Granth 06 Likhat 006: Pahili Bhadron 2013 Bikarmi Har Bhagat Dwar Jethuwal Jila Amritsar

ਪਹਿਲੀ ਭਾਦਰੋਂ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਸਗਲ ਪਸਾਰਾ ਵੇਖ, ਸਰਬ ਸਮਾਇਆ। ਜੁਗ ਜੁਗ ਧਾਰੇ ਭੇਖ, ਭੇਖਾਧਾਰੀ ਭੇਖ ਵਟਾਇਆ। ਲੱਖ ਚੁਰਾਸੀ ਲਿਖੇ ਲੇਖ, ਲਿਖਣਹਾਰਾ ਦਿਸ ਨਾ ਆਇਆ। ਆਪੇ ਬੈਠਾ ਰਿਹਾ ਵੇਖ, ਆਪ ਆਪਣਾ ਮੁਖ ਛੁਪਾਇਆ। ਬਾਲ ਅਵਸਥਾ ਅੱਲੜ੍ਹ ਵਰੇਸ, ਤੇਰਾਂ ਤੇਰਾਂ ਧਾਰ ਵਹਾਇਆ। ਵੇਖ ਵਖਾਣੇ ਧਾਰੀ ਕੇਸ, ਗੁਰ ਗੋਬਿੰਦਾ ਸੰਗ ਰਲਾਇਆ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਫੇਰਾ ਪਾਇਆ। ਸ਼ਿਵ ਸ਼ੰਕਰ ਬਣ ਗਣੇਸ਼, ਜਟਾ ਜੂਟ ਆਪ ਅਖਵਾਇਆ। ਆਪੇ ਦਾਤਾ ਨਰ ਨਰੇਸ਼, ਨਿਰਵੈਰ ਰੂਪ ਸਮਾਇਆ। ਕਰੇ ਖੇਲ ਮਾਝੇ ਦੇਸ, ਦੇਸ ਪਰਦੇਸਾਂ ਦਿਸ ਨਾ ਆਇਆ। ਜੋਤੀ ਜਾਮਾ ਹਰਿ ਭਗਵਾਨਾ ਭੇਖਧਾਰੀ ਗੁਰ ਦਸਮੇਸ਼, ਦਿਸ ਕਿਸੇ ਨਾ ਆਇਆ। ਰੂਪ ਅਗੰਮ ਅਪਾਰ ਹਰਿ ਰਘੁਰਾਇਆ। ਆਪੇ ਜਾਣੇ ਆਪਣਾ ਕੰਮ, ਜੁਗ ਜੁਗ ਆਪਣਾ ਭੇਖ ਵਟਾਇਆ। ਕਲਜੁਗ ਨੇਤਰ ਨੀਰ ਵਹਾਏ ਰੋਵੇ ਛੰਮ ਛੰਮ, ਵੇਲਾ ਅੰਤਮ ਆਇਆ। ਹਰਿ ਦਵਾਰਾ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਸਦ ਏਕਾ ਰੰਗ ਸਮਾਇਆ। ਲੱਖ ਚੁਰਾਸੀ ਨਾਤਾ ਹੱਡ ਮਾਸ ਨਾੜੀ ਚੰਮ, ਜੀਵਾਂ ਜੰਤਾਂ ਬਣਤ ਬਣਾਇਆ। ਪਵਣ ਸਵਾਸੀ ਦੇਵੇ ਦਮ, ਆਦਿ ਅੰਤਾ ਖੇਲ ਰਚਾਇਆ। ਆਪੇ ਅੰਦਰ ਪਏ ਜੰਮ, ਆਪ ਆਪਣੇ ਵਿਚ ਸਮਾਇਆ। ਲੱਖ ਚੁਰਾਸੀ ਤੇਰਾ ਏਕਾ ਤਮ, ਵੇਲੇ ਅੰਤਮ ਦਏ ਪਕਾਇਆ। ਗਗਨ ਪਤਾਲਾਂ ਹਿੱਲੇ ਥੰਮ੍ਹ, ਰਾਏ ਧਰਮ ਦਰ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਰੂਪ ਵਟਾਇਆ। ਜੁਗ ਜੁਗ ਧਾਰੇ ਭੇਖ, ਰੰਗ ਅਪਾਰਿਆ। ਕਲਜੁਗ ਮੇਟੇ ਅੰਤਮ ਰੇਖ, ਰਿਖੀ ਰਿਖੇਸ਼ਰ ਨਾ ਪਾਏ ਸਾਰਿਆ। ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਕੁਰਾਨ ਹਦੀਸ ਨਾ ਕੋਈ ਸੁਣਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਕਾਇਆ ਰੂਪ ਆਪਣਾ ਆਪ ਵਟਾ ਰਿਹਾ। ਕਾਇਆ ਰੂਪ ਅਪਾਰ, ਗੋਬਿੰਦ ਸ਼ਬਦ ਜਣਾਈਆ। ਹਰਿ ਜੋਤੀ ਨੂਰ ਅਪਾਰ, ਘਰ ਮੰਦਰ ਇਕ ਟਿਕਾਈਆ। ਦੋਹਾਂ ਮੇਲਾ ਇਕ ਦਵਾਰ, ਪਵਣ ਪਵਣ ਵਿਚ ਸਮਾਈਆ। ਛੱਤੀ ਰਾਗ ਨਾ ਪਾਇਣ ਸਾਰ, ਨਾਰ ਸੁਰਸਤੀ ਰਹੇ ਗਾਈਆ। ਬ੍ਰਹਮਾ ਲਿਖ ਲਿਖ ਥੱਕਿਆ ਚਾਰੇ ਵੇਦਾਂ, ਵੇਦ ਕਿਤੇਬਾਂ ਭੇਵ ਨਾ ਰਾਈਆ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਜੋਤ ਜਗਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਅਰਜਨ ਰੀਤਾ ਇਕ ਵਖਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਰਿਹਾ ਆਪ ਸਮਾਈਆ। ਆਪੇ ਗੁਪਤ ਆਪੇ ਜਾਹਿਰ, ਅਠਾਰਾਂ ਧਿਆਏ ਗੀਤਾ ਸ਼ਬਦ ਜਣਾਈਆ। ਕਲਜੁਗ ਤੇਰੀ ਵੇਖ ਵਿਚਾਰ, ਪ੍ਰਭ ਸਾਚੀ ਬਣਤ ਬਣਾਈਆ। ਸੰਗ ਰਲਾਇਆ ਮੁਹੰਮਦ ਯਾਰ, ਚਾਰ ਯਾਰਾਂ ਮਤਾ ਪਕਾਈਆ। ਮਿਲਿਆ ਵਰ ਸੱਚੇ ਦਰਬਾਰ, ਚੌਦਾਂ ਚੌਦਾਂ ਲੇਖ ਲਿਖਾਈਆ। ਨਾਨਕ ਆਇਆ ਦਰ ਦਵਾਰ, ਪ੍ਰਭ ਸਾਚੀ ਭਿਛਿਆ ਪਾਈਆ। ਏਕਾ ਰਸਨਾ ਰਿਹਾ ਉਚਾਰ, ਸਭ ਥਾਈਂ ਹੋਏ ਸਹਾਈਆ। ਗੁਣਵੰਤਾ ਗੁਣ ਰਿਹਾ ਵਿਚਾਰ, ਪੂਰਨ ਭਗਵੰਤਾ ਭੇਵ ਨਾ ਰਾਈਆ। ਸਾਧਾਂ ਸੰਤਾਂ ਦੇਵਣਹਾਰ, ਸ਼ਬਦ ਭੰਡਾਰਾ ਰਿਹਾ ਭਰਾਈਆ। ਪਾਇਆ ਦਰ ਨਰ ਨਿਰੰਕਾਰ, ਪਤ ਪਤਵੰਤਾ ਆਪ ਅਖਵਾਈਆ। ਸਾਚੀ ਸੇਜਾ ਸੁੱਤਾ ਨਾਲ ਪਿਆਰ, ਨਾਰੀ ਰੂਪ ਆਪ ਵਟਾਈਆ। ਸ਼ਾਹੋ ਭੂਪਾ ਸੁਹਾਏ ਬੰਕ ਦਵਾਰ, ਨਾਨਕ ਨਾਨਕ ਵਿਚ ਸਮਾਈਆ। ਬਿਨ ਰੰਗ ਰੂਪਾ ਆਪ ਕਰਤਾਰ, ਵੇਖ ਵਖਾਣੇ ਥਾਉਂ ਥਾਈਂਆ। ਧੁਨ ਨਾਦ ਨਾਦ ਧੁਨ ਪੰਚਮ ਘਰ ਪੰਚਮ ਬੋਲੇ, ਪੰਚਮ ਸ਼ਬਦ ਜਣਾਈਆ। ਆਦਿ ਅੰਤ ਕਦੇ ਨਾ ਡੋਲੇ, ਕੀਰਤਨ ਗਾਏ ਸਾਚੇ ਰਾਗ ਮਹੱਲੇ ਸੋਹਲੇ, ਗੌੜੀ ਪੌੜੀ ਆਪ ਗਵਾਈਆ। ਲੋਆਂ ਪੁਰੀਆਂ ਆਪੇ ਫੋਲੇ, ਨਰ ਹਰਿ ਵਸੇ ਸਦਾ ਕੋਲੇ, ਰਵ ਸਸ ਹੋਏ ਦਰ ਦਵਾਰੇ ਗੋਲੇ, ਬ੍ਰਹਮਾ ਸ਼ਿਵ ਦੇਵਤ ਸੁਰ ਦਰਸ਼ਨ ਰਹੇ ਪਾਈਆ। ਚਰਨ ਪ੍ਰੀਤੀ ਗਈ ਜੁੜ ਪ੍ਰ੍ਰਭ ਆਪ ਸੁਣਾਏ ਸਾਚੇ ਸੋਹਲੇ, ਤਾਰ ਸਿਤਾਰਾ ਰਿਹਾ ਵਜਾਈਆ। ਆਪੇ ਅੰਦਰ ਆਪੇ ਬਾਹਰ ਆਪੇ ਹਰਿ ਹਰਿ ਸ਼ਬਦੀ ਬੋਲੇ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਏਕਾ ਵਰ, ਸਾਚਾ ਨਾਉਂ ਜਗਤ ਗੁਰ ਮੰਤਰ ਨਾਮ ਸਤਿ ਵਰੋਲੇ, ਪੰਜ ਤਤ ਸ੍ਰਿਸ਼ਟੀ ਸਬਾਈ ਦੇਵੇ ਮਤ, ਏਕਾ ਰਾਹ ਜਣਾਈਆ। ਆਪੇ ਰੱਖਣਹਾਰਾ ਪੁਰਖ ਅਬਿਨਾਸ਼ੀ ਤੇਰੀ ਪੱਤ, ਆਤਮ ਬੀਜੇ ਬੀਜ ਏਕਾ ਵਤ, ਰਸਨਾ ਸੋਹੰ ਧਾਰਾ ਆਪ ਵਹਾਈਆ। ਕਲਜੁਗ ਅੰਤਮ ਲੱਖ ਚੁਰਾਸੀ ਬੰਨ੍ਹੇ ਨੱਤ, ਸਾਧਾਂ ਸੰਤਾਂ ਜੀਆਂ ਜੰਤਾਂ ਧੀਰਜ ਟੁੱਟੇ ਯਤ, ਆਪੇ ਜਾਣੇ ਮਿਤ ਗੱਤ, ਸਾਚਾ ਰਥ ਇਕ ਚਲਾਈਆ। ਜਗਤ ਚਲਾਏ ਮਹਿੰਮਾ ਅਕੱਥ, ਪਰਗਟ ਹੋਏ ਹਰਿ ਸਮਰਥ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਲੱਖ ਚੁਰਾਸੀ ਸ੍ਰਿਸ਼ਟ ਸਬਾਈ ਪਾਏ ਨੱਥ, ਡੋਰੀ ਆਪਣੇ ਹੱਥ ਰਖਾਈਆ। ਲੋਆਂ ਪੁਰੀਆਂ ਰਿਹਾ ਮਥ, ਗਗਨ ਪਤਾਲਾਂ ਕਰੇ ਸੱਥ, ਨਾ ਕੋਈ ਕਿਸੇ ਸਹਾਈਆ। ਗੁਰਮੁਖ ਵਿਰਲੇ ਜਗਤ ਵਸੂਰੇ ਜਾਇਣ ਲੱਥ, ਜੋ ਜਨ ਦਰ ਆਏ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਤੇਰੀ ਤੇਰਾਂ ਧਾਰ, ਸੰਮਤ ਤੇਰਾਂ ਰਿਹਾ ਚਲਾਈਆ। ਸੰਮਤ ਤੇਰਾਂ ਤੋਲਣ ਆਇਆ, ਹਰਿ ਸਾਚਾ ਤੋਲਣਹਾਰਾ। ਜਗਤ ਭੰਡਾਰਾ ਖੋਲ੍ਹਣ ਆਇਆ, ਆਦਿ ਅੰਤ ਏਕਾ ਏਕ ਏਕੰਕਾਰਾ। ਸ਼ਬਦ ਦੋ ਅੱੱਖਰ ਬੋਲਣ ਆਇਆ, ਚਹੁ ਅੱਖਰ ਤੇਰਾ ਪਾਰ ਕਿਨਾਰਾ। ਰੋੜੀ ਸੱਖਰ ਫੋਲਣ ਆਇਆ, ਸੰਗ ਰਲਾਇਆ ਮੁਹੰਮਦੀ ਯਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਗੰਮ ਅਪਾਰਾ। ਨਾਨਕ ਤੇਰਾ ਬੋਲ ਬੁਲਾਰਾ, ਰਸਨਾ ਤੋਲ ਤੁਲਾਇੰਦਾ। ਸ੍ਰਿਸ਼ਟ ਸਬਾਈ ਇਕ ਹੁਲਾਰਾ, ਆਪਣੀ ਹੱਥੀਂ ਆਪ ਦਵਾਇੰਦਾ। ਲੱਖ ਚੁਰਾਸੀ ਡੋਲੇ ਵਿਚ ਮੰਝਧਾਰਾ, ਗੁਰਮੁਖ ਵਿਰਲੇ ਪਾਰ ਕਰਾਇੰਦਾ। ਧਰਤ ਮਾਤ ਤੇਰਾ ਇਕ ਅਖਾੜਾ, ਸੰਮਤ ਪੰਦਰਾਂ ਨੀਂਹ ਰਖਾਇੰਦਾ। ਸੰਮਤ ਸੋਲਾਂ ਅਗੰਮੀ ਧਾੜਾ, ਚਾਰ ਕੁੰਟ ਆਪ ਉਠਾਇੰਦਾ। ਸੰਮਤ ਸਤਾਰਾਂ ਕੱਢੇ ਹਾੜਾ, ਸਰ ਅੰਮ੍ਰਿਤ ਥੇਹ ਕਰਾਇੰਦਾ। ਸੰਮਤ ਅਠਾਰਾਂ ਹੋਏ ਉਜਾੜਾ, ਜਲ ਧਾਰਾ ਰੂਪ ਸਮਾਇੰਦਾ। ਸੰਮਤ ਉਨੀਂ ਚੋਟੀ ਜਾਏ ਮੁੰਨੀ, ਨਾ ਕੋਈ ਦੀਸੇ ਮੁਸਲਮ ਸੁੰਨੀ, ਚਾਰ ਯਾਰਾਂ ਵਕਤ ਚੁਕਾਇੰਦਾ। ਬੀਸ ਬੀਸਾ ਵਡ ਗੁਣ ਗੁਣੀ, ਮੇਟ ਮਿਟਾਏ ਰਾਗ ਛਤੀਸਾ, ਨਾ ਕੋਈ ਗਾਏ ਕੁਰਾਨ ਹਦੀਸਾ, ਅੰਜ਼ੀਲ ਕੁਰਾਨ ਪੁਕਾਰ ਕਿਸੇ ਨਾ ਸੁਣੀ, ਬੀਸ ਇਕ ਇਕੀਸ ਛਤਰ ਝੁੱਲੇ ਪ੍ਰਭ ਸਾਚੇ ਸੀਸ, ਸ੍ਰਿਸ਼ਟ ਸਬਾਈ ਜਾਏ ਪੀਸ, ਆਪਣੇ ਰੰਗ ਸਮਾਇੰਦਾ। ਬੀਸ ਇਕ ਇਕੀਸਾ, ਹਰਿ ਜਗਦੀਸ਼ਾ ਵਿਚ ਸੰਸਾਰਿਆ। ਛਤਰ ਝੁਲਾਏ ਸਾਚੇ ਸੀਸਾ, ਨਰ ਨਰਾਇਣ ਹਰਿ ਅਵਤਾਰਿਆ। ਬੀਸ ਬੀਸਾ ਰਾਜ ਰਾਜਾਨਾ ਖਾਲੀ ਖੀਸਾ, ਦਰ ਦਰ ਫਿਰਨ ਹੋਏ ਭਿਖਾਰਿਆ। ਸੰਮਤ ਉਨੀ ਸ੍ਰਿਸ਼ਟ ਸਬਾਈ ਛਾਣੀ ਪੁਣੀ, ਚਾਰੋਂ ਕੁੰਟ ਹਾਹਾਕਾਰਿਆ। ਸੰਮਤ ਅਠਾਰਾਂ ਨਾਰੀ ਕੰਤ ਨਾ ਕੋਈ ਬਹਾਰਾ, ਮਾਵਾਂ ਪੁੱਤਰਾਂ ਸੰਗ ਤੁੜਾ ਲਿਆ। ਸੰਮਤ ਸਤਾਰਾਂ ਮਾਰਨ ਧਾਹਾਂ, ਕਲੂ ਕਾਲ ਕਸਾਈ ਰੂਪ ਵਟਾ ਰਿਹਾ। ਸੰਮਤ ਸੋਲਾਂ ਪ੍ਰਭ ਬਦਲੇ ਚੋਲਾ, ਚੋਜੀ ਆਪਣਾ ਚੋਜ ਵਰਤਾ ਰਿਹਾ। ਸੰਮਤ ਪੰਦਰਾਂ ਪ੍ਰਭ ਵੇਖੇ ਗੁਰਦਵਾਰੇ ਮੰਦਰ ਮਸੀਤਾਂ ਕਾਜੀ ਮੁਲਾ ਪੰਡਤ ਪਾਂਧੇ ਫੜ ਫੜ ਆਪ ਹਿਲਾ ਰਿਹਾ। ਸੰਮਤ ਚੌਦਾਂ ਚੌਦਾਂ ਹੱਟ ਗੁਰਮੁਖਾਂ ਪਹਿਨਾਏ ਤਨ ਸਾਚਾ ਪੱਟ, ਏਕਾ ਲਾਹਾ ਲੈਣ ਖੱਟ, ਦਰ ਦਵਾਰੇ ਦਰਸ਼ਨ ਪਾ ਰਿਹਾ। ਸੰਮਤ ਤੇਰਾਂ ਵੱਜਾ ਫੱਟ, ਸ੍ਰਿਸ਼ਟ ਸਬਾਈ ਖੇਲ ਬਾਜੀਗਰ ਨਟ, ਲੱਖ ਚੁਰਾਸੀ ਝੂਠੀ ਰਚਨ ਰਚਾ ਰਿਹਾ। ਕਲਜੁਗ ਤੇਰੀ ਅੰਤਮ ਚੱਠ, ਹਾੜ ਸਤਾਰਾਂ ਤਪਣਾ ਮੱਠ, ਵੇਲਾ ਅੰਤਮ ਅੰਤ ਲਿਖਾ ਰਿਹਾ। ਪੰਚਮ ਜੇਠ ਕਰੇ ਇਕੱਠ, ਗੁਰ ਸੰਗਤ ਦਰ ਦਵਾਰੇ ਆਏ ਨੱਠ, ਸੋਲਾਂ ਤੇਰੀ ਧਾਰ ਵਹਾ ਰਿਹਾ। ਉਚੇ ਮੰਦਰ ਜਾਣੇ ਢੱਠ, ਨਾ ਕੋਈ ਸ਼ਿਵਦਵਾਲਾ ਮੱਠ, ਗੁਰ ਪੀਰ ਨਾ ਕੋਇ ਬਚਾ ਰਿਹਾ। ਭੇਵ ਚੁੱਕੇ ਤੀਰਥ ਅਠ ਸਠ, ਗੰਗਾ ਗੋਦਾਵਰੀ ਕੋਇ ਨਾ ਨਹਾਵਣ ਨੁਹਾ ਰਿਹਾ। ਗੁਰਮੁਖ ਤੇਰਾ ਸਾਚਾ ਹੱਠ, ਗੁਰ ਚਰਨ ਪ੍ਰੀਤੀ ਇਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਦੇਵੇ ਅੰਤਮ ਵਰ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਕਲਜੁਗ ਲਹਿਣਾ ਸਾਚਾ ਲੈਣਾ, ਆਏ ਬੰਕ ਦਵਾਰਿਆ। ਜੂਠ ਝੂਠ ਪ੍ਰਭ ਪਾਏ ਗਹਿਣਾ, ਮਾਇਆ ਮਮਤਾ ਤਨ ਸ਼ਿੰਗਾਰਿਆ। ਖਾਲੀ ਠੂਠਾ ਅੰਤਮ ਰਹਿਣਾ, ਤਨ ਭਰਿਆ ਇਕ ਹੰਕਾਰਿਆ। ਦਰ ਦਵਾਰਿਉਂ ਰੂਠੇ ਰਹਿਣਾ, ਮਿਲਿਆ ਮੇਲ ਨਾ ਪੁਰਖ ਭਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਵੇਖੇ ਖੇਲ ਅਪਰ ਅਪਾਰਿਆ। ਕਲਜੁਗ ਬੰਕ ਦਵਾਰ, ਦਏ ਦੁਹਾਈਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਵੇਲਾ ਅੰਤਮ ਆਈਆ। ਗੁਰ ਗੋਬਿੰਦਾ ਬਣਿਆ ਲੇਖ ਲਿਖਾਰ, ਲੱਖ ਚਾਰ ਹਜ਼ਾਰ ਬੱਤੀ ਮੇਰਾ ਮੇਟ ਮਿਟਾਈਆ। ਨਾਤਾ ਤੁੱਟੇ ਜਗਤ ਯਾਰ, ਜੂਠਾ ਝੂਠਾ ਕੋਇ ਨਾ ਸੰਗ ਨਿਭਾਈਆ। ਏਕਾ ਮੇਲਾ ਮੁਹੰਮਦੀ ਯਾਰ, ਨਬੀ ਰਸੂਲਾਂ ਮਤਾ ਪਕਾਈਆ। ਸਦੀ ਚੌਧਵੀਂ ਖ਼ਬਰਦਾਰ, ਚੌਦਾਂ ਚੌਦਾਂ ਧਾਰ ਵਹਾਈਆ। ਚਾਰੋਂ ਕੁੰਟ ਹਾਹਾਕਾਰ, ਈਸਾ ਮੂਸਾ ਰਿਹਾ ਕੁਰਲਾਈਆ। ਆਪੇ ਕਰਨਹਾਰ ਕਰਤਾਰ, ਕਲਜੁਗ ਤੇਰੀ ਧਾਰ ਬੰਨ੍ਹਾਈਆ। ਲੱਖ ਚੁਰਾਸੀ ਛੱਡਣਾ ਪਏ ਪਿਆਰ, ਹੋਣੀ ਅੰਤ ਜੁਦਾਈਆ। ਰਾਏ ਧਰਮ ਹੋਇਆ ਖ਼ਬਰਦਾਰ, ਪ੍ਰਭ ਅੱਗੇ ਬੈਠਾ ਸੀਸ ਸੀਸ ਝੁਕਾਈਆ। ਚਿਤਰ ਗੁਪਤ ਵੇਖੇ ਖੋਲ੍ਹ ਹਿਸਾਬ, ਲਹਿਣਾ ਦੇਣਾ ਮੂਲ ਚੁਕਾਈਆ। ਪਰਗਟ ਹੋਏ ਹੱਕ ਜ਼ਨਾਬ, ਦੋ ਦੋ ਆਬਾ ਫੋਲ ਫੁਲਾਈਆ। ਆਪੇ ਜਾਣੇ ਪੁੰਨ ਸਵਾਬਾ, ਜੀਵ ਜੰਤ ਭੇਵ ਨਾ ਪਾਈਆ। ਸ੍ਰਿਸ਼ਟ ਸਬਾਈ ਏਕਾ ਖਵਾਬਾ, ਸੁਫਨੇ ਰੈਣ ਵਿਹਾਈਆ। ਸ਼ਬਦ ਘੋੜੇ ਦੇ ਰਕਾਬਾ, ਪ੍ਰਭ ਸੋਲਾਂ ਕਲੀਆਂ ਆਸਣ ਪਾਈਆ। ਕੋਈ ਨਾ ਝੱਲੇ ਮਾਤ ਤਾਬਾ, ਸ਼ਬਦ ਖੰਡਾ ਹੱਥ ਉਠਾਈਆ। ਗੁਰਮੁਖਾਂ ਅੰਮ੍ਰਿਤ ਬਖ਼ਸ਼ੇ ਨਾਭਾ, ਸਾਚੀ ਧਾਰਾ ਮੁਖ ਚੁਆਈਆ। ਮਨਮੁਖ ਜੀਵਾਂ ਦਏ ਅਜ਼ਾਬਾ, ਦੇਵਣਹਾਰ ਸਜ਼ਾਈਆ। ਵੇਖ ਵਖਾਣੇ ਮੱਕਾ ਕਾਅਬਾ, ਕੋਨਾ ਗੋਸ਼ਾ ਫੋਲ ਫੁਲਾਈਆ। ਮੁਖ ਰਖਾਏ ਇਕ ਨਕਾਬਾ, ਕਾਲਾ ਬਸਤਰ ਤਨ ਪਹਿਨਾਈਆ। ਨੂਰ ਅਲਾਹੀ ਬੇਪਰਵਾਹੀ ਪਰਗਟ ਹੋਵੇ ਸਚ ਨਵਾਬਾ, ਆਪੇ ਜਾਣੇ ਆਪਣੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਰੂਪ ਵਟਾਈਆ। ਕਲਜੁਗ ਸੋਹੇ ਬੰਕ ਦਵਾਰ, ਆਏ ਦਰ ਪਰਵਾਨਿਆ। ਪ੍ਰਭ ਪਾਏ ਫੂਲਣਹਾਰ, ਅੰਤਮ ਇਹ ਨਿਸ਼ਾਨੀਆ। ਚਾਰੋ ਕੁੰਟ ਹਾਹਾਕਾਰ, ਸ੍ਰਿਸ਼ਟ ਸਬਾਈ ਹੋਏ ਦੀਵਾਨਿਆ। ਘਰ ਘਰ ਰੋਵਣ ਧਾਹਾਂ ਮਾਰ, ਨਾ ਕੋਈ ਕਰੇ ਕਿਸੇ ਪਛਾਣਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਮਾਰ ਝਾਤ ਇਕ ਇਕਾਂਤ, ਏਕਾ ਤੀਰ ਮਾਰੇ ਸ਼ਬਦ ਸੱਚੀ ਕਾਨੀਆ। ਕਲਜੁਗ ਅੰਤਮ ਵਾਰ, ਅੰਤ ਉਦਾਸਿਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਅੰਤ ਵਸੇਰਾ ਦਿਸੇ ਪ੍ਰਭਾਸਿਆ। ਏਕਾ ਬਖ਼ਸ਼ੇ ਚਰਨ ਪਿਆਰ, ਘਰ ਸਾਚੇ ਕਰਨਾ ਵਾਸਿਆ। ਮਾਇਆ ਮਮਤਾ ਕਰੇ ਖੁਆਰ, ਜੀਵ ਜੰਤ ਮਦਿਰਾ ਮਾਸਿਆ। ਕੋਈ ਨਾ ਦੀਸੇ ਮਾਤ ਸਹਾਰ, ਭਰਮੇ ਭੁੱਲੇ ਪੰਡਤ ਕਾਸ਼ੀਆ। ਗ੍ਰੰਥੀ ਪੰਥੀ ਗਏ ਹਾਰ, ਦਸ ਦਸਮੇਸ਼ ਨਾ ਗਾਇਆ ਸਵਾਸਿਆ। ਮੁੱਲਾ ਸ਼ੇਖ਼ਾਂ ਪਏ ਮਾਰ, ਵੇਖ ਵਖਾਣੇ ਪ੍ਰਿਥਮੀ ਆਕਾਸ਼ਿਆ। ਪੰਚਾਂ ਤਤਾਂ ਜਗਤ ਪਿਆਰ, ਲੋਭ ਮੋਹ ਪਈ ਗਲ ਫਾਸਿਆ। ਗੁਰ ਪੀਰ ਨਾ ਦੇਵੇ ਕੋਈ ਸਹਾਰ, ਗੁਰ ਮੰਦਰ ਅੰਦਰ ਘਰ ਘਰ ਕਰੇ ਹਾਸਿਆ। ਧਰਤ ਮਾਤ ਦਰ ਕਰੇ ਪਿਆਰ, ਹਰਿ ਸਾਜਨ ਸਾਚਾ ਸ਼ਾਹੋ ਸ਼ਾਬਾਸਿਆ। ਲਜ ਪਤ ਤੇਰੀ ਹੋਏ ਖੁਆਰ, ਘਰ ਸਾਚੇ ਕੋਈ ਨਾ ਦਿਸੇ ਦਾਸਿਆ। ਵੇਲਾ ਅੰਤਮ ਲਏ ਅਵਤਾਰ, ਕਿਰਪਾ ਕਰ ਘਨਕ ਪੁਰ ਵਾਸਿਆ। ਸ਼ਬਦ ਖੰਡਾ ਫੜ ਕਟਾਰ, ਮਾਰੀ ਜਾਏ ਵਾਰੋ ਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਿਰਲੇ ਚਰਨ ਲਗਾਏ, ਅੰਤ ਚਲਾਏ ਸ਼ਬਦ ਸਵਾਸਿਆ। ਖੰਡ ਬ੍ਰਹਿਮੰਡ ਸ਼ਬਦ ਪ੍ਰਭ ਧਾਰ, ਜੁਗ ਜੁਗ ਆਪ ਰਖਾਈਆ। ਲੱਖ ਚੁਰਾਸੀ ਵੰਡ ਜੇਰਜ ਅੰਡ, ਉਤਭੁਜ ਸੇਤਜ ਆਪ ਕਰਾਈਆ। ਨੌ ਦਵਾਰੇ ਖੰਡ ਖੰਡ, ਪੰਚਮ ਪੰਚਾਂ ਵੱਢੇ ਕੰਡ, ਨਾਮ ਗੰਢ ਪੱਲੇ ਹਰਿ ਬੰਧਾਈਆ। ਆਪਣੀ ਹੱਥੀਂ ਰਿਹਾ ਵੰਡ, ਦੇਵੇ ਸ਼ਬਦ ਸਚ ਪਰਚੰਡ, ਨਾਮ ਗਾਤਰਾ ਤਨ ਮਿਆਨ ਟਿਕਾਈਆ। ਕਲਜੁਗ ਔਧ ਗਈ ਹੰਢ, ਕੋਈ ਭੇਵ ਨਾ ਪਾਏ ਵੇਦ ਸ਼ਾਸਤਰਾਂ ਪੜ੍ਹ ਪੜ੍ਹ ਥੱਕੀ ਲੋਕਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਜੋਤੀ ਨੂਰ ਹਰਿ ਵਰਭੰਡ, ਲੇਖ ਚੁਕਾਏ ਅਠ ਸਠ ਤੀਰਥ ਯਾਤਰਾ ਚਰਨ ਨਾਤਰਾ ਇਕ ਬੰਧਾਈਆ। ਉਲਟੀ ਗੇੜੇ ਆਪੇ ਲੱਠ, ਕਲਜੁਗ ਮਾਇਆ ਪਾਏ ਭੱਠ, ਅਗਨੀ ਜੋਤੀ ਤਾਏ ਮੱਠ, ਮੋਹ ਮਮਤਾ ਲੰਬੂ ਆਪਣੀ ਹੱਥੀਂ ਲਾਈਆ। ਜੋਤੀ ਸ਼ਬਦੀ ਇਕ ਇਕੱਠ, ਸਤਿ ਸੰਤੋਖੀ ਨਾਲ ਰਲਾਏ ਹੱਠ, ਸੰਮਤ ਪੰਦਰਾਂ ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰਾ, ਕੋਲੰਬੂ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੀਪ ਜੰਬੂ ਕਰੇ ਰੁਸ਼ਨਾਈਆ। ਚਰਨ ਛੁਹਾਏ ਹਰਿ ਕੋਲੰਬੂ, ਰਾਵਣ ਗੜ੍ਹ ਅਪਾਰਿਆ। ਲੇਖ ਚੁਕਾਏ ਸ਼ੰਕਰ ਸ਼ਿਵ ਸ਼ੰਭੂ, ਗਣੇਸ਼ ਗਣੇਸ਼ਾ ਪੂਤ ਸਪੂਤਾ ਵਾਰਿਆ। ਚਾਰ ਦਿਵਾਰੀ ਸ਼ਬਦ ਕਨਾਤ ਸੋਹੰ ਲਾਏ ਏਕਾ ਤੰਬੂ, ਦਰ ਦਰਵਾਜ਼ਾ ਇਕ ਖੁਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਵਟਾ ਰਿਹਾ। ਪੰਦਰਾਂ ਪੰਧ ਮੁਕਾਵਣ ਆਇਆ, ਕਲਜੁਗ ਕਲ ਦੁਹਾਈ। ਮਦਿਰਾ ਮਾਸ ਗੰਦ ਗਵਾਵਣ ਆਇਆ, ਕਲਜੁਗ ਝੂਠੀ ਮਿਟੇ ਸ਼ਾਹੀ। ਸਤਿਜੁਗ ਸਾਚਾ ਚੰਦ ਚੜ੍ਹਾਵਣ ਆਇਆ, ਹਰਿ ਦਾਤਾ ਬੇਪਰਵਾਹੀ। ਜਗਤ ਨਾਤਾ ਤੋੜ ਤੁੜਾਵਣ ਆਇਆ, ਮਨਮੁਖ ਭੁੱਲੇ ਝੂਠੇ ਰਾਹੀ। ਗੁਰਮੁਖ ਸਾਚੇ ਜੋੜ ਜੁੜਾਵਣ ਆਇਆ, ਗਲੋਂ ਕਟੇ ਜਮ ਕੀ ਫਾਹੀ। ਸ਼ਬਦ ਘੋੜੇ ਤੋੜ ਚੜ੍ਹਾਵਣ ਆਇਆ, ਹੋਏ ਸਹਾਏ ਥਾਉਂ ਥਾਈਂ। ਵਾਗਾਂ ਮੋੜ ਗੁਰਸਿਖ ਸੁਹੇਲੇ ਲੋਕਮਾਤ ਮੁੜਾਵਣ ਆਇਆ, ਦੂਸਰ ਕੋਇ ਜਾਣੇ ਨਾਹੀ। ਜਗਤ ਵਿਛੋੜਾ ਆਪ ਵਿਛੋੜਨ ਆਇਆ, ਦਰ ਘਰ ਸਾਚੇ ਆਪ ਬਹਾਏ ਫੜ ਫੜ ਬਾਂਹੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦਾ ਸੁਹੇਲਾ ਦੇਵੇ ਠੰਡੀਆਂ ਛਾਂਈ। ਪੰਦਰਾਂ ਪੰਧ ਕਰੇ ਪਾਂਧੀ, ਦਿਵਸ ਰੈਣ ਇਕੱਲਾ। ਜਗਤ ਘੋੜਾ ਬਣਿਆ ਗਾਂਧੀ, ਪੁਰੀ ਇੰਦ ਮਿਲਿਆ ਇਕ ਮਹੱਲਾ। ਕਰੋੜ ਤੇਤੀਸ ਚਰਨ ਬਾਂਧੀ, ਹਰਿ ਸ਼ਬਦ ਫੜਾਏ ਪੱਲਾ। ਸ੍ਰਿਸ਼ਟ ਸਬਾਈ ਕਲਜੁਗ ਆਂਧੀ, ਅੰਤਮ ਵਹਿਣ ਵਹਾਏ ਜਲ ਥਲਾ। ਕਿਸੇ ਹੱਥ ਨਾ ਆਏ ਸੋਨਾ ਚਾਂਦੀ, ਨਾ ਕੋਈ ਪੀਵੇ ਠੰਡਾ ਜਲਾ। ਜੋਤੀ ਜੋਤ ਸਰੂਪ ਹਰਿ, ਇਕ ਚਲਾਏ ਸ਼ਬਦ ਆਂਧੀ, ਕਲਜੁਗ ਵਰਤੇ ਆਪਣੀ ਕਲਾ। ਕਲਜੁਗ ਤੇਰੀ ਕਲ, ਲੇਖ ਕਿਸੇ ਨਾ ਲਿਖਿਆ। ਲੱਖ ਚੁਰਾਸੀ ਵਲ ਛਲ, ਸਾਚੀ ਮਿਲੇ ਨਾ ਨਾਮ ਭਿਖਿਆ। ਸਾਚਾ ਮੇਲਾ ਗੋਬਿੰਦ ਡਲ ਡੱਲਾ, ਗੋਬਿੰਦ ਸਾਚਾ ਲੇਖ ਲਿਖਿਆ। ਸ਼ਬਦ ਸੁਨੇਹੜਾ ਰਿਹਾ ਘਲ, ਸ੍ਰਿਸ਼ਟ ਸਬਾਈ ਅੰਤਮ ਮਿਥਿਆ। ਚਰਨ ਛੁਹਾਏ ਉਪਰ ਥਲ, ਲੋਕਮਾਤ ਲਗਾਏ ਸਾਚੀ ਮੇਖਿਆ। ਸੰਮਤ ਚੌਦਾਂ ਆਪ ਬਣਾਏ ਨਿਹਚਲ ਧਾਮ ਅਟੱਲ, ਤ੍ਰੈਗੁਣ ਮਾਇਆ ਤੇਰਾ ਮਿਟੇ ਸੱਲਿਆ। ਸ਼ਬਦ ਸਰੂਪੀ ਸ੍ਰਿਸ਼ਟ ਸਬਾਈ ਆਪ ਚਲਾਏ ਏਕਾ ਹੱਲ, ਗੁਰਮੁਖ ਚੜ੍ਹਾਏ ਸੋਹੰ ਸਾਚੇ ਰਥਿਆ। ਲੱਖ ਚੁਰਾਸੀ ਮਨਮੁਖ ਜੀਵਾਂ ਲਾਹੇ ਖੱਲ, ਨਾਮ ਮਧਾਣੀ ਆਪੇ ਮਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਚਲਾਏ ਆਪਣੀ ਗਾਥਿਆ।

Leave a Reply

This site uses Akismet to reduce spam. Learn how your comment data is processed.