੨੧ ਚੇਤ ੨੦੧੯ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫਾਰਮ ਜ਼ਿਲਾ ਕਰਨਾਲ
ਸੋ ਪੁਰਖ ਨਿਰੰਜਣ ਹਰਿ ਬੇਅੰਤਾ, ਬੇਅੰਤ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਆਦਿ ਅੰਤਾ, ਨਿਰਗੁਣ ਨਿਰਵੈਰ ਆਪਣਾ ਖੇਲ ਕਰਾਈਆ। ਏਕੰਕਾਰ ਜੁਗਾ ਜੁਗੰਤਰ ਸੋਭਾਵੰਤਾ, ਸਚ ਸਿੰਘਾਸਣ ਸਾਚੇ ਆਸਣ ਲਾਈਆ। ਆਦਿ ਨਿਰੰਜਣ ਨੂਰ ਨੁਰੰਤਾ, ਦੋ ਜਹਾਨ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਧੁਰ ਫ਼ਰਮਾਣਾ ਸਾਚਾ ਹੁਕਮ ਇਕ ਸੁਣੰਤਾ, ਜੈ ਜੈਕਾਰ ਆਪ ਕਰਾਈਆ। ਸ੍ਰੀ ਭਗਵਾਨ ਆਪ ਬਣਾਏ ਆਪਣੀ ਬਣਤਾ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਪਾਰਬ੍ਰਹਮ ਖੇਲੇ ਖੇਲ ਸ੍ਰੀ ਭਗਵੰਤਾ, ਅਲੱਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਏਕਾ ਧਾਰ ਚਲਾਈਆ। ਸਚਖੰਡ ਦੁਆਰਾ ਸੋਭਾਵੰਤਾ, ਅਜੂਨੀ ਰਹਿਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸੱਚੇ ਅਸਥਾਨ, ਨਿਰਗੁਣ ਨੂਰ ਨੂਰ ਪਰਗਟਾਇੰਦਾ। ਤਖ਼ਤ ਨਿਵਾਸੀ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਰਾਜ ਰਾਜਾਨ ਭੂਪਤ ਭੂਪ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਨਾਦ ਅਨਾਦੀ ਬੋਧ ਅਗਾਧੀ ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਖੇਲ ਕਰੇ ਕਰਤਾਰਾ, ਆਦਿ ਪੁਰਖ ਵਡੀ ਵਡਿਆਈਆ। ਵਸਣਹਾਰਾ ਸਚਖੰਡ ਸੱਚੇ ਦੁਆਰਾ, ਨਿਰਗੁਣ ਨਿਰਗੁਣ ਆਪਣਾ ਵੇਸ ਧਰਾਈਆ। ਖੋਲ੍ਹਣਹਾਰਾ ਥਿਰ ਘਰ ਕਿਵਾੜਾ, ਘਰ ਵਿਚ ਘਰ ਘਾੜਨ ਲਏ ਘੜਾਈਆ। ਕਰ ਪਰਕਾਸ਼ ਖੇਲ ਤਮਾਸ਼ ਵੇਖੇ ਵੇਖਣਹਾਰਾ, ਸ਼ਬਦੀ ਸੁਤ ਅਬਿਨਾਸ਼ੀ ਅਚੁਤ, ਥਿਰ ਘਰ ਸਾਚੇ ਆਪ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਸਾਚਾ ਖੇਲ ਸ੍ਰੀ ਭਗਵਾਨ, ਆਦਿ ਜੁਗਾਦੀ ਆਪਣੇ ਹੱਥ ਰਖਾਇੰਦਾ। ਸਾਚੇ ਤਖ਼ਤ ਬੈਠ ਮਿਹਰਵਾਨ, ਮਿਹਰ ਨਜ਼ਰ ਇਕ ਤਕਾਇੰਦਾ। ਸੁਤ ਦੁਲਾਰਾ ਕਰ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਕਰੇ ਖੇਲ ਦੋ ਜਹਾਨ, ਅਨਭਵ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਸਾਚਾ ਰੰਗ ਰੰਗ ਚਲੂਲ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਆਦਿ ਅੰਤ ਸ੍ਰੀ ਭਗਵੰਤ ਕਰਤਾ ਕਰਨੀ ਨਾ ਜਾਏ ਭੂਲ, ਸਾਚੀ ਕਿਰਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਚੜ੍ਹ, ਮਹੱਲ ਅਟੱਲ ਕਰੇ ਆਪ ਰੁਸ਼ਨਾਈਆ। ਕਰੇ ਰੁਸ਼ਨਾਈ ਸਾਚੇ ਬੰਕ, ਬੰਕ ਦੁਆਰੀ ਸੋਭਾ ਪਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਧਾਰ ਚਲਾਇੰਦਾ। ਨਿਰਗੁਣ ਨੂਰ ਹਰਿ ਭਗਵੰਤ, ਜੋਤ ਉਜਾਲਾ ਡਗਮਗਾਇੰਦਾ। ਲੇਖਾ ਜਾਣੇ ਨਾਰੀ ਕੰਤ, ਗ੍ਰਹਿ ਮੰਦਰ ਸੋਭਾ ਪਾਇੰਦਾ। ਨਿਰਗੁਣ ਨਿਰਗੁਣ ਬਣਾਏ ਬਣਤ, ਸ਼ਬਦੀ ਸ਼ਬਦ ਆਪਣਾ ਭੇਵ ਖੁਲ੍ਹਾਇੰਦਾ। ਨਾਉਂ ਨਿਰੰਕਾਰਾ ਏਕਾ ਮੰਤ, ਨਾਮ ਮੰਤਰ ਸਤਿ ਦ੍ਰਿੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਤ੍ਰੈ ਤ੍ਰੈ ਮੇਲਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣਾ ਭੇਵ ਆਪ ਚੁਕਾਇੰਦਾ। ਆਦਿ ਜੁਗਾਦੀ ਭੇਵ ਅਭੇਦਾ, ਪੁਰਖ ਅਬਿਨਾਸ਼ੀ ਆਪਣੇ ਵਿਚ ਛੁਪਾਈਆ। ਕਰੇ ਖੇਲ ਅਛਲ ਅਛੇਦਾ, ਅਛਲ ਅਛੱਲ ਆਪਣਾ ਰੂਪ ਵਟਾਈਆ। ਵਿਸ਼ਨੂੰ ਵਿਸ਼ਵ ਧਾਰ ਵੇਖਾ, ਸਾਚੀ ਰੇਖਾ ਆਪ ਲਿਖਾਈਆ। ਬ੍ਰਹਮੇ ਲਾਏ ਮਸਤਕ ਲੇਖਾ, ਪਾਰਬ੍ਰਹਮ ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਭੇਵ ਅਭੇਦ ਚਾਰੇ ਵੇਦਾ, ਬਿਨ ਅੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਸਚ ਸੰਦੇਸਾ ਨਰ ਨਰੇਸਾ ਏਕੰਕਾਰਾ ਆਪ ਸੁਣਾਈਆ। ਏਕੰਕਾਰਾ ਸਤਿ ਗਿਆਨ, ਹਰਿ ਸ਼ਬਦੀ ਸ਼ਬਦ ਜਣਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਾਣ, ਆਤਮ ਪਰਮਾਤਮ ਵੇਸ ਵਟਾਇੰਦਾ। ਅਨਾਦ ਅਨਾਦੀ ਏਕਾ ਗਿਆਨ, ਧੁਨ ਆਤਮਕ ਆਪ ਸੁਣਾਇੰਦਾ। ਲਿਖ ਲਿਖ ਲੇਖਾ ਲਿਖਤ ਮਹਾਨ, ਲੋਕਮਾਤ ਮਾਤ ਪਰਗਟਾਇੰਦਾ। ਵੰਡੇ ਵੰਡ ਜੀਵ ਜਹਾਨ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਰੰਗ ਰੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਚਾਰੇ ਬਾਣੀ ਇਕ ਫ਼ਰਮਾਣ, ਚਾਰੇ ਖਾਣੀ ਆਪ ਸਮਝਾਇੰਦਾ। ਚਾਰੇ ਵੇਦ ਕਰ ਪਰਧਾਨ, ਚਾਰੋਂ ਕੁੰਟ ਰਾਹ ਵਖਾਇੰਦਾ। ਚਾਰ ਵਰਨ ਵਰਨ ਨਿਸ਼ਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਅਲੱਖ ਨਿਰੰਜਣ ਆਪਣੀ ਖੇਲ ਕਰਾਇੰਦਾ। ਅਲੱਖ ਨਿਰੰਜਣ ਅਗੰਮ ਅਥਾਹ, ਭੇਵ ਅਭੇਦ ਜਣਾਈਆ। ਨਿਰਗੁਣ ਸਰਗੁਣ ਬਣ ਮਲਾਹ, ਲੱਖ ਚੁਰਾਸੀ ਬੇੜਾ ਆਪ ਚਲਾਈਆ। ਗੁਰ ਗੁਰ ਰੂਪ ਆਪ ਪਰਗਟਾ, ਸ਼ਬਦੀ ਢੋਲਾ ਲਏ ਗਾ, ਸਚ ਸੰਦੇਸਾ ਇਕ ਸੁਣਾਈਆ। ਕਾਇਆ ਚੋਲਾ ਲਏ ਹੰਢਾ, ਪੜਦਾ ਉਹਲਾ ਏਕਾ ਪਾ, ਤੱਤਵ ਤੱਤ ਵਿਚ ਸਮਾਈਆ। ਜੋਤੀ ਨੂਰ ਕਰ ਰੁਸ਼ਨਾ, ਅਨਹਦ ਨਾਦੀ ਨਾਦ ਵਜਾ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾ, ਭੇਵ ਅਭੇਦਾ ਅਪਣਾ ਭੇਵ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵਸੇ ਘਰ, ਘਰ ਮੇਲਾ ਸਹਿਜ ਸੁਭਾਈਆ। ਘਰ ਮੇਲਾ ਸਚ ਮਹੱਲ, ਕਾਇਆ ਬੰਕ ਬੰਕ ਵਡਿਆਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਪੰਜ ਤੱਤ ਆਪਣਾ ਸੰਗ ਨਿਭਾਇੰਦਾ । ਸਚ ਸੰਦੇਸਾ ਏਕਾ ਘਲ, ਗੁਰ ਗੁਰ ਗਿਆਨ ਆਪ ਦ੍ਰਿੜਾਇੰਦਾ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਖੇਲ ਕਰਾਇੰਦਾ। ਜੋਤੀ ਸ਼ਬਦੀ ਆਪੇ ਰਲ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣਾ ਭੇਵ ਆਪ ਖੁਲ੍ਹਾਇੰਦਾ। ਆਦਿ ਅੰਤ ਭੇਵ ਅਵੱਲਾ, ਭੇਵ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਇਕ ਇਕੱਲਾ, ਦੋ ਜਹਾਨਾਂ ਵੇਖ ਵਖਾਈਆ। ਸਚ ਸੰਦੇਸ ਜੁਗਾ ਜੁਗੰਤਰ ਆਪੇ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਫੜਾਏ ਆਪਣਾ ਪੱਲਾ, ਨਾਉਂ ਨਿਰੰਕਾਰਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣੀ ਕਰਨੀ ਕਿਰਤ ਕਮਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਏਕ ਅਖਵਾਇੰਦਾ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਇੰਦਾ। ਸ਼ਬਦੀ ਸੁਤ ਸੁਤ ਦੁਲਾਰਾ, ਥਿਰ ਘਰ ਸਾਚੀ ਬਣਤ ਬਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਘਾੜਨ ਘੜੇ ਬਣ ਠਠਿਆਰਾ, ਪੰਜ ਤੱਤ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰਾ, ਘਟ ਘਟ ਆਪਣੀ ਜੋਤ ਜਗਾਇੰਦਾ। ਗੁਰ ਅਵਤਾਰ ਦੇ ਸਹਾਰਾ, ਪੰਚਮ ਤੱਤ ਤੱਤ ਅਖਾੜਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸ਼ਬਦ ਅਨਾਦਿ ਸੱਚੀ ਧੁੰਨਕਾਰਾ, ਰਾਗੀ ਨਾਦੀ ਵਸੇ ਬਾਹਰਾ ਏਕਾ ਰਾਗ ਅਨਡਿਠੜਾ ਆਪ ਅਲਾਇੰਦਾ। ਪੀਰ ਪੈਗ਼ੰਬਰ ਕਰਨ ਨਿਮਸਕਾਰਾ, ਬੇਐਬ ਖ਼ੁਦਾਈ ਪਰਵਰਦਿਗਾਰਾ, ਸਯਦਾ ਸੀਸ ਸਰਬ ਝੁਕਾਇੰਦਾ। ਮੁਕਾਮੇ ਹੱਕ ਵਸੇ ਵਸਣਹਾਰਾ, ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਰੂਪ ਅਨੂਪ ਦਿਸ ਕਿਸੇ ਨਾ ਆਇੰਦਾ। ਜੁਗ ਚੌਕੜੀ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਸਰਗੁਣ ਗੁਰ ਗੁਰ ਧਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰ, ਜੁਗ ਚੌਕੜੀ ਫੇਰਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਕਰ ਖੁਵਾਰ, ਬਣ ਪਾਂਧੀ ਪੰਧ ਮੁਕਾਈਆ। ਕਲਜੁਗ ਅੰਤਮ ਵੇਖੇ ਆਪਣੀ ਵਾਰ, ਵਾਰ ਥਿਤ ਨਾ ਕੋਇ ਰਖਾਈਆ। ਸੀਸ ਨਵਾਇਣ ਤੇਈ ਅਵਤਾਰ, ਭਗਤ ਅਠਾਰਾਂ ਧਿਆਨ ਲਗਾਈਆ। ਦਸ ਦਸ ਗੁਰ ਕਰਨ ਨਿਮਸਕਾਰ, ਪਾਰਬ੍ਰਹਮ ਵਡੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਚਾਰੇ ਖਾਣੀ ਕਰੇ ਪੁਕਾਰ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੇ ਬਾਣੀ ਆਈ ਹਾਰ, ਹਰਿ ਕਾ ਰੂਪ ਨਾ ਕੋਇ ਦਰਸਾਈਆ। ਰਵ ਸਸ ਸੂਰਜ ਚੰਦ ਚਲ ਚਲ ਹੋਏ ਖੁਆਰ, ਅੰਤ ਪਾਂਧੀ ਬਣ ਪੰਧ ਨਾ ਕੋਇ ਮੁਕਾਈਆ। ਜ਼ਿਮੀਂ ਅਸਮਾਨ ਡਿਗਣ ਮੂੰਹ ਦੇ ਭਾਰ, ਬ੍ਰਹਿਮੰਡ ਖੰਡ ਨਾ ਸਕੇ ਕੋਈ ਖਲਾਰ, ਲੋਆਂ ਪੁਰੀਆਂ ਗਗਨ ਪਾਤਾਲਾਂ ਪਈ ਦੁਹਾਈਆ। ਨੌਂ ਖੰਡ ਪ੍ਰਿਥਮੀ ਰੋਵੇ ਜ਼ਾਰੋ ਜ਼ਾਰ, ਧਰਤ ਧਵਲ ਖੁਲੜੇ ਕੇਸ ਰਹੀ ਵਖਾਲ, ਮੀਢੀਂ ਸੀਸ ਨਾ ਕੋਇ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਆਪਣੇ ਹੱਥ ਰਖਾਈਆ। ਜੁਗ ਜੁਗ ਖੇਲ ਖੇਲ ਅਵੱਲਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਕੋਟਨ ਕੋਟ ਰੂਪ ਵਟਾਇੰਦਾ। ਜਨ ਭਗਤ ਫੜਾਏ ਏਕਾ ਪੱਲਾ, ਦੂਸਰ ਹੱਥ ਕਿਸੇ ਨਾ ਆਇੰਦਾ। ਸਾਚੇ ਸੰਤਾਂ ਆਪੇ ਮਿਲਾ, ਮਿਲ ਮਿਲ ਖ਼ੁਸ਼ੀ ਮਨਾਇੰਦਾ। ਗੁਰਮੁਖ ਜੋਤੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਧਰਾਇੰਦਾ। ਗੁਰਸਿਖਾਂ ਦੇਵੇ ਏਕਾ ਨਾਮ ਸੁਖੱਲਾ, ਹਰਿ ਨਾਮ ਮੰਤਰ ਦ੍ਰਿੜਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛੱਲਾ, ਭੇਵ ਕੋਇ ਨਾ ਪਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਆਲਮੀਨ ਆਪਣਾ ਪੜਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪੁਰਖ ਅਗੰਮ, ਏਕੰਕਾਰਾ ਆਪ ਕਰਾਈਆ। ਨਾ ਮਰੇ ਨਾ ਪਏ ਜੰਮ, ਜੂਨੀ ਜੂਨ ਨਾ ਕੋਇ ਫਿਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਕਰਤਾ ਪੁਰਖ ਆਪਣੀ ਕਰਨੀ ਕਿਰਤ ਕਮਾਈਆ। ਦੋ ਜਹਾਨਾਂ ਬੇੜਾ ਬੰਨ੍ਹ, ਨਿਰਗੁਣ ਸਰਗੁਣ ਰਿਹਾ ਤਰਾਈਆ। ਆਪੇ ਘੜੇ ਆਪੇ ਲਏ ਭੰਨ, ਸਮਰਥ ਪੁਰਖ ਵਡੀ ਵਡਿਆਈਆ। ਲੇਖਾ ਜਾਣੇ ਸੂਰਜ ਚੰਨ, ਜ਼ਿਮੀਂ ਅਸਮਾਨਾ ਫੋਲ ਫੋਲਾਈਆ। ਵਿਸ਼ਨ ਬ੍ਰਹਮਾ ਸ਼ਿਵ ਰਾਗ ਸੁਣਾਏ ਕੰਨ, ਕਰੋੜ ਤੇਤੀਸਾ ਆਲਸ ਨਿੰਦਰਾ ਦੇਵੇ ਲਾਹੀਆ। ਆਪੇ ਬਣ ਜਨਨੀ ਜਨ, ਪਿਤਾ ਪੂਤ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਆਪਣਾ ਵੇਸ ਆਪ ਵਟਾਈਆ। ਜੁਗ ਕਰਤਾ ਹਰਿ ਕਰਨੇ ਯੋਗ, ਆਦਿ ਪੁਰਖ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਗੁਰ ਅਵਤਾਰ ਪੀਰ ਪੈਗ਼ੰਬਰ ਕਰਦਾ ਰਿਹਾ ਸੰਜੋਗ, ਬਣ ਸੰਜੋਗੀ ਖੇਲ ਕਰਾਈਆ। ਅੰਤਮ ਦੋ ਜਹਾਨ ਸ੍ਰੀ ਭਗਵਾਨ ਕੱਟਦਾ ਰਿਹਾ ਵਿਯੋਗ, ਜਗਤ ਵਿਛੋੜਾ ਰਹਿਣ ਨਾ ਪਾਈਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕਾਂ ਚਰਨਾਂ ਹੇਠ ਰਖਾਈਆ। ਆਦਿ ਜੁਗਾਦੀ ਸਤਿ ਸਲੋਕ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਇਕੋ ਓਟ, ਪੁਰਖ ਅਕਾਲ ਰਖਾਈਆ। ਤਨ ਨਗਾਰੇ ਲਾਏ ਚੋਟ, ਜਗਤ ਨਗਾਰਾ ਦਏ ਵਜਾਈਆ। ਵੇਖਣਹਾਰਾ ਕੋਟਨ ਕੋਟੀ ਕੋਟ, ਘਰ ਘਰ ਆਪਣਾ ਆਸਣ ਲਾਈਆ। ਏਕਾ ਨੂਰ ਨਿਰਮਲ ਜੋਤ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸਮਰਥ, ਏਕੰਕਾਰ ਆਪਣਾ ਨਾਉਂ ਧਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਕਲਜੁਗ ਅੰਤ ਹੋ ਪਰਗਟ, ਨੌਂ ਸੌ ਚੁਰਾਨਵੇ ਚੌਕੜੀ ਜੁਗ ਪੰਧ ਮੁਕਾਇੰਦਾ। ਧੁਰ ਫ਼ਰਮਾਣਾ ਏਕਾ ਦੱਸ, ਲੱਖ ਚੁਰਾਸੀ ਜੀਵ ਜੰਤ ਆਪ ਪੜ੍ਹਾਇੰਦਾ। ਭਗਤ ਜਨਾਂ ਹਰਿ ਹਿਰਦੇ ਵਸ, ਆਤਮ ਅੰਤਰ ਮੇਲ ਮਿਲਾਇੰਦਾ। ਸਾਚੇ ਸੰਤਾਂ ਕਰੇ ਪਰਕਾਸ਼, ਕੋਟਨ ਰਵ ਸਸ, ਨਿਰਗੁਣ ਨੂਰ ਜੋਤ ਡਗਮਗਾਇੰਦਾ। ਗੁਰਮੁਖਾਂ ਪੂਰੀ ਕਰੇ ਆਸ, ਜਨਮ ਜਨਮ ਦਾ ਲਹਿਣਾ ਝੋਲੀ ਪਾਇੰਦਾ। ਗੁਰਸਿਖਾਂ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਵੇਖ ਵਖਾਇੰਦਾ। ਏਕਾ ਵਸਤ ਰੱਖੇ ਪਾਸ, ਆਦਿ ਜੁਗਾਦਿ ਆਪ ਵਰਤਾਇੰਦਾ। ਬ੍ਰਹਿਮੰਡ ਖੰਡ ਕਰ ਨਿਵਾਸ, ਤ੍ਰੈਭਵਣ ਧਨੀ ਆਪਣਾ ਭੇਵ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਪਵਣ ਸਵਾਸ, ਪਵਣ ਉਣੰਜਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਆਪਣੇ ਹੱਥ ਰਖਾਇੰਦਾ। ਆਦਿ ਅੰਤ ਅੰਤਮ ਕਲ, ਕਲ ਕਰਤਾ ਵੇਖ ਵਖਾਈਆ। ਵਸਣਹਾਰਾ ਸਚ ਮਹੱਲ, ਉਚ ਅਗੰਮ ਬੇਪਰਵਾਹੀਆ। ਨਿਰਗੁਣ ਰੂਪ ਲੋਕਮਾਤ ਆਇਆ ਚਲ, ਰੇਖ ਰੰਗ ਨਾ ਕੋਇ ਜਣਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਬੈਠਾ ਮੱਲ, ਬੰਕ ਦੁਆਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਨੌਂ ਚਾਰ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਪਾਵੇ ਸਾਰਾ, ਤ੍ਰੈਗੁਣ ਅਤੀਤਾ ਵਡ ਵਡਿਆਈਆ। ਲੱਖ ਚੁਰਾਸੀ ਜਗਤ ਬਿਵਹਾਰਾ, ਬਣ ਬਿਵਹਾਰੀ ਖੇਲ ਕਰਾਈਆ। ਪਰਗਟ ਹੋ ਗੁਰ ਅਵਤਾਰਾ, ਗੁਰ ਅਵਤਾਰ ਨਾਉਂ ਜਣਾਈਆ। ਸ਼ਬਦੀ ਸ਼ਬਦ ਬੋਲ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਹੱਕ ਹਕ਼ੀਕ਼ਤ ਬੋਲ ਨਾਅਰਾ, ਮਿਹਬਾਨ ਬੀਦੋ ਬੀ ਖੈਰ ਯਾ ਅੱਲਾ, ਏਕਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਅੰਤ ਆਪਣਾ ਆਪਣੇ ਲੇਖੇ ਲਾਈਆ। ਅੰਤ ਵੇਖੇ ਵੇਖਣਹਾਰਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਦੋ ਜਹਾਨ ਕਰੇ ਪਸਾਰਾ, ਬਣ ਪਸਾਰੀ ਵੇਖ ਵਖਾਇੰਦਾ। ਲੱਖ ਚੁਰਾਸੀ ਬਣ ਠਠਿਆਰਾ, ਘੜ ਘੜ ਆਪੇ ਭੰਨ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰਾ, ਬਣ ਜਾਚਕ ਸੇਵ ਕਮਾਇੰਦਾ। ਗੁਰ ਅਵਤਾਰ ਸਚ ਸੰਦੇਸਾ ਦੇਵਣਹਾਰਾ, ਹਰਿ ਕਾ ਨਾਉਂ ਮਾਤ ਪਰਗਟਾਇੰਦਾ। ਹਰਿ ਕਾ ਨਾਉਂ ਜਗਤ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਵਸਤ ਅਗੰਮੀ ਏਕਾ ਥਾਰਾ, ਥਿਰ ਘਰ ਵਾਸੀ ਆਪ ਵਖਾਇੰਦਾ। ਗੁਰਮੁਖ ਵਿਰਲਾ ਆਏ ਦੁਆਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੀ ਧਾਰਾ, ਕਲਜੁਗ ਅੰਤਮ ਖੇਲ ਕਰਾਇੰਦਾ। ਨੌਂ ਖੰਡ ਪ੍ਰਿਥਮੀ ਵੇਖ ਅਖਾੜਾ, ਸੱਤਾਂ ਦੀਪਾਂ ਪੜਦਾ ਲਾਹਿੰਦਾ। ਬਹੱਤਰ ਨਾੜੀ ਵੱਜੇ ਤਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਬਹੱਤਰ ਨਾੜ ਅਗਨੀ ਤੱਤ, ਤੱਤਵ ਤੱਤ ਰਿਹਾ ਜਲਾਈਆ। ਗ੍ਰਹਿ ਗ੍ਰਹਿ ਉਬਲੇ ਜਗਤ ਰੱਤ, ਰੱਤੀ ਰੱਤ ਨਾ ਕੋਇ ਸੁਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਦੇਵੇ ਕੋਇ ਬ੍ਰਹਮ ਮਤ, ਮਨ ਮਤ ਕਰੀ ਕੁੜਮਾਈਆ। ਜੂਠੇ ਝੂਠੇ ਵਿਕੇ ਹੱਟ, ਸਾਚਾ ਹੱਟ ਨਾ ਕੋਇ ਖੁਲ੍ਹਾਈਆ। ਫਿਰ ਫਿਰ ਥੱਕੇ ਤੀਰਥ ਤਟ, ਦੁਰਮਤ ਮੈਲ ਨਾ ਕੋਇ ਧੁਵਾਈਆ। ਦੂਈ ਦਵੈਤ ਨਾ ਨਿਕਲਿਆ ਵਟ, ਮਾਇਆ ਮਮਤਾ ਮੋਹ ਨਾ ਕੋਇ ਚੁਕਾਈਆ। ਰਸਨਾ ਜਿਹਵਾ ਮਣਕਾ ਮਣਕਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਵੇਖਣਹਾਰਾ ਥਾਉਂ ਥਾਈਂਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਹਰਿ ਜੂ ਆਇਆ। ਨੌਂ ਖੰਡ ਪ੍ਰਿਥਮੀ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਸਾਕ ਸੱਜਣ ਸੈਣ ਨਾ ਕਰੇ ਕੋਈ ਪਿਆਰ, ਪਿਤਾ ਪੂਤ ਹਿਤ ਨਾ ਕੋਇ ਰਖਾਇਆ। ਨਾਰ ਕੰਤ ਨਾ ਕੋਇ ਭਤਾਰ, ਜਗਤ ਵਿਭਚਾਰ ਰਿਹਾ ਕਮਾਇਆ। ਆਤਮ ਧੁੰਨ ਨਾ ਕੋਇ ਜੈਕਾਰ, ਰਸਨਾ ਜਿਹਵਾ ਹੋਈ ਹਲਕਾਇਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਹਰਿ ਕਾ ਭੇਵ ਕਿਸੇ ਨਾ ਆਇਆ। ਚਾਰ ਵਰਨ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਈ ਧਰਾਈਆ। ਬਰਨ ਅਠਾਰਾਂ ਡਿਗੇ ਮੂੰਹ ਦੇ ਭਾਰ, ਨਾ ਸਕੇ ਕੋਇ ਉਠਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਧੱਕਾ ਰਹੇ ਮਾਰ, ਜੋ ਹਰਿ ਹਰਿ ਨਾਉਂ ਗਏ ਭੁਲਾਇਆ। ਕਲਜੁਗ ਹੋਇਆ ਵਡ ਬਲਕਾਰ, ਆਪਣਾ ਬਲ ਰਿਹਾ ਰਖਾਇਆ। ਨਾਲ ਰਲਾਇਆ ਮੁਹੰਮਦੀ ਯਾਰ, ਚਾਰ ਯਾਰੀ ਗੰਢ ਪੁਵਾਇਆ। ਈਸਾ ਮੂਸਾ ਏਕਾ ਨਾਅਰ, ਕਾਲਾ ਸੂਸਾ ਤਨ ਛੁਹਾਇਆ। ਹੱਕ ਹਕ਼ੀਕ਼ਤ ਨਾ ਸਕੇ ਕੋਈ ਵਿਚਾਰ, ਲਾਸ਼ਰੀਕ ਨਜ਼ਰ ਕਿਸੇ ਨਾ ਆਇਆ। ਕਾਗਦ ਕਲਮ ਲਿਖ ਲਿਖ ਗਈ ਹਾਰ, ਬਣ ਕਾਤਬ ਲੇਖ ਨਾ ਕਿਸੇ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਵੇਖੇ ਅੰਤਮ ਵਾਰ, ਹਰਿ ਵੱਡਾ ਵਡ ਵਡਿਆਈਆ। ਗੁਰ ਸਤਿਗੁਰ ਕਰੇ ਨਾ ਕੋਈ ਪਿਆਰ, ਭਰਮੇ ਭੁੱਲੀ ਸਰਬ ਲੋਕਾਈਆ। ਨਾਨਕ ਗੋਬਿੰਦ ਘਰ ਮੰਦਰ ਨਾ ਦਿਸੇ ਕਿਸੇ ਸੰਸਾਰ, ਨੇਤਰ ਮੂੰਦ ਸੁੱਤੀ ਸਰਬ ਲੋਕਾਈਆ। ਨਾਮ ਸਤਿ ਨਾ ਕੋਇ ਅਹਾਰ, ਜੂਠ ਝੂਠ ਵਿਸ਼ਟਾ ਮੁਖ ਰਖਾਈਆ। ਫਤਹਿ ਡੰਕਾ ਨਾ ਕੋਇ ਜੈਕਾਰ, ਮਨ ਵਾਸਨਾ ਨਾ ਕੋਇ ਮਿਟਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਹੋਇਆ ਬਲਵਾਨ, ਕਲਜੁਗ ਜੀਵਾਂ ਰਿਹਾ ਅੰਤ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵੇਖ ਵਖਾਈਆ। ਖੇਲ ਵੇਖੇ ਸਚਖੰਡ ਨਿਵਾਸੀ, ਦਿਸ ਕਿਸੇ ਨਾ ਆਇੰਦਾ। ਏਕਾ ਨੂਰ ਜੋਤ ਪਰਕਾਸ਼ੀ, ਪਰਕਾਸ਼ਵਾਨ ਭੇਵ ਖੁਲ੍ਹਾਇੰਦਾ। ਤ੍ਰੈਭਵਣ ਅਵਣ ਗਵਣ ਬ੍ਰਹਿਮੰਡ ਖੰਡ ਕਰੇ ਦਾਸਨ ਦਾਸੀ ਵਿਸ਼ਨ ਬ੍ਰਹਮਾ ਸ਼ਿਵ ਹੁਕਮ ਸੁਣਾਇੰਦਾ। ਗੁਰ ਅਵਤਾਰਾਂ ਕਰੇ ਪੂਰੀ ਆਸੀ, ਅੰਤਰ ਅੰਤਰ ਜੋ ਧਿਆਨ ਲਗਾਇੰਦਾ। ਪੀਰ ਪੈਗ਼ੰਬਰ ਹੋਏ ਬੰਦ ਖੁਲਾਸੀ, ਬੰਦੀਖਾਨਾ ਆਪ ਤੁੜਾਇੰਦਾ। ਲੇਖਾ ਜਾਣੇ ਧਰਤ ਅਕਾਸ਼ੀ, ਅਕਾਸ਼ ਅਕਾਸ਼ਾ ਉਪਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਸਭ ਦਾ ਆਪ ਚੁਕਾਇੰਦਾ। ਲਹਿਣਾ ਦੇਣਾ ਚੁਕੌਣਾ ਮਾਤ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਕਲਜੁਗ ਅੰਤਮ ਸਭ ਦੀ ਪੁਛੇ ਵਾਤ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਖੋਲ੍ਹਣਹਾਰਾ ਤਾਕ, ਬਜਰ ਕਪਾਟੀ ਤੋੜ ਤੁੜਾਇੰਦਾ। ਆਤਮ ਪਰਮਾਤਮ ਸਾਚਾ ਸਾਕ, ਬ੍ਰਹਮ ਪਾਰਬ੍ਰਹਮ ਸਾਕ ਸੈਣ ਆਪ ਹੋ ਜਾਇੰਦਾ। ਸ਼ਬਦੀ ਸ਼ਬਦੀ ਬੰਨ੍ਹੇ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਅੱਖਰ ਵੱਖਰ ਸੁਣਾਏ ਗਾਥ, ਸਾਚਾ ਢੋਲਾ ਆਪੇ ਗਾਇੰਦਾ। ਮੇਟਣਹਾਰਾ ਜਾਤ ਪਾਤ, ਵਰਨ ਗੋਤ ਨਾ ਕੋਇ ਰਖਾਇੰਦਾ। ਪਾਏ ਸਾਰ ਕਾਇਨਾਤ, ਨੌਂ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਸਰਬ ਜੀਆਂ ਦਾ ਕਮਲਾਪਾਤ, ਲੱਖ ਚੁਰਾਸੀ ਨਾਰੀ ਕੰਤ ਆਪ ਹੰਢਾਇੰਦਾ। ਅੰਤਮ ਵੇਖੇ ਆਪਣਾ ਘਾਟ, ਪਾਰ ਕਿਨਾਰਾ ਨਾ ਕਿਸੇ ਜਣਾਇੰਦਾ। ਗੁਰ ਅਵਤਾਰ ਗਾ ਗਾ ਥੱਕੇ ਗਾਥ, ਪੁਰਖ ਅਕਾਲ ਓਟ ਸਰਬ ਧਰਾਇੰਦਾ। ਕਲਜੁਗ ਅੰਤਮ ਆਏ ਅੰਧੇਰੀ ਰਾਤ, ਜਗਤ ਅੰਧੇਰਾ ਚਾਰੋਂ ਕੁੰਟ ਛਾਇੰਦਾ। ਪਰਗਟ ਹੋਏ ਪੁਰਖ ਸਮਰਾਥ, ਨਿਹਕਲੰਕ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਆਪਣਾ ਖੇਲ ਰਚੇ ਨਿਰੰਕਾਰਾ, ਨਿਰਗੁਣ ਭੇਵ ਕੋਇ ਨਾ ਪਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰਿਆ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇੰਦਾ। ਕਰੇ ਖੇਲ ਅਗੰਮ ਅਪਾਰਾ, ਅਪਰੰਪਰ ਆਪਣਾ ਰੂਪ ਵਟਾਇੰਦਾ। ਜਨਨੀ ਜਨ ਨਾ ਕੋਇ ਸੁਤ ਦੁਲਾਰਾ, ਮਾਤ ਕੁੱਖ ਨਾ ਕੋਇ ਵਡਿਆਇੰਦਾ। ਪਿਤਾ ਪੂਤ ਨਾ ਕੋਇ ਹੁਲਾਰਾ, ਬਾਲੀ ਬੁਧ ਨਾ ਕੋਇ ਜਣਾਇੰਦਾ। ਨਿਰਗੁਣ ਅੰਦਰ ਨਿਰਗੁਣ ਧਾਰਾ, ਨੂਰ ਨੁਰਾਨਾ ਡਗਮਗਾਇੰਦਾ। ਗੋਬਿੰਦ ਮੇਲਾ ਵਿਚ ਸੰਸਾਰਾ, ਪੁਰਖ ਅਕਾਲ ਆਪ ਕਰਾਇੰਦਾ। ਸੰਬਲ ਵੇਖੇ ਧਾਮ ਨਿਆਰਾ, ਸਾਢੇ ਤਿੰਨ ਹੱਥ ਬੰਕ ਵਡਿਆਇੰਦਾ। ਲੇਖਾ ਚੁਕੇ ਰਵਦਾਸ ਚੁਮਾਰਾ, ਗੰਗਾ ਆਪਣੇ ਚਰਨ ਦਬਾਇੰਦਾ। ਭਗਤਨ ਖੋਲ੍ਹੇ ਬੰਦ ਕਿਵਾੜਾ, ਨੇਤਰ ਨੈਣ ਨੈਣ ਜਣਾਇੰਦਾ। ਮੇਟ ਮਿਟਾਏ ਅਗਨੀ ਹਾੜਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਹਰਿ, ਦੂਸਰ ਅਵਰ ਨਾ ਕੋਇ ਵਡਿਆਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਆਪਣਾ ਨਾਉਂ ਜਣਾਈਆ। ਲੱਖ ਚੁਰਾਸੀ ਖੈ ਕਰ, ਖੰਡਾ ਖੜਗ ਖੜਗ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਧਾਰ ਆਪ ਪਰਗਟਾਈਆ। ਸਾਚੀ ਧਾਰ ਪੁਰਖ ਅਕਾਲ, ਏਕਾ ਏਕ ਏਕ ਪਰਗਟਾਇੰਦਾ। ਕਲਜੁਗ ਅੰਤਮ ਹੋ ਦਿਆਲ, ਦੀਨ ਦਿਆਲ ਦਇਆ ਕਮਾਇੰਦਾ। ਨੌਂ ਖੰਡ ਪ੍ਰਿਥਮੀ ਇਕ ਧਰਮਸਾਲ, ਸਾਚਾ ਮੰਦਰ ਇਕ ਸੁਹਾਇੰਦਾ। ਏਕਾ ਦੀਪਕ ਦੀਆ ਬਾਲ, ਜੋਤੀ ਜਾਤਾ ਡਗਮਗਾਇੰਦਾ। ਏਕਾ ਮਾਰਗ ਲਾਏ ਸੁਖਾਲ, ਸੁਖ ਆਤਮ ਇਕ ਜਣਾਇੰਦਾ। ਏਕਾ ਨਾਤਾ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਇੰਦਾ। ਏਕਾ ਵਸਤ ਨਾਮ ਧਨ ਮਾਲ, ਜੀਵਾਂ ਜੰਤਾਂ ਆਪ ਵਰਤਾਇੰਦਾ। ਏਕਾ ਸਿਖਿਆ ਦਏ ਸਿਖਾਲ, ਸਾਚੀ ਸਿਖਿਆ ਗੁਰ ਗੁਰ ਸ਼ਬਦ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਸ ਅਵੱਲਾ ਆਪ ਧਰਾਇੰਦਾ। ਵੇਸ ਅਵੱਲਾ ਆਪੇ ਰੱਖ, ਰੱਖਕ ਆਪਣਾ ਖੇਲ ਕਰਾਇੰਦਾ। ਸਚ ਦੁੁਆਰੇ ਹੋ ਪਰਤੱਖ, ਪਰਤੱਖ ਆਪਣੀ ਧਾਰ ਚਲਾਇੰਦਾ। ਤੀਰਥ ਤਟ ਸਰ ਸਰੋਵਰ ਭਾਂਡੇ ਕਰੇ ਸਖ, ਅੰਮ੍ਰਿਤ ਏਕਾ ਨਾਮ ਵਖਾਇੰਦਾ। ਨੌਂ ਖੰਡ ਪ੍ਰਿਥਮੀ ਸਾਧ ਸੰਤ, ਕਲਜੁਗ ਜੀਵ ਕੋਇ ਨਾ ਸਕੇ ਰੱਖ, ਸਿਰ ਹੱਥ ਨਾ ਕੋਇ ਟਿਕਾਇੰਦਾ। ਅੰਤਮ ਖੇੜਾ ਹੋਏ ਭਠ, ਸੱਥਰ ਯਾਰ ਨਾ ਕੋਇ ਹੰਢਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਗੁਰਮੁਖ ਵੇਖੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਏਕਾ ਡੰਕਾ ਨਾਮ ਵਜਾਇੰਦਾ। ਏਕਾ ਡੰਕਾ ਵੱਜੇ ਨਾਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਹਰ ਘਟ ਰਿਹਾ ਸਮਾਈਆ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਨਿਹਕਲੰਕਾ ਨਾਉਂ ਰਖਾਈਆ। ਲੇਖਾ ਚੁਕਾਏ ਪ੍ਰਿਥਮੀ ਅਕਾਸ਼, ਪ੍ਰਿਥਮ ਆਪਣੇ ਨਾਉਂ ਦਏ ਵਡਿਆਈਆ। ਸਾਚੇ ਮੰਡਲ ਪਾਵੇ ਰਾਸ, ਰੂਪ ਅਨੂਪ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਦਏ ਸੁਣਾਈਆ। ਏਕਾ ਡੰਕਾ ਹਰਿ ਕਾ ਨਾਉਂ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਆਪ ਸੁਣਾਏ ਸਭਨੀ ਥਾਉਂ, ਆਪਣਾ ਹੁਕਮ ਆਪ ਵਰਤਾਇੰਦਾ। ਤਖ਼ਤ ਨਿਵਾਸੀ ਕਰੇ ਸਚ ਨਿਆਉਂ, ਅਦਲ ਅਦਾਲਤ ਇਕ ਕਮਾਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹੋਂ, ਨਿਰਧਨ ਆਪਣੇ ਗਲੇ ਲਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਾਹ ਸਾਚੀ ਆਪ ਬਹਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਜਿਸ ਜਨ ਸੋਹੰ ਹੰਸਾ ਮਾਣਕ ਮੋਤੀ ਆਪਣਾ ਨਾਉਂ ਚੋਗ ਚੁਗਾਇੰਦਾ। ਸਦਾ ਸੁਹੇਲਾ ਏਥੇ ਓਥੇ, ਦੋ ਜਹਾਨਾਂ ਦੇਵੇ ਠੰਡੀ ਛਾਉਂ, ਸਮਰਥ ਪੁਰਖ ਮਹਿਮਾ ਅਕੱਥ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਵਰਤੇ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਯੁਗ ਰੋਵਣ ਜ਼ਾਰੋ ਜ਼ਾਰ, ਚਾਰ ਯਾਰੀ ਦਏ ਦੁਹਾਈਆ। ਚਾਰ ਕੁੰਟ ਕਰੇ ਪੁਕਾਰ, ਚਾਰ ਵਰਨ ਪਈ ਲੜਾਈਆ। ਚਾਰੇ ਖਾਣੀ ਹੋਈ ਗਵਾਰ, ਚਾਰੇ ਬਾਣੀ ਗਈ ਭੁਲਾਈਆ । ਚੌਥੇ ਪਦ ਨਾ ਪਾਏ ਕੋਈ ਸਾਰ, ਸਾਚਾ ਮੰਦਰ ਨਾ ਕੋਇ ਵਖਾਈਆ। ਮਾਰਗ ਦੱਸ ਦੱਸ ਗਏ ਗੁਰ ਅਵਤਾਰ, ਲੋਕਮਾਤ ਕਰ ਪੜ੍ਹਾਈਆ। ਪੀਰ ਪੈਗ਼ੰਬਰ ਕਰ ਕਰ ਗਏ ਖ਼ਬਰਦਾਰ, ਬੇਖ਼ਬਰ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਵੇਸ ਆਪ ਵਟਾਈਆ। ਆਪਣਾ ਵੇਸ ਵਟਾਏ ਕਰਤਾਰ, ਕਰਤਾ ਪੁਰਖ ਭੇਵ ਨਾ ਆਇੰਦਾ। ਸਚਖੰਡ ਲਗਾਏ ਸਚ ਦਰਬਾਰ, ਲੋਕਮਾਤ ਆਪ ਸਮਝਾਇੰਦਾ। ਭਗਤ ਭਗਵੰਤ ਕਰ ਪਿਆਰ, ਸਾਚਾ ਬੰਕ ਆਪ ਵਡਿਆਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਧੁਰ ਫ਼ਰਮਾਣਾ ਸ਼ਬਦ ਸੁਣਾਇੰਦਾ। ਕਲਜੁਗ ਅੰਤਮ ਸਭ ਦਾ ਲੇਖਾ ਲਿਖਿਆ ਵਿਚ ਸੰਸਾਰ, ਬਾਕੀ ਕੋਇ ਲੈਣ ਨਾ ਆਇੰਦਾ। ਲਹਿਣਾ ਦੇਣਾ ਦੇਵੇ ਆਪ ਨਿਰੰਕਾਰ, ਮਕਰੂਜ਼ ਕਰਜਾ ਸਭ ਦਾ ਵੇਖ ਵਖਾਇੰਦਾ। ਖੜਗ ਖੰਡਾ ਤੇਜ਼ ਕਟਾਰ, ਨਾਮ ਨਿਧਾਨ ਆਪ ਚਮਕਾਇੰਦਾ। ਤਿੱਖੀਆਂ ਰਖੇ ਦੋਵੇਂ ਧਾਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਗੁਰਮੁਖ ਸਾਚੇ ਲਏ ਉਭਾਰ, ਮਨਮੁਖ ਸ਼ੌਹ ਦਰਿਆਏ ਆਪ ਰੁੜ੍ਹਾਇੰਦਾ। ਈਸਾ ਮੂਸਾ ਸੰਗ ਮੁਹੰਮਦ ਅਧ ਵਿਚਕਾਰੇ ਕਰਨ ਵਿਚਾਰ, ਪਾਰ ਕਿਨਾਰਾ ਨਾ ਕੋਇ ਜਣਾਇੰਦਾ। ਤੇਰੇ ਅੱਗੇ ਸਯਦਾ ਪਰਵਰਦਿਗਾਰ, ਸਹੀ ਸਲਾਮਤ ਤੂ ਹੀ ਨਜ਼ਰੀ ਆਇੰਦਾ। ਤੇਰੀ ਨਜ਼ਰ ਮਿਹਰ ਕਰਮ ਦੇਵੇ ਤਾਰ, ਨਜ਼ਰੀਆ ਨਜ਼ਰ ਇਕ ਵਖਾਇੰਦਾ। ਬਣ ਖਾਦਮ ਹੋਈਏ ਖਿਦਮਤਗਾਰ, ਦੂਜਾ ਖਿਤਾਬ ਨਾ ਕੋਇ ਭਾਇੰਦਾ। ਸਯਦਾ ਕਰੀਏ ਤੇਰੇ ਦਰਬਾਰ, ਦਰ ਦਰਬਾਰਾ ਤੇਰਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਖਾਲੀ ਝੋਲੀ ਸਰਬ ਵਖਾਇੰਦਾ। ਖਾਲੀ ਝੋਲੀ ਬੈਠੇ ਅੱਡ, ਪਰਵਰਦਿਗਾਰ ਰਹੇ ਵਖਾਈਆ। ਬਹੁੜੀ ਬਹੁੜੀ ਲੋਕਮਾਤ ਵਿਚੋਂ ਨਾ ਕੱਢ, ਦੋਏ ਜੋੜ ਵਾਸਤਾ ਪਾਈਆ। ਮੁਹੰਮਦ ਕਹੇ ਚੌਧਵੀਂ ਸਦੀ ਮੇਰੇ ਖਾਲੀ ਹੋਏ ਹੱਡ, ਰੱਤੀ ਰੱਤ ਨਜ਼ਰ ਕੋਇ ਨਾ ਆਈਆ। ਚਾਰ ਯਾਰੀ ਸਾਥ ਗਈ ਛੱਡ, ਅੱਲਾ ਰਾਣੀ ਮੁਖ ਸ਼ਰਮਾਈਆ। ਉਮਤ ਉਮਤੀ ਹੋਈ ਬਸ, ਨਬੀ ਰਸੂਲ ਨਾ ਕੋਇ ਸਫ਼ਾਈਆ। ਇਕ ਕਲਮਾ ਤੇਰਾ ਗਾਈਏ ਜਸ, ਸਚ ਕਲਾਮ ਮੋਹੇ ਭਾਈਆ। ਮੇਰੀ ਪੂਰੀ ਕਰ ਆਸ, ਸਦੀ ਚੌਧਵੀ ਦਏ ਦੁਹਾਈਆ। ਚੌਦਾਂ ਤਬਕ ਨਾ ਹੋਣ ਨਿਰਾਸ, ਆਸਾ ਆਸਾ ਵਿਚ ਮਿਲਾਈਆ। ਮੈਂ ਕਲਜੁਗ ਦਿਤਾ ਸਾਥ, ਤੇਰੇ ਚਲਿਆ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾ ਸਯਦਾ ਸੀਸ ਝੁਕਾਈਆ। ਤੇਰੇ ਚਰਨਾਂ ਸੀਸ ਜਾਏ ਝੁਕ, ਦੂਸਰ ਓਟ ਨਾ ਕੋਇ ਤਕਾਈਆ। ਮੇਰਾ ਪੈਂਡਾ ਰਿਹਾ ਮੁੱਕ, ਅੰਤ ਦਿਸੇ ਨਾ ਕੋਇ ਸਹਾਈਆ। ਉਮਤੀ ਬੂਟਾ ਰਿਹਾ ਸੁੱਕ, ਆਬੇ ਹਯਾਤ ਨਾ ਕੋਇ ਪਿਆਈਆ । ਜੁਗ ਚੌਕੜੀ ਤੂੰ ਬੈਠਾ ਰਿਹਾ ਲੁਕ, ਮੁਕਾਮੇ ਹੱਕ ਡੇਰਾ ਲਾਈਆ। ਕਲਜੁਗ ਅੰਤਮ ਪਿਆ ਉਠ, ਨੂਰੀ ਜਲਵਾ ਕਰ ਰੁਸ਼ਨਾਈਆ। ਇਕ ਪਿਆਰ ਕਰਿਆ ਸਾਚੇ ਸੁਤ, ਗੋਬਿੰਦ ਆਪਣਾ ਪੂਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਢਹਿ ਢਹਿ ਪਏ ਸਰਨਾਈਆ। ਤੇਰੀ ਸਰਨਾਈ ਗਏ ਢੱਠ, ਹੋਏ ਬਾਲ ਨਾਦਾਨ। ਲੇਖਾ ਚੁਕੇ ਤੱਤ ਅੱਠ, ਅਠ ਤੱਤ ਕਰ ਪਰਵਾਨ। ਤੂੰ ਵਸਣਹਾਰਾ ਘਟ ਘਟ, ਘਟ ਘਟ ਮੇਰਾ ਰਮਜ਼ਾਨ। ਮੈਂ ਪੰਧ ਮੁਕਾਇਆ ਨੱਠ ਨੱਠ, ਤੇਰੀ ਚਰਨੀਂ ਡਿਗਾ ਆਣ। ਆਪਣੀ ਵਸਤ ਝੋਲੀ ਘਤ, ਮੈਂ ਬਾਲੀ ਬੁਧ ਅਞਾਣ। ਸਾਚੀ ਦੇ ਆਪਣੀ ਮਤ, ਤੇਰੀ ਮਤ ਕਰਾਂ ਪਰਵਾਨ। ਪੁਰਖ ਅਬਿਨਾਸ਼ੀ ਕਹੇ ਆਪ ਸਮਰਥ, ਲੇਖਾ ਚੁਕੇ ਅੰਜ਼ੀਲ ਕੁਰਾਨ। ਸਭ ਨੇ ਏਕਾ ਨਾਉਂ ਲੈਣਾ ਰਟ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਚਾਰ ਜੁਗ ਦਾ ਮਿਟੇ ਫਟ, ਚਾਰ ਵਰਨ ਹੋਏ ਕਲਿਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਸ੍ਰੀ ਭਗਵੰਤ ਜੁਗ ਜੁਗ ਆਪਣਾ ਖੇਲ ਜਾਣੇ ਆਪ ਭਗਵਾਨ।
