Granth 05 Likhat 076: 30 Faggan 2012 Bikarmi Jethuwal

੩੦ ਫੱਗਣ ੨੦੧੨ ਬਿਕ੍ਰਮੀ ਜੇਠੂਵਾਲ

(ਮਹਾਰਾਜਿਆਂ ਅਤੇ ਸੰਤਾਂ ਦੇ ਪਾਸ ਜਾਣ ਤੋਂ ਪਹਿਲੇ ਵਿਹਾਰ ਹੋਇਆ ਅਤੇ ਇਹ ਚੀਜਾਂ ਨਾਲ ਲਈਆਂ ਯ- ੧) ਦਸਤਾਰਾਂ ੪ ੨) ਕੂਜਾ ਮਿਸ਼ਰੀ, ੩) ਕੇਸਰ ੫ ਰਤੀ, ੪) ਭਸਮ ੧੦ ਰਤੀ, ੫) ਨਲੇਰ ੧)

ਸ਼ਬਦ ਸਿੰਘਾਸਣ ਪ੍ਰਭ ਚਰਨ ਟਿਕਾਇਆ। ਨੌਂ ਖੰਡ ਪ੍ਰਿਥਮੀ ਦਏ ਉਲਟਾਇਆ। ਆਪੇ ਪਾਏ ਆਪਣੀ ਵੰਡ, ਦਿਸ ਕਿਸੇ ਨਾ ਆਇਆ। ਸ਼ਬਦ ਤੀਰ ਪ੍ਰਭ ਚੰਡ ਪਰਚੰਡ, ਰਾਜ ਰਾਜਾਨ ਦਏ ਸਜਾਇਆ। ਆਤਮ ਤੋੜੇ ਸਰਬ ਘਮੰਡ, ਸੋਹੰ ਡੰਡਾ ਹੱਥ ਉਠਾਇਆ। ਵੱਢਣ ਚਲਿਆ ਘਰ ਘਰ ਕੰਡ, ਸਾਧਾਂ ਸੰਤਾਂ ਮੁਖ ਛੁਪਾਇਆ। ਨਾਰ ਦੁਹਾਗਣ ਹੋਈ ਰੰਡ, ਅੰਤਮ ਕੰਢਾ ਨੇੜੇ ਆਇਆ। ਵੇਖੇ ਖੇਲ ਵਿਚ ਬ੍ਰਹਿਮੰਡ, ਵਰਭੰਡੀ ਡੇਰਾ ਆਪਣਾ ਲਾਇਆ। ਗੁਰਮੁਖਾਂ ਨਾਮ ਨਾਮ ਨਾਮ ਪ੍ਰਭ ਰਿਹਾ ਵੰਡ, ਅੰਮ੍ਰਿਤ ਸਾਚਾ ਜਾਮ ਪਿਆਇਆ। ਸਦਾ ਸੁਹੇਲਾ ਰੱਖੇ ਠੰਢ, ਪੱਲੇ ਗੰਢ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸੰਤ ਮਨੀ ਸਿੰਘ ਤੇਰੀ ਧਾਰ, ਜੋਤ ਸਰੂਪੀ ਕਰ ਆਕਾਰ, ਵੇਲਾ ਅੰਤ ਸੰਤ ਸੁਹਾਇਆ। ਸੰਤ ਮਨੀ ਸਿੰਘ ਘਾਲੀ ਘਾਲ, ਪ੍ਰਭ ਸਾਚੇ ਸ਼ਬਦ ਜਣਾਈਆ। ਮਨਮੁਖਾਂ ਪ੍ਰਭ ਲਾਹੁਣ ਆਇਆ ਖਾਲ, ਦੇਵੇ ਮਾਤ ਸਜਾਈਆ। ਫੜ ਫੜ ਤੋੜੇ ਕਾਇਆ ਡਾਲ੍ਹ, ਲੇਖਾ ਲਿਖ ਸਾਲ ਢਾਈਆ। ਸ਼ਾਹ ਸੁਲਤਾਨਾਂ ਰਿਹਾ ਉਠਾਲ, ਆਪ ਆਪਣੀ ਬਣਤ ਬਣਾਈਆ। ਆਪੇ ਬਣੇ ਜਗਤ ਕੰਗਾਲ, ਦਰ ਦਰਵੇਸ਼ਾ ਆਪ ਅਖਵਾਈਆ। ਗੁਰਮੁਖਾਂ ਦੇਵੇ ਨਾਮ ਸੱਚਾ ਧਨ ਮਾਲ, ਦੋ ਜਹਾਨਾਂ ਸ਼ਬਦ ਵਡਿਆਈਆ। ਤਨ ਬਸਤਰ ਸ਼ਬਦ ਦੋਸ਼ਾਲ, ਪ੍ਰਭ ਸਾਚਾ ਤਨ ਪਹਿਨਾਈਆ। ਆਪੇ ਚਲੇ ਨਾਲ ਨਾਲ, ਕਲਜੁਗ ਕਾਲੀ ਨਿੰਦਰਾ ਮਸਤਕ ਟਿੱਕਾ ਰੱਖੇ ਛਾਹੀਆ। ਜੋਤੀ ਜੋਤ ਸਰੂਪ ਹਰਿ, ਸੰਤ ਮਨੀ ਸਿੰਘ ਤੇਰੀ ਕਰੀ ਸ਼ਬਦ ਕੁੜਮਾਈਆ। ਸੰਤ ਮਨੀ ਸਿੰਘ ਕਰ ਕੁੜਮਾਈ, ਸਾਚਾ ਸ਼ਬਦ ਸਗਨ ਮੁਖ ਲਗਾਇਆ। ਸਾਚੇ ਦਰ ਘਰ ਵੱਜੀ ਵਧਾਈ, ਨਿਹਕਲੰਕਾ ਡੰਕ ਵਜਾਇਆ। ਏਕਾ ਘਰ ਧੀ ਜਞਾਈ, ਦੂਸਰ ਘਰ ਦਿਸ ਕੋਇ ਨਾ ਆਇਆ। ਸ਼ਬਦ ਜੋਤੀ ਆਪ ਪਰਨਾਈ, ਸਾਚੀ ਡੋਲੀ ਫੜ ਫੜ ਪਾਈ, ਜਗਤ ਕਹਾਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰਾ ਅੰਤ ਵਿਹਾਰਾ ਆਪ ਆਪਣੇ ਹੱਥ ਰਖਾਇਆ। ਕਰੇ ਵਿਹਾਰ ਹਰਿ ਜਗਦੀਸਾ, ਅਚਰਜ ਬਣਤ ਬਣਾਈਆ। ਛਤਰ ਨਾ ਝੁੱਲੇ ਕਿਸੇ ਸੀਸਾ, ਸਾਚਾ ਹੁਕਮ ਰਿਹਾ ਸੁਣਾਈਆ। ਲੇਖਾ ਚੁੱਕੇ ਬੀਸ ਇਕੀਸਾ, ਰਾਜ ਰਾਜਾਨਾਂ ਜਾਏ ਸੁਣਾਈਆ। ਏਕਾ ਪੜ੍ਹਨਾ ਸ਼ਬਦ ਹਦੀਸਾ, ਦੂਸਰ ਕੋਇ ਰਹਿਣ ਨਾ ਪਾਈਆ। ਜੂਠਾ ਝੂਠਾ ਪੀਸਣ ਪੀਸਾ, ਸਚ ਵਸਤ ਕਿਸੇ ਹੱਥ ਨਾ ਆਈਆ। ਚੜ੍ਹੇ ਰੰਗ ਕਲਜੁਗ ਤੇਰਾ ਕਾਲਾ, ਕਾਲ ਉਨੀ ਉਨੀਸਾ ਦਏ ਦੁਹਾਈਆ। ਜਲ ਥਲ ਥਲ ਜਲ ਜਗਤ ਉਛਾਲ, ਦਸ ਅਠ ਅਠਾਰਾਂ ਸਾਰ ਨਾ ਪਾਈਆ। ਦਸ ਸਤ ਸਤਾਰਾਂ ਸ਼ਾਹ ਕੰਗਾਲ, ਚਾਰੋਂ ਕੁੰਟ ਦਏ ਦੁਹਾਈਆ। ਸੋਲਾਂ ਸੋਲਾਂ ਤਨ ਲਾਹੇ ਸ਼ਿੰਗਾਰ, ਨਾਰੀ ਨਰ ਫਿਰੇ ਹਲਕਾਈਆ। ਪੰਦਰ੍ਹਾਂ ਪੰਦਰ੍ਹਾਂ ਤੇਰੀ ਧਾਰ, ਤਿੱਖੀ ਨਾਮ ਇਕ ਰਖਾਈਆ। ਚੌਦਾਂ ਚੌਦਾਂ ਵੇਖੇ ਹੱਟ ਮੀਤ ਮੁਰਾਰ, ਸੰਗ ਮੁਹੰਮਦ ਖੇਲ ਖਿਲਾਈਆ। ਤੇਰਾਂ ਤੇਰਾਂ ਕਰੇ ਪਿਆਰ, ਪ੍ਰਭ ਸਾਚੀ ਖ਼ੁਸ਼ੀ ਮਨਾਈਆ। ਪਹਿਲੀ ਚੇਤ ਦਿਵਸ ਵਿਚਾਰ, ਖੇਲੇ ਖੇਲ ਹਰਿ ਰਘੁਰਾਈਆ। ਪੰਚਾਂ ਦੇਵੇ ਨਾਮ ਅਧਾਰ, ਸ਼ਬਦ ਲਿਖਾਰਾ ਸੰਗ ਰਖਾਈਆ। ਆਪੇ ਬਣ ਰਿਹਾ ਭਿਖਾਰ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਰੱਖੇ ਸੰਗ ਚਾਰ ਦਸਤਾਰ, ਰਾਜ ਰਾਜਾਨਾਂ ਵੇਖ ਵਖਾਈਆ। ਕਵਣ ਹੋਇਆ ਖ਼ਬਰਦਾਰ, ਪ੍ਰਭ ਦੇਵੇ ਭੇਟ ਚੜ੍ਹਾਈਆ। ਰਤੀ ਦਸ ਭਸਮ ਤਿਆਰ, ਮਸਤਕ ਟਿੱਕਾ ਦੇਵੇ ਲਾਈਆ। ਗਿਆਰਾਂ ਗਿਆਰਾਂ ਕਰ ਵਿਚਾਰ, ਇਕ ਇੱਕ ਅਗੇ ਦਏ ਰਖਾਈਆ। ਪੰਚਮ ਕੇਸਰ ਪੰਚ ਪਿਆਰ, ਨਾਮ ਰਤੀ ਮਸਤਕ ਲਾਈਆ। ਆਪੇ ਕਰੇ ਜਗਤ ਵਿਹਾਰ, ਇਕ ਨਲੇਰ ਸੰਗ ਰਖਾਈਆ। ਸਾਧ ਸੰਤ ਵੇਖੇ ਸਾਚਾ ਯਾਰ, ਦਸਮ ਦਵਾਰੀ ਜੋ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਸਾਚੀ ਰਚਨਾ ਰਿਹਾ ਰਚਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਬਲੀ ਬਲਵਾਨ, ਦਰ ਘਰ ਸਾਚੇ ਸਦਾ ਵੱਜਦੀ ਰਹੇ ਵਧਾਈਆ।

Leave a Reply

This site uses Akismet to reduce spam. Learn how your comment data is processed.