇ ਵਸਾਈਆ। ਨਾਨਕ ਗੋਬਿੰਦ ਨਾ ਕਰੇ ਕੋਈ ਧਿਆਨ, ਭੁੱਲੀ ਸਰਬ ਲੋਕਾਈਆ। ਗੁਰੂ ਗ੍ਰੰਥ ਗੁਰ ਬਾਣੀ ਨਾ ਸਕੇ ਪਛਾਣ, ਚਾਰ ਵਰਨ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਪੁਰਖ ਕਰਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਥਿਰ ਘਰ ਸਾਚੇ ਆਸਣ ਲਾਇੰਦਾ। ਗੋਬਿੰਦ ਸੂਰਾ ਸੂਰਬੀਰ ਸ਼ਬਦੀ ਸੁਤ ਏਕਾ ਘੱਲਾ, ਆਪ ਆਪਣਾ ਬਲ ਜਣਾਇੰਦਾ। ਨਵ ਨੌਂ ਸਤ ਚਾਰ ਪਏ ਥਰਥੱਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਆਇਆ ਵੇਲਾ, ਵੇਲਾ ਵਕਤ ਨਾ ਕੋਇ ਜਣਾਈਆ। ਖੇਲੇ ਖੇਲ ਗੁਰੂ ਗੁਰ ਚੇਲਾ, ਗੁਰ ਗੋਬਿੰਦ ਵੇਸ ਵਟਾਈਆ। ਵਸਣਹਾਰਾ ਸਦ ਨਿਵੇਲਾ, ਪਾਰਬ੍ਰਹਮ ਬੇਪਰਵਾਹੀਆ। ਗੁਰਮੁਖਾਂ ਬਣੇ ਸਦਾ ਸੁਹੇਲਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਪੁਰਖ ਅਗੰਮ, ਆਦਿ ਜੁਗਾਦਿ ਕਰਾਇੰਦਾ। ਕਲਜੁਗ ਵੇਖਣਹਾਰਾ ਚੰਨ, ਚੰਦ ਚਾਂਦਨਾ ਨਜ਼ਰ ਕਿਸੇ ਨਾ ਆਇੰਦਾ। ਚਾਰ ਕੁੰਟ ਅੰਧੇਰਾ ਅੰਧ, ਰੈਣ ਅੰਧੇਰੀ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੋਬਿੰਦ ਆਸਾ ਇਕ ਭਰਵਾਸਾ, ਸ਼ਾਹੋ ਸ਼ਬਾਸ਼ਾ ਪੂਰ ਕਰਾਇੰਦਾ। ਸ਼ਾਹੋ ਸ਼ਾਬਾਸ਼ਾ ਹਰਿ ਸੁਲਤਾਨ, ਪਾਰਬ੍ਰਹਮ ਵਡੀ ਵਡਿਆਈਆ। ਜੁਗ ਜੁਗ ਵੇਖੇ ਮਾਰ ਧਿਆਨ, ਨਿਰਗੁਣ ਦਾਤਾ ਸੱਚਾ ਸ਼ਹਿਨਸ਼ਾਹੀਆ। ਨਾਨਕ ਨਾਮ ਸਤਿ ਕਰ ਪਰਧਾਨ, ਜੀਵ ਜੰਤ ਗਿਆ ਸਮਝਾਈਆ। ਆਤਮ ਬ੍ਰਹਮ ਇਕ ਗਿਆਨ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਜ਼ਾਤ ਪਾਤ ਨਾ ਕੋਇ ਨਿਸ਼ਾਨ, ਊਚ ਨੀਚ ਨਾ ਕੋਇ ਰਖਾਈਆ। ਗੋਬਿੰਦ ਸੂਰਾ ਹੋ ਮਿਹਰਵਾਨ, ਅੰਮ੍ਰਿਤ ਜਾਮ ਗਿਆ ਪਿਆਈਆ। ਇਕੋ ਓਟ ਪੁਰਖ ਅਕਾਲ, ਦੂਜੀ ਕੋਇ ਨਾ ਸਰਨ ਸਰਨਾਈਆ। ਲੇਖਾ ਜਾਣੇ ਦੀਨ ਦਿਆਲ, ਦੀਨ ਦੁਨੀ ਆਪਣੇ ਹੱਥ ਰਖਾਈਆ। ਕਲਜੁਗ ਅੰਤ ਹੋਏ ਬੇਹਾਲ, ਚਾਰੋਂ ਕੁੰਟ ਕੁੰਟ ਕੁਰਲਾਈਆ। ਘਰ ਘਰ ਕੂਕੇ ਕਾਲ, ਡੌਰੂ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਮਾਨਾ ਵੇਖ ਵਖਵਾਈਆ। ਜਗਤ ਜਮਾਨਾ ਚਲੇ ਧਾਰ, ਧਰਨੀ ਧਰਤ ਰਹੀ ਕੁਰਲਾਈਆ। ਸ੍ਰਿਸ਼ਟ ਸਬਾਈ ਹੋਇਆ ਵਿਭਚਾਰ, ਜੂਠ ਝੂਠ ਬੰਧਨ ਪਾਈਆ। ਸਾਧ ਸੰਤ ਨਾ ਪਾਵੇ ਕੋਈ ਸਾਰ, ਹਰਿ ਕੰਤ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਮੇਲਾ ਸਹਿਜ ਸੁਭਾਈਆ। ਗੋਬਿੰਦ ਅੰਤਮ ਮੰਗੀ ਮੰਗ, ਦੋਏ ਜੋੜ ਕਰੇ ਨਿਮਸਕਾਰਾ, ਪੁਰਖ ਅਬਿਨਾਸ਼ੀ ਤੇਰਾ ਸੰਗ, ਆਦਿ ਜੁਗਾਦਿ ਇਕ ਸਹਾਰਾ, ਤੇਰੀ ਸੇਜ ਮੇਰਾ ਪਲੰਘ, ਸੇਜ ਮੇਰਾ ਪਲੰਘ ਤੇਰਾ ਅਵਤਾਰਾ। ਕਲਜੁਗ ਅੰਤ ਹੋਏ ਅੰਧੇਰਾ ਅੰਧ, ਚਾਰੋਂ ਕੁੰਟ ਨਾ ਪਾਵੇ ਕੋਈ ਸਾਰਾ। ਪਰਗਟ ਹੋਣਾ ਗੁਣੀ ਗਹਿੰਦ, ਨਿਹਕਲੰਕ ਨਰਾਇਣ ਨਰ ਅਵਤਾਰਾ। ਇਕ ਸੁਣਾਏ ਸਹਾਗੀ ਛੰਦ, ਚਾਰ ਵਰਨ ਕਰੇ ਪਿਆਰਾ। ਜਨ ਭਗਤਾਂ ਤੁਟੀ ਦੇਵੇ ਗੰਢ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਨਿਆਰਾ। ਜਗਤ ਜਮਾਨਾ ਰਿਹਾ ਰੋ, ਚਾਰ ਕੁੰਟ ਚਾਰ ਵਰਨ ਕੁਰਲਾਈਆ। ਦੁਰਮਤ ਮੈਲ ਨਾ ਸਕੇ ਕੋਈ ਧੋ, ਨਿਰਮਲ ਨੀਰ ਨਾ ਕੋਇ ਪਿਆਈਆ। ਆਤਮ ਪਰਮਾਤਮ ਸਕੇ ਨਾ ਛੋਹ, ਦੂਈ ਦਵੈਤੀ ਪੜਦਾ ਵਿਚ ਰਖਾਈਆ। ਨਿਰਮਲ ਜੋਤ ਜਗੇ ਨਾ ਕੋ, ਜੋਤ ਜੋਤ ਨਾ ਕੋਇ ਰੁਸ਼ਨਾਈਆ। ਅਨਹਦ ਸ਼ਬਦ ਨਾ ਮਿਲੇ ਢੋਆ ਢੋਅ, ਧੁਨੀ ਰਾਗ ਨਾ ਕੋਇ ਸੁਣਾਈਆ। ਅੰਮ੍ਰਿਤ ਸੀਰ ਸਕੇ ਨਾ ਕੋਈ ਚੋਅ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਦਰ ਦਰਵੇਸ਼ ਫੇਰੀ ਪਾਈਆ। ਕਲਜੁਗ ਵੇਲਾ ਅੰਤਮ ਆਇਆ, ਹਰਿ ਸਾਚਾ ਖੇਲ ਕਰਾਇੰਦਾ। ਲੱਖ ਚੁਰਾਸੀ ਵੇਖ ਵਖਾਇਆ, ਵੇਖਣਹਾਰਾ ਦਿਸ ਨਾ ਆਇੰਦਾ। ਸੰਮਤ ਸੰਮਤੀ ਦਏ ਮਿਟਾਇਆ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਖੁਲ੍ਹਾਇੰਦਾ। ਸੰਮਤ ਅਠਾਰਾਂ ਵਿਚ ਸੰਸਾਰ, ਵੀਹ ਸੌ ਬਿਕ੍ਰਮੀ ਨਾਲ ਰਲਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਹੋਣ ਖੁਵਾਰ, ਸੀਸ ਤਾਜ਼ ਨਾ ਕੋਇ ਟਿਕਾਈਆ। ਚਾਰ ਕੁੰਟ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਹਿੰਦੂ ਮੁਸਲਮ ਸਿੱਖ ਇਸਾਈ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਪੀਰ ਪੈਗ਼ੰਬਰ ਨਾ ਕੋਇ ਸਹਾਰ, ਮੁੱਲਾ ਸ਼ੇਖ਼ ਮੁਸਾਇਕ ਸੰਗ ਨਾ ਕੋਇ ਨਿਭਾਈਆ। ਪੰਡਤ ਪਾਂਧੇ ਕਰਨ ਗਿਰਿਆਜ਼ਾਰ, ਹਿਸਾਬ ਕਿਤਾਬ ਕੰਮ ਕਿਸੇ ਨਾ ਆਈਆ। ਗੁਰਮੁਖ ਵਿਰਲੇ ਕਰਨ ਪੁਕਾਰ, ਸਤਿਗੁਰ ਪੂਰਾ ਗੁਰੂ ਗੋਬਿੰਦ ਮਿਲੇ ਚਾਈਂ ਚਾਈਂਆ। ਕਰੇ ਖੇਲ ਅਪਰ ਅਪਾਰ, ਨਾਮ ਡੰਕਾ ਇਕ ਵਜਾਈਆ। ਵੀਹ ਸੌ ਉਨੀਂ ਹੋ ਤਿਆਰ, ਆਪ ਆਪਣਾ ਬਲ ਧਰਾਈਆ। ਮੁਸਲਮ ਸੁੰਨੀ ਕਰ ਖੁਵਾਰ, ਦੇਵੇ ਅੰਤ ਸਜਾਈਆ। ਚੌਦਾਂ ਤਬਕ ਹਾਹਾਕਾਰ, ਅੱਲਾ ਰਾਣੀ ਨੈਣ ਸ਼ਰਮਾਈਆ। ਮੁਹੰਮਦ ਨਾਤਾ ਤੁੱਟੇ ਚਾਰ ਯਾਰ, ਯਾਰੀ ਯਾਰਾਂ ਨਾਲ ਨਾ ਕੋਇ ਨਿਭਾਈਆ। ਈਸਾ ਮੂਸਾ ਕਰੇ ਪੁਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਉਂਨੀ ਸਭ ਦੀ ਚੋਟੀ ਜਾਏ ਮੁੰਨੀ, ਸੀਸ ਤਾਜ਼ ਨਾ ਕੋਇ ਟਿਕਾਈਆ। ਸੰਮਤ ਉਂਨੀ ਹੋਏ ਉਨੀਸਾ, ਏਕਾ ਨਾਇਆ ਜੋੜ ਜੁੜਾਇੰਦਾ। ਵੇਖਣਹਾਰਾ ਅੰਜ਼ੀਲ ਕੁਰਾਨ ਹਦੀਸਾ, ਬੇਐਬ ਪਰਵਰਦਿਗਾਰ ਫੇਰੀ ਪਾਇੰਦਾ। ਮੁਕਾਮੇ ਹੱਕ ਖੇਲ ਸ਼ਾਹੋ ਸ਼ਬੀਸਾ, ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਸਭ ਦਾ ਕਰੇ ਖਾਲੀ ਖੀਸਾ, ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸੰਮਤ ਉਂਨੀ ਜਾਏ ਚੜ੍ਹ, ਲੋਕਮਾਤ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਆਵੇ ਡਰ, ਭੈ ਭਿਆਨਕ ਸਰਬ ਜਣਾਈਆ। ਇਕ ਦੂਜੇ ਦਾ ਛੱਡਣ ਲੜ, ਸਗਲਾ ਸੰਗ ਨਾ ਕੋਇ ਨਿਭਾਈਆ। ਗੁਰਮੁਖ ਵਿਰਲੇ ਏਕਾ ਅੱਖਰ ਹਰਿ ਕਾ ਨਾਮ ਲੈਣ ਪੜ੍ਹ, ਏਕਾ ਓਟ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੰਮਤੀ ਖੇਲ ਰਚਾਈਆ। ਸੰਮਤ ਸੰਮਤੀ ਮਾਰੇ ਮਾਰ, ਵੇਲਾ ਵਕਤ ਆਪਣੇ ਹੱਥ ਰਖਾਇੰਦਾ। ਜਗਤ ਲੋਕਾਈ ਹੋਏ ਖੁਵਾਰ, ਲੋਕ ਪਰਲੋਕ ਖੇਲ ਕਰਾਇੰਦਾ। ਚੋਦਾਂ ਲੋਕ ਹਾਹਾਕਾਰ, ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣਾਂ ਨੀਰ ਵਹਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਕਰੇ ਪੁਕਾਰ, ਦੋਏ ਦੋਏ ਜੋੜ ਸੀਸ ਸਰਬ ਝੁਕਾਇੰਦਾ। ਮੰਡਲ ਮੰਡਪ ਬ੍ਰਹਿਮੰਡ ਖੰਡ ਕਰੇ ਵਿਚਾਰ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਲੇਖਾ ਜਾਣੇ ਗੋਬਿੰਦ ਸੂਰਾ ਵਡ ਬਲਕਾਰ, ਨਾਮ ਖੰਡਾ ਚੰਡ ਪਰਚੰਡਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਮਾਰੇ ਮਾਰ, ਮੇਟ ਮਿਟਾਏ ਦੁਸ਼ਟ ਹੰਕਾਰ, ਵਿਭਚਾਰ ਕੋਇ ਰਹਿਣ ਨਾ ਪਾਇੰਦਾ। ਸੰਮਤ ਵੀਹ ਸੌ ਬੀਸਾ ਖੇਲ ਅਪਾਰਾ, ਨਿਰਗੁਣ ਦਾਤਾ ਆਪ ਕਰਾਈਆ। ਜੋਧਾ ਸੂਰਬੀਰ ਨਿਰਗੁਣ ਨਿਰਵੈਰ ਨਿਰਾਕਾਰਾ, ਮੂਰਤ ਅਕਾਲ ਅਜੂਨੀ ਰਹਿਤ ਡਗਮਗਾਈਆ। ਸ੍ਰਿਸ਼ਟ ਸਬਾਈ ਆਰ ਪਾਰ ਕਿਨਾਰਾ, ਮੰਝਧਾਰਾ ਦਏ ਰੁੜ੍ਹਾਈਆ। ਸਾਚਾ ਮਾਰਗ ਵਿਚ ਸੰਸਾਰਾ, ਸਤਿ ਸਤਿਵਾਦੀ ਆਪ ਲਗਾਈਆ। ਨੌਂ ਖੰਡ ਪ੍ਰਿਥਵੀਂ ਵਖਾਏ ਇਕ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਅਲੱਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰਾ, ਊਚੋ ਊਚ ਮਹੱਲ ਅਟੱਲ ਅਚੱਲ ਕਰੇ ਰੁਸ਼ਨਾਈਆ। ਏਕਾ ਨਾਮ ਸ਼ਬਦ ਜੈਕਾਰਾ, ਸ੍ਰਿਸ਼ਟ ਸਬਾਈ ਦਏ ਸੁਣਾਈਆ। ਏਕਾ ਡੰਕਾ ਜਗਤ ਜੈਕਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਕਰੇ ਖੇਲ ਹਰਿ ਜਗਦੀਸਾ, ਜਗਤ ਜੁਗਤ ਜੋਗ ਆਪਣੇ ਹੱਥ ਰਖਾਈਆ। ਬੀਸ ਬੀਸਾ ਸ੍ਰੀ ਭਗਵਾਨਾ, ਆਪਣਾ ਖੇਲ ਜਣਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨਾ, ਨੌਂ ਖੰਡ ਪ੍ਰਿਥਮੀ ਆਪ ਝੁਲਾਇੰਦਾ। ਪੰਦਰਾਂ ਕੱਤਕ ਦਿਵਸ ਮਹਾਨਾ, ਥਿਤ ਵਾਰ ਵੰਡ ਵੰਡਾਇੰਦਾ। ਦਿਲੀ ਤਖ਼ਤ ਭੂਪ ਰਾਜਾਨਾ, ਸ਼ਾਹੋ ਆਪਣਾ ਆਸਣ ਲਾਇੰਦਾ। ਤਖ਼ਤ ਨਿਵਾਸੀ ਹੋ ਮਿਹਰਵਾਨਾ, ਧੁਰ ਫ਼ਰਮਾਣਾ ਇਕ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਰੂਪ ਸਤਿ ਸਰੂਪ ਪਹਿਰੇ ਬਾਣਾ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਸ਼ਬਦ ਨਾਦ ਇਕ ਸੁਨਾਣਾ, ਬ੍ਰਹਿਮਾਦ ਗਾਏ ਸਾਚਾ ਗਾਣਾ, ਰਾਗੀ ਰਾਗ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਮੰਨਣਾ ਭਾਣਾ, ਵੀਹ ਸੌ ਉਨੀਂ ਆਪ ਜਣਾਇੰਦਾ। ਵੀਹ ਸੌ ਬੀਸ ਬਿਕ੍ਰਮੀ ਜੀਵ ਜੰਤ ਹੋਏ ਵੈਰਾਨਾ, ਸਿਰ ਹੱਥ ਨਾ ਕੋਇ ਟਿਕਾਇੰਦਾ। ਸੋ ਜਨ ਉਧਰੇ ਜਿਸ ਜਨ ਮਿਲੇ ਆਪ ਸ੍ਰੀ ਭਗਵਾਨਾ, ਕਰ ਕਿਰਪਾ ਆਪਣਾ ਮੇਲ ਮਿਲਾਇੰਦਾ। ਗੁਰਮੁਖ ਗੁਰਸਿਖ ਵੇਖੋ ਮਾਰ ਧਿਆਨਾ, ਗੁਰ ਗੋਬਿੰਦ ਤੇਰਾ ਰਾਹ ਤਕਾਇੰਦਾ। ਪੁਰਖ ਅਕਾਲ ਦੀਨ ਦਿਆਲ ਸਦਾ ਸਦ ਕਰੇ ਪ੍ਰਿਤਪਾਲਾ, ਜੋ ਜਨ ਚਰਨ ਧਿਆਨ ਰਖਾਇੰਦਾ। ਅੱਗੇ ਬੜਾ ਔਖਾ ਆਉਣ ਵਾਲਾ ਜਮਾਨਾ, ਜੁਲਮ ਜਾਲਮ ਜ਼ਬਰ ਸਰਬ ਖਪਾਇੰਦਾ। ਵੀਹ ਸੌ ਵੀਹ ਬਿਕ੍ਰਮੀ ਪਿਛਲਾ ਮੇਟੇ ਸਰਬ ਨਿਸ਼ਾਨਾ, ਅੱਗੇ ਮਾਰਗ ਇਕ ਰਖਾਇੰਦਾ। ਗੁਰ ਗੋਬਿੰਦ ਸੂਰਾ ਪਰਗਟ ਹੋਏ ਵਿਚ ਜਹਾਨਾਂ, ਚਾਰ ਵਰਨ ਇਕ ਸਰਨ ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਖੇਲ ਲੋਕਮਾਤ ਆਪ ਆਪਣੇ ਹੱਥ ਰਖਾਇੰਦਾ।
