੬ ਅੱਸੂ ੨੦੧੧ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਜਗਤ ਅੰਧੇਰਾ ਅੰਧ ਅਗਿਆਨ। ਅੰਤ ਨਿਬੇੜਾ ਮੇਲ ਭਗਵਾਨ। ਵਸਦਾ ਰਹੇ ਕਾਇਆ ਨਗਰ ਖੇੜਾ, ਦੀਪਕ ਜੋਤੀ ਜਗੇ ਮਹਾਨ। ਪੁਰਖ ਅਬਿਨਾਸ਼ੀ ਬੰਨ੍ਹੇ ਬੇੜਾ, ਕਿਰਪਾ ਕਰ ਆਤਮ ਦਰ ਨਰ ਹਰਿ ਚਤੁਰ ਸੁਜਾਨ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਮਹੱਲ ਮੁਨਾਰਾ। ਜੋਤੀ ਦੀਪਕ ਕਰ ਉਜਿਆਰਾ। ਮਾਣਕ ਮੋਤੀ ਨਾਮ ਅਪਾਰਾ। ਆਤਮ ਦੁਰਮਤ ਮੈਲ ਪ੍ਰਭ ਦਰ ਧੋਤੀ, ਮਾਰੇ ਸ਼ਬਦ ਇਕ ਕਟਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰੋਗਾਂ ਸੋਗਾਂ ਪਾਵੇ ਸਾਰਾ। ਕਾਇਆ ਕੋਟ ਕੋਟ ਗੜ੍ਹ। ਸ਼ਬਦ ਲੱਗੇ ਚੋਟ, ਦਸਮ ਦਵਾਰ ਚੜ੍ਹ। ਜਗਤ ਤ੍ਰਿਸ਼ਨਾ ਮਿਟੇ ਖੋਟ, ਸੁਫਲ ਕਰਾਏ ਨਾੜੀ ਨੜ। ਪੁਰਖ ਅਬਿਨਾਸ਼ੀ ਏਕਾ ਓਟ, ਏਕਾ ਫੜਿਆ ਸਾਚਾ ਲੜ। ਦਰ ਘਰ ਆਵੇ ਨਾ ਕਦੇ ਤੋਟ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਵਾਰੇ ਰਿਹਾ ਖੜ੍ਹ। ਕਾਇਆ ਮੰਦਰ ਸਰਬ ਘਟ ਚਾਨਣ। ਦੁਰਮਤ ਮੈਲ ਕਟ, ਦੇਵੇ ਆਤਮ ਬ੍ਰਹਮ ਗਿਆਨਣ। ਦੂਈ ਦਵੈਤੀ ਮਿਟੇ ਫੱਟ, ਸਚ ਸਰੋਵਰ ਸਚ ਇਸ਼ਨਾਨਣ। ਸਾਚਾ ਤੀਰਥ ਆਤਮ ਤਟ, ਗੁਰਮੁਖ ਵਿਰਲੇ ਮਾਤ ਨਹਾਵਣ। ਜੋਤ ਜਗੇ ਕਾਇਆ ਲਟ ਲਟ, ਮਿਟੇ ਅੰਧ ਅੰਧਿਆਨਣ। ਭਾਗ ਲੱਗੇ ਕਾਇਆ ਮੱਟ, ਸ਼ਬਦ ਪਟ ਹਰਿ ਤਨ ਪਹਿਨਾਨਣ। ਆਤਮ ਦਰ ਦਵਾਰਾ ਖੋਲ੍ਹੇ ਹੱਟ, ਕਾਇਆ ਮੰਦਰ ਸਚ ਦੁਕਾਨਣ। ਗੁਰਮੁਖ ਲਾਹਾ ਲੈਣ ਖਟ, ਤੇਜ ਪ੍ਰਕਾਸ਼ ਕੋਟਣ ਭਾਨਣ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਸੰਤ ਜਨਾਂ ਧੁਰਦਰਗਾਹੀ ਸਚ ਸੁਹੇਲਾ ਸੱਚਾ ਜਾਮਨ। ਕਾਇਆ ਮੰਦਰ ਹਰਿ ਧਾਮ ਅਸਥੂਲ। ਗੁਰਮੁਖ ਸਾਚਾ ਸੰਤ ਪਿਆਰਾ, ਪੁਰਖ ਅਬਿਨਾਸ਼ੀ ਨਾ ਜਾਏ ਭੂਲ। ਲੋਕਮਾਤੀ ਸਚ ਦੁਲਾਰਾ, ਆਪ ਚੁਕਾਏ ਪਿਛਲਾ ਮੂਲ। ਸਾਚਾ ਦੇਵੇ ਸ਼ਬਦ ਹੁਲਾਰਾ, ਪਲੰਘ ਰੰਗੀਲਾ ਨਾ ਕੋਈ ਪਾਵਾ ਨਾ ਕੋਈ ਚੂਲ। ਜੋਤੀ ਬਾਤੀ ਲਾਏ ਤੀਲਾ, ਕਰੇ ਖੇਲ ਦੂਲੋ ਦੂਲ। ਵੇਖ ਵਖਾਣੇ ਅਕਾਸ਼ੀ ਨੀਲਾ, ਸੂਲੀ ਬਣੇ ਗੁਰਮੁਖ ਸੂਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮੇਲ ਮਿਲਈਆ, ਆਪ ਚੜ੍ਹਾਏ ਸਾਚੀ ਨਈਆ, ਭਵ ਸਾਗਰ ਪਾਰ ਕਰਈਆ, ਜਿਉਂ ਜਲ ਕਵਲ ਫੂਲ। ਕਾਇਆ ਮੰਦਰ ਤਨ ਅੰਗਿਆਰ। ਵੇਖ ਵਖਾਣੇ ਅੰਦਰੇ ਅੰਦਰ, ਡੂੰਘੀ ਕੰਦਰ ਜੋਤ ਉਜਿਆਰ। ਲੱਖ ਚੁਰਾਸੀ ਭੌਂਦੇ ਬੰਦਰ, ਪੁਰਖ ਅਬਿਨਾਸ਼ੀ ਨਾ ਪਾਏ ਸਾਰ। ਜਨ ਭਗਤਾਂ ਤੋੜੇ ਆਤਮ ਜੰਦਰ, ਸ਼ਬਦ ਹਥੌੜਾ ਏਕਾ ਮਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਨੇਤਰ ਖੋਲ੍ਹੇ, ਸ਼ਬਦ ਬੋਲੇ ਕਿਰਪਾ ਕਰ ਅਪਰ ਅਪਾਰ। ਨੇਤਰ ਨੈਣ ਹੋਏ ਉਜਿਆਰ। ਆਤਮ ਜੋਤੀ ਕਮਲਾਪਾਤੀ ਦਰ ਖੋਲ੍ਹੇ ਤਾਕੀ, ਧਰੇ ਇਕ ਅੰਗਿਆਰ। ਲਹਿਣਾ ਦੇਣਾ ਚੁੱਕੇ ਬਾਕੀ, ਮੇਟ ਮਿਟਾਏ ਹਾਕਨ ਡਾਕੀ, ਭਵਿਖਤ ਵਾਕੀ ਖੇਲ ਅਪਾਰ। ਹਰਿਜਨ ਸੱਚਾ ਨਾਇਕ ਨਾਕੀ, ਕੋਈ ਨਾ ਮਾਤ ਦਿਸੇ ਆਕੀ, ਪੰਜਾਂ ਤੱਤਾਂ ਮਾਰੇ ਸ਼ਬਦ ਕਟਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਾਇਆ ਮੰਦਰ ਮਹੱਲ ਉਸਾਰ। ਕਾਇਆ ਮੰਦਰ ਮਹੱਲ ਮੁਨਾਰਾ। ਗੁਰਮੁਖ ਵੇਖੇ ਇਕ ਅਟੱਲ, ਜਗੇ ਜੋਤ ਹਰਿ ਗਿਰਧਾਰਾ। ਵੇਖ ਵਖਾਣੇ ਨਿਹਚਲ ਧਾਮ ਅਚੱਲ, ਪ੍ਰਭ ਅਬਿਨਾਸ਼ੀ ਪਾਵੇ ਸਾਰਾ। ਦਰ ਦਵਾਰਾ ਬੈਠੇ ਮਲ, ਦੇਵਣਹਾਰ ਹਰਿ ਦਾਤਾਰਾ। ਕਰੇ ਖੇਲ ਘੜੀ ਪਲ, ਆਤਮ ਵਣਜ ਹਰਿ ਨਿਰੰਕਾਰਾ। ਭਾਣਾ ਰੱਖੇ ਜਲ ਥਲ, ਕਾਇਆ ਕੋਟ ਹਰਿ ਗੜ੍ਹ ਬਨਾਣਾ। ਆਤਮ ਮਾਰੇ ਇਕ ਉਛੱਲ, ਅੰਧ ਅੰਧੇਰ ਸਰਬ ਵਹਿ ਜਾਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਿਖਿਆ ਲੇਖ ਜਗਤ ਭੇਖ, ਗੁਰਮੁਖ ਆਤਮ ਵੇਖ, ਧਰਤ ਮਾਤ ਕਲ ਸਾਚਾ ਹਾਟ, ਪੁਰਖ ਅਬਿਨਾਸ਼ੀ ਸਾਚਾ ਹਿੱਤ, ਮਾਨਸ ਦੇਹੀ ਜਗਤ ਜਿੱਤ, ਲੇਖ ਪੂਰ ਕਰਾਵਣਾ। ਕਾਇਆ ਕੋਟ ਕਾਚੀ ਮਾਟੀ। ਆਤਮ ਦਵਾਰਾ ਸਾਚੀ ਹਾਟੀ। ਵਸੇ ਨਰ ਨਿਰੰਕਾਰਾ, ਬਜ਼ਰ ਕਪਾਟੀ। ਹਰਿਜਨ ਬਾਣ ਨਿਰਾਲਾ ਏਕਾ ਮਾਰਾ, ਬਜ਼ਰ ਕਪਾਟੀ ਪਾਟੀ। ਸ਼ਬਦ ਦੇਵੇ ਸਾਚੀ ਧਾਰਾ, ਜੋਤ ਉਜਿਆਰਾ ਲਾਟਨ ਲਾਟੀ। ਨਿਜ ਘਰ ਵਸੇ ਰਾਮ ਮੁਰਾਰਾ, ਦੁਰਮਤ ਮੈਲ ਰਿਹਾ ਕਾਟੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਭਾਣਾ ਆਪਣੇ ਹੱਥ ਰਖਾਏ, ਅੱਗੇ ਨੇੜੇ ਆਈ ਦਿਸੇ ਵਾਟੀ। ਅੱਗੇ ਆਇਆ ਦਿਸੇ ਨੇੜਾ। ਲੱਗੇ ਭਾਗ ਕਾਇਆ ਖੇੜਾ। ਨੇਤਰ ਨੀਰ ਵਿਰੋਲੇ, ਪੁਰਖ ਅਬਿਨਾਸ਼ੀ ਪੂਰੇ ਤੋਲ ਤੋਲੇ, ਬੰਨ੍ਹ ਵਖਾਏ ਬੇੜਾ। ਮਾਇਆ ਪੜਦਾ ਜਨ ਭਗਤ ਖੋਲ੍ਹੇ, ਜੂਠਾ ਝੂਠਾ ਮੁਕਾਏ ਝੇੜਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਹੋਏ ਸਹਾਈ ਦਇਆ ਕਮਾਏ, ਗੁਰਸਿਖ ਕਾਇਆ ਖੁਲ੍ਹਾ ਦਿਖਾਏ ਸਾਚਾ ਵਿਹੜਾ। ਸਾਚਾ ਭਾਣਾ ਹਰਿ ਵਰਤਾਵਣਾ। ਲਿਖਿਆ ਲੇਖ ਪੂਰ ਕਰਾਵਣਾ। ਆਤਮ ਜੋਤੀ ਨੂਰ ਹਰਿ ਭਰਪੂਰ ਕਰਾਵਣਾ। ਵਡਾ ਦਾਤਾ ਮਿਹਰਬਾਨ ਸੂਰ, ਮਾਤ ਆਪ ਅਖਵਾਵਣਾ। ਆਤਮ ਬਖ਼ਸ਼ੇ ਸਾਚਾ ਨੂਰ, ਨੈਣੀ ਨੂਰ ਫੇਰ ਟਿਕਾਵਣਾ। ਦਰ ਦਵਾਰੇ ਵੇਖਣ ਮਾਰ ਝਾਤ, ਪੁਰਖ ਅਬਿਨਾਸ਼ੀ ਨਜ਼ਰ ਨਾ ਆਵਣਾ। ਅੰਮ੍ਰਿਤ ਆਤਮ ਦੇਵੇ ਬੂੰਦ ਸਵਾਂਤ, ਪੜਦਾ ਉਹਲਾ ਸੰਞ ਸਵੇਰ ਇਕ ਕਰਾਵਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਭਾਣਾ ਹਰਿ ਭਗਵਾਨਾ ਗੁਰਸਿਖ ਤੇਰੇ ਸੀਸ ਹਰਿ ਜਗਦੀਸ਼ ਆਪਣਾ ਰਾਹ ਚਲਾਵਣਾ।
