Granth 11 Likhat 151: 17 Chet 2019 Bikarmi Mahinder Singh de Greh Pind Sohal Jila Amritsar

੧੭ ਚੇਤ ੨੦੧੯ ਬਿਕ੍ਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਸ਼ਬਦ ਸੁਤ ਤੇਰਾ ਸਾਥ, ਪੁਰਖ ਅਕਾਲ ਆਪ ਨਿਭਾਇੰਦਾ। ਕਿਰਪਾ ਕਰ ਲੋਕਮਾਤ, ਅਲੌਕਕ ਆਪਣੀ ਖੇਲ ਕਰਾਇੰਦਾ। ਸਚ ਭੰਡਾਰਾ ਇਕੋ ਖ਼ਾਤ, ਗੁਣ ਨਿਧਾਨਾ ਆਪ ਰਖਾਇੰਦਾ। ਜਨ ਭਗਤਾਂ ਪੁਛੇ ਅੰਤਮ ਵਾਤ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਏਕਾ ਬਖ਼ਸ਼ੇ ਨਾਮ ਦਾਤ, ਨਾਉਂ ਨਿਰੰਕਾਰਾ ਆਪ ਵਰਤਾਇੰਦਾ। ਚਾਰ ਵਰਨਾਂ ਮੇਟੇ ਜ਼ਾਤ ਪਾਤ, ਊਚ ਨੀਚ ਭੇਵ ਚੁਕਾਇੰਦਾ। ਨਿਰਗੁਣ ਨੂਰ ਕਰੇ ਪਰਕਾਸ਼, ਹਰਿ ਜੂ ਸਾਚਾ ਚੰਦ ਚੜ੍ਹਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸ, ਲਹਿਣਾ ਦੇਣਾ ਸਰਬ ਮੁਕਾਇੰਦਾ। ਵੇਖਣਹਾਰਾ ਪ੍ਰਿਥਮੀ ਅਕਾਸ਼, ਗਗਨ ਮੰਡਲ ਖੋਜ ਖੋਜਾਇੰਦਾ। ਦੋ ਜਹਾਨਾਂ ਖੇਲ ਤਮਾਸ਼, ਪੁਰਖ ਅਬਿਨਾਸ਼ੀ ਆਪਣਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਕਰਾਇੰਦਾ। ਸ਼ਬਦ ਸੁਤ ਸਾਚੇ ਗੁਣ, ਸੋ ਪੁਰਖ ਨਿਰੰਜਣ ਆਪ ਜਣਾਈਆ। ਅੰਤ ਪੁਕਾਰ ਲਏ ਸੁਣ, ਬੇਅੰਤ ਵੱਡਾ ਸ਼ਹਿਨਸ਼ਾਹੀਆ। ਲੱਖ ਚੁਰਾਸੀ ਛਾਣ ਪੁਣ, ਭਗਤ ਭਗਵੰਤ ਲਏ ਜਗਾਈਆ। ਰਾਗ ਸੁਣਾਏ ਸਾਚੀ ਧੁਨ, ਅਨਾਦੀ ਆਪਣਾ ਨਾਦ ਵਜਾਈਆ। ਭੇਵ ਨਾ ਜਾਣੇ ਕੋਇ ਰਿਖ ਮੁਨ, ਅਭੇਦ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨਾ, ਕਲਜੁਗ ਅੰਤ ਅੰਤ ਜਣਾਈਆ। ਨਿਰਗੁਣ ਨੂਰ ਏਕਾ ਧਰਨਾ, ਧਰਨੀ ਧਰਤ ਧਵਲ ਵਡਿਆਈਆ। ਜੀਵ ਜੰਤ ਚਾਰ ਵਰਨ ਆਪੇ ਵਰਨਾ, ਕੰਤ ਕੰਤੂਹਲ ਆਪਣਾ ਨਾਉਂ ਧਰਾਈਆ। ਗੁਰ ਅਵਤਾਰਾਂ ਆਪੇ ਫੜਨਾ, ਘਟ ਘਟ ਆਪਣਾ ਫੇਰਾ ਪਾਈਆ। ਸ਼ਬਦ ਅਗੰਮੀ ਦੋ ਜਹਾਨਾਂ ਏਕਾ ਪੜਨਾ, ਪੜ੍ਹ ਪੜ੍ਹ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਏ ਸਹਿਜ ਸੁਭਾਈਆ। ਮੇਲ ਮਿਲਾਵਾ ਅੰਤਮ ਕਲ, ਨਰ ਹਰਿ ਆਪਣਾ ਆਪ ਜਣਾਇੰਦਾ। ਕਰੇ ਖੇਲ ਅਕਲ ਕਲ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤੀ ਸ਼ਬਦੀ ਆਪੇ ਰਲ, ਸਰਗੁਣ ਆਪਣਾ ਰੰਗ ਰੰਗਾਇੰਦਾ। ਸੰਬਲ ਨਗਰੀ ਧਾਮ ਮੱਲ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਭੇਵ ਖੁਲ੍ਹਾਇੰਦਾ। ਸੰਬਲ ਨਗਰ ਸਚ ਮਕਾਨਾ, ਬੇਮੁਕਾਮ ਆਪ ਬਣਾਈਆ। ਵਸਣਹਾਰ ਸ੍ਰੀ ਭਗਵਾਨਾ, ਦਿਸ ਕਿਸੇ ਨਾ ਆਈਆ। ਤੇਰਾ ਨਾਉਂ ਮਰਦ ਮਰਦਾਨਾ, ਗੁਰ ਗੁਰ ਆਪਣਾ ਰੰਗ ਵਖਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਏਕਾ ਏਕ ਜਣਾਈਆ। ਪਾਵੇ ਸਾਰ ਦੋ ਜਹਾਨਾ, ਦੋਏ ਦੋਏ ਆਪਣੀ ਧਾਰ ਚਲਾਈਆ। ਸ਼ਬਦ ਅਗੰਮੀ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅੰਤ ਮਿਲਾਵਾ ਆਪਣੇ ਹੱਥ ਰਖਾਈਆ। ਅੰਤ ਮਿਲਾਵਾ ਹੱਥ ਕਰਤਾਰ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਸ਼ਬਦ ਸੁਤ ਤੇਰੀ ਸੇਵਾ ਅਪਰ ਅਪਾਰ, ਜੁਗ ਚੌਕੜੀ ਆਪ ਲਗਾਇੰਦਾ। ਤੇਰੇ ਹੁਕਮੇ ਅੰਦਰ ਗੁਰ ਅਵਤਾਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਬੰਧਨ ਆਪੇ ਪਾਇੰਦਾ। ਤੇਰਾ ਬੰਧਨ ਪਾਏ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਜੁਗ ਚੌਕੜੀ ਪਾਰ ਕਰ, ਪਾਰ ਕਿਨਾਰਾ ਦਏ ਸਮਝਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਤਾ ਨਿਰਗੁਣ ਰੂਪ ਮਾਤ ਧਰ, ਆਪ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਮੇਲਾ ਆਪਣੇ ਘਰ ਵਖਾਈਆ। ਤੇਰਾ ਮੇਲਾ ਸਾਚੇ ਘਰ, ਘਰ ਮੰਦਰ ਆਪ ਸੁਹਾਇੰਦਾ। ਜੁਗ ਚੌਕੜੀ ਜਾਣ ਹਰਿ, ਹਰਿ ਜੂ ਆਪਣਾ ਪੰਧ ਮੁਕਾਇੰਦਾ। ਪਰਗਟ ਹੋਏ ਨਰਾਇਣ ਨਰ, ਨਰ ਨਾਰੀ ਖੇਲ ਕਰਾਇੰਦਾ। ਸੰਤ ਸੁਹੇਲੇ ਆਪੇ ਫੜ, ਗੁਰਮੁਖ ਆਪਣਾ ਬੰਧਨ ਪਾਇੰਦਾ। ਗੁਰਸਿਖਾਂ ਅੰਦਰ ਆਪੇ ਵੜ, ਆਪਣੀ ਬੂਝ ਆਪ ਬੁਝਾਇੰਦਾ। ਅਲਖ ਅਗੋਚਰ ਨਾ ਜਨਮੇ ਨਾ ਜਾਏ ਮਰ, ਜੀਵਣ ਮਰਨ ਆਪਣੀ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਮੇਲਾ ਗੁਰੂ ਗੁਰ ਚੇਲਾ, ਹਰਿ ਸਤਿਗੁਰ ਆਪ ਜਣਾਇੰਦਾ। ਹਰਿ ਸਤਿਗੁਰ ਜਾਣੇ ਜਾਣੀ ਜਾਣ, ਜਾਨਣਹਾਰ ਆਪ ਅਖਵਾਈਆ। ਕਲਜੁਗ ਅੰਤ ਕਰੇ ਪਹਿਚਾਨ, ਬੇਪਹਿਚਾਨ ਆਪਣੀ ਦਇਆ ਕਮਾਈਆ। ਦਰ ਘਰ ਸਾਚੇ ਮੇਲੇ ਆਣ, ਮੇਲ ਮਿਲਾਵਾ ਸਹਿਜ ਸੁਭਾਈਆ। ਆਤਮ ਪਰਮਾਤਮ ਵੇਖੇ ਮਾਰ ਧਿਆਨ, ਬ੍ਰਹਮ ਪਾਰਬ੍ਰਹਮ ਦਏ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਰਬ ਮਿਟ ਜਾਣ, ਥਿਰ ਕੋਇ ਰਹਿਣ ਨਾ ਪਾਈਆ। ਖਾਣੀ ਬਾਣੀ ਨਾ ਕੋਇ ਗਿਆਨ, ਧਿਆਨ ਧਿਆਨ ਨਾ ਕੋਇ ਜਣਾਈਆ। ਨੌਂ ਖੰਡ ਪ੍ਰਿਥਮੀ ਜਗਤ ਵਾਸਨਾ ਹੋਏ ਸ਼ੈਤਾਨ, ਸ਼ਰਅ ਘਰ ਘਰ ਕਰੇ ਲੜਾਈਆ। ਰਾਜ ਭੂਪ ਹੋਣ ਬੇਈਮਾਨ, ਸਚ ਸੁੱਚ ਨਾ ਕੋਇ ਰਖਾਈਆ। ਜੂਠ ਝੂਠ ਝੁੱਲੇ ਨਿਸ਼ਾਨ, ਸਚ ਨਿਸ਼ਾਨਾ ਨਾ ਕੋਇ ਉਠਾਈਆ। ਨੇਤਰ ਰੋਵਣ ਜ਼ਿਮੀਂ ਅਸਮਾਨ, ਕੂਕ ਕੂਕ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵੇਲੇ ਅੰਤ ਤੇਰਾ ਰੂਪ ਆਪੇ ਵੇਖ ਵਖਾਈਆ। ਅੰਤਮ ਵੇਖੇ ਤੇਰਾ ਰੂਪ ਹਰਿ ਜੂ ਆਪਣੀ ਦਇਆ ਕਮਾਇੰਦਾ। ਕਰੇ ਖੇਲ ਸ਼ਾਹੋ ਭੂਪ, ਸ਼ਹਿਨਸ਼ਾਹ ਆਪਣੀ ਧਾਰ ਚਲਾਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿ ਆਪਣਾ ਰੰਗ ਰੰਗਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੋਲਾਇੰਦਾ। ਆਪਣਾ ਅੰਤਮ ਕਲਜੁਗ ਦੇਵੇ ਆਪ ਸਬੂਤ, ਵੇਦ ਪੁਰਾਣ ਭੇਵ ਕੋਇ ਨਾ ਪਾਇੰਦਾ। ਪੰਜ ਤੱਤ ਕਾਇਆ ਨਾ ਕੋਇ ਕਲਬੂਤ, ਬਿਨ ਰਸਨਾ ਜਿਹਵਾ ਕਲਮਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦ ਮਿਲਾਵਾ ਆਪਣੇ ਹੱਥ ਰਖਾਇੰਦਾ। ਸਾਚੇ ਸੁਤ ਰੱਖਣੀ ਆਸ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਖੇਲ ਆਪ ਕਰਾਇੰਦਾ। ਨਿਰਗੁਣ ਹੋ ਕੇ ਵਸੇ ਨਿਰਗੁਣ ਪਾਸ, ਨਿਰਗੁਣ ਆਪਣਾ ਬੰਧਨ ਪਾਇੰਦਾ। ਏਥੇ ਓਥੇ ਦੋ ਜਹਾਨ, ਬ੍ਰਹਿਮੰਡ ਖੰਡ ਲੋਅ ਪੁਰੀ ਦੇਵੇ ਧਰਵਾਸ, ਚਰਨ ਦਵਾਰ ਇਕ ਵਖਾਇੰਦਾ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਅਕਾਸ਼, ਗਗਨ ਮੰਡਲ ਪਾਵਣਹਾਰਾ ਰਾਸ, ਤੇਰਾ ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬੂਝ ਆਪ ਬੁਝਾਇੰਦਾ। ਸਾਚੀ ਬੂਝ ਲੈਣੀ ਬੁਝ, ਹਰਿ ਸਤਿਗੁਰ ਆਪ ਜਣਾਈਆ। ਤੇਰਾ ਮੇਰਾ ਏਕਾ ਨੂਰ ਕਿਸੇ ਨਾ ਆਵੇ ਕੋਈ ਸੁੱਧ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਕਲਜੁਗ ਅੰਤਮ ਨਿਰਗੁਣ ਨਿਰਾਕਾਰ ਤੇਰੇ ਅਸਵ ਉਪਰ ਬਹੇ ਕੁੱਦ, ਸਚ ਸਿੰਘਾਸਣ ਏਕਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸ਼ਬਦੀ ਮੇਲ ਮਿਲਾਈਆ। ਜੋਤੀ ਸ਼ਬਦੀ ਨਿਰਗੁਣ ਮੇਲਾ, ਹਰਿ ਜੂ ਹਰਿ ਹਰਿ ਆਪ ਕਰਾਈਆ। ਆਪੇ ਗੁਰੂ ਆਪੇ ਚੇਲਾ, ਚੇਲਾ ਗੁਰ ਆਪ ਅਖਵਾਈਆ। ਏਥੇ ਓਥੇ ਸੱਜਣ ਸੁਹੇਲਾ, ਸਗਲਾ ਸੰਗ ਰਖਾਈਆ। ਨਵ ਨੌਂ ਚਾਰ ਚੌਕੜੀ ਅੰਤਮ ਵੇਲਾ, ਥਿਤ ਵਾਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਤਾਰਾ, ਕਲਜੁਗ ਅੰਤ ਅੰਤ ਕਰਾਇੰਦਾ। ਨਾਉਂ ਨਿਹਕਲੰਕ ਨਰਾਇਣ ਨਰ ਅਵਤਾਰਾ, ਲੋਕਮਾਤ ਫੇਰਾ ਪਾਇੰਦਾ। ਜੂਠ ਝੂਠ ਕਰਾਏ ਪਾਰ ਕਿਨਾਰਾ, ਹਉਮੇਂ ਹੰਗਤਾ ਗੜ੍ਹ ਤੁੜਾਇੰਦਾ। ਸ੍ਰਿਸ਼ਟ ਸਬਾਈ ਦਏ ਆਧਾਰਾ, ਲੱਖ ਚੁਰਾਸੀ ਏਕਾ ਓਟ ਜਣਾਇੰਦਾ। ਚਾਰ ਵਰਨਾਂ ਕਰੇ ਪਾਰ ਕਿਨਾਰਾ, ਆਤਮ ਬ੍ਰਹਮ ਸਰਬ ਸਮਝਾਇੰਦਾ। ਸ਼ਬਦ ਅਨਾਦ ਬੋਲ ਜੈਕਾਰਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਘਰ ਘਰ ਵਿਚ ਆਪ ਵਖਾਇੰਦਾ। ਦੀਆ ਬਾਤੀ ਇਕ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਸ਼ਬਦ ਅਗੰੰਮੀ ਸਚ ਧੁਨਕਾਰਾ, ਧੁਨ ਆਤਮਕ ਰਾਗ ਅਲਾਇੰਦਾ। ਵੱਜਦੀ ਰਹੇ ਇਕ ਸਿਤਾਰਾ, ਤੰਦੀ ਤੰਦ ਨਾ ਕੋਇ ਰਖਾਇੰਦਾ। ਆਪੇ ਗਾਵਤ ਗਾਵਣਹਾਰਾ, ਸੁਨਣਹਾਰ ਆਪ ਹੋ ਜਾਇੰਦਾ। ਆਪੇ ਵੇਖੇ ਵੇਖਣਹਾਰਾ, ਆਪਣਾ ਮੰਦਰ ਆਪ ਸੁਹਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਆਪ ਕਰਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰਾ, ਹਕ ਹਕ਼ੀਕ਼ਤ ਇਕ ਵਖਾਇੰਦਾ। ਲਾਸ਼ਰੀਕ ਪਰਵਰਦਿਗਾਰਾ, ਆਪਣਾ ਪੜਦਾ ਆਪ ਉਠਾਇੰਦਾ। ਸੀਤਾ ਸੁਰਤੀ ਰਾਮ ਪਿਆਰਾ, ਰਹਿਮਤ ਆਪਣੀ ਆਪ ਕਮਾਇੰਦਾ। ਨਾਮ ਬੰਸਰੀ ਇਕ ਜੈਕਾਰਾ, ਕਾਹਨਾ ਕ੍ਰਿਸ਼ਨਾ ਨਾਦ ਸੁਣਾਇੰਦਾ। ਨਾਮ ਸਤਿ ਵਣਜ ਵਪਾਰਾ, ਸਤਿ ਸਤਿਵਾਦੀ ਵੰਡ ਵੰਡਾਇੰਦਾ। ਫਤਹਿ ਡੰਕਾ ਵਿਚ ਸੰਸਾਰਾ, ਵਾਹਵਾ ਸਤਿਗੁਰ ਆਪ ਵਜਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਵੇਖਣਹਾਰਾ, ਸੱਤਾਂ ਦੀਪਾਂ ਫੇਰਾ ਪਾਇੰਦਾ। ਲੱਖ ਚੁਰਾਸੀ ਖੋਲ੍ਹਣਹਾਰਾ ਬੰਦ ਕਿਵਾੜਾ, ਘਰ ਘਰ ਆਪਣੀ ਤਾਕੀ ਲਾਹਿੰਦਾ। ਗੁਰਮੁਖ ਸਾਚੇ ਲਏ ਉਭਾਰਾ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਸਾਚੇ ਸੰਤਾਂ ਦਏ ਹੁਲਾਰਾ, ਨਾਮ ਹਲੂਣਾ ਇਕ ਲਗਾਇੰਦਾ। ਸਾਚੇ ਭਗਤਾਂ ਲਗਾਏ ਇਕ ਅਖਾੜਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਮੇਲ ਮਿਲਾਵਾ ਸੁਤ ਦੁਲਾਰਾ, ਜੋਤੀ ਜੋਤ ਬੰਧਨ ਪਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਆਪਣਾ ਹੁਕਮ ਆਪ ਸੁਣਾਇੰਦਾ। ਰਾਜ ਭੂਪ ਬਣ ਸਿਕਦਾਰਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਜੁਗ ਚੌਕੜੀ ਖੇਲ ਕਰਦਾ ਰਿਹਾ ਵਾਰੋ ਵਾਰਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਪਤਿਪਰਮੇਸ਼ਵਰ ਦੋਏ ਜੋੜ ਕਰ ਕਰ ਗਏ ਨਿਮਸਕਾਰਾ, ਸੀਸ ਜਗਦੀਸ ਸਰਬ ਝੁਕਾਇੰਦਾ। ਅੰਤਰ ਆਤਮ ਪਰਮਾਤਮ ਅੱਗੇ ਮੰਗਦੇ ਰਹੇ ਬਣ ਭਿਖਾਰਾ, ਖਾਲੀ ਝੋਲੀ ਸਰਬ ਵਖਾਇੰਦਾ। ਕਿਰਪਾਨਿਧ ਠਾਕਰ ਸੁਆਮੀ ਦੇਵੇ ਵਸਤ ਦੇਵਣਹਾਰਾ, ਨਾਮ ਅਮੋਲਕ ਆਪ ਵਰਤਾਇੰਦਾ। ਰਸਨਾ ਜਿਹਵਾ ਬੋਲ ਜੈਕਾਰਾ, ਅੱਖਰ ਅੱਖਰ ਬਣ ਲਿਖਾਰਾ, ਚਾਰ ਜੁਗ ਦੀ ਜੁਗਤੀ ਧਾਰਾ, ਜੀਵਣ ਜੁਗਤ ਸਰਬ ਸਮਝਾਇੰਦਾ। ਪੜ੍ਹ ਪੜ੍ਹ ਲੇਖਾ ਅਗੰਮ ਅਪਾਰਾ, ਰਸਨਾ ਜਿਹਵਾ ਗਾਏ ਵਾਰਾ, ਬੱਤੀ ਦੰਦ ਮੁੱਖ ਸਾਲਾਹਿੰਦਾ। ਏਕੋ ਓਟ ਏਕੰਕਾਰਾ, ਇਕੋ ਚੋਟ ਸ਼ਬਦ ਨਗਾਰਾ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਇਕ ਇਕੱਲਾ ਆਪ ਲਗਾਇੰਦਾ। ਕਲਜੁਗ ਅੰਤਮ ਵੇਖੇ ਵੇਖਣਹਾਰਾ, ਗੁਰ ਸ਼ਬਦ ਮੇਲ ਮਿਲਾਏ ਵਿਚ ਸੰਸਾਰਾ, ਜੋਤੀ ਨੂਰ ਨੂਰ ਚਮਤਕਾਰਾ, ਅੰਧ ਅੰਧੇਰ ਅੰਧੇਰ ਮਿਟਾਇੰਦਾ। ਰਾਗੀ ਨਾਦੀ ਵੱਸੇ ਬਾਹਰਾ, ਧਰਤ ਧਵਲ ਨਾ ਕੋਇ ਮੁਨਾਰਾ, ਕਿਸੇ ਹੱਥ ਨਾ ਆਏ ਮੰਦਰ ਮਸਜਦ ਗੁਰੂਦੁਆਰਾ, ਘਟ ਘਟ ਆਪਣਾ ਡੇਰਾ ਲਾਈਆ। ਚਾਰ ਜੁਗ ਦਾ ਬਣ ਵਣਜਾਰਾ, ਨਿਰਗੁਣ ਸਰਗੁਣ ਕਰਦਾ ਆਇਆ ਉਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੁਰ ਸ਼ਬਦੀ ਆਪਣਾ ਰੰਗ ਰੰਗਾਈਆ। ਜੋਤੀ ਸ਼ਬਦੀ ਏਕਾ ਧਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਨਵ ਨੌਂ ਚਾਰ ਉਤਰਿਆ ਪਾਰ, ਅਗਲਾ ਮਾਰਗ ਆਪਣੇ ਹੱਥ ਰਖਾਈਆ। ਪਿਛਲਾ ਲਹਿਣਾ ਕਰਜ਼ ਉਤਾਰ, ਅੱਗੇ ਏਕਾ ਹੁਕਮ ਵਰਤਾਈਆ। ਆਤਮ ਬ੍ਰਹਮ ਸਰਬ ਪਸਾਰ, ਈਸ਼ ਜੀਵ ਜੀਵ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਇਕ ਅਖਵਾਈਆ। ਸਚਖੰਡ ਵਸੇ ਧਾਮ ਨਿਆਰ, ਸਚ ਮਹੱਲੇ ਸੋਭਾ ਪਾਈਆ। ਨਿਰਗੁਣ ਨੂਰ ਨੂਰ ਉਜਿਆਰ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਸ਼ਬਦੀ ਸੁਤ ਸੁਤ ਬਲਕਾਰ, ਆਦਿ ਜੁਗਾਦੀ ਆਪ ਪਰਗਟਾਈਆ। ਜੁਗ ਚੌਕੜੀ ਦੇ ਸਹਾਰ, ਸਰਗੁਣ ਆਪਣੀ ਧਾਰ ਵਖਾਈਆ। ਕਲਜੁਗ ਅੰਤਮ ਖੇਲ ਕਰੇ ਅਪਾਰ, ਆਪ ਆਪਣਾ ਬਲ ਧਰਾਈਆ। ਸ਼ਬਦ ਦੁਲਾਰਾ ਲਏ ਉਠਾਲ, ਸਿਰ ਆਪਣਾ ਹੱਥ ਟਿਕਾਈਆ। ਨਿਰਗੁਣ ਜੋਤ ਦੀਪਕ ਆਪੇ ਬਾਲ, ਘਰ ਮੰਦਰ ਕਰੇ ਰੁਸ਼ਨਾਈਆ। ਕਿਰਪਾਨਿਧ ਦੀਨ ਦਿਆਲ, ਅਚਰਜ ਖੇਲ ਆਪ ਕਰਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਕਰਦੇ ਰਹੇ ਭਾਲ, ਸੋ ਪੁਰਖ ਨਿਰੰਜਣ ਆਪਣਾ ਫੇਰਾ ਪਾਈਆ। ਲੇਖਾ ਜਾਣੇ ਗੋਬਿੰਦ ਲਾਲ, ਲਾਲਨ ਭੁੱਲ ਕਦੇ ਨਾ ਜਾਈਆ। ਅੰਤਮ ਆਪਣਾ ਹੱਲ ਕਰੇ ਆਪ ਸਵਾਲ, ਚਾਰ ਜੁਗ ਲਿਖ ਲਿਖ ਪੱਟੀ ਗਏ ਪੜ੍ਹਾਈਆ। ਹੁਕਮੇ ਅੰਦਰ ਕਾਲ ਮਹਾਂਕਾਲ, ਤ੍ਰੈਕਾਲ ਦਰਸੀ ਆਪਣੀ ਖੇਲ ਕਰਾਈਆ। ਆਪਣੀ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਈਆ। ਜਨ ਭਗਤਾਂ ਮਾਰਗ ਦੱਸੇ ਸੁਖਾਲ, ਨਿਰਗੁਣ ਆਪਣੀ ਬੂਝ ਬੁਝਾਈਆ। ਕਾਇਆ ਮੰਦਰ ਸੱਚੀ ਧਰਮਸਾਲ, ਗੁਰ ਸ਼ਬਦੀ ਸੇਵ ਕਮਾਈਆ। ਸੁਰਤ ਸੁਵਾਣੀ ਨਾ ਹੋਏ ਬੇਹਾਲ, ਗੁਰ ਗੁਰ ਏਕਾ ਕੰਤ ਮਨਾਈਆ। ਸਤਿਗੁਰ ਸਾਹਿਬ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਲੇਖਾ ਜਾਣ ਸ਼ਾਹ ਕੰਗਾਲ, ਗੁਰਮੁਖ ਆਪਣੇ ਸੰਗ ਮਿਲਾਈਆ। ਸ਼ਬਦ ਵਿਚੋਲਾ ਬਣ ਦਲਾਲ, ਪੁਰਖ ਅਕਾਲ ਪੱਲੂ ਦਏ ਫੜਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਵੱਡਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਮੇਲਾ ਸਹਿਜ ਸੁਭਾਈਆ। ਸ਼ਬਦ ਗੁਰ ਜੋਤੀ ਧਾਰ, ਜੋਤੀ ਜਾਤਾ ਆਪ ਬਣਾਇੰਦਾ। ਏਕਾ ਮੰਦਰ ਕਰ ਪਿਆਰ, ਏਕਾ ਘਰ ਸੋਭਾ ਪਾਇੰਦਾ। ਏਕਾ ਹੁਕਮ ਸਤਿ ਵਰਤਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਏਕਾ ਨਾਮ ਸ਼ਬਦ ਜੈਕਾਰ, ਜੈ ਜੈਕਾਰਾ ਆਪ ਅਲਾਇੰਦਾ। ਏਕਾ ਵਿਸ਼ਨ ਬ੍ਰਹਮਾ ਸ਼ਿਵ ਦਏ ਪਿਆਰ, ਸਿਰ ਆਪਣਾ ਹੱਥ ਟਿਕਾਇੰਦਾ। ਏਕਾ ਜੁਗ ਚੌਕੜੀ ਹੋਏ ਉਜਿਆਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਏਕਾ ਸੇਵਾ ਲਾਏ ਗੁਰ ਅਵਤਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਏਕਾ ਸ਼ਾਸਤਰ ਸਿਮਰਤ ਵੇਦ ਪੁਰਾਨ ਬੋਲੇ ਜੈਕਾਰ, ਜੈ ਜੈਕਾਰ ਆਪਣੇ ਨਾਉਂ ਕਰਾਇੰਦਾ। ਏਕਾ ਲੱਖ ਚੁਰਾਸੀ ਕਰੇ ਪਸਾਰ, ਤ੍ਰੈਗੁਣ ਆਪਣਾ ਬੰਧਨ ਪਾਇੰਦਾ। ਏਕਾ ਪੰਜ ਤੱਤ ਘੜੇ ਘਾੜ, ਘੜਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਖੇਲ ਆਪ ਸਮਝਾਇੰਦਾ। ਸ਼ਬਦੀ ਖੇਲ ਹਰਿ ਜੂ ਅੰਤ, ਏਕਾ ਏਕ ਜਣਾਈਆ। ਵੇਸ ਵਟਾਏ ਸ੍ਰੀ ਭਗਵੰਤ, ਨੂਰ ਨੁਰਾਨਾ ਕਰ ਰੁਸ਼ਨਾਈਆ। ਤੇਰੀ ਮਹਿਮਾ ਜਣਾਏ ਅਗਣਤ, ਬੇਅੰਤ ਵਡ ਵਡਿਆਈਆ । ਪਕੜ ਉਠਾਏ ਸਾਚੇ ਸੰਤ, ਸੰਤ ਸੁਹੇਲਾ ਸੱਚਾ ਮਾਹੀਆ। ਦੇਵੇ ਵਡਿਆਈ ਵਿਚੋਂ ਜੀਵ ਜੰਤ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਆਪ ਵਰਤਾਈਆ। ਏਕਾ ਵਸਤ ਦੇਵੇ ਨਿਰੰਕਾਰ, ਸ਼ਬਦੀ ਸ਼ਬਦ ਜਣਾਇੰਦਾ। ਕਲਜੁਗ ਅੰਤਮ ਆਏ ਵਾਰ, ਪਿਛਲੀ ਵਾਰਤਾ ਸਰਬ ਮੁਕਾਇੰਦਾ। ਤੇਰਾ ਮੇਰਾ ਹੋਏ ਪਿਆਰ, ਦੂਜਾ ਵਿਚ ਨਾ ਕੋਇ ਰਖਾਇੰਦਾ। ਤੇਰਾ ਮੇਰਾ ਨਾਉਂ ਹੋਏ ਉਜਿਆਰ, ਦੂਜਾ ਡੰਕ ਨਾ ਕੋਇ ਵਜਾਇੰਦਾ। ਤੇਰਾ ਮੇਰਾ ਵਸੇ ਘਰ ਬਾਹਰ, ਸਚ ਘਰਾਨਾ ਇਕ ਬਣਾਇੰਦਾ। ਤੇਰਾ ਮੇਰਾ ਲੱਗੇ ਦਰਬਾਰ, ਦਰਬਾਨ ਦਰਵੇਸ ਦੂਜਾ ਨਜ਼ਰ ਕੋਇ ਨਾ ਆਇੰਦਾ। ਤੇਰਾ ਮੇਰਾ ਹੋਏ ਅਧਾਰ, ਸਚ ਅਧਾਰਤਾ ਇਕ ਵਖਾਇੰਦਾ। ਤੇਰਾ ਮੇਰਾ ਸਚ ਸ਼ਿੰਗਾਰ, ਦੂਜੀ ਇਛਿਆ ਨਾ ਕੋਇ ਵਧਾਇੰਦਾ। ਤੇਰਾ ਮੇਰਾ ਇਕ ਪਸਾਰ, ਬਣ ਪਸਾਰੀ ਖੇਲ ਕਰਾਇੰਦਾ। ਤੇਰਾ ਮੇਰਾ ਇਕ ਵਿਹਾਰ, ਬਿਵਹਾਰੀ ਆਪਣੀ ਧਾਰ ਚਲਾਇੰਦਾ। ਤੇਰਾ ਮੇਰਾ ਇਕ ਜੈਕਾਰ, ਜੈ ਜੈਕਾਰ ਹਰਿ ਜਣਾਇੰਦਾ। ਮੇਰਾ ਨਾਉਂ ਪੁਰਖ ਅਗੰਮ ਅਪਾਰ, ਮੇਰੀ ਸੋ ਕੋਇ ਨਾ ਪਾਇੰਦਾ। ਤੂੰ ਸ਼ਬਦੀ ਮੇਰਾ ਸੁਤ ਦੁਲਾਰ, ਜਨ ਜਨਨੀ ਮੈਂ ਅਖਵਾਇੰਦਾ। ਤੇਰਾ ਘਾੜਨ ਘੜਿਆ ਅਪਰ ਅਪਾਰ, ਘੜ ਆਪੇ ਵੇਖ ਵਖਾਇੰਦਾ। ਤੇਰਾ ਮਹੱਲ ਅਟੱਲ ਮੁਨਾਰ, ਥਿਰ ਘਰ ਸਾਚਾ ਆਪ ਬਣਾਇੰਦਾ। ਆਪਣੇ ਵਿਚੋਂ ਕੱਢੀ ਤੇਰੀ ਧਾਰ, ਧਾਰ ਧਾਰ ਵਿਚੋਂ ਉਪਾਇੰਦਾ। ਰੰਗ ਚਾੜ੍ਹ ਅਪਰ ਅਪਾਰ, ਰੰਗਤ ਤੇਰੀ ਇਕ ਵਖਾਇੰਦਾ। ਆਪਣਾ ਰੰਗ ਕਰ ਤਿਆਰ, ਮਰਦੰਗ ਹੱਥ ਫੜਾਇੰਦਾ। ਆਪਣਾ ਅਨੰਦ ਅਪਰ ਅਪਾਰ, ਤੇਰੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁਰਖ ਅਕਾਲ ਏਕਾ ਨਰ, ਸ਼ਬਦੀ ਸੁਤ ਅੱਗੇ ਧਰ, ਨਿਰਗੁਣ ਨਿਰਗੁਣ ਆਪਣਾ ਭੇਵ ਆਪ ਚੁਕਾਇੰਦਾ। ਸੋ ਪੁਰਖ ਨਿਰੰਜਣ ਨਿਰਗੁਣ ਧਾਰ, ਨਿਰਾਕਾਰ ਆਪ ਜਣਾਈਆ। ਸਚਖੰਡ ਦੁਆਰੇ ਕਰ ਉਜਿਆਰ, ਨੂਰ ਨੂਰਾਨਾ ਡਗਮਗਾਈਆ। ਥਿਰ ਘਰ ਖੋਲ੍ਹ ਆਪ ਕਿਵਾੜ, ਸ਼ਬਦ ਦੁਲਾਰਾ ਇਕ ਬਹਾਈਆ। ਕਰੇ ਖੇਲ ਅਪਰ ਅਪਾਰ, ਜੁਗ ਚੌਕੜੀ ਭੇਵ ਕੋਇ ਨਾ ਪਾਈਆ। ਕਲਜੁਗ ਆਏ ਅੰਤਮ ਵਾਰ, ਦਇਆਵਾਨ ਆਪਣੀ ਦਇਆ ਕਮਾਈਆ। ਲੋਕਮਾਤ ਮਹੱਲ ਉਸਾਰ, ਸਾਢੇ ਤਿੰਨ ਹੱਥ ਬਣਤ ਬਣਾਈਆ। ਗੁਰ ਚੇਲਾ ਵਸੇ ਇਕ ਦੁਆਰ, ਘਰ ਸਾਚੇ ਵੱਜੇ ਵਧਾਈਆ। ਪੁਰਖ ਅਕਾਲ ਕਰੇ ਪਿਆਰ, ਗੋਬਿੰਦ ਸ਼ਬਦੀ ਮੇਲ ਮਿਲਾਈਆ। ਸਾਚਾ ਢੋਲਾ ਵਿਚ ਸੰਸਾਰ, ਬਣ ਵਿਚੋਲਾ ਆਪ ਸੁਣਾਈਆ। ਪੜਦਾ ਉਹਲਾ ਦਏ ਉਤਾਰ, ਮੁਖ ਘੁੰਗਟ ਨਾ ਕੋਇ ਰਖਾਈਆ। ਨਿਰਗੁਣ ਚੋਲਾ ਬਦਲੇ ਆਪ ਨਿਰੰਕਾਰ, ਪੰਜ ਤੱਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਸ਼ਬਦੀ ਸ਼ਬਦੀ ਜੋਤ ਆਪਣਾ ਰੰਗ ਵਟਾਈਆ। ਸੋ ਪੁਰਖ ਨਿਰੰਜਣ ਅੰਤਮ ਧਾਰ, ਆਪਣੀ ਆਪ ਜਣਾਇੰਦਾ। ਸ਼ਬਦੀ ਸੁਤ ਕਰ ਪਿਆਰ, ਨੂਰ ਨੂਰ ਵੰਡ ਵੰਡਾਇੰਦਾ। ਚਾਰ ਜੁਗ ਕਿਸੇ ਨਾ ਪਾਈ ਸਾਰ, ਹਰਿ ਕਾ ਭੇਵ ਨਾ ਕੋਇ ਖੁਲ੍ਹਾਇੰਦਾ। ਸੋਹੰ ਰੂਪ ਆਪ ਨਿਰੰਕਾਰ, ਪਿਤਾ ਪੂਤ ਵੰਡ ਵੰਡਾਇੰਦਾ। ਸੋ ਰੂਪ ਪੁਰਖ ਅਕਾਲ, ਹੰ ਸ਼ਬਦੀ ਗੋਦ ਸੁਹਾਇੰਦਾ। ਕਲਜੁਗ ਅੰਤਮ ਮੇਲਾ ਵਿਚ ਸੰਸਾਰ, ਸਾਚੇ ਘਰ ਆਪ ਕਰਾਇੰਦਾ। ਨੇਤਰ ਨੈਣ ਨਾ ਕੋਈ ਵੇਖੇ ਪਾਵੇ ਸਾਰ, ਰੂਪ ਰੰਗ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਤ ਮੇਲ ਮਿਲਾਵਾ, ਹਰਿ ਜੂ ਹਰਿ ਹਰਿ ਆਪ ਜਣਾਈਆ। ਕਲਜੁਗ ਅੰਤਮ ਰੱਖਣਾ ਦਾਅਵਾ, ਏਕਾ ਓਟ ਰਖਾਈਆ। ਨਿਰਗੁਣ ਪਕੜੇ ਤੇਰੀਆਂ ਬਾਹਵਾਂ, ਆਪਣੀ ਗੋਦ ਸੁਹਾਈਆ। ਸਦਾ ਸੁਹੇਲਾ ਦੇਵੇ ਠੰਡੀਆਂ ਛਾਂਵਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਧਾਰ ਆਪ ਵਹਾਈਆ। ਸ਼ਬਦੀ ਧਾਰ ਸੋਹੰ ਰੂਪ, ਜੋਤੀ ਨੂਰ ਦਰਸਾਇੰਦਾ। ਆਪੇ ਜਾਣੇ ਹਰਿ ਜੂ ਭੂਪ, ਦੂਸਰ ਭੇਵ ਕੋਇ ਨਾ ਪਾਇੰਦਾ। ਲੇਖਾ ਲਿਖੇ ਪੂਤ ਸਪੂਤ, ਪਿਤਾ ਪੂਤ ਖੇਲ ਖਿਲਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਵੰਡ ਵੰਡਾਇੰਦਾ। ਆਤਮ ਪਰਮਾਤਮ ਤਾਣਾ ਪੇਟਾ ਇਕੋ ਸੂਤ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਮੇਲਾ ਆਪ ਮਿਲਾਇੰਦਾ। ਹੰ ਬ੍ਰਹਮ ਮੇਲਣਹਾਰਾ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਸ਼ਬਦੀ ਸ਼ਬਦ ਬਣ ਵਣਜਾਰਾ, ਹਰਿ ਹਰਿ ਆਪਣਾ ਹੱਟ ਚਲਾਈਆ। ਖੇਲੇ ਖੇਲ ਅਗੰਮ ਅਪਾਰਾ, ਆਪਣਾ ਪੜਦਾ ਆਪ ਉਠਾਈਆ। ਕਲਜੁਗ ਅੰਤ ਕਰੇ ਸਚ ਵਿਹਾਰਾ, ਬਿਵਹਾਰੀ ਆਪਣੀ ਕਾਰ ਕਮਾਈਆ। ਸਾਚੇ ਭਗਤਾਂ ਦਏ ਹੁਲਾਰਾ, ਨਾਮ ਧੱਕਾ ਏਕਾ ਲਾਈਆ। ਨੇਤਰ ਨੈਣ ਇਕ ਉਘਾੜਾ, ਆਲਸ ਨਿੰਦਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੂਪ ਆਪ ਸਮਝਾਈਆ। ਭਗਤ ਭਗਵਾਨ ਏਕਾ ਰੰਗ, ਹਰਿ ਹਰਿ ਆਪਣਾ ਭੇਵ ਖੁਲ੍ਹਾਇੰਦਾ। ਸੰਤ ਸਾਜਨ ਮੰਗੇ ਮੰਗ, ਵਸਤ ਅਮੋਲਕ ਝੋਲੀ ਪਾਇੰਦਾ। ਗੁਰਮੁਖ ਦੁਆਰਾ ਵੇਖੇ ਲੰਘ, ਆਪਣਾ ਪੰਧ ਮੁਕਾਇੰਦਾ। ਗੁਰਸਿਖ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਜਣਾਇੰਦਾ। ਜਗਤ ਵਿਕਾਰਾ ਖੰਡ ਖੰਡ, ਨਾਮ ਖੰਡਾ ਇਕ ਚਮਕਾਇੰਦਾ। ਜਨਮ ਜਨਮ ਦੀ ਟੁੱਟੀ ਗੰਢ, ਹਰਿ ਸਤਿਗੁਰ ਆਪਣੀ ਗੰਢ ਪੁਵਾਇੰਦਾ। ਮਾਨਸ ਜਨਮ ਦੇਵੇ ਠੰਡ, ਅਗਨੀ ਤੱਤ ਨਾ ਕੋਇ ਜਲਾਇੰਦਾ। ਗੁਰਸਿਖ ਨਾਰ ਸਦਾ ਸੁਹਾਗਣ ਲੋਕਮਾਤ ਨਾ ਹੋਏ ਰੰਡ, ਜਗਤ ਰੰਡੇਪਾ ਆਪ ਮੁਕਾਇੰਦਾ। ਭਗਤ ਭਗਵੰਤ ਨਾ ਦੇਵੇ ਕੰਡ, ਕਰਵਟ ਆਪਣੀ ਨਾ ਕਦੇ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਸ਼ਬਦ ਮੇਲ ਮਿਲਾਇੰਦਾ। ਸ਼ਬਦੀ ਜੋਤੀ ਏਕਾ ਰਾਸ, ਏਕਾ ਘਰ ਵੱਜੇ ਵਧਾਈਆ। ਏਕਾ ਨੂਰ ਇਕ ਪਰਕਾਸ਼, ਏਕਾ ਦੀਪਕ ਰਿਹਾ ਜਗਾਈਆ। ਏਕਾ ਖੇਲ ਇਕ ਤਮਾਸ਼, ਏਕਾ ਖ਼ਾਲਕ ਖ਼ਲਕ ਰਿਹਾ ਵਖਾਈਆ। ਏਕਾ ਭਗਤਾਂ ਕਰੇ ਪੂਰੀ ਆਸ, ਜੁਗ ਜੁਗ ਆਪਣਾ ਵੇਸ ਵਟਾਈਆ। ਏਕਾ ਨਿਰਗੁਣ ਸਰਗੁਣ ਵਸੇ ਪਾਸ, ਆਪਣਾ ਪੜਦਾ ਆਪੇ ਲਾਹੀਆ। ਕਲਜੁਗ ਅੰਤਮ ਗੁਰਮੁਖਾਂ ਕਰੇ ਬੰਦ ਖੁਲਾਸ, ਬੰਦੀਖਾਨਾ ਦਏ ਤੁੜਾਈਆ। ਮਾਤ ਗਰਭ ਨਾ ਫੇਰਾ ਪਾਏ ਦਸ ਦਸ ਮਾਸ, ਉਲਟਾ ਬਿਰਖ ਨਾ ਰੂਪ ਵਟਾਈਆ। ਲੇਖੇ ਲੱਗੇ ਰਸਨ ਸਵਾਸ, ਜੋ ਜਨ ਰਸਨਾ ਹਰਿ ਗੁਣ ਗਾਈਆ। ਜਨਮ ਜਨਮ ਦੀ ਬੁਝਾਏ ਪਿਆਸ, ਅੰਮ੍ਰਿਤ ਮੇਘ ਇਕ ਬਰਸਾਈਆ। ਕਾਇਆ ਕਰੇ ਸਾਂਤਕ ਸਾਂਤ, ਸਤਿ ਸਤਿ ਆਪਣਾ ਨੂਰ ਸਮਾਈਆ। ਪੰਚ ਵਿਕਾਰਾ ਪਾਸ਼ ਪਾਸ਼, ਖੰਡਾ ਖੜਗ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਆਪ ਤਰਾਈਆ। ਗੁਰਮੁਖ ਸਾਚਾ ਤਰੇ ਜਗ, ਸਤਿਗੁਰ ਪੂਰਾ ਆਪ ਤਰਾਇੰਦਾ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਆਪ ਚੜ੍ਹਾਏ ਸਚ ਜਹਾਜ਼, ਸਾਚਾ ਬੇੜਾ ਆਪ ਭਰਾਇੰਦਾ। ਵੇਲੇ ਅੰਤਮ ਰੱਖੇ ਲਾਜ, ਸਵੱਛ ਸਰੂਪੀ ਦਰਸ ਦਿਖਾਇੰਦਾ। ਗੁਰਸਿਖ ਤੇਰਾ ਰਚ ਰਚ ਕਾਜ, ਹਰਿ ਜੂ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਵਾ ਸਾਚੇ ਘਰ, ਗੁਰ ਸ਼ਬਦੀ ਦਇਆ ਕਮਾਇੰਦਾ। ਸ਼ਬਦ ਗੁਰ ਸਾਚਾ ਮੀਤਾ, ਪੁਰਖ ਅਕਾਲ ਜੋਤ ਰੁਸ਼ਨਾਈਆ। ਆਦਿ ਜੁਗਾਦਿ ਜਾਣੇ ਆਪਣੀ ਰੀਤਾ, ਜੁਗ ਜੁਗ ਆਪਣਾ ਖੇਲ ਕਰਾਈਆ। ਕਲਜੁਗ ਅੰਤਮ ਖੇਲ ਕਰੇ ਅਨਡੀਠਾ, ਦਿਸ ਕਿਸੇ ਨਾ ਆਈਆ। ਭੰਨਣਹਾਰਾ ਕੌੜਾ ਰੀਠਾ, ਕੂੜੀ ਕਿਰਿਆ ਦਏ ਮਿਟਾਈਆ। ਗੁਰਮੁਖਾਂ ਬਣੇ ਸਾਚਾ ਮੀਤਾ, ਮਿੱਤਰ ਪਿਆਰਾ ਨਾਉਂ ਧਰਾਈਆ। ਮੇਟ ਮਿਟਾਏ ਲਹਿਣਾ ਦੇਣਾ ਹਸਤ ਕੀਟਾ, ਊਚ ਨੀਚ ਨਾ ਕੋਇ ਵਖਾਈਆ। ਗੁਰਮੁਖ ਵਿਰਲੇ ਵਸਿਆ ਚੀਤਾ, ਚੇਤਨ ਆਪਣੀ ਬੂਝ ਬੁਝਾਈਆ। ਲੱਖ ਚੁਰਾਸੀ ਪਰਖੇ ਨੀਤਾ, ਨੀਤੀਵਾਨ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਆਪ ਉਠਾਈਆ। ਗੁਰਮੁਖ ਵਿਰਲਾ ਜਾਏ ਉਠ, ਜਿਸ ਜਨ ਸਤਿਗੁਰ ਦਇਆ ਕਮਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਰਸੀਆਂ ਰਸ ਵਖਾਈਆ। ਨਿਰਮਲ ਨੂਰ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਈਆ। ਨਿਜ ਆਤਮ ਕਰ ਕਰ ਵਾਸ, ਆਪਣਾ ਭੇਵ ਖੁਲ੍ਹਾਈਆ। ਸਦਾ ਸੁਹੇਲਾ ਵਸੇ ਪਾਸ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪਣਾ ਸੰਗ ਨਿਭਾਈਆ। ਗੁਰਮੁਖ ਨਿਭਾਏ ਤੇਰਾ ਸੰਗ, ਹਰਿ ਮਿਹਰਵਾਨ ਮਿਹਰਵਾਨਾ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਭੁੱਖ ਨੰਗ, ਹਰਿ ਕਾ ਨਾਮ ਦੇਵੇ ਨਾ ਕੋਈ ਦਾਨਾ। ਸਾਧਾ ਸੰਤਾਂ ਨੰਗੀ ਹੋਈ ਕੰਡ, ਘਰ ਮਿਲੇ ਨਾ ਸ੍ਰੀ ਭਗਵਾਨਾ। ਜੀਵਾਂ ਜੰਤਾਂ ਛੱਡਿਆ ਪਰਮਾਨੰਦ, ਜੂਠ ਝੂਠ ਰਸਨਾ ਗੁਣ ਵਖਾਨਾ। ਦੀਨ ਦਿਆਲ ਸਾਹਿਬ ਸਦਾ ਬਖ਼ਸ਼ੰਦ, ਗੁਰਮੁਖਾਂ ਬਖ਼ਸ਼ੇ ਏਕਾ ਚਰਨ ਧਿਆਨਾ। ਜਨਮ ਜੁਗ ਦੀ ਟੁੱਟੀ ਦੇਵੇ ਗੰਢ, ਕਿਰਪਾ ਕਰੇ ਗੁਣ ਨਿਧਾਨਾ। ਇਕ ਸੁਣਾਏ ਸੁਹਾਗੀ ਛੰਦ, ਸਤਿ ਪੁਰਖ ਨਿਰੰਜਣ ਧੁਰ ਫ਼ਰਮਾਣਾ। ਲੇਖੇ ਲੱਗੇ ਬੱਤੀ ਦੰਦ, ਜੋ ਜਨ ਰਸਨਾ ਗਾਏ ਗਾਣਾ। ਨਿਮਸਕਾਰ ਨਿਮਸਕਾਰ ਕਰਨ ਸੂਰਜ ਚੰਦ, ਵਿਸ਼ਨ ਬ੍ਰਹਮਾ ਸ਼ਿਵ ਕਰੇ ਧਿਆਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲੇ ਦੇਵੇ ਏਕਾ ਬ੍ਰਹਮ ਗਿਆਨਾ। ਏਕਾ ਬ੍ਰਹਮ ਗਿਆਨ ਦੇਵੇ ਗਿਆਨਤ, ਗਿਆਨ ਧਿਆਨ ਭੇਵ ਨਾ ਰਾਈਆ। ਪੁਰਖ ਅਬਿਨਾਸ਼ੀ ਆਤਮ ਪਰਮਾਤਮ ਦੇਵੇ ਸਚ ਪਛਾਨਤ, ਆਪਣੀ ਪਹਿਚਾਨ ਹੋਰ ਨਾ ਕਿਸੇ ਸਮਝਾਈਆ। ਏਕਾ ਨਾਮ ਦੇਵੇ ਸਚ ਅਮਾਨਤ, ਵੇਲੇ ਅੰਤ ਆਪਣੇ ਖਾਤੇ ਲਏ ਪਾਈਆ। ਸ਼ਬਦ ਵਿਚੋਲਾ ਬਣ ਬਣ ਦਏ ਜਮਾਨਤ, ਸਾਚੀ ਜਾਮਨੀ ਆਪ ਰਖਾਈਆ। ਆਦਿ ਪੁਰਖ ਪੁਰਖ ਅਬਿਨਾਸ਼ਾ ਸਹੀ ਸਲਾਮਤ, ਸਾਚੀ ਸਿਖਿਆ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਕਰੇ ਪੜ੍ਹਾਈਆ। ਹਰਿਜਨ ਪੜ੍ਹਨਾ ਇਕੋ ਅੱਖਰ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਬਜਰ ਕਪਾਟੀ ਤੋੜੇ ਪੱਥਰ, ਹੰ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਪੰਚ ਵਿਕਾਰਾ ਲਾਹੇ ਸੱਥਰ, ਸੀਸ ਫੇਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਇੰਦਾ। ਗੁਰਮੁਖ ਤਰੇ ਤਰੇ ਵਿਚ ਸੰਸਾਰ, ਤਾਰਨਹਾਰਾ ਸਤਿਗੁਰ ਇਕ ਅਖਵਾਈਆ। ਕਲਜੁਗ ਅੰਤ ਸੁਣ ਪੁਕਾਰ, ਬੇਅੰਤ ਫੇਰਾ ਪਾਈਆ। ਸਾਧ ਸੰਤ ਗਏ ਹਾਰ, ਹਰਿ ਕਾ ਪੱਲੂ ਨਾ ਕੋਇ ਫੜਾਈਆ। ਘਰ ਘਰ ਕਰਨ ਝੂਠ ਵਿਭਚਾਰ, ਸਤਿ ਸਤਿ ਨਾ ਕੋਇ ਵਡਿਆਈਆ। ਗੁਰ ਅਵਤਾਰ ਕਰਨ ਪੁਕਾਰ, ਪ੍ਰਭ ਅੱਗੇ ਝੋਲੀ ਡਾਹੀਆ। ਨੌਂ ਖੰਡ ਪ੍ਰਿਥਮੀ ਹਾਹਾਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਫੇਰਾ ਆਪੇ ਪਾਈਆ। ਕਲਜੁਗ ਅੰਤਮ ਪਾਏ ਫੇਰਾ, ਮਹਾਂਬਲੀ ਹਰਿ ਬਲਵਾਨਾ। ਮੇਟਣਹਾਰਾ ਅੰਧ ਅੰਧੇਰਾ, ਨਿਰਗੁਣ ਨਿਰਗੁਣ ਕਰੇ ਖੇਲ ਮਹਾਨਾ। ਗੁਰਮੁਖ ਮੇਲੇ ਨਾ ਲਾਏ ਦੇਰਾ, ਭੇਵ ਖੁਲ੍ਹਾਏ ਵਾਲੀ ਦੋ ਜਹਾਨਾਂ। ਸਤਿ ਪੁਰਖ ਨਿਰੰਜਣ ਹੋਏ ਦਲੇਰਾ, ਨਿਰਗੁਣ ਨੂਰ ਜੋਤ ਮਹਾਨਾ। ਏਕਾ ਨਾਉਂ ਨੌਂ ਖੰਡ ਪ੍ਰਿਥਮੀ ਪਾਏ ਘੇਰਾ, ਜੂਠ ਝੂਠ ਮਿਟੇ ਨਿਸ਼ਾਨਾ। ਗੁਰਸਿਖ ਲੇਖਾ ਚੁਕੇ ਤੇਰਾ ਮੇਰਾ ਮੇਰਾ ਤੇਰਾ, ਰਸਨਾ ਜਿਹਵਾ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ। ó ੧੭ ਚੇਤ ੨੦੧੯ ਬਿਕ੍ਰਮੀ ਮੰਗਲ ਸਿੰਘ, ਦਰਬਾਰਾ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ ó ਜੁਗ ਜੁਗ ਜੋ ਰਿਹਾ ਲੁਕਿਆ, ਲੁਕਣਹਾਰਾ ਆਪਣਾ ਪੜਦਾ ਲਾਹੀਆ। ਨਿਰਵੈਰ ਹੋ ਕੇ ਆਪੇ ਬੁੱਕਿਆ, ਨਾਉਂ ਨਿਰੰਕਾਰਾ ਡੰਕ ਵਜਾਈਆ। ਸੂਰਬੀਰ ਹੋ ਕੇ ਉਠਿਆ, ਬਲ ਆਪਣਾ ਆਪ ਧਰਾਈਆ। ਦੋ ਜਹਾਨਾਂ ਵੇਖੇ ਚਾਰ ਗੁਠਿਆ, ਨੌਂ ਖੰਡ ਪ੍ਰਿਥਮੀ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਰਾਜਾ ਇੰਦ ਸਾਧ ਸੰਤ ਗੁਰ ਅਵਤਾਰ ਕੋਇ ਨਾ ਰਹੇ ਸੁੱਤਿਆ, ਆਲਸ ਨਿੰਦਰਾ ਸਭ ਦਾ ਰਿਹਾ ਮੁਕਾਈਆ। ਕਰੇ ਖੇਲ ਅਬਿਨਾਸ਼ੀ ਅਚੁਤਿਆ, ਬੇਅੰਤ ਬੇਪਰਵਾਹੀਆ। ਕਲਜੁਗ ਆਪੇ ਜਾਣੇ ਆਪਣੀ ਰੁੱਤਿਆ, ਰੁੱਤ ਰੁੱਤੜੀ ਆਪੇ ਵੇਖ ਵਖਾਈਆ। ਕੋਟਨ ਕੋਟਾਂ ਵਿਚੋਂ ਗੁਰਮੁਖ ਵਿਰਲੇ ਆਪੇ ਪੁਛਿਆ, ਆਪਣਾ ਦੁਖੜਾ ਆਪ ਸੁਣਾਈਆ। ਅੰਤ ਮਿਲਣ ਦਾ ਵੇਲਾ ਢੁਕਿਆ, ਢੋਆ ਲੈ ਕੇ ਆਇਆ ਸੱਚਾ ਮਾਹੀਆ। ਨਿਰਗੁਣ ਬਣ ਬਣ ਲਾਗੀ ਕੱਟਦਾ ਫਿਰੇ ਬੁਤੀਆਂ, ਘਰ ਘਰ ਫੇਰਾ ਪਾਈਆ। ਪਹਿਲੋਂ ਰਵਦਾਸ ਚੁਮਾਰੇ ਕੋਲੋਂ ਗੰਢਵੌਂਦਾ ਰਿਹਾ ਜੁਤੀਆਂ, ਹੁਣ ਕੱਠਿਆਂ ਗੰਢ ਵਖਾਈਆ। ਆਪ ਉਠਾਏ ਰੂਹਾਂ ਸੁਤੀਆਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਲੁਕਵਾ ਖੇਲ ਪੁਰਖ ਅਬਿਨਾਸ਼ਾ, ਜੁਗ ਜੁਗ ਆਪ ਕਰਾਇੰਦਾ। ਸਰਗੁਣ ਵੇਂਹਦਾ ਆਇਆ ਤਮਾਸ਼ਾ, ਸਚਖੰਡ ਨਿਵਾਸੀ ਸਚਖੰਡ ਆਸਣ ਲਾਇੰਦਾ। ਆਪਣਾ ਨਾਉਂ ਦੇ ਦੇ ਭਰਵਾਸਾ, ਜਗਤ ਧਰਵਾਸ ਇਕ ਵਖਾਇੰਦਾ। ਲੇਖਾ ਜਾਣ ਪ੍ਰਿਥਮੀ ਅਕਾਸਾ, ਅਕਾਸ਼ ਆਪਣਾ ਨੂਰ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਲੁਕਿਆ ਰਿਹਾ ਬੈਕੁੰਠ ਧਾਮ, ਬੁਰਕਾ ਆਪਣਾ ਨਾ ਆਪ ਉਠਾਈਆ। ਕੋਟਨ ਕੋਟ ਲੱਭ ਲੱਭ ਗਏ ਰਾਮ, ਰਮਈਆ ਰਾਮ ਰਾਮ ਧਿਆਈਆ। ਕੋਟਨ ਕੋਟ ਰਾਸ ਪਾ ਪਾ ਗਏ ਘਨਈਆ ਸ਼ਾਮ, ਸਾਚਾ ਕਾਹਨ ਆਪਣੀ ਸੇਵਾ ਰਿਹਾ ਲਗਾਈਆ। ਕੋਟਨ ਕੋਟ ਈਸਾ ਮੂਸਾ ਮੁਹੰਮਦ ਦੇ ਦੇ ਗਏ ਪੈਗ਼ਾਮ, ਆਪਣਾ ਪੈਗ਼ਾਮ ਧੁਰ ਦਰਗਹਿ ਨਾ ਸਕੇ ਪੁਚਾਈਆ। ਨਾਨਕ ਨਿਰਗੁਣ ਪਾਇਆ ਏਕਾ ਮਾਣ, ਸਰਗੁਣ ਨਾਨਕ ਨਾਲ ਮਿਲਾਈਆ। ਲੁੱਕਿਆ ਰਿਹਾ ਸ੍ਰੀ ਭਗਵਾਨ, ਨਜ਼ਰ ਕਿਸੇ ਨਾ ਆਈਆ। ਆਪੇ ਹੋ ਅੰਤ ਮਿਹਰਵਾਨ, ਨਾਨਕ ਸੱਦਿਆ ਚਾਈਂ ਚਾਈਂਆ। ਕਰਿਆ ਖੇਲ ਅਨਡਿਠ ਮਕਾਨ, ਆਪਣਾ ਨੂਰ ਨੂਰ ਦਰਸਾਈਆ। ਨਿਰਗੁਣ ਨਾਨਕ ਨਿਰਗੁਣ ਚਰਨੀ ਡਿਗਾ ਆਣ, ਨਿਰਗੁਣ ਆਪਣੇ ਅੰਗ ਲਗਾਈਆ। ਵਾਹਵਾ ਤੇਰੀ ਖੇਲ ਮੇਰੇ ਮਿਹਰਵਾਨ, ਭੇਵ ਕੋਇ ਨਾ ਪਾਈਆ। ਬਿਨ ਨੇਤਰ ਪੇਖਿਆ ਦੱਸਿਆ ਜਾਏ ਨਾ ਸਚ ਨਿਸ਼ਾਨ, ਤੇਰਾ ਲੁਕਿਆ ਰੂਪ ਨਜ਼ਰ ਕਿਤੇ ਨਾ ਆਈਆ। ਬਣ ਭਿਖਕ ਮੰਗਾਂ ਦਾਨ, ਤੂੰ ਦੇਵਣਹਾਰ ਵਡ ਬਲਵਾਨ, ਦੇਦਿਆਂ ਤੋਟ ਕੋਇ ਨਾ ਆਈਆ। ਕੋਟਨ ਕੋਟੀ ਜੀਵ ਤੇਰਾ ਦੱਸਿਆ ਨਾਉਂ ਲੋਕਮਾਤ ਸਾਰੇ ਗਾਣ, ਤੇਰਾ ਦਰਸ ਨਜ਼ਰ ਕਿਤੇ ਨਾ ਆਈਆ। ਤੇਰੀ ਦੱਸ ਕੇ ਨਾ ਗਿਆ ਕੋਈ ਸਚ ਪਹਿਚਾਨ, ਪੰਜ ਤੱਤ ਚੋਲਾ ਗੁਰੂ ਗੁਰੂ ਰੂਪ ਧਰਾਈਆ। ਮੈਂ ਤੇਰੀ ਕਿਰਪਾ ਤੇਰਾ ਦਰਸਨ ਡਿਠਾ ਆਣ, ਤੇਰਾ ਰੂਪ ਰੰਗ ਨਜ਼ਰ ਕੋਇ ਨਾ ਆਈਆ। ਏਕਾ ਨੂਰ ਜੋਤ ਮਹਾਨ, ਜੋਤੀ ਜੋਤ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਿਉਂ ਲੁਕ ਲੁਕ ਮੁਖ ਛੁਪਾਈਆ। ਕਿਉਂ ਲੁਕਿਆ ਮੇਰੇ ਗੋਪਾਲ, ਤੇਰਾ ਭੇਵ ਕੋਇ ਨਾ ਪਾਇੰਦਾ। ਕਿਉਂ ਭੁੱਲੇ ਆਪਣੇ ਲਾਲ, ਗੁਰ ਅਵਤਾਰ ਤੇਰਾ ਰਾਹ ਤਕਾਇੰਦਾ। ਤੇਰਾ ਨਾਉਂ ਜਗਤ ਦਲਾਲ, ਸਚ ਦਲਾਲੀ ਮਾਤ ਕਰਾਇੰਦਾ। ਮੈਂ ਕੀਤਾ ਇਕ ਸਵਾਲ, ਤੇਰੇ ਅੱਗੇ ਝੋਲੀ ਡਾਹਿੰਦਾ। ਕਵਣ ਵੇਲਾ ਲੋਕਮਾਤ ਮਿਲੇਂ ਆਣ, ਆਪਣਾ ਨੂਰੀ ਨੂਰ ਦਰਸ ਵਖਾਇੰਦਾ। ਪੁਰਖ ਅਬਿਨਾਸ਼ੀ ਹੋ ਦਿਆਲ ਆਪਣੀ ਦਇਆ ਕਮਾਇੰਦਾ। ਨਾਨਕ ਤੇਰਾ ਰੂਪ ਦਸ ਦਸ ਧਾਰ, ਜੋਤ ਨਿਰੰਕਾਰ ਆਪ ਉਠਾਏ ਆਪਣਾ ਲਾਲ, ਗੋਬਿੰਦ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਇੰਦਾ। ਨਾਨਕ ਸੁਣ ਸਾਚੇ ਮੀਤ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਤੇਰੀ ਮੇਰੀ ਸਾਚੀ ਰੀਤ, ਦੂਸਰ ਭੇਵ ਕੋਇ ਨਾ ਪਾਇੰਦਾ। ਮੈਂ ਬੈਠਾ ਰਹਾਂ ਅਤੀਤ, ਅਤੀਤ ਤੇਰਾ ਦੁਆਰਾ ਸੁਹਾਇੰਦਾ। ਮੈਂ ਸੁਣਾਵਾਂ ਸੱਚਾ ਗੀਤ, ਤੂੰ ਸੁਣ ਸੁਣ ਰਾਗ ਅਲਾਇੰਦਾ। ਤੇਰਾ ਲੇਖਾ ਵਿਚ ਹਸਤ ਕੀਟ, ਕੀਟ ਜੀਵ ਜੰਤ ਵਿਚ ਸਮਾਇੰਦਾ। ਤੇਰੀ ਜੋਤੀ ਕਰੇ ਪ੍ਰੀਤ, ਪ੍ਰੀਤਮ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨਾਨਕ ਨਿਰਗੁਣ ਅੱਗੋਂ ਬੋਲ, ਪ੍ਰਭ ਅੱਗੇ ਸੀਸ ਝੁਕਾਈਆ। ਤੂੰ ਆਦਿ ਜੁਗਾਦਿ ਰਹੇਂ ਅਡੋਲ, ਨਾ ਡੋਲੇ ਨਾ ਕੋਇ ਡੁਲਾਈਆ। ਮੇਰੇ ਨਾਲ ਕਰੀਂ ਕੌਲ, ਕਵਣ ਵੇਲੇ ਆਪਣਾ ਦਰਸ ਦਏਂ ਵਖਾਈਆ। ਪਰਗਟ ਹੋਵੇਂ ਉਪਰ ਧਵਲ, ਧਰਨੀ ਦੇਵੇਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਭੇਵ ਰਿਹਾ ਖੁਲ੍ਹਾਈਆ। ਲੁਕ ਛੁਪ ਕਰੀ ਕਾਰ, ਜੁਗ ਜੁਗ ਖੇਲ ਕਰਾਇਆ। ਨਿਰਗੁਣ ਸਰਗੁਣ ਕਰ ਤਿਆਰ, ਸਾਚੀ ਸੇਵਾ ਮਾਤ ਸਮਝਾਇਆ। ਵੇਂਹਦਾ ਰਿਹਾ ਜੁਗ ਚੌਕੜੀ ਜੁਗ ਚਾਰ, ਨਵ ਨਵ ਆਪਣੀ ਧਾਰ ਰਖਾਇਆ। ਸ਼ਬਦੀ ਸ਼ਬਦ ਸੰਦੇਸਾ ਦੇ ਸੰਸਾਰ, ਸਾਚੀ ਸਿਖਿਆ ਸਿਖ ਸਮਝਾਇਆ । ਨਾਨਕ ਤੇਰੇ ਨਾਲ ਕਰਾਂ ਇਕਰਾਰ, ਕੀਤਾ ਕੌਲ ਭੁੱਲ ਨਾ ਜਾਇਆ। ਕਲਜੁਗ ਆਵੇ ਅੰਤਮ ਵਾਰ, ਆਪਣਾ ਪੜਦਾ ਦਿਆਂ ਉਠਾਇਆ। ਨਿਰਗੁਣ ਨੂਰ ਕਰ ਉਜਿਆਰ, ਲੋਕਮਾਤ ਵੇਖ ਵਖਾਇਆ। ਜੁਗ ਜੁਗ ਦੇ ਵਿਛੜੇ ਸਾਚੇ ਸੰਤ ਮੇਲਾ ਆਣ, ਭਗਤ ਆਪਣੇ ਰੰਗ ਰੰਗਾਇਆ। ਅੰਦਰ ਵੜ ਵੜ ਕਰਾਂ ਪਛਾਣ, ਲੱਖ ਚੁਰਾਸੀ ਕੋਲੋਂ ਮੁੱਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਵਖਾਇਆ ਏਕਾ ਘਰ, ਧੁਰਦਰਗਾਹੀ ਦਿਤਾ ਵਰ, ਹੁਕਮੀ ਹੁਕਮ ਆਪ ਸੁਣਾਇਆ। ਸੁਣਿਆ ਹੁਕਮ ਧੁਰ ਦਰਬਾਰ, ਸਤਿਗੁਰ ਨਾਨਕ ਖ਼ੁਸ਼ੀ ਮਨਾਈਆ। ਰਸਨਾ ਕਹੇ ਮਹਾਂਬਲੀ ਉਤਰੇ ਆਪਣੀ ਵਾਰ, ਖੇਲ ਆਪਣੇ ਹੱਥ ਰਖਾਈਆ। ਆਪਣੇ ਬੱਚਿਆਂ ਕਰੇ ਪਿਆਰ, ਗੁਰਮੁਖ ਸਾਚੇ ਸੁਤ ਉਠਾਈਆ। ਕਲਜੁਗ ਭਾਂਡੇ ਕੱਚਿਆਂ ਜੀਵਾਂ ਕਰੇ ਖੁਆਰ, ਖੁਆਰੀ ਮੇਟੇ ਨਾ ਕੋਇ ਲੋਕਾਈਆ। ਆਪਣਾ ਦਰਸ ਦਏ ਵਖਾਲ, ਨਿਰਗੁਣ ਨੂਰ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਚੁਕਾਈਆ। ਆਪਣਾ ਪੜਦਾ ਦੇਵੇ ਲਾਹ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਕੂੜਾ ਘੁੰਗਟ ਦਏ ਉਠਾ, ਨੇਤਰ ਨੈਣ ਨੈਣ ਮਟਕਾਇੰਦਾ। ਸਵੱਛ ਸਰੂਪੀ ਦਰਸ ਦਏ ਦਿਖਾ, ਸ਼ਾਹੋ ਭੂਪੀ ਆਪਣੀ ਦਇਆ ਕਮਾਇੰਦਾ। ਨੌਂ ਖੰਡ ਪ੍ਰਿਥਮੀ ਫੇਰਾ ਪਾ, ਦਹਿ ਦਿਸ਼ਾ ਪੜਦਾ ਲਾਹਿੰਦਾ। ਸੰਤ ਸੁਹੇਲੇ ਲਏ ਜਗਾ, ਜੀਵਣ ਜੁਗਤ ਆਪ ਜਣਾਇੰਦਾ। ਬਾਂਹੋਂ ਫੜ ਫੜ ਲਏ ਉਠਾ, ਆਪਣਾ ਲੇਖਾ ਆਪ ਸਮਝਾਇੰਦਾ। ਗੁਰਸਿਖ ਤੂੰ ਮੇਰਾ ਮੈਂ ਤੇਰਾ ਦੋਹਾਂ ਵਸਣਾ ਏਕਾ ਥਾਂ, ਸਾਚਾ ਧਾਮ ਆਪ ਵਡਿਆਇੰਦਾ । ਓਥੇ ਦੂਸਰ ਕੋਈ ਜਾਏ ਨਾ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਮਾਤ ਧਰ, ਆਪ ਆਪਣਾ ਨੂਰ ਪਰਗਟਾਇੰਦਾ। ਨਿਰਗੁਣ ਨੂਰ ਜ਼ਾਹਰ ਜ਼ਹੂਰ, ਜ਼ਾਹਰਾ ਅਪਣਾ ਖੇਲ ਕਰਾਈਆ। ਲੁਕ ਲੁਕ ਜੁਗ ਚੌਕੜੀ ਕਰਦਾ ਰਿਹਾ ਕਸੂਰ, ਆਪਣਾ ਕਸੂਰ ਨਾ ਕਿਸੇ ਸਮਝਾਈਆ। ਹੁਕਮੀ ਹੁਕਮ ਦੇਂਦਾ ਰਿਹਾ ਜ਼ਰੂਰ, ਆਪਣੀ ਜ਼ਰੂਰਤ ਨਾ ਕਿਸੇ ਬੁਝਾਈਆ। ਕੋਟਨ ਕੋਟ ਉਤਾਰੇ ਆਪਣੇ ਪੂਰ, ਆਪਣਾ ਬੇੜਾ ਭਰ ਕੇ ਆਪਣਾ ਅੰਤ ਕਦੇ ਨਾ ਕਰਾਈਆ। ਕਲਜੁਗ ਅੰਤ ਪਰਗਟ ਹੋ ਸਰਬ ਕਲਾ ਭਰਪੂਰ, ਆਪਣੀ ਦਇਆ ਆਪ ਕਮਾਈਆ। ਜਨ ਭਗਤਾਂ ਦੇਵੇ ਇਕ ਸਰੂਰ, ਅੰਮ੍ਰਿਤ ਰਸ ਰਸ ਚਖਾਈਆ। ਜਿਸ ਨੂੰ ਕਹਿੰਦੇ ਗਏ ਵਸੇ ਦੂਰ, ਸੋ ਨੇਰਨ ਨੇਰਾ ਹੋ ਹੋ ਦਰਸ ਕਰਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਗੰਢ ਏਕਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਣ ਪੰਜ ਤੱਤ ਕਾਇਆ ਗੁਰਸਿਖਾਂ ਦੇਂਦਾ ਰਿਹਾ ਚਰਨ ਧੂੜ, ਕਲਜੁਗ ਅੰਤਮ ਨਿਰਗੁਣ ਰੂਪ ਗੁਰਸਿਖਾਂ ਚਰਨ ਧੂੜ ਲੈਣ ਆਪੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬਣਿਆ ਰਿਹਾ ਮੂੜ੍ਹ, ਬੇਅਕਲ ਆਪਣੀ ਅਕਲ ਨਾ ਕਿਸੇ ਜਣਾਈਆ। ਹਰਿ ਕਾ ਕੋਈ ਨਾ ਜਾਣੇ ਸਚ ਸ਼ਊਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੁਕ ਲੁਕ ਆਪਣਾ ਵਕ਼ਤ ਲੰਘਾਈਆ। ਲੁਕ ਲੁਕ ਵਕ਼ਤ ਲੰਘਾਏ ਸੰਸਾਰ, ਆਪਣਾ ਭੇਵ ਨਾ ਕਿਸੇ ਜਣਾਈਆ। ਗੁਰਮੁਖ ਵਿਰਲਾ ਕਰੇ ਅੰਗੀਕਾਰ, ਜਿਸ ਜਨ ਆਪਣੇ ਅੰਗ ਲਗਾਈਆ। ਅੰਦਰ ਵੜ ਵੜ ਖੋਲ੍ਹੇ ਆਪ ਕਿਵਾੜ, ਘਰ ਮੰਦਰ ਫੇਰਾ ਪਾਈਆ। ਕਿਸੇ ਨਜ਼ਰ ਨਾ ਆਏ ਕਰਤਾ ਪੁਰਖ ਕਰਨੇਹਾਰ, ਲੱਖ ਚੁਰਾਸੀ ਰਹੀ ਕੁਰਲਾਈਆ। ਗੁਰਮੁਖ ਵਿਰਲੇ ਕਰੇ ਆਪ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਦਰਸ਼ਨ ਦੇਵੇ ਆਣ, ਆਪਣਾ ਪੜਦਾ ਨਾ ਕੋਇ ਰਖਾਈਆ। ਵੇਖੋ ਪੜਦਾ ਗਿਆ ਲੱਥ, ਹਰਿ ਜੂ ਹਰਿ ਹਰਿ ਆਪ ਉਠਾਇੰਦਾ। ਜਿਸ ਦੀ ਗੌਂਦੇ ਰਹੇ ਗਾਥ, ਸੋ ਗਾਥਾ ਆਪਣੀ ਆਪ ਸੁਣਾਇੰਦਾ। ਜਿਸਨੂੰ ਕਹਿੰਦੇ ਰਹੇ ਪੁਰਖ ਸਮਰਥ, ਸੋ ਸਮਰਥ ਪੁਰਖ ਆਪਣਾ ਵੇਸ ਵਟਾਇੰਦਾ। ਬਿਨ ਪਕੜਿਆਂ ਬਿਨ ਬੰਨ੍ਹਿਆਂ ਜਨ ਭਗਤਾਂ ਹੋਇਆ ਵਸ, ਵਸ ਹੋ ਹੋ ਸੇਵ ਕਮਾਇੰਦਾ। ਸੇਵਾ ਕਰ ਕਰੇ ਨਾ ਬਸ, ਆਪਣਾ ਫਰਜ਼ ਪੂਰ ਕਰਾਇੰਦਾ। ਸਚਖੰਡ ਲੈ ਜਾਏ ਹੱਸ ਹੱਸ, ਹੰਸ ਮੁਖ ਆਪਣਾ ਰਾਗ ਸੁਣਾਇੰਦਾ। ਗੁਰਸਿਖ ਮਾਰਗ ਦੇਵੇ ਦੱਸ, ਕੋਲ ਬਹਿ ਬਹਿ ਸਮਝਾਇੰਦਾ। ਪਿਤਾ ਪੂਤ ਇਕੇ ਘਰ ਜਾਈਏ ਵਸ, ਫੇਰ ਵਿਛੋੜਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪਣੀ ਗੋਦ ਸੁਹਾਇੰਦਾ।