Granth 05 Likhat 080: 3 Chet 2023 Bikarmi Farid kot de raje nu kile andar ja ke ik Dastar Bakhshish kiti ate Shabad Ucharia Gia

੩ ਚੇਤ ੨੦੧੩ ਬਿਕ੍ਰਮੀ ਫਰੀਦ ਕੋਟ ਦੇ ਰਾਜੇ ਨੂੰ ਕਿਲੇ ਅੰਦਰ ਜਾ ਕੇ ਇਕ ਦਸਤਾਰ ਬਖ਼ਸ਼ੀਸ਼ ਕੀਤੀ ਅਤੇ ਸ਼ਬਦ ਉਚਾਰਿਆ ਗਿਆ

ਪੁਰਖ ਅਬਿਨਾਸ਼ੀ ਜੋਤ ਜਗਾਈ, ਆਇਆ ਬੰਕ ਦਵਾਰ। ਨਰ ਨਰਾਇਣਾ ਸਾਰ ਨਾ ਪਾਈ, ਕਲਜੁਗ ਤੇਰੀ ਧਾਰ। ਪਾਰਬ੍ਰਹਮ ਬ੍ਰਹਮ ਭੇਵ ਨਾ ਰਾਈ, ਪੁਰਖ ਅਗੰਮਾ ਏਕਾ ਏਕ ਆਕਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰ ਦਰਵੇਸ਼ਾ ਨਰ ਨਰੇਸ਼ਾ ਆਇਆ ਬੰਕ ਦਵਾਰ। ਹਰਿ ਭਗਵਾਨ ਲੇ ਕੇ ਆਇਆ ਸ਼ਬਦ ਨਿਸ਼ਾਨਾ। ਧੁਰ ਦਰਗਾਹੀ ਇਕ ਫ਼ਰਮਾਨਾ। ਨਿਹਕਲੰਕਾ ਵਾਸੀ ਪੁਰੀ ਘਨਕਾ, ਇਕ ਵਜਾਏ ਡੰਕ ਉਠਾਏ ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ। ਜੋਤੀ ਸਰੂਪੀ ਲਾਏ ਤਨਕਾ, ਪਰਗਟ ਹੋਏ ਵਾਰ ਅਨਕ, ਆਪ ਆਪਣੇ ਸੰਗ ਸਮਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਵਾਲੀ ਦੋ ਜਹਾਨਾਂ। ਵਾਲੀ ਦੋ ਜਹਾਨ ਹਰਿ ਰਘੁਰਾਈਆ। ਫੜਾਏ ਸ਼ਬਦ ਤੀਰ ਕਮਾਨ, ਚਾਰੋਂ ਕੁੰਟ ਵੇਖ ਵਖਾਈਆ। ਦਾਤਾ ਜੋਧਾ ਸੂਰਾ ਵਡ ਬਲੀ ਬਲਵਾਨ, ਸ਼ਬਦ ਖੰਡਾਂ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਸੱਤਾਂ ਦੀਪਾਂ ਵੰਡ ਵੰਡਾਈਆ। ਚਤਰਭੁਜ ਸ੍ਰੀ ਭਗਵਾਨ, ਸ਼ਬਦ ਘੋੜੇ ਤੰਗ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਰੀਦ ਕੋਟ ਸ਼ਬਦ ਚੋਟ ਇਕ ਨਗਾਰੇ ਰਿਹਾ ਲਗਾਈਆ। ਇਕ ਨਗਾਰਾ ਸ਼ਬਦ ਤਨ, ਵੱਜੇ ਅਗੰਮ ਅਪਾਰੀ। ਆਤਮ ਅੰਦਰ ਜਾਏ ਮੰਨ, ਮਿਲੇ ਮੇਲ ਜੋਤੀ ਨਿਰੰਕਾਰੀ। ਭਾਂਡਾ ਭਰਮ ਪ੍ਰਭ ਦੇਵੇ ਭੰਨ, ਸੋਲਾਂ ਕਰੇ ਤਨ ਸ਼ਿੰਗਾਰੀ। ਜੋਤ ਨਿਰੰਜਣ ਚਾੜ੍ਹੇ ਚੰਨ, ਜਿਸ ਜਨ ਖੋਲ੍ਹੇ ਦਸਮ ਦਵਾਰੀ। ਸਾਚਾ ਸ਼ਬਦ ਦੇਵੇ ਮਾਲ ਧਨ, ਨਾ ਕੋਈ ਲੁੱਟੇ ਚੋਰ ਯਾਰੀ। ਏਕਾ ਰਾਗ ਸੁਣਾਏ ਕੰਨ, ਦੋ ਜਹਾਨਾਂ ਪਾਰ ਉਤਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਫੇਰਾ ਪਾਏ ਬਣਿਆ ਦਰ ਦਰਵੇਸ਼ ਭਿਖਾਰੀ। ਆਪ ਭਿਖਾਰੀ ਆਪੇ ਸ਼ਾਹ ਵਾਲੀ ਦੋ ਜਹਾਨਿਆ। ਜਨ ਭਗਤਾਂ ਬਣੇ ਜਗਤ ਮਲਾਹ, ਹੱਥੀਂ ਬੰਨ੍ਹੇ ਸ਼ਬਦ ਸੱਚਾ ਗਾਨਿਆ। ਵੇਖ ਵਖਾਣੇ ਥਾਂਓ ਥਾਂ, ਸੰਮਤ ਵੀਹ ਸਦ ਸੋਲਾਂ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਸੁਨੇਹੜਾ ਲੈ ਕੇ ਆਇਆ, ਧੁਰ ਦਰਗਾਹੀ ਸਾਚੇ ਬਹਿ ਕੇ ਆਇਆ। ਆਪ ਆਪਣਾ ਭਾਣਾ ਸਹਿ ਕੇ ਆਇਆ। ਸੋਲਾਂ ਕਲ ਸੋਲਾਂ ਧਾਰ ਪੂਰਬ ਇਛਿਆ ਕਰਮ ਵਿਚਾਰ, ਸਾਚੀ ਵਸਤ ਲੈ ਕੇ ਆਇਆ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਜਗਤ ਦੇਣਾ ਦਰਸ ਦਿਖਾਏ ਤੀਜੇ ਨੈਣਾ, ਆਪ ਚੁਕਾਏ ਅਗਲਾ ਪਿਛਲਾ ਮੂਲ। ਪ੍ਰਭ ਆਪ ਚੁਕਾਏ ਕੰਤ ਕੰਤੂਹਲ, ਜੁਗਾ ਜੁਗੰਤ ਨਾ ਜਾਏ ਭੂਲ। ਗੁਰਮੁਖ ਸਾਚੇ ਸੰਤ ਜਗਾਏ, ਤਨ ਸ਼ਬਦ ਚੜ੍ਹਾਏ ਸਾਚੇ ਫੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਦਰ, ਸ਼ਬਦ ਪੰਘੂੜਾ ਰਿਹਾ ਝੂਲ। ਚੇਤਰ ਤਿੰਨ ਚਿਤ ਚਿਤਾਵਨੀ। ਨਿਤ ਨਵਿਤ ਪ੍ਰਭ ਜੋਤ ਜਗਾਵਣੀ। ਵੇਖ ਵਖਾਣੇ ਕਾਇਆ ਖੇਤ, ਸਾਚੇ ਮੀਤ ਬਣਤ ਬਣਾਵਣੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਤਮ ਕਾਇਆ ਸੀਤ, ਅੰਮ੍ਰਿਤ ਬੂੰਦ ਇਕ ਪਿਆਵਣੀ। ਅੰਮ੍ਰਿਤ ਆਤਮ ਦੇਵੇ ਸੀਰ ਸਾਚੀ ਦਇਆ ਕਮਾਈਆ। ਅੰਤਮ ਅੰਤ ਕਟੇ ਭੀੜ, ਬਖ਼ਸ਼ੇ ਦਰ ਸੱਚੀ ਸਰਨਾਈਆ। ਨਾ ਕੋਈ ਵੇਖੇ ਹਸਤ ਕੀੜ, ਊਚਾਂ ਨੀਚਾਂ ਸ਼ਾਹ ਸੁਲਤਾਨਾਂ ਬੰਕ ਦਵਾਰਾ ਨਰ ਨਿਰੰਕਾਰਾ ਏਕਾ ਏਕ ਵਖਾਈਆ। ਏਕਾ ਬਖ਼ਸ਼ੇ ਸੀਸ ਦਸਤਾਰਾ, ਲੋਕਮਾਤੀ ਤੇਰਾ ਸਚ ਵਿਹਾਰਾ, ਪਰਗਟ ਹੋਏ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਕਲ ਧਾਰਾ ਭੇਵ ਰਹੇ ਨਾ ਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਜੋਤ ਧਰ, ਲੋਆਂ ਪੁਰੀਆਂ ਰਿਹਾ ਧਾਰ ਬੰਨ੍ਹਾਈਆ। ਮੰਗੀ ਮੰਗ ਹਰਿ ਦਾਤਾਰ, ਗੁਰ ਸੰਗਤ ਕਰ ਪਿਆਰਾ। ਮਿਲੇ ਧਾਮ ਕਰਮ ਮੰਦਰ ਮਹੱਲ ਉਚ ਅੱਟਲ ਮੁਨਾਰਾ। ਪੰਚਮ ਮੀਤਾ ਪੰਚਮ ਯਾਰ, ਪੰਚਮ ਕਰੇ ਸ਼ਬਦ ਪਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਘਰ, ਆਪੇ ਜਾਣੇ ਆਪਣੀ ਧਾਰਾ। ਪੰਜ fਮੰਟ ਮੰਗੀ ਮੰਗ, ਪੁਰਖ ਅਬਿਨਾਸ਼ੀ ਬੋਲੇ। ਕਾਇਆ ਚੋਲੀ ਚੜ੍ਹੇ ਰੰਗ, ਜੋ ਜਨ ਕੁੰਡਾ ਖੋਲ੍ਹੇ। ਪੁਰਖ ਅਬਿਨਾਸ਼ੀ ਸ਼ਬਦ ਘੋੜੇ ਕਸਿਆ ਤੰਗ, ਲੋਆਂ ਪੁਰੀਆਂ ਪੁਰੀਆਂ ਲੋਆਂ ਅੰਦਰ ਬਾਹਰ ਗੁਪਤ ਜ਼ਾਹਿਰ ਆਪੇ ਬੋਲੇ। ਨਾਮ ਵਜਾਏ ਇਕ ਮਰਦੰਗ, ਆਪੇ ਵਸੇ ਕਾਇਆ ਚੋਲੇ। ਭਗਤ ਸੁਹੇਲਾ ਸਦਾ ਸਹਾਈ ਅੰਗ ਸੰਗ, ਆਦਿ ਅੰਤ ਜੁਗਾ ਜੁਗੰਤ ਭਗਤ ਭਗਵੰਤ ਕਦੇ ਨਾ ਡੋਲੇ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸ਼ਬਦ ਵਰ, ਦਿਵਸ ਰੈਣਾ ਤੀਜੇ ਨੈਣਾ ਸਦ ਵਸੇ ਕੋਲੇ।

Leave a Reply

This site uses Akismet to reduce spam. Learn how your comment data is processed.