Granth 09 Likhat 186: 26 Bhadro 2017 Bikarmi Bibi Harnam Kaur Pind Talwandi Jila Ferozepur

੨੬ ਭਾਦਰੋਂ ੨੦੧੭ ਬਿਕ੍ਰਮੀ ਬੀਬੀ ਹਰਨਾਮ ਕੌਰ ਪਿੰਡ ਤਲਵੰਡੀ ਜ਼ਿਲਾ ਫੀਰੋਜ਼ ਪੁਰ

ਪੁਰਖ ਅਕਾਲ ਸਰਬ ਜੀਆਂ ਦਾਤਾ, ਆਦਿ ਜੁਗਾਦਿ ਸਮਾਇੰਦਾ। ਜੁਗਾ ਜੁਗੰਤਰ ਮੇਟੇ ਅੰਧੇਰੀ ਰਾਤਾ, ਨਿਰਗੁਣ ਜੋਤੀ ਜੋਤ ਜਗਾਇੰਦਾ। ਸ਼ਬਦ ਜਣਾਏ ਅਗੰਮੀ ਗਾਥਾ, ਧੁਰ ਮੰਤਰ ਨਾਮ ਦ੍ਰਿੜਾਇੰਦਾ। ਜਨ ਭਗਤਾਂ ਨਿਭਾਏ ਸਗਲਾ ਸਾਥਾ, ਸਗਲਾ ਸੰਗ ਆਪ ਹੋ ਜਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਪੂਰਬ ਕਰਮਾਂ ਵੇਖ ਵਖਾਇੰਦਾ। ਚਰਨ ਸਰੋਵਰ ਸਚ ਵਖਾਏ ਤੀਰਥ ਤਾਟਾ, ਦੁਰਮਤ ਮੈਲ ਮੈਲ ਧਵਾਇੰਦਾ। ਚਰਨ ਕਵਲ ਬੰਧਾਏ ਸਾਚਾ ਨਾਤਾ, ਨਰ ਨਰਾਇਣ ਖੇਲ ਖਿਲਾਇੰਦਾ। ਚਾਰ ਵਰਨ ਕਰਾਏ ਉਤਮ ਜ਼ਾਤਾ, ਵਰਨ ਗੋਤ ਨਾ ਕੋਇ ਵਖਾਇੰਦਾ। ਅਨਹਦ ਸ਼ਬਦ ਅਨਾਦੀ ਧੁਨ ਅਗੰਮੀ ਪੂਜਾ ਪਾਠਾ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਪੁਰਖ ਅਕਾਲ ਸਰਬ ਗੁਣਵੰਤ, ਮਹਿਮਾ ਅਕਥ ਕਥੀ ਨਾ ਜਾਈਆ। ਜੋਤੀ ਨੂਰ ਸ੍ਰੀ ਭਗਵੰਤ, ਆਦਿ ਨਿਰੰਜਣ ਵਡ ਵਡਿਆਈਆ। ਦਰਗਹਿ ਸਾਚਾ ਧਾਮ ਸੁਹੰਤ, ਸਚਖੰਡ ਦਵਾਰੇ ਸੋਭਾ ਪਾਈਆ। ਨਿਰਾਕਾਰ ਬਣਾਏ ਆਪਣੀ ਬਣਤ, ਦੂਸਰ ਸੰਗ ਨਾ ਕੋਇ ਵਖਾਈਆ। ਲੱਖ ਚੁਰਾਸੀ ਤ੍ਰੈਗੁਣ ਮਾਇਆ ਪੰਜ ਤਤ ਫੁਲ ਫਲਵਾੜੀ ਵੇਖੇ ਰੁਤ ਬਸੰਤ, ਪਤ ਡਾਲ੍ਹੀ ਆਪ ਮਹਿਕਾਈਆ। ਲੇਖਾ ਜਾਣੇ ਜੀਵ ਜੰਤ, ਪਕੜ ਉਠਾਏ ਸਾਚੇ ਸੰਤ, ਧੁਰ ਦੀ ਬਾਣੀ ਬਾਣ ਲਗਾਈਆ। ਗੜ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਨਾਤਾ ਤੋੜੇ ਭੁੱਖ ਨੰਗਤ, ਸਚ ਸੁੱਚ ਇਕ ਵਰਤਾਈਆ। ਮੇਲ ਮਿਲਾਵਾ ਸਾਚੀ ਸੰਗਤ, ਵੇਖ ਵਖਾਏ ਥਾਉਂ ਥਾਈਆ। ਨਾਮ ਚਾੜ੍ਹੇ ਸਾਚੀ ਰੰਗਤ, ਰੰਗ ਮਜੀਠੀ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਪੁਰਖ ਅਕਾਲ ਪਾਰਬ੍ਰਹਮ ਸ੍ਰੀ ਭਗਵਾਨ, ਭੇਵ ਕੋਇ ਨਾ ਆਇੰਦਾ। ਅਬਿਨਾਸ਼ੀ ਕਰਤਾ ਨਾ ਮਰੇ ਨਾ ਪਏ ਜੰਮ, ਸੋ ਪੁਰਖ ਨਿਰੰਜਣ ਖੇਲ ਖਿਲਾਇੰਦਾ। ਹਰਿ ਪੁਰਖ ਨਿਰੰਜਣ ਆਦਿ ਜੁਗਾਦਿ ਜਾਣੇ ਆਪਣਾ ਕੰਮ, ਕਰਤਾ ਪੁਰਖ ਰੂਪ ਅਨੂਪ ਆਪ ਧਰਾਇੰਦਾ। ਸਚਖੰਡ ਨਿਵਾਸੀ ਸਾਚੇ ਤਖ਼ਤ ਬਰਾਜ ਕਰੇ ਆਪਣਾ ਕੰਮ, ਕਰਨੀ ਕਿਰਤ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣੀ ਧਾਰ ਚਲਾਇੰਦਾ। ਪੁਰਖ ਅਕਾਲ ਠਾਂਡਾ ਦਰਬਾਰਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਇਕ ਇਕੱਲਾ ਏਕੰਕਾਰਾ, ਨਿਰਗੁਣ ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਹੁਕਮੀ ਹੁਕਮ ਆਪ ਵਰਤਾਇੰਦਾ। ਥਿਰ ਘਰ ਵਾਸੀ ਖੋਲ੍ਹ ਕਿਵਾੜਾ, ਏਕਾ ਰੂਪ ਆਪ ਪਰਗਟਾਇੰਦਾ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਆਪਣਾ ਬੰਧਨ ਪਾਇੰਦਾ। ਰਵ ਸਸ ਕਰ ਉਜਿਆਰਾ, ਜੋਤੀ ਨੂਰ ਡਗਮਗਾਇੰਦਾ। ਸ਼ਬਦ ਅਗੰਮੀ ਇਕ ਜੈਕਾਰਾ, ਤੁਰੀਆ ਰਾਗ ਆਪ ਅਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰਾ, ਅੰਸ ਬੰਸ ਆਪ ਸੁਹਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਚਮ ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਘਰ ਵਿਚ ਘਰ ਕਰ ਤਿਆਰਾ, ਘਰ ਮੰਦਰ ਸੋਭਾ ਪਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਹਰਿ ਸ਼ਬਦ ਅਨਾਦ ਸੱਚੀ ਧੁਨਕਾਰਾ, ਅਨਹਦ ਸਾਚਾ ਤਾਲ ਵਜਾਇੰਦਾ। ਸਰ ਸਰੋਵਰ ਅੰਮ੍ਰਿਤ ਠੰਡੀ ਠਾਰਾ, ਕਵਲ ਨਾਭੀ ਆਪ ਰਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੁਗਾ ਜੁਗੰਤਰ ਵਰਤੇ ਵਰਤਾਵੇ ਵਿਚ ਸੰਸਾਰਾ, ਗੁਰ ਪੀਰ ਅਵਤਾਰ ਆਪਣਾ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਧਾਰ ਅਵੱਲੀ ਇਕ ਵਖਾਇੰਦਾ। ਸੰਤ ਭਗਤ ਭਗਵੰਤ ਮੇਲ ਮਲਾਏ ਆਪਣੀ ਵਾਰਾ, ਮੇਲ ਮਿਲਾਵਾ ਆਪਣੇ ਹੱਥ ਰਖਾਇੰਦਾ। ਗੁਰਸਿਖਾਂ ਵਖਾਏ ਸਚ ਦਵਾਰਾ, ਬੰਦ ਕਿਵਾੜਾ ਆਪ ਖੁਲਾਇੰਦਾ। ਗੁਰਮੁਖ ਬਖ਼ਸ਼ੇ ਚਰਨ ਪਿਆਰਾ, ਚਰਨ ਚਰਨੋਦਕ ਮੁਖ ਚੁਆਇੰਦਾ। ਏਕਾ ਬਖ਼ਸ਼ੇ ਸ਼ਬਦ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਲੇਖਾ ਜਾਣੇ ਲਿਖਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਪੁਰਖ ਅਕਾਲ, ਦੀਨਾ ਬੰਧਪ ਦੀਨ ਦਿਆਲ, ਸਗਲਾ ਸੰਗ ਆਪ ਨਿਭਾਇੰਦਾ। ਸਗਲਾ ਸੰਗ ਸਤਿਗੁਰ ਮੀਤ, ਪੁਰਖ ਅਕਾਲ ਨਿਭਾਈਆ। ਆਦਿ ਜੁਗਾਦੀ ਸਾਚੀ ਰੀਤ, ਜੁਗਾ ਜੁਗੰਤਰ ਆਪ ਚਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਗੁਰਮੁਖ ਵਿਰਲੇ ਬਖਸ਼ੇ ਚਰਨ ਪ੍ਰੀਤ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਸ਼ਬਦ ਸੁਣਾਏ ਸੁਹਾਗੀ ਗੀਤ, ਧੁਨ ਆਤਮਕ ਆਪ ਵਜਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਕਾਇਆ ਕਰੇ ਠੰਡੀ ਸੀਤ, ਪੰਜ ਤਤ ਅਗਨੀ ਆਪ ਬੁਝਾਈਆ। ਲੇਖਾ ਜਣਾਏ ਦੇਹੁਰਾ ਮੰਦਰ ਮਸੀਤ, ਘਰ ਹਰਿ ਮੰਦਰ ਦਏ ਵਖਾਈਆ। ਸਤਿਗੁਰ ਪੂਰਾ ਵਸਿਆ ਧਾਮ ਅਨਡੀਠ, ਆਤਮ ਸੇਜਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਕੁਦਰਤ ਕਾਦਰ ਵੇਖ ਵਖਾਈਆ। ਵੇਖਣਹਾਰਾ ਪੁਰਖ ਅਕਾਲਾ, ਜੁਗਾ ਜੁਗੰਤਰ ਵੇਖ ਵਖਾਇੰਦਾ। ਜੁਗਾ ਜੁਗੰਤਰ ਅਵੱਲੜੀ ਚਾਲਾ, ਲੋਕਮਾਤ ਵੇਖ ਵਖਾਇੰਦਾ। ਨਿਰਗੁਣ ਸਰਗੁਣ ਦੱਸੇ ਰਾਹ ਸੁਖ਼ਾਲਾ, ਸ਼ਬਦ ਅਗੰਮੀ ਮਾਰਗ ਆਪੇ ਪਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਆਪਣੀ ਸੇਵ ਕਮਾਇੰਦਾ। ਨਾਤਾ ਤੋੜੇ ਜਗਤ ਜੰਜਾਲਾ, ਲੱਖ ਚੁਰਾਸੀ ਵੇਖ ਵਖਾਇੰਦਾ। ਚਰਨ ਕਵਲ ਰਖਾਏ ਕਾਲ ਮਹਾਂਕਾਲਾ, ਹੁਕਮੀ ਹੁਕਮ ਆਪ ਵਰਤਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਵਿਚ ਸੰਸਾਰ, ਦੂਸਰ ਸੰਗ ਨਾ ਕੋਇ ਰਖਾਇੰਦਾ। ਪੁਰਖ ਅਕਾਲ ਖੇਲ ਅਪਾਰਾ, ਨਿਰੰਕਾਰਾ ਆਪ ਕਰਾਈਆ। ਸਤਿਜੁਗ ਤ੍ਰੇਤਾ ਲੈ ਅਵਤਾਰਾ, ਦਵਾਪਰ ਨਿਰਗੁਣ ਜੋਤ ਜੋਤ ਸਮਾਈਆ। ਪੰਜ ਤਤ ਸ਼ਬਦ ਭੰਡਾਰਾ, ਆਪ ਆਪਣਾ ਕਰ ਤਿਆਰਾ, ਆਪਣਾ ਨਾਅਰਾ ਦਏ ਸੁਣਾਈਆ। ਖੇਲੇ ਖੇਲ ਖੇਲਣਹਾਰਾ, ਰੂਪ ਅਨੂਪ ਵੱਡੀ ਵਡਿਆਈਆ । ਕਲਜੁਗ ਅੰਤਮ ਹੋ ਉਜਿਆਰਾ, ਨੂਰ ਇਲਾਹੀ ਡਗਮਗਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਮੁਕਾਮੇ ਹੱਕ ਵੱਜੀ ਵਧਾਈਆ। ਲਾਸ਼ਰੀਕ ਵਸੇ ਸਭ ਤੋਂ ਬਾਹਰਾ, ਅਨਭਵ ਆਪਣਾ ਰੂਪ ਦਰਸਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰਾ, ਏਕਾ ਕਲਮਾ ਨਬੀ ਪੜ੍ਹਾਈਆ। ਅਮਾਮ ਅਮਾਮਾਂ ਬਣ ਵਰਤਾਰਾ, ਮੁਲਾਂ ਸ਼ੇਖ਼ ਮਸਾਇਕ ਪੀਰ ਏਕਾ ਰਾਹ ਵਖਾਈਆ। ਅੰਜੀਲ ਕੁਰਾਨਾ ਭਰ ਭੰਡਾਰਾ, ਤੀਸ ਬਤੀਸਾ ਰਿਹਾ ਸੁਣਾਈਆ। ਜੁਗਾਂ ਜੁਗੰਤਰ ਸਾਚੀ ਧਾਰਾ, ਲੋਕਮਾਤ ਆਪ ਰਖਾਈਆ। ਨਾਨਕ ਨਿਰਗੁਣ ਕਰ ਪਿਆਰਾ, ਪੰਜ ਤਤ ਜੋਤੀ ਜੋਤ ਜਗਾਈਆ ਸਚਖੰਡ ਨਵਾਸੀ ਖੇਲ ਅਪਾਰਾ, ਥਿਰ ਦਰਬਾਰੇ ਆਪ ਵਖਾਈਆ। ਮੇਲ ਮਿਲਾਵਾ ਕੰਤ ਭਤਾਰਾ, ਦਰ ਘਰ ਸਾਚੇ ਵੱਜੀ ਵਧਾਈਆ। ਪਾਇਆ ਪੁਰਖ ਸੱਚਾ ਭਤਾਰਾ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਮਿਲਿਆ ਮੇਲ ਏਕਾ ਵਾਰਾ, ਵਿਛੜ ਕਦੇ ਨਾ ਜਾਈਆ। ਪੁਰਖ ਅਕਾਲ ਮੀਤ ਮੁਰਾਰਾ, ਨਾਨਕ ਨਿਰਗੁਣ ਵੇਖੇ ਚਾਈਂ ਚਾਈਆ। ਏਕਾ ਮੰਗੇ ਮੰਗ ਦਵਾਰਾ, ਦੇਵਣਹਾਰਾ ਬੇਪਰਵਾਹੀਆ। ਨਾਮ ਸਤਿ ਭਰ ਭੰਡਾਰਾ, ਵਸਤ ਅਮੋਲਕ ਹੱਥ ਫੜਾਈਆ। ਚਾਰ ਵਰਨ ਬਣ ਵਰਤਾਰਾ, ਜੀਵ ਜੰਤ ਲਏ ਤਰਾਈਆ। ਹੰਕਾਰੀਆਂ ਤੋੜੇ ਗੜ੍ਹ ਹੰਕਾਰਾ, ਨਾਮ ਖੰਡਾ ਹੱਥ ਉਠਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸੋਹਣ ਇਕ ਦਵਾਰਾ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਇਕ ਇਕੱਲਾ ਵੇਖ ਵਖਾਈਆ। ਉਚੀ ਕੂਕ ਕਰੇ ਪੁਕਾਰਾ, ਸ੍ਰਿਸ਼ਟ ਸਬਾਈ ਗਿਆ ਸਮਝਾਈਆ। ਕਲਜੁਗ ਅੰਤਮ ਹੋਵੇ ਅੰਧ ਅੰਧਿਆਰਾ, ਸੂਰਜ ਚੰਨ ਨਾ ਕੋਈ ਰੁਸ਼ਨਾਈਆ। ਲੱਖ ਚੁਰਾਸੀ ਹੋਏ ਨਾਰ ਵਿਭਚਾਰਾ, ਹਰਿ ਹਰਿ ਕੰਤ ਨਾ ਕੋਇ ਹੰਢਾਈਆ। ਨਾ ਕੋਈ ਦਿਸੇ ਸ਼ਾਹ ਦਵਾਰਾ, ਸਚ ਗੁਲਾਮ ਨਾ ਕੋਈ ਵਡਿਆਈਆ। ਸਾਧ ਸੰਤ ਹੋਏ ਖ਼ਵਾਰਾ, ਹਰਿ ਕੇ ਪੌੜੇ ਨਾ ਕੋਈ ਚੜ੍ਹਾਈਆ । ਅਠਸਠ ਤੀਰਥ ਮਾਰਨ ਨਾਅਰਾ, ਨਰ ਨਰਾਇਣ ਦਿਸ ਨਾ ਆਈਆ। ਧਰਤ ਧਵਲ ਕਰੇ ਪੁਕਾਰਾ, ਨੇਤਰ ਰੋ ਰੋ ਨੀਰ ਵਹਾਈਆ। ਪੁਰਖ ਅਬਨਾਸ਼ੀ ਬੇਐਬ ਪਰਵਰਦਿਗਾਰਾ, ਦਰਗਾਹਿ ਸਾਚੀ ਬੈਠਾ ਕਰੇ ਖੇਲ ਬੇਪਰਵਾਹੀਆ। ਲੋਕਮਾਤ ਪਾਵੇ ਸਾਰਾ, ਲੋਕ ਚੌਦਾਂ ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਬ੍ਰਹਿਮੰਡਾਂ ਖੰਡਾਂ ਦਏ ਹੁਲਾਰਾ, ਬ੍ਰਹਮਾ ਵਿਸ਼ਨ ਸ਼ਿਵ ਲਏ ਉਠਾਈਆ। ਕ੍ਰੋੜ ਤੇਤੀਸਾ ਮਾਰੇ ਮਾਰਾ, ਸੁਰਪਤ ਰਾਜਾ ਇੰਦ ਆਪ ਉਠਾਈਆ। ਏਕਾ ਖੰਡਾ ਤੇਜ਼ ਕਟਾਰਾ, ਨਾਮ ਨਿਧਾਨ ਹੱਥ ਉਠਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰਾ, ਸਤਿ ਸਤਿਵਾਦੀ ਆਪ ਧਰਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਮਾਤ ਪਿਤ ਨਾ ਕੋਇ ਅਖਵਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਸ਼ਬਦ ਨਿਸ਼ ਅੱਖਰ ਵੱਖਰ ਕਰੇ ਪੜ੍ਹਾਈਆ। ਕਾਗਦ ਕਲਮ ਨਾ ਲਿਖਣਹਾਰਾ, ਚਾਰੇ ਵੇਦ ਦੇਣ ਗਵਾਹੀਆ। ਪੁਰਾਨ ਅਠਾਰਾਂ ਕਰਨ ਨਿਮਸਕਾਰਾ, ਗੀਤਾ ਗਿਆਨ ਸੀਸ ਝੁਕਾਈਆ। ਅੰਜੀਲ ਕੁਰਾਨ ਰੋਵਣ ਜ਼ਾਰੋ ਜ਼ਾਰ, ਵੇਲਾ ਅੰਤ ਨਾ ਦਿਸੇ ਕੋਈ ਸਹਾਈਆ। ਖਾਣੀ ਬਾਣੀ ਮਾਰੇ ਤੀਰ ਕਰਾਰਾ, ਸ਼ਬਦ ਨਿਸ਼ਾਨਾ ਆਪ ਲਗਾਈਆ। ਗੁਰਮੁਖ ਸਾਚੇ ਕਰੇ ਪਿਆਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਵਰਤੇ ਵਰਤਾਵੇ ਸ਼ਬਦ ਵਰਤਾਰਾ, ਜੂਠ ਝੂਠ ਦਏ ਮਿਟਾਈਆ। ਚਾਰ ਵਰਨਾਂ ਵਖਾਏ ਇਕ ਦਵਾਰਾ, ਊਚ ਨੀਚ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲ ਬ੍ਰਹਮ ਬ੍ਰਹਿਮਾਦਿ, ਸ਼ਬਦ ਅਨਾਦ ਧੁਨ ਵਜਾਈਆ।