Granth 04 Likhat 074: 11 Kattak 2011 Bikarmi Pind Jethuwal to Satgur Gurcharan Singh nu Tisri war Shabad Bhejia

੧੧ ਕੱਤਕ ੨੦੧੧ ਬਿਕ੍ਰਮੀ ਪਿੰਡ ਜੇਠੂਵਾਲ ਤੋਂ ਸਤਿਗੁਰ ਗੁਰਚਰਨ ਸਿੰਘ ਨੂੰ ਤੀਸਰੀ ਵਾਰ ਸ਼ਬਦ ਭੇਜਿਆ ਗਿਆ

ਤੀਜਾ ਲੇਖ ਹਰਿ ਲਿਖਾਇੰਦਾ, ਆਤਮ ਨੇਤਰ ਲੈਣਾ ਖੋਲ੍ਹ। ਦੂਈ ਦਵੈਤੀ ਪਰਦਾ ਲਾਹਿੰਦਾ, ਸਾਚਾ ਰੰਗ ਰੰਗੀਲਾ ਮਾਧਵ ਮਾਧ, ਕਾਲਾ ਚਿੱਟਾ ਸੂਹਾ ਨੀਲਾ, ਵੇਖ ਵਖਾਣੇ ਚਿੱਟਾ ਚੋਲ। ਅੰਤਮ ਕਲਜੁਗ ਕਰਨਾ ਹੀਲਾ, ਮਿਲਿਆ ਮਾਣ ਉਪਰ ਧੌਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਘਰ ਸਾਚੇ ਦਰ ਦਵਾਰ ਬੰਕ, ਆਪ ਸੁਹਾਏ ਸਾਚੇ ਤੇਰੇ ਸਾਵਣ। ਸਾਵਣ ਸਿੰਘ ਜੋਤ ਉਜਿਆਰੀ। ਆਸ ਪਾਸ ਬਿਆਸ ਧਾਮ ਨਿਆਰੀ। ਸਿੰਘ ਚਰਨ ਸਾਚੀ ਸਰਨ, ਗੁਰ ਨੇਤਰ ਦੀਆ ਹਰਨ ਫਰਨ, ਖੋਲ੍ਹੇ ਆਪ ਵਡ ਪ੍ਰਤਾਪ, ਜਪਿਆ ਜਾਪ ਹਰਿ ਬਨਵਾਰੀ। ਕਲਜੁਗ ਅੰਤਮ ਫਲਿਆ ਪਾਪ, ਹਰਿ ਭੁਲਾਇਆ ਆਪਾ ਆਪ, ਪ੍ਰਗਟੇ ਜੋਤ ਨਿਹਕਲੰਕ ਨਰ ਨਿਰੰਕਾਰੀ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਿੱਟੇ ਅਸਵ ਸ਼ਬਦ ਘੋੜ, ਪਵਣ ਜੋਤ ਸਚ ਅਸਵਾਰੀ। ਚਿੱਟੇ ਅਸਵ ਆਸਣ ਲਾਇੰਦਾ। ਮਾਤ ਪਤਾਲ ਅਕਾਸ ਅਕਾਸਣ, ਚਾਰੇ ਕੁੰਟਾਂ ਹਰਿ ਦੁੜਾਇੰਦਾ। ਲੱਖ ਚੁਰਾਸੀ ਬੈਠ ਆਤਮ ਆਸਣ, ਵੇਖ ਵਿਚਾਰੇ ਪਾਵੇ ਸਾਰ, ਲੇਖ ਲਿਖਾਇੰਦਾ। ਕਲਜੁਗ ਅੰਤਮ ਆਈ ਹਾਰ, ਪ੍ਰਭ ਅਬਿਨਾਸ਼ੀ ਕੀਆ ਜੋਤ ਅਕਾਰ, ਸਾਧਾਂ ਸੰਤਾਂ ਗੁਰੂਆਂ ਪੀਰਾਂ, ਅੰਮ੍ਰਿਤ ਸੀਰਾ ਠੰਡੀ ਧਾਰਾ ਵਿਚ ਸੰਸਾਰਾ, ਸਾਚਾ ਨਾਮ ਏਕਾ ਜਾਮ ਪਿਲਾਇੰਦਾ। ਲੱਖ ਚੁਰਾਸੀ ਪੈਣੀ ਮਾਰਾ, ਮਾਨਸ ਦੇਹੀ ਆਈ ਹਾਰਾ, ਮਾਇਆ ਰੁਲੇ ਜੀਵ ਗਵਾਰਾ, ਪ੍ਰਭ ਅਬਿਨਾਸ਼ੀ ਭੁੱਲੇ ਨਿਹਕਲੰਕ ਨਰਾਇਣ ਨਰ, ਕੋਈ ਨਾ ਪਾਵੇ ਸਾਰ। ਅੰਤਮ ਕਲ ਨਾ ਕੋਈ ਪਾਏ ਮੁੱਲੇ, ਪਾਣੀ ਪਿਆ ਕਾਇਆ ਚੁਲ੍ਹੇ, ਬੁਝੇ ਜੋਤੀ ਅੱਗ ਅੰਗਿਆਰ। ਸਚ ਦਵਾਰਾ ਏਕਾ ਖੁਲ੍ਹੇ, ਪੂਰਾ ਤੋਲ ਏਕਾ ਤੁਲੇ, ਸ਼ਬਦ ਨਿਸ਼ਾਨ ਏਕਾ ਝੁੱਲੇ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਚਰਨ ਸਿੰਘ ਸਰਨ ਇਕ ਰਖਾਇਆ। ਰਾਜ ਦਵਾਰ ਬੰਕ ਮਾੜੀ ਮੰਡਲ ਕੂੜ ਪਸਾਰ, ਵਿਚ ਸੰਸਾਰ ਅੰਤ ਰਹਿਣ ਨਾ ਪਾਇਆ। ਤਨ ਸ਼ਿੰਗਾਰ ਜਗਤ ਵਿਹਾਰ, ਮਾਇਆ ਧਾਰ ਸ਼ਬਦ ਕਟਾਰ ਸਾਚੀ ਤਨ ਰਖਾਇਆ। ਮਾਨਸ ਦੇਹੀ ਵੇਖ ਵਿਚਾਰ, ਆਤਮ ਜੋਤੀ ਕਰ ਉਜਿਆਰ, ਸ਼ਬਦ ਮਿਲੇ ਮਾਣਕ ਮੋਤੀ ਡੂੰਘੀ ਚੁੱਭੀ ਮਾਰ, ਡੂੰਘੀ ਭਵਰ ਹਰਿ ਰਖਾਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੁਰੀ ਘਨਕ ਅੰਤਮ ਕਲ ਜੋਤ ਜਗਾਇਆ। ਗੁਰਚਰਨ ਸਰਨ ਸਿੰਘ ਆਉਣਾ ਦੌੜ। ਕਲਜੁਗ ਅੰਤਮ ਵੇਲਾ ਪਾਪਾਂ ਰੀਠਾ ਹੋਇਆ ਕੌੜ। ਹਰਿ ਏਕਾ ਦਿਸੇ ਸਾਚਾ ਸੱਜਣ ਸੁਹੇਲਾ, ਘਰ ਸਾਚੇ ਲੱਗਾ ਸ਼ਬਦ ਪੌੜ। ਪੰਚਮ ਜੇਠੀ ਲੱਗੇ ਸਾਚਾ ਮੇਲਾ, ਪ੍ਰਗਟ ਹੋਏ ਬ੍ਰਹਿਮਣ ਗੌੜ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸਤਿਗੁਰ ਸਾਚਾ ਅੰਤਮ ਵੇਲੇ ਜਾਏ ਬਹੁੜ। ਕਲਜੁਗ ਅੰਤਮ ਧਾਰ ਸਿੰਧ ਸਾਗਰਾ। ਪ੍ਰਭ ਚਰਨ ਛੁਹਾਏ ਦਇਆ ਕਮਾਏ, ਅਸੂ ਸੱਤ ਦਿਆਲ ਬਾਗ਼ ਆਗਰਾ। ਸਤਿ ਸਵਾਮੀ ਹੁਕਮ ਸੁਣਾਏ, ਜੋਤ ਜਗਾਏ ਕਾਇਆ ਗਾਗਰਾ। ਸਾਚਾ ਸ਼ਬਦ ਮਰਦੰਗ ਵਜਾਏ, ਜਿਉਂ ਕ੍ਰਿਸ਼ਨਾ ਦਮਾਮਾ ਦਵਾਪਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੋਤੀ ਜੋਤ ਸਰੂਪ ਹਰਿ, ਮਾਤ ਪਿਤ ਪਿਤ ਮਾਤ ਬਾਪਰਾ। ਏਕਾ ਟੇਕ ਹਰਿ ਹਰਿ ਜਾਣ। ਚਰਨ ਕਵਲ ਕਰ ਸਾਚਾ ਹਿੱਤ, ਨੇਤਰ ਨੈਣ ਪੇਖ ਮੁੰਧਾਨ। ਅੰਮ੍ਰਿਤ ਕਾਇਆ ਆਪਣੀ ਸਿੰਚ, ਨਾ ਕੋਈ ਵੇਖੇ ਵਾਰ ਥਿਤ, ਲੱਖ ਚੁਰਾਸੀ ਗੋਰ ਮੜ੍ਹੀ ਮਸਾਣ। ਪੁਰਖ ਅਬਿਨਾਸ਼ੀ ਰਾਖੋ ਚਿਤ, ਜੋਤ ਪ੍ਰਗਟਾਏ ਨਿਤ ਨਵਿਤ, ਵਾਲੀ ਦੋ ਜਹਾਨ। ਕਲਜੁਗ ਅੰਤਮ ਗੁਰਮੁਖ ਸਾਚੇ ਗਏ ਜਿੱਤ, ਜਿਨ੍ਹ ਮਿਲਿਆ ਮੇਲ ਹਰਿ ਭਗਵਾਨ। ਜੋਤ ਜਗਾਈ ਹਰਿ ਭਗਵਾਨਾ। ਜੋਤ ਸਰੂਪੀ ਖੇਲ ਮਹਾਨਾ। ਕਾਇਆ ਮੰਦਰ ਇਕ ਸੁਹਾਨਾ। ਗੁਰਮੁਖਾਂ ਬੰਨ੍ਹੇ ਸ਼ਬਦ ਗਾਨਾ। ਆਤਮ ਜੋਤੀ ਨੂਰੋ ਨੂਰ ਤੇਜ ਕੋਟਨ ਭਾਨਾ। ਨਾਮ ਰਤਨ ਸ਼ਬਦ ਸਰੂਰ ਸਿੰਘ ਭਗਵਾਨ ਹਰਿ ਭਗਵਾਨ ਪਛਾਨਾ। ਸਰਬ ਕਲਾ ਆਪੇ ਭਰਪੂਰ ਦੇਵੇ ਦਾਨ ਗੁਣ ਨਿਧਾਨਾ। ਏਕਾ ਸਾਚੀ ਮਸਤਕ ਧੂੜ, ਜੋਤ ਸਰੂਪ ਹਰਿ ਅੰਤਮ ਜੋਤੀ ਮੇਲ ਮਿਲਾਨਾ। ਸਚ ਘਰ ਚਾਰ ਦਰਬਾਨ। ਪੰਚਮ ਪੁਰਖ ਅਬਿਨਾਸ਼ ਘਟ ਘਟ ਵਾਸ ਚਤੁਰ ਸੁਜਾਨ। ਹਰਿ ਨਰ ਸੱਚਾ ਸ਼ਾਹੋ ਸ਼ਾਬਾਸ਼, ਏਕਾ ਸ਼ਬਦ ਏਕਾ ਧੁਨੀ ਧੁਨਕਾਨ। ਨਿਜ ਘਰ ਆਤਮ ਰੱਖੇ ਵਾਸ, ਦੇਵੇ ਨਾਮ ਸੱਚਾ ਦਾਨ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਦੁਲਾਰ ਗੁਰਮੁਖ ਵਿਚਾਰ। ਉਤਰੇ ਭੁੱਖ ਦਰਸ ਅਪਾਰ। ਮਾਨਸ ਦੇਹੀ ਮਿਲਿਆ ਵਰ, ਦਰ ਦਵਾਰ ਰਵੀਦਾਸ ਚੁਮਾਰ। ਦੂਜਾ ਬਣਿਆ ਭਗਤ ਸਨੇਹੀ ਬਾਲਮੀਕ ਵਡ ਨੀਕਨ ਨੀਕਾ, ਮੰਗਿਆ ਵਰ ਦਰ ਭਿਖਾਰ। ਸਿੰਘ ਪ੍ਰੀਤਮ ਨਿਤ ਉਡੀਕਾਂ, ਖੜਾ ਰਹੇ ਸੱਚੇ ਸਚ ਦਰਬਾਰ। ਪ੍ਰਭ ਅਬਿਨਾਸ਼ੀ ਪਾਈ ਇਕ ਤਰੀਕਾ, ਭੁਖ ਨੰਗ ਕਰੇ ਦੂਰ ਅਪਰ ਅਪਾਰ। ਆਪੇ ਜਾਣੇ ਰਸ ਮੀਠਾ ਫੀਕਾ, ਭਗਤ ਸੁਦਾਮੇ ਦਿਤਾ ਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਧਾਰ। ਹਰਿ ਆਪੇ ਕ੍ਰਿਸ਼ਨ ਮੁਰਾਰ, ਜਗਤ ਬਨਵਾਰਿਆ। ਜਨ ਆਇਆ ਦਰ ਦਵਾਰ, ਗਰੀਬ ਨਿਮਾਣਾ ਬਣ ਭਿਖਾਰਿਆ। ਪ੍ਰਭ ਸਾਚਾ ਪਾਏ ਸਾਰ, ਵਿਚ ਸੰਸਾਰ ਬੰਨ੍ਹੇ ਧਾਰ ਨਾ ਆਏ ਹਾਰਿਆ। ਰੋਗ ਸੋਗ ਚਿੰਤ ਮਿਟਾਏ ਅੰਧ ਅੰਧਿਆਰ, ਨੇੜ ਨਾ ਆਏ ਘਨਕਪੁਰ ਵਾਸੀ ਸੱਚੀ ਸਰਕਾਰਿਆ। ਸ਼ਬਦ ਦੇਵੇ ਸਾਚੀ ਧਾਰ, ਪਵਣ ਘੋੜਾ ਦਰ ਦਵਾਰੇ ਆਏ ਬਹੁੜਾ, ਕਰੇ ਸ਼ਬਦ ਅਸਵਾਰਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰਾਮ ਸੁੱਕਾ ਕਰੇ ਹਰਿਆ ਕਾਇਆ ਚਾਮ, ਰੋਗ ਸੋਗ ਚਿੰਤ ਨਿਵਾਰਿਆ। ਆਤਮ ਸਹਿੰਸਾ ਦੁੱਖੜਾ ਦੂਰ। ਉਜਲ ਮੁਖੜਾ ਮਿਲੇ ਸਚ ਨੂਰੋ ਨੂਰ। ਸੁਫ਼ਲ ਕਰਾਏ ਮਾਤ ਕੁੱਖੜਾ, ਆਏ ਦਰ ਸੱਚੇ ਹਜ਼ੂਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਗਲ ਰੋਗ ਸੋਗ ਮਿਟਾਇਆ ਵਜਾਏ ਨਾਦ ਅਨਾਹਤ ਸਾਚੀ ਤੂਰ। ਵੱਜੇ ਨਾਦ ਨਾਮ ਨਿਰਾਲਾ। ਆਦਿ ਜੁਗਾਦਿ ਹੋਏ ਰਖਵਾਲਾ। ਆਤਮ ਸਾਧਨ ਰਿਹਾ ਸਾਧ, ਸ਼ਬਦ ਪਾਏ ਤਨ ਸਾਚੀ ਮਾਲਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨੀ ਅੰਸ ਬੰਸ ਹੋਏ ਰਖਵਾਲਾ। ਅੰਸਾ ਬੰਸਾ ਕਾਹਨਾ ਕੰਸਾ ਹਰਿ ਸਹੰਸਾ, ਦੇਵੇ ਮਾਣ ਜਗਤ ਵਡਿਆਈ। ਝੂਠੀ ਮਾਇਆ ਜੋ ਜਨ ਫੰਸਾ, ਦਰ ਆਏ ਦਇਆ ਕਮਾਏ ਦੇਵੇ ਫੰਦ ਕਟਾਈ। ਆਪ ਬਣਾਏ ਸਾਚੀ ਅੰਸਾ, ਡੋਰ ਗੁਰ ਸੰਗਤ ਹੱਥ ਰਖਾਈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਆਪਣੀ ਕਿਰਪਾ ਦੇਵੇ ਕਰ, ਸਚ ਦਵਾਰ ਆਏ ਸੱਚੀ ਸਰਨਾਈ। ਕਿਰਪਾ ਕਰ ਹਰਿ ਅਬਿਨਾਸ਼। ਹਰਿਜਨ ਹੋਏ ਦਾਸਨ ਦਾਸ। ਜੀਵ ਜੰਤ ਸਰਬ ਕਰ ਆਤਮ ਵਾਸ। ਮਾਇਆ ਪਾਈ, ਕਲ ਬੇਅੰਤ, ਸਚ ਸੁਚ ਗਈ ਵਿਨਾਸ। ਜੋਤੀ ਜੋਤ ਸਰੂਪ ਹਰਿ, ਕਲ ਕਲੇਸ਼ਾ ਦੂਰ ਕਰ, ਰੋਗ ਸੋਗ ਚਿੰਤ ਜਾਏ ਵਿਨਾਸ। ਘਰ ਘਰ ਮਾਰੇ ਅੱਠੇ ਪਹਿਰ ਖੁਆਰੇ। ਭੈਣਾਂ ਭਈਆ ਆਤਮ ਸਰਬ ਹੰਕਾਰੇ। ਝੂਠੀ ਚੜ੍ਹੇ ਮਾਤ ਨਈਆ, ਦੇਵੇ ਕਵਣ ਸਹਾਰੇ। ਏਕਾ ਬਣੇ ਹਰਿ ਸਾਚਾ ਸੱਜਣ ਸੈਣ ਸਈਆ, ਬੇੜਾ ਲਾਏ ਪਾਰ ਕਿਨਾਰੇ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਕਲੇਸ਼ ਮਾਇਆ ਰਾਣੀ ਝੂਠਾ ਵੇਸ ਕਰੇ ਦੂਰ ਦਵਾਰੇ।