Granth 11 Likhat 157: 18 Chet 2019 Bikarmi Inder Singh de Greh Jhubal Jila Amritsar

੧੮ ਚੇਤ ੨੦੧੯ ਬਿਕ੍ਰਮੀ ਇੰਦਰ ਸਿੰਘ ਦੇ ਗ੍ਰਹਿ ਝੁਬਾਲ ਜ਼ਿਲਾ ਅੰਮ੍ਰਿਤਸਰ

ਕਿਰਪਾ ਕਰੇ ਪੁਰਖ ਸਮਰਥ, ਹਰਿ ਸਤਿਗੁਰ ਦਇਆ ਕਮਾਇੰਦਾ। ਧੁਰਦਰਗਾਹੀ ਸਾਚੀ ਵਥ, ਸਤਿ ਸਤਿਵਾਦੀ ਆਪ ਵਰਤਾਇੰਦਾ। ਜੁਗ ਜੁਗ ਖੇਲ ਅਲੱਖਨਾ ਅਲੱਖ, ਅਲਖ ਅਗੋਚਰ ਆਪ ਕਰਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਤਿ ਸਤਿਵਾਦੀ ਮਾਰਗ ਦੇਵੇ ਦੱਸ, ਸਾਚਾ ਰਾਹ ਆਪ ਚਲਾਇੰਦਾ। ਚਾਰ ਵਰਨਾਂ ਮੇਲ ਮਿਲਾਏ ਹੱਸ ਹੱਸ, ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਇੰਦਾ। ਜਨ ਭਗਤਾਂ ਪੂਰੀ ਕਰੇ ਆਸ, ਆਤਮ ਪਰਮਾਤਮ ਰੰਗ ਰੰਗਾਇੰਦਾ। ਗ੍ਰਹਿ ਮੰਦਰ ਕਾਇਆ ਅੰਦਰ ਕਰ ਜੋਤ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਸਮਰਥ ਪੁਰਖ ਇਕ ਦਾਤਾਰ, ਦਾਤਾ ਦਾਨੀ ਹਰਿ ਅਖਵਾਈਆ। ਜੁਗਾ ਜੁਗੰਤਰ ਲੈ ਅਵਤਾਰ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੀਵ ਜੰਤ ਜੰਤ ਸਮਝਾਈਆ। ਲੇਖਾ ਲਿਖ ਅਗੰਮ ਅਪਾਰ, ਸਾਚੀ ਸਿਖਿਆ ਸਿਖ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਲਹਿਣਾ ਦੇਣਾ ਕਰਜ਼ ਉਤਾਰ, ਕਲਜੁਗ ਵੇਖੇ ਚਾਈਂ ਚਾਈਂਆ। ਸਚਖੰਡ ਨਿਵਾਸੀ ਹੋ ਤਿਆਰ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਸੋ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਹਰਿ ਪੁਰਖ ਨਿਰੰਜਣ ਆਪਣਾ ਪੜਦਾ ਆਪੇ ਲਾਹੀਆ। ਏਕੰਕਾਰਾ ਕਰ ਪਸਾਰ, ਨਿਰਗੁਣ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਜੋਤ ਅਧਾਰ, ਜੋਤੀ ਜਾਤਾ ਡਗਮਗਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਅਪਾਰ, ਅਜੂਨੀ ਰਹਿਤ ਰੂਪ ਰੰਗ ਰੇਖ ਨਾ ਕੋਇ ਵਖਾਈਆ। ਪਾਰਬ੍ਰਹਮ ਪ੍ਰਭ ਹੋਇਆ ਖ਼ਬਰਦਾਰ, ਆਪਣਾ ਹੁਕਮ ਆਪ ਵਰਤਾਈਆ। ਲੱਖ ਚੁਰਾਸੀ ਕਰੇ ਬੇਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਇਕ ਅਖਵਾਈਆ। ਜੁਗਾ ਜੁਗੰਤਰ ਪਾਵੇ ਸਾਰ, ਨਿਰਗੁਣ ਸਰਗੁਣ ਮੇਲ ਮਿਲਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਆਪਣਾ ਭੇਖ ਵਟਾਈਆ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰ, ਨਿਰਗੁਣ ਆਪਣੀ ਖੇਲ ਖਿਲਾਈਆ। ਮਾਤ ਪਿਤ ਨਾ ਕੋਇ ਸੰਸਾਰ, ਜਨਨੀ ਜਨ ਨਾ ਕੋਇ ਅਖਵਾਈਆ। ਸ਼ਬਦ ਅਗੰਮੀ ਸਾਚੀ ਧਾਰ, ਧੁਰ ਦਰਬਾਰੀ ਆਪ ਪਰਗਟਾਈਆ। ਮਹੱਲ ਅਟੱਲ ਅਟੱਲ ਮੁਨਾਰ, ਸਾਢੇ ਤਿੰਨ ਹੱਥ ਬੰਕ ਦਏ ਵਡਿਆਈਆ। ਗੋਬਿੰਦ ਲੇਖਾ ਅਪਰ ਅਪਾਰ, ਅਪਰੰਪਰ ਆਪੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਦਿ ਜੁਗਾਦਿ ਜੁਗਾ ਜਗੰਤਰ ਆਪਣਾ ਮਾਰਗ ਆਪੇ ਲਾਈਆ। ਜੁਗਾ ਜੁਗੰਤਰ ਸੱਚਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਏਕੰਕਾਰਾ ਆਪਣਾ ਭੇਵ ਦਏ ਖੁਲ੍ਹਾ, ਭੇਵ ਅਭੇਦਾ ਆਪ ਜਣਾਇੰਦਾ। ਆਦਿ ਨਿਰੰਜਣ ਅੰਧ ਅੰਧੇਰਾ ਦਏ ਗਵਾ, ਸਾਚਾ ਨੂਰ ਇਕ ਚਮਕਾਇੰਦਾ। ਅਬਿਨਾਸ਼ੀ ਕਰਤਾ ਸਾਚਾ ਨਾਉਂ ਦਏ ਸਮਝਾ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨਾ ਦਏ ਝਲਾ, ਦੋ ਜਹਾਨਾਂ ਇਕ ਵਖਾਇੰਦਾ। ਪਾਰਬ੍ਰਹਮ ਖੇਲ ਕਰੇ ਬੇਪਰਵਾਹ, ਬੇਅੰਤ ਆਪਣੀ ਕਲ ਆਪ ਵਰਤਾਇੰਦਾ। ਸਚਖੰਡ ਦੁਆਰੇ ਸੋਭਾ ਪਾ, ਸਾਚੇ ਤਖ਼ਤ ਆਸਣ ਲਾਇੰਦਾ। ਸ਼ਾਹੋ ਭੂਪ ਬਣ ਹੁਕਮੀ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਆਪ ਕਰਾਇੰਦਾ। ਸਾਚੀ ਕਾਰ ਹਰਿ ਨਿਰੰਕਾਰ, ਆਦਿ ਜੁਗਾਦਿ ਆਪ ਕਰਾਈਆ। ਸ਼ਬਦ ਗੁਰ ਗੁਰੂ ਕਰ ਤਿਆਰ, ਗੁਰ ਗੁਰ ਆਪਣਾ ਨਾਉਂ ਵਟਾਈਆ। ਸਚ ਸੰਦੇਸਾ ਏਕਾ ਵਾਰ, ਸਚਖੰਡ ਨਿਵਾਸੀ ਆਪ ਸੁਣਾਈਆ। ਪੁਰਖ ਅਬਿਨਾਸ਼ੀ ਵਸਣਹਾਰਾ ਠਾਂਡੇ ਦਰਬਾਰ, ਮਹੱਲ ਅਟੱਲ ਬੈਠਾ ਆਸਣ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਤ੍ਰੈਗੁਣ ਆਪਣਾ ਬੰਧਨ ਪਾਈਆ। ਪੰਜ ਤੱਤ ਕਾਇਆ ਵੇਖ ਅਖਾੜ, ਘਰ ਘਰ ਆਪਣਾ ਭੇਵ ਚੁਕਾਈਆ। ਕਰ ਪਰਕਾਸ਼ ਬਹੱਤਰ ਨਾੜ, ਨਾੜੀ ਨਾੜ ਕਰੇ ਰੁਸ਼ਨਾਈਆ। ਘਰ ਵਿਚ ਘਰ ਕਰ ਤਿਆਰ, ਬੈਠਾ ਬੰਕ ਸੁਹਾਈਆ। ਨਿਰਗੁਣ ਸਰਗੁਣ ਦਏ ਅਧਾਰ, ਆਪਣੀ ਬੂਝ ਬੁਝਾਈਆ। ਅਨਹਦ ਸ਼ਬਦ ਨਾਦ ਸੱਚੀ ਧੁੰਨਕਾਰ, ਬਿਨ ਤੰਦੀ ਤੰਦ ਵਜਾਈਆ। ਅੰਮ੍ਰਿਤ ਆਤਮ ਠੰਡਾ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਜੋਤ ਨਿਰੰਜਣ ਕਰ ਉਜਿਆਰ, ਬਿਨ ਤੇਲ ਬਾਤੀ ਦੀਪਕ ਕਰੇ ਰੁਸ਼ਨਾਈਆ। ਆਤਮ ਸੇਜਾ ਹੋ ਉਜਿਆਰ, ਬ੍ਰਹਮ ਪਾਰਬ੍ਰਹਮ ਉਠਾਈਆ। ਆਤਮ ਪਰਮਾਤਮ ਖੇਲ ਅਪਾਰ, ਘਰ ਸਾਚੇ ਵੱਜੇ ਵਧਾਈਆ। ਸਾਚੀ ਸਖ਼ੀਆਂ ਮੰਗਲਚਾਰ, ਪੰਚਮ ਮੇਲਾ ਸਹਿਜ ਸੁਭਾਈਆ। ਜੁਗਾ ਜੁਗੰਤਰ ਸਾਚੀ ਕਾਰ, ਕਰਤਾ ਪੁਰਖ ਆਪ ਕਰਾਈਆ। ਨਿਰਗੁਣ ਸਰਗੁਣ ਲੇਖਾ ਵਿਚ ਸੰਸਾਰ, ਹਰਿ ਜੂ ਆਪਣਾ ਆਪ ਉਪਾਈਆ। ਨਾਉਂ ਰੱਖ ਗੁਰ ਅਵਤਾਰ, ਲੱਖ ਚੁਰਾਸੀ ਜੀਵ ਜੰਤ ਸੇਵ ਕਮਾਈਆ। ਧੁਰ ਫ਼ਰਮਾਣਾ ਬੋਲ ਜੈਕਾਰ, ਹਰਿ ਕਾ ਨਾਉਂ ਕਰੇ ਪੜ੍ਹਾਈਆ। ਸ੍ਰਿਸ਼ਟ ਸਬਾਈ ਇਕ ਅਧਾਰ, ਏਕਾ ਇਸ਼ਟ ਵਖਾਈਆ। ਏਕਾ ਸਾਹਿਬ ਸੱਚਾ ਸੁਲਤਾਨ, ਸਾਚੇ ਤਖ਼ਤ ਬੈਠਾ ਆਸਣ ਲਾਈਆ। ਏਕਾ ਹੋਏ ਹੁਕਮਰਾਨ, ਆਦਿ ਜੁਗਾਦਿ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਤੇਰੀ ਮੰਨਣ ਆਣ, ਹੁਕਮੇ ਚਲਣ ਸਰਬ ਰਜ਼ਾਈਆ। ਸ਼ਬਦੀ ਗੁਰੂ ਗੁਰ ਬਲਵਾਨ, ਨਾ ਮਰੇ ਨਾ ਜਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਵਸਤ ਅਮੋਲਕ ਆਪ ਵਰਤਾਈਆ। ਸੁਰਤੀ ਸ਼ਬਦੀ ਖੇਲ ਗੋਪੀ ਕਾਹਨ, ਨਾਮ ਬੰਸਰੀ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਆਪਣੇ ਹੱਥ ਰੱਖੇ ਵਡਿਆਈਆ। ਸਮਰਥ ਪੁਰਖ ਏਕੰਕਾਰ, ਅਕਲ ਕਲਾ ਅਖਵਾਇੰਦਾ। ਵਸਣਹਾਰਾ ਸਚਖੰਡ ਦੁਆਰ, ਥਿਰ ਘਰ ਆਪਣਾ ਰੂਪ ਵਟਾਇੰਦਾ। ਸ਼ਬਦ ਅਗੰਮੀ ਕਰ ਤਿਆਰ, ਪੂਤ ਸਪੂਤਾ ਸੇਵਾ ਲਾਇੰਦਾ। ਬ੍ਰਹਿਮੰਡ ਖੰਡ ਗਗਨ ਪਾਤਾਲ, ਲੋਆਂ ਪੁਰੀਆਂ ਕਰ ਪਸਾਰ, ਰਵ ਸਸ ਸੂਰਜ ਚੰਦ ਮੰਡਲ ਮੰਡਲ ਆਪਣਾ ਨੂਰ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰ, ਕਰੇ ਖੇਲ ਅਗੰਮ ਅਪਾਰ, ਸਾਚੀ ਸੇਵਾ ਏਕਾ ਵਾਰ, ਨਿਰਗੁਣ ਆਪ ਸਮਝਾਇੰਦਾ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰ, ਆਪੇ ਵੇਖੇ ਵੇਖਣਹਾਰ, ਮਹੱਲ ਅਟੱਲ ਆਪਣਾ ਆਪ ਛੁਹਾਇੰਦਾ। ਧੁਰ ਫ਼ਰਮਾਣਾ ਧੁਰ ਦੀ ਧਾਰ, ਸ਼ਬਦ ਅਨਾਦ ਸੱਚੀ ਧੁੰਨਕਾਰ, ਅਨਹਦ ਰਾਗੀ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਇੰਦਾ। ਆਪਣਾ ਨਾਉਂ ਆਪੇ ਰੱਖ, ਨਰ ਨਿਰੰਕਾਰ ਖ਼ੁਸ਼ੀ ਮਨਾਈਆ। ਸਰਗੁਣ ਰੂਪ ਹੋ ਪਰਤੱਖ, ਆਪਣਾ ਪੜਦਾ ਦਏ ਉਠਾਈਆ। ਲੱਖ ਚੁਰਾਸੀ ਨਾਲੋਂ ਵਸਣਹਾਰਾ ਵੱਖ, ਲੱਖ ਚੁਰਾਸੀ ਅੰਦਰ ਆਪਣਾ ਆਪ ਦਏ ਛੁਪਾਈਆ। ਸਤਿਗੁਰ ਮਾਰਗ ਆਪੇ ਦੱਸ, ਗੁਰ ਗੁਰ ਕਰੇ ਪੜ੍ਹਾਈਆ। ਘਟ ਘਟ ਅੰਦਰ ਕਰ ਪਰਕਾਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਖੇਲ ਤਮਾਸ਼, ਨੌਂ ਦਰ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਆਪਣੀ ਖੇਲ ਕਰਾਈਆ। ਸਮਰਥ ਪੁਰਖ ਕਰਨੇਯੋਗ, ਕਰਤਾ ਪੁਰਖ ਆਪ ਕਰਾਇੰਦਾ। ਨਿਰਗੁਣ ਸਰਗੁਣ ਕਰੇ ਸੰਯੋਗ, ਸਚ ਸੰਯੋਗ ਆਪ ਹੰਢਾਇੰਦਾ। ਨਾਰੀ ਕੰਤ ਆਤਮ ਪਰਮਾਤਮ ਭੋਗੇ ਭੋਗ, ਭਸਮੜ ਆਪਣਾ ਖੇਲ ਵਖਾਇੰਦਾ। ਆਦਿ ਜੁਗਾਦਿ ਨਾ ਹੋਏ ਵਿਯੋਗ, ਜਿਸ ਆਪਣਾ ਰੰਗ ਰੰਗਾਇੰਦਾ। ਨਾ ਕੋਈ ਚਿੰਤਾ ਹਰਖ਼ ਸੋਗ, ਦੁਖ ਰੂਪ ਨਾ ਕੋਇ ਵਟਾਇੰਦਾ। ਲਹਿਣਾ ਦੇਣ ਚੁਕਾਏ ਚੌਦਾਂ ਲੋਕ, ਤ੍ਰੈਭਵਣ ਧਨੀ ਆਪਣਾ ਮੇਲ ਮਿਲਾਇੰਦਾ। ਗੁਰ ਕਾ ਸ਼ਬਦ ਇਕ ਸਲੋਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਕਾ ਹੁਕਮ ਵਰਤਾਇੰਦਾ। ਹਰਿ ਕਾ ਭਾਣਾ ਸਕੇ ਨਾ ਕੋਈ ਰੋਕ, ਗੁਰ ਗੁਰ ਸਿਖਿਆ ਮਾਤ ਸਮਝਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲ ਇਕੋ ਓਟ, ਦੂਸਰ ਅੰਤ ਨਾ ਕੋਇ ਛੁਡਾਇੰਦਾ। ਜੁਗਾ ਜੁਗੰਤਰ ਤਨ ਨਗਾਰੇ ਲਾਏ ਚੋਟ, ਸ਼ਬਦ ਡੰਕਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਆਪਣੀ ਧਾਰ ਚਲਾਇੰਦਾ। ਸਮਰਥ ਪੁਰਖ ਇਕ ਇਕੱਲਾ, ਆਦਿ ਜੁਗਾਦਿ ਖੇਲ ਕਰਾਇੰਦਾ। ਜੁਗ ਜੁਗ ਖੇਲ ਕਰੇ ਅਛਲ ਅਛੱਲਾ, ਭੇਵ ਕੋਇ ਨਾ ਪਾਇੰਦਾ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਏਕਾ ਮੱਲਾ, ਸਚਖੰਡ ਦੁਆਰੇ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਪੁਰਖ ਅਕਾਲ ਦੀਨ ਦਿਆਲ ਪੰਜ ਤੱਤ ਫੜਾਏ ਆਪਣਾ ਪੱਲਾ, ਨਾਮ ਬੰਧਨ ਏਕਾ ਪਾਇੰਦਾ। ਬਿਨ ਤੇਲ ਬਾਤੀ ਸਾਚਾ ਦੀਪਕ ਆਪੇ ਬਲਾ, ਘਰ ਘਰ ਪਰਕਾਸ਼ ਵਖਾਇੰਦਾ। ਸਚ ਸੰਦੇਸ ਨਰ ਨਰੇਸ਼ ਜੁਗਾ ਜੁਗੰਤਰ ਏਕਾ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਾਚਾ ਰਾਹ ਪੁਰਖ ਸਮਰਥ, ਜੁਗ ਜੁਗ ਆਪਣਾ ਆਪ ਚਲਾਈਆ। ਆਪਣੀ ਮਹਿਮਾ ਜਾਣੇ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਤੰਦ ਰਖਾਈਆ। ਬੋਧ ਅਗਾਧਾ ਨਿਰਗੁਣ ਸਰਗੁਣ ਸੁਣਾਏ ਆਪਣਾ ਜਸ, ਜਸ ਵੇਦ ਪੁਰਾਨ ਗਾ ਨਾ ਸਕੇ ਕੋਈ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਚਲਾਏ ਮਾਤ ਰਥ, ਬਣ ਰਥਵਾਹੀ ਸੇਵ ਕਮਾਈਆ। ਰਥ ਰਥਵਾਹੀ ਹਰਿ ਨਿਰੰਕਾਰ, ਜੁਗ ਜੁਗ ਸੇਵ ਕਮਾਇੰਦਾ। ਜਨ ਭਗਤਾਂ ਪਾਵੇ ਆਪੇ ਸਾਰ, ਲੱਖ ਚੁਰਾਸੀ ਵਿਚੋਂ ਵੇਖ ਵਖਾਇੰਦਾ। ਸਾਚੇ ਸੰਤਾਂ ਕਰੇ ਪਿਆਰ, ਸਤਿਗੁਰ ਆਪਣੀ ਦਇਆ ਕਮਾਇੰਦਾ। ਬੰਕ ਦੁਆਰੀ ਖੋਲ੍ਹ ਕਿਵਾੜ, ਆਤਮ ਬੰਦ ਤਾਕੀ ਆਪੇ ਲਾਹਿੰਦਾ। ਤ੍ਰੈਗੁਣ ਮਾਇਆ ਦੇਵੇ ਸਾੜ, ਅਗਨੀ ਤੱਤ ਨਾ ਕੋਇ ਜਲਾਇੰਦਾ। ਘਰ ਵਿਚ ਘਰ ਦਏ ਵਖਾਲ, ਘਰ ਮੰਦਰ ਸੋਭਾ ਪਾਇੰਦਾ। ਗੁਰਮੁਖ ਵੇਖੇ ਆਪਣੇ ਲਾਲ, ਲਾਲਨ ਆਪਣਾ ਰੰਗ ਚੜ੍ਹਾਇੰਦਾ। ਕਾਇਆ ਮੰਦਰ ਅੰਦਰ ਵਖਾਏ ਸੱਚੀ ਧਰਮਸਾਲ, ਸਤਿਗੁਰ ਪੂਰਾ ਸਚ ਸਿੰਘਾਸਣ ਸੋਭਾ ਪਾਇੰਦਾ। ਨੂਰੀ ਜਲਵਾ ਜੋਤ ਜਲਾਲ, ਅੰਧ ਅੰਧੇਰ ਨਾ ਕੋਇ ਰਖਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖਾਂ ਰਾਹ ਦਏ ਵਖਾਲ, ਨੇਤਰ ਨੈਣ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੋੜਨਹਾਰਾ ਜਗਤ ਜੰਜਾਲ, ਜਾਗਰਤ ਜੋਤ ਜੋਤ ਜਗਾਇੰਦਾ। ਸਤਿਗੁਰ ਪੂਰਾ ਦੀਨ ਦਿਆਲਾ, ਦੀਨਨ ਆਪਣੀ ਦਇਆ ਕਮਾਈਆ। ਜਨ ਭਗਤਾਂ ਹੋਏ ਸਦਾ ਰਖਵਾਲਾ, ਸਮਰਥ ਪੁਰਖ ਸਿਰ ਆਪਣਾ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਚਲੀ ਅਵੱਲੜੀ ਚਾਲਾ, ਰਾਮਾ ਕ੍ਰਿਸ਼ਨਾ ਸੇਵਾ ਲਾਈਆ। ਕਲਜੁਗ ਅੰਤਮ ਹੋਏ ਨਿਰਾਲਾ, ਨਿਰਗੁਣ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਬਿਨ ਮਾਤ ਪਿਤਾ ਪਏ ਜੰਮ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਬੇੜਾ ਬੰਨ੍ਹ, ਕਲਜੁਗ ਅੰਤਮ ਫੇਰਾ ਪਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਨ, ਜੋਤੀ ਜੋਤ ਜੋਤ ਰੁਸ਼ਨਾਇੰਦਾ। ਜਨ ਭਗਤਾਂ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਏਕਾ ਵਸਤ ਦੇਵੇ ਨਾਮ ਧਨ, ਚੋਰ ਯਾਰ ਲੁੱਟ ਕੋਇ ਨਾ ਜਾਇੰਦਾ। ਦਿਵਸ ਰੈਣ ਲਾਏ ਨਾ ਕੋਈ ਸੰਨ, ਸਾਚੇ ਮੰਦਰ ਆਪ ਰਖਾਇੰਦਾ। ਗੁਰਮੁਖ ਵਾਸਨਾ ਮਾਰੇ ਮਨ, ਮਨ ਮਨਸਾ ਮੇਟ ਮਿਟਾਇੰਦਾ। ਭਾਗ ਲਗਾਏ ਪੰਜ ਤੱਤ ਤਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਦਇਆ ਕਮਾਇੰਦਾ। ਜੁਗ ਜੁਗ ਦਇਆਨਿਧ ਕਿਰਪਾ ਕਰ, ਹਰਿਜਨ ਹਰਿ ਹਰਿ ਵੇਖ ਵਖਾਇੰਦਾ। ਲੇਖਾ ਜਾਣੇ ਘਰ ਘਰ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਇੰਦਾ। ਭਗਤ ਭਗਵੰਤ ਆਪੇ ਫੜ ਫੜ, ਸਾਚਾ ਬੰਧਨ ਆਪ ਬੰਧਾਇੰਦਾ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਉਚੇ ਪੌੜੇ ਆਪੇ ਚੜ੍ਹ ਚੜ੍ਹ, ਸਚ ਮਹੱਲੇ ਡੇਰਾ ਲਾਇੰਦਾ। ਨਿਸ਼ਅੱਖਰ ਵਿਦਿਆ ਆਪੇ ਪੜ੍ਹ ਪੜ੍ਹ, ਲੱਖ ਚੁਰਾਸੀ ਜੀਵ ਜੰਤ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗ ਜੁਗ ਵੇਸ ਸ੍ਰੀ ਭਗਵਾਨ, ਨਿਰਗੁਣ ਆਪਣਾ ਆਪ ਵਟਾਈਆ। ਨੌਂ ਸੌ ਚੁਰਾਨਵੇ ਚੌਕੜੀ ਅੰਤ ਮਿਟਿਆ ਨਿਸ਼ਾਨ, ਲੋਕਮਾਤ ਰਹਿਣ ਨਾ ਪਾਈਆ। ਗੁਰ ਅਵਤਾਰ ਦੇ ਦੇ ਗਏ ਗਿਆਨ, ਜੀਵ ਜੰਤ ਜੰਤ ਸਮਝਾਈਆ। ਹਰਿ ਕਾ ਸ਼ਬਦ ਗੁਰ ਬਲਵਾਨ, ਆਦਿ ਜੁਗਾਦਿ ਆਪਣਾ ਬਲ ਰਖਾਈਆ। ਪੰਜ ਤੱਤ ਮਿਟੇ ਨਿਸ਼ਾਨ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਪੁਰਖ ਅਬਿਨਾਸ਼ਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਨਵ ਨੌਂ ਚਾਰ ਵੇਖ ਤਮਾਸ਼ਾ, ਜੁਗ ਚੌਕੜੀ ਪੰਧ ਮੁਕਾਇੰਦਾ। ਗੁਰ ਅਵਤਾਰਾਂ ਦੇ ਦਿਲਾਸਾ, ਰਹਿਬਰ ਆਪਣਾ ਰਾਹ ਵਖਾਇੰਦਾ। ਚਰਨ ਕਵਲ ਇਕ ਭਰਵਾਸਾ, ਪੁਰਖ ਅਕਾਲ ਓਟ ਜਣਾਇੰਦਾ। ਪ੍ਰਭ ਮਿਲਣ ਦੀ ਸਾਰੇ ਰੱਖ ਕੇ ਗਏ ਆਸਾ, ਲੋਕਮਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪਣਾ ਭੇਵ ਸ੍ਰੀ ਭਗਵੰਤ, ਆਦਿ ਜੁਗਾਦਿ ਆਪ ਖੁਲ੍ਹਾਈਆ । ਮੇਲ ਮਿਲਾਏ ਸਾਚੇ ਸੰਤ, ਸਤਿ ਸਤਿਵਾਦੀ ਰੰਗ ਚੜ੍ਹਾਈਆ। ਬੰਧਨ ਪਾਏ ਨਾਰੀ ਕੰਤ, ਆਤਮ ਸੇਜਾ ਆਪ ਸੁਹਾਈਆ। ਏਕਾ ਨਾਉਂ ਮਣੀਆ ਮੰਤ, ਮਨ ਵਾਸਨਾ ਦਏ ਗਵਾਈਆ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਦਏ ਮਿਟਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਚੌਦਾਂ ਵਿਦਿਆ ਰਹੀ ਕੁਰਲਾਈਆ। ਸਾਹਿਬ ਦਿਆਲ ਠਾਕਰ ਸੁਆਮੀ ਸਦਾ ਅਖੰਡਤ, ਅਖੰਡ ਅਖੰਡ ਆਪਣੀ ਧਾਰ ਚਲਾਈਆ। ਵਸਣਹਾਰਾ ਜੇਰਜ ਅੰਡਤ, ਉਤਭੁਜ ਸੇਤਜ ਆਪਣਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਵਖਾਈਆ। ਜੁਗ ਜੁਗ ਖੇਲ ਕਰੇ ਕਰਤਾਰਾ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ । ਕਲਜੁਗ ਅੰਤਮ ਹੋ ਉਜਿਆਰਾ, ਨਿਹਕਲੰਕ ਆਪਣਾ ਨਾਉਂ ਰਖਾਇੰਦਾ। ਨਾਮ ਖੰਡਾ ਤੇਜ ਕਟਾਰਾ, ਬ੍ਰਹਿਮੰਡਾਂ ਆਪ ਚਮਕਾਇੰਦਾ। ਜੋਧਾ ਸੂਰਾ ਵਡ ਬਲਕਾਰਾ, ਗੁਰ ਗੋਬਿੰਦ ਨਾਲ ਮਿਲਾਇੰਦਾ। ਨਾਨਕ ਨਿਰਗੁਣ ਸਤਿਨਾਮ ਬੋਲ ਗਿਆ ਜੈਕਾਰਾ, ਜੈ ਜੈਕਾਰ ਚਾਰ ਵਰਨ ਜਣਾਇੰਦਾ। ਨੌਂ ਖੰਡ ਪ੍ਰਿਥਮੀ ਬੰਨ੍ਹਣਹਾਰਾ ਸਾਚੀ ਧਾਰਾ, ਜਾਤ ਪਾਤ ਵਰਨ ਗੋਤ ਨਾ ਕੋਇ ਰਖਾਇੰਦਾ। ਇਕੋ ਨਾਮ ਬੋਲ ਜੈਕਾਰਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਏਕਾ ਮੰਦਰ ਖੋਲ੍ਹ ਦੁਆਰਾ, ਭਗਤ ਭਗਵੰਤ ਆਪ ਬਹਾਇੰਦਾ। ਏਕਾ ਦਰਸ ਅਗੰਮ ਅਪਾਰਾ, ਸਾਚੇ ਸੰਤਾਂ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣੀ ਗੋਦ ਸੁਹਾਇੰਦਾ। ਗੁਰਮੁਖ ਗੋਦ ਗੋਦੀ ਚੁੱਕ, ਜੁਗ ਜੁਗ ਖ਼ੁਸ਼ੀ ਮਨਾਈਆ। ਹਰਿ ਕਾ ਬੂਟਾ ਗੁਰਮੁਖ ਕਦੇ ਨਾ ਜਾਏ ਸੁੱਕ, ਦੋ ਜਹਾਨ ਸਦਾ ਲਹਿਰਾਈਆ। ਲੋਕਮਾਤ ਲਏ ਪੁਟ, ਸਚਖੰਡ ਸਾਚੇ ਦਏ ਲਗਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਕਲਜੁਗ ਆਈ ਅੰਤਮ ਰੁੱਤ, ਪੁਰਖ ਅਬਿਨਾਸ਼ੀ ਵੇਖੇ ਚਾਈਂ ਚਾਈਂਆ। ਗੁਰਮੁਖ ਉਠਾਏ ਆਪਣੇ ਸੁਤ, ਸਤਿਗੁਰ ਗੁਰ ਪੂਰਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਦੇਵੇ ਮਾਣ ਵਡਿਆਈਆ। ਮਾਣ ਵਡਿਆਈ ਭਗਤ ਜਨ, ਹਰਿ ਸਤਿਗੁਰ ਆਪ ਦਵਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਆਪਣਾ ਰਾਗ ਸੁਣਾਏ ਕੰਨ, ਚਾਰੇ ਬਾਣੀ ਵਿਚ ਮਿਲਾਇੰਦਾ। ਸਚ ਵਸੇਰਾ ਬਿਨ ਛੱਪਰੀ ਛੰਨ, ਗੁਰ ਚਰਨ ਦੁਆਰਾ ਇਕ ਵਖਾਇੰਦਾ। ਗੁਰਮੁਖ ਸੱਚਾ ਜਾਏ ਮੰਨ, ਜਿਸ ਜਨ ਆਪਣਾ ਭੇਵ ਖੁਲ੍ਹਾਇੰਦਾ। ਰਾਏ ਧਰਮ ਨਾ ਦੇਵੇ ਡੰਨ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਸਾਚੇ ਸੰਤਾਂ ਆਪ ਤਰਾਇੰਦਾ। ਸਾਚੇ ਸੰਤਾਂ ਦੇਵੇ ਤਾਰ, ਸਤਿ ਪੁਰਖ ਨਿਰੰਜਣ ਹੱਥ ਵਡਿਆਈਆ। ਇਕ ਵਖਾਏ ਸੱਚਾ ਘਰ ਬਾਰ, ਘਰ ਆਪਣੇ ਲਏ ਮਿਲਾਈਆ। ਅੱਠੇ ਪਹਿਰ ਜੋਤ ਉਜਿਆਰ, ਦਿਵਸ ਰੈਣ ਨਾ ਵੰਡ ਵੰਡਾਈਆ। ਏਕਾ ਨਾਦ ਸ਼ਬਦ ਧੁੰਨਕਾਰ, ਏਕਾ ਵੱਜਦੀ ਰਹੇ ਸ਼ਨਵਾਈਆ। ਏਕਾ ਨਜ਼ਰੀ ਆਏ ਏਕੰਕਾਰ, ਦੂਸਰ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਆਪਣੇ ਦਰ ਬਹਾਈਆ। ਸਾਚਾ ਦਰ ਦਰ ਦਰਵਾਜ਼ਾ, ਹਰਿ ਦਰਦੀ ਆਪ ਖੁਲ੍ਹਾਇੰਦਾ। ਆਦਿ ਜੁਗਾਦਿ ਹੋਏ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਨਿਰਗੁਣ ਸਰਗੁਣ ਹੋ ਹੋ ਕਰੇ ਕਾਜਾ, ਕਰਤਾ ਪੁਰਖ ਕਾਰ ਕਮਾਇੰਦਾ। ਗ੍ਰਹਿ ਮੰਦਰ ਅੰਦਰ ਵਜਾਏ ਆਪਣਾ ਵਾਜਾ, ਅਨਹਦ ਨਾਦੀ ਰਾਗ ਸੁਣਾਇੰਦਾ। ਨਿਤ ਨਵਿਤ ਕਰ ਕਰ ਹਿਤ ਜਨ ਭਗਤਾਂ ਫਿਰੇ ਪਿਛੇ ਭਾਜਾ, ਸਾਚੀ ਸੇਵ ਕਮਾਇੰਦਾ। ਸੇਵਾਦਾਰ ਬਣੇ ਵਡ ਰਾਜਨ ਰਾਜਾ, ਗੁਰਮੁਖਾਂ ਸਾਚੀ ਸੇਵ ਆਪ ਕਮਾਇੰਦਾ। ਏਥੇ ਓਥੇ ਦੋ ਜਹਾਨਾਂ ਗੁਰਸਿਖ ਤੇਰੀ ਰੱਖੇ ਲਾਜਾ, ਸਿਰ ਆਪਣਾ ਹੱਥ ਟਿਕਾਇੰਦਾ। ਕਲਜੁਗ ਅੰਤਮ ਵੇਸ ਕੀਆ ਦੇਸ ਵਿਚ ਮਾਝਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਬੰਧਨ ਆਪੇ ਪਾਇੰਦਾ। ਬੰਧਨ ਪਾਏ ਨਾਮ ਡੋਰ, ਡੋਰੀ ਆਪਣੇ ਹੱਥ ਰਖਾਈਆ। ਬੰਨਣਹਾਰਾ ਪੰਜੇ ਚੋਰ, ਪੰਚਮ ਵਾਸਨਾ ਦਏ ਮਿਟਾਈਆ। ਕਰ ਪਰਕਾਸ਼ ਅੰਧੇਰੇ ਘੋਰ, ਆਪਣਾ ਨੂਰ ਦਏ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਚਾਈਂ ਚਾਈਂਆ। ਹਰਿਜਨ ਮੇਲਾ ਅੰਤ ਕਲ, ਪੁਰਖ ਅਬਿਨਾਸ਼ੀ ਆਪ ਕਰਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਅਛਲ ਅਛੱਲ ਆਪਣਾ ਖੇਲ ਕਰਾਇੰਦਾ। ਜਨ ਭਗਤਾਂ ਅੰਦਰ ਜੋਤੀ ਸ਼ਬਦੀ ਸੁਰਤੀ ਧਾਰ ਆਪੇ ਰਲ, ਅਕਾਲ ਮੂਰਤ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਚੇ ਮੇਲ ਮਿਲਾਇੰਦਾ। ਗੁਰਸਿਖ ਮੇਲਾ ਸਤਿਗੁਰ ਸੰਗ, ਹਰਿ ਸਤਿਗੁਰ ਦਇਆ ਕਮਾਈਆ। ਗੁਰਸਿਖ ਨੂਰ ਸਤਿਗੁਰ ਰੰਗ, ਹਰਿ ਰੰਗ ਆਪ ਚੜ੍ਹਾਈਆ। ਗੁਰਸਿਖ ਨਾਦ ਸਤਿਗੁਰ ਮਰਦੰਗ, ਹਰਿ ਅਗੰਮੀ ਅਗੰਮ ਕਰੇ ਪੜ੍ਹਾਈਆ। ਗੁਰਸਿਖ ਮੰਦਰ ਸਤਿਗੁਰ ਵੇਖੇ ਲੰਘ, ਘਰ ਘਰ ਵਿਚ ਫੇਰਾ ਪਾਈਆ। ਗੁਰਸਿਖ ਪ੍ਰੇਮ ਸਤਿਗੁਰ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਗੁਰਸਿਖ ਆਪਣੇ ਸੰਗ ਮਿਲਾਈਆ। ਗੁਰਸਿਖ ਸੰਗ ਸਤਿਗੁਰ ਸਾਥ, ਸਗਲਾ ਸੰਗ ਨਿਭਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਅੰਤ ਉਤਾਰੇ ਆਪਣੇ ਘਾਟ, ਘਾਟਾ ਮਾਨਸ ਜਨਮ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਮੁੱਕੇ ਵਾਟ, ਮਾਤ ਗਰਭ ਨਾ ਫੇਰ ਫਿਰਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਭਰਮ ਭੁਲੇਖਾ ਚੁਕਿਆ ਜਾਤ ਪਾਤ, ਵਰਣ ਗੋਤ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਬਣਿਆ ਸੱਜਣ ਸਾਕ, ਮਾਤ ਪਿਤ ਭਾਈ ਭੈਣ ਨਾਰ ਕੰਤ ਆਪਣਾ ਰੂਪ ਵਖਾਇੰਦਾ। ਗੁਰਸਿਖ ਦੂਜੇ ਵਿਕੇ ਨਾ ਹਾਟ, ਸਤਿਗੁਰ ਪੂਰਾ ਕੀਮਤ ਆਪਣੇ ਘਰ ਪਾਇੰਦਾ। ਕਲਜੁਗ ਅੰਤ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ । ਚਾਰ ਵਰਨ ਜਣਾਏ ਏਕਾ ਪੂਜਾ ਪਾਠ, ਸਰੋਵਰ ਸਰ ਇਕ ਵਖਾਇੰਦਾ। ਨੌਂ ਖੰਡ ਪ੍ਰਿਥਮੀ ਮੰਦਰ ਮਸਜਿਦ ਗੁਰਦੁਆਰਾ ਵਖਾਏ ਇਕੋ ਮੱਠ, ਕਾਇਆ ਅੰਦਰ ਸਾਚੀ ਧਰਮਸਾਲ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਮਾਰਗ ਇਕ ਵਖਾਇੰਦਾ। ਲੱਖ ਚੁਰਾਸੀ ਮਾਰਗ ਇਕ, ਏਕੰਕਾਰਾ ਇਕ ਜਣਾਈਆ। ਧੁਰ ਫ਼ਰਮਾਣਾ ਦੇਵੇ ਸਾਚੀ ਸਿਖ, ਸਿਖਿਆ ਇਕੋ ਇਕ ਪੜ੍ਹਾਈਆ। ਚਾਰ ਵਰਨਾਂ ਊਚਾਂ ਨੀਚਾਂ ਪਾਏ ਨਾਮ ਭਿਖ, ਖਾਲੀ ਕੋਇ ਰਹਿਣ ਨਾ ਪਾਈਆ। ਕਰੇ ਖੇਲ ਸਾਹਿਬ ਅਨਡਿਠ, ਨੇਤਰ ਨਜ਼ਰ ਕਿਸੇ ਨਾ ਆਈਆ। ਗੁਰਮੁਖ ਵਿਰਲੇ ਕਰ ਕਰ ਹਿਤ, ਆਪ ਆਪਣਾ ਮੇਲ ਮਿਲਾਈਆ। ਬਣ ਬਣ ਆਪੇ ਮਾਤ ਪਿਤ, ਪੂਤ ਆਪਣੀ ਗੋਦ ਸੁਹਾਈਆ। ਮਾਨਸ ਜਨਮ ਗੁਰਮੁਖ ਲਏ ਜਿਤ, ਜਿਸ ਮਿਲਿਆ ਹਰਿ ਰਘਰਾਈਆ। ਬਿਨ ਨੇਤਰ ਪਏ ਦਿਸ, ਘਰ ਸਾਚੇ ਫੇਰਾ ਪਾਈਆ। ਸਤਿਗੁਰ ਪੂਰਾ ਕਦੇ ਨਾ ਕਰੇ ਪਿਠ, ਮਿਹਰਵਾਨ ਆਪਣੀ ਕਰਵਟ ਨਾ ਕਦੇ ਬਦਲਾਈਆ। ਗੁਰਮੁਖ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਦੁਸ਼ਾਲੇ ਲਏ ਲਪੇਟ, ਕਲਜੁਗ ਖ਼ਾਕੀ ਖ਼ਾਕ ਨੇੜ ਲੱਗਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਆਪਣੇ ਰੰਗ ਰੰਗਾਈਆ। ਗੁਰਸਿਖ ਰੰਗੇ ਹਰਿ ਜੂ ਰੰਗ, ਰੰਗਣਹਾਰਾ ਇਕ ਅਖਵਾਇੰਦਾ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਆਪ ਸੁਹਾਇੰਦਾ। ਆਤਮ ਪਰਮਾਤਮ ਇਕ ਅਨੰਦ, ਨਿਜਾਨੰਦ ਆਪ ਦਰਸਾਇੰਦਾ। ਬ੍ਰਹਮ ਪਾਰਬ੍ਰਹਮ ਗਾਏ ਛੰਦ, ਢੋਲਾ ਸੋਹਲਾ ਬਣ ਵਿਚੋਲਾ ਆਪ ਸੁਣਾਇੰਦਾ। ਲੇਖਾ ਚੁਕੇ ਬੱਤੀ ਦੰਦ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਵੱਡਾ ਵਡ ਵਡਿਆਇੰਦਾ। ਗੁਰਸਿਖ ਵੱਡਾ ਵਡ ਬਲਵਾਨ, ਸਿੰਘ ਇੰਦਰ ਨਾਉਂ ਰਖਾਈਆ। ਨਾਮ ਗੁਰਜ ਹੱਥ ਵਿਚ ਜਹਾਨ, ਬੁਰਜ ਹੰਕਾਰੀ ਦੇਵੇ ਢਾਹੀਆ। ਸੂਰਜ ਚੰਨ ਰਵ ਸਸ ਸੀਸ ਝੁਕਾਣ, ਵਿਸ਼ਨ ਬ੍ਰਹਮਾ ਸ਼ਿਵ ਨੈਣ ਉਠਾਈਆ। ਧੰਨ ਭਾਗ ਜਿਸ ਮਿਲਿਆ ਲੋਕਮਾਤ ਭਗਵਾਨ, ਸ੍ਰੀ ਭਗਵਾਨ ਆਪਣੀ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਹੋਏ ਸਹਾਈਆ।