੧੭ ਚੇਤ ੨੦੧੯ ਬਿਕ੍ਰਮੀ ਜਗੀਰ ਸਿੰਘ ਦੇ ਗ੍ਰਹਿ ਗਗੋਬੂਆ ਜ਼ਿਲਾ ਅੰਮ੍ਰਿਤਸਰ
ਗੁਰਸਿਖ ਗੁਰ ਗੁਰ ਦੇਵੇ ਦੇਣਾ, ਦੇਵਣਹਾਰ ਇਕ ਅਖਵਾਇੰਦਾ। ਜਨਮ ਜਨਮ ਦਾ ਮੁੱਕੇ ਲਹਿਣਾ, ਲਹਿਣਾ ਆਪਣੇ ਖਾਤੇ ਪਾਇੰਦਾ। ਦਰਸ ਦਿਖਾਏ ਨੇਤਰ ਨੈਣਾਂ, ਨੈਣ ਨੈਣਾਂ ਨਾਲ ਮਿਲਾਇੰਦਾ। ਤਨ ਬਸਤਰ ਪਾਏ ਇਕੋ ਗਹਿਣਾ, ਨਾਮ ਰੰਗੀਲਾ ਰੰਗ ਚੜ੍ਹਾਇੰਦਾ। ਸਤਿਗੁਰ ਸ਼ਬਦ ਸਾਕ ਸੱਜਣ ਸਾਚਾ ਸੈਣਾ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਝੋਲੀ ਆਪ ਭਰਾਇੰਦਾ। ਗੁਰਸਿਖ ਝੋਲੀ ਮਾਤ ਭਰ, ਹਰਿ ਜੂ ਆਪਣੀ ਦਇਆ ਕਮਾਈਆ। ਜੁਗ ਜੁਗ ਦੇਵਣਹਾਰਾ ਵਰ, ਦਾਤਾ ਦਾਨੀ ਬੇਪਰਵਾਹੀਆ। ਨਿਰਭੌ ਚੁਕਾਏ ਭੈ ਡਰ, ਭੈ ਆਪਣਾ ਇਕ ਰਖਾਈਆ। ਚਰਨ ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਧੁਵਾਈਆ। ਕਾਇਆ ਮੰਦਰ ਆਪੇ ਵੜ, ਆਪਣਾ ਪੜਦਾ ਲਾਹੀਆ। ਸਾਚੇ ਪੌੜੇ ਆਪੇ ਚੜ੍ਹ, ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਲਹਿਣਾ ਦੇਣਾ ਹੱਥ ਨਿਰੰਕਾਰ, ਜੁਗ ਜੁਗ ਖੇਲ ਕਰਾਇੰਦਾ। ਸਾਚੇ ਭਗਤਾਂ ਕਰੇ ਪਿਆਰ, ਪ੍ਰੇਮ ਆਪਣਾ ਇਕ ਸਿਖਾਇੰਦਾ। ਸਾਚੇ ਹੱਟ ਬਣੇ ਵਣਜਾਰ, ਨਾਮ ਹੱਟ ਇਕ ਖੁਲ੍ਹਾਇੰਦਾ। ਸਾਚੇ ਘਰ ਕਰ ਉਜਿਆਰ, ਘਰ ਘਰ ਵਿਚ ਦੀਪ ਜਗਾਇੰਦਾ। ਗ੍ਰਹਿ ਮੰਦਰ ਸੁਣਾਏ ਨਾਦ ਸ਼ਬਦ ਧੁੰਨਕਾਰ, ਅਨਹਦ ਨਾਦੀ ਨਾਦ ਵਜਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਘਰ ਸਾਚੇ ਰਾਸ ਰਚਾਇੰਦਾ। ਗੁਰਸਿਖ ਪ੍ਰੇਮ ਵੱਜੇ ਤਾਰ, ਬਿਨ ਤੰਦੀ ਤਾਰ ਇਕ ਹਲਾਇੰਦਾ। ਆਤਮ ਪਰਮਾਤਮ ਦੇ ਅਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਬ੍ਰਹਮ ਪਾਵੇ ਸਾਰ, ਦੂਈ ਦਵੈਤੀ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲਹਿਣਾ ਗੁਰ ਗੁਰ ਦੇਣਾ, ਸਾਚਾ ਖੇਲ ਆਪ ਕਰਾਇੰਦਾ। ਦੇਵਣਹਾਰ ਪੁਰਖ ਸਮਰਥ, ਆਦਿ ਜੁਗਾਦਿ ਵਡੀ ਵਡਿਆਈਆ। ਜੁਗ ਜੁਗ ਜਨ ਭਗਤਾਂ ਦੇਵੇ ਨਾਮ ਵਥ, ਵਸਤ ਅਮੋਲਕ ਝੋਲੀ ਪਾਈਆ। ਸਾਚੇ ਸੰਤਾਂ ਮਾਰਗ ਦੱਸ, ਆਪਣਾ ਭੇਵ ਖੁਲ੍ਹਾਈਆ। ਗੁਰਮੁਖਾਂ ਅੰਤਰ ਆਪੇ ਵਸ, ਆਪਣੀ ਬੂਝ ਬੁਝਾਈਆ। ਗੁਰਸਿਖਾਂ ਦੇਵੇ ਇਕੋ ਰਸ, ਨਿਝਰ ਝਿਰਨਾ ਅੰਮ੍ਰਿਤ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਏਕਾ ਘਰ ਵਖਾਈਆ। ਏਕਾ ਘਰ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਆਪ ਪਰਗਟਾਇੰਦਾ। ਨਿਰਗੁਣ ਸਰਗੁਣ ਰੱਖੇ ਵਾਸ, ਸਰਗੁਣ ਨਿਰਗੁਣ ਮੇਲ ਮਿਲਾਇੰਦਾ। ਜਨਮ ਜਨਮ ਭਗਤਾਂ ਪੂਰੀ ਕਰੇ ਆਸ, ਆਪਣੀ ਆਸਾ ਪੂਰ ਆਪ ਵਖਾਇੰਦਾ। ਲਹਿਣਾ ਦੇਣਾ ਤੋੜ ਪ੍ਰਿਥਮੀ ਅਕਾਸ਼, ਗਗਨ ਮੰਡਲ ਪੰਧ ਆਪ ਮੁਕਾਇੰਦਾ। ਘਰ ਵਿਚ ਘਰ ਵਖਾਏ ਰਾਸ, ਗੋਪੀ ਕਾਹਨ ਨਚਾਏ ਨਾਚ, ਮਧੁਰ ਧੁਨ ਆਪ ਸੁਣਾਇੰਦਾ। ਸਦਾ ਸੁਹੇਲਾ ਇਕ ਅਕੇਲਾ ਸਤਿਗੁਰ ਪੂਰਾ ਵਸੇ ਪਾਸ, ਸਾਚੇ ਮੰਦਰ ਆਸਣ ਪੁਰਖ ਅਬਿਨਾਸਣ ਆਪਣਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਹਿਣਾ ਆਪਣੇ ਹੱਥ ਰਖਾਇੰਦਾ। ਗੁਰਸਿਖ ਲਹਿਣਾ ਲੋਕਮਾਤ, ਗੁਰ ਸਤਿਗੁਰ ਆਪ ਚੁਕਾਈਆ। ਆਵਣ ਜਾਵਣ ਚੁੱਕੇ ਵਾਟ, ਲੱਖ ਚੁਰਾਸੀ ਰਹਿਣ ਨਾ ਪਾਈਆ। ਏਕਾ ਨਾਮ ਸੁਣਾਏ ਸਾਚੀ ਗਾਥ, ਲਿਖਣ ਪੜ੍ਹਨ ਵਿਚ ਨਾ ਆਈਆ। ਮੇਟੇ ਰੈਣ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਈਆ। ਏਥੇ ਓਥੇ ਦੋ ਜਹਾਨਾਂ ਪੁੱਛੇ ਵਾਤ, ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਹੋਏ ਸਹਾਈਆ। ਗੁਰਮੁਖ ਲਹਿਣਾ ਦੇਵੇ ਜੱਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਜਗਤ ਤ੍ਰਿਸਨਾ ਮੇਟੇ ਅੱਗ, ਦੂਜੀ ਹਵਸ ਨਾ ਕੋਇ ਵਖਾਇੰਦਾ। ਸਤਿ ਸੰਤੋਖੀ ਬੰਨ੍ਹੇ ਤੱਗ, ਨਾਮ ਡੋਰ ਇਕ ਰਖਾਇੰਦਾ। ਫੜ ਫੜ ਹੰਸ ਬਣਾਏ ਕੱਗ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅਲੱਗ, ਆਪਣਾ ਬੰਧਨ ਆਪੇ ਪਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਰੂਪ ਪਰਗਟਾਇੰਦਾ। ਤ੍ਰੈਗੁਣ ਮਾਇਆ ਡੱਸੇ ਨਾ ਡਸਣੀ ਨਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਆਪ ਵਖਾਇੰਦਾ। ਗੁਰਸਿਖ ਲੇਖਾ ਧੁਰ ਦਰਬਾਰ, ਧੁਰ ਦਰਬਾਰੀ ਆਪ ਜਣਾਈਆ। ਮਾਨਸ ਜਨਮ ਪੈਜ ਦਏ ਸਵਾਰ, ਜਿਸ ਜਨ ਆਪਣਾ ਮੇਲ ਮਿਲਾਈਆ। ਮਾਤ ਗਰਭ ਉਲਟਾ ਰੁਖ ਦੁੱਖ ਦਏ ਨਿਵਾਰ, ਹਵਨ ਕੁੰਡ ਨਾ ਕੋਇ ਤਪਾਈਆ। ਦਰਸ ਦਿਖਾਏ ਆਪ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਈਆ। ਗੁਰਮੁਖ ਤੇਰਾ ਲੇਖਾ ਲਿਖਿਆ ਨਾ ਜਾਏ ਵਿਚ ਸੰਸਾਰ, ਬ੍ਰਹਮਾ ਵੇਤਾ ਦਏ ਦੁਹਾਈਆ। ਭੇਵ ਨਾ ਪਾਇਨ ਵੇਦ ਚਾਰ, ਪੁਰਾਨ ਅਠਾਰਾਂ ਰਹੇ ਕੁਰਲਾਈਆ । ਭਗਤ ਭਗਵਾਨ ਵਸਣ ਇਕ ਦੁਆਰ, ਸਚਖੰਡ ਸਾਚੇ ਡੇਰਾ ਲਾਈਆ। ਮਹੱਲ ਅਟੱਲ ਉਚ ਮੁਨਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਤਖ਼ਤ ਨਿਵਾਸੀ ਏਕੰਕਾਰ, ਸਾਚੇ ਤਖ਼ਤ ਬੈਠਾ ਸ਼ਹਿਨਸ਼ਾਹੀਆ। ਹੁਕਮੀ ਹੁਕਮ ਕਰੇ ਵਰਤਾਰ, ਹੁਕਮੇ ਹੁਕਮ ਸਰਬ ਭੁਵਾਈਆ। ਹੁਕਮੇ ਅੰਦਰ ਲਹਿਣਾ ਦੇਣਾ ਕਰਜ਼ ਦਏ ਉਤਾਰ, ਮਕਰੂਜ਼ ਆਪਣਾ ਪੱਲਾ ਆਪ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਵੇਖੇ ਥਾਉਂ ਥਾਈਂਆ। ਹਰਿਜਨ ਲੇਖਾ ਥਾਨ ਥਨੰਤਰ, ਦੋ ਜਹਾਨਾਂ ਵਾਲੀ ਵੇਖ ਵਖਾਇੰਦਾ। ਪਾਵੇ ਸਾਰ ਗਗਨ ਗਗਨੰਤਰ, ਗਗਨ ਮੰਡਲ ਆਪਣਾ ਫੇਰਾ ਪਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਲੱਗੀ ਬਸੰਤਰ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਚਾਰ ਜੁਗ ਦਾ ਭੁੱਲਿਆ ਮੰਤਰ, ਨਮੋ ਸਤਿ ਸਤਿ ਨਾਮ ਰਾਮ ਅਕਸਰ ਨਜ਼ਰ ਕਿਸੇ ਨਾ ਆਇੰਦਾ। ਚਾਰ ਵਰਨ ਅਠਾਰਾਂ ਬਰਨ ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਗ਼ੁਲਾਮ, ਜਗਤ ਗ਼ੁਲਾਮੀ ਨਾ ਕੋਇ ਤੁੜਾਇੰਦਾ। ਪੀਰ ਪੈਗ਼ੰਬਰ ਕਾਇਆ ਮੰਦਰ ਅੰਦਰ ਸੁਣਾਏ ਨਾ ਕੋਇ ਪੈਗ਼ਾਮ, ਸ਼ਰਅ ਸ਼ਰੀਅਤ ਘਰ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਵਿਰਲਾ ਆਪ ਉਠਾਇੰਦਾ। ਗੁਰਮੁਖ ਉਠੇ ਜਾਏ ਜਾਗ, ਸਤਿਗੁਰ ਸਾਚਾ ਆਪ ਜਗਾਈਆ। ਆਤਮ ਅੰਤਰ ਦਏ ਵੈਰਾਗ, ਵੈਰਾਗੀ ਆਪਣਾ ਭੇਵ ਖੁਲ੍ਹਾਈਆ। ਪੰਜ ਤੱਤ ਕਾਇਆ ਸਾਜਣ ਸਾਜ, ਨਿਰਗੁਣ ਸਰਗੁਣ ਆਪਣਾ ਬੰਧਨ ਪਾਈਆ। ਘਰ ਘਰ ਵਿਚ ਕਰੇ ਆਪਣਾ ਕਾਜ਼, ਸੁਰਤੀ ਸ਼ਬਦ ਸ਼ਬਦ ਕੁੜਮਾਈਆ। ਸਚ ਸੰਦੇਸਾ ਦੇਵੇ ਮਾਰ ਅਵਾਜ਼, ਬੋਧ ਅਗਾਧਾ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੀ ਬੂਝ ਬੁਝਾਈਆ। ਗੁਰਮੁਖ ਬੁਝੇ ਗੁਰ ਗੁਰ ਗਿਆਨ, ਗੁਰ ਦੀਨਨ ਦਇਆ ਕਮਾਇੰਦਾ। ਚਰਨ ਕਵਲ ਇਕ ਧਿਆਨ, ਸਰਨ ਸਰਨਾਈ ਇਕ ਸਮਝਾਇੰਦਾ। ਧੁਰ ਫ਼ਰਮਾਣਾ ਸਤਿ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲਹਿਣਾ ਗੁਰਮੁਖ ਝੋਲੀ ਆਪ ਭਰਾਇੰਦਾ। ਗੁਰਮੁਖ ਝੋਲੀ ਭਰੇ ਕਰਤਾਰਾ, ਕਰਤਾ ਆਪਣੀ ਕਿਰਤ ਕਮਾਈਆ। ਲੋਕਮਾਤ ਜੁਗ ਜੁਗ ਬਣੇ ਵਰਤਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤਮ ਖੇਲ ਕਰੇ ਨਿਰਾਕਾਰਾ, ਨਿਰਗੁਣ ਆਪਣਾ ਵੇਸ ਵਟਾਈਆ। ਸ਼ਬਦ ਅਗੰਮੀ ਇਕ ਭੰਡਾਰਾ, ਧੁਰਦਰਗਾਹੀ ਲੈ ਕੇ ਆਈਆ। ਸੋਹੰ ਨਾਉਂ ਬੋਲ ਜੈਕਾਰਾ, ਆਤਮ ਪਰਮਾਤਮ ਕਰੇ ਕੁੜਮਾਈਆ। ਸਾਚੇ ਮੰਦਰ ਮੇਲ ਮਿਲਾਏ ਮੇਲਣਹਾਰਾ, ਘਰ ਘਰ ਵਿਚ ਖ਼ੁਸ਼ੀ ਮਨਾਈਆ। ਨਾਦ ਅਨਾਦੀ ਇਕ ਧੁਨਕਾਰਾ, ਧੁਨ ਆਤਮਕ ਰਾਗ ਸੁਣਾਈਆ। ਗੁਰਮੁਖ ਤੇਰਾ ਪਿਛਲਾ ਲਹਿਣਾ ਕਰਜ਼ ਉਤਾਰਾ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਬਾਂਹੋਂ ਪਕੜ ਉਠਾਏ ਅਗੰਮ ਅਪਾਰਾ, ਅਗੰਮ ਅਗੰਮੜਾ ਰਾਹ ਚਲਾਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਦਏ ਵਖਾਈਆ। ਏਕਾ ਸਤਿਗੁਰ ਸੱਜਣ ਮੀਤ ਮੁਰਾਰਾ, ਪੁਰਖ ਅਕਾਲ ਨਜ਼ਰੀ ਆਈਆ। ਪੰਜ ਤੱਤ ਨਾ ਕੋਇ ਸਹਾਰਾ, ਗੁਰ ਸ਼ਬਦ ਹੋਏ ਸਹਾਈਆ। ਲਹਿਣਾ ਦੇਣਾ ਚੁਕੇ ਵਿਚ ਸੰਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਲੱਖ ਚੁਰਾਸੀ ਵਿਚੋਂ ਆਪ ਪਛਾਣ, ਆਪਣਾ ਬੰਧਨ ਨਾਮ ਡੋਰ ਏਕਾ ਪਾਈਆ।
