੧੯ ਮਾਘ ੨੦੧੮ ਬਿਕ੍ਰਮੀ ਗਿਆਨ ਚੰਦ ਦੇ ਗ੍ਰਹਿ ਖੈਰੋਵਾਲੀ ਜੰਮੂ
ਨਿਰਗੁਣ ਕਹੇ ਸ੍ਰੀ ਭਗਵਾਨ, ਸਰਗੁਣ ਦੇਵਾਂ ਮਾਣ ਵਡਿਆਈਆ। ਤੱਤਵ ਤੱਤ ਕਰ ਪਰਧਾਨ, ਹੱਡ ਮਾਸ ਨਾੜੀ ਰੱਤ ਜੋੜ ਜੁੜਾਈਆ। ਬ੍ਰਹਮ ਤੱਤ ਇਕ ਵਖਾਣ, ਨੂਰ ਨੂਰ ਨੂਰ ਦਰਸਾਈਆ। ਘਟ ਘਟ ਕਰ ਪਛਾਣ, ਆਪਣੀ ਬੂਝ ਬੁਝਾਈਆ। ਲੋਕਮਾਤ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਈਆ। ਜੁਗ ਚੌਕੜੀ ਵੰਡ ਵੰਡਾਨ, ਗੇੜਾ ਗੇੜੇ ਵਿਚ ਭੁਵਾਈਆ। ਗੁਰ ਅਵਤਾਰ ਖੇਲ ਮਹਾਨ, ਪੀਰ ਪੈਗ਼ੰਬਰ ਨਾਲ ਰਲਾਈਆ। ਸਤਿ ਸਤਿਵਾਦੀ ਸਾਰੇ ਪਾਣ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧੀ ਸ਼ਬਦ ਮਹਿਮਾਨ, ਜੁਗ ਜੁਗ ਫੇਰਾ ਪਾਈਆ। ਕਰੇ ਖੇਲ ਖ਼ਲਕ ਮਹਾਨ, ਹਰਿ ਖ਼ਾਲਕ ਬੇਪਰਵਾਹੀਆ। ਰਹਿਮਤ ਕਰੇ ਰਹੀਮ ਰਹਿਮਾਨ ਰਹਿਮ ਆਪਣਾ ਆਪ ਕਮਾਈਆ। ਸਰਗੁਣ ਦੇਵੇ ਸਾਚਾ ਮਾਣ, ਸਿਰ ਆਪਣਾ ਹੱਥ ਟਿਕਾਈਆ। ਨਾਮ ਨਿਧਾਨਾ ਤੀਰ ਕਮਾਨ, ਸਾਚਾ ਚਿੱਲਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਸਾਰ ਆਪੇ ਪਾਈਆ। ਸਰਗੁਣ ਤੇਰੀ ਪਾਵੇ ਸਾਰ, ਨਿਰਗੁਣ ਦਇਆ ਕਮਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਸਗਲਾ ਸੰਗ ਨਿਭਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਖੇਲ ਕਰਾਇੰਦਾ। ਨਿਰਗੁਣ ਨਿਰਗੁਣ ਕਰੇ ਪਿਆਰ, ਨਿਰਗੁਣ ਨਾਤਾ ਜੋੜ ਜੁੜਾਇੰਦਾ। ਨਿਰਗੁਣ ਦਾਤਾ ਦੇਵਣਹਾਰ, ਨਿਰਗੁਣ ਝੋਲੀ ਆਪ ਭਰਾਇੰਦਾ। ਨਿਰਗੁਣ ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ ਨਿਰਗੁਣ ਸਚ ਪਿਆਲਾ ਆਪ ਪਿਆਇੰਦਾ। ਨਿਰਗੁਣ ਏਕੰਕਾਰ ਇਕ ਇਕਾਂਤਾ ਸਚਖੰਡ ਵਸੇ ਸਚ ਦਰਬਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਆਪ ਵਡਿਆਇੰਦਾ। ਸਰਗੁਣ ਤੇਰਾ ਸਾਚਾ ਰੰਗ, ਨਿਰਗੁਣ ਨਿਰਗੁਣ ਆਪ ਚੜ੍ਹਾਈਆ। ਸਰਗੁਣ ਤੇਰੀ ਜਗਤ ਸੇਜ ਪਲੰਘ, ਨਿਰਗੁਣ ਨਿਰਗੁਣ ਆਪ ਹੰਢਾਈਆ। ਸਰਗੁਣ ਤੇਰਾ ਨਾਮ ਮਰਦੰਗ, ਨਿਰਗੁਣ ਤਾਰ ਸਿਤਾਰ ਬਿਨ ਆਪ ਵਜਾਈਆ। ਸਰਗੁਣ ਤੇਰੇ ਵਸੇ ਸੰਗ, ਨਿਰਗੁਣ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ। ਸਰਗੁਣ ਤੇਰਾ ਮੁੱਕੇ ਪੰਧ, ਨਿਰਗੁਣ ਆਪ ਮੁਕਾਇੰਦਾ। ਸਰਗੁਣ ਤੇਰਾ ਸਾਹਿਬ ਸਦਾ ਬਖ਼ਸ਼ੰਦ, ਜੁਗ ਜੁਗ ਦਇਆ ਕਮਾਇੰਦਾ। ਸਰਗੁਣ ਟੁੱਟੀ ਦੇਵੇ ਗੰਢ, ਨਿਰਗੁਣ ਆਪਣੀ ਗੰਢ ਪੁਵਾਇੰਦਾ। ਸਰਗੁਣ ਤੇਰਾ ਗੀਤ ਸੁਹਾਗੀ ਛੰਦ, ਨਿਰਗੁਣ ਆਪਣਾ ਨਾਉਂ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਇੰਦਾ। ਸਰਗੁਣ ਤੇਰਾ ਜਗਤ ਮਹੱਲਾ, ਨਿਰਗੁਣ ਆਪਣੀ ਬੂਝ ਬੁਝਾਈਆ। ਨਿਰਾਕਾਰ ਫੜਾਏ ਏਕਾ ਪੱਲਾ, ਏਕਾ ਹੱਥ ਵਖਾਈਆ। ਜੋਤੀ ਸ਼ਬਦੀ ਅਨਭਵ ਧਾਰ ਰਲਾ, ਰੂਪ ਰੰਗ ਰੇਖ ਨਾ ਕੋਇ ਵਡਿਆਈਆ। ਸਚ ਸੰਦੇਸ ਏਕੋ ਘੱਲਾ, ਏਕਾ ਕਰੇ ਪੜ੍ਹਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਰਗੁਣ ਤੇਰੇ ਅੰਦਰ ਡੇਰਾ ਲਾਈਆ। ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣਾ ਰੰਗ ਚੜ੍ਹਾਈਆ। ਸਰਗੁਣ ਰੰਗ ਦਏ ਚੜ੍ਹਾ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਜੁਗ ਜੁਗ ਪਾਂਧੀ ਪੰਧ ਦਏ ਮੁਕਾ, ਕਲਜੁਗ ਅੰਤਮ ਫੇਰਾ ਪਾਈਆ। ਸੂਰਾ ਸਰਬੰਗ ਵੇਸ ਵਟਾ, ਨਾਉਂ ਨਿਰੰਕਾਰਾ ਆਪ ਪਰਗਟਾਈਆ। ਸਰਗੁਣ ਤੇਰਾ ਨਿਰਗੁਣ ਮਰਦੰਗ ਦਏ ਵਜਾ, ਆਪਣੀ ਸੇਵਾ ਆਪ ਕਮਾਈਆ। ਦੂਈ ਦਵੈਤੀ ਹਉਮੇ ਹੰਗਤਾ ਝੂਠੀ ਕੰਧ ਦਏ ਢਾਹ, ਏਕਾ ਠੋਕਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਦੇਵੇ ਮਾਣ ਵਡਿਆਈਆ। ਸਰਗੁਣ ਦੇਵੇ ਸਚ ਸਹਾਰਾ, ਨਿਰਗੁਣ ਦਇਆ ਕਮਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜਾ, ਆਪਣਾ ਭੇਵ ਚੁਕਾਇੰਦਾ। ਵਾਹ ਨਾ ਲੱਗੀ ਤੱਤੀ ਵਿਚ ਸੰਸਾਰਾ, ਅਗਨੀ ਤੱਤ ਬੁਝਾਇੰਦਾ। ਏਕਾ ਦੇਵੇ ਨਾਮ ਅਧਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਮੰਦਰ ਇਕ ਘਰ ਬਾਰਾ, ਏਕਾ ਬੰਕ ਸੁਹਾਇੰਦਾ। ਏਕਾ ਗੁਰ ਇਕ ਅਵਤਾਰਾ, ਏਕਾ ਸ਼ਬਦੀ ਸ਼ਬਦ ਪੜ੍ਹਾਇੰਦਾ। ਏਕਾ ਰਾਗ ਨਾਦ ਜੈਕਾਰਾ, ਏਕਾ ਧੁਨੀ ਧੁਨ ਸਮਾਇੰਦਾ। ਏਕਾ ਵਸੇ ਸਭ ਤੋ ਬਾਹਿਰਾ, ਨਿਰਗੁਣ ਖੇਲ ਕਰਾਇੰਦਾ। ਸਰਗੁਣ ਤੇਰਾ ਮੀਤ ਮੁਰਾਰਾ, ਦਰ ਤੇਰੇ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਵਖਾਇੰਦਾ। ਨਿਰਗੁਣ ਸਰਗੁਣ ਉਪਰ ਪਏ ਤੁਠ, ਮਿਹਰਵਾਨ ਦਇਆ ਕਮਾਈਆ। ਏਕਾ ਅੰਮ੍ਰਿਤ ਦੇਵੇ ਘੁੱਟ, ਅਮਿਉਂ ਰਸ ਆਪ ਚਖਾਈਆ। ਬਾਲ ਨਾਦਾਨਾ ਪਏ ਉਠ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸਦਾ ਸਹਾਈਆ। ਤੇਰਾ ਸਹਾਈ ਸਦਾ ਸਦ ਸੱਜਣ, ਹਰਿ ਸੱਚਾ ਆਪ ਅਖਵਾਇੰਦਾ। ਜੁਗ ਜੁਗ ਕਰਾਏ ਏਕਾ ਮਜਨ, ਚਰਨ ਧੂੜੀ ਟਿੱਕਾ ਲਾਇੰਦਾ। ਸੱਜਣ ਸੁਹੇਲਾ ਹੋਇਆ ਪਰਦੇ ਕੱਜਣ, ਸਚ ਦੁਸ਼ਾਲਾ ਉਪਰ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਤੇਰਾ ਸੰਗ ਨਿਭਾਇੰਦਾ। ਸਰਗੁਣ ਤੇਰਾ ਸਗਲਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਗ੍ਰਹਿ ਗ੍ਰਹਿ ਘਰ ਘਰ ਚਾੜ੍ਹੇ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਆਤਮ ਪਰਮਾਤਮ ਇਕ ਅਨੰਦ, ਨਿਜ਼ਾਨੰਦ ਦਰਸਾਈਆ। ਗੀਤ ਸੁਹਾਗੀ ਸਾਚਾ ਛੰਦ, ਸੋਹੰ ਢੋਲਾ ਗਾਈਆ। ਜਨਮ ਜਨਮ ਜਗ ਮੁੱਕੇ ਪੰਧ, ਲੱਖ ਚੁਰਾਸੀ ਰਹਿਣ ਨਾ ਪਾਈਆ। ਨਾਤਾ ਤੁਟੇ ਜੇਰਜ ਅੰਡ, ਬ੍ਰਹਿਮੰਡ ਨਾ ਵੇਖ ਵਖਾਈਆ। ਹੋਏ ਵਸੇਰਾ ਸਚਖੰਡ, ਅੰਤ ਜੋਤੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਆਪਣੇ ਲੇਖੇ ਲਾਈਆ। ਸਰਗੁਣ ਨਿਰਗੁਣ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੁਗਾਂ ਜੁਗੰਤਰ ਸੁਣ ਫ਼ਰਯਾਦ, ਜਨ ਭਗਤਾਂ ਹੋਏ ਸਹਾਈਆ। ਏਕਾ ਨਾਮ ਦੇਵੇ ਦਾਤ, ਵਸਤ ਅਮੋਲਕ ਝੋਲੀ ਪਾਈਆ। ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣਾ ਮੇਲ ਵਖਾਈਆ। ਨਿਰਗੁਣ ਸਰਗੁਣ ਕਰੇ ਲਾਡ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਫੇਰਾ ਪਾਈਆ। ਜੁਗ ਜੁਗ ਵੇਸ ਅਵੱਲੜਾ, ਨਿਰਗੁਣ ਸਰਗੁਣ ਧਾਰ। ਹਰਿਜਨ ਫੜਾਏ ਪਲੜਾ, ਪਾਰਬ੍ਰਹਮ ਗੁਰ ਕਰਤਾਰ। ਵਸਣਹਾਰਾ ਨਿਹਚਲ ਧਾਮ ਅਚੱਲੜਾ, ਲੋਕਮਾਤ ਹੋਏ ਉਜਿਆਰ। ਸਚ ਸੰਦੇਸਾ ਏਕਾ ਘਲੜਾ, ਸ਼ਬਦੀ ਸ਼ਬਦ ਸ਼ਬਦ ਜੈਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਦੀਦਾਰ। ਨਿਰਗੁਣ ਸਰਗੁਣ ਦੇਵੇ ਦਰਸ, ਆਪਣੀ ਬੂਝ ਬੁਝਾਈਆ। ਜਨਮ ਜਨਮ ਦੀ ਮੇਟੇ ਹਰਸ, ਹਿਰਸ ਅਵਰ ਨਾ ਕੋਇ ਵਧਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਈਆ । ਜਨ ਭਗਤਾਂ ਉਪਰ ਕਰ ਕਰ ਤਰਸ, ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵਟੀ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਵਖਾਈਆ। ਸਰਗੁਣ ਤੇਰਾ ਨਿਰਗੁਣ ਸਹਾਰਾ, ਸਦਾ ਸਦਾ ਅਖਵਾਈਆ। ਕਲਜੁਗ ਅੰਤਮ ਵੇਖ ਕਿਨਾਰਾ, ਜੋਤੀ ਜਾਮਾ ਭੇਖ ਵਟਾਈਆ। ਜੁਗ ਜੁਗ ਦੇ ਵਿਛੜੇ ਮੇਲੇ ਮੇਲਣਹਾਰਾ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਬੰਧਨ ਏਕਾ ਪਾਈਆ। ਨਿਰਗੁਣ ਸਰਗੁਣ ਸਾਚਾ ਬੰਧਨ, ਪੁਰਖ ਬਿਧਾਤਾ ਆਪ ਰਖਾਇੰਦਾ। ਨਿਰਗੁਣ ਸਰਗੁਣ ਲਗਾਏ ਚੰਦਨ, ਤਿਲਕ ਲਿਲਾਟੀ ਜੋਤ ਜਗਾਇੰਦਾ। ਨਿਰਗੁਣ ਸਰਗੁਣ ਤੋੜੇ ਫੰਦਨ, ਫਾਂਦੀ ਅਵਰ ਨਾ ਕੋਇ ਵਖਾਇੰਦਾ। ਨਿਰਗੁਣ ਸਰਗੁਣ ਖੇਲੇ ਖੇਲ ਮੁਕੰਦ ਮਨੋਹਰ ਮੁਕੰਦਨ, ਕਵਲ ਨੈਣ ਨੈਣ ਮਟਕਾਇੰਦਾ। ਨਿਰਗੁਣ ਸਰਗੁਣ ਤ੍ਰਿਲੋਕੀ ਨੰਦਨ, ਨੰਦ ਜਸ਼ੋਧਾ ਮਾਣ ਦੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਨਿਰਗੁਣ ਸਰਗੁਣ ਸਚ ਵੈਰਾਗ, ਹਰਿ ਵੈਰਾਗੀ ਆਪ ਉਪਾਈਆ। ਨਿਰਗੁਣ ਸਰਗੁਣ ਖੋਲ੍ਹੇ ਜਾਗ, ਨੇਤਰ ਨੈਣ ਇਕ ਦਰਸਾਈਆ। ਨਿਰਗੁਣ ਸਰਗੁਣ ਅੰਦਰ ਲਾਏ ਭਾਗ, ਆਪਣੇ ਆਸਣ ਸੋਭਾ ਪਾਈਆ। ਨਿਰਗੁਣ ਸਰਗੁਣ ਜਗਾਏ ਚਿਰਾਗ਼, ਜੋਤੀ ਜੋਤ ਜੋਤ ਰੁਸ਼ਨਾਈਆ। ਨਿਰਗੁਣ ਸਰਗੁਣ ਧੋਵੇ ਦਾਗ਼, ਦੁਰਮਤ ਮੈਲ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਸੱਚਾ ਕਾਜ, ਘਰ ਘਰ ਵਿਚ ਆਪ ਵਖਾਈਆ। ਨਿਰਗੁਣ ਸਰਗੁਣ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਸਰਗੁਣ ਮਾਰੇ ਅਵਾਜ਼, ਸ਼ਬਦ ਅਗੰਮੀ ਤਾਰ ਹਿਲਾਈਆ। ਨਿਰਗੁਣ ਸਰਗੁਣ ਗ਼ਰੀਬ ਨਿਵਾਜ਼, ਬਣ ਨਿਮਾਣਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਸ ਅਵੱਲੜਾ ਆਪ ਵਟਾਈਆ। ਨਿਰਗੁਣ ਸਰਗੁਣ ਵੇਸ ਅਵੱਲਾ, ਭੇਵ ਕੋਇ ਨਾ ਪਾਇੰਦਾ । ਨਿਰਗੁਣ ਸਰਗੁਣ ਇਕ ਇਕੱਲਾ, ਲੱਖ ਚੁਰਾਸੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਵਸਣਹਾਰਾ ਸਚ ਮਹੱਲਾ, ਸੋਭਾਵੰਤ ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਕਰਾਇੰਦਾ। ਨਿਰਗੁਣ ਸਰਗੁਣ ਕਰੇ ਕਿਰਤ, ਵਡ ਕਿਰਤੀ ਕਿਰਤ ਕਮਾਈਆ। ਨਿਰਗੁਣ ਸਰਗੁਣ ਦੋ ਜਹਾਨੀ ਫਿਰਤ, ਫਿਰ ਫਿਰ ਵੇਸ ਵਟਾਈਆ। ਨਿਰਗੁਣ ਸਰਗੁਣ ਮੇਟੇ ਹਰਸ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਹੋਏ ਸਹਾਈਆ। ਨਿਰਗੁਣ ਨੂਰ ਸ੍ਰੀ ਭਗਵਾਨ, ਆਦਿ ਜੁਗਾਦਿ ਸਮਾਇਆ। ਸਰਗੁਣ ਵੇਖੇ ਵਿਚ ਜਹਾਨ, ਲੋਕਮਾਤ ਫੇਰਾ ਪਾਇਆ। ਸਾਚੇ ਭਗਤ ਕਰੇ ਪਰਵਾਨ, ਜਿਸ ਜਨ ਆਪਣੀ ਬੂਝ ਬੁਝਾਇਆ। ਸੰਤਨ ਦੇਵੇ ਏਕੋ ਮਾਣ, ਦਰ ਦੁਆਰ ਸੁਹਾਇਆ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਆਪਣਾ ਰੰਗ ਰੰਗਾਇਆ। ਗੁਰਸਿਖਾਂ ਦੇਵੇ ਇਕ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇਆ। ਏਕਾ ਇਸ਼ਟ ਸ੍ਰੀ ਭਗਵਾਨ, ਏਕਾ ਮੰਦਰ ਡੇਰਾ ਲਾਇਆ। ਸਰਗੁਣ ਸਦਾ ਕਰੇ ਪਰਨਾਮ, ਨਿਉਂ ਨਿਉਂ ਸੀਸ ਝੁਕਾਇਆ। ਨਿਰਗੁਣ ਜਣਾਏ ਆਪਣੀ ਕਲਾਮ, ਕਲਮਾ ਕਾਇਨਾਤ ਸੁਣਾਇਆ। ਸਰਗੁਣ ਨਿਉਂ ਨਿਉਂ ਕਰੇ ਸਲਾਮ, ਸਯਦਾ ਸੀਸ ਵਖਾਇਆ। ਨਿਰਗੁਣ ਸਦ ਸਦ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇਆ। ਸਰਗੁਣ ਸੁਣੇ ਧੁਰ ਫ਼ਰਮਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਆਪਣਾ ਖੇਲ ਰਚਾਇਆ। ਨਿਰਗੁਣ ਨਿਰਾਕਾਰ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਸਰਗੁਣ ਗੁਰਮੁਖ ਮੇਲਾ ਨਾਰੀ ਕੰਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੋੜ੍ਹੇ ਹਉਮੇ ਹੰਗਤ, ਜੂਠ ਝੂਠ ਦਏ ਮਿਟਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੱਜਣ ਆਪ ਕਰਾਈਆ। ਮਾਨਸ ਜਨਮ ਨਾ ਹੋਏ ਭੰਗਤ, ਲੱਖ ਚੁਰਾਸੀ ਫੰਦ ਕਟਾਈਆ। ਏਥੇ ਓਥੇ ਸਚ ਵਖਾਏ ਸਾਚੀ ਜੰਨਤ, ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਉਠਾਈਆ। ਹਰਿਜਨ ਸੱਚਾ ਸਰਗੁਣ ਧਾਰ, ਨਿਰਗੁਣ ਮੇਲ ਮਿਲਾਇਆ। ਬਣ ਵਿਚੋਲਾ ਏਕੰਕਾਰ, ਆਪਣਾ ਬੰਧਨ ਪਾਇਆ। ਨਾਤਾ ਤੋੜ ਸਰਬ ਸੰਸਾਰ, ਸਾਚਾ ਮਾਰਗ ਇਕ ਵਖਾਇਆ। ਸੁਰਤੀ ਸ਼ਬਦੀ ਕਰੇ ਪਿਆਰ, ਸ਼ਬਦ ਸੁਰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਗੁਣ ਅੰਦਰ ਨਿਰਗੁਣ ਵੜ, ਨਿਰਗੁਣ ਨਿਰਗੁਣ ਰੰਗ ਚੜ੍ਹਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਬਾਂਹ ਆਪੇ ਫੜ, ਆਪਣੇ ਨਾਲ ਮਿਲਾਇਆ।
