ਪਹਿਲੀ ਕੱਤਕ ੨੦੧੩ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਤੋਂ ਈਰਾਨ ਦੇ ਬਾਦਸ਼ਾਹ ਨੂੰ ਸ਼ਬਦ ਲਿਖ ਕੇ ਭੇਜਿਆ
ਸ਼ਾਹ ਈਰਾਨ ਜਗਤ ਦੁਰਾਨੀ, ਹਰਿ ਜੋਤੀ ਨੂਰ ਸਵਾਇਆ। ਏਕਾ ਦੇਵੇ ਸ਼ਬਦ ਨਿਸ਼ਾਨੀ, ਤੂਰਤ ਤੂਰ ਨਾਮ ਰਖਾਇਆ। ਨਾਲ ਰਲਾਏ ਅੱਲਾ ਰਾਣੀ, ਅਲ੍ਹਾ ਹੂ ਨਾਅਰਾ ਲਾਇਆ। ਆਬ ਹਯਾਤ ਨਾ ਮਿਲੇ ਪਾਣੀ, ਬੇ ਬੇਆਬਾ ਰਿਹਾ ਤਰਸਾਇਆ। ਮੱਕਾ ਕਾਅਬਾ ਹੋਏ ਵੈਰਾਨੀ, ਦੋ ਦੋ ਆਬਾ ਦਿਸ ਨਾ ਆਇਆ। ਹੱਕ ਜ਼ਨਾਬਾ ਮੇਟ ਮਿਟਾਏ ਜੀਵ ਸ਼ੈਤਾਨੀ, ਪੁੰਨ ਸਵਾਬ ਨਾ ਕੋਇ ਜਣਾਇਆ। ਚਰਨ ਘੋੜੇ ਦੇ ਰਕਾਬਾ, ਆਪਣਾ ਰੂਪ ਵਟਾਇਆ। ਸ਼ਬਦ ਸ਼ਸਤਰ ਬਸਤਰ ਤਨ ਮੁਖ ਨਕਾਬਾ, ਅਗੈਬ ਅਗੈਬੀ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਇਆ। ਸ਼ਾਹ ਈਰਾਨ ਅੰਤ ਵੈਰਾਨ, ਹੋਣੀ ਮਾਤ ਜੁਦਾਈਆ। ਸੰਮਤ ਅਠਾਰਾਂ ਇਕ ਤੁਫਾਨ, ਉਚੇ ਟਿੱਲੇ ਰਿਹਾ ਵਹਾਈਆ। ਮਹਿਬਾਨ ਬੀਦੋ ਬੀ ਖੈਰੀਆ ਅਲ੍ਹਾ, ਅਲਾਹੀ ਨੂਰ ਦਿਸ ਨਾ ਆਈਆ। ਸੰਗ ਮੁਹੰਮਦ ਚਾਰ ਯਾਰ ਇਕ ਇਕੱਲਾ ਆਪੇ ਵੇਖੇ ਜਲ ਥਲਾ, ਉਜਾੜ ਪਹਾੜ ਜੰਗਲ ਜੂਹ ਦਏ ਦੁਹਾਈਆ। ਅਹਿਮਦ ਮੁਹਮੰਦ ਖ਼ਬਰਦਾਰ, ਐਲੀ ਸ਼ਾਹ ਸੁਣੇ ਪੁਕਾਰ, ਨਬੀ ਰਸੂਲਾਂ ਆਈ ਹਾਰ, ਪੀਰ ਮੁਸਾਇਕ ਗੌਂਸ ਸ਼ੇਖ਼ ਕੁਤਬ ਅੰਤਮ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਰਿਹਾ ਘਲਾਈਆ। ਅਵਲ ਔਲੀਆ ਹੱਕ ਬਹੱਕ, ਹਕੀਕਤ ਜਾਨੀ ਜਾਨਿਆ। ਦੀਨ ਮੁਹੰਮਦੀ ਰਿਹਾ ਤੱਕ, ਪੀਰ ਪੈਗ਼ੰਬਰ ਇਕ ਨਿਸ਼ਾਨਿਆ। ਦਿਸ ਨਾ ਆਏ ਮੂੰਹ ਹੱਥ ਨੱਕ, ਕਾਲਾ ਸੂਸਾ ਤਨ ਪਹਿਨਾਨਿਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਅਹਿਨਲ ਹੱਕ, ਕਲਜੁਗ ਅੰਤਮ ਹੱਕ ਹੱਕ ਕਰੇ ਕੁਰਬਾਨਿਆ। ਅਹਿਨਲ ਹੱਕ ਸ਼ਾਹ ਰਫੀਕ, ਤੌਫੀਕ ਖ਼ੁਦੀ ਖ਼ੁਦਾਈ ਨਾ। ਕਲਜੁਗ ਬੂਟਾ ਗਿਆ ਪੱਕ, ਫਲ ਸਾਚਾ ਕੋਇ ਖਵਾਈ ਨਾ। ਏਕਾ ਸ਼ਬਦ ਨਕੇਲ ਪਾਏ ਨੱਕ, ਕੋਈ ਸਕੇ ਮਾਤ ਤੁੜਾਈ ਨਾ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖੇ ਖੇਲ ਹਰ ਘਟ ਥਾਈਂ, ਲੁਕਿਆ ਰਹਿਣ ਕੋਈ ਪਾਈ ਨਾ। ਵਾਹਿਦ ਖ਼ੁਦਾ ਬੇਐਬ ਪਰਵਰਦਿਗਾਰ ਨਿਹਕਾਮੀ। ਹੋਏ ਜੁਦਾ ਕਰਾਏ ਸਦਾ, ਖੇਲੇ ਖੇਲ ਜਗਤ ਦੁਰਾਨੀ। ਜਗਾਏ ਨਾਮ ਸਦਾ, ਕਰਨਾ ਹੱਕ ਅਦਾ, ਚਰਨ ਸਰਨ ਸੱਚੀ ਕੁਰਬਾਨੀ। ਆਬਹਯਾਤ ਮਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣ ਆਏ ਦਇਆ ਕਮਾਏ ਧੁਰਦਰਗਾਹੀ ਇਕ ਨਿਸ਼ਾਨੀ। ਇਕ ਨਿਸ਼ਾਨਾ ਇਕ ਫ਼ਰਮਾਣਾ, ਏਕਾ ਨਾਮ ਹਜ਼ੂਰੀ ਦਾ। ਏਕਾ ਤੀਰ ਇਕ ਕਮਾਨਾ, ਏਕਾ ਨੂਰ ਕੋਹਤੂਰੀ ਦਾ। ਏਕਾ ਨਾਮ ਇਕ ਨਿਧਾਨਾ, ਏਕਾ ਪਿਆਲਾ ਸਬਰ ਸਬੂਰੀ ਦਾ। ਏਕਾ ਸ਼ਬਦ ਏਕਾ ਗਾਨਾ, ਮਿਲੇ ਮੇਲ ਸ੍ਰੀ ਭਗਵਾਨਾ, ਤੁੱਟੇ ਗੜ੍ਹ ਹੰਕਾਰ ਗ਼ਰੂਰੀ ਦਾ। ਨਾ ਕੋਈ ਰਾਜ ਰਾਜਾਨਾ, ਨਾ ਕੋਈ ਸ਼ਾਹ ਜਗਤ ਸੁਲਤਾਨਾਂ, ਜੂਠਾ ਝੂਠਾ ਜੀਵ ਜਹਾਨਾਂ, ਅੰਤ ਲਹਿਣਾ ਦੇਣਾ ਕੂੜੋ ਕੂੜੀ ਦਾ। ਹੱਕ ਖ਼ੁਦਾਏ ਜਿਸ ਪਛਾਨਾ, ਰਹਿਮਤ ਰਹਿਮਾਨ ਆਪ ਕਰੇ ਜਿਸ ਹੋਏ ਮਿਹਰਵਾਨਾ, ਲੇਖਾ ਚੁੱਕੇ ਨੇੜ ਦੂਰੀ ਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖੇ ਖੇਲ ਦਰ ਦਰ ਘਰ ਘਰ ਮੂਰਖ ਚਤਰ ਸੁਘੜ ਮੂੜ੍ਹੀ ਦਾ।