Granth 06 Likhat 001: Pahili Sawan 2013 Bikarmi Har Bhagat Dwar Jethuwal Jila Amritsar

ਪਹਿਲੀ ਸਾਵਣ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਹਰਿ ਜੋਤੀ ਨੂਰ ਅਗੰਮ, ਅਗੰਮ ਸਮਾਇਆ। ਆਦਿ ਅੰਤ ਨਾ ਮਰੇ ਨਾ ਪਏ ਜੰਮ, ਆਪ ਆਪਣੇ ਵਿਚ ਸਮਾਇਆ। ਪਵਣ ਸਵਾਸੀ ਨਾ ਲਏ ਦਮ, ਆਲਸ ਨਿੰਦਰਾ ਵਿਚ ਨਾ ਆਇਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਜਲ ਧਾਰਾ ਦਿਸ ਨਾ ਆਇਆ। ਗਗਨ ਪਤਾਲ ਰੱਖੇ ਬਿਨਾ ਥੰਮ, ਸ਼ਬਦ ਜਾਲ ਇਕ ਵਿਛਾਇਆ। ਆਪ ਰਖਾਏ ਆਪਣਾ ਨਾਮ, ਨਾ ਕੋਈ ਹੱਡ ਮਾਸ ਨਾ ਨਾੜੀ ਚੰਮ, ਮਾਤ ਪਿਤ ਨਾ ਕਿਸੇ ਗੋਦ ਉਠਾਇਆ। ਜੁਗ ਜੁਗ ਆਦਿ ਪੁਰਖ ਅਪਰੰਪਰ ਸੁਆਮੀ ਆਪੇ ਆਪ ਪਏ ਜੰਮ, ਸ਼ਬਦ ਸਾਚਾ ਨਾਮ ਰਖਾਇਆ। ਲੋਆਂ ਪੁਰੀਆਂ ਆਪੇ ਜਾਣੇ ਆਪਣਾ ਕੰਮ, ਮਾਤ ਪਤਾਲ ਆਕਾਸ਼ ਪਰਕਾਸ਼ ਏਕਾ ਨੂਰ ਸਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਇਆ। ਆਪ ਆਪਣੀ ਰਚਨ ਰਚਾਏ, ਅਕਲ ਕਲਾ ਭਰਪੂਰਾ। ਨਿਹਚਲ ਧਾਮ ਅਟੱਲ ਸੁਹਾਏ, ਹਰਿ ਦਾਤਾ ਜੋਧਾ ਸੂਰਾ। ਜਲ ਥਲ ਕੋਈ ਦਿਸ ਨਾ ਆਏ, ਨੇਰਨ ਨੇਰ ਦੂਰਨ ਦੂਰਾ। ਵਲ ਛਲ ਇਕ ਖੇਲ ਰਚਾਏ, ਅਕਲ ਕਲਾ ਭਰਪੂਰਾ। ਨਿਹਚਲ ਧਾਮ ਅਟੱਲ ਸੁਹਾਏ, ਸ਼ਬਦ ਵਜਾਏ ਸਾਚੀ ਤੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਸਤਿ ਸਰੂਰਾ। ਆਪਣਾ ਆਪ ਆਪੇ ਮੰਨੇ, ਹਰਿ ਆਪਣੀ ਬਣਤ ਬਣਾਇੰਦਾ। ਕਿਸੇ ਨਾ ਦਿਸੇ ਛੱਪਰੀ ਛੰਨੇ, ਭੇਵ ਅਭੇਦਾ ਭੇਵ ਕੋਈ ਨਾ ਪਾਇੰਦਾ। ਜੁਗ ਜੁਗ ਆਪਣਾ ਬੇੜਾ ਆਪੇ ਬੰਨ੍ਹੇ, ਵੇਦ ਕਿਤੇਬਾਂ ਦਿਸ ਨਾ ਆਇੰਦਾ। ਜੋ ਘੜਿਆ ਸੋ ਅੰਤਮ ਭੰਨੇ, ਭਾਣਾ ਆਪਣੇ ਹੱਥ ਰਖਾਇੰਦਾ। ਰਵ ਸਸ ਉਪਾਏ ਸੂਰਜ ਚੰਨੇ, ਸਾਚੀ ਸੇਵਾ ਲਾਇੰਦਾ। ਅਗਾਧ ਬੋਧ ਸ਼ਬਦ ਜਣਾਏ ਕੰਨੇ, ਸੁਨਾਵਣਹਾਰਾ ਦਿਸ ਨਾ ਆਇੰਦਾ। ਪੰਚਮ ਤਤ ਨਾ ਦਿਸੇ ਚੰਨੇ, ਪੰਚਮ ਮੀਤਾ ਪੰਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਵਟਾਇੰਦਾ। ਆਪ ਆਪਣਾ ਰੰਗ ਵਟਾਏ, ਜੋਤੀ ਨੂਰ ਕਰਾਈਆ। ਪੁਰਖ ਅਬਿਨਾਸ਼ ਜੋਤ ਜਗਾਏ, ਏਕਾ ਨਾਦ ਤੂਰ ਵਜਾਈਆ। ਵਰਨ ਗੋਤ ਕੋਈ ਦਿਸ ਨਾ ਆਏ, ਨਾ ਕੋਈ ਨਾਤਾ ਦਿਸੇ ਮਾਤ ਪਿਤ ਭੈਣ ਭਾਈਆ। ਆਦਿ ਅੰਤ ਜੁਗਾ ਜੁਗੰਤ ਹਾਜ਼ਰ ਹਜ਼ੂਰਾ ਆਪ ਅਖਵਾਏ, ਭੇਦ ਅਭੇਦ ਅਖਵਾਈਆ। ਪੂਰਨ ਭਗਵੰਤ ਸੰਤ ਕੰਤ ਜੀਵ ਜੰਤ ਮੇਲ ਮਿਲਾਏ, ਏਕਾ ਪੱਲਾ ਨਾਮ ਫੜਾਈਆ। ਸ਼ਿਵ ਸ਼ੰਕਰ ਗਣਪਤ ਗਣੇਸ਼ ਕੋਈ ਭੇਵ ਨਾ ਪਾਏ, ਬ੍ਰਹਮਾ ਚਾਰੇ ਮੁਖ ਚਾਰੇ ਰਸਨਾ ਰਿਹਾ ਧਿਆਈਆ। ਆਪੇ ਜਾਣੇ ਆਪਣਾ ਵੇਸਾ, ਪੁਰਖ ਅਬਿਨਾਸ਼ੀ ਨਰ ਨਰੇਸ਼ਾ, ਮੂੰਡ ਮੁੰਡਾਏ ਨਾ ਧਾਰੀ ਕੇਸਾ, ਸੀਸ ਧੜ ਕੋਈ ਦਿਸ ਨਾ ਆਈਆ। ਆਪ ਆਪਣੇ ਵਿਚ ਪਰਵੇਸ਼ਾ, ਨਾ ਕੋਈ ਜਾਣੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਚੋਟੀ ਚੜ੍ਹ ਕਿਸੇ ਦਿਸ ਨਾ ਆਈਆ। ਆਪੇ ਜਾਣੇ ਆਪਣਾ ਲੇਖਾ, ਲੋਆਂ ਪੁਰੀਆਂ ਭਰਮ ਭੁਲੇਖਾ, ਚਿਤਰ ਗੁਪਤ ਰਾਏ ਧਰਮ ਦੋਵੇਂ ਬੈਠੇ ਸੀਸ ਝੁਕਾਈਆ। ਸ੍ਰਿਸ਼ਟ ਸਬਾਈ ਜੋਤ ਨਿਰੰਜਣ ਏਕਾ ਨੇਤਰ ਸਾਚੇ ਪੇਖਾ, ਆਪ ਆਪਣਾ ਭੇਵ ਛੁਪਾਈਆ। ਆਪ ਉਪਾਏ ਆਪਣੀ ਰੇਖਾ, ਅੰਤਮ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਨੂਰ ਕਰਾਈਆ। ਨੂਰ ਉਜਾਲਾ ਸਚ ਘਰ, ਨਾ ਕੋਈ ਚਾਰ ਦਿਵਾਰੀ। ਗੁਰ ਗੋਪਾਲਾ ਇਕ ਕਰ, ਨਾ ਕੋਈ ਲਿਖੇ ਲੇਖ ਲਿਖਾਰੀ। ਆਪੇ ਮੰਗੇ ਆਪੇ ਦੇਵਣਹਾਰਾ ਵਰ, ਕਰੇ ਖੇਲ ਅਪਰ ਅਪਾਰੀ। ਸ਼ਬਦ ਖੁਲ੍ਹਾਏ ਸਾਚਾ ਦਰ, ਹਰਿ ਦਾਤਾ ਵਡ ਭੰਡਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਰੰਗ ਰਵੇ ਮੁਰਾਰੀ। ਹਰਿ ਜੋਤੀ ਨਿਰੰਕਾਰ, ਨਾਉਂ ਧਰਾਇਆ। ਸਾਚਾ ਨੂਰ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਆਪੇ ਬੰਨ੍ਹੇ ਆਪਣੀ ਧਾਰ, ਜੋਤੀ ਵਰ ਇਕ ਰਖਾਇਆ। ਆਪੇ ਪੁਰਖ ਆਪੇ ਨਾਰ, ਸੁਰਤੀ ਸ਼ਬਦ ਗੋਦ ਉਠਾਇਆ। ਏਕਾ ਖੋਲ੍ਹੇ ਬੰਦ ਕਿਵਾੜ, ਪੰਚਮ ਧਾੜ ਦਿਸ ਨਾ ਆਇਆ। ਪੰਚਮ ਅੰਦਰ ਰਿਹਾ ਵਾੜ, ਪੰਚਮ ਏਕਾ ਹੁਕਮ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਵਣ ਪਵਣੀ ਲਏ ਉਪਾਇਆ। ਹਰਿ ਜੋਤੀ ਨੂਰ ਅਗੰਮ, ਸ਼ਬਦ ਸਪੂਤ ਜੰਮਿਆ। ਪ੍ਰਭ ਚਾੜ੍ਹੇ ਸਾਚਾ ਰੰਗ, ਨਾਮ ਰੰਗੇ ਚਾਰੇ ਕੰਨੀਆਂ। ਨਿਰਗੁਣ ਡੋਰੀ ਇਕ ਪਤੰਗ, ਮਸਤਕ ਟਿੱਕਾ ਕੌਸਤਕ ਮਨੀਆ। ਨਾ ਕੋਈ ਕਾਇਆ ਦੀਸੇ ਕਾਚੀ ਵੰਗ, ਨਾਮ ਖਜਾਨਾ ਵਡ ਧਨ ਧਨਿਆ। ਨਾਦ ਅਨਾਦੀ ਵੱਜੇ ਮਰਦੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਗ ਸੁਣਾਏ ਕੰਨਿਆ। ਨਾਮ ਅਗੰਮ ਅਗਾਧ ਬੋਧ, ਹਰਿ ਸ਼ਬਦੀ ਸ਼ਬਦ ਜਣਾਈ। ਦੇਵੇ ਵਰ ਜੋਧਨ ਜੋਧ, ਆਪਣੇ ਹੱਥ ਰੱਖੇ ਵਡਿਆਈ। ਦਰ ਦਵਾਰਾ ਆਪਣਾ ਸੋਧ, ਨੂਰੋ ਨੂਰ ਕਰਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸ਼ਬਦ ਵਰ, ਪਵਣ ਪਵਣੀ ਨਾਲ ਰਲਾਈ। ਜੋਤੀ ਸ਼ਬਦੀ ਪਵਣ ਪਿਆਰ, ਏਕਾ ਰੰਗ ਸਮਾਇਆ। ਆਪੇ ਬੰਨ੍ਹੇ ਆਪਣੀ ਧਾਰ, ਭੇਵ ਨਾ ਜਾਣੇ ਕੋਈ ਰਾਇਆ। ਚੌਥੇ ਦਰ ਖੋਲ੍ਹੇ ਬੰਦ ਕਿਵਾੜ, ਤ੍ਰੈਗੁਣ ਮਾਇਆ ਤਤ ਉਪਾਇਆ। ਲੱਖ ਚੁਰਾਸੀ ਕਰ ਤਿਆਰ, ਬ੍ਰਹਮਾ ਰੂਪ ਵਟਾਇਆ। ਕਵਲ ਨਾਭੀ ਕਰ ਉਜਿਆਰ, ਪੂਤ ਸਪੂਤਾ ਮਾਤ ਟਿਕਾਇਆ। ਚਾਰੇ ਮੁਖ ਜਗਤ ਉਪਾਇਆ। ਅੱਠੇ ਨੇਤਰ ਰਾਹ ਤਕਾਇਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਸਾਚਾ ਲੇਖਾ ਰਿਹਾ ਲਿਖਾਇਆ। ਵਿਸ਼ਨੂੰ ਵੰਸੀ ਕਰ ਅਕਾਰ, ਆਪ ਆਪਣਾ ਭੇਖ ਵਟਾਇਆ। ਸ਼ਿਵ ਸ਼ੰਕਰ ਨਾਲ ਕਰ ਤਿਆਰ, ਆਪ ਆਪਣੀ ਸੇਵਾ ਲਾਇਆ। ਆਪੇ ਵਸੇ ਸਭ ਤੋਂ ਬਾਹਰ, ਅੰਦਰ ਭੀਤਰ ਵਿਚ ਸਮਾਇਆ। ਆਪੇ ਗੁਪਤ ਆਪੇ ਜਾਹਿਰ, ਵੇਸ ਅਨੇਕਾਂ ਵੇਸ ਵਟਾਇਆ। ਸ਼ਬਦ ਘੋੜਾ ਕਰ ਤਿਆਰ, ਕਲਗੀ ਤੋੜਾ ਨਾਮ ਲਗਾਇਆ। ਜੋਤ ਸਰੂਪੀ ਕਰ ਆਕਾਰ, ਸ਼ਬਦ ਸਰੂਪੀ ਹੁਕਮ ਸੁਣਾਇਆ। ਬ੍ਰਹਮਾ ਮੁਖ ਲਏ ਉਘਾੜ, ਪਾਰਬ੍ਰਹਮ ਵਿਚ ਸਮਾਇਆ। ਚਾਰੇ ਵੇਦ ਰਸਨ ਉਚਾਰ, ਚਾਰੇ ਜੁਗਾਂ ਲੇਖ ਲਿਖਾਇਆ। ਸਤਿਜੁਗ ਦੁਆਪਰ ਤ੍ਰੇਤਾ ਗਏ ਹਾਰ, ਕਲਜੁਗ ਵੇਲਾ ਅੰਤਮ ਆਇਆ। ਲੱਖ ਚੁਰਾਸੀ ਹੋਏ ਖੁਆਰ, ਲੋਕਮਾਤ ਨਾ ਧੀਰ ਧਰਾਇਆ। ਨਾ ਕੋਈ ਦਿਸੇ ਮੀਤ ਮੁਰਾਰ, ਮਾਤ ਪਿਤ ਨਾ ਕੋਈ ਅਖਵਾਇਆ। ਨਾਰ ਦੁਹਾਗਣ ਹੋਈ ਵਿਭਚਾਰ, ਸਾਚਾ ਕੰਤ ਸੰਤ ਨਾ ਕਿਸੇ ਹੰਢਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਜੀਵਾਂ ਜੰਤਾਂ ਦਏ ਸਜ਼ਾਇਆ। ਸ਼ਬਦ ਖੰਡਾ ਫੜ ਦੋ ਧਾਰ, ਚਿੱਟੇ ਅਸਵ ਤੰਗ ਕਸਾਇਆ। ਨੀਲੀ ਛੱਤੋਂ ਆਏ ਬਾਹਰ, ਆਪ ਆਪਣਾ ਰਾਹ ਤਕਾਇਆ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਇਆ। ਬ੍ਰਹਮਾ ਰੋਵੇ ਧਾਹਾਂ ਮਾਰ, ਵੇਲਾ ਅੰਤ ਨਾ ਕੋਇ ਸਹਾਇਆ। ਸ਼ਿਵ ਸ਼ੰਕਰ ਬੈਠਾ ਕਰੇ ਵਿਚਾਰ, ਧੀਰਜ ਧੀਰ ਨਾ ਕੋਇ ਧਰਾਇਆ। ਕਰੋੜ ਤੇਤੀਸਾ ਸੁਣ ਪੁਕਾਰ, ਸੁਰਪਤ ਰਾਜਾ ਇੰਦ ਬਿਲਲਾਇਆ। ਗਗਨ ਪਤਾਲੀ ਹਾਹਾਕਾਰ, ਰਵ ਸਸ ਬੈਠੇ ਮੁਖ ਛੁਪਾਇਆ। ਲੋਕਮਾਤ ਮਾਰ ਝਾਤ, ਕਰਮ ਕੁਕਰਮ ਕਰ ਵਿਚਾਰ, ਪੁਰਖ ਅਬਿਨਾਸ਼ੀ ਜਾਮਾ ਪਾਇਆ। ਜਨ ਭਗਤਾਂ ਦੇਵੇ ਸਾਚੀ ਦਾਤ, ਸੋਹੰ ਸਾਚਾ ਨਾਉਂ ਜਪਾਇਆ। ਕਲਜੁਗ ਮਿਟੇ ਅੰਧੇਰੀ ਰਾਤ, ਏਕਾ ਦੂਜਾ ਭਉ ਚੁਕਾਇਆ। ਆਪ ਚਲਾਏ ਆਪਣੀ ਗਾਥ, ਮਾਤ ਚਲਾਏ। ਪਰਗਟ ਹੋਏ ਤ੍ਰੈਲੋਕੀ ਨਾਥ, ਸਗਲਾ ਸਾਥ ਦਏ ਨਿਭਾਇਆ। ਲੇਖ ਚੁਕਾਏ ਸੀਆਂ ਸਾਢੇ ਤਿੰਨ ਹਾਥ, ਜੋ ਜਨ ਸਰਨ ਸਰਨਾਈ ਸਾਚੀ ਆਇਆ। ਸਗਲ ਵਸੂਰੇ ਜਾਇਣ ਲਾਥ, ਪਾਰਬ੍ਰਹਮ ਬ੍ਰਹਮ ਦਰਸ਼ਨ ਪਾਇਆ। ਹੋਏ ਜਣਾਈ ਬੋਧ ਅਗਾਧ, ਕਥਨੀ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਆਪਣੇ ਰੰਗ ਸਮਾਇਆ। ਹਰਿ ਰੰਗ ਅਪਾਰ, ਰੂਪ ਅਭੇਦਿਆ। ਸਤਿਜੁਗ ਸਾਚੇ ਬੰਨ੍ਹੇ ਧਾਰ, ਭੇਵ ਨਾ ਪਾਇਣ ਚਾਰੇ ਵੇਦਿਆ। ਸ੍ਰਿਸ਼ਟ ਸਬਾਈ ਏਕਾ ਬੰਨ੍ਹੇ ਧਾਰ, ਏਕਾ ਨਾਤਾ ਭਈਆ ਬੇਬਿਆ। ਊਚਾਂ ਨੀਚਾਂ ਕਰ ਪਿਆਰ, ਮੇਟ ਮਿਟਾਏ ਦੇਵੀ ਦੇਵਿਆ। ਭਾਂਡਾ ਭਰਮ ਭਓ ਨਿਵਾਰ, ਹਰਿਜਨ ਲਗਾਏ ਸਾਚੀ ਸੇਵਿਆ। ਜੋਤੀ ਨੂਰ ਸ਼ਬਦ ਭੰਡਾਰ, ਮਸਤਕ ਲਾਏ ਸਾਚਾ ਥੇਵਿਆ। ਦੇਵਣਹਾਰ ਸਰਬ ਸੰਸਾਰ, ਨਾ ਕੋਈ ਗਾਏ ਜਿਹਵਾ ਜਿਹਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਚੇਲਾ ਵੇਖੇ ਇਕ ਦਵਾਰ, ਹਰਿ ਜੋਤੀ ਸ਼ਬਦੀ ਸੇਵਿਆ। ਹਰਿ ਜੋਤੀ ਸਾਚਾ ਪਿਤਾ ਹੈ, ਪੂਤ ਸ਼ਬਦ ਗੋਬਿੰਦ। ਜੁਗ ਜੁਗ ਸਾਚੀ ਮਈਆ ਹੈ, ਨੂਰ ਨੁਰਾਨੀ ਏਕਾ ਬਿੰਦ। ਆਪੇ ਬਣੇ ਸਾਚਾ ਮਿਤਾ ਹੈ, ਧਾਰ ਵਹਾਏ ਸਾਚੀ ਸਿੰਧ। ਨਾ ਕੋਈ ਜਾਣੇ ਵਾਰ ਥਿਤ ਹੈ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਆਪ ਵਡ ਮਰਗਿੰਦ। ਗੁਰ ਗੋਬਿੰਦੇ ਸ਼ਬਦ ਜਣਾਈ, ਜੋਤੀ ਦਇਆ ਕਮਾਈਆ। ਘਰ ਮੰਦਰ ਅੰਦਰ ਵੱਜੀ ਵਧਾਈ, ਪੰਚਮ ਮੰਗਲ ਗਾਈਆ। ਦੀਪਕ ਜੋਤ ਕਰੇ ਰੁਸ਼ਨਾਈ, ਅੰਧ ਅੰਧੇਰ ਰਹਿਣ ਨਾ ਪਾਈਆ। ਸਾਚੇ ਮੰਦਰ ਆਪੇ ਕੁੰਡਾ ਲਾਹੀ, ਸਚ ਮਹੱਲਾ ਰਿਹਾ ਵਖਾਈਆ। ਸ਼ਬਦ ਡੰਡਾ ਹੱਥ ਉਠਾਈ, ਚਾਰ ਕੁੰਟਾਂ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਸ਼ਬਦ ਕਰੇ ਸੱਚੀ ਕੁੜਮਾਈਆ।

Leave a Reply

This site uses Akismet to reduce spam. Learn how your comment data is processed.