G18L018 ੧੮ ਪੋਹ ੨੦੨੧ ਬਿਕ੍ਰਮੀ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਪਿੰਡ ਭਲਾਈ ਪੁਰ ਡੋਗਰਾ ਜ਼ਿਲਾ ਅੰਮ੍ਰਿਤਸਰ

ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕ਼ੁਦਰਤ ਦਾ ਮਾਲਕ ਕ਼ੁਦਰਤੀ ਮੇਲ ਮਿਲਾਈਆ। ਫੂੜ੍ਹੀ ਕਹੇ ਇਕ ਦਿਨ ਮੇਰੇ ਵਿਚ ਪੈ ਗਿਆ ਵਟ, ਵਿਚੋਂ ਉਚੀ ਨਜ਼ਰੀ ਆਈਆ। ਜਿਸ ਵੇਲੇ ਰਵਿਦਾਸ ਕਰਨ ਲਗਾ ਸੀ ਸਾਫ਼, ਉਤੇ ਆਪਣਾ ਹੱਥ ਫਿਰਾਈਆ। ਮੇਰੇ ਜਰਮ ਕਰਮ ਦਾ ਉਤਰ ਗਿਆ ਤਾਪ, ਦੁਖ ਰੋਗ ਰਿਹਾ ਨਾ ਰਾਈਆ। ਜਿਸ ਵੇਲੇ ਓਨ੍ਹ ਕੰਨੀ ਖਿੱਚੀ ਆਪ, ਸਿੱਧਾ ਦਿਤਾ ਕਰਾਈਆ। ਮੇਰੇ ਮੂੰਹ ਵਿਚੋਂ ਨਿਕਲਿਆ ਸੋਹੰ ਜਾਪ, ਵਾਹ ਵਾਹ ਤੇਰੀ ਵਡ ਵਡਿਆਈਆ। ਓਸੇ ਵੇਲੇ ਰਵਿਦਾਸ ਨੇ ਕਿਹਾ ਮੈਂ ਨਹੀਂ ਉਹ ਮੇਰਾ ਬਾਪ, ਜਿਹੜਾ ਦੋਹਾਂ ਦਾ ਨਾਤਾ ਰਿਹਾ ਜੁੜਾਈਆ। ਦੂਜੀ ਕੰਨੀ ਖਿਚ ਕੇ ਕਿਹਾ ਉਠ ਉਹਦੇ ਵਲ ਝਾਕ, ਆਪਣੀ ਅੱਖ ਖੁਲ੍ਹਾਈਆ। ਤੀਜੀ ਕੰਨੀ ਨੂੰ ਮਾਰਕੇ ਹਾਥ, ਸੁੱਤੀ ਨੂੰ ਲਿਆ ਉਠਾਈਆ। ਚੌਥੀ ਆਪੇ ਪਈ ਜਾਗ, ਆਲਸ ਨਿੰਦਰਾ ਦੂਰ ਕਰਾਈਆ। ਰਵਿਦਾਸ ਉਹ ਕਿਥੇ ਤੇਰਾ ਰਸੂਲ ਪਾਕ, ਓਸ ਦਾ ਇਸਮ ਦੇ ਵਖਾਈਆ। ਰਵਿਦਾਸ ਨੇ ਹੌਲੀ ਜਿਹੀ ਆਪਣੇ ਥਲਿਉਂ ਚੁਕ ਕੇ ਸਾਫ਼, ਪੜਦਾ ਦਿਤਾ ਉਠਾਈਆ। ਇਕ ਮਾਰ ਕੇ ਮੱਥੇ ਤੇ ਹਾਥ, ਫੇਰ ਦਿਤਾ ਸਮਝਾਈਆ। ਜਾਂ ਤੱਕਿਆ ਨਿਰਗੁਣ ਨੂਰ ਜੋਤ ਪਰਕਾਸ਼, ਨੂਰੋ ਨੂਰ ਕਰੇ ਰੁਸ਼ਨਾਈਆ। ਸਫ਼ ਕਹੇ ਵੇ ਰਵਿਦਾਸ ਇਹ ਕੀ ਤੇਰੇ ਮਾਥ, ਜਿਸ ਦਾ ਨੂਰ ਮੈਥੋਂ ਨਾ ਝਲਿਆ ਜਾਈਆ। ਵੇਖ ਕੇ ਜਲਵਾ ਥੱਲੇ ਡਿੱਗੀ ਸਾਫ਼, ਹੋਸ਼ ਹਵਾਸ ਰਹੀ ਨਾ ਰਾਈਆ। ਉਤੋਂ ਰਵਿਦਾਸ ਨੇ ਹੌਲੀ ਜਿਹੀ ਲਾਈ ਥਾਪ, ਥਪਕੀ ਨਾਲ ਉਠਾਈਆ। ਇਹ ਸਾਰਿਆਂ ਦਾ ਸੱਜਣ ਸਾਕ, ਡਰੌਂਦਾ ਨਹੀਂ ਡਰਦਿਆਂ ਨੂੰ ਆਪਣੇ ਗਲੇ ਲਗਾਈਆ। ਤੂੰ ਸੁਣਿਆ ਈ ਇਹਦਾ ਕੋਈ ਭਖਿਵਤ ਵਾਕ, ਇਹ ਕੀ ਰਿਹਾ ਜਣਾਈਆ। ਦੱਸਦਾ ਜਿਸ ਵੇਲੇ ਆਵਾਂ ਲੋਕਮਾਤ, ਨਿਹਕਲੰਕ ਰੂਪ ਵਟਾਈਆ। ਜਨ ਭਗਤਾਂ ਸਾਰਿਆਂ ਦਾ ਇਕੇ ਵਾਰ ਬਣਾਂ ਬਾਪ, ਇਕੱਠੇ ਗੋਦੀ ਲਵਾਂ ਉਠਾਈਆ। ਜਨਮ ਕਰਮ ਦੀ ਬਦਲ ਕੇ ਜ਼ਾਤ, ਜ਼ਾਤ ਆਪਣੀ ਵਿਚ ਮਿਲਾਈਆ। ਏਥੇ ਓਥੇ ਦੋ ਜਹਾਨਾਂ ਦੇ ਕੇ ਸਾਥ, ਸਗਲਾ ਸੰਗ ਬਣਾਈਆ। ਚਾਰ ਕੁੰਟ ਦਾ ਖੋਲ੍ਹ ਕੇ ਤਾਕ, ਕ਼ੁਫ਼ਲ ਸਾਰੇ ਦਿਆਂ ਤੁੜਾਈਆ । ਚਲਾ ਕੇ ਸਚ ਰਿਵਾਜ, ਰਿਆਇਤ ਰਵਾਇਤ ਝੋਲੀ ਪਾਈਆ। ਮੇਰਾ ਭਗਤ ਕਿਸੇ ਦਾ ਨਾ ਹੋਵੇ ਮੁਹਤਾਜ, ਦੂਜੇ ਦਰ ਨਾ ਮੰਗਣ ਜਾਈਆ। ਜਿਸ ਦਾ ਧਨਾਢ ਹੋਵੇ ਬਾਪ, ਕਿਉਂ ਚਾਚਿਆਂ ਅਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਧੁਰ ਦੇ ਧਨੀ ਲਏ ਬਣਾਈਆ। ਸਫ਼ ਕਹੇ ਰਵਿਦਾਸ ਤੂੰ ਕਿਸ ਤਰਾ ਉਲਟਿਆ ਮੇਰਾ ਸਫ਼ਾ, ਫਿਰ ਦੇ ਵਖਾਈਆ। ਉਹਦੇ ਅੰਦਰ ਬੇਪਰਵਾਹ ਦਾ ਗੱਫ਼ਾ, ਅਤੋਟ ਅਤੁਟ ਜਣਾਈਆ। ਉਹ ਕਹਿੰਦੀ ਹਾਏ ਮੇਰਿਆ ਰੱਬਾ, ਕਿਉਂ ਬੈਠਾ ਛੁਪਾ? ਇਹ ਭੁੱਖਾ ਤੇਰੇ ਪਿਆਰ ਦਾ ਬੱਧਾ, ਤੇਰੀ ਸੇਵ ਕਮਾਈਆ। ਪਤਾ ਨਹੀਂ ਕਿਸ ਦੇ ਨਾਲ ਰੱਜਾ, ਤਿੰਨ ਤਿੰਨ ਦਿਨ ਰੋਟੀ ਖਾਣ ਵਾਲਾ ਮੁਖ ਮੁਖ ਨਾ ਕਦੇ ਖੁਲ੍ਹਾਈਆ। ਔਹ ਵੇਖ ਜਿਹੜਾ ਉਹਦੀ ਸਵਾਣੀ ਰਖ ਗਈ ਡੱਬਾ, ਸੁੱਕੇ ਟੁਕੜੇ ਉਹਦੇ ਵਿਚੋਂ ਚੂਹੇ ਗਏ ਚੁਰਾਈਆ। ਗ਼ਰੀਬਣੀ ਕੋਲ ਪੜਦਾ ਨਹੀਂ ਸੀ ਜਿਸ ਦੇ ਨਾਲ ਉਹਨੂੰ ਕੱਜਾ, ਖ਼ਾਲੀ ਹੱਥ ਗਈ ਫੜਾਈਆ। ਰਵਿਦਾਸ ਕਿਹਾ ਚੁਪ ਕਰ ਸਫ਼ੇ, ਤੂੰ ਕੀ ਜਾਣੇ, ਮੈਨੂੰ ਕਿਹੜਾ ਮਿਲਦਾ ਮਜ਼ਾ, ਰਸੀਆ ਦਾ ਰਸ ਮੇਰੇ ਅੰਦਰ ਗਿਆ ਵਸ, ਹਸ ਹਸ ਆਪਣੇ ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣੀ ਖੇਲ ਰਿਹਾ ਵਖਾਈਆ। ਫੂੜ੍ਹੀ ਕਹੇ ਰਵਿਦਾਸ ਮੇਰੇ ਵੇਖ ਤਾਣੇ ਪੇਟੇ ਵਾਲੇ ਧਾਗੇ, ਆਰ ਪਾਰ ਸਭ ਨੇ ਦਿਤੇ ਲੰਘਾਈਆ। ਵਿਚੋਂ ਬਹੁਤੇ ਸੋਏ ਥੋੜ੍ਹੇ ਜਾਗੇ, ਜਾਗਦਿਆਂ ਨੂੰ ਜਗਤ ਦਾ ਮਾਲਕ ਨਜ਼ਰੀ ਆਈਆ। ਰਵਿਦਾਸ ਕਿਹਾ ਨਹੀਂ ਇਹ ਵੀ ਵਡਭਾਗੇ, ਜੋ ਤੇਰੇ ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਈਆ। ਅਜੇ ਤੂੰ ਹੋਰ ਵੇਖਣੇ ਕਲਜੁਗ ਵਾਧੇ, ਸਦੀ ਵੀਹਵੀਂ ਰਾਹ ਤਕਾਈਆ । ਓਸ ਵੇਲੇ ਘਰ ਘਰ ਪੈਣੇ ਸਿਆਪੇ, ਬਿਨ ਹਰਿ ਨਾਮੇ ਰੋਵੇ ਕੁਰਲਾਈਆ। ਪੁੱਤਰਾਂ ਨੇ ਮਾਰਨੇ ਮਾਪੇ, ਮਾਪੇ ਧੀਆਂ ਕੋਲੋਂ ਦੋਹਰੇ ਖ਼ਸਮ ਕਰਾਈਆ। ਕਵਾਰੀਆਂ ਪਹਿਨਣ ਕੰਗਣ ਛੱਲਾ ਛਾਪੇ, ਕਜਲ ਨੈਣਾਂ ਧਾਰ ਵਖਾਈਆ। ਰਵਿਦਾਸ ਵਰਗੇ ਕਿਸੇ ਦੇ ਲੱਭਣੇ ਨਹੀਂ ਚੀਥੜ ਪਾਟੇ, ਜਗਤ ਲਿਬਾਸ ਲਏ ਬਦਲਾਈਆ। ਇਸੇ ਕਰਕੇ ਪੈਣੇ ਘਾਟੇ, ਕਲਜੁਗ ਸ਼ਾਹ ਪਾਤਸ਼ਾਹ ਹੱਥ ਕਿਸੇ ਨਾ ਆਈਆ। ਇਕ ਸਚੀ ਦੱਸਾਂ ਬਾਤੇ, ਅਗਲੀ ਕਹਾਣੀ ਦਿਆਂ ਸੁਣਾਈਆ। ਪ੍ਰਭ ਨੇ ਕਿਰਪਾ ਕਰ ਕੇ ਸਭ ਤੋਂ ਵਖਰੀ ਬਣੌਣੀ ਇਕ ਜਮਾਤੇ, ਇਕੋ ਅੱਖਰ ਦੇਣਾ ਪੜ੍ਹਾਈਆ। ਜਿਨ੍ਹਾਂ ਮਿਲ ਕੇ ਗੌਣੀ ਸੋਹੰ ਗਾਥੇ, ਗਾ ਗਾ ਸ਼ੁਕਰ ਮਨਾਈਆ । ਓਥੇ ਮੰਗਣ ਅਨਾਥ ਅਨਾਥੇ, ਦੀਨਾਂ ਦੁਖੀਆਂ ਦਰਦ ਵੰਡਾਈਆ । ਫੇਰ ਸਭ ਦੇ ਪੂਰੇ ਕਰੇ ਘਾਟੇ, ਘਾਟੀ ਆਪਣੀ ਲਏ ਚੜ੍ਹਾਈਆ। ਗੁਰਮੁਖ ਗੁਰਸਿਖ ਭੁਲ ਜਾਣ ਆਪਣੇ ਮਾਪੇ, ਜਿਨ੍ਹਾਂ ਨੂੰ ਆਪਣੀ ਗੋਦ ਬਹਾਈਆ। ਚਰਨ ਪ੍ਰੀਤੀ ਜੋੜ ਕੇ ਨਾਤੇ, ਸਗਲਾ ਸੰਗ ਦਏ ਵਖਾਈਆ। ਕੌਣ, ਰਵਿਦਾਸ ਕਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ, ਦੂਜਾ ਸੰਗ ਨਾ ਕੋਇ ਰਖਾਈਆ। ਰਵਿਦਾਸ ਤੇਰਾ ਸਦਾ ਸਾਥੇ, ਸੰਗ ਆਪਣਾ ਲਏ ਬਣਾਈਆ। ਅਜੇ ਗੋਬਿੰਦ ਦੇ ਦੋਂਹ ਪੁੱਤਰਾਂ ਦੇ ਹੋਰ ਤੁਹਾਡੇ ਨਾਲ ਜੁੜਨੇ ਨਾਤੇ, ਜਿਨ੍ਹਾਂ ਦਾ ਲੇਖਾ ਹਿਸਾਬ ਵਿਚ ਨਾ ਅਜੇ ਲਿਆਈਆ। ਛੱਬੀ ਪੋਹ ਉਹਨਾਂ ਦੇ ਫੋਲਣੇ ਖਾਤੇ, ਕਿਉਂ ਵੇਲਾ ਵਕ਼ਤ ਦਏ ਗਵਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰ ਕੇ ਨਾਲੇ ਅੰਮ੍ਰਿਤ ਪਿਆਏ ਆਪਣੇ ਓਸ ਸਚੇ ਬਾਟੇ, ਜਿਸ ਦੇ ਉਤੇ ਸੱਤ ਰੰਗ ਨਿਸ਼ਾਨਾ ਝੁਲ ਕੇ ਖ਼ੁਸ਼ੀ ਮਨਾਈਆ। ਬਾਟਾ ਕਹਿੰਦਾ ਮੈਂ ਨਹੀਂ ਬਣਨਾ ਬਰਤਨ, ਮੈਨੂੰ ਠਠਿਆਰ ਨਾ ਕੋਇ ਬਣਾਈਆ। ਮੈਂ ਭਗਤਾਂ ਦੇ ਨਾਲ ਰਖਣਾ ਮਿਲਵਰਤਣ, ਅੰਦਰ ਬਹਿ ਕੇ ਡੇਰਾ ਲਾਈਆ । ਜਿਨ੍ਹਾਂ ਦੇ ਨੇਤਰ ਅੰਦਰੋਂ ਫਰਕਣ, ਬਾਹਰੋਂ ਪ੍ਰਭ ਦੇ ਨਾਲ ਰਖਾਈਆ। ਆਪੇ ਮਿਲਾਂ ਉਹਨਾਂ ਦੀ ਸਾਰੀ ਮੇਟਾਂ ਧੜਕਣ, ਦਰਦੀਆਂ ਦਰਦ ਵੰਡਾਈਆ। ਅਗੇ ਜਾਦਿਆਂ ਰਹੇ ਕੋਈ ਨਾ ਅੜਚਣ, ਸਿੱਧਾ ਰਸਤਾ ਦਿਆਂ ਬਣਾਈਆ। ਜਿਹੜੇ ਤੇਰੇ ਵਿਛੋੜੇ ਵਿਚ ਪ੍ਰਭੂ ਤੜਫਣ, ਉਹਨਾਂ ਗਲੇ ਦਿਆਂ ਮਿਲਾਈਆ। ਮੈਨੂੰ ਮਿਲ ਕੇ ਫੇਰ ਲੋਕਮਾਤ ਨਾ ਪਰਤਣ, ਜੋ ਤੇਰੇ ਭਗਤ ਤੇਰੇ ਵਿਚ ਸਮਾਈਆ। ਬੇਸ਼ਕ ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਵਰਜਣ, ਮੈਂ ਕਿਸੇ ਦੇ ਰੋਕਿਆਂ ਪਿਛੇ ਹਟ ਕਦੇ ਨਾ ਜਾਈਆ। ਜੇ ਯਾਦ ਕੀਤਾ ਰਾਵੀ ਦੇ ਕੰਢੇ ਅਰਜਨ, ਉਸ ਦਾ ਲੇਖਾ ਆਇਆ ਮੁਕਾਈਆ। ਉਹ ਮੱਛੀ ਨਾ ਦਿਤੀ ਤੜਫਨ, ਚਰਨ ਛੋਹ ਨਾਲ ਪਾਰ ਲੰਘਾਈਆ। ਬਾਲਮੀਕ ਦੀ ਪੂਰੀ ਕੀਤੀ ਹਰਸਣ, ਪਿਛਲਾ ਲੇਖਾ ਫੋਲ ਫੁਲਾਈਆ। ਸਵਾਧਾਨ ਹੋ ਕੇ ਮਰਦ ਮਰਦਨ, ਮਦਦ ਕਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਕਰੇ ਸਚਾ ਅਦਲ, ਇਨਸਾਫ਼ ਆਪਣਾ ਹੁਕਮ ਵਰਤਾਈਆ। ਫੂੜ੍ਹੀ ਕਹੇ ਇਕ ਦਿਨ ਰਵਿਦਾਸ ਨੇ ਮੇਰੇ ਹੱਥ ਰਖਿਆ ਛਾਤੀ, ਹੌਲੀ ਜਿਹੀ ਉਤੇ ਟਿਕਾਈਆ। ਮੇਰੀ ਸਹਿਜ ਨਾਲ ਖੁਲ੍ਹ ਗਈ ਤਾਕੀ, ਅਵਰ ਦਾ ਅਵਰਾ ਰੂਪ ਵਟਾਈਆ। ਨਜ਼ਰ ਆਇਆ ਉਹ ਕਮਲਾਪਾਤੀ, ਜਿਹੜਾ ਤੁਹਾਡੇ ਸਾਹਮਣੇ ਬਹਿ ਕੇ ਦਰਸ ਦਿਖਾਈਆ। ਮੈਨੂੰ ਨੁਹਾਰ ਤੋਂ ਨਜ਼ਰ ਆਇਆ ਉਹ ਸਾਥੀ, ਪਿਛਲਾ ਅਗੇ ਹੋ ਕੇ ਫੇਰਾ ਪਾਈਆ। ਮੈਂ ਤੁਹਾਨੂੰ ਨਹੀਂ ਤਕਦੀ ਮੈਂ ਅੰਦਰੋਂ ਵੇਖਾਂ ਉਹਦੀ ਜ਼ਾਤੀ, ਜੋ ਜ਼ਾਹਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਵਾਨ ਜੋ ਆਪਣੀ ਦਇਆ ਕਮਾਈਆ। ਫੂੜ੍ਹੀ ਕਹੇ ਇਕ ਦਿਨ ਮੈਨੂੰ ਰਵਿਦਾਸ ਨੇ ਲਿਆ ਲਪੇਟ, ਆਪਣੀ ਬਗ਼ਲ ਵਿਚ ਟਿਕਾਈਆ। ਮੈਂ ਪੁਛਿਆ ਇਹ ਕੀ ਖੇਡ, ਮੈਨੂੰ ਦੇ ਸਮਝਾਈਆ। ਉਸਨੇ ਕਿਹਾ ਅਜੇ ਮੇਰਾ ਮਾਹੀ ਔਣਾ ਮੈਂ ਉਹਦੀ ਵਿਛੌਣੀ ਸੇਜ, ਖ਼ੁਸ਼ੀਆਂ ਨਾਲ ਉਤੇ ਬਹਾਈਆ। ਮੈਂ ਸੁੱਕੇ ਟੁਕੜਿਆਂ ਦੀ ਉਹਦੇ ਲਈ ਰਖਣੀ ਦੇਗ਼, ਕੱਚਿਆਂ ਚਨਿਆਂ ਨਾਲੋਂ ਸਖ਼ਤ ਨਜ਼ਰੀ ਆਈਆ। ਫਿਰ ਵਖੌਣੀ ਉਹਨੂੰ ਆਪਣੀ ਜੇਬ, ਕਿਤੇ ਜੇਬਕਤਰਾ ਬਣ ਕੇ ਮੇਰਾ ਪ੍ਰੇਮ ਨਾ ਲਏ ਚੁਰਾਈਆ। ਫੂੜ੍ਹੀ ਕਿਹਾ ਰਵਿਦਾਸ ਮੈਨੂੰ ਕੁਛ ਹੋਰ ਨਜ਼ਰੀ ਆਇਆ ਉਹਦਾ ਲੇਖਾ ਕੁਛ ਕੁੰਟ ਹੇਮ, ਭੇਵ ਰਿਹਾ ਜਣਾਈਆ। ਓਸ ਨੇ ਕਿਸੇ ਨਾਲ ਨਿਭੌਣਾ ਨੇਮ, ਜਿਸਦਾ ਇਕ਼ਰਾਰ ਨੇੜੇ ਆਈਆ। ਰਵਿਦਾਸ ਕਿਹਾ ਚੁਪ ਕਰ ਇਹ ਉਹਦਾ ਲੈਣ ਦੇਣ, ਉਹ ਆਪੇ ਵੇਖ ਵਖਾਈਆ। ਫੂੜ੍ਹੀ ਕਹੇ ਮੈਨੂੰ ਐਂ ਨਜ਼ਰ ਆਉਂਦਾ ਜਿਵੇਂ ਸਭ ਦਾ ਸਾਂਝਾ ਸੈਣ, ਸੱਜਣ ਇਕ ਅਖਵਾਈਆ। ਜਿਨ ਮਾਵਾਂ ਨੂੰ ਹਟੌਣਾ ਪੁੱਤਰਾਂ ਮਰਿਆਂ ਪਿਛੋਂ ਕੋਈ ਨਾ ਪਾਵੇ ਵੈਣ, ਉਹ ਗੋਬਿੰਦ ਰੂਪ ਵਟਾਈਆ। ਰਵਿਦਾਸ ਮੈਂ ਇਹੋ ਲਗੀ ਤੈਨੂੰ ਕਹਿਣ, ਉਹ ਕਿਹੋ ਜਿਹਾ, ਰਵਿਦਾਸ ਕਿਹਾ ਛਡ ਠਾਂਹ ਉਹ ਕਲਗੀ ਵਾਲਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਫ਼ ਕਹੇ ਮੇਰੇ ਲਪੇਟ ਆਏ ਢਾਈ ਵਲ, ਸਿੱਧੀ ਤੋਂ ਗੋਲਮੋਲ ਦਿਤਾ ਬਣਾਈਆ। ਇੰਜ ਜਾਪੇ ਇਹਦਾ ਕੁਛ ਮੈਨੂੰ ਮਿਲਣਾ ਫਲ, ਲਾਭ ਲੈਣਾ ਝੋਲੀ ਪਾਈਆ। ਰਵਿਦਾਸ ਕਿਹਾ ਤੈਨੂੰ ਪਤਾ ਨਹੀਂ ਅਜੇ ਤੂੰ ਜਾਣਾ ਮਾਛੂਵਾੜੇ ਦੀ ਝਲ, ਕੱਖ ਕਾਹੀ ਰੂਪ ਵਟਾਈਆ। ਜਿਸ ਵੇਲੇ ਗੋਬਿੰਦ ਨੂੰ ਪ੍ਰਭ ਮਿਲਣ ਦਾ ਵਜਣਾ ਸਲ, ਜਲ ਥਲ ਸਾਰੇ ਦੇਣ ਦੁਹਾਈਆ। ਓਨ ਤਕਣਾ ਉਹਦੇ ਵਲ, ਸਿੱਧੀ ਅੱਖ ਕਰਾਈਆ। ਓਸ ਕਹਿਣਾ ਦੂਜੀ ਵਾਰ ਮੇਰੇ ਸੁਤ ਤੂੰ ਮਾਤ ਚਲ, ਮੈਂ ਤੇਰੇ ਅੰਦਰ ਵੜ ਕੇ ਡੇਰਾ ਲਾਈਆ। ਪਰਬਤਾਂ ਦਾ ਪਰਬਤ ਕਿਸੇ ਕੋਲੋਂ ਨਾ ਜਾਵਾਂ ਹਲ, ਜ਼ਿਮੀਂ ਅਸਮਾਨਾਂ ਵਿਚ ਮੇਰਾ ਭਾਰ ਨਾ ਕੋਇ ਉਠਾਈਆ । ਜਿਸ ਵੇਲੇ ਕਿਰਪਾ ਕਰ ਕੇ ਮਿਹਰ ਨਜ਼ਰ ਨਾਲ ਤਕਾਂ ਭਗਤਾਂ ਵਲ, ਵਲਵਲੇੇ ਸਾਰੇ ਦਿਆਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਨਿਹਚਲ ਧਾਮ ਅਟਲ, ਅਟਲ ਪਦਵੀਂ ਦਿਆਂ ਬਣਾਈਆ। ਸਫ਼ ਕਹੇ ਰਵਿਦਾਸ ਮੈਨੂੰ ਬਗ਼ਲ ਵਿਚ ਨਾ ਘੁਟ, ਕਿਉਂ ਰਿਹਾ ਦਬਾਈਆ। ਮੈਂ ਤੇਰੇ ਹੱਥੋਂ ਨਹੀਂ ਜਾਂਦੀ ਛੁਟ, ਤੇਰੇ ਨਾਲ ਪ੍ਰੇਮ ਲਿਆ ਪਾਈਆ। ਰਵਿਦਾਸ ਕਿਹਾ ਤੂੰ ਕਰ ਚੁਪ, ਤੈਨੂੰ ਦਿਆਂ ਸਮਝਾਈਆ । ਇਸੇ ਤਰਾ ਪ੍ਰਭੂ ਨੇ ਭਗਤ ਚੁਕਣੇ ਆਪਣੀ ਕੁੱਖ, ਜਿਸ ਤਰਾ ਮੈਂ ਤੈਨੂੰ ਆਪਣੇ ਰੰਗ ਰੰਗਾਈਆ। ਸਫ਼ ਕਹੇ ਮੈਂ ਤੈਨੂੰ ਕੁਛ ਹੋਰ ਲਵਾਂ ਪੁਛ, ਬੇਨੰਤੀ ਇਕ ਸੁਣਾਈਆ। ਰਵਿਦਾਸ ਕਿਹਾ ਕੀ ਲੋੜ, ਉਹ ਬਾਪ ਭਗਤ ਉਹਦੇ ਪੁਤ, ਫ਼ਰਕ ਰਿਹਾ ਨਾ ਰਾਈਆ। ਜਿਹਨਾਂ ਨੇ ਉਹਨੂੰ ਜਾਣਾ ਝੁਕ, ਝੁਕਿਆਂ ਲਏ ਉਠਾਈਆ। ਰੰਬੀ ਉਠ ਕੇ ਭੱਜੀ ਕਹਿਣ ਲਗੀ ਨੀ ਸਫ਼ੇ, ਮੇਰੀਏ ਭੈਣੇ, ਉਹਨਾਂ ਬੋਲਣੀ ਇਕ ਤੁਕ, ਅੰਦਰ ਵੇਖ ਜੋ ਮੇਰੇ ਵਿਚ ਦਿਤੀ ਟਿਕਾਈਆ। ਉਹਨਾਂ ਦਾ ਪੈਂਡਾ ਅਗੇ ਜਾਣਾ ਮੁਕ, ਫੇਰ ਅਗੇ ਜਨਮ ਕੋਇ ਨਾ ਪਾਈਆ। ਸਫ਼ ਕਹੇ ਕੀ ਭਗਤਾਂ ਨੂੰ ਪ੍ਰਭ ਨੇ ਦੇਣਾ ਸਭ ਕੁਛ, ਬਿਨ ਮੰਗਿਆਂ ਝੋਲੀ ਪਾਈਆ। ਰਵਿਦਾਸ ਕਹੇ ਪਿਤਾ ਦੇ ਘਰ ਦਾ ਮਾਲਕ ਹੋਵੇ ਪੁਤ, ਪੁੱਤਰਾਂ ਬਿਨਾ ਧਨ ਦੌਲਤ ਕੰਮ ਕਿਸੇ ਨਾ ਆਈਆ। ਭਗਤਾਂ ਬਿਨਾ ਪ੍ਰਭ ਨੂੰ ਲੋਕਮਾਤ ਕੋਈ ਨਾ ਲਏ ਪੁਛ, ਔਂਤਰਾ ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਰਵਿਦਾਸ ਕਹੇ ਸਫੇ ਛਡ ਅੱਜ ਦੀ ਕਹਾਣੀ ਏਥੇ ਜਾਏ ਮੁਕ, ਮੇਰਾ ਲਹਿਣਾ ਦੇਣਾ ਪ੍ਰਭ ਦੇ ਘਰੋਂ ਨਜ਼ਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖੋ ਗੁਰਸਿਖੋ ਸਾਚੇ ਸੰਤੋ ਸਾਚੇ ਭਗਤੋ ਪਿਆਰ ਨਾਲ ਤੁਹਾਡੇ ਅਗੇ ਜਾਵੇ ਝੁਕ, ਵਿਹਾਰ ਨਾਲ ਅਰਸ਼ਾਂ ਤੋਂ ਪਾਰ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਰ ਦੁਰਾਡਾ ਨੇੜੇ ਆਇਆ ਢੁਕ, ਪਾਂਧੀ ਬਣ ਕੇ ਆਪਣਾ ਪੰਧ ਮੁਕਾਈਆ।