Granth 10 Likhat 057: 21 Faggan 2017 Bikarmi Jamandar Kishan Singh de Greh Pind Allarh Pindi Jila Gurdaspur

੨੧ ਫਗਣ ੨੦੧੭ ਬਿਕ੍ਰਮੀ ਜਮਾਂਦਾਰ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲ੍ਹੜ ਪਿੰਡੀ ਜ਼ਿਲਾ ਗੁਰਦਾਸ ਪੁਰ

ਭੋਲੇ ਭਾਉ ਹਰਿ ਜਸ ਗਾਇਆ, ਹਰਿ ਹਰਿ ਲੇਖੇ ਆਪਣੇ ਲਾਇੰਦਾ। ਗ਼ਰੀਬ ਨਿਮਾਣੇ ਮੇਲ ਮਿਲਾਇਆ, ਨਾਮ ਬੰਧਨ ਏਕਾ ਪਾਇੰਦਾ। ਪੱਤਣ ਪਾਹਰੂ ਬਣ ਕੇ ਆਇਆ, ਖੇਵਟ ਖੇਟਾ ਭੇਵ ਨਾ ਆਇੰਦਾ। ਸਾਚਾ ਬੇੜਾ ਜਗ ਲਿਆਇਆ, ਸਾਚੀ ਸੇਵ ਆਪ ਕਮਾਇੰਦਾ। ਆਪਣੀ ਹੱਥੀਂ ਚੱਪੂ ਦਏ ਲਗਾਇਆ, ਭਗਤ ਮਲਾਹੀ ਫੇਰਾ ਪਾਇੰਦਾ। ਲੱਗਾ ਨੇਹੋਂ ਲਏ ਤੋੜ ਨਿਭਾਇਆ, ਅਧਵਿਚਕਾਰ ਨਾ ਕੋਇ ਤੁੜਾਇੰਦਾ। ਅਲਖ ਅਭੇਵ ਭੇਵ ਨਿਰੰਜਣ ਦਰਸ ਦਿਖਾਇਆ, ਨੇਤਰ ਨੈਣ ਆਪ ਖੁਲ੍ਹਾਇੰਦਾ। ਸੇਵਾ ਕਰਨ ਦਾ ਹਰਿ ਚਾਓ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪੇ ਆਪ ਤਰਾਇੰਦਾ। ਹਰਿਜਨ ਬਾਲ ਅਞਾਣਾ ਹਰਿ ਸਾਚਾ ਸਚ ਸਮਝਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਰੂਪ ਵਟਾਇੰਦਾ। ਗੁਰਮੁਖਾਂ ਦੇਵੇ ਨਾਮ ਨਿਧਾਨਾ, ਨਿਰਵੈਰ ਪੁਰਖ ਝੋਲੀ ਪਾਇੰਦਾ। ਸਤਿ ਸਰੂਪੀ ਬੰਨ੍ਹੇ ਗਾਨਾ, ਸ਼ਬਦੀ ਤੰਦ ਹੱਥ ਉਠਾਇੰਦਾ। ਲੇਖਾ ਜਾਣੇ ਦੋ ਜਹਾਨਾ, ਕਲਜੁਗ ਅੰਤਮ ਵੇਸ ਵਟਾਇੰਦਾ। ਸ਼ਬਦ ਜਣਾਏ ਧੁਰ ਫ਼ਰਮਾਨਾ, ਨਾਦ ਅਨਾਦੀ ਆਪ ਵਜਾਇੰਦਾ। ਹਰਿਜਨ ਦੇਵੇ ਸਾਚਾ ਮਾਣਾ, ਏਕਾ ਓਟ ਪੁਰਖ ਅਕਾਲ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਪਾਰ ਉਤਾਰਨਾ, ਕਰ ਕਿਰਪਾ ਗੁਣ ਨਿਧਾਨ। ਪੂਰਬ ਜਨਮ ਆਪ ਵਿਚਾਰਨਾ, ਲੇਖਾ ਜਾਣੇ ਆਪ ਭਗਵਾਨ। ਮਾਣਸ ਜਨਮ ਪੈਜ ਸਵਾਰਨਾ, ਚਰਨ ਕਵਲ ਬਖ਼ਸ਼ੇ ਇਕ ਧਿਆਨ। ਹਉਮੇ ਹੰਗਤਾ ਰੋਗ ਨਿਵਾਰਨਾ, ਮਾਇਆ ਮੋਹ ਨਾ ਦਿਸੇ ਕੋਇ ਨਿਸ਼ਾਨ। ਜੂਠ ਝੂਠ ਪੰਧ ਮੁਕਾਵਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਏ ਏਕਾ ਆਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਬਾਲ ਨਾਦਾਨ। ਬਾਲ ਨਾਦਾਨਾ ਵੇਖਣ ਆਇਆ, ਕਿਰਪਾ ਨਿਧ ਹਰਿ ਕ੍ਰਿਪਾਲ। ਨੌਂ ਖੰਡ ਪ੍ਰਿਥਮੀ ਸੱਤਾਂ ਦੀਪਾਂ ਜਗਤ ਰੇਖ ਮੇਟਣ ਆਇਆ, ਦਾਤਾ ਜੋਧਾ ਸੂਰਬੀਰ ਨੌਜਵਾਨ। ਏਕਾ ਅੱਖਰ ਏਕਾ ਨਾਉਂ ਇਕ ਨਿਰੰਕਾਰਾ ਚੇਤਨ ਆਇਆ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਅਵੱਲਾ, ਕਲਜੁਗ ਅੰਤਮ ਆਪ ਕਰਾਈਆ। ਸਚਖੰਡ ਨਿਵਾਸੀ ਇਕ ਅਕੱਲਾ, ਸਚ ਸਿੰਘਾਸਣ ਸੋਭਾ ਪਾਈਆ। ਧੁਰ ਦਰਬਾਰਾ ਆਪੇ ਮੱਲਾ, ਚਰਨ ਕਵਲ ਆਪ ਟਿਕਾਈਆ। ਵਸਣਹਾਰਾ ਜਲਾ ਥਲਾ, ਜਲ ਥਲ ਮਹੀਅਲ ਡੇਰਾ ਲਾਈਆ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਵੈਰ ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਸ਼ਬਦੀ ਅਗੰਮੀ ਏਕਾ ਪੱਲਾ, ਪੁਰਖ ਅਗੰਮੜਾ ਆਪ ਉਠਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਹਿਮਾ ਆਪਣੇ ਹੱਥ ਰਖਾਈਆ। ਸਾਚੀ ਮਹਿਮਾ ਆਦਿ ਪੁਰਖ ਨਿਰੰਜਣ, ਆਪਣੇ ਹੱਥ ਰਖਾਇੰਦਾ। ਸੋ ਪੁਰਖ ਨਿਰੰਜਣ ਹੋਏ ਦਰਦ ਦੁੱਖ ਭੈ ਭੰਜਨ, ਹਰਿਜਨ ਸਾਚੇ ਵੇਖ ਵਖਾਇੰਦਾ । ਹਰਿ ਪੁਰਖ ਨਿਰੰਜਣ ਏਕਾ ਪਾਏ ਨਾਮ ਅੰਜਨ, ਨੇਤਰ ਨੈਣਾਂ ਆਪ ਖੁਲ੍ਹਾਇੰਦਾ। ਏਕੰਕਾਰਾ ਸਾਚਾ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਆਦਿ ਨਿਰੰਜਣ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਸ੍ਰੀ ਭਗਵਾਨ ਕਰਾਏ ਸਾਚਾ ਮਜਨ, ਚਰਨ ਧੂੜ ਇਕ ਵਖਾਇੰਦਾ। ਅਬਿਨਾਸ਼ੀ ਕਰਤਾ ਰੱਖੇ ਲੱਜਣ, ਹਰਿਜਨ ਸਾਚੇ ਆਪ ਤਰਾਇੰਦਾ। ਪਾਰਬ੍ਰਹਮ ਲੇਖਾ ਜਾਣੇ ਘੜਨ ਭੰਨਣ, ਸਮਰਥ ਪੁਰਖ ਭੇਵ ਨਾ ਆਇੰਦਾ। ਕਲਜੁਗ ਅੰਤਮ ਆਇਆ ਬੇੜਾ ਬੰਨ੍ਹਣ, ਨਿਰਗੁਣ ਆਪਣਾ ਰੂਪ ਧਰਾਇੰਦਾ। ਗੁਰਮੁਖ ਲੱਖ ਚੁਰਾਸੀ ਵਿਚੋਂ ਲੱਭੇ ਚੰਨਣ, ਜਗਤ ਪਰਭਾਸ ਫੋਲ ਫੋਲਾਇੰਦਾ। ਏਕਾ ਰਾਗ ਸੁਣਾਏ ਕੰਨਨ, ਛੱਤੀ ਰਾਗ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚਾ ਬਾਲੀ ਬੁਧ, ਪਾਰਬ੍ਰਹਮ ਹਰਿ ਵੇਖ ਵਖਾਈਆ। ਆਦਿ ਜੁਗਾਦੀ ਕਰੇ ਕਾਰਜ ਸੁਧ, ਸਾਚੇ ਮਾਰਗ ਆਪੇ ਲਾਈਆ। ਆਪਣੇ ਮਿਲਣ ਦੀ ਆਪ ਬਣਾਏ ਸਾਚੀ ਬਿਧ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਏਕਾ ਅੱਖਰ ਕਰੇ ਪਰਸਿਧ, ਬਾਵਣ ਅੱਖਰੀ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਹਰਿ ਉਠਾਲ ਦਾ, ਸੋ ਪੁਰਖ ਨਿਰੰਜਣ ਸਾਚਾ ਮੀਤ। ਆਦਿ ਜੁਗਾਦਿ ਸਦਾ ਪ੍ਰਿਤਪਾਲ ਦਾ, ਹਰਿ ਪੁਰਖ ਨਿਰੰਜਣ ਠਾਂਡਾ ਸੀਤ। ਲੇਖਾ ਜਾਣੇ ਸ਼ਾਹ ਕੰਗਾਲ ਦਾ, ਏਕੰਕਾਰਾ ਇਕ ਅਤੀਤ। ਰਾਹ ਸਾਚਾ ਇਕ ਵਖਾਲ ਦਾ, ਆਦਿ ਨਿਰੰਜਣ ਹਸਤ ਕੀਟ। ਫਲ ਵੇਖੇ ਪੱਤ ਡਾਲ੍ਹ ਦਾ, ਅਬਿਨਾਸ਼ੀ ਕਰਤਾ ਲੱਖ ਚੁਰਾਸੀ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਾਚੀ ਰੀਤ ਪੁਰਖ ਭਗਵਾਨ, ਆਦਿ ਜੁਗਾਦਿ ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਖੇਲ ਮਹਾਨ, ਜੁਗ ਕਰਤਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਇਕ ਗਿਆਨ, ਏਕਾ ਅੱਖਰ ਨਾਮ ਪੜ੍ਹਾਈਆ। ਏਕਾ ਨਾਤਾ ਜੋੜੇ ਗੁਣ ਨਿਧਾਨ, ਤ੍ਰੈ ਤ੍ਰੈ ਮੇਲਾ ਮੇਲ ਮਿਲਾਈਆ। ਏਕਾ ਤਤ ਕਰ ਪਰਧਾਨ, ਪੰਚਮ ਆਪਣਾ ਬੰਧਨ ਪਾਈਆ। ਏਕਾ ਸ਼ਬਦ ਨਾਦ ਧੁੰਨਕਾਨ, ਅਨਹਦ ਸਾਚਾ ਨਾਦ ਵਜਾਈਆ। ਏਕਾ ਜੋਤੀ ਨੂਰ ਮਹਾਨ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਈਆ। ਏਕਾ ਮੰਦਰ ਇਕ ਮਕਾਨ, ਏਕਾ ਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕਾ ਆਤਮ ਇਕ ਗਿਆਨ, ਏਕਾ ਪਰਮਾਤਮ ਕਰੇ ਪੜ੍ਹਾਈਆ। ਏਕਾ ਭੂਮਕਾ ਇਕ ਅਸਥਾਨ, ਏਕਾ ਬੈਠਾ ਸੇਜ ਸੁਹਾਈਆ। ਏਕਾ ਮੰਡਲ ਏਕਾ ਗੋਪੀ ਏਕਾ ਕਾਹਨ, ਏਕਾ ਬੈਠਾ ਰਾਸ ਰਚਾਈਆ। ਏਕਾ ਲੇਖਾ ਜਾਣੇ ਦੋ ਜਹਾਨ, ਦੋ ਜਹਾਨਾਂ ਆਪਣਾ ਰੂਪ ਧਰਾਈਆ। ਏਕਾ ਮੇਲ ਮਿਲਾਏ ਭਗਤ ਭਗਵਾਨ, ਭਗਤਨ ਸਾਚਾ ਸੰਗ ਨਿਭਾਈਆ। ਏਕਾ ਸੰਤਨ ਦੇਵੇ ਸਾਚਾ ਦਾਨ, ਵਸਤ ਅਮੋਲਕ ਝੋਲੀ ਪਾਈਆ। ਏਕਾ ਗੁਰਮੁਖ ਸਾਚੇ ਲਏ ਪਛਾਣ, ਲੱਖ ਚੁਰਾਸੀ ਫੋਲ ਫੁਲਾਈਆ। ਏਕਾ ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਚਰਨ ਕਵਲ ਸੱਚੀ ਸਰਨਾਈਆ। ਏਕਾ ਚਾਰੇ ਵੇਦਾਂ ਪਾਵੇ ਆਣ, ਚਾਰੇ ਮੁਖ ਬ੍ਰਹਮਾ ਕਰੇ ਪੜ੍ਹਾਈਆ। ਏਕਾ ਲੇਖਾ ਜਾਣੇ ਸ਼ਾਸਤਰ ਸਿਮਰਤ ਜਗਤ ਪੁਰਾਨ, ਵਿਦਤ ਵਿਦਿਆ ਵਿਚ ਰਖਾਈਆ। ਏਕਾ ਜਾਣੇ ਗੀਤਾ ਗਿਆਨ, ਗ੍ਰਹਿ ਮੰਦਰ ਆਪ ਸਮਝਾਈਆ। ਏਕਾ ਜਾਣੇ ਅੰਜੀਲ ਕ਼ੁਰਾਨ, ਤੀਸ ਬਤੀਸਾ ਇਕ ਹਦੀਸ ਸੁਣਾਈਆ। ਏਕਾ ਮਾਰੇ ਬਾਣੀ ਬਾਣ, ਇਕਵੰਜਾ ਬਵਿੰਜਾ ਆਪਣਾ ਬੰਧਨ ਪਾਈਆ। ਏਕਾ ਖੇਲੇ ਖੇਲ ਮਿਹਰਵਾਨ, ਮਹਿਬਾਨ ਆਪਣਾ ਰੂਪ ਧਰਾਈਆ। ਏਕਾ ਪਰਵਰਦਿਗਾਰ ਨੂਰ ਜ਼ਹੂਰ ਵਖਾਏ ਮਹਾਨ, ਲਾਸ਼ਰੀਕ ਇਕ ਅਖਵਾਈਆ। ਏਕਾ ਰਾਮ ਨਾਮ ਕਰੇ ਪਰਨਾਮ, ਏਕਾ ਬੈਠਾ ਸੀਸ ਝੁਕਾਈਆ। ਏਕਾ ਲੇਖਾ ਜਾਣੇ ਗੋਪੀ ਕਾਹਨ, ਏਕਾ ਬੰਸਰੀ ਮਧੁਰ ਆਪ ਵਜਾਈਆ। ਏਕਾ ਈਸਾ ਮੂਸਾ ਪਕੜੇ ਦਾਮ, ਏਕਾ ਸੰਗ ਮੁਹੰਮਦ ਚਾਰ ਯਾਰ ਸਗਲਾ ਸੰਗ ਰਖਾਈਆ। ਏਕਾ ਨਾਨਕ ਗੋਬਿੰਦ ਸੁਣਾਏ ਸ਼ਬਦ ਧੁਨਕਾਨ, ਪੁਰਖ ਅਕਾਲ ਵਡੀ ਵਡਿਆਈਆ। ਏਕਾ ਜੋਤ ਪਰਕਾਸ਼ ਕਰੇ ਕੋਟਨ ਭਾਨ, ਰਵ ਸਸ ਆਪ ਚਮਕਾਈਆ। ਏਕਾ ਲੇਖਾ ਜਾਣੇ ਜ਼ਿਮੀ ਅਸਮਾਨ, ਮੰਡਲ ਮੰਡਪ ਆਪਣਾ ਆਸਣ ਲਾਈਆ। ਏਕਾ ਲੱਖ ਚੁਰਾਸੀ ਕਰੇ ਪਰਧਾਨ, ਚਾਰੇ ਖਾਣੀ ਵੰਡ ਵੰਡਾਈਆ। ਏਕਾ ਉਤਭੁਜ ਸੇਤਜ ਅੰਡਜ ਜੇਰਜ ਦਏ ਗਿਆਨ, ਏਕਾ ਪਰਾ ਪਸੰਤੀ ਮਧਮ ਬੈਖਰੀ ਬਾਣੀ ਆਪੇ ਗਾਈਆ। ਏਕਾ ਬਖ਼ਸ਼ੇ ਸਾਚਾ ਮਾਣ, ਗੁਰ ਅਵਤਾਰ ਆਪ ਬੁਝਾਈਆ। ਏਕਾ ਹੋਏ ਜਾਣੀ ਜਾਣ, ਜਾਨਣਹਾਰ ਭੁਲ ਨਾ ਜਾਈਆ। ਏਕਾ ਵੰਡਣ ਵੰਡੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਖੇਲ ਆਪ ਖਿਲਾਈਆ। ਏਕਾ ਏਕ ਵੰਡ ਵੰਡਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਸਾਚੇ ਤਖ਼ਤ ਸੋਭਾ ਪਾਇੰਦਾ, ਸ਼ਹਿਨਸ਼ਾਹ ਸੱਚੀ ਸਰਕਾਰ। ਹੁਕਮੀ ਹੁਕਮ ਆਪ ਚਲਾਇੰਦਾ, ਹਾਕਮ ਬਣਿਆ ਪਰਵਰਦਿਗਾਰ। ਸਚ ਪੈਗ਼ਾਮ ਆਪ ਸੁਣਾਇੰਦਾ, ਐਨਲਹਕ ਬੋਲ ਜੈਕਾਰ। ਏਕਾ ਸ਼ਬਦ ਨਾਅਰਾ ਲਾਇੰਦਾ, ਆਪੇ ਹੋਏ ਸੁਣਨੇਹਾਰ। ਆਪਣਾ ਰੂਪ ਆਪ ਧਰਾਇੰਦਾ, ਲੋਕਮਾਤ ਖੇਲ ਅਪਾਰ। ਨਿਰਗੁਣ ਸਰਗੁਣ ਆਪ ਹੋ ਜਾਇੰਦਾ, ਪੰਜ ਤਤ ਦਏ ਆਧਾਰ। ਤ੍ਰੈਗੁਣ ਲੇਖਾ ਆਪਣੇ ਹੱਥ ਰਖਾਇੰਦਾ, ਕਰੇ ਖੇਲ ਸੱਚੀ ਸਰਕਾਰ। ਜੁਗ ਜੁਗ ਆਪਣਾ ਬੰਧਨ ਪਾਇੰਦਾ, ਸਤਿਜੁਗ ਤ੍ਰੇਤਾ ਕਰ ਵਿਚਾਰ। ਦਵਾਪਰ ਆਪਣਾ ਮਰਦੰਗ ਵਜਾਇੰਦਾ, ਸਚ ਮਰਦੰਗਾ ਇਕ ਨਿਰੰਕਾਰ। ਕਲਜੁਗ ਆਪੇ ਵੇਸ ਵਟਾਇੰਦਾ, ਆਪਣੀ ਇਛਿਆ ਆਪੇ ਧਾਰ। ਆਪਣਾ ਬਸਤਰ ਆਪਣੇ ਤਨ ਛੁਹਾਇੰਦਾ, ਕਾਲਾ ਸੂਸਾ ਇਕ ਸ਼ਿੰਗਾਰ। ਆਪਣੀ ਰਬਾਬ ਸਤਾਰ ਆਪ ਵਜਾਇੰਦਾ, ਆਪੇ ਹੋਏ ਗਾਵਣਹਾਰ। ਆਪੇ ਸ਼ਸਤਰ ਬਸਤਰ ਤਨ ਸਜਾਇੰਦਾ, ਆਪੇ ਖੜਗ ਖੰਡਾ ਕਟਾਰ। ਆਪੇ ਆਪਣਾ ਲਿਖ ਲਿਖ ਲੇਖ ਆਪਣੇ ਅੱਗੇ ਰਖਾਇੰਦਾ, ਆਪੇ ਕਰਨਹਾਰ ਉਜਿਆਰ। ਆਪੇ ਵਾਕ ਭਵਿਖਤ ਜਣਾਇੰਦਾ, ਨਾ ਕੋਈ ਸਕੇ ਮਾਤ ਵਿਚਾਰ। ਆਪੇ ਕਲਜੁਗ ਪੰਧ ਮੁਕਾਇੰਦਾ, ਆਪੇ ਮਾਰੀ ਚੌਕੜੀ ਮਾਰ। ਆਪੇ ਨਿਰਗੁਣ ਆਪੇ ਸਰਗੁਣ ਆਪੇ ਰੂਪ ਅਨੂਪ ਪਰਗਟਾਇੰਦਾ, ਜੋਧਾ ਬੀਰ ਬਲੀ ਬਲਕਾਰ। ਆਪੇ ਆਪਣਾ ਨਾਉਂ ਰਖਾਇੰਦਾ, ਨਾਉਂ ਨਿਰੰਕਾਰਾ ਸਿਰਜਣਹਾਰ। ਆਪੇ ਆਪਣਾ ਡੰਕ ਵਜਾਇੰਦਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰ। ਆਪੇ ਨੌਂ ਖੰਡ ਪ੍ਰਿਥਮੀ ਫੇਰਾ ਪਾਇੰਦਾ, ਸੱਤਾਂ ਦੀਪਾਂ ਦਏ ਹੁਲਾਰ। ਆਪੇ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਜਗਤ ਉਠਾਇੰਦਾ, ਆਪੇ ਸੋਇਆ ਕਰੇ ਖ਼ਬਰਦਾਰ। ਆਪੇ ਰਾਓ ਰੰਕਾਂ ਮੇਲ ਮਿਲਾਇੰਦਾ, ਚਾਰੇ ਵਰਨਾਂ ਕਰੇ ਪਿਆਰ। ਆਪੇ ਅਠਾਰਾਂ ਬਰਨਾਂ ਪੰਧ ਮੁਕਾਇੰਦਾ, ਇਕ ਵਖਾਏ ਸੱਚਾ ਦਵਾਰ। ਆਪੇ ਮਸਜਿਦ ਮਠ ਸ਼ਿਵਦਵਾਲਾ ਫੇਰਾ ਪਾਇੰਦਾ, ਆਪੇ ਵਸੇ ਸਭ ਤੋਂ ਬਾਹਰ। ਆਪੇ ਅਠਸਠ ਤੀਰਥ ਫੋਲ ਫੁਲਾਇੰਦਾ, ਸ਼ਬਦ ਮਧਾਣਾ ਏਕਾ ਡਾਰ। ਸੱਤ ਸਮੁੰਦਰ ਵਰੋਲ ਏਕਾ ਖੇਲ ਖਿਲਾਇੰਦਾ, ਸਾਗਰ ਬੰਨ੍ਹੇ ਨਾ ਕੋਇ ਧਾਰ। ਧਰਨੀ ਚਰਨਾਂ ਹੇਠ ਦਬਾਇੰਦਾ, ਉਪਰ ਪਾਏ ਆਪਣਾ ਭਾਰ। ਥੱਲੇ ਬਾਸ਼ਕ ਹੋ ਕੁਰਲਾਇੰਦਾ, ਸਹੰਸਰ ਮੁਖ ਕਰੇ ਪੁਕਾਰ। ਵਿਸ਼ਨੂੰ ਉਠ ਉਠ ਰਾਹ ਤਕਾਇੰਦਾ, ਆਪਣਾ ਨੇਤਰ ਨੈਣ ਉਘਾੜ। ਹਰਿ ਕਾ ਭੇਵ ਕੋਇ ਨਾ ਪਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਬ੍ਰਹਮਾ ਚਾਰੇ ਮੁਖ ਅੱਠੇ ਨੇਤਰ ਚਾਰ ਕੁੰਟ ਵੇਖ ਵਖਾਇੰਦਾ, ਦਹਿ ਦਿਸ਼ਾ ਕਰੇ ਵਿਚਾਰ। ਬ੍ਰਹਮ ਵੇਤਾ ਪਾਰਬ੍ਰਹਮ ਏਕਾ ਸੰਗ ਰਖਾਇੰਦਾ, ਦੋਏ ਜੋੜ ਸੀਸ ਕਰੇ ਨਿਮਸਕਾਰ। ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹਿੰਦਾ, ਤਨ ਭਬੂਤੀ ਵੇਖੇ ਛਾਰ। ਜਟਾ ਜੂਟ ਅੰਤ ਕੁਰਲਾਇੰਦਾ, ਨੇਤਰ ਰੋਵੇ ਜ਼ਾਰੋ ਜ਼ਾਰ। ਸੁਰਪਤ ਰਾਜਾ ਇੰਦ ਫੜ ਫੜ ਖ਼ਾਕ ਸੀਸ ਪਾਇੰਦਾ, ਅੰਤਮ ਆਈ ਹਾਰ। ਕਰੋੜ ਤੇਤੀਸਾ ਸਰਬ ਬਿਲਲਾਇੰਦਾ, ਕਿਸੇ ਨਾ ਦਿਸੇ ਪਾਰ ਕਿਨਾਰ। ਕਲਜੁਗ ਅੰਤਮ ਆਪਣਾ ਡੌਰੂ ਵਾਇੰਦਾ, ਚਾਰੋਂ ਕੁੰਟ ਧੂਆਂਧਾਰ। ਸਾਚਾ ਚੰਦ ਨਾ ਕੋਇ ਚੜ੍ਹਾਇੰਦਾ, ਨੌਂ ਖੰਡ ਪ੍ਰਿਥਮੀ ਹੋਈ ਖ਼ਵਾਰ। ਸਾਚਾ ਗੀਤ ਨਾ ਕੋਇ ਸੁਣਾਇੰਦਾ, ਗਾ ਗਾ ਥੱਕੇ ਜੀਵ ਗਵਾਰ। ਸਾਚਾ ਪ੍ਰੀਤਮ ਨਾ ਕੋਇ ਮਿਲਾਇੰਦਾ, ਸ੍ਰਿਸ਼ਟ ਸਬਾਈ ਹੋਈ ਦੁਹਾਗਣ ਨਾਰ। ਸਾਚੀ ਸੇਜ ਕੰਤ ਨਾ ਕੋਇ ਸੁਹਾਇੰਦਾ, ਨਾ ਕੋਈ ਫੂਲਨ ਬਰਖੇ ਨਾ ਮਿਲੇ ਅੰਮ੍ਰਿਤ ਧਾਰ। ਨਾ ਕੋਈ ਆਪਣੇ ਅੰਗ ਲਗਾਇੰਦਾ, ਨਾ ਕੋਈ ਕਰੇ ਸਚ ਪਿਆਰ। ਔਲੀਆ ਪੀਰ ਸ਼ੇਖ਼ ਮਸਾਇਕ ਕੁਤਬ ਗੌਂਸ ਅੰਤ ਮੁਖ ਸ਼ਰਮਾਇੰਦਾ, ਕਿਸੇ ਦਿਸੇ ਨਾ ਪਰਵਰਦਿਗਾਰ। ਸਾਚਾ ਤਿਲਕ ਮਸਤਕ ਨਜ਼ਰ ਕਿਸੇ ਨਾ ਆਇੰਦਾ, ਪੰਡਤ ਪਾਂਧੇ ਗਏ ਹਾਰ। ਗੋਬਿੰਦ ਦਰਸ ਕੋਇ ਨਾ ਪਾਇੰਦਾ, ਹਰਿ ਕਾ ਮੰਦਰ ਮਿਲੇ ਨਾ ਕਿਸੇ ਦਰਬਾਰ। ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ, ਕਲਜੁਗ ਤੇਰੀ ਅੰਤਮ ਵਾਰ। ਨਿਹਕਲੰਕਾ ਨਾਉਂ ਰਖਾਇੰਦਾ, ਪਰਗਟ ਹੋਏ ਵਿਚ ਸੰਸਾਰ। ਦਵਾਰ ਬੰਕਾ ਇਕ ਸੁਹਾਇੰਦਾ, ਗੁਰਸਿਖਾਂ ਕਰ ਪਿਆਰ। ਆਪਣੀ ਸੇਵਾ ਆਪ ਕਮਾਇੰਦਾ, ਸੇਵਕ ਬਣ ਹਰਿ ਨਿਰੰਕਾਰ। ਪੂਰਬ ਜਨਮ ਮੇਵਾ ਇਕ ਖਵਾਇੰਦਾ, ਆਤਮ ਅੰਤਰ ਦਏ ਆਧਾਰ। ਮਸਤਕ ਥੇਵਾ ਇਕ ਲਗਾਇੰਦਾ, ਜੋਤ ਨਿਰੰਜਣ ਕਰ ਉਜਿਆਰ। ਦੇਵੀ ਦੇਵਾ ਵਡ ਦਰਸ ਦਿਖਾਇੰਦਾ, ਅਲਖ ਅਭੇਵਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਬੇੜਾ ਤਾਰਨਾ, ਤ੍ਰੈਗੁਣ ਨਾਤਾ ਤੋੜ। ਗੁਰ ਸਤਿਗੁਰ ਕਾਜ ਸਵਾਰਨਾ, ਜਗਤ ਵਿਕਾਰਾ ਹੋੜ। ਸਾਚੇ ਮੰਦਰ ਆਪੇ ਵਾੜਨਾ, ਲੱਗੀ ਪ੍ਰੀਤੀ ਨਿਭੇ ਤੋੜ। ਕਲਜੁਗ ਵਸਦਾ ਖੇੜਾ ਉਜਾੜਨਾ, ਲੱਖ ਚੁਰਾਸੀ ਮੜੀ ਗੋਰ। ਅੰਤਮ ਦਿਸੇ ਨਾ ਕੋਇ ਸਹਾਰਨਾ, ਜੀਵਾਂ ਜੰਤਾਂ ਲੁੱਟੀ ਜਾਇਣ ਪੰਜ ਚੋਰ। ਗੁਰਮੁਖ ਵਿਰਲੇ ਗੁਰ ਕਾ ਨਾਉਂ ਰਸਨਾ ਉਚਾਰਨਾ, ਸੋਹੰ ਸ਼ਬਦ ਜੈ ਜੈਕਾਰ। ਬ੍ਰਹਮਾ ਵਿਸ਼ਨ ਸ਼ਿਵ ਦਰ ਅੱਗੇ ਹੋ ਹੋ ਕਰੇ ਨਿਮਸਕਾਰਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਸਚ ਆਧਾਰਨਾ। ਸਚ ਆਧਾਰ ਦੇਵੇ ਨਿਰੰਕਾਰਾ, ਕਲਜੁਗ ਅੰਤਮ ਵਡ ਵਡਿਆ ਰਿਹਾ। ਜਿਸ ਜਨ ਜੋੜਿਆ ਹਰਿ ਚਰਨ ਕਵਲ ਦਵਾਰਾ, ਸਚ ਦਵਾਰਾ ਇਕ ਸਮਝਾ ਰਿਹਾ। ਆਪੇ ਚੜ੍ਹ ਕੇ ਆਇਆ ਆਪਣੇ ਪੌੜਿਆ, ਗੁਰਸਿਖ ਸਾਚੇ ਪੌੜੇ ਆਪ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਲੋਕਮਾਤ ਆਪ ਸਮਝਾ ਰਿਹਾ। ਸਚਖੰਡ ਦਾ ਸਚ ਨਜ਼ਾਰਾ, ਹਰਿ ਸਤਿਗੁਰ ਆਪ ਜਣਾਇੰਦਾ। ਆਪੇ ਵਸੇ ਏਕੰਕਾਰਾ, ਦੂਸਰ ਅਵਰ ਨਾ ਕੋਇ ਵਖਾਇੰਦਾ। ਅੱਠੇ ਪਹਿਰ ਖ਼ਬਰਦਾਰਾ, ਆਲਸ ਨਿੰਦਰਾ ਨਾ ਕੋਇ ਜਣਾਇੰਦਾ। ਦਰ ਦਰਬਾਨ ਨਾ ਚੋਬਦਾਰਾ, ਦਰ ਦਰਵੇਸ਼ ਨਾ ਕੋਇ ਰਖਾਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਆਦਿ ਜੁਗਾਦਿ ਮੇਲ ਮਿਲਾਇੰਦਾ। ਸੰਤਾਂ ਦੇਵੇ ਸਤਿ ਹੁਲਾਰਾ, ਸਤਿ ਸਤਿਵਾਦੀ ਆਪ ਝੁਲਾਇੰਦਾ। ਗੁਰਮੁਖਾਂ ਖੋਲ੍ਹੇ ਆਪ ਕਿਵਾੜਾ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਗੁਰਸਿਖ ਆਪ ਬਹਾਏ ਚਰਨ ਦਵਾਰਾ, ਚਰਨ ਕਵਲ ਸੀਸ ਟਿਕਾਇੰਦਾ। ਸੇਵਾ ਕਰੇ ਆਪ ਨਿਰੰਕਾਰਾ, ਸਾਚੀ ਸੇਵਾ ਆਪਣੇ ਹੱਥ ਰਖਾਇੰਦਾ। ਪੰਚਮ ਮੁਖ ਤਾਜ ਸੀਸ ਦਸਤਾਰਾ, ਸਚ ਸਿੰਘਾਸਣ ਆਸਣ ਲਾਇੰਦਾ। ਨਾ ਕੋਈ ਸੂਰਜ ਚੰਨ ਸਿਤਾਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਕਰੇ ਖੇਲ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਾਨਕ ਬੂਝੇ ਬੂਝ ਵਿਚਾਰਾ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕਬੀਰ ਮੰਗੇ ਖ਼ਾਕ ਛਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਚਾਰ ਜੁਗ ਨਾ ਦਿਤਾ ਕਿਸੇ ਸਹਾਰਾ, ਨੌਂ ਸੌ ਚੁਰਾਨਵੇ ਚੌਕੜੀ ਜੁਗ ਆਪਣਾ ਪੰਧ ਆਪ ਮੁਕਾਇੰਦਾ। ਕਲਜੁਗ ਅੰਤਮ ਖੇਲ ਨਿਆਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਅੰਤਮ ਦੇਵੇ ਇਕ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਸਮਝਾਇੰਦਾ। ਸਚਖੰਡ ਦਵਾਰਾ ਸੋਭਾਵੰਤ, ਹਰਿ ਸਾਚਾ ਆਪ ਸੁਹਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਬੈਠਾ ਇਕ ਇਕੰਤ, ਅਨਕ ਗੁਣ ਆਪਣੇ ਵਿਚ ਛੁਪਾਈਆ। ਗੁਰਮੁਖ ਸਖ਼ੀ ਮਿਲੇ ਹਰਿ ਹਰਿ ਕੰਤ, ਨਾਰੀ ਕੰਤ ਆਪ ਪਰਨਾਈਆ । ਕਾਇਆ ਚੋਲੀ ਲੋਕਮਾਤ ਚਾੜ੍ਹੇ ਰੰਗ ਬਸੰਤ, ਅੱਗੇ ਸੰਗ ਨਾ ਕੋਇ ਜਾਈਆ। ਕਰ ਕਿਰਪਾ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਚੁਕਾਈਆ। ਫੇਰ ਮਿਲਾਏ ਆਪਣੀ ਸੰਗਤ, ਹਰਿ ਕੇ ਪੌੜੇ ਆਪ ਚੜ੍ਹਾਈਆ। ਲੇਖਾ ਜਾਣੇ ਜਿਉਂ ਨਾਨਕ ਅੰਗਦ, ਅੰਗੀਕਾਰ ਆਪ ਹੋ ਜਾਈਆ। ਕਿਸੇ ਘਰ ਨਾ ਜਾਏ ਮੰਗਤ, ਸਰਬ ਕਲ ਸਮਰਥ ਆਪ ਅਖਵਾਈਆ। ਹਰਿਜਨ ਤੇਰਾ ਨਾਤਾ ਤੋੜੇ ਭੁੱਖ ਨੰਗਤ, ਨਾਮ ਭੰਡਾਰਾ ਇਕ ਵਰਤਾਈਆ। ਤੇਰੇ ਦਵਾਰੇ ਵਿਸ਼ਨੂੰ ਹੋਏ ਮੰਗਤ, ਤੇਰੀ ਪੰਗਤ ਏਕਾ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਖਾਈਆ। ਸਚਖੰਡ ਦਵਾਰੇ ਕੰਤ ਸੁਹਾਗ, ਸਾਚੀ ਸੇਜਾ ਸੋਭਾ ਪਾਇੰਦਾ। ਗੁਰਮੁਖਾਂ ਉਪਜਾਏ ਇਕ ਵੈਰਾਗ, ਬਿਰਹੋਂ ਵੈਰਾਗਣ ਆਪ ਹੋ ਜਾਇੰਦਾ। ਪਹਿਲੋਂ ਬੁਝਾਏ ਜਗਤ ਆਗ, ਅੰਮ੍ਰਿਤ ਮੇਘ ਫਿਰ ਬਰਸਾਇੰਦਾ। ਆਪਣੀ ਹੱਥੀਂ ਬੰਨ੍ਹੇ ਤਾਗ, ਘਰ ਘਰ ਸਾਚਾ ਸਗਨ ਮਨਾਇੰਦਾ। ਸਚਖੰਡ ਦਵਾਰਾ ਖੋਲ੍ਹ ਕੇ ਆਇਆ ਤਾਕ, ਥਿਰ ਘਰ ਬੰਦ ਨਾ ਕੋਇ ਕਰਾਇੰਦਾ। ਗੋਬਿੰਦ ਤੇਰਾ ਪੂਰਾ ਕਰੇ ਵਾਕ, ਕੀਤਾ ਕੌਲ ਭੁੱਲ ਨਾ ਜਾਇੰਦਾ। ਹਰਿ ਸੰਗਤ ਹਰਿ ਜੂ ਬਣਿਆ ਸਾਕ, ਸੱਜਣ ਏਕਾ ਏਕ ਅਖਵਾਇੰਦਾ। ਸਾਚੇ ਘੋੜੇ ਚੜ੍ਹਿਆ ਮਾਰ ਪਲਾਕ, ਅਸਵ ਦਿਸ ਕਿਸੇ ਨਾ ਆਇੰਦਾ। ਆਪੇ ਹੋਇਆ ਪਾਕੀ ਪਾਕ, ਖ਼ਾਕੀ ਖ਼ਾਕ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਸਾਚਾ ਸਚਖੰਡ ਬਹੌਣਾ, ਹਰਿ ਵੱਡਾ ਵਡ ਵਡਿਆਈਆ। ਆਪਣੀ ਹੱਥੀਂ ਸੀਸ ਚਵਰ ਝੁਲੌਣਾ, ਪਵਣ ਹੁਲਾਰਾ ਨਾ ਕੋਇ ਵਖਾਈਆ। ਆਪਣਾ ਰਾਗ ਆਪ ਸੁਣੌਣਾ, ਤਾਰ ਸਤਾਰ ਨਾ ਕੋਇ ਵਜਾਈਆ। ਆਪਣਾ ਮੰਦਰ ਆਪ ਵਖੌਣਾ, ਚਾਰ ਦੀਵਾਰ ਨਾ ਕੋਇ ਜਣਾਈਆ। ਆਪਣਾ ਦੀਪਕ ਆਪ ਜਗੌਣਾ, ਤੇਲ ਬਾਤੀ ਨਾ ਕੋਇ ਰਖਾਈਆ। ਆਪਣਾ ਪਲੰਘ ਆਪ ਸੁਹੌਣਾ, ਪਾਵਾ ਚੂਲ ਨਾ ਕੋਇ ਬਣਾਈਆ। ਗੁਰਮੁਖ ਸੱਜਣ ਫੜ ਬਹੌਣਾ, ਆਪਣੀ ਹੱਥੀਂ ਆਪਣੇ ਅੰਗ ਲਗਾਈਆ। ਅਮਰਾ ਪਦ ਆਪ ਦਰਸੌਣਾ, ਅਮਰ ਰੂਪ ਆਪ ਹੋ ਜਾਈਆ। ਲੱਖ ਚੁਰਾਸੀ ਵਿਚੋਂ ਕੱਢ, ਆਪਣੀ ਜੋਤ ਮਿਲਾਉਣਾ, ਜੋਤੀ ਜਾਤਾ ਇਕ ਅਖਵਾਈਆ। ਗੁਰਸਿਖ ਤੇਰਾ ਕਿਲਾ ਕੋਟ ਇਕ ਸੁਹਾਉਣਾ, ਕੋਈ ਸ਼ੱਤਰੂ ਪਹੁੰਚ ਨਾ ਸਕੇ ਰਾਈਆ। ਚਰਨ ਓਟ ਇਕ ਦਰਸੌਣਾ, ਚਰਨ ਕਵਲ ਦਏ ਵਡਿਆਈਆ। ਮੁੜ ਕੇ ਭੌਂ ਮਾਤਲੋਕ ਵਿਚ ਨਾ ਔਣਾ, ਜਨਮ ਮਰਨ ਗੇੜ ਚੁਕਾਈਆ। ਸਤਿਗੁਰ ਗੋਦ ਦੇ ਬਾਂਹ ਸਿਰਹਾਣੇ ਸੌਣਾ, ਸੋਇਆ ਫੇਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਪੁਰਖ ਅਕਾਲਾ, ਆਦਿ ਜੁਗਾਦਿ ਸਮਾਇਆ। ਜੁਗਾ ਜੁਗੰਤਰ ਵੇਖੇ ਹਰਿਜਨ ਸਾਚਾ ਲਾਲਾ, ਬਾਲ ਅੰਞਾਣਾ ਆਪ ਉਠਾਇਆ। ਦਿਵਸ ਰੈਣ ਰੈਣ ਦਿਵਸ ਕਰੇ ਕਰਾਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਰ ਹਰਿ ਆਪਣਾ ਰੂਪ ਧਰਾਇਆ। ਨਰ ਹਰਿ ਹਰੀ ਨਰਾਇਣ, ਨਿਰਗੁਣ ਦਇਆ ਕਮਾਇੰਦਾ। ਹਰਿ ਸੰਗਤ ਵੇਖੇ ਆਪਣੇ ਨੈਣ, ਜਗਤ ਨੈਣ ਬੰਦ ਕਰਾਇੰਦਾ। ਵੇਦ ਕਤੇਬ ਸ਼ਾਸਤਰ ਸਿਮਰਤ ਵੇਦ ਪੁਰਾਨ ਗੁਰ ਅਵਤਾਰ ਰਸਨਾ ਜਿਹਵਾ ਸਾਰੇ ਕਹਿਣ, ਬੇਅੰਤ ਬੇਅੰਤ ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਪਰਗਟਿਆ ਸ੍ਰੀ ਭਗਵੰਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਇੰਦਾ। ਲੇਖਾ ਜਾਣੇ ਆਦਿ ਅੰਤ, ਮਧ ਆਪਣਾ ਨਾਚ ਨਚਾਇੰਦਾ। ਪੂਰਨ ਜੋਤ ਸ੍ਰੀ ਭਗਵੰਤ, ਭਗਵਨ ਆਪਣੀ ਖੇਲ ਖਿਲਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਵਿਛੜੇ ਮੇਲੇ ਗੁਰਮੁਖ ਸੰਤ, ਸੰਤ ਸੁਹਾਗਣ ਆਪ ਹੋ ਜਾਇੰਦਾ। ਕਲਜੁਗ ਜੀਵਾਂ ਮਾਇਆ ਪਾਏ ਬੇਅੰਤ, ਲੱਖ ਚੁਰਾਸੀ ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਅੰਦਰ ਵੜ ਔਂਦਾ ਜਾਂਦਾ, ਦਿਸ ਨਾ ਆਇੰਦਾ। ਹਰਿਜਨ ਤੇਰੇ ਅੰਦਰ ਵੜਿਆ, ਹਰਿ ਹਰਿ ਹਰਿ ਨਿਰੰਕਾਰ। ਆਪਣੇ ਪੌੜੇ ਆਪੇ ਚੜ੍ਹਿਆ, ਕਰੇ ਖੇਲ ਸੱਚੀ ਸਰਕਾਰ। ਘਰ ਵਿਚ ਘਰ ਆਪੇ ਧਰਿਆ, ਘਰ ਘਰ ਵਿਚ ਕਰੇ ਪਿਆਰ। ਆਪਣਾ ਬ੍ਰਹਮ ਆਪੇ ਵਰਿਆ, ਪਾਰਬ੍ਰਹਮ ਸਚ ਪਿਆਰ। ਆਦਿ ਜੁਗਾਦਿ ਕਦੇ ਨਾ ਡਰਿਆ, ਨਿਰਭੌ ਫਿਰੇ ਵਿਚ ਸੰਸਾਰ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਪਰਵਰਦਿਗਾਰ। ਕਲਜੁਗ ਵੇਲਾ ਆਪਣਾ ਹਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਾਏ ਪਾਰ। ਹਰਿਜਨ ਤੇਰਾ ਪਾਰ ਕਿਨਾਰਾ, ਸਾਚਾ ਘਾਟ ਇਕ ਵਖਾਈਆ। ਜਿਥੇ ਵਸੇ ਏਕੰਕਾਰਾ, ਦੂਸਰ ਰੂਪ ਨਾ ਕੋਇ ਵਖਾਈਆ। ਇਕ ਸਿੰਘਾਸਣ ਏਕਾ ਆਸਣ ਏਕਾ ਪੁਰਖ ਏਕਾ ਨਾਰਾ, ਏਕਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਦਏ ਵਖਾਈਆ। ਸਚ ਦਵਾਰਾ ਹਰਿ ਹਰਿ ਖੋਲ੍ਹ, ਆਪਣਾ ਨੈਣ ਉਠਾਇੰਦਾ। ਆਪਣਾ ਅੱਖਰ ਆਪੇ ਬੋਲ, ਹਰਿਜਨ ਸਾਚੇ ਆਪ ਸੁਣਾਇੰਦਾ। ਆਪਣਾ ਤੋਲੇ ਆਪੇ ਤੋਲ, ਸਾਚਾ ਕੰਡਾ ਹੱਥ ਉਠਾਇੰਦਾ। ਆਦਿ ਅੰਤ ਬੈਠਾ ਰਹੇ ਅਡੋਲ, ਸ੍ਰਿਸ਼ਟ ਸਬਾਈ ਆਪ ਡੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਲੰਘੇ ਪਹਿਲੇ ਪੂਰ, ਹਰਿ ਸਤਿਗੁਰ ਆਪ ਲੰਘਾਈਆ। ਸਦਾ ਸੁਹੇਲਾ ਹਾਜ਼ਰ ਹਜ਼ੂਰ, ਸਵੱਛ ਸਰੂਪੀ ਰੂਪ ਵਟਾਈਆ। ਪੈਂਡਾ ਜਾਣੇ ਨੇੜਾ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁੱਚ ਕਰੇ ਕੁੜਮਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਸਿਰ ਆਪਣਾ ਹੱਥ ਟਿਕਾਈਆ। ਚਰਨ ਕਵਲ ਬਖ਼ਸ਼ੇ ਸਾਚੀ ਧੂੜ, ਦੁਰਮਤ ਮੈਲ ਦਏ ਧੁਆਈਆ। ਆਸਾ ਮਨਸਾ ਸਦਾ ਸਦ ਪੂਰ, ਗੁਰਸਿਖ ਨਿਰਾਸਾ ਕੋਇ ਰਹਿਣ ਨਾ ਪਾਈਆ। ਮਨਮੁਖ ਕਲਜੁਗ ਜੀਵ ਅੰਤਮ ਰਹੇ ਝੂਰ, ਹਰਿ ਕਾ ਰੂਪ ਦਿਸ ਨਾ ਆਈਆ। ਕੋਈ ਖਾਏ ਗਾਏ ਕੋਇ ਸੂਰ, ਤਨ ਗ਼ਰੂਰ ਨਾ ਕੋਇ ਗਵਾਈਆ। ਅੰਤਮ ਪੀੜਨਾ ਵਿਚ ਵੇਲਣੇ ਬੂੜ, ਸ਼ਬਦ ਗੇੜਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਰ ਲੰਘਾਈਆ। ਹਰਿਜਨ ਲੰਘਣਾ ਪਾਰ, ਹਰਿ ਸਾਚਾ ਸਚ ਸਮਝਾਇੰਦਾ। ਅੱਗੇ ਦਿਸੇ ਇਕ ਨਿਰੰਕਾਰ, ਤੇਰਾ ਰਾਹ ਤਕਾਇੰਦਾ। ਕੋਟਨ ਕੋਟ ਰਾਹ ਵਿਚ ਕਰਨ ਪੁਕਾਰ, ਗਲ ਪੱਲੂ ਪਾ ਪਾ ਸੀਸ ਝੁਕਾਇੰਦਾ। ਗੁਰਸਿਖ ਏਕਾ ਬਖ਼ਸ਼ ਧੂੜੀ ਛਾਰ, ਤੇਰੀ ਛਾਰ ਮੈਂ ਬਿਲਲਾਇੰਦਾ। ਤੇਰੀ ਛਾਰ ਮੇਰਾ ਬੇੜਾ ਕਰ ਜਾਏ ਪਾਰ, ਨਿਹਕਲੰਕ ਤੇਰਾ ਸੰਗ ਨਿਭਾਇੰਦਾ। ਤੇਰਾ ਸੰਗ ਮੰਗੇ ਸਰਬ ਸੰਸਾਰ, ਵੇਲਾ ਗਿਆ ਹੱਥ ਨਾ ਆਇੰਦਾ। ਤੇਰੇ ਦਵਾਰ ਰਾਜ ਰਾਜਾਨ ਹੋਣ ਭਿਖਾਰ, ਮੰਗਿਆਂ ਭਿੱਖ ਕੋਇ ਨਾ ਪਾਇੰਦਾ। ਤੇਰੇ ਦਰ ਕਲਜੁਗ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਗੁਰਸਿਖ ਏਕਾ ਮੇਰੇ ਸਿਰ ਤੇ ਦੇ ਪਿਆਰ, ਤੇਰਾ ਪਿਆਰ ਮੇਰਾ ਬੇੜਾ ਪਾਰ ਕਰਾਇੰਦਾ। ਮੈਂ ਜੂਠਾ ਝੂਠਾ ਹੋਇਆ ਖਵਾਰ, ਸਗਲਾ ਸੰਗ ਨਾ ਕੋਇ ਨਿਭਾਇੰਦਾ । ਨਾਤਾ ਤੁੱਟਾ ਚਾਰ ਯਾਰ, ਅੱਲਾ ਰਾਣੀ ਮੀਆਂ ਆਪ ਪਰਨਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਕੂੜਾ ਵੇਸ ਦੱਸਿਆ ਸ਼ਿੰਗਾਰ, ਸਾਚਾ ਸ਼ਿੰਗਾਰ ਨਾ ਕੋਈ ਜਣਾਈਆ । ਅੰਤਮ ਝੂਠਾ ਤੁੱਟਾ ਹਾਰ, ਪੱਲੇ ਗੰਢ ਨਾ ਕੋਈ ਬੰਨਾਈਆ। ਚਾਰੋਂ ਕੁੰਟ ਮੈਂ ਫਿਰ ਫਿਰ ਆਇਆ ਵਾਰੋ ਵਾਰ, ਉੱਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ। ਜਿਧਰ ਜਾਵਾਂ ਪੈਂਦੀ ਮਾਰ, ਮੁਖ ਥੁੱਕਾਂ ਮਸਤਕ ਕਾਲੀ ਸ਼ਾਹੀਆ। ਮੇਰੀ ਇਛਿਆ ਹੋਈ ਨਾਰ ਵਿਭਚਾਰ, ਸਾਚਾ ਮਿਲੇ ਨਾ ਕੋਈ ਮਾਹੀਆ। ਮੈਂ ਸੁਣ ਕੇ ਆਇਆ ਗੁਰਮੁਖ ਤੇਰਾ ਵੱਡਾ ਦਰਬਾਰ, ਤੇਰੇ ਘਰ ਆਏ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸਾਚਾ ਮਾਣ ਰਖਾਈਆ । ਮਾਣ ਨਿਮਾਣਿਆ ਰੱਖਦਾ, ਜੁਗਾ ਜੁਗੰਤਰ ਕਾਰ। ਸਾਚਾ ਮਾਰਗ ਆਪੇ ਦੱਸਦਾ, ਜਗਤ ਮਾਰਗ ਕਰ ਖ਼ਵਾਰ। ਹਿਰਦੇ ਅੰਦਰ ਆਪੇ ਵਸਦਾ, ਕਾਇਆ ਮਹੱਲ ਅਟਲ ਮੁਨਾਰ। ਅੰਦਰ ਬਹਿ ਬਹਿ ਆਪੇ ਹੱਸਦਾ, ਗੁਰਮੁਖ ਸਾਚੇ ਕਰ ਪਿਆਰ। ਅੰਮ੍ਰਿਤ ਮੇਘ ਹੋ ਹੋ ਵਸਦਾ, ਝਿਰਨਾ ਝਿਰੇ ਅਪਰ ਅਪਾਰ। ਤੀਰ ਨਿਰਾਲਾ ਆਪੇ ਕਸਦਾ, ਸ਼ਬਦ ਅਗੰਮੀ ਮਾਰੇ ਬਾਣ। ਪੰਚ ਵਿਕਾਰਾ ਵਿਚੋਂ ਨੱਠਦਾ, ਨਾਤਾ ਤੁਟੇ ਪੰਜ ਸ਼ੈਤਾਨ। ਖੈਹਿੜਾ ਮੇਟੇ ਤੀਰਥ ਅਠਸਠ ਦਾ, ਜਿਸ ਮਿਲੇ ਆਪ ਭਗਵਾਨ। ਗੁਰਮੁਖ ਜਾਪ ਨਾ ਕੋਈ ਰਟਦਾ, ਜਿਸ ਜਨ ਦੇਵੇ ਆਪਣਾ ਦਾਨ। ਗੁਰਮੁਖ ਰਾਹ ਨਾ ਤੱਕੇ ਕਿਸੇ ਹੱਟ ਦਾ, ਵਣਜ ਕਰਾਏ ਇਕ ਮਿਹਰਵਾਨ। ਗੁਰਸਿਖ ਏਕਾ ਦਾਮ ਏਕਾ ਵਾਰ ਖੱਟਦਾ, ਨਿਖੁੱਟ ਨਾ ਜਾਏ ਵਿਚ ਜਹਾਨ। ਜਿਸ ਆਸਰਾ ਤੱਕਿਆ ਪੁਰਖ ਸਮਰਥ ਦਾ, ਝੁੱਲਦਾ ਰਹੇ ਨਿਸ਼ਾਨ। ਸ਼ਬਦ ਸੁਣਾਏ ਮਹਿਮਾ ਅਕਥ ਦਾ, ਕਥਨੀ ਕਥੇ ਨਾ ਕੋਈ ਬਿਆਨ। ਗੁਰਸਿਖ ਤੇਰੇ ਦਵਾਰੇ ਤੇਰੇ ਪਿਛੇ ਨੱਠਦਾ, ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨ। ਲੇਖਾ ਜਾਣੇ ਘਟ ਘਟ ਦਾ, ਲੱਖ ਚੁਰਾਸੀ ਜਾਣੀ ਜਾਣ। ਕਲਜੁਗ ਜੜ੍ਹ ਆਪੇ ਪੱਟਦਾ, ਨਾ ਕੋਈ ਦੀਸੇ ਬੇਈਮਾਨ। ਸਤਿਜੁਗ ਸਾਚਾ ਮਾਤ ਰੱਖਦਾ, ਵੇਖਣਹਾਰਾ ਵੇਖੇ ਆਣ। ਨੌਂ ਖੰਡ ਮੁਲ ਨਾ ਦਿਸੇ ਕਿਸੇ ਕੱਖ ਦਾ, ਲੱਖ ਕਰੋੜੀ ਹੋਣ ਵੈਰਾਨ। ਜਗਤ ਕਹਿਰ ਏਕਾ ਦੱਸਦਾ, ਲਹਿਰ ਚਲੇ ਵਿਚ ਜਹਾਨ। ਸ਼ਾਹ ਸੁਲਤਾਨ ਤਖ਼ਤ ਤਾਜ ਛੱਡ ਛੱਡ ਨੱਸਦਾ, ਰਾਹ ਤੱਕੇ ਬੀਆਬਾਨ। ਗੁਰਮੁਖ ਵਿਰਲਾ ਆ ਆ ਹੱਸਦਾ, ਜਿਸ ਸੁਣਿਆ ਧੁਰ ਫ਼ਰਮਾਨ। ਲੇਖਾ ਚੁੱਕੇ ਰੈਣ ਅੰਧੇਰੇ ਮੱਸਦਾ, ਸਾਚਾ ਪ੍ਰਕਾਸ਼ ਕਰੇ ਭਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਕਰੇ ਪਰਵਾਨ। ਕਰੇ ਪਰਵਾਨ ਦੇ ਪਰਵਾਨਾ, ਸ਼ਬਦ ਹਲਕਾਰਾ ਆਪ ਰਖਾਇੰਦਾ। ਕਰੇ ਧਿਆਨ ਵਡ ਮਿਹਰਵਾਨਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਸੰਤ ਕੰਤ ਭਗਵੰਤ ਵਖਾਏ ਇਕ ਨਿਸ਼ਾਨਾ, ਜੀਵ ਜੰਤ ਸਰਬ ਭੁਲਾਇੰਦਾ। ਆਦਿ ਅੰਤ ਵਸੇ ਸਚ ਮਕਾਨਾ, ਸਚਖੰਡ ਦਵਾਰੇ ਸੋਭਾ ਪਾਇੰਦਾ। ਗੁਰਮੁਖ ਹਰਿਜਨ ਤੇਰੇ ਕਾਰਨ ਪਹਿਰਿਆ ਬਾਨਾ, ਆਪਣਾ ਰੂਪ ਵਟਾਇੰਦਾ। ਜੁਗ ਜੁਗ ਖੇਲ ਕਰੇ ਮਹਾਨਾ, ਜਗਤ ਜੁਗ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਚ ਭੰਡਾਰਾ ਆਪ ਵਰਤਾਇੰਦਾ। ਸਚ ਭੰਡਾਰਾ ਅਨਮੁਲੜਾ, ਨਾਮ ਨਿਧਾਨਾ ਅੰਮ੍ਰਿਤ ਰਸ। ਗੁਰ ਸਤਿਗੁਰ ਦੇਵੇ ਅਨਤੁਲੜਾ, ਜਨ ਭਗਤਾਂ ਹੋ ਹੋ ਵਸ। ਆਦਿ ਜੁਗਾਦਿ ਰੱਖੇ ਖੁਲੜਾ, ਕਰੇ ਖੇਲ ਪੁਰਖ ਸਮਰਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਹੱਥੋ ਹੱਥ। ਸਚ ਨਾਮ ਵਰਤਾਇਆ, ਗੁਣ ਅਵਗੁਣ ਨਾ ਕੋਈ ਜਣਾਇੰਦਾ। ਹਰਿਜਨ ਝੋਲੀ ਦਏ ਭਰਾਇਆ, ਜੋ ਜਨ ਸਰਨਾਈ ਆਇੰਦਾ। ਜਨਮ ਜਨਮ ਦਾ ਰੋਗ ਗਵਾਇਆ, ਕਰਮ ਕਾਂਡ ਨਾ ਕੋਈ ਵਖਾਇੰਦਾ। ਵਰਨ ਬਰਨ ਦਾ ਸੋਗ ਚੁਕਾਇਆ, ਏਕਾ ਜੋਤ ਮੇਲ ਮਿਲਾਇੰਦਾ। ਕਾਇਆ ਕਿਲਾ ਕੋਟ ਸੁਹਾਇਆ, ਘਰ ਘਰ ਵਿਚ ਖੇਲ ਖਿਲਾਇੰਦਾ। ਸ਼ਬਦ ਚੋਟ ਇਕ ਲਗਾਇਆ, ਅਨਹਦ ਨਾਦੀ ਨਾਦ ਵਜਾਇੰਦਾ। ਆਲ੍ਹਣਿਉਂ ਡਿਗੇ ਬੋਟ ਆਪ ਉਠਾਇਆ, ਗੁਰਸਿਖ ਆਪਣੀ ਗੋਦ ਬਹਾਇੰਦਾ। ਏਕਾ ਓਟ ਦਏ ਸਮਝਾਇਆ, ਬਿਨ ਹਰਿ ਪਾਰ ਨਾ ਕੋਈ ਕਰਾਇੰਦਾ। ਕੋਟਨ ਕੋਟ ਰਾਹ ਰਹੇ ਤਕਾਇਆ, ਸਾਚੇ ਬੇੜੇ ਨਾ ਕੋਈ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਇਕ ਵਖਾਇੰਦਾ। ਚਾਂਦੀ ਸੋਨਾ ਨਾ ਕੋਈ ਪਾਰਸ, ਹਰਿ ਬੇੜੀ ਨਾਮ ਬਣਾਇੰਦਾ। ਜਗਤ ਚੱਪੂ ਨਾ ਦੇਵੇ ਢਾਰਸ, ਚਪੂ ਮਲਾਹ ਨਾ ਕੋਇ ਰਖਾਇੰਦਾ। ਨਾ ਕੋਈ ਬਹਾਏ ਕਰ ਸਫ਼ਾਰਸ਼, ਵਕੀਲ ਦਲੀਲ ਨਾ ਕੋਇ ਦ੍ਰਿੜਾਇੰਦਾ। ਨਾ ਕੋਈ ਸਮਝਾਏ ਬਣ ਕੇ ਆਰਫ਼, ਇਲਮ ਆਲਮ ਉਲਮਾ ਭੇਵ ਕੋਇ ਨਾ ਪਾਇੰਦਾ। ਨਾ ਕੋਈ ਚੜ੍ਹਾਏ ਕਰ ਕੇ ਨਾਲਸ਼, ਚਤੁਰਾਈ ਚਤੁਰ ਨਾ ਕੋਇ ਵਖਾਇੰਦਾ। ਗੁਰਮੁਖ ਵਿਰਲੇ ਆਪ ਚੜ੍ਹਾਏ ਚਾਰ ਵਰਨ ਦੇ ਵਿਚੋਂ ਖ਼ਾਲਸ, ਜਿਸ ਸਿਰ ਆਪਣਾ ਹੱਥ ਰਖਾਇੰਦਾ। ਖ਼ਲਕ ਮਖ਼ਲੂਕ ਜਾਣੇ ਖ਼ਾਲਕ, ਆਕਬਤ ਆਪਣਾ ਭੇਵ ਰਖਾਇੰਦਾ। ਸਦਾ ਸੁਹੇਲਾ ਇਕ ਪ੍ਰਿਤਪਾਲਕ, ਭੈ ਭੰਜਨ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਬੇੜਾ ਆਪ ਜਣਾਇੰਦਾ। ਸਾਚਾ ਬੇੜਾ ਨੱਯਾ ਨੌਕਾ, ਹਰਿ ਹਰਿ ਨਾਮ ਚਲਾਈਆ। ਲੱਖ ਚੁਰਾਸੀ ਜੀਵ ਜੰਤ ਕਲਜੁਗ ਘਾਟ ਭਰਦੇ ਹੌਕਾ, ਨਾ ਉਪਰ ਕੋਇ ਬਹਾਈਆ। ਅਗੇ ਦਿਸੇ ਡੂੰਘਾ ਸਾਗਰ ਨਾ ਜਲ ਨਾ ਸੁਕਾ, ਥਲ ਪਾਰ ਨਾ ਕੋਇ ਵਖਾਈਆ। ਚਲ ਚਲ ਪੈਂਡਾ ਅੱਜੇ ਨਾ ਮੁੱਕਾ, ਚਲ ਚਲ ਥੱਕੇ ਪਾਂਧੀ ਰਾਹੀਆ। ਕਲਜੁਗ ਝਲ ਵਿਚੋਂ ਸਿੰਘ ਸ਼ੇਰ ਏਕਾ ਬੁੱਕਾ, ਡਰ ਡਰ ਸਾਰੇ ਬੈਠੇ ਮੁਖ ਛੁਪਾਈਆ। ਪੀਰ ਫ਼ਕੀਰ ਭੱਜਣ ਛੱਡ ਛੱਡ ਹੁੱਕਾ, ਪਾਣੀ ਵਿਚ ਨਾ ਕੋਇ ਟਿਕਾਈਆ। ਟੋਪੀ ਵਿਚ ਨਾ ਰੋੜਾ ਰੱਖਾ, ਅਗਨੀ ਕੋਇਲਾ ਨਾ ਕੋਇ ਸੁਲਗਾਈਆ। ਹੱਥ ਨਾ ਆਏ ਅੰਨ ਰੁੱਖਾ, ਚਾਰੋਂ ਕੁੰਟ ਦਏ ਦੁਹਾਈਆ। ਇਕ ਇਕੱਲਾ ਰੱਜੇ ਨਾ ਸ਼ੇਰ ਸਿੰਘ ਭੁੱਖਾ, ਲੱਖ ਚੁਰਾਸੀ ਆਪਣੇ ਪੇਟੇ ਪਾਈਆ। ਆਪਣੀ ਭੁੱਖ ਦਾ ਮਾਰਾ ਆਪਣੇ ਅੰਦਰ ਆਪੇ ਧੁਖਾ, ਤ੍ਰਿਪਤ ਤ੍ਰਿਸ਼ਨ ਨਾ ਕੋਇ ਕਰਾਈਆ। ਲੋਆਂ ਪੁਰੀਆਂ ਜਾਏ ਢੁਕਾ, ਗਣ ਗੰਧਰਬ ਕਿਨਰ ਜੱਛਪ ਕਰੋੜ ਤੇਤੀਸਾ ਆਪਣੀ ਦਾੜਾਂ ਹੇਠ ਚਬਾਈਆ। ਬ੍ਰਹਮਾ ਸ਼ਿਵ ਬਹਿ ਬਹਿ ਲੁਕਾ, ਫੜ ਬਾਂਹੋਂ ਲਏ ਉਠਾਈਆ। ਰਾਏ ਧਰਮ ਨਾ ਰਹੇ ਰੁਠਾ, ਸਤਿਗੁਰ ਪੂਰਾ ਆਪ ਮਨਾਈਆ। ਲੱਖ ਚੁਰਾਸੀ ਜੋ ਆਪਣੇ ਅੰਦਰ ਰੱਖਿਆ ਕੁੱਠਾ, ਏਕਾ ਵਾਰ ਰਾਏ ਧਰਮ ਘਰ ਬਹਾਈਆ। ਗੁਰਸਿਖ ਅੰਤ ਨਾ ਜਾਏ ਲੁਟਾ, ਜਿਸ ਮਿਲਿਆ ਬੇਪਰਵਾਹੀਆ। ਭਰ ਪਿਆਲਾ ਜਾਮ ਪਿਆਇਆ ਏਕਾ ਘੁੱਟਾ, ਚਰਨ ਚਰਨੋਦਕ ਮੁਖ ਛੁਹਾਈਆ। ਮਰਿਆ ਜੀਵਤ ਆਪੇ ਉਠਾ, ਜਨਮ ਮਰਨ ਫੰਦ ਮੁਕਾਈਆ। ਆਪ ਸੁਹਾਈ ਸਾਚੀ ਰੁਤਾ, ਰੁਤ ਰੁਤੜੀ ਵੇਖ ਵਖਾਈਆ। ਕਰੇ ਖੇਲ ਅਬਿਨਾਸੀ ਅਚੁਤਾ, ਪਾਰਬ੍ਰਹਮ ਬੇਪਰਵਾਹੀਆ। ਹਰਿ ਸੰਗਤ ਉਤੇ ਆਪੇ ਤੁਠਾ, ਦੇਵੇ ਚਰਨ ਕਵਲ ਸਰਨਾਈਆ। ਜੁਗ ਦਾ ਨਾਤਾ ਬੱਧਾ ਤੁਟਾ, ਅੰਤ ਸਕੇ ਨਾ ਕੋਇ ਤੁੜਾਈਆ। ਗੁਰਮੁਖ ਅੰਦਰ ਆਪੇ ਫੁੱਟਾ, ਆਪਣੀ ਵੇਲ ਆਪ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੇੜਾ ਇਕ ਚਲਾਈਆ। ਸਾਚਾ ਬੇੜਾ ਚਲਾਏ ਪਾਤਣ, ਪਤਣ ਬੈਠਾ ਏਕਾ ਮਾਹੀਆ। ਚੁਰਾਸੀ ਰੋਵੇ ਜਗਤ ਪਾਪਣ, ਪੱਲੇ ਨਾਮ ਨਾ ਕੋਇ ਰਖਾਈਆ। ਲੱਖ ਚੁਰਾਸੀ ਕਰੇ ਸਿਆਪਣ, ਖੁਲੜੇ ਕੇਸ ਰਹੀ ਕੁਰਲਾਈਆ। ਸੋਹੰ ਜਪਿਆ ਨਾ ਏਕਾ ਜਾਪਨ, ਰਸਨਾ ਜਿਹਵਾ ਹੋਈ ਹਲਕਾਈਆ। ਆਸਾ ਤ੍ਰਿਸ਼ਨਾ ਮਗਰ ਲੱਗੀ ਹਾਕਨ ਡਾਕਨ, ਨਾ ਸਕੇ ਕੋਇ ਬਚਾਈਆ। ਹਉਮੇ ਹੰਗਤਾ ਕਰੇ ਖ਼ਾਕੀ ਖ਼ਾਕਨ, ਖ਼ਾਕੀ ਖ਼ਾਕ ਛਾਰ ਉਡਾਈਆ। ਪਰਵਰਦਿਗਾਰ ਨਾ ਮਿਲਿਆ ਪਾਕੀ ਪਾਕਨ, ਪਤਿਤ ਪਵਿਤ ਲਏ ਕਰਾਈਆ। ਜਗਤ ਸਾਚਾ ਨੇਤਰ ਨਾ ਖੁਲਿਆ ਤਾਕਨ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਕਾਮ ਕਾਮਨੀ ਵੇਖਿਆ ਏਕਾ ਹਾਟਨ, ਗੁਰ ਕਾ ਹੱਟ ਨਾ ਕੋਇ ਵਖਾਈਆ। ਝੂਠੀ ਮਾਇਆ ਜੁੜਿਆ ਨਾਤਨ, ਨਾਤਾ ਬਿਧਾਤਾ ਨਾ ਕੋਇ ਬੰਧਾਈਆ। ਮਿਲ ਮਿਲ ਥੱਕੀ ਸਭਨੀ ਸਾਕਣ, ਸਗਲਾ ਸੰਗ ਨਾ ਕੋਇ ਨਿਭਾਈਆ। ਰੋਵੇ ਕੁਰਲਾਵੇ ਬਣ ਦੁਹਾਗਣ, ਨੇਤਰ ਕਜਲਾ ਨਾ ਕੋਇ ਵਖਾਈਆ। ਕਲਜੁਗ ਹੋਈ ਕਾਗੋ ਕਾਗਨ, ਮਦਿਰਾ ਮਾਸ ਵਿਸ਼ਟਾ ਮੁਖ ਰਖਾਈਆ। ਮੈਂ ਨਿਮਾਣੀ ਹੋਈ ਨਭਾਗਣ, ਹਰਿ ਆਇਆ ਦਿਸ ਨਾ ਆਈਆ। ਧੰਨ ਗੁਰਸਿਖ ਜੋ ਸੋਏ ਜਾਗਣ, ਜਿਸ ਸਤਿਗੁਰ ਜਾਗ ਖੁਲ੍ਹਾਈਆ। ਦੋਏ ਜੋੜ ਵਿਚ ਆਗਿਆ ਰਹਿਣ ਮੰਨਣ ਆਗਨ, ਨਾ ਕੋਈ ਸਕੇ ਮੁਖ ਭਵਾਈਆ। ਪੁਰਖ ਅਬਿਨਾਸ਼ੀ ਚੜ੍ਹ ਚੜ੍ਹ ਵੇਖੇ ਏਕਾ ਰਾਕਨ, ਸਾਚੀ ਰਾਕੀ ਇਕ ਦੌੜਾਈਆ। ਪਹਿਲੀ ਚੇਤੇ ਮਾਰੇ ਪਲਾਕਨ, ਸੀਸ ਤਾਜ ਇਕ ਟਿਕਾਈਆ। ਆਪੇ ਸੋਹੇ ਆਪਣੇ ਆਸਣ, ਸੋਲਾਂ ਕਲੀਆਂ ਆਪ ਸ਼ੰਗਾਰ ਕਰਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਨਾ ਮਰੇ ਨਾ ਜਾਈਆ। ਕਲਜੁਗ ਕਰੇ ਆਪਣਾ ਹਾਸਨ, ਹੱਸ ਹੱਸ ਲੱਖ ਚੁਰਾਸੀ ਦਏ ਖਪਾਈਆ। ਗੁਰਸਿਖ ਤੇਰਾ ਪ੍ਰੇਮ ਕਰੇ ਸਾਚਾ ਭੋਗ ਬਿਲਾਸਨ, ਪਰਮ ਪੁਰਖ ਵਡੀ ਵਡਿਆਈਆ। ਅੰਤਮ ਕਰੇ ਪੂਰੀ ਆਸਨ, ਮਾਣਸ ਜਨਮ ਲੇਖੇ ਪਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਗਗਨ ਪਾਤਾਲਾਂ ਵੇਖ ਵਖਾਈਆ। ਸਾਚਾ ਬੇੜਾ ਸ਼ਾਹੋ ਸ਼ਾਬਾਸਨ, ਸਤਿਗੁਰ ਪੂਰਾ ਇਕ ਚਲਾਈਆ। ਆਪੇ ਲਾਏ ਆਪਣੇ ਘਾਟਨ, ਆਰ ਪਾਰ ਕਿਨਾਰਾ ਨਾ ਕਿਸੇ ਬੁਝਾਈਆ। ਜੋ ਜਨ ਚਰਨ ਲਾਗ ਪਿਛੇ ਹਾਟਨ, ਅਧਵਿਚਕਾਰ ਦਏ ਅਟਕਾਈਆ। ਜੋ ਜਨ ਰਸਨਾ ਕਰੇ ਜੂਠਾ ਚਾਟਨ, ਤਿਸ ਅੰਮਿਉਂ ਰਸ ਨਾ ਮੁਖ ਚੁਆਈਆ। ਅੰਤਮ ਚੋਲੇ ਸਭ ਦੇ ਪਾਟਣ, ਥਿਰ ਕੋਇ ਰਹਿਣ ਨਾ ਪਾਈਆ। ਸਤਿਗੁਰ ਆਇਆ ਚਲ ਕੇ ਪਾਤਣ, ਪਤਣ ਵੇਖੇ ਗੁਰਸਿਖ ਰਾਹੀਆ। ਨਾ ਕੋਈ ਸੰਧਿਆ ਨਾ ਕੋਈ ਆਥਣ, ਸਰਘੀ ਸਵੇਰਾ ਨਾ ਕੋਇ ਜਣਾਈਆ। ਅੰਮ੍ਰਿਤ ਵੇਲਾ ਹਰਿ ਕਾ ਦਰਸ ਅੱਠੇ ਪਹਿਰ ਗੁਰਸਿਖ ਆਖਣ, ਘੜੀ ਪਲ ਨਾ ਵੰਡ ਵੰਡਾਈਆ। ਹਰਿ ਸੰਗਤ ਕਰੇ ਬੰਦ ਖ਼ਲਾਸਨ, ਬੰਦੀ ਤੋੜ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰਿਜਨ ਹੋਏ ਆਪ ਸਹਾਈਆ। ਜੋਤ ਅਕਾਲਣ ਸ਼ੁਕਰ ਗੁਜ਼ਾਰ ਦੀ। ਆਦਿ ਜੁਗਾਦਿ ਭੁੱਖੀ ਗੁਰਸਿਖਾਂ ਪਿਆਰ ਦੀ। ਸਚਖੰਡ ਵਿਹੂਣੀ ਲੋਕਮਾਤ ਆਏ ਵੈਰਾਗਣ ਦੀਦਾਰ ਦੀ। ਹੋਕਾ ਦੇਵੇ ਗਲੀਓ ਗਲੀ, ਉਚੀ ਕੂਕ ਕੂਕ ਵਾਜਾਂ ਮਾਰਦੀ। ਮੈਂ ਸੁਵਾਣੀ ਗੁਰਸਿਖ ਤੇਰੇ ਦਰ ਖਲੀ, ਭੁੱਖੀ ਤੇਰੇ ਦਰ ਦਰਬਾਰ ਦੀ। ਤੂੰ ਮੇਰੇ ਹਾਰ ਦੀ ਸਚ ਕਲੀ, ਤੇਰੇ ਬਿਨਾਂ ਨਾ ਤਨ ਸ਼ੰਗਾਰ ਦੀ। ਗੁਰਸਿਖ ਤੂੰ ਦਾਤਾ ਤੂੰ ਵਡ ਬਲੀ, ਮੈਂ ਭਿਖਾਰਨ ਤੇਰੇ ਅੱਗੇ ਨਿਮਸਕਾਰ ਦੀ। ਮੇਰੀ ਫੜੀਂ ਮਾਤ ਕੰਨੀ, ਦਰ ਆ ਘਰ ਤੇਰੇ ਵਿਚਾਰ ਦੀ। ਮੈਂ ਸੁਘੜ ਸੁਵਾਣੀ ਤੇਰੀ ਵੰਨੀ, ਬੱਧੀ ਤੇਰੇ ਪਿਆਰ ਦੀ। ਤੇਰੀ ਛੁਟ ਨਾ ਜਾਏ ਮੈਥੋਂ ਕੰਨੀ, ਚੌਥੇ ਜੁਗ ਵਾਰੀ ਆਈ ਲਾਂਵ ਚਾਰ ਦੀ। ਵੇਖੀਂ ਦਰ ਆਈ ਨੂੰ ਮੂਲ ਨਾ ਡੰਨੀ, ਤੇਰੇ ਉਤੋਂ ਆਪਾ ਵਾਰ ਦੀ। ਮੇਰੀ ਅਰਜ਼ ਨਿਰਧਨ ਦੀ ਏਕਾ ਮੰਨੀਂ, ਤੇਰੇ ਅੱਗੇ ਅਰਜ਼ ਗੁਜ਼ਾਰ ਦੀ। ਮੇਰੇ ਨਾਲ ਉਠ ਕੇ ਚੱਲੀਂ, ਤੇਰੀ ਸੇਜ ਸੁਹੰਜਣੀ ਰਾਹ ਤੱਕੇ ਸਾਚੇ ਯਾਰ ਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੀ ਸੇਵਾ ਰਿਹਾ ਕਰ, ਸੇਵਾ ਕਰੇ ਆਪਣੇ ਵਿਹਾਰ ਦੀ। ਜੋਤ ਅਕਾਲਣ ਆਈ ਨੱਠ, ਲੋਕਮਾਤ ਰਾਹ ਤਕਾ। ਗੁਰਸਿਖ ਦਵਾਰੇ ਗਈ ਢੱਠ, ਬਣਨਾ ਜਗਤ ਮਲਾਹ। ਪਹਿਲੋਂ ਵਰਿਆ ਏਕਾ ਜੱਟ, ਫੇਰ ਸਾਰੇ ਲਏ ਪਰਨਾ। ਤੇਰਾ ਮੇਟ ਦਵੈਤੀ ਫਟ, ਆਪਣੀ ਹੱਥੀਂ ਪੱਟੀ ਦਿਤੀ ਬੰਧਾ। ਤੇਰਾ ਨਾਉਂ ਰਹੀ ਰਟ, ਹਰਫ਼ ਹਰਫ਼ ਲੇਖਾ ਲਿਖਾ। ਅੰਤ ਮੇਰੀ ਰੱਖੀਂ ਪਤ, ਮੇਰੀ ਲਜ ਤੇਰਾ ਹੱਯਾ। ਮੈਂ ਚੜ੍ਹ ਕੇ ਆਈ ਆਪਣੇ ਰਥ, ਤੈਨੂੰ ਲੈਣਾਂ ਨਾਲ ਰਲਾ। ਤੇਰਾ ਘਰ ਇਕ ਸਮਰਥ, ਦੂਸਰ ਅਵਰ ਨਾ ਕੋਈ ਥਾਂ। ਤੇਰਾ ਪ੍ਰੇਮ ਪੌਣੀ ਨੱਥ, ਸੁਹਾਗ ਕੰਤ ਲੈਣਾ ਹੰਢਾ। ਵੇਖੀਂ ਛੱਡ ਨਾ ਜਾਈਂ ਨੱਠ, ਮੈਂ ਤੇਰੇ ਉਤੋਂ ਹੋਈ ਆਪ ਫ਼ਿਦਾ। ਮੈਂ ਆਪਣਾ ਖੇੜਾ ਕੀਤਾ ਭੱਠ, ਤੇਰਾ ਖੇੜਾ ਦਵਾਂ ਵਸਾ। ਮੈਂ ਆਪਣੀ ਜੋਤ ਜਗਾਈ ਲਟ ਲਟ, ਤੇਰੀ ਜੋਤ ਆਪਣੇ ਵਿਚ ਲਵਾਂ ਸਮਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਬੇਪਰਵਾਹ। ਜੋਤ ਅਕਾਲਣ ਦਰ ਦਰਵਾਜ਼ੇ, ਕੁੰਡਾ ਰਹੀ ਖੜਕਾਈਆ। ਉਠ ਸਿੱਖ ਮੇਰੇ ਗ਼ਰੀਬ ਨਿਵਾਜ਼ੇ, ਉਲਟੀ ਚਾਲ ਆਪ ਚਲਾਈਆ। ਪਹਿਲੋਂ ਗੁਰਮੁਖ ਚਲਦੇ ਰਹੇ ਬਣ ਮਜੌਰ ਮੱਕੇ ਕਾਅਬੇ, ਹੁਣ ਕਾਅਬਾ ਤੇਰਾ ਵੇਖਣ ਆਈਆ। ਮੇਰਾ ਨਾ ਕੋਈ ਭੁਲ ਨਾ ਸਵਾਬੇ, ਤੇਰੀ ਘਾਲ ਆਪਣੀ ਝੋਲੀ ਪਾਈਆ। ਵੇਖੀਂ ਹੋਏ ਗ਼ੁਸੇ ਨਾ ਮਾਰੀਂ ਦਾਬੇ, ਮੈਂ ਬਾਲ ਅਞਾਣੀ ਨੱਢੀ ਬਾਲੀ ਮੇਰੀ ਉਮਰ ਨਾ ਅਜੇ ਵਿਹਾਈਆ। ਮੇਰਾ ਗੁਣ ਨਾ ਤੋਲਣਾ ਆਪਣੇ ਪਾ ਕੇ ਛਾਬੇ, ਤੇਰਾ ਕੰਡਾ ਸਾਚਾ ਭਾਰ ਇਕ ਉਠਾਈਆ। ਵੇਖੀਂ ਤੜਫਾਈਂ ਨਾ ਬਿਨ ਆਬੇ, ਮੈਂ ਪਿਆਸੀ ਜੁਗਾਂ ਜੁਗਾਂ ਦੀ ਵਿਛੜੀ ਤੇਰੇ ਦਰਸ ਤਿਹਾਈਆ। ਦੇਂਦੀ ਰਹੀ ਸੁਨੇਹੜੇ ਔਂਦੇ ਜਾਂਦੇ, ਚਾਰ ਜੁਗ ਜੋ ਗੁਰ ਅਵਤਾਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਤੇਰੀ ਸਚ ਵਡਿਆਈਆ। ਜੋਤ ਅਕਾਲਣ ਆਈ ਚਲ, ਬਣ ਕੇ ਪਾਂਧੀ ਰਾਹੀਆ। ਗੁਰਮੁਖ ਇਕ ਵਾਰ ਤਕ ਮੇਰੇ ਵਲ, ਮੇਰੇ ਨੈਣ ਤੇਰਾ ਰਾਹ ਤਕਾਈਆ। ਵੇਖੀਂ ਕਲਜੁਗ ਕਰ ਨਾ ਜਾਈਂ ਛਲ, ਤੇਰਾ ਛਲ ਨਾ ਮੋਹੇ ਭਾਈਆ। ਵਰਿਆ ਜੱਟ ਵੌਂਹਦਾ ਹਲ, ਮਗਰ ਸੁਵਾਣੀ ਭੱਤਾ ਲੈ ਲੈ ਆਪਣੀ ਹੱਥੀਂ ਸੇਵ ਕਮਾਈਆ। ਬੀਜਿਆ ਬੀਜ ਹਰਿ ਸੰਗਤ ਲਗਾ ਫਲ, ਪਤ ਡਾਲ੍ਹੀ ਫੁਲ ਆਪ ਮਹਿਕਾਈਆ। ਮੈਂ ਆਪਣਾ ਜੋਬਨ ਨਾ ਸਕੀ ਝੱਲ, ਤੇਰਾ ਜੋਬਨ ਮੇਰੇ ਮਨ ਭਾਈਆ। ਵੇਖੀਂ ਲਾਰਾ ਨਾ ਦੇਵੀਂ ਅਜ ਕਿ ਕਲ, ਘੜੀ ਪਲ ਝੱਲੀ ਨਾ ਜਾਏ ਜੁਦਾਈਆ। ਮੈਂ ਫਿਰ ਫਿਰ ਆਈ ਜੰਗਲ ਜੂਹ ਉਜਾੜ ਪਹਾੜ ਡੂੰਘੇ ਥਲ, ਦੂਰ ਦੁਰਾਡਾ ਪੰਧ ਮੁਕਾਈਆ। ਮੈਂ ਤਰ ਕੇ ਆਈ ਸੱਤ ਸਮੁੰਦਰ ਵੱਡੀ ਛਲ, ਅਨਤਾਰੂ ਤੇਰੀ ਆਸ ਰਖਾਈਆ। ਬਣ ਕੇ ਪ੍ਰੀਤਮ ਮੇਰਾ ਆਸਣ ਲਈਂ ਮਲ, ਦੂਜੀ ਸੇਜ ਨਾ ਕੋਇ ਵਖਾਈਆ। ਇਕੋ ਘਰ ਬਹੀਏ ਮਿਲ ਰਲ, ਰਲ ਮਿਲ ਆਪਣਾ ਝਟ ਲੰਘਾਈਆ। ਮਿਲਿਆ ਗੁਰਮੁਖ ਹੋਈ ਖ਼ੁਸ਼ੀ, ਮੈਂ ਝੱਲ ਨਾ ਸਕਾਂ ਵੱਡੀ ਭੱਲ, ਗੁਰਮੁਖ ਭਲਿਆਈ ਮੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਜੋਤ ਅਕਾਲਣ ਕਰਿਆ ਵੇਸ, ਢੂੰਡੇ ਸੱਜਣ ਮੀਤ। ਕਲਜੁਗ ਅੰਤਮ ਚਲ ਕੇ ਆਏ ਮਾਝੇ ਦੇਸ, ਜਗਤ ਚਲਾਈ ਉਲਟੀ ਰੀਤ। ਆਪ ਆਪਣੇ ਲਏ ਵੇਖ, ਨਾਲੇ ਗਾਏ ਸੁਹਾਗੀ ਗੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਕਰੇ ਠੰਡੀ ਸੀਤ।