Granth 11 Likhat 152: 17 Chet 2019 Bikarmi Pooran Singh de Greh Pind Sohal Jila Amritsar

੧੭ ਚੇਤ ੨੦੧੯ ਬਿਕ੍ਰਮੀ ਪੂਰਨ ਸਿੰਘ ਦੇ ਗ੍ਰਹਿ ਪਿੰਡ ਸੋਹਲ ਜ਼ਿਲਾ ਅੰਮ੍ਰਿਤਸਰ

ਨਿਰਗੁਣ ਆਪਣਾ ਪੜਦਾ ਦੇਵੇ ਲਾਹ, ਸੋ ਪੁਰਖ ਨਿਰੰਜਣ ਬੇਪਰਵਾਹੀਆ। ਸ਼ਬਦੀ ਗੁਰ ਬਣਾਏ ਮਲਾਹ, ਸਾਚਾ ਮਾਰਗ ਏਕਾ ਲਾਈਆ। ਨਿਰਗੁਣ ਸਰਗੁਣ ਦਏ ਸਲਾਹ, ਸਾਚੀ ਸਿਖਿਆ ਇਕ ਪਰਗਟਾਈਆ। ਲੱਖ ਚੁਰਾਸੀ ਏਕਾ ਨਾਂ, ਨਾਉਂ ਨਿਰੰਕਾਰਾ ਆਪ ਪੜ੍ਹਾਈਆ। ਕਾਇਆ ਮੰਦਰ ਵਖਾਏ ਸਚ ਮਕਾਂ, ਘਰ ਘਰ ਵਿਚ ਬੰਕ ਸੁਹਾਈਆ। ਸਤਿ ਸਤਿਵਾਦੀ ਇਕ ਨਿਸ਼ਾ, ਸਚ ਨਿਸ਼ਾਨਾ ਇਕ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਹਰਿ ਕਾ ਪੜਦਾ ਜਾਏ ਲੱਥ, ਹਰਿ ਜੂ ਹਰਿ ਹਰਿ ਆਪੇ ਲਾਹਿੰਦਾ। ਕਰੇ ਖੇਲ ਪੁਰਖ ਸਮਰਥ, ਨਿਰਗੁਣ ਆਪਣਾ ਬਲ ਧਰਾਇੰਦਾ। ਸ਼ਬਦ ਅਗੰਮੀ ਏਕਾ ਵਥ, ਦੋ ਜਹਾਨਾਂ ਆਪ ਵਰਤਾਇੰਦਾ। ਜੁਗਾ ਜੁਗੰਤਰ ਮਹਿਮਾ ਅਕੱਥ, ਕਥ ਕਥਨੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਪੜਦਾ ਹਰਿ ਜੂ ਲਾਹੁਣਾ, ਨਿਰਗੁਣ ਆਪਣੀ ਦਇਆ ਕਮਾਈਆ। ਲੋਕਮਾਤ ਫੇਰਾ ਪੌਣਾ, ਰੂਪ ਅਨੂਪ ਵੇਸ ਵਟਾਈਆ। ਸਾਚੀ ਨਗਰੀ ਆਸਣ ਲਾਉਣਾ, ਸੰਬਲ ਦੇਵੇ ਮਾਣ ਵਡਿਆਈਆ। ਸਾਢੇ ਤਿੰਨ ਹੱਥ ਬੰਕ ਵਡਿਔਣਾ, ਵਡ ਵਡਾ ਖੇਲ ਕਰਾਈਆ। ਆਪਣਾ ਭੇਵ ਆਪ ਖੁਲ੍ਹੌਣਾ, ਅਭੇਦ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਈਆ। ਪੜਦਾ ਲਾਹੇ ਹਰਿ ਕਰਤਾਰ, ਆਪਣੀ ਦਇਆ ਕਮਾਇੰਦਾ। ਨਿਰਗੁਣ ਜੋਤ ਕਰ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਤਖ਼ਤ ਨਿਵਾਸੀ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਜੁਗ ਚੌਕੜੀ ਸਚ ਵਿਹਾਰ, ਨਿਰਗੁਣ ਸਰਗੁਣ ਰਾਹ ਚਲਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਖਾਣੀ ਬਾਣੀ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਾਰ, ਲੇਖਾ ਸਭ ਦਾ ਆਪਣੇ ਵਿਚ ਛੁਪਾਇੰਦਾ। ਕਲਜੁਗ ਅੰਤਮ ਆਏ ਵਾਰ, ਦੋ ਜਹਾਨਾਂ ਵਾਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਆਪਣਾ ਆਪ ਕਰਾਈਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪ ਸੁਣਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਆਤਮ ਪਰਮਾਤਮ ਦੇਵੇ ਇਕ ਗਿਆਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਈਸ਼ ਜੀਵ ਕਰੇ ਕਲਿਆਣ, ਇਕ ਵਖਾਏ ਸਚ ਮਕਾਨ, ਗ੍ਰਹਿ ਮੰਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਆਪਣਾ ਭੇਵ ਦੇਵੇ ਖੋਲ੍ਹ, ਖੋਲ੍ਹਣਹਾਰ ਕਰਤਾਰਾ। ਸ਼ਬਦ ਅਗੰਮੀ ਏਕਾ ਬੋਲ, ਚਾਰ ਵਰਨ ਸੁਣਾਏ ਸਚ ਜੈਕਾਰਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੋਲੇ ਏਕਾ ਤੋਲ, ਨਿਰਗੁਣ ਸਰਗੁਣ ਬਣੇ ਵਣਜਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ। ਅਗੰਮ ਅਪਾਰ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਕਲਜੁਗ ਅੰਤਮ ਪਰਗਟ ਹੋ ਇਕ ਇਕੱਲਾ, ਅਕਲ ਕਲ ਆਪਣੀ ਧਾਰ ਚਲਾਈਆ। ਲੱਖ ਚੁਰਾਸੀ ਦੂਈ ਦਵੈਤੀ ਮੇਟੇ ਸੱਲਾ, ਹਉਮੇ ਹੰਗਤਾ ਮਾਇਆ ਮਮਤਾ ਦਏ ਗਵਾਈਆ। ਸ਼ਬਦੀ ਗੁਰ ਫੜਾਏ ਪੱਲਾ, ਘਰ ਘਰ ਆਪਣਾ ਬੰਧਨ ਪਾਈਆ। ਪੰਚ ਵਿਕਾਰ ਕਰੇ ਨਾ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਧਾਮ ਵਖਾਏ ਇਕ ਅਟੱਲਾ, ਮਹੱਲ ਅਚੱਲ ਬੇਪਰਵਾਹੀਆ। ਆਪਣੇ ਨੂਰ ਆਪੇ ਬਲਾ, ਦੀਵਾ ਬਾਤੀ ਨਾ ਕੋਇ ਟਿਕਾਈਆ । ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਣਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪ ਉਠਾਈਆ। ਪੜਦਾ ਉਠਾਏ ਸ੍ਰੀ ਭਗਵਾਨ, ਦੂਈ ਦਵੈਤੀ ਮੇਟ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਇਕ ਗਿਆਨ, ਚਾਰ ਵਰਨ ਅਠਾਰਾਂ ਬਰਨ ਆਪ ਸਮਝਾਇੰਦਾ। ਏਕਾ ਨਾਉਂ ਧੁਰ ਫ਼ਰਮਾਣ, ਸਚ ਸੰਦੇਸਾ ਰਾਗ ਅਲਾਇੰਦਾ। ਆਤਮ ਪਰਮਾਤਮ ਖੇਲ ਮਹਾਨ, ਪੰਜ ਤੱਤ ਕਾਇਆ ਚੋਲਾ ਸੇਜ ਹੰਢਾਇੰਦਾ। ਘਰ ਲੇਖਾ ਚੁੱਕੇ ਸਚ ਮਕਾਨ, ਗ੍ਰਹਿ ਮੰਦਰ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪੜਦਾ ਆਪੇ ਲਾਹਿੰਦਾ। ਪੜਦਾ ਲਾਹੇ ਦੀਨ ਦਿਆਲ, ਆਪਣੀ ਦਇਆ ਕਮਾਈਆ। ਘਰ ਵਿਚ ਘਰ ਵਖਾਏ ਸੱਚੀ ਧਰਮਸਾਲ, ਘਰ ਬੈਠਾ ਸੱਚਾ ਮਾਹੀਆ। ਘਰ ਦੀਵਾ ਬਾਤੀ ਜਗਾਏ ਲਾਲ ਗੁਲਾਲ, ਰੰਗ ਰੰਗੀਲਾ ਆਪਣਾ ਰੰਗ ਰੰਗਾਈਆ। ਅਨਹਦ ਸ਼ਬਦ ਵਜਾਏ ਤਾਲ, ਤਾਲ ਤਲਵਾੜਾ ਆਪਣਾ ਆਪ ਵਖਾਈਆ। ਅੰਮ੍ਰਿਤ ਆਤਮ ਠਾਂਡਾ ਦਏ ਪਿਆਲ, ਨਿਝਰ ਝਿਰਨਾ ਆਪ ਪਿਆਈਆ । ਸਾਚੇ ਤਖ਼ਤ ਦਏ ਬਹਾਲ, ਤਖ਼ਤ ਨਿਵਾਸੀ ਹੋਏ ਸਹਾਈਆ। ਨਾਤਾ ਤੋੜੇ ਅੰਤਮ ਕਾਲ, ਰਾਏ ਧਰਮ ਨਾ ਦਏ ਸਜਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਗੁਰਮੁਖ ਗੁਰਸਿਖ ਕਰੇ ਸਦਾ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਪੰਜ ਤੱਤ ਕਰੇ ਕੁੜਮਾਈਆ। ਬ੍ਰਹਮ ਮਤ ਇਕ ਸਿਖਾਲ, ਮਨ ਮਤ ਦਏ ਗਵਾਈਆ। ਸ਼ਬਦੀ ਗੁਰ ਚਲੇ ਨਾਲ ਨਾਲ, ਸੁਰਤੀ ਸ਼ਬਦ ਸ਼ਬਦ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਡੇਰਾ ਆਪੇ ਢਾਹੀਆ। ਦੂਈ ਢਾਹੇ ਕੰਧ, ਮਾਇਆ ਪੜਦਾ ਆਪ ਉਠਾਇੰਦਾ। ਗੀਤ ਸੁਣਾਏ ਸੁਹਾਗੀ ਛੰਦ, ਬਿਨ ਰਸਨਾ ਜਿਹਵਾ ਗਾਇੰਦਾ। ਜਨ ਭਗਤਾਂ ਦੇਵੇ ਇਕ ਅਨੰਦ, ਪਰਮਾਨੰਦ ਆਪ ਵਖਾਇੰਦਾ। ਖ਼ੁਸ਼ੀ ਕਰਾਏ ਬੰਦ ਬੰਦ, ਬੰਦੀਖਾਨਾ ਤੋੜ ਤੁੜਾਇੰਦਾ। ਹੋਏ ਪਰਕਾਸ਼ ਬਿਨ ਸੂਰਜ ਚੰਦ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਦਰਸ ਦਿਖਾਇੰਦਾ। ਗੁਰਸਿਖ ਦੇਵੇ ਹਰਿ ਜੂ ਦਰਸ, ਸਤਿਗੁਰ ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਪੂਰਬ ਲੇਖਾ ਝੋਲੀ ਪਾਇੰਦਾ। ਕਲਜੁਗ ਅੰਤਮ ਕਰਿਆ ਤਰਸ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਭੇਵ ਆਪ ਖੁਲ੍ਹਾਇੰਦਾ। ਹਰਿਜਨ ਭੇਵ ਖੋਲ੍ਹੇ ਆਪ, ਹਰਿ ਆਪਣੀ ਦਇਆ ਕਮਾਈਆ। ਸਤਿ ਜਪਾਏ ਏਕਾ ਜਾਪ, ਸੋਹੰ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਧੁਰਦਰਗਾਹੀ ਇਕੋ ਦਾਤ, ਜਨ ਸਾਚੇ ਝੋਲੀ ਆਪੇ ਪਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਚੰਦ ਚਾਂਦਨੀ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਦਇਆ ਕਮਾਈਆ। ਦਇਆ ਕਮਾਏ ਸੁਆਮੀ ਠਾਕਰ, ਸਿਰ ਆਪਣਾ ਹੱਥ ਰਖਾਇੰਦਾ। ਭਾਗ ਲਗਾਏ ਕਾਇਆ ਗਾਗਰ, ਘਰ ਘਰ ਵਿਚ ਖੇਲ ਕਰਾਇੰਦਾ। ਨਿਰਮਲ ਕਰਮ ਕਰ ਉਜਾਗਰ, ਹਰਿਜਨ ਆਪਣੀ ਬੂਝ ਬੁਝਾਇੰਦਾ। ਵਣਜ ਕਰਾਏ ਬਣ ਸੌਦਾਗਰ, ਨਾਮ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਨਾਮ ਸਤਿ ਸਮਝਾਇੰਦਾ। ਸਾਚਾ ਨਾਮ ਸੋਹੰ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਤਿਜੁਗ ਬਣੇ ਜਗਤ ਵਿਚੋਲਾ ਦੋ ਜਹਾਨਾਂ ਮੇਲ ਮਿਲਾਈਆ। ਆਪ ਉਠਾਏ ਪੜਦਾ ਉਹਲਾ, ਭੇਵ ਅਭੇਦ ਖੁਲ੍ਹਾਈਆ। ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਮੇਘ ਬਰਸਾਈਆ। ਦੇਵੇ ਵਡਿਆਈ ਉਪਰ ਧਵਲਾ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਸੋਹੰ ਨਿਸ਼ਅੱਖਰ ਆਪ ਪੜ੍ਹਾਈਆ। ਸੋਹੰ ਅੱਖਰ ਅਜੱਪਾ ਜਾਪ, ਹਰਿ ਜਾਪਤ ਜਪਤ ਕਰਾਇੰਦਾ। ਮੇਟਣਹਾਰ ਤੀਨੋ ਤਾਪ, ਤ੍ਰੈਗੁਣ ਅਗਨੀ ਆਪ ਬੁਝਾਇੰਦਾ। ਜਨਮ ਜਨਮ ਦੇ ਲਾਹੇ ਪਾਪ, ਪੱਤਤ ਪਾਪੀ ਪਾਰ ਕਰਾਇੰਦਾ। ਆਤਮ ਪਰਮਾਤਮ ਬਣਾਏ ਸੱਜਣ ਸਾਕ, ਸਗਲਾ ਸੰਗ ਵਖਾਇੰਦਾ। ਬੰਦ ਕਿਵਾੜਾ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਜਾਪ ਆਪ ਪਰਗਟਾਇੰਦਾ। ਸਾਚਾ ਜਾਪ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਪਰਗਟਾਈਆ। ਆਪਣੇ ਜੇਹਾ ਆਪੇ ਹੋ, ਗੁਰਮੁਖ ਆਪਣੇ ਨਾਲ ਮਿਲਾਈਆ। ਜਨਮ ਜਨਮ ਦੀ ਮੈਲ ਧੋ, ਨਿਰਮਲ ਨੀਰ ਨੀਰ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਵਡਿਆਈਆ। ਏਕਾ ਨਾਮ ਹਰਿ ਕਾ ਰੰਗ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਨਿਰਗੁਣ ਨਿਰਗੁਣ ਖੇਲ ਕਰੇ ਸੂਰਾ ਸਰਬੰਗ, ਸਰਗੁਣ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤਮ ਮੁਕਣਾ ਪੰਧ, ਥਿਰ ਮਾਤ ਰਹਿਣ ਨਾ ਪਾਇੰਦਾ। ਸਤਿਜੁਗ ਚੜ੍ਹਨਾ ਸਾਚਾ ਚੰਦ, ਸਤਿ ਸਤਿਵਾਦੀ ਆਪ ਚੜ੍ਹਾਇੰਦਾ। ਨੌਂ ਖੰਡ ਪ੍ਰਿਥਮੀ ਗੌਣਾ ਏਕਾ ਛੰਦ, ਸੋਹੰ ਢੋਲਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਬਿਨਾਸ਼ੀ ਕਰਤਾ ਕਰਤਾ ਪੁਰਖ ਜਗਤ ਵਿਚੋਲਾ ਆਪ ਅਖਵਾਇੰਦਾ।