Granth 05 Likhat 071: Pahili Faggan 2012 Bikarmi Har Bhagat Dwar Jethuwal Jila Amritsar

ਪਹਿਲੀ ਫੱਗਣ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਜੋਤੀ ਜੋਤ ਅਕਾਲਾ, ਹਰਿ ਜਗਾਈਆ। ਜੋਤੀ ਜੋਤ ਜਵਾਲਾ, ਹਰਿ ਰਖਾਈਆ। ਜੋਤੀ ਜੋਤ ਦੀਨ ਦਿਆਲਾ, ਕਰੇ ਰੁਸ਼ਨਾਈਆ। ਜੋਤੀ ਜੋਤ ਭਗਤ ਰਖਵਾਲਾ, ਕਰੇ ਖੇਲ ਰਘੁਰਾਈਆ। ਜੋਤੀ ਜੋਤ ਗੁਰ ਗੁਰ ਗੋਬਿੰਦ ਧਾਰਾ ਰਿਹਾ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਮਾਤ ਨਿਰਾਲਾ ਜਾਣੇ ਭੇਵ ਨਾ ਰਾਈਆ। ਜੋਤੀ ਜੋਤ ਦਿਵਸ ਰਾਤ, ਸੂਰਜ ਚੰਦ ਰਖਾਏ ਭਾਨਿਆ। ਜੋਤੀ ਜੋਤ ਅਜ਼ਾਤ, ਕਿਸੇ ਨਾ ਜਾਣਿਆ। ਜੋਤੀ ਜੋਤ ਬਹੁ ਭਾਂਤ, ਨਾ ਕਰੇ ਕੋਈ ਪਛਾਨਿਆ। ਜੋਤੀ ਜੋਤ ਭਗਤ ਪਰਭਾਤ, ਏਕਾ ਏਕ ਹਰਿ ਜਾਣਿਆ। ਜੋਤੀ ਜੋਤ ਜਗਤ ਪਿਤ ਮਾਤ, ਉਪਜਾਏ ਬਾਲ ਸਦ ਅੰਞਾਣਿਆ। ਜੋਤੀ ਜੋਤ ਆਤਮ ਦਾਤ, ਦੇਵਣਹਾਰ ਹਰਿ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦੋ ਜਹਾਨਿਆ। ਜੋਤੀ ਜੋਤ ਅਗੰਮ, ਭੇਵ ਨਾ ਰਾਇਆ। ਜੋਤੀ ਜੋਤ ਗਈ ਜੰਮ, ਮਾਤ ਪਿਤ ਨਾ ਸਕੇ ਜਣਾਇਆ। ਜੋਤੀ ਜੋਤ ਨਾ ਦਿਸੇ ਕੋਈ ਚੰਮ, ਤਨ ਮੰਦਰ ਦਿਸ ਨਾ ਆਇਆ। ਜੋਤੀ ਜੋਤ ਨਾ ਰੋਏ ਛੰਮ ਛੰਮ, ਪਵਣ ਸਵਾਸਾ ਦਮ ਨਾ ਕੋਈ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਕੰਮ, ਆਪ ਆਪਣੇ ਵਿਚ ਸਮਾਇਆ। ਜੋਤੀ ਜੋਤ ਅਡੋਲ, ਆਪ ਰਖਾਈਆ। ਜੋਤੀ ਜੋਤ ਅਮੋਲ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਅਤੋਲ, ਨਾ ਸਕੇ ਕੋਈ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਇਕ ਨਿਭਾਈਆ। ਜੋਤੀ ਖੇਲ ਅਪਾਰ, ਸੰਗ ਨਿਭਾਇਆ। ਸ਼ਬਦ ਉਪਾਇਆ ਸਾਚੀ ਧਾਰ, ਸੁਨ ਅਗੰਮੀ ਪਾਰ ਕਰਾਇਆ। ਪਰਗਟ ਹੋ ਆਪ ਦਾਤਾਰ, ਆਪ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮੀਤੜਾ ਨਾ ਕੋਈ ਜਾਣੇ ਰੰਗ ਮਜੀਠੜਾ, ਆਪ ਆਪਣੇ ਅੰਕ ਲਗਾਇਆ। ਹਰਿ ਜੋਤੀ ਸ਼ਬਦ ਸਪੂਤ ਇਕ ਉਪਨਿਆ। ਵੇਖ ਵਖਾਣੇ ਦਹਿ ਦਿਸ਼ਾ ਕੂਟੋ ਕੂਟ, ਨਾ ਕੋਈ ਸੂਰਜ ਨਾ ਕੋਈ ਚੰਨਿਆ। ਆਪ ਆਪਣਾ ਝੂਟਾ ਰਿਹਾ ਝੂਟ, ਨਾ ਕੋਈ ਦੀਸੇ ਛੱਪਰ ਛੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਗੁਣੀ ਸਾਚਾ ਮੁਨੀ ਸ਼ਬਦ ਸਾਚਾ ਜੰਮਿਆ। ਸ਼ਬਦ ਜਣੇਪਾ ਆਪ ਕਰ, ਜੋਤੀ ਖ਼ੁਸ਼ੀ ਮਨਾਈਆ। ਸੱਚਖੰਡ ਖੰਡ ਸਚ ਰੰਡੇਪਾ ਇਕ ਘਰ, ਨਾਰ ਸੁਹਾਗਣ ਸਰਬ ਸੁਖਦਾਈਆ। ਆਪਣਾ ਆਪ ਆਪੇ ਵਰ, ਆਪ ਆਪਣੀ ਸੇਜ ਹੰਢਾਈਆ। ਸ਼ਬਦ ਸਪੂਤਾ ਗੋਦ ਧਰ, ਸਾਚੀ ਧਾਰਾ ਮੁਖ ਚੁਆਈਆ। ਨਾ ਜਨਮੇ ਨਾ ਜਾਏ ਮਰ, ਆਦਿ ਅੰਤ ਰਹੇ ਸਭਨੀਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਵੱਜੀ ਇਕ ਵਧਾਈਆ। ਘਰ ਜੰਮਿਆ ਸੁਤ ਦੁਲਾਰ, ਹੋਏ ਖੇਲ ਨਵ ਰੰਗਿਆ। ਜੋਤੀ ਕਰੇ ਸ਼ਬਦ ਪਿਆਰ, ਆਪ ਉਠਾਏ ਆਪਣੇ ਅੰਗਿਆ। ਸਾਚਾ ਸ਼ਬਦ ਕਰੇ ਪਿਆਰ, ਅੰਮ੍ਰਿਤ ਸੀਰ ਏਕ ਮੰਗਿਆ। ਜੋਤ ਸਰੂਪੀ ਕਰ ਅਕਾਰ, ਦੇਵੇ ਧਾਰ ਸੂਰਾ ਸਰਬੰਗਿਆ। ਆਤਮ ਤ੍ਰਿਸ਼ਨਾ ਸ਼ਬਦ ਨਿਵਾਰ, ਰੰਗ ਆਪਣੇ ਆਪੇ ਰੰਗਿਆ। ਇਕ ਕਰਾਇਆ ਵਣਜ ਵਾਪਾਰ, ਬਾਲ ਅੰਞਾਣੇ ਇਹ ਵਰ ਮੰਗਿਆ। ਕਵਣ ਭੂਮਿਕਾ ਹੋਏ ਉਧਾਰ। ਕਵਣ ਸੁ ਧਾਮਾ ਲੱਗੇ ਚੰਗਿਆ। ਜੋਤ ਸਰੂਪੀ ਕਰ ਵਿਚਾਰ, ਇਕ ਫੜਾਇਆ ਸਚ ਮਰਦੰਗਿਆ। ਆਪੇ ਵੇਖਾਂ ਤੇਰੀ ਧਾਰ, ਆਦਿ ਅੰਤ ਨਾ ਹੋਏ ਨੰਗਿਆ। ਸ੍ਰਿਸ਼ਟ ਸਬਾਈ ਮਹੱਲ ਉਸਾਰ, ਤ੍ਰੈਗੁਣ ਮਾਇਆ ਨਾਲ ਰਲਿਆ। ਏਕਾ ਕੀਆ ਧਰਮ ਪਿਆਰ, ਨਾਭੀ ਕਵਲੀ ਡੇਰਾ ਮੱਲਿਆ। ਜੁਗ ਸਤਾਈ ਇਹ ਧਾਰ, ਕਵਲ ਫੁਲਿਆ ਅਤੇ ਫਲਿਆ। ਪਾਰਬ੍ਰਹਮ ਸ਼ਬਦੀ ਧਾਰ, ਸ਼ਬਦ ਅਧਾਰਾ ਬ੍ਰਹਮ ਰੱਖਨਿਆ। ਬ੍ਰਹਮਾ ਉਤਪਤ ਕਰ ਆਕਾਰ, ਆਪ ਆਪਣਾ ਬੇੜਾ ਬੰਨ੍ਹਿਆ। ਸ਼ਬਦ ਦਿਤਾ ਕਰ ਪਿਆਰ, ਵਡ ਧਨ ਧਨ ਧੰਨਿਆ। ਸ੍ਰਿਸ਼ਟ ਸਬਾਈ ਕਰ ਤਿਆਰ, ਪੁਰਖ ਅਬਿਨਾਸ਼ੀ ਬੇੜਾ ਬੰਨ੍ਹਿਆ। ਲੱਖ ਚੁਰਾਸੀ ਬ੍ਰਹਮ ਅਪਾਰ, ਆਪੇ ਢਾਹੇ ਆਪੇ ਭੰਨਿਆ। ਧਾਮ ਵਖਾਏ ਇਕ ਦਰਬਾਰ, ਨੌਂ ਦਵਾਰੇ ਆਂਧਨ ਅੰਨ੍ਹਿਆ। ਦਸਵੇਂ ਖੋਲ੍ਹ ਇਕ ਕਿਵਾੜ, ਵਿਕਾਰੀ ਹੰਕਾਰੀ ਜਿੰਦਾ ਭੰਨਿਆ। ਵਖਾਏ ਮਹੱਲ ਅਪਰ ਅਪਾਰ, ਸ਼ਬਦ ਸਾਚੇ ਇਹ ਮਨ ਮੰਨਿਆ। ਆਪ ਬਿਠਾਏ ਕਰ ਪਿਆਰ, ਨਾ ਕੋਈ ਲਾਏ ਮਾਤ ਸੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਚੇ ਦੇਵੇ ਵਰ, ਸਾਚਾ ਰਾਗ ਗੁਰਮੁਖ ਵਿਰਲਾ ਜਾਏ ਜਾਗ, ਸੁਣੇ ਸੁਣਾਏ ਏਕਾ ਕੰਨਿਆ। ਸ਼ਬਦ ਸਪੂਤਾ ਏਕ, ਸਦਾ ਪਰਕਾਸ਼ਿਆ। ਜੋਤੀ ਜੋਤ ਰਖਾਏ ਟੇਕ, ਏਕਾ ਏਕ ਏਕ ਅਬਿਨਾਸਿਆ। ਆਪਣਾ ਆਪ ਕੀਆ ਬਿਬੇਕ, ਘਟ ਘਟ ਸਦ ਰੱਖੇ ਵਾਸਿਆ। ਨਾ ਠੰਢਾ ਨਾ ਲਾਏ ਸੇਕ, ਏਕਾ ਮੰਡਲ ਏਕਾ ਰਾਸਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਦਿਵਸ ਰੈਣ ਕਰੇ ਹਾਸਿਆ। ਬ੍ਰਹਮੇ ਬ੍ਰਹਮ ਕਰੇ ਪਰਵੇਸ਼, ਕੀਆ ਦਾਸਨ ਦਾਸਿਆ। ਜੋਤੀ ਸ਼ਬਦ ਸੁਤ ਆਦੇਸ, ਨਾ ਆਏ ਗਰਭ ਵਾਸਿਆ। ਲੱਖ ਚੁਰਾਸੀ ਰਹੇ ਪਰਵੇਸ, ਕੀਆ ਦਾਸਨ ਦਾਸਿਆ। ਸ਼ਬਦ ਜਣਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਆਪੇ ਜਾਣੇ ਆਪਣੀ ਰਾਸਿਆ। ਜੋਤੀ ਸੁਤ ਸ਼ਬਦ ਵਰ ਦਰ ਦਰਵੇਸ਼, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਚਰਨ ਭਰਵਾਸਿਆ। ਜੋਤੀ ਸੁਤ ਸ਼ਬਦ ਬਲਵਾਨ, ਜਗਤ ਜੈਕਾਰਿਆ। ਆਪਣਾ ਫੜਿਆ ਤੀਰ ਕਮਾਨ, ਵੇਖ ਵਖਾਣੇ ਚਾਰੋਂ ਕੁੰਟ ਸਰਬ ਹੰਕਾਰਿਆ। ਮਾਰੇ ਮਾਰ ਪੰਜ ਸ਼ੈਤਾਨ, ਨੌਂ ਦਵਾਰੇ ਪਾਵੇ ਸਾਰਿਆ। ਚੜ੍ਹਾ ਚਿਲ੍ਹਾ ਇਕ ਜਹਾਨ, ਢਾਹਵੇ ਝੂਠਾ ਕਿਲ੍ਹਾ ਜੋ ਉਸਾਰਿਆ। ਖੋਲ੍ਹੇ ਨਾਮ ਬੰਦ ਦੁਕਾਨ, ਬਜਰ ਕਪਾਟੀ ਲਾਵੇ ਪਾੜਿਆ। ਇਕ ਝੁਲਾਏ ਸਚ ਨਿਸ਼ਾਨ, ਆਪੇ ਵੇਖੇ ਧਰਮ ਅਖਾੜਿਆ। ਜੋਤੀ ਵੇਖੇ ਮਾਰ ਧਿਆਨ, ਸਾਚਾ ਸੁਤ ਚੜ੍ਹਿਆ ਘੋੜੇ ਸਾਚਾ ਲਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸੁਤ ਸੁਹਾਏ ਰੁੱਤ ਦਰ ਘਰ ਸਾਚੇ ਆਪੇ ਵਾੜਿਆ। ਸਾਚਾ ਲਾੜਾ ਆਇਆ ਘਰ, ਜੋਤ ਮਾਤ ਖ਼ੁਸ਼ੀ ਮਨਾਈਆ। ਬਜਰ ਕਪਾਟੀ ਲਾਏ ਪਾੜ ਟੁੱਟਾ ਗੜ੍ਹ, ਅੰਧੇਰੀ ਰਾਤ ਰਹਿਣ ਨਾ ਪਾਈਆ। ਸਾਚੇ ਅੰਦਰ ਜਾਣਾ ਵੜ, ਅੰਮ੍ਰਿਤ ਧਾਰੇ ਸਾਚਾ ਪਾਣੀ ਨਿਝਰ ਧਾਰਾ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੁਲਾਰੇ ਕਰ ਪਿਆਰੇ, ਆਪ ਆਪਣਾ ਧਾਮ ਵਖਾਈਆ। ਸ਼ਬਦ ਦੁਲਾਰਾ ਵੇਖ ਘਰ, ਚਰਨੀ ਸੀਸ ਨਿਵਾਉਂਦਾ ਏ। ਮਾਤ ਸੁਲਖਣੀ ਕਿਰਪਾ ਕਰ, ਏਕਾ ਮੰਗ ਮੰਗਾਉਂਦਾ ਏ। ਨੌਂ ਦਵਾਰੇ ਆਵੇ ਡਰ, ਦਸਵਾਂ ਰੰਗ ਰੰਗਾਉਂਦਾ ਏ। ਛਾਤੀ ਤੇਰੀ ਲਵਾਂ ਚੜ, ਅੰਮ੍ਰਿਤ ਸੀਰ ਸਾਚਾ ਪਾਉਂਦਾ ਏ। ਕਰਾਂ ਦਰਸ ਨਿੱਤ ਅੱਗੇ ਖੜ੍ਹ, ਇਹ ਮੇਰੇ ਮਨ ਭਾਉਂਦਾ ਏ। ਏਕਾ ਅੱਖਰ ਤੇਰੀ ਸਾਚੀ ਸਿਖਿਆ ਲਈ ਪੜ੍ਹ, ਜੁਗਾ ਜੁਗ ਲੰਘਾਉਂਦਾ ਏ। ਨਾ ਕੋਈ ਸੀਸ ਨਾ ਕੋਈ ਧੜ, ਸਭ ਦੇ ਅੰਦਰ ਡੇਰਾ ਲਾਉਂਦਾ ਏ। ਰਾਜ ਰਾਜਾਨਾ ਸ਼ਾਹ ਸੁਲਤਾਨਾ ਨਾ ਕੋਈ ਸਕੇ ਫੜ, ਤੀਰ ਕਟਾਰ ਨਾ ਕੋਈ ਚਲਾਉਂਦਾ ਏ। ਲੋਆਂ ਪੁਰੀਆਂ ਰਿਹਾ ਲੜ, ਆਪ ਆਪਣਾ ਹੱਥ ਵਖਾਉਂਦਾ ਏ। ਜਨ ਭਗਤਾਂ ਤੋੜੇ ਕਿਲ੍ਹਾ ਹੰਕਾਰੀ ਗੜ੍ਹ, ਏਕਾ ਏਕ ਹਥੌੜਾ ਲਾਉਂਦਾ ਏ। ਸਚ ਮਹੱਲੇ ਉਤੇ ਚੜ੍ਹ, ਆਪਣਾ ਰਾਗ ਸੁਣਾਉਂਦਾ ਏ। ਜੋਤੀ ਮਾਤਾ ਲਏ ਬਾਹੋਂ ਫੜ, ਜਗਤ ਸੁਤੀਲਾ ਨਾਤਾ ਤੋੜ ਵਖਾਉਂਦਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਸ਼ਬਦੀ ਮੇਲ ਕਰ, ਏਕਾ ਘਰ ਵਸਾਉਂਦਾ ਏ। ਏਕਾ ਘਰ ਵਸੰਦੜਾ, ਪ੍ਰਭ ਸਾਚੇ ਬਣਤ ਬਣਾਈਆ। ਜੋਤੀ ਮੇਲ ਮਿਲੰਦੜਾ, ਸ਼ਬਦ ਘੋਰੀ ਰਿਹਾ ਉਠਾਈਆ। ਨਾ ਕੋਈ ਵੇਖ ਵਖੰਦੜਾ, ਦਿਸ ਕਿਸੇ ਨਾ ਆਈਆ। ਸਰਬ ਜੀਆਂ ਬਖ਼ਸ਼ੰਦੜਾ, ਹਰ ਘਟ ਮੇਂ ਰਿਹਾ ਸਮਾਈਆ। ਲੱਖ ਚੁਰਾਸੀ ਘਰ ਘਰ ਕਰਦੀ ਨਿੰਦੜਾ, ਗੁਰਮੁਖ ਸੋਏ ਰਿਹਾ ਜਗਾਈਆ। ਨਾ ਜਾਣੇ ਜੀਵ ਪਿੰਡ ਪਿੰਡੜਾ, ਬ੍ਰਹਿਮੰਡ ਖੋਜ ਨਾ ਰਾਈਆ। ਧਰਿਆ ਭੇਖ ਹਰਿ ਘਵਿੰਡੜਾ, ਨਾ ਜਾਣੇ ਜੀਵ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਰਚਨਾ ਆਪ ਰਚਾਈਆ। ਰਚਨ ਰਚਾਈ ਆਪਣੀ, ਕਰਿਆ ਖੇਲ ਅਗੰਮਾ। ਨਾ ਕੋਈ ਜਪਾਏ ਜਾਪ ਜਾਪਨੀ, ਆਪੇ ਵੇਖ ਵਖਾਣੇ ਕਾਇਆ ਚੰਮ ਚੰਮਾ। ਮੇਟ ਮਿਟਾਏ ਤੀਨੋ ਤਾਪਨੀ, ਦੋ ਜਹਾਨੀ ਬਣੇ ਸਾਚਾ ਥੰਮ੍ਹਾ। ਨੇੜ ਨਾ ਆਇਣ ਪਾਪਨ ਪਾਪਨੀ, ਆਪ ਕਰਾਏ ਆਪਣਾ ਕੰਮਾ। ਜੋਤ ਸਰੂਪੀ ਵਡ ਪਰਤਾਪਨੀ, ਸ਼ਬਦ ਪੂਤ ਸਪੂਤਾ ਸੱਚਾ ਜੰਮਾ। ਸ੍ਰਿਸ਼ਟ ਸਬਾਈ ਅੰਤਮ ਕਾਪਨੀ, ਲੱਖ ਚੁਰਾਸੀ ਰੋਵੇ ਛੰਮ ਛੰਮਾ। ਸਾਢੇ ਤਿੰਨ ਤਿੰਨ ਹੱਥ ਸੀਆਂ ਸਭ ਨੇ ਨਾਪਨੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖੇ ਲਾਏ ਨਾ ਕਿਸੇ ਚੰਮਾ। ਹਰਿ ਜੋਤੀ ਆਪ ਜਗਾਈ, ਸ਼ਬਦ ਚਲਾਈ ਧਾਰਾ ਏ। ਲੱਖ ਚੁਰਾਸੀ ਭੇਵ ਨਾ ਰਾਈ, ਪਰਗਟ ਹੋਇਆ ਨਰ ਨਿਰੰਕਾਰਾ ਏ। ਕਲ ਭੁੱਲੀ ਮਾਤ ਲੋਕਾਈ, ਘਟ ਵੇਖੇ ਵੇਖਣਹਾਰਾ ਏ। ਅੰਤਮ ਹੋਈ ਸਰਬ ਜੁਦਾਈ, ਨਾ ਕੋਈ ਦੀਸੇ ਮੀਤ ਮੁਰਾਰ ਏ। ਗੁਰਮੁਖਾਂ ਕਰੇ ਸਚ ਕੁੜਮਾਈ, ਗਲ ਪਾਏ ਫੂਲਨਹਾਰਾ ਏ। ਦੇਵੇ ਨਾਮ ਜਗਤ ਵਡਿਆਈ, ਸੋਹੰ ਸੋ ਅਪਰ ਅਪਾਰਾ ਏ। ਆਪੇ ਧੋਵੇ ਪਿਛਲੀ ਛਾਹੀ, ਅੰਮ੍ਰਿਤ ਦੇਵੇ ਸਾਚੀ ਧਾਰਾ ਏ। ਸ਼ਬਦ ਬਣਾਏ ਨੈਣ ਨਾਈ, ਗੁਰਮੁਖ ਸਾਚਾ ਬਣਿਆ ਲਾੜਾ ਏ। ਆਪੇ ਧੀ ਆਪੇ ਜਵਾਈ, ਆਪੇ ਘਰ ਕਰੇ ਕੁੜਮਾਈ, ਪਲੰਘ ਰੰਗੀਲਾ ਇਕ ਵਿਛਾਈ, ਕਰੇ ਖੇਲ ਅਪਰ ਅਪਾਰਾ ਏ। ਛੱਬੀ ਪੋਹ ਵੱਜੇ ਵਧਾਈ, ਪੰਚਮ ਮੀਤਾ ਰਿਹਾ ਜਗਾਈ, ਮੇਟ ਮਿਟਾਏ ਧੁੰਦੂਕਾਰਾ ਏ। ਰਾਜ ਰਾਜਾਨਾਂ ਰਿਹਾ ਜਗਾਈ, ਸਾਧਾਂ ਸੰਤਾਂ ਰਿਹਾ ਸੁਣਾਈ, ਪਹਿਲੀ ਚੇਤਰ ਕਰੇ ਵਿਹਾਰਾ ਏ। ਸ਼ਾਹ ਸੰਗਰੂਰ ਹਿਲਾਏ ਫੜ ਫੜ ਬਾਂਹੀ, ਲੇਖਾ ਮੰਗੇ ਥਾਉਂ ਥਾਈ, ਨਾ ਕਰੇ ਕੋਈ ਉਧਾਰਾ ਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਿਆ ਸ਼ਬਦ ਇਕ ਪਿਆਰਾ ਏ। ਇਕ ਸ਼ਬਦ ਉਜਾਗਰ ਹਰਿ ਕਰਾਇੰਦਾ। ਆਪੇ ਬਣੇ ਭਗਤ ਸੁਦਾਗਰ, ਸਾਚਾ ਵਣਜ ਇਕ ਰਖਾਇੰਦਾ। ਆਪ ਟਿਕਾਏ ਕਾਇਆ ਗਾਗਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਸਮਾਇੰਦਾ। ਜੀਓ ਪਿੰਡ ਮਰਯਾਦ ਹੈ, ਸੁਣੇ ਵਿਚ ਬ੍ਰਹਿਮਾਦ। ਨੌਂ ਦਵਾਰੇ ਜਿਸ ਜਨ ਯਾਦ ਹੈ, ਪ੍ਰਭ ਦੇਵੇ ਸਾਚੀ ਦਾਦ। ਕਾਇਆ ਨਗਰ ਕਰੇ ਆਬਾਦ ਹੈ, ਹਰਿਜਨ ਸਾਚੇ ਲਏ ਲਾਧ। ਮੇਲ ਮਿਲਾਵਾ ਮਾਧਵ ਮਾਧ ਹੈ, ਸ਼ਬਦ ਵਜਾਏ ਸਾਚਾ ਨਾਦ। ਹੋਏ ਜਣਾਈ ਬੋਧ ਅਗਾਧ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚੀ ਦਾਦ। ਮੰਗੀ ਮੰਗ ਅਮੋਲ, ਦਰ ਦਰ ਰੁਨਿਆ। ਪ੍ਰਭ ਸਾਚਾ ਸ਼ਬਦ ਵਿਰੋਲ, ਦੇਵੇ ਦਾਨ ਵਡ ਗੁਣ ਗੁਣੀਆ। ਬਜਰ ਕਪਾਟੀ ਪੜਦਾ ਖੋਲ੍ਹ, ਮੇਲ ਮਿਲਾਵੇ ਚਿਰੀ ਵਿਛੁੰਨਿਆ। ਵੱਜੇ ਨਾਦ ਅਨਾਦਾ ਸੱਚਾ ਢੋਲ, ਸੰਤ ਸੁਹੇਲਾ ਸਾਚਾ ਚੁਨਿਆ। ਨਰ ਨਿਰੰਕਾਰਾ ਦਿਸੇ ਕੋਲ, ਰਾਗ ਅਪਾਰਾ ਏਕਾ ਸੁਣਿਆ। ਦਸਮ ਦਵਾਰੀ ਕਰੇ ਚੋਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਸੁਹੇਲੇ ਲੋਕਮਾਤ ਚਾੜ੍ਹੇ ਚੰਨਿਆ। ਸੁਰਤ ਜਗਾਏ ਸ਼ਬਦ ਚੋਟ ਹਰਿ ਸਾਚਾ ਆਪ ਲਗਾਇੰਦਾ। ਹਰਿਜਨ ਵਰੋਲੇ ਕੋਟੀ ਕੋਟ, ਮਾਨਸ ਦੇਹੀ ਵੇਖ ਵਖਾਇੰਦਾ। ਸ਼ਬਦ ਭੰਡਾਰਾ ਭਰੇ ਅਤੋਟ, ਬੇਪਰਵਾਹੀ ਦਇਆ ਕਮਾਇੰਦਾ। ਜਗਤ ਤ੍ਰਿਸ਼ਨਾ ਭਰੇ ਪੋਟ, ਸਾਵਲ ਸੁੰਦਰ ਰੂਪ ਵਖਾਇੰਦਾ। ਨੌਂ ਦਵਾਰੇ ਕੱਢੇ ਖੋਟ, ਨਾਮ ਮੁੰਦਰ ਏਕਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਦੇਵੇ ਸਾਚਾ ਵਰ, ਤਨ ਮੰਦਰ ਇਕ ਸੁਹਾਇੰਦਾ। ਤਨ ਮੰਦਰ ਆਪ ਸੁਹਾਏ, ਦੀਪਕ ਜੋਤ ਜਗਾਈਆ। ਅੰਦਰੇ ਅੰਦਰ ਦਇਆ ਕਮਾਏ, ਵਰਨ ਗੋਤ ਭੇਵ ਮਿਟਾਈਆ। ਦੂਈ ਦਵੈਤੀ ਜੰਦਰ ਤੋੜ ਵਖਾਏ, ਦੁਰਮਤ ਮੈਲ ਰਹੇ ਨਾ ਰਾਈਆ। ਸਾਢੇ ਤਿੰਨ ਕਰੋੜ ਸੋਤ ਖੁਲ੍ਹਾਏ, ਰਾਗਣ ਰਾਗ ਰਿਹਾ ਉਪਜਾਈਆ। ਜੋਤੀ ਸ਼ਬਦੀ ਮੇਲ ਮਿਲਾਏ, ਜਗਤ ਵਿਛੋੜਾ ਰਿਹਾ ਮਿਟਾਈਆ। ਸ਼ਬਦੀ ਜੋਤੀ ਖੇਲ ਖਿਲਾਏ, ਨਾਮ ਘੋੜਾ ਰਿਹਾ ਦੁੜਾਈਆ। ਸਾਚੇ ਘੋੜੇ ਆਪ ਚੜ੍ਹਾਏ, ਪ੍ਰੇਮ ਵਾਗਾਂ ਹੱਥ ਫੜਾਈਆ। ਸਾਚਾ ਰਾਹ ਇਕ ਵਖਾਏ, ਧੁਰ ਦਰਗਾਹੀ ਸਾਚਾ ਮਾਹੀਆ। ਦਸਮ ਦਵਾਰੀ ਕੁੰਡਾ ਲਾਹੇ, ਸ਼ਬਦ ਸਿੰਘਾਸਣ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਸੰਤ ਸੁਹੇਲੇ ਸਾਚੇ ਧਾਮ ਆਪ ਬਹਾਈਆ। ਗੁਰਮੁਖ ਵਸਣਾ ਸਚ ਘਰ, ਨਿਜ ਘਰ ਹੋਏ ਵਸੇਰਾ। ਨੌਂ ਦਵਾਰੇ ਬੰਦ ਦਰ, ਮਿਟੇ ਅੰਧ ਅੰਧੇਰਾ। ਆਪ ਨੁਹਾਏ ਸਾਚੇ ਸਰ, ਲੱਖ ਚੁਰਾਸੀ ਕਟਾਏ ਗੇੜਾ। ਆਪ ਆਪਣੇ ਜਿਹਾ ਕਰ, ਇਕ ਵਖਾਏ ਖੁਲ੍ਹਾ ਵਿਹੜਾ। ਨਾ ਜਨਮੇ ਨਾ ਜਾਏ ਮਰ, ਪੰਚਾਂ ਨਾਤਾ ਤੁੱਟੇ ਝੇੜਾ। ਸ਼ਬਦ ਭੰਡਾਰਾ ਮਿਲੇ ਵਰ, ਕਾਇਆ ਵਸਦਾ ਰਹੇ ਖੇੜਾ। ਸਾਚੀ ਤਰਨੀ ਜਾਣਾ ਤਰ, ਪ੍ਰਭ ਬੰਨ੍ਹਣ ਵਾਲਾ ਬੇੜਾ। ਹਰਨੀ ਫਰਨੀ ਖੁਲ੍ਹੇ ਦਰ, ਘਰ ਸਾਚੇ ਹੱਕ ਨਿਬੇੜਾ। ਧਰਮ ਰਾਏ ਦਰ ਚੁੱਕੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਸੰਤ ਸੁਹੇਲੇ ਇਕ ਇਕੇਲੇ, ਦਰ ਘਰ ਸਾਚੇ ਸਾਚੇ ਮੇਲੇ, ਜਗੇ ਜੋਤ ਬਹੱਤਰ ਨਾੜਾ। ਨਾੜ ਬਹੱਤਰ ਨਾਤਾ ਜੋੜਾ, ਪ੍ਰਭ ਜੋੜੀ ਜੋੜ ਜੁੜਾਈਆ। ਸ਼ਬਦ ਚੜ੍ਹਾਏ ਸਾਚੇ ਘੋੜਾ, ਵਾਗ ਆਪਣੇ ਹੱਥ ਰਖਾਈਆ। ਧੁਰ ਦਰਗਾਹੀ ਆਏ ਦੌੜਾ, ਦਿਸ ਕਿਸੇ ਨਾ ਆਈਆ। ਲੋਆਂ ਪੁਰੀਆਂ ਪੁਰੀਆਂ ਲੋਆਂ ਨਾ ਕੋਈ ਪੈਂਡਾ ਜਾਣੇ ਲੰਮਾ ਚੌੜਾ, ਫਿਰ ਫਿਰ ਥੱਕੀ ਜਗਤ ਲੋਕਾਈਆ। ਸ਼ਬਦ ਘੋੜਾ ਚੁੱਕੇ ਪੌੜਾ, ਜੀਓ ਪਿੰਡ ਬਾਹਰ ਕਰਾਈਆ। ਨੀਕਨ ਨੀਕਾ ਰਾਹ ਦਿਸੇ ਸੌੜਾ, ਗੁਰ ਪੂਰਾ ਵੇਖ ਵਖਾਈਆ। ਕਿਲ੍ਹੇ ਕੋਟ ਤਨ ਮੰਦਰ ਅੰਦਰ ਹਰਿ ਹਰਿ ਸਾਚਾ ਬਹੁੜਾ, ਆਪ ਆਪਣਾ ਦਰਸ ਦਿਖਾਈਆ। ਦਸਮ ਦਵਾਰੀ ਲਾਏ ਏਕਾ ਪੌੜਾ, ਸਾਚਾ ਡੰਡਾ ਇਕ ਵਖਾਈਆ। ਆਪੇ ਜਾਣੇ ਰਸ ਮਿੱਠਾ ਕੌੜਾ, ਨੌਂ ਦਸ ਭੇਵ ਮਿਟਾਈਆ। ਭਗਤ ਸੁਹੇਲਾ ਜਾਏ ਬਹੁੜ, ਨੱਸ ਨੱਸ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਰਾਹ ਸਾਚਾ ਦੱਸ, ਸੁਰਤ ਸਵਾਣੀ ਕਰੇ ਵਸ, ਹੱਸ ਹੱਸ ਆਪਣੇ ਅੰਗ ਲਗਾਈਆ। ਅੰਗ ਲਗਾਏ ਆਪ ਪ੍ਰਭ, ਜਗਤ ਨਿਮਾਣੀ ਭਗਤ ਅਧੀਨ। ਲੇਖਾ ਲੇਖ ਚੁਕਾਏ ਆਪ ਸਭ, ਦੇਵੇ ਦਾਤ ਸ਼ਬਦ ਪਰਬੀਨ। ਪਰਗਟ ਜੋਤ ਦਰਸ ਦਿਖਾਏ ਝੱਬ, ਸ਼ਬਦ ਘੋੜੇ ਪਾਏ ਜ਼ੀਨ। ਉਲਟੀ ਕਰੇ ਕਵਲ ਨਭ, ਅੰਮ੍ਰਿਤ ਝਿਰਨਾ ਇਕ ਝਿਰਾਏ ਠਾਂਢਾ ਹੋਏ ਸੀਨ। ਪੰਚਾਂ ਚੋਰਾਂ ਲਏ ਦੱਬ, ਪੰਚ ਪੰਚਾਇਨੀ ਲਏ ਛੀਨ। ਗੁਰਮੁਖ ਸਾਚੇ ਸੰਤ ਸੁਹੇਲੇ ਲੋਕਮਾਤ ਪ੍ਰਭ ਲਏ ਲੱਭ, ਜੁਗਾਂ ਜੁਗੰਤ ਰਹੇ ਅਧੀਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤ ਸੁਹੇਲੇ ਦੇਵੇ ਵਰ, ਮਿਲੇ ਵਡਿਆਈ ਲੋਕਾਂ ਤੀਨ। ਲੋਕ ਤੀਨ ਪ੍ਰਭ ਚਰਨ ਦਵਾਰ, ਘਰ ਸਾਚੇ ਸਚ ਵਸੇਰਾ। ਲੋਆਂ ਪੁਰੀਆਂ ਪ੍ਰਭ ਰਿਹਾ ਛੀਨ, ਕਲਜੁਗ ਤੇਰੀ ਅੰਤਮ ਵੇਰਾ। ਬ੍ਰਹਮਾ ਸ਼ਿਵ ਖੜੇ ਮਸਕੀਨ, ਕਰੋੜ ਤੇਤੀਸੇ ਢੱਠਾ ਡੇਰਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੱਖ ਚੁਰਾਸੀ ਕਰੇ ਨਿਬੇੜਾ। ਲੱਖ ਚੁਰਾਸੀ ਲੇਖ ਆਪ ਲਿਖਾਵਣਾ। ਕਰੋੜ ਤੇਤੀਸਾ ਰਿਹਾ ਵੇਖ, ਨਾ ਭੇਵ ਕਿਸੇ ਛੁਪਾਵਣਾ। ਆਪ ਵੱਸਿਆ ਸਦ ਵਿਸੇਖ, ਬ੍ਰਹਮੇ ਮੁੱਖੜਾ ਮੁਖ ਛੁਪਾਵਣਾ। ਸ਼ਿਵ ਸ਼ੰਕਰ ਲਏ ਵੇਖ, ਅਜਪਾ ਜਾਪ ਇਕ ਜਪਾਵਣਾ। ਬ੍ਰਹਿਮੰਡ ਖੰਡ ਪ੍ਰਭ ਰਿਹਾ ਵੇਖ, ਦਿਸ ਕਿਸੇ ਨਾ ਆਵਣਾ। ਗੁਰਮੁਖ ਵਿਰਲਾ ਨੇਤਰ ਲੋਚਨ ਲਏ ਪੇਖ, ਚਰਨ ਧਿਆਨ ਇਕ ਲਗਾਵਣਾ। ਮਸਤਕ ਲੇਖਾ ਲਿਖੇ ਰੇਖ, ਬ੍ਰਹਮ ਗਿਆਨ ਇਕ ਦਵਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਾਧਾਂ ਸੰਤਾਂ ਜੀਆਂ ਜੰਤਾਂ ਏਕਾ ਰਾਹ ਵਖਾਵਣਾ। ਏਕਾ ਰਾਹ ਜਗਤ ਵਖਾਏ, ਪ੍ਰਭ ਸਾਚੇ ਜੋਤ ਜਗਾਈਆ। ਰਾਜ ਰਾਜਾਨਾਂ ਰਿਹਾ ਸਮਝਾਏ, ਵਰਨ ਗੋਤੀ ਭੇਵ ਮਿਟਾਈਆ। ਸਾਧ ਸੰਤ ਸੰਤ ਸਾਧ ਭਾਂਡਾ ਭਰਮ ਭੰਨਾਏ, ਦਰ ਦਵਾਰਾ ਵੇਖ ਵਿਖਾਈਆ। ਨਿਹਕਰਮੀ ਕਰਮ ਕਮਾਏ, ਸਾਚਾ ਧਰਮੀ ਧਰਮ ਚਲਾਏ, ਭੁੱਲ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਵਡਿਆਈਆ।