Granth 11 Likhat 150: 16 Chet 2019 Bikarmi Arjan Singh de Greh Pind Bhrobhal Jila Amritsar

੧੬ ਚੇਤ ੨੦੧੯ ਬਿਕ੍ਰਮੀ ਅਰਜਣ ਸਿੰਘ ਦੇ ਗ੍ਰਹਿ ਭਰੋਭਾਲ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਰੂਪੀ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਆਦਿ ਜੁਗਾਦਿ, ਨਿਰਗੁਣ ਆਪਣੀ ਧਾਰ ਚਲਾਇੰਦਾ। ਹਰਿ ਪੁਰਖ ਨਿਰੰਜਣ ਵੇਖਣਹਾਰਾ ਖੇਲ ਤਮਾਸ਼, ਭੇਵ ਅਭੇਦਾ ਆਪ ਖੁਲ੍ਹਾਇੰਦਾ। ਏਕੰਕਾਰਾ ਸਰਬ ਗੁਣਤਾਸ, ਗੁਣਵੰਤਾ ਆਪਣਾ ਨਾਉਂ ਪਰਗਟਾਇੰਦਾ। ਆਦਿ ਨਿਰੰਜਣ ਕਰ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣੀ ਆਸ, ਆਸਾ ਆਪਣੀ ਆਪ ਪਰਗਟਾਇੰਦਾ। ਸ੍ਰੀ ਭਗਵਾਨ ਪਾਵੇ ਰਾਸ, ਸਾਚਾ ਮੰਡਲ ਆਪ ਸੁਹਾਇੰਦਾ। ਪਾਰਬ੍ਰਹਮ ਦਾਸੀ ਦਾਸ, ਸੇਵਕ ਸੇਵਕ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਖੇਲ ਆਪ ਕਰਾਇੰਦਾ। ਆਦਿ ਆਦਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਅਜੂਨੀ ਰਹਿਤ ਭੇਵ ਨਿਆਰਾ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਆਪਣੀ ਇਛਿਆ ਕਰ ਪਸਾਰਾ, ਕਰੇ ਖੇਲ ਬੇਪਰਵਾਹੀਆ। ਸਚਖੰਡ ਦੁਵਾਰਾ ਕਰ ਤਿਆਰਾ, ਮਹੱਲ ਅਟੱਲ ਇਕ ਸੁਹਾਈਆ। ਨਿਰਮਲ ਦੀਆ ਬਾਤੀ ਕਰ ਉਜਿਆਰਾ, ਕਮਲਾਪਾਤੀ ਆਪ ਸੁਹਾਈਆ। ਵੇਖੇ ਵਿਗਸੇ ਵੇਖਣਹਾਰਾ, ਇਕ ਇਕੱਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਇਕੱਲਾ, ਅਕਲ ਕਲ ਖੇਲ ਕਰਾਇੰਦਾ। ਵਸਣਹਾਰਾ ਸਾਚੇ ਧਾਮ ਉਚ ਮਹੱਲਾ, ਅਟੱਲ ਆਪਣੀ ਧਾਰ ਵਖਾਇੰਦਾ। ਦੀਪਕ ਦੀਪਕ ਜੋਤੀ ਆਪੇ ਬਲਾ, ਤੇਲ ਬਾਤੀ ਨਾ ਕੋਇ ਰਖਾਇੰਦਾ। ਨਿਰਗੁਣ ਨਿਰਗੁਣ ਪਕੜੇ ਪੱਲਾ, ਆਪਣਾ ਬੰਧਨ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਰੂਪ ਅਨੂਪ ਪਰਗਟਾਇੰਦਾ। ਰੂਪ ਅਨੂਪ ਹਰਿ ਕਰਤਾਰਾ, ਆਪਣਾ ਆਪ ਧਰਾਈਆ। ਸਾਚੇ ਮੰਦਰ ਕਰ ਪਸਾਰਾ, ਆਪੇ ਵਸੇ ਚਾਈਂ ਚਾਈਂਆ। ਸ਼ਾਹੋ ਭੂਪ ਬਣ ਸਿਕਦਾਰਾ, ਰਾਜ ਰਾਜਾਨ ਆਪਣਾ ਨਾਉਂ ਧਰਾਈਆ। ਸਚ ਸਿੰਘਾਸਣ ਅਗੰਮ ਅਪਾਰਾ, ਅਲੱਖ ਅਗੋਚਰ ਆਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਚਾਈਂ ਚਾਈਂਆ । ਸਚਖੰਡ ਸਾਚਾ ਸਚ ਦੁਆਰ, ਹਰਿ ਸਾਚਾ ਖੇਲ ਕਰਾਇੰਦਾ। ਇਕ ਇਕੱਲਾ ਏਕੰਕਾਰ, ਪੁਰਖ ਅਕਾਲਾ ਆਸਣ ਲਾਇੰਦਾ। ਤਖ਼ਤ ਨਿਵਾਸੀ ਵਡ ਸਿਕਦਾਰ, ਧੁਰ ਫ਼ਰਮਾਣ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਪਣਾ ਭੇਵ ਰੱਖੇ ਹੱਥ, ਮਹਿਮਾ ਅਗਣਤ ਗਣੀ ਨਾ ਜਾਈਆ। ਦੀਨ ਦਿਆਲ ਠਾਕਰ ਸੁਆਮੀ ਪੁਰਖ ਸਮਰਥ, ਸਮਰਥ ਆਪਣਾ ਨਾਉਂ ਪਰਗਟਾਈਆ। ਸਚਖੰਡ ਦੁਆਰੇ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੇ ਸਜ, ਆਪ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਦਿ ਆਪਣਾ ਘਾੜਨ ਆਪ ਘੜਾਈਆ। ਆਪਣਾ ਘਾੜਨ ਆਪੇ ਘੜ, ਹਰਿ ਜੂ ਆਪੇ ਵੇਖ ਵਖਾਇੰਦਾ। ਸਚਖੰਡ ਦੁਆਰੇ ਆਪੇ ਵੜ, ਹਰਿ ਜੂ ਆਪੇ ਸੋਭਾ ਪਾਇੰਦਾ । ਵੇਸ ਵਟਾਏ ਨਾਰੀ ਨਰ, ਕੰਤ ਕੰਤੂਹਲ ਸਾਚੀ ਸੇਜ ਆਪ ਸੁਹਾਇੰਦਾ। ਨਿਰਗੁਣ ਅੰਦਰ ਨਿਰਗੁਣ ਧਰ, ਨਿਰਗੁਣ ਮੇਲਾ ਆਪਣਾ ਬੰਧਨ ਪਾਇੰਦਾ। ਦਾਈ ਦਾਇਆ ਆਪੇ ਬਣ, ਦਰ ਘਰ ਸਾਚੇ ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਜਨਨੀ ਜਨ ਏਕਾ ਘਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਆਪ ਵਡਿਆਇੰਦਾ। ਸਚਖੰਡ ਦੁਆਰੇ ਪੁਰਖ ਨਾਰ, ਨਰ ਹਰਿ ਆਪਣਾ ਖੇਲ ਕਰਾਈਆ। ਆਪਣੀ ਇਛਿਆ ਕਰ ਸ਼ਿੰਗਾਰ, ਸੋਭਾਵੰਤ ਵਡੀ ਵਡਿਆਈਆ। ਇਕ ਇਕੱਲਾ ਖੇਲ ਅਪਾਰ, ਅਕਲ ਕਲ ਆਪਣਾ ਭੇਵ ਚੁਕਾਈਆ। ਨਿਰਗੁਣ ਅੰਦਰ ਨਿਰਗੁਣ ਪਿਆਰ, ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਪਰਵਾਹ, ਪਾਰਬ੍ਰਹਮ ਵਡੀ ਵਡਿਆਈਆ। ਅਬਿਨਾਸ਼ੀ ਕਰਤਾ ਚਲਾਏ ਰਾਹ, ਆਪਣਾ ਮਾਰਗ ਆਪੇ ਲਾਈਆ। ਸ੍ਰੀ ਭਗਵਾਨ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਜੋਤੀ ਜਾਤਾ ਡਗਮਗਾਈਆ। ਏਕੰਕਾਰਾ ਸਚ ਵਖਾਏ ਏਕਾ ਥਾਂ, ਸਚਖੰਡ ਸਾਚੇ ਵੱਜੇ ਵਧਾਈਆ। ਹਰਿ ਪੁਰਖ ਨਿਰੰਜਣ ਆਪਣਾ ਨਾਉਂ ਆਪ ਪਰਗਟਾ, ਆਪ ਆਪਣਾ ਬਲ ਸਮਝਾਈਆ। ਸੋ ਪੁਰਖ ਨਿਰੰਜਣ ਸੱਚਾ ਸ਼ਹਿਨਸ਼ਾਹ, ਸੀਸ ਜਗਦੀਸ ਤਾਜ ਸੁਹਾਈਆ। ਧੁਰ ਫ਼ਰਮਾਣਾ ਇਕ ਸੁਣਾ, ਹੁਕਮੀ ਹੁਕਮ ਆਪਣਾ ਬੰਧਨ ਪਾਈਆ। ਜਨਨੀ ਜਨ ਬਣ ਸੁਤ ਦੁਲਾਰਾ ਲਏ ਜਾ, ਗੋਦੀ ਗੋਦ ਆਪ ਸੁਹਾਈਆ। ਨਿਰਗੁਣ ਪਿਤਾ ਨਿਰਗੁਣ ਮਾਂ, ਨਿਰਗੁਣ ਬਾਲਾ ਆਪਣੇ ਅੰਗ ਲਗਾਈਆ। ਸ਼ਬਦ ਦੁਲਾਰਾ ਪਕੜੇ ਬਾਂਹ, ਹਰਿ ਜੂ ਹਰਿ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਪਜਾਏ ਸਾਚਾ ਸੁਤ, ਕਰੇ ਖੇਲ ਅਬਿਨਾਸ਼ੀ ਅਚੁੱਤ, ਦੂਸਰ ਭੇਵ ਕੋਇ ਨਾ ਪਾਈਆ। ਸੁਤ ਦੁਲਾਰਾ ਏਕਾ ਬਾਲ, ਸਚਖੰਡ ਨਿਵਾਸੀ ਇਕ ਪਰਗਟਾਈਆ। ਆਪਣੀ ਗੋਦੀ ਲਏ ਉਠਾਲ, ਨਿਰਗੁਣ ਮੇਲਾ ਚਾਈਂ ਚਾਈਂਆ। ਆਪਣੀ ਇਛਿਆ ਆਪ ਪਰਗਟਾਏ ਸੱਚੀ ਧਰਮਸਾਲ, ਘਰ ਘਰ ਵਿਚ ਬਣਤ ਬਣਾਈਆ। ਥਿਰ ਘਰ ਦੁਆਰਾ ਕਰ ਤਿਆਰ, ਨਿਰਗੁਣ ਦੀਵਾ ਬਾਤੀ ਇਕ ਟਿਕਾਈਆ। ਸੁਤ ਦੁਲਾਰਾ ਦਏ ਬਹਾਲ, ਏਕਾ ਆਪਣਾ ਹੁਕਮ ਸੁਣਾਈਆ। ਸਦਾ ਸੁਹੇਲਾ ਵਸੇ ਨਾਲ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸ਼ਬਦ ਸੁਤ ਦਏ ਵਡਿਆਈਆ। ਸ਼ਬਦ ਸੁਤ ਦੇ ਦਿਲਾਸਾ, ਥਿਰ ਘਰ ਸਾਚੇ ਹਰਿ ਬਹਾਇੰਦਾ। ਸਚਖੰਡ ਨਿਵਾਸੀ ਇਕ ਭਰਵਾਸਾ, ਚਰਨ ਕਵਲ ਕਵਲ ਜਣਾਇੰਦਾ। ਮੇਰਾ ਨੂਰ ਤੇਰਾ ਪਰਕਾਸ਼ਾ, ਤੇਰਾ ਪਰਕਾਸ਼ ਮੇਰਾ ਨੂਰ ਧਰਾਇੰਦਾ। ਤੇਰੇ ਅੰਤਰ ਮੇਰਾ ਵਾਸਾ, ਮੇਰਾ ਵਾਸਾ ਤੇਰੀ ਧਾਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਆਪਣਾ ਹੁਕਮ ਵਰਤਾਇੰਦਾ। ਥਿਰ ਘਰ ਹੁਕਮ ਸ੍ਰੀ ਭਗਵਾਨ, ਆਪਣਾ ਆਪ ਜਣਾਈਆ। ਸੁਤ ਦੁਲਾਰੇ ਉਠ ਨਾਦਾਨ, ਨਰ ਨਰਾਇਣ ਆਪ ਉਠਾਈਆ। ਸਤਿ ਸਤਿਵਾਦੀ ਇਕ ਨਿਸ਼ਾਨ, ਸਤਿ ਪੁਰਖ ਨਿਰੰਜਣ ਰਿਹਾ ਵਖਾਈਆ। ਭੂਪਤ ਭੂਪ ਰਾਜ ਰਾਜਾਨ, ਤਖ਼ਤ ਨਿਵਾਸੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਹਰਿ ਹਰਿ ਗੀਤ, ਨਰ ਨਿਰੰਕਾਰਾ ਆਪ ਜਣਾਇੰਦਾ। ਨਿਰਗੁਣ ਚਲਾਏ ਨਿਰਗੁਣ ਰੀਤ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਿਰਗੁਣ ਵਸੇ ਸਦਾ ਅਤੀਤ, ਸਤਿ ਸਤਿਵਾਦੀ ਖੇਲ ਕਰਾਇੰਦਾ। ਨਿਰਗੁਣ ਸੱਜਣ ਨਿਰਗੁਣ ਮੀਤ, ਪਿਤਾ ਪੂਤ ਨਿਰਗੁਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਥਿਰ ਘਰ ਰੰਗਾਏ ਆਪਣਾ ਰੰਗ, ਸਚਖੰਡ ਨਿਵਾਸੀ ਦਇਆ ਕਮਾਈਆ। ਨਿਰਗੁਣ ਰੂਪ ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਨਾਮ ਨਿਰਗੁਣ ਮਰਦੰਗ, ਨਿਰਗੁਣ ਸ਼ਬਦ ਧੁੰਨ ਸ਼ਨਵਾਈਆ। ਨਿਰਗੁਣ ਸੂਰਬੀਰ ਸੂਰਾ ਸਰਬੰਗ, ਨਿਰਗੁਣ ਮੰਦਰ ਅੰਦਰ ਵੇਖੇ ਲੰਘ, ਨਿਰਗੁਣ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸ਼ਬਦ ਸੁਤ ਦਏ ਵਡਿਆਈਆ। ਸ਼ਬਦ ਸੁਤ ਹਰਿ ਦੇਵੇ ਮਾਣ, ਪਾਰਬ੍ਰਹਮ ਬੇਪਰਵਾਹਿਆ। ਤੇਰਾ ਮੇਰਾ ਇਕ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇਆ। ਚਾਰ ਦਿਵਾਰ ਨਾ ਕੋਇ ਨਿਸ਼ਾਨ, ਦਰ ਦਰਵਾਜ਼ਾ ਨਜ਼ਰ ਕੋਇ ਨਾ ਆਇਆ। ਨਿਰਮਲ ਦੀਆ ਇਕ ਮਹਾਨ, ਜੋਤੀ ਜੋਤ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ ਨਰ ਨਰੇਸ਼ ਏਕਾ ਏਕਾ ਵਾਰ ਸੁਣਾਇਆ। ਏਕਾ ਏਕ ਖੇਲ ਅਪਾਰਾ, ਇਕ ਇਕੱਲਾ ਆਪ ਕਰਾਈਆ। ਲੇਖਾ ਜਾਣੇ ਸੁਤ ਦੁਲਾਰਾ, ਬਿਨ ਲਿਖਿਆਂ ਦਏ ਸਮਝਾਈਆ। ਤੇਰਾ ਕਰੇ ਵਡ ਪਸਾਰਾ, ਪਸਰ ਪਸਾਰੀ ਬੇਪਰਵਾਹੀਆ। ਤੇਰਾ ਹੱਟ ਤੇਰਾ ਵਣਜਾਰਾ, ਤੇਰੇ ਦਰ ਖੁਲ੍ਹਾਈਆ। ਤੇਰਾ ਘਰ ਤੇਰਾ ਭੰਡਾਰਾ, ਤੇਰੇ ਹੱਥ ਵਰਤਾਈਆ। ਤੇਰਾ ਨਾਉਂ ਤੇਰਾ ਨਗਾਰਾ, ਤੇਰਾ ਨਾਦ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਏਕੰਕਾਰ, ਏਕਾ ਏਕ ਜਣਾਇੰਦਾ। ਸ਼ਬਦ ਸੁਤ ਹੋ ਤਿਆਰ, ਪੁਰਖ ਅਬਿਨਾਸ਼ੀ ਦਇਆ ਕਮ਼ਾਇੰਦਾ। ਤੇਰਾ ਕਰੇ ਸਚ ਪਿਆਰ, ਪਿਆਰ ਪਿਆਰ ਨਾਲ ਮਿਲਾਇੰਦਾ। ਨਿਰਗੁਣ ਨਿਰਗੁਣ ਦੇਵੇ ਧਾਰ, ਧਾਰ ਧਾਰ ਵਿਚੋਂ ਪਰਗਟਾਇੰਦਾ। ਆਪਣੀ ਇਛਿਆ ਭਰ ਭੰਡਾਰ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਹਰਿ ਸਮਝਾਇੰਦਾ। ਸ਼ਬਦ ਸੁਤ ਉਠ ਕਰ ਧਿਆਨ, ਹਰਿ ਸਾਚਾ ਸਚ ਜਣਾਈਆ। ਤੇਰਾ ਝੁਲਾਵਾਂ ਸਤਿ ਨਿਸ਼ਾਨ, ਸਤਿ ਸਤਿਵਾਦੀ ਰੰਗ ਰੰਗਾਈਆ। ਤੇਰਾ ਖੇਲ ਕਰਾਂ ਮਹਾਨ, ਆਪਣਾ ਬਲ ਧਰਾਈਆ। ਤੇਰੀ ਗੋਦੀ ਤੇਰਾ ਰੂਪ ਧਰਾਂ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਸਮਝਾਈਆ। ਸ਼ਬਦ ਸੁਤ ਦੇਵੇ ਦਾਤ, ਮਿਹਰਵਾਨ ਦਇਆ ਕਮਾਇੰਦਾ। ਥਿਰ ਦੁਆਰੇ ਪੁੱਛੇ ਵਾਤ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਤੇਰੀ ਮੇਰੀ ਇਕੋ ਜ਼ਾਤ, ਅਜ਼ਾਤੀ ਵੰਡ ਨਾ ਕੋਇ ਰਖਾਇੰਦਾ। ਤੇਰਾ ਮੇਰਾ ਇਕੋ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਤੇਰਾ ਮੇਰਾ ਇਕੋ ਸਾਕ, ਪਿਤਾ ਪੂਤ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਤੇਰਾ ਰਥ ਬਣਾਇੰਦਾ। ਸ਼ਬਦੀ ਰਥ ਲਏ ਬਣਾ, ਪ੍ਰਭ ਆਪਣੀ ਦਇਆ ਕਮਾਈਆ। ਸਚਖੰਡ ਨਿਵਾਸੀ ਦੇ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਨਿਰਗੁਣ ਬਣਿਆ ਨਿਰਗੁਣ ਮਲਾਹ, ਨਿਰਗੁਣ ਬੇੜਾ ਆਪ ਚਲਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਦੇਵਾਂ ਪਾ, ਤੇਰਾ ਬੰਸ ਵਡਿਆਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੀ ਇਛਿਆ ਘਾੜਨ ਦੇਵਾਂ ਘੜਾ, ਗਗਨ ਮੰਡਲ ਸੋਭਾ ਪਾਈਆ। ਤ੍ਰੈਗੁਣ ਰੰਗ ਦੇਵਾਂ ਰੰਗਾ, ਰੰਗ ਉਤਰ ਕਦੇ ਨਾ ਜਾਈਆ । ਪੰਚਮ ਮੇਲਾ ਦਿਆਂ ਮਿਲਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਤੇਰਾ ਸੰਗ ਨਿਭਾਈਆ। ਸਾਚੀ ਸੇਵਾ ਇਕ ਸਮਝਾ, ਏਕਾ ਰਾਹ ਚਲਾਈਆ। ਲੱਖ ਚੁਰਾਸੀ ਘਾੜਨ ਲੈਣਾ ਘੜਾ, ਘੜ ਘੜ ਆਪੇ ਵੇਖ ਵਖਾਈਆ। ਪੁਰਖ ਅਬਿਨਾਸ਼ੀ ਹੋਏ ਸਹਾ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੇਵਾ ਇਕ ਲਗਾਈਆ। ਸ਼ਬਦ ਸੁਤ ਉਠ ਬਲਵਾਨ, ਆਪਣਾ ਖੇਲ ਕਰਾਇੰਦਾ। ਏਕਾ ਸੁਣਿਆ ਧੁਰ ਫ਼ਰਮਾਣ, ਨਿਉਂ ਨਿਉਂ ਸੀਸ ਝੁਕਾਇੰਦਾ। ਵਿਸ਼ਨੂੰ ਵਿਸ਼ਵ ਕਰ ਪਰਵਾਨ, ਬ੍ਰਹਮ ਪਾਰਬ੍ਰਹਮ ਪਰਗਟਾਇੰਦਾ। ਸ਼ੰਕਰ ਮੇਲਾ ਸੁੰਞ ਮਸਾਣ, ਧੂੰਆਂਧਾਰ ਖੇਲ ਕਰਾਇੰਦਾ। ਤਿੰਨਾਂ ਵਿਚੋਲਾ ਬਣ ਮਿਹਰਵਾਨ, ਸ਼ਬਦ ਢੋਲਾ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਧਨ ਇਕ ਵਖਾਇੰਦਾ। ਸਾਚਾ ਬੰਧਨ ਏਕਾ ਡੋਰ, ਸ਼ਬਦ ਤੰਦ ਬੰਧਾਈਆ। ਹੁਕਮੇ ਅੰਦਰ ਆਪੇ ਤੋਰ, ਹੁਕਮੀ ਹੁਕਮ ਰਿਹਾ ਸਮਝਾਈਆ। ਨਿਰਗੁਣ ਨਿਰਗੁਣ ਵੇਖੇ ਦੌੜ, ਦੋ ਜਹਾਨਾਂ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਦਏ ਵਡਿਆਈਆ। ਸਾਚੇ ਸ਼ਬਦ ਤੇਰਾ ਪਸਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰਾ, ਤ੍ਰੈਗੁਣ ਸਾਚਾ ਸੰਗ ਨਿਭਾਇੰਦਾ। ਪੰਚਮ ਖੇਲ ਕਰੇ ਅਪਾਰਾ, ਘਾੜਤ ਘੜਨ ਆਪ ਘੜਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਤੱਤਵ ਤੱਤ ਵੇਸ ਵਟਾਇੰਦਾ। ਲੱਖ ਚੁਰਾਸੀ ਬਣ ਠਠਿਆਰਾ, ਘੜ ਭਾਂਡੇ ਆਪਣੇ ਰੰਗ ਰੰਗਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ, ਨੂਰ ਕਰ ਉਜਿਆਰਾ ਘਰ ਘਰ ਮੰਦਰ ਅੰਦਰ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਗੁਰ ਦੇਵੇ ਵਰ, ਧੁਰ ਫ਼ਰਮਾਣਾ ਇਕ ਸੁਣਾਇੰਦਾ। ਸ਼ਬਦ ਗੁਰ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ । ਮੈਂ ਸੇਵਾ ਕਰਾਂ ਬਣ ਸੇਵਾਦਾਰ, ਭੁੱਲ ਕਦੇ ਨਾ ਜਾਈਆ। ਲੱਖ ਚੁਰਾਸੀ ਕਰ ਤਿਆਰ, ਘਟ ਘਟ ਆਪਣਾ ਬੰਧਨ ਪਾਈਆ। ਚਾਰੇ ਖਾਣੀ ਵੰਡ ਵਿਚ ਸੰਸਾਰ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਹੁਕਮ ਵਰਤਾਈਆ। ਚਾਰੇ ਬਾਣੀ ਬੋਲ ਜੈਕਾਰ, ਸਾਚਾ ਨਾਅਰਾ ਇਕ ਸੁਣਾਈਆ। ਏਕਾ ਨਾਦ ਸ਼ਬਦ ਧੁਨਕਾਰ, ਧੁੰਨ ਅਨਾਦੀ ਆਪੇ ਗਾਈਆ। ਪਾਰਬ੍ਰਹਮ ਬ੍ਰਹਮ ਦੇ ਅਧਾਰ, ਬ੍ਰਹਮ ਵੇਤਾ ਕਰੇ ਪੜ੍ਹਾਈਆ। ਚਾਰੇ ਵੇਦ ਕਰ ਉਜਿਆਰ, ਜਾਗਰਤ ਜੋਤ ਜੋਤ ਜਗਾਈਆ। ਚਾਰੇ ਯੁਗ ਕਰ ਪਰਧਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੰਧਨ ਪਾਈਆ। ਚਾਰੇ ਵਰਨ ਵਰਨ ਨਿਸ਼ਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਮਾਰਗ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਮੰਗ ਮੰਗਾਈਆ। ਗੁਰ ਸ਼ਬਦ ਸੂਰਾ ਵਡ ਬਲਵਾਨ, ਪ੍ਰਭ ਅੱਗੇ ਸੀਸ ਝੁਕਾਇੰਦਾ। ਜੁਗ ਚੌਕੜੀ ਖੇਲ ਕਰਾਂ ਮਹਾਨ, ਲੋਕਮਾਤ ਵੇਖ ਵਖਾਇੰਦਾ। ਘਰ ਘਰ ਅੰਦਰ ਹੋ ਪਰਧਾਨ, ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਮਿਲਾਇੰਦਾ। ਕਵਣ ਵੇਲਾ ਹੋਏ ਮੇਲਾ, ਸ਼ਬਦੀ ਸ਼ਬਦ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਆਪਣੀ ਦਇਆ ਕਮਾਇੰਦਾ । ਸਰਗੁਣ ਨਿਰਗੁਣ ਨਿਰਗੁਣ ਸਰਗੁਣ ਅਚਰਜ ਖੇਲ ਆਪੇ ਖੇਲਾ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਦੇਵੇ ਮਾਤ, ਸ਼ਬਦੀ ਸ਼ਬਦ ਵਡ ਵਡਿਆਈਆ। ਯੁਗ ਚੌਕੜੀ ਖੇਲ ਦਿਵਸ ਰਾਤ, ਰਾਤੀ ਰੁੱਤੀ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਤ, ਦਾਤ ਅਨਮੁਲੜੀ ਆਪ ਵਰਤਾਈਆ। ਵੇਖਣਹਾਰਾ ਖੇਲ ਤਮਾਸ਼, ਨਿਰਗੁਣ ਸਰਗੁਣ ਰੂਪ ਵਟਾਈਆ। ਆਪਣੀ ਇਛਿਆ ਆਪੇ ਪੂਰੀ ਕਰੇ ਆਸ, ਆਪਣੀ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਆਪਣਾ ਖੇਲ ਰੱਖੇ ਹੱਥ, ਆਪਣੀ ਦਇਆ ਆਪ ਕਮਾਇੰਦਾ। ਜੁਗ ਜੁਗ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਨਿਰਗੁਣ ਸਰਗੁਣ ਮਾਰਗ ਦੱਸ, ਰੂਪ ਅਨੂਪ ਆਪ ਵਟਾਇੰਦਾ। ਗੁਰ ਗੁਰ ਰੂਪ ਹੋ ਪਰਗਟ, ਸ਼ਬਦੀ ਸ਼ਬਦ ਡੰਕ ਵਜਾਇੰਦਾ। ਆਤਮ ਪਰਮਾਤਮ ਕਰ ਕਰ ਦਾਸ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਕਰ ਨਿਵਾਸ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਮਾਣ ਦਿਵਾਇੰਦਾ। ਗੁਰ ਸ਼ਬਦੀ ਤੇਰਾ ਰੰਗ, ਹਰਿ ਜੂ ਹਰਿ ਹਰਿ ਆਪ ਚੜ੍ਹਾਇੰਦਾ। ਲੱਖ ਚੁਰਾਸੀ ਵੱਜੇ ਮਰਦੰਗ, ਗ੍ਰਹਿ ਤੇਰਾ ਨਾਦ ਸੁਣਾਇੰਦਾ। ਸ਼ਾਹ ਪਾਤਸ਼ਾਹ ਸੂਰਾ ਸਰਬੰਗ, ਸਤਿ ਸਿੰਘਾਸਣ ਸੋਭਾ ਪਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਕਿਰਨ ਕਿਰਨ ਨਾ ਕੋਇ ਰੁਸ਼ਨਾਇੰਦਾ। ਬੋਧ ਅਗਾਧਾ ਏਕਾ ਛੰਦ, ਪੁਰਖ ਅਬਿਨਾਸ਼ੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਮਾਰਗ ਏਕਾ ਲਾਇੰਦਾ। ਸ਼ਬਦੀ ਮਾਰਗ ਗੁਰ ਅਵਤਾਰ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਜੁਗ ਜੁਗ ਸੇਵਾ ਵਿਚ ਸੰਸਾਰ, ਨਿਰਗੁਣ ਸਰਗੁਣ ਲਏ ਕਮਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੀਵ ਜੰਤ ਕਰੇ ਪੜ੍ਹਾਈਆ। ਧੁਰ ਫ਼ਰਮਾਣਾ ਸਤਿ ਲਿਖਾਰ, ਲਿਖ ਲਿਖ ਲੇਖਾ ਮਾਤ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਵਾਰੋ ਵਾਰ, ਕਲਜੁਗ ਆਪਣਾ ਰੂਪ ਵਟਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰੇ ਖੇਲ ਅਗੰਮ ਅਪਾਰ, ਅਪਰੰਪਰ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਦੇਵੇ ਮਾਣ ਵਡਿਆਈਆ। ਗੁਰ ਸ਼ਬਦ ਤੇਰਾ ਨਾਦ, ਅਨਾਦੀ ਆਪ ਵਜਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬੋਧ ਅਗਾਧ, ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨ ਬਿਸਮਲ ਰੂਪ ਹੋ ਵਿਸਮਾਦ, ਕਲਮਾ ਕਲਾਮ ਨਬੀ ਰਸੂਲ ਆਪ ਪੜ੍ਹਾਇੰਦਾ। ਨਾਮ ਸਤਿ ਸਾਚੀ ਦਾਦ, ਧੁਰ ਮੰਤਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰੀ ਵੰਡ ਵੰਡਾਇੰਦਾ। ਸ਼ਬਦੀ ਵੰਡ ਅਗੰਮ ਅਪਾਰ, ਹਰਿ ਸਾਚਾ ਆਪ ਕਰਾਈਆ। ਜੁਗ ਚੌਕੜੀ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਜਣਾਈਆ। ਜੋਤੀ ਜਾਤਾ ਹੋ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇ ਅਧਾਰ, ਆਪਣਾ ਭੇਵ ਖੁਲ੍ਹਾਈਆ। ਵੇਸ ਵਟਾਏ ਗੁਰ ਅਵਤਾਰ, ਜੀਵ ਜੰਤ ਜੰਤ ਪੜ੍ਹਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਤਿਆਰ, ਲਿਖ ਲਿਖ ਲੇਖਾ ਜਗਤ ਸਮਝਾਈਆ। ਉਚੀ ਕੂਕ ਕੂਕ ਪੁਕਾਰ, ਭੇਵ ਅਭੇਦ ਖੁਲ੍ਹਾਈਆ। ਜੁਗ ਚੌਕੜੀ ਕਰ ਖੁਆਰ, ਨਾਤਾ ਮਾਤਲੋਕ ਤੁੜਾਈਆ। ਲੱਖ ਚੁਰਾਸੀ ਜੀਵ ਜੰਤ ਕਰਨਾ ਖ਼ਬਰਦਾਰ, ਸਚ ਸੰਦੇਸਾ ਇਕ ਸੁਣਾਈਆ। ਭਗਤ ਭਗਵੰਤ ਲਏ ਉਠਾਲ, ਆਪ ਆਪਣੀ ਬੂਝ ਬੁਝਾਈਆ। ਸਾਚੇ ਸੰਤਾਂ ਵਸੇ ਨਾਲ ਨਾਲ, ਸਾਂਤਕ ਸਤਿ ਕਰਾਈਆ। ਸਾਚੇ ਗੁਰਮੁਖਾਂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਗੁਰਸਿਖ ਵੇਖੇ ਸ਼ਾਹ ਕੰਗਾਲ, ਨਾਮ ਨਿਧਾਨਾ ਝੋਲੀ ਪਾਈਆ। ਸ਼ਬਦ ਸੁਤ ਚਾਰ ਜੁਗ ਤੇਰਾ ਹੱਲ ਕਰਾਏ ਤੇਰੇ ਕੋਲੋਂ ਸਵਾਲ, ਦੂਸਰ ਪੱਟੀ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਇਕ ਸਮਝਾਈਆ। ਸੁੱਤ ਦੁਲਾਰੇ ਕਰ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਸੇਵਾ ਲਾਏ ਨੌਂ ਸੌ ਚੁਰਾਨਵੇ ਚੌਕੜੀ ਜੁਗ ਵਾਰੋ ਵਾਰ, ਹੁਕਮੀ ਹੁਕਮ ਇਕ ਸਮਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰ ਉਜਿਆਰ, ਗੁਰ ਪੀਰ ਅਵਤਾਰ ਤੇਰਾ ਬੰਧਨ ਪਾਇੰਦਾ। ਪੰਜ ਤੱਤ ਕਾਇਆ ਚੋਲਾ ਖੇਲ ਨਿਆਰ, ਨਿਰਾਕਾਰ ਆਪ ਕਰਾਇੰਦਾ। ਸਾਚਾ ਨਾਉਂ ਵੇਖ ਵਿਚਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਝੋਲੀ ਪਾਇੰਦਾ। ਅੰਤਮ ਸਭ ਦਾ ਲਹਿਣਾ ਦੇਣਾ ਕਰਜ਼ ਉਤਾਰ, ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਹੁਕਮ ਹਰਿ ਸੁਣਾਇੰਦਾ। ਏਕਾ ਹੁਕਮ ਅੰਤਮ ਸੁਣ, ਗੁਰ ਸ਼ਬਦੀ ਸੀਸ ਨਿਵਾਇੰਦਾ। ਕਵਣ ਜਾਣੇ ਪ੍ਰਭ ਤੇਰੇ ਗੁਣ, ਭੇਵ ਕੋਇ ਨਾ ਆਇੰਦਾ। ਮੈਂ ਲੱਖ ਚੁਰਾਸੀ ਜੁਗ ਜੁਗ ਵੇਖਾਂ ਛਾਣ ਪੁਣ, ਨਾਮ ਮਧਾਣਾ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਮਿਲਾਇੰਦਾ । ਅੰਤਮ ਵੇਲਾ ਦੱਸ ਭਗਵਾਨ, ਤੇਰੇ ਅੱਗੇ ਸੀਸ ਨਿਵਾਇਆ। ਜੁਗ ਚੌਕੜੀ ਸੇਵਾ ਕਰਾਂ ਵਿਚ ਜਹਾਨ, ਬਣ ਸੇਵਕ ਸੇਵ ਕਮਾਇਆ। ਭਗਤਾਂ ਦੇਵਾਂ ਭਗਤੀ ਦਾਨ, ਸੰਤਨ ਸਾਚਾ ਨਾਮ ਦ੍ਰਿੜਾਇਆ। ਗੁਰਮੁਖਾਂ ਦੇਵਾਂ ਇਕ ਗਿਆਨ, ਗੁੰਗ ਮੁਖ ਆਪ ਪੜ੍ਹਾਇਆ। ਗੁਰਸਿਖਾਂ ਰਾਗ ਸੁਣਾਵਾਂ ਕਾਨ, ਰਸਨਾ ਜਿਹਵਾ ਨਾ ਕੋਇ ਹਿਲਾਇਆ। ਅੰਮ੍ਰਿਤ ਆਤਮ ਦੇਵਾਂ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਇਆ। ਸ਼ਬਦ ਅਨਾਦੀ ਧੁਰ ਫ਼ਰਮਾਣ, ਜੁਗ ਜੁਗ ਆਪ ਸੁਣਾਇਆ। ਲਿਖ ਲਿਖ ਲੇਖਾ ਕਰ ਪਰਵਾਨ, ਜਗਤ ਪਰਵਾਨਾ ਦਿਆਂ ਫੜਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਝੁਲੇ ਤੇਰਾ ਨਿਸ਼ਾਨ, ਨਿਸ਼ਾਨਾ ਨਜ਼ਰ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਅੰਤ ਹੋਏ ਸਹਾਇਆ। ਆਪਣਾ ਵੇਲਾ ਦੱਸ ਅੰਤ, ਤੇਰੇ ਅੱਗੇ ਮੰਗ ਮੰਗਾਈਆ । ਤੂੰ ਸਾਹਿਬ ਸੱਚਾ ਸ੍ਰੀ ਭਗਵੰਤ, ਬੇਅੰਤ ਤੇਰੀ ਵਡਿਆਈਆ। ਤੂੰ ਆਦਿ ਬਣਾਈ ਮੇਰੀ ਬਣਤ, ਆਪੇ ਬਣਿਆ ਪਿਤਾ ਮਾਈਆ। ਮੈਂ ਤੇਰੀ ਮਹਿਮਾ ਗਾ ਗਾ ਥੱਕਾ ਅਨਕ, ਭੇਵ ਕੋਇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਆਪਣਾ ਨੂਰ ਨੂਰ ਮਿਲਾਈਆ। ਵੇਲਾ ਅੰਤਮ ਦੱਸ ਮੇਰੇ ਮੀਤ, ਤੁਧ ਅੱਗੇ ਮੇਰੀ ਅਰਜ਼ੋਈਆ। ਚਾਰ ਜੁਗ ਗਾਵਾਂ ਤੇਰੇ ਗੀਤ, ਵਿਸ਼ਨ ਬ੍ਰਹਮਾ ਸ਼ਿਵ ਕਰ ਪੜ੍ਹਾਈਆ। ਗੁਰ ਅਵਤਾਰ ਚਲਾਵਣ ਰੀਤ, ਧੁਰ ਫ਼ਰਮਾਣਾ ਇਕ ਸੁਣਾਈਆ। ਤੇਰਾ ਖੇਲ ਕਰਾਂ ਅਨਡੀਠ, ਨਜ਼ਰ ਕਿਸੇ ਨਾ ਆਈਆ। ਮੈਂ ਇਕੋ ਮੰਗਾਂ ਸਚ ਪ੍ਰੀਤ, ਚਰਨ ਕਵਲ ਸੱਚੀ ਸਰਨਾਈਆ। ਤੂੰ ਬੈਠਾ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਮੈਂ ਖੇਲ ਕਰਾਵਾਂ ਲੋਕਮਾਤ ਮੰਦਰ ਮਸੀਤ, ਸ਼ਿਵਦੁਵਾਲੇ ਮੱਠ ਜਗਤ ਬਣਾਈਆ। ਜੁਗ ਚੌਕੜੀ ਵੇਖ ਰੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਕਵਣ ਵਕ਼ਤ ਆਪਣਾ ਬੰਧਨ ਆਪੇ ਪਾਈਆ। ਕਵਣ ਵੇਲਾ ਪਾਏ ਬੰਧਨ, ਦੋਏ ਜੋੜ ਬੰਧਨ ਸੀਸ ਝੁਕਾਇੰਦਾ। ਜੁਗ ਜੁਗ ਤੇਰਾ ਨਾਉਂ ਦੇਵਾਂ ਸਾਚਾ ਨੰਦਨ, ਅਨੰਦ ਅਨੰਦ ਅਨੰਦ ਇਕ ਵਖਾਇੰਦਾ। ਤੂੰ ਆਦਿ ਜੁਗਾਦੀ ਟੁੱਟੀ ਗੰਢਣ, ਤੇਰਾ ਭੇਵ ਕੋਇ ਨਾ ਪਾਇੰਦਾ। ਦੀਨ ਦਿਆਲ ਠਾਕਰ ਸੁਆਮੀ ਸਦਾ ਬਖ਼ਸ਼ੰਦਨ, ਹਉਂ ਭਿਖਕ ਮੰਗ ਮੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਤੇਰਾ ਸੁਣਾਵਾਂ ਛੰਦਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮਾਤ ਪਰਗਟਾਇੰਦਾ। ਤੂੰ ਸਭ ਨੂੰ ਦੇਵਣਹਾਰਾ ਦੰਡਨ, ਤੇਰੀ ਕੀਤੀ ਨਾ ਕੋਇ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤਮ ਤੇਰੇ ਮਿਲਣ ਦੀ ਇਕੋ ਆਸ ਰਖਾਇੰਦਾ। ਤੇਰੇ ਮਿਲਣ ਦੀ ਇਕੋ ਆਸ, ਮੈਂ ਹਰਿ ਜੂ ਹਰਿ ਰਖਾਈਆ। ਜੁਗ ਚੌਕੜੀ ਪਾਵਾਂ ਰਾਸ, ਗੋਪੀ ਕਾਹਨ ਮਾਤ ਨਚਾਈਆ। ਲੱਖ ਚੁਰਾਸੀ ਵੇਖ ਖੇਲ ਤਮਾਸ਼, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਜੁਗ ਚੌਕੜੀ ਕਰੇ ਨਾਸ, ਤੇਰੀ ਖ਼ੁਸ਼ੀ ਮਨਾਈਆ। ਸੇਵਾਂ ਕਰਾਂ ਬਣ ਦਾਸੀ ਦਾਸ, ਚਲਾਂ ਤੇਰੀ ਹੁਕਮ ਰਜ਼ਾਈਆ। ਕਵਣ ਵੇਲਾ ਸੱਦੇਂ ਆਪਣੇ ਪਾਸ, ਆਪਣਾ ਮੇਲਾ ਲਏਂ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਓਟ ਰਖਾਈਆ। ਤੇਰੀ ਓਟ ਮੇਰੇ ਭਗਵਾਨ, ਦੂਜੀ ਆਸ ਨਾ ਕੋਇ ਰਖਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਮਾਤ ਨਿਸ਼ਾਨ, ਨਿਰਗੁਣ ਸਰਗੁਣ ਆਪ ਝੁਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵਾਂ ਦਾਨ, ਨਾਮ ਤੇਰਾ ਝੋਲੀ ਪਾਇੰਦਾ। ਲੋਕਮਾਤ ਦੇ ਕੇ ਜਾਣ ਸਾਰੇ ਬਿਆਨ, ਬਿਨ ਹਰਿ ਅੰਤ ਪਾਰ ਨਾ ਕੋਇ ਕਰਾਇੰਦਾ। ਤੇਰਾ ਜਸ ਰਸਨਾ ਜਿਹਵਾ ਸਾਰੇ ਗਾਣ, ਅੰਤਰ ਆਤਮ ਧਿਆਨ ਸਰਬ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਤੇਰੇ ਅੱਗੇ ਝੋਲੀ ਇਕੋ ਰੱਖ, ਏਕਾ ਆਸ ਰਖਾਈਆ । ਕਵਣ ਵੇਲਾ ਹੋਏਂ ਪਰਤੱਖ, ਮੇਰੇ ਸਾਹਿਬ ਸੱਚੇ ਗੁਸਾਈਂਆ। ਮੇਰੀ ਪੂਰੀ ਕਰਨੀ ਆਸ, ਇਕੋ ਤੇਰੀ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੋ ਜਹਾਨ ਚੋਦਾਂ ਲੋਕ ਆਪਣਾ ਮਾਰਗ ਦੱਸ, ਅਵਣ ਗਵਣ ਫੇਰਾ ਪਾਈਆ। ਸਚਖੰਡ ਦੁਆਰੇ ਬਹੇ ਹੱਸ, ਥਿਰ ਘਰ ਮੇਰਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਪਣਾ ਪੜਦਾ ਦੇ ਖੁਲ੍ਹਾਈਆ। ਆਪਣਾ ਪੜਦਾ ਆਪੇ ਖੋਲ੍ਹ, ਦਰ ਤੇਰੇ ਸੀਸ ਨਿਵਾਇਆ। ਆਪਣਾ ਅੱਖਰ ਆਪੇ ਬੋਲ, ਨਿਸ਼ਅੱਖਰ ਲਏ ਪਰਗਟਾਇਆ। ਆਪਣਾ ਤੋਲ ਆਪੇ ਤੋਲ, ਤੋਲਣਹਾਰ ਬੇਪਰਵਾਹਿਆ। ਆਪਣਾ ਕਰ ਆਪੇ ਕੌਲ, ਕੀਤਾ ਕੌਲ ਭੁੱਲ ਨਾ ਜਾਇਆ। ਕਵਣ ਵੇਲਾ ਉਪਰ ਆਏ ਧੌਲ, ਧਰਨੀ ਧਰਨ ਧਵਲ ਚਰਨ ਛੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇ ਜਣਾਇਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਸ਼ਬਦੀ ਸੁਣ ਲਾ ਕਾਨ, ਇਕ ਧਿਆਨ ਲਗਾਈਆ। ਨਵ ਨੌਂ ਚਾਰ ਸਰਬ ਮਿਟ ਜਾਣ, ਥਿਰ ਕੋਇ ਰਹਿਣ ਨਾ ਪਾਈਆ। ਅੰਤਮ ਚੌਕੜ ਖੇਲ ਕਰੇ ਮਹਾਨ, ਸ੍ਰੀ ਭਗਵਾਨ ਬੇਪਰਵਾਹੀਆ। ਚਾਰ ਵੇਦ ਕਰ ਪਰਧਾਨ, ਸ਼ਾਸਤਰ ਸਿਮਰਤ ਨਾਲ ਮਿਲਾਈਆ। ਪੁਰਾਣ ਅਠਾਰਾਂ ਜਗਤ ਗਿਆਨ, ਗੀਤਾ ਗਿਆਨ ਕਰੇ ਰੁਸ਼ਨਾਈਆ। ਸਾਚਾ ਕਲਮਾ ਅੰਜ਼ੀਲ ਕੁਰਾਨ, ਕਾਇਆ ਕੁਰਾ ਆਪ ਵਖਾਈਆ। ਨਾਮ ਸਤਿ ਕਰ ਪਰਧਾਨ, ਵਾਹਿਗੁਰੂ ਡੰਕਾ ਇਕ ਵਜਾਈਆ। ਫਤਹਿ ਆਪਣੇ ਹੱਥ ਰੱਖੇ ਬਲਵਾਨ, ਆਪਣਾ ਭੇਵ ਨਾ ਕਿਸੇ ਜਣਾਈਆ। ਤੇਈ ਅਵਤਾਰ ਕਰ ਪਰਧਾਨ, ਤੇਰਾ ਸੰਗ ਰਖਾਈਆ। ਭਗਤ ਅਠਾਰਾਂ ਦੇਵੇ ਮਾਣ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਦੱਸ ਗੁਰ ਏਕਾ ਜੋਤੀ ਨੂਰ ਮਹਾਨ, ਨੂਰ ਨੁਰਾਨਾ ਨੁਰ ਕਰੇ ਰੁਸ਼ਨਾਈਆ। ਚਾਰ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਅਠਾਰਾਂ ਬਰਨ ਇਕ ਨਿਸ਼ਾਨ, ਹਰਿ ਕਾ ਨਾਉਂ ਦਏ ਸਮਝਾਈਆ। ਸਚ ਸੰਦੇਸਾ ਵਿਚ ਜਹਾਨ, ਬਿਨ ਪੜ੍ਹਿਆਂ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਅੰਤ ਦਏ ਜਣਾਈਆ। ਸ਼ਬਦੀ ਸੁਤ ਸੁਣ ਲੈ ਬਾਤ, ਦਾਤਾ ਦਾਨੀ ਆਪ ਜਣਾਇੰਦਾ । ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਜਾਣ ਗਾਥ, ਗਾਥਾ ਹਰਿ ਜੂ ਆਪਣੀ ਆਪ ਸੁਣਾਇੰਦਾ। ਨਿਰਗੁਣ ਸਰਗੁਣ ਹੋ ਹੋ ਚਲਾ ਕੇ ਜਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਅੱਖਰ ਵੱਖਰ ਦੇ ਦੇ ਜਾਏ ਪਾਠ, ਪੂਜਾ ਆਪਣਾ ਨਾਉਂ ਸਮਝਾਇੰਦਾ। ਦੇਵੇ ਸਾਰ ਤੀਰਥ ਤਾਟ, ਅਠਸਠ ਆਪਣਾ ਖੇਲ ਕਰਾਇੰਦਾ। ਚੌਦਾਂ ਲੋਕ ਖੋਲ੍ਹ ਹਾਟ, ਬਣ ਵਣਜਾਰਾ ਸੇਵ ਕਮਾਇੰਦਾ। ਚੌਦਾਂ ਤਬਕ ਏਕਾ ਦਾਤ, ਨੂਰ ਇਲਾਹੀ ਆਪ ਧਰਾਇੰਦਾ। ਆਪੇ ਬਣ ਪਾਕੀ ਪਾਕ, ਮੁਕਾਮੇ ਹੱਕ ਡੇਰਾ ਲਾਇੰਦਾ। ਪਰਵਰਦਿਗਾਰ ਖੋਲ੍ਹ ਤਾਕ, ਪੀਰ ਪੈਗ਼ੰਬਰ ਦਸਤਗੀਰ ਆਪ ਪੜ੍ਹਾਇੰਦਾ। ਆਪਣੀ ਰੱਖੇ ਇਕੋ ਜ਼ਾਤ, ਦੂਸਰੀ ਜਾਤ ਨਾ ਕੋਇ ਬਣਾਇੰਦਾ। ਲਿਖ ਲਿਖ ਲੇਖਾ ਕਲਮ ਦਵਾਤ, ਕਾਇਨਾਤ ਆਪ ਪੜ੍ਹਾਇੰਦਾ। ਤੇਈ ਅਵਤਾਰ ਅੰਤਮ ਮੰਗਣ ਸਾਥ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਭਗਤ ਅਠਾਰਾਂ ਟੇਕਣ ਮਾਥ, ਚਰਨ ਧੂੜ ਮੰਗ ਮੰਗਾਇੰਦਾ। ਗੁਰ ਦਸ ਪੁੱਛਣਹਾਰਾ ਆਪੇ ਵਾਤ, ਨਿਰਗੁਣ ਆਪਣਾ ਮੇਲ ਮਿਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖੇ ਮਾਰ ਝਾਤ, ਝਾਕੀ ਆਪਣੀ ਆਪ ਜਣਾਇੰਦਾ। ਕਲਜੁਗ ਵੇਖ ਅੰਧੇਰੀ ਰਾਤ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ਼ਬਦੀ ਤੇਰਾ ਰੱਖੇ ਸਾਥ, ਵਿਛੜ ਕਦੇ ਨਾ ਜਾਇੰਦਾ। ਜਿਸ ਨੂੰ ਲੱਭਦੇ ਰਹੇ ਤ੍ਰਿਲੋਕੀ ਨਾਥ, ਸੋ ਤਿੰਨਾਂ ਲੋਕਾਂ ਚਰਨਾਂ ਹੇਠ ਦਬਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵਣਹਾਰਾ ਦਾਤ, ਰੂਪ ਅਨੂਪ ਆਪ ਵਟਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਤ, ਗੋਦੀ ਗੋਦ ਨਾ ਕੋਇ ਸੁਹਾਇੰਦਾ। ਨਾ ਕੋਈ ਵਰਨ ਨਾ ਕੋਈ ਜਾਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਸਚ ਸੰਦੇਸਾ ਨਰ ਨਰੇਸ਼ਾ ਵਿਸ਼ਨ ਬ੍ਰਹਮਾ ਸ਼ਿਵ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਬਿਨ ਦੂਜਾ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਦੂਜਾ ਹੋਏ ਜਗ, ਜੀਵਣ ਜੁਗਤ ਨਾ ਕੋਇ ਜਣਾਈਆ। ਲੱਖ ਚੁਰਾਸੀ ਵੇਖਣਹਾਰਾ ਵੇਖੇ ਸੂਰਾ ਸਰਬੱਗ, ਸੂਰਬੀਰ ਬੇਪਰਵਾਹੀਆ। ਨਿਰਗੁਣ ਖੋਲ੍ਹੇ ਸਰਗੁਣ ਹੱਟ, ਸਾਚੀ ਵਸਤ ਇਕ ਟਿਕਾਈਆ। ਕਰੇ ਖੇਲ ਪੁਰਖ ਸਮਰਥ, ਆਪਣਾ ਵੇਲਾ ਅੰਤ ਦਏ ਸਮਝਾਈਆ। ਵੇਦ ਵਿਆਸਾ ਲਿਖ ਲਿਖ ਗਿਆ ਗਾਥ, ਕਲਜੁਗ ਅੰਤਮ ਆਏ ਨਿਹਕਲੰਕ ਸੱਚਾ ਮਾਹੀਆ। ਈਸਾ ਕਹੇ ਮੇਰਾ ਖ਼ੁਦਾਵੰਦ ਮੇਰਾ ਦੇਵੇ ਸਾਥ, ਕਦੇ ਨਾ ਹੋਏ ਜੁਦਾਈਆ। ਨਾਨਕ ਕਹੇ ਮਹਾਂਬਲੀ ਉਤਰੇ ਆਪਣੇ ਘਾਟ, ਜਨਨੀ ਜਨ ਨਾ ਕੋਇ ਵਡਿਆਈਆ। ਗੋਬਿੰਦ ਕਹੇ ਕਲ ਕਲਕੀ ਦੇਵੇ ਮੇਰਾ ਸਾਥ, ਸਗਲਾ ਸੰਗ ਨਿਭਾਈਆ। ਪੁਰਖ ਅਬਿਨਾਸ਼ੀ ਕਹੇ ਮੇਰਾ ਖੇਲ ਆਦਿ ਜੁਗਾਦਿ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਲਾਹੀਆ। ਆਪਣਾ ਪੜਦਾ ਦੇਵੇ ਲਾਹ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਸ਼ਬਦੀ ਓਟ ਲੈਣੀ ਰਖਾ, ਏਕਾ ਓਟ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਹਿਣਾ ਦੇਣਾ ਦਏ ਚੁਕਾ, ਥਿਰ ਕੋਇ ਰਹਿਣ ਨਾ ਪਾਇੰਦਾ। ਸੁਰਪਤ ਰਾਜਾ ਇੰਦ ਦਏ ਮਿਟਾ, ਕਰੋੜ ਤੇਤੀਸਾ ਮੁਖ ਛੁਪਾਇੰਦਾ। ਗੁਰ ਅਵਤਾਰਾਂ ਚਾਰ ਜੁਗ ਦਾ ਲਹਿਣਾ ਦਏ ਮੁਕਾ, ਪੀਰ ਪੈਗ਼ੰਬਰ ਝੋਲੀ ਆਪ ਭਰਾਇੰਦਾ। ਖਾਣੀ ਬਾਣੀ ਅੰਜੀਲ ਕੁਰਾਨੀ ਵੇਖੇ ਥਾਉਂ ਥਾਂ, ਲੇਖਾ ਸਭ ਦਾ ਆਪ ਮੁਕਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਹਿਲਾ, ਆਪਣਾ ਹੁਕਮ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਵੇਲਾ ਅੰਤਮ ਇਕ ਸਮਝਾਇੰਦਾ। ਵੇਲਾ ਅੰਤਮ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਕਲਜੁਗ ਅੰਤਮ ਮਾਇਆ ਪਏ ਬੇਅੰਤ, ਪੜਦਾ ਸਕੇ ਨਾ ਕੋਇ ਉਠਾਈਆ। ਭਰਮੇ ਭੁੱਲੇ ਸਾਧ ਸੰਤ, ਹਰਿ ਕਾ ਭੇਵ ਕੋਇ ਨਾ ਪਾਈਆ। ਨਾਰੀ ਸੇਜ ਨਾ ਮਾਣੇ ਕੰਤ, ਵਿਭਚਾਰ ਸਰਬ ਲੋਕਾਈਆ। ਘਰ ਘਰ ਹੋਏ ਗੜ੍ਹ ਹਉਮੇ ਹੰਗਤ, ਨਿਵਣ ਸੋ ਅੱਖਰ ਨਾ ਕੋਇ ਪੜ੍ਹਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਮੁੱਲਾ ਸ਼ੇਖ਼ ਨਾ ਕੋਇ ਚਤੁਰਾਈਆ। ਮਾਨਸ ਜਨਮ ਸਭ ਦਾ ਹੋਏ ਖੰਡਤ, ਨਾਮ ਖੰਡਾ ਹੱਥ ਨਾ ਕੋਇ ਉਠਾਈਆ। ਕਲਜੁਗ ਜੀਵ ਨਾਰ ਦੁਹਾਗਣ ਹੋਏ ਰੰਡਤ, ਸਚ ਸੁਹਾਗ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਕਲਜੁਗ ਅੰਤ ਅੰਧੇਰੀ ਰਾਤ, ਲੋਕਮਾਤ ਅੰਧੇਰਾ ਛਾਇੰਦਾ। ਕੋਈ ਨਾ ਗਾਏ ਸਾਚੀ ਗਾਥ, ਰਸਨਾ ਜਿਹਵਾ ਸਰਬ ਹਿਲਾਇੰਦਾ। ਨਾ ਕੋਈ ਸਹਾਈ ਤੀਰਥ ਤਾਟ, ਤਟ ਕਿਨਾਰਾ ਨਾ ਕੋਇ ਵਡਿਆਇੰਦਾ। ਕਿਸੇ ਨਾ ਮਿਲੇ ਸਾਚਾ ਨਾਤ, ਸਤਿਗੁਰ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅੰਤ ਆਪ ਸਮਝਾਇੰਦਾ। ਅੰਤਮ ਹਰਿ ਜੂ ਦੇਵੇ ਦੱਸ, ਆਪਣਾ ਭੇਵ ਖੁਲ੍ਹਾਈਆ। ਪੰਜ ਤੱਤ ਕਾਇਆ ਪੰਜ ਵਿਕਾਰਾ ਹੋਏ ਵਸ, ਮਨ ਮਨੂਆ ਆਪ ਭੁਵਾਈਆ। ਗੁਰ ਕਾ ਸ਼ਬਦ ਗੁਰਦੁਆਰਿਉਂ ਜਾਏ ਨੱਸ, ਸਤਿਗੁਰ ਨਜ਼ਰ ਕਿਸੇ ਨਾ ਆਈਆ। ਤ੍ਰੈਗੁਣ ਮਾਇਆ ਅੰਦਰ ਜੀਵ ਜਾਣ ਫਸ, ਨਾ ਕੋਈ ਸਕੇ ਫੰਦ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਏ ਵਡਿਆਈਆ। ਸ਼ਬਦ ਗੁਰ ਹਰਿ ਖੋਲ੍ਹੇ ਭੇਵ, ਅਭੇਦ ਆਪ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਤੇਰੀ ਸੇਵ, ਨਿਰਗੁਣ ਸਰਗੁਣ ਵਿਚ ਵਖਾਇੰਦਾ। ਤੇਰਾ ਨਾਉਂ ਅੰਮ੍ਰਿਤ ਰਸ ਮੇਵ, ਲੱਖ ਚੁਰਾਸੀ ਜਿਹਵਾ ਆਪ ਚਖਾਇੰਦਾ। ਲੇਖਾ ਜਾਣੇ ਵਡ ਦੇਵੀ ਦੇਵ, ਦੇਵਤ ਸੁਰ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਰੂਪ ਅੰਤ ਸਮਝਾਇੰਦਾ। ਤੇਰਾ ਰੂਪ ਸੁਤ ਦੁਲਾਰੇ, ਅੰਤ ਹਰਿ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰੇ, ਕਿਰਪਾ ਨਿਧ ਬੇਪਰਵਾਹੀਆ। ਗੋਬਿੰਦ ਲਾਲ ਕਰਕੇ ਤੈਨੂੰ ਪੁਕਾਰੇ, ਲੋਕਮਾਤ ਦਏ ਵਡਿਆਈਆ। ਚਾਰੇ ਜੁਗ ਬਣਾਏ ਤੇਰੇ ਦੁਲਾਰੇ, ਅੰਤਮ ਤੇਰੀਆਂ ਨੀਹਾਂ ਹੇਠ ਦਬਾਈਆ । ਚਾਰ ਵਰਨ ਹੋਣ ਖੁਆਰੇ, ਧੀਰਜ ਧੀਰ ਨਾ ਕੋਇ ਰਖਾਈਆ। ਚਾਰੋਂ ਕੁੰਟ ਝੂਠ ਲਲਕਾਰੇ, ਸਚ ਸੁੱਚ ਨਜ਼ਰ ਕੋਇ ਨਾ ਆਈਆ। ਗੁਰ ਕਾ ਸ਼ਬਦ ਨਾ ਕੋਇ ਵਿਚਾਰੇ, ਭਰਮੇ ਭੁੱਲੀ ਸਰਬ ਲੋਕਾਈਆ। ਧੀਆਂ ਭੈਣਾਂ ਕਰਨ ਵਣਜ ਵਪਾਰੇ, ਲੋਕਮਾਤ ਹੱਟ ਚਲਾਈਆ। ਮੰਦਰ ਮਸਜਦ ਮੱਠ ਸ਼ਿਵਦਵਾਲੇ ਹੋਣ ਖੁਆਰੇ, ਧੀਆਂ ਭੈਣਾਂ ਨੈਣ ਤਕਾਈਆ। ਚਾਰੋਂ ਕੁੰਟ ਹੋਏ ਅੰਧਿਆਰੇ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਨੀ ਧਰਤ ਧਵਲ ਕਰੇ ਪੁਕਾਰੇ, ਖੁਲ੍ਹੜੇ ਕੇਸ ਦਏ ਦੁਹਾਈਆ। ਕਲਜੁਗ ਜੀਵ ਮੇਰੀ ਪੱਤ ਰਹੇ ਲਿਤਾੜੇ, ਮੇਰੇ ਨੱਕ ਨੱਥ ਸੁਹਾਗ ਰਹਿਣ ਨਾ ਪਾਈਆ। ਚਾਰੋਂ ਕੁੰਟ ਲੱਗੇ ਵੇਸਵਾ ਅਖਾੜੇ, ਕਲਜੁਗ ਡੌਰੂ ਡੰਕਾ ਰਿਹਾ ਵਜਾਈਆ। ਸਾਧ ਸੰਤ ਕਰਨ ਵਿਭਚਾਰੇ, ਧੀਰਜ ਜਤ ਸਤਿ ਸੰਤੋਖ ਨਾ ਕੋਇ ਨਿਭਾਈਆ। ਸਰ ਸਰੋਵਰ ਅਠਸਠ ਤੀਰਥ ਨਾਰੀ ਪੁਰਸ਼ ਨੰਗੇ ਛਾਲਾ ਰਹੇ ਮਾਰੇ, ਅਛਲ ਅਛਲ ਤੇਰਾ ਭੈ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਰਿਹਾ ਸਮਝਾਈਆ। ਸ਼ਬਦੀ ਸੁਤ ਤੇਰਾ ਰੂਪ, ਗੋਬਿੰਦ ਧਾਰ ਚਲਾਇੰਦਾ। ਤੇਰਾ ਨਾਉਂ ਚਾਰ ਕੂਟ, ਨੌਂ ਖੰਡ ਪ੍ਰਿਥਮੀ ਡੰਕਾ ਇਕ ਵਜਾਇੰਦਾ। ਇਕੋ ਤਾਣਾ ਪੇਟਾ ਹੋਏ ਸੂਤ, ਏਕਾ ਚਰਖਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰਾ ਸਾਚਾ ਰੂਪ, ਗੋਬਿੰਦ ਨਾਉਂ ਧਰਾਇੰਦਾ। ਆਪਣਾ ਪੜਦਾ ਦੇਵੇ ਚੁੱਕ, ਕਰੇ ਮਿਹਰ ਮਿਹਰ ਮਿਹਰਵਾਨਾ। ਗੋਬਿੰਦ ਸੂਰਾ ਜਾਏ ਉਠ, ਜੋਧਾ ਮਰਦ ਮਰਦ ਮਰਦਾਨਾ। ਨੌਂ ਖੰਡ ਪ੍ਰਿਥਮੀ ਵੇਖੇ ਚਾਰੇ ਗੁਠ, ਦਹਿ ਦਿਸ਼ਾ ਹੋ ਪਰਧਾਨਾ। ਸ਼ਬਦੀ ਸ਼ਬਦ ਸੁਹਾਏ ਰੁੱਤ, ਰੁੱਤ ਰੁੱਤੜੀ ਆਪ ਮਹਿਕਾਨਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਲੇਖਾ ਜਾਣੇ ਦੋ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਮਾਰ ਧਿਆਨਾ। ਕਲਜੁਗ ਅੰਤਮ ਮਾਰ ਧਿਆਨ, ਲੱਖ ਚੁਰਾਸੀ ਵੇਖ ਵਖਾਈਆ। ਸ਼ਰਅ ਸ਼ਰੀਅਤ ਹੋਈ ਬੇਈਮਾਨ, ਬੇਪਰਵਾਹ ਨਾ ਕੋਇ ਮਿਲਾਈਆ। ਘਰ ਘਰ ਵੜਿਆ ਜਗਤ ਸ਼ੈਤਾਨ, ਪੰਚਮ ਤੱਤ ਕਰੇ ਲੜਾਈਆ। ਮੇਰਾ ਨਾਉਂ ਗੁਰ ਕਾ ਸ਼ਬਦ ਨਾ ਵੱਜੇ ਕਿਸੇ ਬਾਣ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਉਚੀ ਕੂਕ ਕੂਕ ਸਰਬ ਗਾਣ, ਆਪਣੀ ਕੂਕ ਨਾ ਸੁਣਾਏ ਕੋਇ ਸੱਚੇ ਮਾਹੀਆ। ਜੀਵ ਜੰਤਾਂ ਦੇ ਦੇ ਥੱਕੇ ਗਿਆਨ, ਆਪਣਾ ਗਿਆਨ, ਨੇਤਰ ਨਾ ਕੋਇ ਖੁਲ੍ਹਾਈਆ। ਬਿਨ ਹਰਿਨਾਮੇ ਹੋਏ ਖਿਜ਼ਾ, ਬਸੰਤੀ ਰੁੱਤ ਨਾ ਕੋਇ ਵਡਿਆਈਆ। ਸਿੰਮਲ ਰੁੱਖ ਜਗਤ ਲਹਿਰਾਣ, ਫਲ ਫੁਲ ਰਹਿਣ ਨਾ ਪਾਈਆ। ਗੋਬਿੰਦ ਮੰਗੇ ਏਕਾ ਦਾਨ, ਪੁਰਖ ਅਕਾਲ ਅੱਗੇ ਝੋਲੀ ਡਾਹੀਆ। ਮੇਰਾ ਨਾਉਂ ਤੇਰਾ ਗਿਆਨ, ਤੇਰਾ ਗਿਆਨ ਜਗਤ ਵਡਿਆਈਆ। ਤੇਰਾ ਮੰਦਰ ਸਚ ਅਸਥਾਨ, ਸਚ ਭੂਮਕਾ ਇਕ ਸੁਹਾਈਆ। ਤੂੰ ਸਾਹਿਬ ਸੱਚਾ ਸੁਲਤਾਨ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਮੈਂ ਤੱਕਾਂ ਤੇਰੀ ਆਣ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਤੂੰ ਔਣਾ ਵਿਚ ਜਹਾਨ, ਕਲਜੁਗ ਅੰਤਮ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਆਪਣੇ ਹੱਥ ਰਖਾਈਆ। ਅੰਤਮ ਲੇਖਾ ਹਰਿ ਨਿਰੰਕਾਰ, ਆਪਣਾ ਆਪ ਜਣਾਇੰਦਾ। ਕਲਜੁਗ ਆਏ ਅੰਤਮ ਵਾਰ, ਅੰਤ ਸਭ ਦਾ ਆਪ ਕਰਾਇੰਦਾ। ਨਿਰਗੁਣ ਨਿਰਵੈਰ ਹੋ ਤਿਆਰ, ਲੋਕਮਾਤ ਵੇਸ ਵਟਾਇੰਦਾ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰ, ਕਲ ਕਲਕੀ ਫੇਰਾ ਪਾਇੰਦਾ। ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਵਖਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਜੇਰਜ ਅੰਡਜ ਆਪ ਹਿਲਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਮਾਰ, ਸੀਸ ਤਾਜ ਨਾ ਕੋਇ ਟਿਕਾਇੰਦਾ। ਭਗਤਾਂ ਸੰਤਾਂ ਕਰੇ ਪਿਆਰ, ਸਿਰ ਆਪਣਾ ਹੱਥ ਟਿਕਾਇੰਦਾ । ਆਤਮ ਬ੍ਰਹਮ ਕਰੇ ਬਹਾਲ, ਪਾਰਬ੍ਰਹਮ ਆਪਣਾ ਮੇਲ ਮਿਲਾਇੰਦਾ। ਨਿਹਕਰਮੀ ਕਰੇ ਸਾਚਾ ਕਰਮ, ਕਰਮ ਕਾਂਡ ਨਾ ਕੋਇ ਜਣਾਇੰਦਾ। ਨਾਤਾ ਤੋੜੇ ਵਰਨ ਬਰਨ, ਏਕਾ ਰੂਪ ਵਖਾਇੰਦਾ। ਪੁਰਖ ਅਬਿਨਾਸ਼ੀ ਸਾਚੀ ਸਰਨ, ਗੋਬਿੰਦ ਗੁਰ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਸ਼ਬਦੀ ਆਪ ਭਰਾਇੰਦਾ। ਆਦਿ ਪੁਰਖ ਆਦਿ ਦਿਤਾ ਵਰ, ਅੰਤਮ ਮੇਲਾ ਸਹਿਜ ਸੁਭਾਈਆ। ਜੁਗ ਚੌਕੜੀ ਜਾਏ ਹਰ, ਗੁਰ ਪੀਰ ਅਵਤਾਰ ਜਾਵਣ ਪੰਧ ਮੁਕਾਈਆ। ਗੋਬਿੰਦ ਪੱਲੂ ਲਏ ਫੜ, ਦਰ ਘਰ ਸਾਚੇ ਵੱਜੇ ਵਧਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ, ਸਾਚੀ ਭੂਮਕਾ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਜਾਏ ਝੜ, ਜੂਠ ਝੂਠ ਦਏ ਖਪਾਈਆ। ਰੈਣ ਅੰਧੇਰੀ ਚੁੱਕੇ ਡਰ, ਭਿਆਨਕ ਰੂਪ ਨਾ ਕੋਇ ਜਣਾਈਆ। ਮਨਮੁਖਤਾ ਦੂਰ ਦੇਵੇ ਕਰ, ਮਨ ਵਾਸਨਾ ਦਏ ਖਪਾਈਆ। ਗੁਰਮਤ ਮਾਤ ਇਕੋ ਧਰ, ਨਾਨਕ ਗੋਬਿੰਦ ਕਰੇ ਪੜ੍ਹਾਈਆ। ਪੁਰਖ ਅਬਿਨਾਸ਼ੀ ਮਿਲੇ ਘਰ, ਘਰ ਘਰ ਵੱਜੇ ਵਧਾਈਆ। ਏਕਾ ਅੱਖਰ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਲੈਣ ਪੜ੍ਹ, ਦੂਸਰ ਹੋਰ ਨਾ ਕੋਇ ਪੜ੍ਹਾਈਆ। ਚੌਦਾਂ ਵਿਦਿਆ ਚੁਕਾਏ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਲੇਖਾ ਦਏ ਸਮਝਾਈਆ। ਕਲਜੁਗ ਵੇਲਾ ਅੰਤਮ ਔਣਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਨਿਰਗੁਣ ਜਾਮਾ ਪੌਣਾ, ਜੋਤੀ ਜੋਤ ਡਗਮਗਾਇੰਦਾ। ਈਸਾ ਮੂਸਾ ਪੰਧ ਮੁਕੌਣਾ, ਕਾਲਾ ਸੂਸਾ ਤਨ ਛੁਹਾਇੰਦਾ। ਸੰਗ ਮੁਹੰਮਦ ਡੇਰਾ ਢਾਹੁਣਾ, ਚਾਰ ਯਾਰੀ ਪੰਧ ਮੁਕਾਇੰਦਾ। ਹਕ ਹਕ਼ੀਕ਼ਤ ਵੇਖ ਵਖੌਣਾ, ਲਾਸ਼ਰੀਕ ਫੇਰਾ ਪਾਇੰਦਾ। ਜਗਤ ਤਾਰੀਕ ਮੇਟ ਮਿਟੌਣਾ, ਨੂਰੀ ਚੰਦ ਇਕ ਚੜ੍ਹਾਇੰਦਾ। ਚੌਦਾਂ ਤਬਕ ਪੜਦਾ ਲਾਹੁਣਾ, ਮੁਖ ਨਕ਼ਾਬ ਨਾ ਕੋਇ ਰਖਾਇੰਦਾ। ਸਾਚਾ ਅਸਵ ਇਕ ਦੁੜਾਉਣਾ, ਦੋ ਜਹਾਨਾਂ ਚਰਨਾਂ ਹੇਠ ਦਬਾਇੰਦਾ। ਸਾਚਾ ਢੋਲਾ ਏਕਾ ਗੌਣਾ, ਨਬੀ ਰਸੂਲਾਂ ਆਪ ਪੜ੍ਹਾਇੰਦਾ। ਦੀਨ ਮਜ਼੍ਹਬ ਕੋਈ ਰਹਿਣ ਨਾ ਪੌਣਾ, ਇਸਮ ਆਜ਼ਮ ਆਪਣਾ ਰੂਪ ਜਣਾਇੰਦਾ। ਮਿਹਬਾਨ ਬੀਦੋ ਖੇਲ ਕਰੌਣਾ, ਬਿਸਮਲ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਸਮਝਾਇੰਦਾ। ਕਲਜੁਗ ਅੰਤ ਆਏ ਭਗਵਾਨ, ਆਪਣਾ ਰੂਪ ਵਟਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੇ ਆਣ, ਹੁਕਮੀ ਹੁਕਮ ਹੁਕਮ ਮਨਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਸਰਬ ਜਸ ਗਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਸ਼ਰਅ ਹਦੀਸ ਨਾ ਦਿਸੇ ਕੋਇ ਈਮਾਨ, ਅਮਾਨਤ ਸਾਚਾ ਨਾਮ ਨਾ ਕੋਇ ਰਖਾਈਆ। ਪੰਚ ਵਿਕਾਰਾ ਹੋਏ ਗ਼ੁਲਾਮ, ਜਗਤ ਗ਼ੁਲਾਮੀ ਨਾ ਕੋਇ ਤੁੜਾਈਆ। ਸਾਚੇ ਨਬੀ ਨਾ ਕੋਇ ਸਲਾਮ, ਅਸਰਾਈਲ ਜ਼ਬਰਾਈਲ ਮੇਕਾਈਲ ਅਸਰਾਫ਼ੀਲ ਨਾ ਦੇਵੇ ਕੋਈ ਪੈਗ਼ਾਮ, ਸਚ ਸੰਦੇਸਾ ਨਾ ਕੋਇ ਅਲਾਈਆ। ਮੁਕਾਮੇ ਹਕ ਹਕ ਪੈਗ਼ਾਮ, ਪੁਰਖ ਅਬਿਨਾਸ਼ੀ ਇਕ ਸੁਣਾਈਆ। ਦਾਮਨਗੀਰ ਸਭ ਦਾ ਪਕੜੇ ਦਾਮਨ ਦਾਮ, ਸਾਚੀ ਜਾਮਨੀ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਸ਼ਬਦ ਸੁਤ ਰੱਖਣਾ ਯਾਦ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਲਜੁਗ ਅੰਤ ਸੁਣੇ ਫ਼ਰਯਾਦ, ਨਿਰਗੁਣ ਆਪਣਾ ਵੇਸ ਵਟਾਇੰਦਾ। ਆਪਣੇ ਵਿਚੋਂ ਆਪਾ ਕਾਢ, ਲੋਕਮਾਤ ਸੋਭਾ ਪਾਇੰਦਾ। ਨੌਂ ਖੰਡ ਪ੍ਰਿਥਮੀ ਦੇਵੇ ਆਪਣਾ ਦਾਨ, ਲੱਖ ਚੁਰਾਸੀ ਆਪ ਵਰਤਾਇੰਦਾ। ਏਕਾ ਸ਼ਬਦ ਏਕਾ ਗਾਥ, ਏਕਾ ਮੰਤਰ ਸਚ ਜਣਾਇੰਦਾ। ਏਕਾ ਖੇਲ ਇਕ ਤਮਾਸ਼, ਏਕਾ ਵੇਸ ਵਟਾਇੰਦਾ । ਇਕ ਰਥਵਾਹੀ ਏਕਾ ਰਾਥ, ਏਕਾ ਬਣ ਬਣ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦੀ ਸੁਤ ਮੇਲ ਮਿਲਾਇੰਦਾ। ਸ਼ਬਦੀ ਸੁਤ ਤੇਰਾ ਮੇਲਾ, ਸ੍ਰੀ ਭਗਵਾਨ ਆਪ ਕਰਾਈਆ। ਨਿਰਗੁਣ ਗੁਰੂ ਨਿਰਗੁਣ ਚੇਲਾ, ਗੋਬਿੰਦ ਮੇਲਾ ਪੁਰਖ ਅਕਾਲ ਸਚ ਸਮਝਾਈਆ । ਨਿਰਗੁਣ ਸੱਜਣ ਨਿਰਗੁਣ ਸੁਹੇਲਾ, ਨਿਰਗੁਣ ਸਗਲਾ ਸੰਗ ਨਿਭਾਈਆ। ਨਿਰਗੁਣ ਜਾਣੇ ਆਪਣਾ ਵਕ਼ਤ ਵੇਲਾ, ਸਰਗੁਣ ਭੇਵ ਕੋਇ ਨਾ ਪਾਈਆ। ਅਚਰਜ ਖੇਲ ਪਾਰਬ੍ਰਹਮ ਕਲਜੁਗ ਅੰਤਮ ਆਪਣਾ ਖੇਲਾ, ਰੂਪ ਅਨੂਪ ਵਟਾਈਆ। ਵਸਣਹਾਰਾ ਧਾਮ ਨਵੇਲਾ, ਸੰਬਲ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਅੰਤਮ ਬਾਂਹੋਂ ਫੜ ਫੜ, ਬਾਂਹੋਂ ਗਲੇ ਲਗਾਈਆ। ਅੰਤਮ ਬਾਂਹੋਂ ਲਏ ਫੜ, ਸਮਰਥ ਦਇਆ ਕਮਾਇੰਦਾ। ਸੰਬਲ ਨਗਰ ਆਪੇ ਵੜ, ਆਪਣਾ ਆਸਣ ਲਾਇੰਦਾ। ਸਾਚੇ ਪੌੜੇ ਆਪੇ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਅਧਵਿਚਕਾਰ ਨਾ ਜਾਏ ਅੜ, ਸਚਖੰਡ ਦੁਆਰੇ ਆਪਣਾ ਚਰਨ ਟਿਕਾਇੰਦਾ। ਥਿਰ ਘਰ ਆਪਣਾ ਅੱਖਰ ਪੜ੍ਹ, ਸ਼ਬਦੀ ਗੁਰ ਆਪ ਪੜ੍ਹਾਇੰਦਾ। ਕਲਜੁਗ ਅੰਤਮ ਲੇਖਾ ਜਾਣੇ ਨਾਰੀ ਨਰ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਕਿਲ੍ਹਾ ਤੋੜੇ ਹੰਕਾਰੀ ਗੜ੍ਹ, ਨਾਮ ਖੰਡਾ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੰਮਤ ਸੰਮਤੀ ਆਪਣਾ ਖੇਲ ਕਰਾਇੰਦਾ। ਸੰਮਤੀ ਸੰਮਤੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਚਾਰ ਜੁਗ ਦਾ ਅੰਤ ਕਿਨਾਰਾ, ਆਪੇ ਦਏ ਵਖਾਈਆ। ਸ਼ਾਸਤਰ ਸਿਮਰਤ ਕਹਿਣ ਆਯੂ ਲੱਖ ਚਾਰ ਬੱਤੀ ਹਜ਼ਾਰਾ, ਲਿਖ ਲਿਖ ਕਲਮ ਸ਼ਾਹੀਆ। ਗੁਣ ਅਵਗੁਣ ਗੋਬਿੰਦ ਵਿਚਾਰਾ, ਕਰਮਾਂ ਲੱਗੀ ਝੂਠੀ ਛਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਖੁਆਰਾ, ਵੇਖਣਹਾਰਾ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਸਾਚੇ ਭਗਤ ਕਰਨ ਪੁਕਾਰਾ, ਨੇਤਰ ਨੈਣਾਂ ਨੀਰ ਵਹਾਈਆ। ਤੁਧ ਬਿਨ ਅਵਰ ਨਾ ਕੋਇ ਸਹਾਰਾ, ਮੰਦਰ ਮਸਜਦ ਮੱਠ ਤੇਰਾ ਰੂਪ ਨਜ਼ਰ ਕਿਤੇ ਨਾ ਆਈਆ। ਨੌਂ ਖੰਡ ਪ੍ਰਿਥਮੀ ਘਰ ਘਰ ਹੋਇਆ ਹੰਕਾਰਾ, ਹਰਿ ਕੇ ਪੌੜੇ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖੇ ਥਾਉਂ ਥਾਈਂਆ। ਕਲਜੁਗ ਵੇਖੇ ਅੰਤਮ ਥਾਨ ਥਨੰਤਰ, ਦੋ ਜਹਾਨਾਂ ਫੇਰਾ ਪਾਇੰਦਾ। ਲੋਕਮਾਤ ਲੱਗੀ ਬਸੰਤਰ, ਅਗਨੀ ਤੱਤ ਸਰਬ ਜਲਾਇੰਦਾ। ਚਾਰ ਵਰਨ ਪੜ੍ਹ ਪੜ੍ਹ ਥੱਕੇ ਮੰਤਰ, ਮਨ ਵਾਸਨਾ ਬੰਦ ਨਾ ਕੋਇ ਕਰਾਇੰਦਾ। ਕੋਈ ਨਾ ਚੜ੍ਹੇ ਸਾਚੇ ਗਗਨ ਗਗਨੰਤਰ, ਘਰ ਬੰਕ ਨਾ ਕੋਇ ਸੁਹਾਇੰਦਾ। ਆਪਣੀ ਬਿਧ ਨਾ ਜਾਣੇ ਕੋਈ ਅੰਤਰ, ਆਤਮ ਪਰਮਾਤ਼ਮ ਨਾ ਕੋਇ ਮਿਲਾਇੰਦਾ। ਕਲਜੁਗ ਆਪਣੇ ਹੱਥ ਰੱਖਾ ਜਗਤ ਮੰਤਰ, ਜੂਠ ਝੂਠ ਨਾਲ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਕਲਜੁਗ ਅੰਤਮ ਤੇਰਾ ਮੇਰਾ ਇਕੋ ਘਰ, ਲੋਕਮਾਤ ਸਮਝਾਇੰਦਾ। ਲੋਕਮਾਤ ਇਕ ਦੁਆਰਾ, ਹਰਿ ਸ਼ਬਦ ਸੁਤ ਜਣਾਇੰਦਾ। ਸਾਢੇ ਤਿੰਨ ਹੱਥ ਵਸੇ ਮੁਨਾਰਾ, ਮੁਨੀ ਰਿਖੀ ਭੇਵ ਕੋਇ ਨਾ ਪਾਇੰਦਾ। ਤੇਰਾ ਨਾਦ ਵੱਜੇ ਧੁਨਕਾਰਾ, ਧੁਨ ਅਨਾਦੀ ਆਪ ਅਲਾਇੰਦਾ। ਮੇਰਾ ਨੂਰ ਹੋਏ ਚਮਤਕਾਰਾ, ਜੋਤੀ ਜੋਤ ਡਗਮਗਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਰ ਘਰ ਵੇਖ ਵਖਾਇੰਦਾ। ਗੁਰਮੁਖ ਸਾਚੇ ਲਏ ਉਭਾਰਾ, ਆਪ ਆਪਣਾ ਭੇਵ ਚੁਕਾਇੰਦਾ। ਚਰਨ ਕਵਲ ਦੇ ਸਹਾਰਾ, ਧਰਤ ਧਵਲ ਆਪ ਵਡਿਆਇੰਦਾ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਰਸ ਝਿਰਾਇੰਦਾ। ਨਿਰਗੁਣ ਦੀਆ ਕਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਆਤਮ ਸੇਜਾ ਕਰ ਪਿਆਰਾ, ਸੇਜ ਸੁਹੰਜਣੀ ਸੋਭਾ ਪਾਇੰਦਾ। ਸੁਰਤੀ ਸ਼ਬਦੀ ਇਕ ਦੁਆਰਾ, ਕੰਤ ਭਤਾਰ ਮੇਲ ਮਿਲਾਇੰਦਾ। ਰੰਗ ਰਲੀਆਂ ਮਾਣੇ ਅਗੰਮ ਅਪਾਰਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਜੀਵ ਕਰੇ ਖ਼ੁਆਰਾ, ਨੌਂ ਖੰਡ ਪ੍ਰਿਥਮੀ ਏਕਾ ਧੱਕਾ ਲਾਇੰਦਾ। ਸੰਮਤ ਸੰਮਤੀ ਖੇਲ ਕਰੇ ਅਪਾਰਾ, ਭੇਵ ਕੋਇ ਨਾ ਪਾਇੰਦਾ। ਵੀਹ ਸੌ ਅਠਾਰਾ ਬਿਕ੍ਰਮੀ ਪਾਰ ਕਿਨਾਰਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਏਕਾ ਨਾਇਆ ਲਗਾ ਅਖਾੜਾ, ਨੌਂ ਇਕ ਆਪਣਾ ਬੰਧਨ ਵਖਾਇੰਦਾ। ਦਸ ਦਸ ਬੀਸ ਬੀਸ ਬੀਸ ਜਗਦੀਸ ਆਪਣਾ ਪੜਦਾ ਲਾਹਿੰਦਾ। ਨਵ ਨੌਂ ਵੱਜੇ ਨਗਾਰਾ, ਚਾਰ ਚਾਰ ਸੁਣਾਇੰਦਾ। ਕਲਜੁਗ ਕਰੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਇੰਦਾ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸੋਹਣ ਇਕ ਦੁਆਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਏਕਾ ਨਾਉਂ ਹਰ ਘਟ ਥਾਉਂ ਸੁਣਾਏ ਆਪ ਜੈਕਾਰਾ, ਸੋ ਪੁਰਖ ਨਿਰੰਜਣ ਹੰ ਬ੍ਰਹਮ ਆਪ ਪੜ੍ਹਾਇੰਦਾ। ਹੰ ਬ੍ਰਹਮ ਦਏ ਅਧਾਰਾ, ਪਾਰਬ੍ਰਹਮ ਸਚ ਸਹਾਰਾ, ਦੋ ਜਹਾਨਾਂ ਪਾਰ ਕਿਨਾਰਾ ਸੋਹੰ ਨਾਉਂ ਜਣਾਇੰਦਾ। ਸਤਿਜੁਗ ਚਲੇ ਸਚ ਵਿਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਚੇਲਾ ਹਰਿ ਹਰਿ ਗੁਰ ਗੁਰ ਗੁਰ ਚੇਲਾ ਆਪਣੇ ਘਰ ਬਹਾਇੰਦਾ। ਆਪੇ ਘਰ ਆਪੇ ਤਾਕੀ, ਆਪੇ ਬੰਕ ਸੁਹਾਈਆ। ਆਪੇ ਭਵਿਖਤ ਵਾਕੀ, ਆਪੇ ਪੂਰ ਕਰਾਈਆ। ਆਪੇ ਗੋਬਿੰਦ ਬਣਿਆ ਸਾਕੀ, ਭਰ ਪਿਆਲਾ ਅੰਮ੍ਰਿਤ ਜਾਮ ਪਿਆਈਆ। ਆਪੇ ਲਹਿਣਾ ਦੇਣਾ ਚੁਕਾਏ ਬਾਕੀ, ਪੂਰਬ ਲੇਖਾ ਆਪਣੇ ਹੱਥ ਰਖਾਈਆ। ਆਪੇ ਕਰੇ ਵਸੇਰਾ ਤਨ ਖ਼ਾਕੀ, ਆਪੇ ਨੂਰੋ ਨੂਰ ਡਗਮਗਾਈਆ। ਆਪੇ ਖੋਲ੍ਹੇ ਚੌਦਾਂ ਹਾਟੀ, ਆਪੇ ਚੌਦਾਂ ਤਬਕ ਵਣਜ ਕਰਾਈਆ। ਆਪੇ ਕਰੇ ਖੇਲ ਬਾਜ਼ੀਗਾਰ ਨਾਟੀ, ਸਵਾਂਗੀ ਆਪਣਾ ਸਾਂਗ ਰਚਾਈਆ। ਆਪੇ ਗੁਰਮੁਖਾਂ ਚਾੜ੍ਹੇ ਸਾਚੀ ਘਾਟੀ, ਸਚਖੰਡ ਆਪ ਬਹਾਈਆ। ਆਪੇ ਦੀਆ ਆਪੇ ਬਾਤੀ, ਆਪੇ ਨੂਰ ਕਰੇ ਰੁਸ਼ਨਾਈਆ। ਆਪੇ ਅੰਮ੍ਰਿਤ ਬੂੰਦ ਸਵਾਂਤੀ, ਗੁਰਮੁਖਾਂ ਮੁਖ ਚੁਆਈਆ। ਆਪੇ ਮੇਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਆਪ ਸੁਣਾਏ ਸਾਚੀ ਗਾਥੀ, ਸੋਹੰ ਅੱਖਰ ਕਰੇ ਪੜ੍ਹਾਈਆ। ਆਪੇ ਸੱਜਣ ਸਾਚਾ ਸਾਖੀ, ਸਗਲਾ ਸੰਗ ਨਿਭਾਈਆ। ਆਪੇ ਖੇਲ ਕਰੇ ਬਹੁ ਬਿਧ ਭਾਂਤੀ, ਆਪੇ ਉਤਮ ਰੱਖੇ ਜ਼ਾਤੀ, ਵਰਨ ਬਰਨ ਨਾ ਵੰਡ ਵੰਡਾਈਆ। ਆਪੇ ਹੋਏ ਕਮਲਾਪਾਤੀ ਗੁਰਮੁਖ ਨਾਰ ਲਏ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸ਼ਬਦੀ ਧਾਰ ਜੋਤ ਉਜਿਆਰ, ਆਪਣਾ ਰੂਪ ਵਟਾਈਆ। ਆਪੇ ਸ਼ਬਦ ਆਪੇ ਨਾਦ, ਧੁੰਨ ਨਾਦ ਆਪ ਅਲਾਈਆ। ਆਪੇ ਸੰਤ ਆਪੇ ਸਾਧ, ਆਪੇ ਸਤਿਗੁਰ ਰੂਪ ਵਟਾਈਆ। ਆਪੇ ਨਾਮ ਨਿਧਾਨਾ ਗਾਏ ਬੋਧ ਅਗਾਧ, ਬੋਧ ਅਗਾਧ ਆਪੇ ਕਰੇ ਪੜ੍ਹਾਈਆ। ਆਪੇ ਮੋਹਣ ਮਾਧਵ ਮਾਧ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਈਆ। ਆਪੇ ਜੁਗ ਜੁਗ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਆਪੇ ਸ਼ਾਹ ਪਾਤਸ਼ਾਹ ਕਰੇ ਸੱਚਾ ਰਾਜ, ਸਾਚੇ ਤਖ਼ਤ ਬੈਠਾ ਸੱਚਾ ਸ਼ਹਿਨਸ਼ਾਹੀਆ। ਕਲਜੁਗ ਅੰਤ ਭਗਤ ਭਗਵੰਤ ਲੱਖ ਚੁਰਾਸੀ ਵਿਚੋਂ ਲਏ ਕਾਢ, ਆਪ ਆਪਣੀ ਗੋਦ ਬਹਾਈਆ। ਏਥੇ ਓਥੇ ਕਰੇ ਲਾਡ, ਦੋ ਜਹਾਨਾਂ ਹੋਏ ਸਹਾਈਆ। ਸ਼ਬਦੀ ਗੁਰ ਵੇਖੇ ਹਰਿ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤ ਦਏ ਸਮਝਾਈਆ। ਕਲਜੁਗ ਅੰਤ ਮੁੱਕਣਾ, ਮੁਕਾਵਣਹਾਰ ਕਰਤਾਰਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟ ਮਿਟਾਵਣਹਾਰਾ। ਤੀਰ ਨਿਸ਼ਾਨਾ ਕਦੇ ਨਾ ਉਕਣਾ, ਗੋਬਿੰਦ ਮਾਰੇ ਅੰਤਮ ਵਾਰਾ। ਕੂੜੀ ਕਿਰਿਆ ਬੇੜਾ ਡੁੱਬਣਾ, ਜੂਠ ਝੂਠ ਰਹੇ ਨਾ ਵਿਚ ਸੰਸਾਰਾ। ਪੁਰਖ ਅਕਾਲ ਸ਼ੇਰ ਏਕਾ ਬੁੱਕਣਾ, ਨੌਂ ਖੰਡ ਪ੍ਰਿਥਮੀ ਮਾਰੇ ਨਾਮ ਭਬਕਾਰਾ। ਸ਼ਾਹ ਸੁਲਤਾਨ ਦਿਨ ਦਿਹਾੜੇ ਲੁੱਟਣਾ, ਰਾਜ ਰਾਜਾਨਾਂ ਕਰੇ ਖੁਆਰਾ। ਜੂਠਾ ਝੂਠਾ ਬੂਟਾ ਪੁਟਣਾ, ਦੇਵੇ ਅੰਤ ਹੁਲਾਰਾ। ਲੱਖ ਚੁਰਾਸੀ ਕਲਜੁਗ ਪੌਦਾ ਸੁਕਣਾ, ਅੰਮ੍ਰਿਤ ਦੇਵੇ ਨਾ ਕੋਇ ਠੰਡਾ ਠਾਰਾ। ਗੁਰਮੁਖ ਵਿਰਲੇ ਆਵਣ ਜਾਵਣ ਚੁੱਕਣਾ, ਜਿਸ ਮਿਲਿਆ ਆਪ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਆਦਿ ਜੁਗਾਦੀ ਆਪੇ ਗੁਰ ਅਵਤਾਰਾ। ਆਦਿ ਜੁਗਾਦੀ ਏਕਾ ਗੁਰ, ਸਤਿਗੁਰ ਆਪਣਾ ਖੇਲ ਕਰਾਈਆ। ਆਦਿ ਜੁਗਾਦੀ ਲੇਖਾ ਜਾਣੇ ਧੁਰ, ਧੁਰ ਦੀ ਬਾਣ ਆਪ ਰਖਾਈਆ। ਚਾਰ ਵਰਨ ਦੀ ਸਾਚੀ ਸੁਰ, ਹਰਿ ਸੁਰਤੀ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਇਆ ਨਾਇਆ ਏਕਾ, ਇਕ ਨੌਂ ਵੇਖੇ ਥਾਉਂ ਥਾਈਂਆ। ਥਾਉਂ ਥਾਈਂ ਵੇਖਣਹਾਰਾ, ਦਿਸ ਕਿਸੇ ਨਾ ਆਇੰਦਾ। ਕਲਜੁਗ ਅੰਤਮ ਕਰੇ ਖੁਆਰਾ, ਲੋਕਮਾਤ ਮੇਟ ਮਿਟਾਇੰਦਾ। ਈਸਾ ਮੂਸਾ ਸੰਗ ਮੁਹੰਮਦ ਪਾਰ ਕਿਨਾਰਾ, ਅੱਲਾ ਰਾਣੀ ਮੁਖ ਨਕ਼ਾਬ ਪੜਦਾ ਆਪੇ ਲਾਹਿੰਦਾ। ਕਲਜੁਗ ਖੇਲ ਕਰੇ ਅਪਾਰਾ, ਆਪ ਆਪਣੀ ਬੂਝ ਬੁਝਾਇੰਦਾ। ਬੀਸ ਬੀਸਾ ਠਾਂਡਾ ਦਰਬਾਰਾ, ਸਤਿ ਸਤਿਵਾਦੀ ਆਪ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੇ ਭਗਤਾਂ ਆਪ ਜਗਾਇੰਦਾ। ਗੁਰਮੁਖ ਸਾਚੇ ਜਾਣਾ ਜਾਗ, ਸਤਿਗੁਰ ਸ਼ਬਦ ਆਪ ਜਗਾਈਆ। ਅੰਤਰ ਆਤਮ ਇਕ ਵੈਰਾਗ, ਬਣ ਵੈਰਾਗੀ ਆਪ ਵਖਾਈਆ। ਆਤਮ ਪਰਮਾਤਮ ਵੱਜੇ ਨਾਦ, ਅਨਾਦੀ ਧੁਨ ਧੁਨ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਜਗਾਈਆ। ਗੁਰਮੁਖ ਜਾਗੇ ਦਇਆਨਿਧ ਜਗਾਏ ਦੀਨਨ ਆਪਣੀ ਦਇਆ ਕਮਾਈਆ। ਜੁਗ ਜਨਮ ਦੇ ਵਿਛੜੇ ਲਏ ਮਿਲਾਏ, ਮੇਲਣਹਾਰਾ ਬੇਪਰਵਾਹੀਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪਰਬਤ ਨਜ਼ਰ ਕਿਸੇ ਨਾ ਆਏ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਜਿਸ ਜਨ ਰਹਿਮਤ ਰਹੀਮ ਰਹਿਮਾਨ ਆਪ ਕਰਾਏ, ਤਿਸ ਆਪਣੀ ਬੂਝ ਬੁਝਾਈਆ। ਰਾਤੀ ਸੁੱਤਿਆ ਲਏ ਮਿਲਾਏ, ਘਰ ਘਰ ਫੇਰਾ ਪਾਈਆ। ਰਾਮਾ ਕ੍ਰਿਸ਼ਨਾ ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਰੂਪ ਆਪ ਵਟਾਏ, ਅਨੂਪ ਆਪਣਾ ਖੇਲ ਕਰਾਈਆ। ਏਕਾ ਸ੍ਰਿਸ਼ਟ ਸਰਬ ਸੁਖਦਾਏ, ਦ੍ਰਿਸ਼ਟ ਇਸ਼ਟ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਲਏ ਫੜ, ਗੁਰ ਚੇਲੇ ਆਪਣੇ ਘਰ ਬਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਿਚ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ, ਨਿਰਗੁਣ ਆਪਣਾ ਆਪ ਸੇਵਾ ਲਾਈਆ।