Granth 06 Likhat 072: 10 Chet 2014 Bikarmi Harbans Singh de Greh 21 Parivaran da Ikath hoyea Pind Ajnaudh Jila Ludhiana

੧੦ ਚੇਤ ੨੦੧੪ ਬਿਕ੍ਰਮੀ ਹਰਬੰਸ ਸਿੰਘ ਦੇ ਗ੍ਰਹਿ ਇੱਕੀ ਪਰਿਵਾਰਾਂ ਦਾ ਇਕੱਠ ਹੋਇਆ ਪਿੰਡ ਅਜਨੌਧ ਜ਼ਿਲਾ ਲੁਧਿਆਣਾ

ਜੁਗ ਜੁਗ ਮਾਣ ਨਿਮਾਣਿਆਂ, ਦੇਵਣਹਾਰ ਦਾਤਾਰ। ਚਲੇ ਚਲਾਏ ਆਪਣੇ ਭਾਣਿਆ, ਵਰਤੇ ਵਰਤਾਵੇ ਵਿਚ ਸੰਸਾਰ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਭਰਮੇ ਭੁੱਲੇ ਜੀਵ ਗਵਾਰ। ਜਨ ਭਗਤਾਂ ਕਰੇ ਆਪ ਪਛਾਣਿਆ, ਪਾਰਬ੍ਰਹਮ ਪ੍ਰਭ ਪਾਏ ਸਾਰ। ਏਕਾ ਬਖ਼ਸ਼ੇ ਜੀਆ ਦਾਨਿਆ, ਸਾਚਾ ਧਰਮ ਵਿਚਾਰ। ਨਾਮ ਨਿਧਾਨਾ ਦੇਵੇ ਗੁਣ ਨਿਧਾਨਿਆ, ਪੂਰਬ ਕਰਮ ਵਿਚਾਰ। ਦਰ ਦਵਾਰ ਕਰੇ ਪਰਵਾਨਿਆ, ਆਪ ਆਪਣੀ ਕਿਰਪਾ ਧਾਰ, ਦਰ ਘਰ ਸਾਚਾ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫੜ ਬਾਂਹੋ ਲਾਏ ਪਾਰ। ਗੁਰਮੁਖ ਸਾਚਾ ਬਾਲ ਅੰਞਾਣਾ, ਪ੍ਰਭ ਸਾਚਾ ਆਪਣੀ ਗੋਦ ਉਠਾਇੰਦਾ। ਕਿਸੇ ਹੱਥ ਨਾ ਆਏ ਰਾਜੇ ਰਾਣਾ, ਭਰਮੇ ਭੁੱਲੇ ਭਰਮ ਭੁਲਾਇੰਦਾ। ਦਰ ਦਵਾਰੇ ਦੇਵੇ ਮਾਣਾ, ਹੋਏ ਨਿਮਾਣਾ ਜੋ ਸੀਸ ਝੁਕਾਇੰਦਾ। ਸ਼ਬਦ ਬਿਠਾਏ ਸਚ ਬਿਬਾਣਾ, ਪੁਰੀਆਂ ਲੋਆਂ ਆਪ ਉਡਾਇੰਦਾ। ਅੰਮ੍ਰਿਤ ਆਤਮ ਪੀਣਾ ਖਾਣਾ, ਸਾਚਾ ਰਾਗ ਅਲਾਇੰਦਾ। ਧੁਰਦਰਗਾਹੀ ਇਕ ਫ਼ਰਮਾਣਾ, ਜੁਗ ਜੁਗ ਮਾਤ ਸੁਣਾਇੰਦਾ। ਭਗਤ ਜਨਾਂ ਦਰ ਕਰ ਪਰਵਾਨਾ, ਆਪਣੀ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਪਾਰ ਕਰਾਇੰਦਾ। ਹਰਿਜਨ ਸਾਚਾ ਸਾਜਣ ਮੀਤਾ, ਹਰਿ ਏਕਾ ਏਕ ਰਖਾਇਆ। ਜੁਗ ਜੁਗ ਚਲਾਏ ਅਚਰਜ ਰੀਤਾ, ਆਪ ਆਪਣੇ ਰੰਗ ਰੰਗਾਇਆ। ਇਕ ਸੁਣਾਏ ਸੁਹਾਗੀ ਗੀਤਾ, ਸਾਚਾ ਛੰਦ ਸੁਣਾਇਆ। ਇਕ ਕਰਾਏ ਹਸਤ ਕੀਟਾ, ਊਚੋ ਨੀਚ ਕਰਾਇਆ। ਦੇਵੇ ਸ਼ਬਦ ਨਾਮ ਅਨਡੀਠਾ, ਅੰਤਮ ਝੋਲੀ ਰਿਹਾ ਪਾਇਆ। ਮਨਮੁਖ ਵੇਖੇ ਕੌੜਾ ਰੀਠਾ, ਗੜ੍ਹ ਹੰਕਾਰ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਸਾਚਾ ਮੇਲਾ ਹਰਿ ਬਨਵਾਰੀ, ਆਪਣਾ ਆਪ ਕਰਾਇੰਦਾ। ਭਗਤ ਜਨਾਂ ਸਦ ਪਹਿਰੇਦਾਰੀ, ਦਿਵਸ ਰੈਣ ਅਖਵਾਇੰਦਾ। ਕਲਜੁਗ ਤੇਰੀ ਅੰਤਮ ਵਾਰੀ, ਆਪ ਆਪਣਾ ਰੰਗ ਰੰਗਾਇੰਦਾ। ਖੇਲੇ ਖੇਲ ਵਡ ਸੰਸਾਰੀ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵਸਿਆ ਘਰ, ਘਰ ਬਾਹਰੀ ਇਕ ਅਖਵਾਇੰਦਾ। ਗੁਰਮੁਖ ਚਤਰ ਸੁਜਾਨ, ਏਕਾ ਏਕ ਅਖਵਾਇਆ। ਆਤਮ ਜੋਤੀ ਬ੍ਰਹਮ ਗਿਆਨ, ਦੀਪਕ ਏਕਾ ਸ਼ਬਦ ਜਗਾਇਆ। ਸ਼ਬਦ ਫੜਾਏ ਧਰਮ ਨਿਸ਼ਾਨ, ਚਾਰੇ ਕੁੰਟਾਂ ਰਿਹਾ ਵਖਾਇਆ। ਊਚ ਨੀਚ ਰਾਓ ਰੰਕ ਸ਼ਾਹ ਸੁਲਤਾਨ, ਏਕਾ ਦੂਜਾ ਭੇਵ ਚੁਕਾਇਆ। ਜੋਧਾ ਸੂਰ ਬਲੀ ਬਲਵਾਨ, ਹਰਿ ਵੱਡਾ ਸ਼ਾਹੋ ਭੂਪ ਆਪ ਅਖਵਾਇਆ। ਜਨ ਭਗਤਾਂ ਦੇਵੇ ਨਾਮ ਨਿਧਾਨ, ਅੰਮ੍ਰਿਤ ਆਤਮ ਇਕ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਤਮ ਘਰ, ਘਰ ਬਾਹਰ ਇਕ ਸੁਹਾਇਆ। ਗੁਰਸਿਖ ਤੇਰੀ ਆਤਮ ਸਿੱਕ, ਹਰਿ ਸਾਚਾ ਆਪ ਬੁਝਾਇੰਦਾ। ਧੁਰਦਰਗਾਹੀ ਲੇਖ ਲਿਖ, ਅੰਤਮ ਮੇਲ ਮਿਲਾਇੰਦਾ। ਨੇਤਰ ਲੋਚਨ ਆਪੇ ਪੇਖ, ਦਰ ਦਵਾਰ ਅੰਤ ਸੁਹਾਇੰਦਾ। ਮਸਤਕ ਲਾਏ ਸਾਚੀ ਮੇਖ, ਨਾ ਕੋਈ ਜੜ੍ਹ ਉਖੜਾਇੰਦਾ। ਦੂਈ ਦਵੈਤੀ ਲਾਹੇ ਵਿੱਖ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਸਗਲਾ ਸਾਥ, ਏਕਾ ਏਕ ਰਖਾਇਆ। ਮਸਤਕ ਲਹਿਣਾ ਦੇਵੇ ਮਾਥ, ਜੁਗ ਜੁਗ ਮੂਲ ਚੁਕਾਇਆ। ਨਾਮ ਚੜ੍ਹਾਏ ਸਾਚੇ ਰਾਥ, ਰਥ ਰਥਵਾਹੀ ਆਪ ਅਖਵਾਇਆ। ਮਿਲਿਆ ਮੇਲ ਤ੍ਰੈਲੋਕੀ ਨਾਥ, ਵਿਛੜ ਕਦੇ ਨਾ ਜਾਇਆ। ਸ਼ਬਦ ਚਲਾਏ ਮਹਿੰਮਾ ਅਕੱਥ, ਜਿਹਵਾ ਕਥ ਨਾ ਸਕੇ ਰਾਇਆ। ਸਗਲ ਵਸੂਰੇ ਜਾਇਣ ਲੱਥ, ਆਤਮ ਦਰਸੀ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਗਰੀਬ ਨਿਮਾਣਾ ਗਲੇ ਲਗਾਇਆ। ਗੁਰਮੁਖ ਸਾਚੇ ਸਾਚਾ ਹਿਤ, ਹਰਿ ਸਾਚਾ ਆਪ ਕਰਾਇਆ। ਦੋ ਜਹਾਨਾਂ ਸਾਚਾ ਮਿਤ, ਏਕਾ ਏਕ ਅਖਵਾਇਆ। ਦਰਸ ਦਿਖਾਏ ਨਿਤ ਨਵਿਤ, ਆਪਣਾ ਭੇਖ ਵਟਾਇਆ। ਲੇਖੇ ਲਾਏ ਬੂੰਦ ਰਿਤ, ਮਾਨਸ ਦੇਹੀ ਲੇਖੇ ਲਾਇਆ। ਪਾਰਬ੍ਰਹਮ ਪ੍ਰਭ ਦਸ ਚੇਤ, ਚਿਤ ਵਿਤ ਨਾ ਠਗੋਰੀ ਪਾਇਆ। ਅੰਮ੍ਰਿਤ ਆਤਮ ਕਾਇਆ ਸਿਤ, ਹਰਿ ਹਰਿ ਹਵਨ ਰਿਹਾ ਕਰਾਇਆ। ਆਪੇ ਮਾਤ ਆਪੇ ਪਿਤ, ਆਪਣੀ ਗੋਦ ਉਠਾਇਆ। ਆਪੇ ਜਾਣੇ ਵਾਰ ਥਿਤ, ਗੁਰਮੁਖ ਸਾਚੇ ਲਏ ਤਰਾਇਆ। ਧੰਨ ਭਾਗ ਦਿਹਾੜਾ ਮਹੀਨਾ ਚੇਤ, ਦਸ ਦਸਵਾਂ ਦਸ ਘਰ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਆਤਮ ਤ੍ਰਿਸ਼ਨਾ ਭੁੱਖ ਮਿਟਾਇਆ। ਗੁਰਮੁਖ ਸਾਚੇ ਸਦ ਬਲਿਹਾਰ, ਹਰਿ ਸਾਚੀ ਸੇਵ ਕਮਾਈਆ। ਦੋ ਜਹਾਨਾਂ ਲਾਏ ਪਾਰ, ਬੇੜਾ ਬੰਨੇ ਲਾਈਆ। ਮਨਮੁਖ ਜੀਵ ਡੋਬੇ ਵਿਚ ਮੰਝਧਾਰ, ਕਲਜੁਗ ਕੂਕੇ ਦਏ ਦੁਹਾਈਆ। ਮੀਤ ਮੁਰਾਰ ਸਾਕ ਸੱਜਣ ਮਾਤ ਪਿਤ ਭਾਈ ਭੈਣ ਕੋਇ ਨਾ ਸੰਗ ਨਿਭਾਈਆ। ਜੂਠੇ ਝੂਠੇ ਜੀਵ ਗਵਾਰ, ਖਾਲੀ ਠੂਠੇ ਹੱਥ ਫੜਾਈਆ। ਮਾਇਆ ਰੂਠੇ ਵਿਚ ਸੰਸਾਰ, ਭੇਵ ਕੋਈ ਨਾ ਪਾਈਆ। ਭਗਤ ਜਨਾਂ ਹਰਿ ਸਾਚਾ ਤੁੱਠੇ, ਅਤੁਟ ਭੰਡਾਰ ਰਖਾਈਆ। ਆਪ ਬੰਧਾਏ ਏਕਾ ਮੁੱਠੇ, ਗੁਰ ਸੰਗਤ ਪੈਜ ਰਖਾਈਆ। ਚਰਨ ਦਵਾਰੇ ਚਰਨੋਧਕ ਰਸ ਸਾਚਾ ਲੁੱਟੇ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਹੋਏ ਪਰਕਾਸ਼ ਦਹਿ ਦਿਸ਼ਾ ਚਾਰ ਕੂਟੇ, ਲੋਆਂ ਪੁਰੀਆਂ ਆਪ ਕਰਾਈਆ। ਸਤਿਜੁਗ ਲਗਾਏ ਸਾਚੇ ਬੂਟੇ, ਫਲ ਫੁਲਵਾੜੀ ਆਪ ਰਖਾਈਆ। ਸੋਹੰ ਸ਼ਬਦ ਹੁਲਾਰਾ ਦੇਵੇ ਝੂਟੇ, ਦੋ ਜਹਾਨਾਂ ਪਾਰ ਕਰਾਈਆ। ਜੁਗਾਂ ਜੁਗਾਂ ਦੇ ਵਿਛੜੇ ਰੂਠੇ, ਕਲਜੁਗ ਅੰਤਮ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਵਸਿਆ ਤੇਰੇ ਘਰ, ਦਰ ਦਵਾਰ ਬੰਕ ਸੁਹਾਈਆ। ਗੁਰਮੁਖ ਸਾਚੇ ਚਰਨ ਪਿਆਰ, ਏਕਾ ਏਕ ਰਖਾਇਆ। ਆਪ ਆਪਣਾ ਕਰ ਅਧਾਰ, ਏਕਾ ਨਾਉਂ ਜਣਾਇਆ। ਸੰਗੀ ਸਾਥੀ ਮੀਤ ਮੁਰਾਰ, ਸਗਲਾ ਸਾਥ ਤਜਾਇਆ। ਗੁਰ ਸੰਗਤ ਇਕ ਵਿਹਾਰ, ਇਕ ਦਵਾਰ ਸੁਹਾਇਆ। ਨਾਮ ਰੰਗਤ ਤਨ ਸ਼ਿੰਗਾਰ, ਕਾਇਆ ਚੋਲੀ ਆਪ ਚੜ੍ਹਾਇਆ। ਜਿਉਂ ਨਾਨਕ ਅੰਗਦ ਪਹਿਲਾ ਅਪਰ ਅਪਾਰ ਜੋਤੀ ਜੋਤ ਟਿਕਾਇਆ। ਦੂਸਰ ਦਰ ਨਾ ਕੋਈ ਮੰਗਤ, ਭਿਖਿਆ ਭਿਛਿਆ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਧਨ ਏਕਾ ਏਕ ਅਖਵਾਇਆ। ਗੁਰਮੁਖ ਤੇਰਾ ਸ਼ਬਦ ਮਲਾਹ, ਹਰਿ ਸਾਚਾ ਆਪ ਬਣਾਇੰਦਾ। ਤਖ਼ਤ ਸੁਲਤਾਨ ਬੈਠ ਬੇਪਰਵਾਹ, ਦੋ ਜਹਾਨਾਂ ਵੇਖ ਵਖਾਇੰਦਾ। ਲੱਖ ਚੁਰਾਸੀ ਕਟੇ ਫਾਹ, ਸਾਚੇ ਮਾਰਗ ਲਾਇੰਦਾ। ਇਕ ਜਪਾਏ ਸਾਚਾ ਨਾਂ, ਨਿਰਗੁਣ ਮੇਲ ਮਿਲਾਇੰਦਾ। ਸਰਗੁਣ ਉਠਾਏ ਸਾਚਾ ਥਾਂ, ਆਪਣੀ ਬੂਝ ਬੁਝਾਇੰਦਾ। ਸ਼ਬਦ ਸਰੂਪੀ ਪਕੜੇ ਬਾਂਹ, ਜਗਤ ਵਿਛੋੜਾ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਆਪਣੀ ਗੋਦ ਉਠਾਇੰਦਾ। ਜਨ ਮਜਨ ਇਸ਼ਨਾਨ, ਚਰਨ ਗੁਰ ਧੂੜਿਆ। ਅਮਰਾਪਦ ਪਾਨ, ਮੂਰਖ ਮੁਗਧ ਮੂੜ੍ਹਿਆ। ਹਰਿ ਸਾਚਾ ਮਿਹਰਵਾਨ, ਲੱਖ ਚੁਰਾਸੀ ਕਟੇ ਜੂੜਿਆ। ਜਿਸ ਜਨ ਦੇਵੇ ਜੀਆ ਦਾਨ, ਨਾਤਾ ਤੋੜੇ ਕੂੜੋ ਕੂੜਿਆ। ਮਿਲੇ ਮੇਲ ਸ੍ਰੀ ਭਗਵਾਨ, ਏਕਾ ਰੰਗ ਚੜ੍ਹਾਏ ਗੂੜ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਚਰਨ ਧੂੜ੍ਹਿਆ। ਚਰਨ ਧੂੜ ਸੱਚਾ ਇਸ਼ਨਾਨਾ, ਮਸਤਕ ਖ਼ਾਕ ਰਮਾਈਆ। ਆਤਮ ਉਪਜੇ ਬ੍ਰਹਮ ਗਿਆਨਾ, ਅੰਧ ਅਗਿਆਨ ਮਿਟਾਈਆ। ਦੀਪਕ ਜੋਤੀ ਜਗੇ ਮਹਾਨਾ, ਜੋਤ ਨਿਰੰਜਣ ਆਪ ਜਗਾਈਆ। ਸ਼ਬਦ ਬਿਠਾਏ ਸਚ ਬਿਬਾਣਾ, ਗੁਰ ਪੂਰਾ ਆਪ ਉਡਾਈਆ। ਜਗਤ ਦਵਾਰੇ ਪਾਰ ਕਰਾਨਾ, ਭਗਤ ਦਵਾਰਾ ਇਕ ਵਿਖਾਈਆ। ਨਾਮ ਸ਼ਸਤਰ ਇਕ ਮਹਾਨਾ, ਹਰਿ ਸਾਚਾ ਤਨ ਪਹਿਨਾਈਆ। ਤੀਰ ਨਿਸ਼ਾਨਾ ਇਕ ਰਖਾਨਾ, ਦੋ ਜਹਾਨਾਂ ਰਿਹਾ ਚਲਾਈਆ। ਆਤਮ ਧੁਨ ਸ਼ਬਦ ਤਰਾਨਾ, ਅਨਹਦ ਰਿਹਾ ਉਪਜਾਈਆ। ਭਗਤ ਭਗਵੰਤਾ ਮੇਲ ਮਿਲਾਨਾ, ਸੰਤ ਸੁਹੇਲਾ ਆਪ ਅਖਵਾਈਆ। ਜੀਵ ਜੰਤ ਭੇਵ ਨਾ ਪਾਨਾ, ਮਨ ਮਮਤਾ ਰਹੀ ਕੁਰਲਾਈਆ। ਆਦਿ ਅੰਤ ਧੁਰ ਫ਼ਰਮਾਣਾ, ਜੁਗ ਜੁਗ ਰਿਹਾ ਸੁਣਾਈਆ। ਕਲਜੁਗ ਖੇਲੇ ਖੇਲ ਮਹਾਨਾ, ਚਾਰ ਵਰਨਾਂ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣੇ ਜਗਤ ਨਿਧਾਨੇ ਆਪ ਆਪਣੇ ਗਲੇ ਲਗਾਈਆ। ਸਤਿ ਪੁਰਖ ਨਿਰੰਜਣ ਆਪਣੀ ਧਾਰ, ਸਾਚੀ ਆਪ ਬਣਾਈਆ। ਆਪ ਆਪਣਾ ਕਰ ਆਕਾਰ, ਆਪੇ ਰਿਹਾ ਸਮਾਈਆ। ਜੋਤੀ ਨੂਰ ਅਪਰ ਅਪਾਰ, ਏਕਾ ਏਕ ਕਰੇ ਰੁਸ਼ਨਾਈਆ। ਨਾ ਕੋਈ ਦਿਸੇ ਗੁਰਦਰ ਮੰਦਰ ਚਾਰ ਦਿਵਾਰ, ਖਾਣੀ ਬਾਣੀ ਕੋਇ ਨਜ਼ਰ ਨਾ ਆਈਆ। ਪਾਰਬ੍ਰਹਮ ਪ੍ਰਭ ਪੁਰਖ ਅਪਾਰ, ਏਕਾ ਏਕ ਰੂਪ ਸਮਾਈਆ। ਨਾ ਕੋਈ ਸ਼ਸਤਰ ਬਸਤਰ ਤੇਜ ਕਟਾਰ, ਨਾ ਕੋਈ ਖੰਡਾ ਹੱਥ ਉਠਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਨਾ ਕੋਇ ਧਾਰ, ਦੇਵਤ ਸੁਰ ਦਿਸ ਨਾ ਆਈਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਪਸਾਰ, ਨਾ ਕੋਈ ਬਣਤ ਬਣਾਈਆ। ਨਾ ਕੋਈ ਨਰ ਨਾ ਕੋਈ ਨਾਰ, ਪੂਤ ਸਪੂਤ ਨਾ ਕੋਇ ਜਣਾਈਆ। ਨਾ ਕੋਈ ਬਸਤਰ ਤਨ ਸ਼ਿੰਗਾਰ, ਨੇਤਰ ਨੈਣ ਨਾ ਕੋਈ ਵਖਾਈਆ। ਰੂਪ ਰੰਗ ਨਾ ਕੋਇ ਕਰਤਾਰ, ਕਰਤਾ ਪੁਰਖ ਆਪ ਅਖਵਾਈਆ। ਸਰ ਸਰੋਵਰ ਨਾ ਕੋਈ ਗੰਗ, ਅਠ ਸਠ ਦਿਸ ਨਾ ਆਈਆ। ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਈ ਮੰਗੇ ਮੰਗ, ਈਸਾ ਮੂਸਾ ਮੁਹੰਮਦ ਦਿਸ ਨਾ ਆਈਆ। ਨਾ ਕੋਈ ਸੂਰਬੀਰ ਦਿਸੇ ਸੰਗ, ਰਾਜ ਰਾਜਾਨ ਸ਼ਾਹ ਸੁਲਤਾਨ ਤਖ਼ਤ ਤਾਜ ਨਾ ਰਿਹਾ ਵਖਾਈਆ। ਚਾਰ ਦਿਵਾਰੀ ਨਾ ਦਿਸੇ ਕੋਈ ਮਕਾਨ, ਅੰਡਜ ਜੇਰਜ ਉਤਭੁਜ ਸੇਤਜ ਖਾਣੀ ਕੋਈ ਦਿਸ ਨਾ ਆਈਆ। ਆਪ ਆਪਣੀ ਮਹਿੰਮਾ ਵਿਚ ਰਿਹਾ ਲੁਝ, ਆਪਣੇ ਭਾਣੇ ਵਿਚ ਸਮਾਈਆ। ਅਵਰ ਨਾ ਸਕੇ ਕੋਈ ਬੁੱਝ, ਅਭੇਦ ਅਭੇਦਾ ਹਰਿ ਰਘੁਰਾਈਆ। ਆਪਣਾ ਭੇਵ ਰਖਾਇਆ ਗੁੱਝ, ਸਚ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਏਕ ਅਖਵਾਈਆ। ਆਦਿ ਪੁਰਖ ਇਕ ਆਕਾਰਾ, ਏਕਾ ਏਕ ਕਰਾਇਆ। ਆਪੇ ਜਾਣੇ ਆਪ ਪਸਾਰਾ, ਭੇਵ ਕੋਇ ਨਾ ਰਾਇਆ। ਲੋਆਂ ਪੁਰੀਆਂ ਨਾ ਕੋਈ ਪਾਰ ਕਿਨਾਰਾ, ਬ੍ਰਹਿਮੰਡ ਖੰਡ ਕੋਈ ਦਿਸ ਨਾ ਆਇਆ। ਗਗਨ ਪਾਤਾਲ ਆਕਾਸ਼ ਪਰਕਾਸ਼, ਸੂਰਜ ਚੰਦ ਰਵ ਸਸ ਨਾ ਕੋਇ ਚੜ੍ਹਾਇਆ। ਏਕਾ ਏਕ ਸਰਬ ਗੁਣਤਾਸ, ਘਰ ਸਾਚੇ ਬੈਠਾ ਆਸਣ ਲਾਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਪੁਰਖ ਅਬਿਨਾਸ਼ੀ ਆਪ ਅਖਵਾਇਆ। ਸਾਚੇ ਮੰਡਲ ਪਾਵੇ ਰਾਸ, ਏਕਾ ਰਚਨ ਰਚਾਇਆ। ਆਦਿ ਅੰਤ ਨਾ ਜਾਏ ਵਿਨਾਸ਼, ਏਕੰਕਾਰ ਏਕਾ ਧਾਮ ਸੁਹਾਇਆ। ਰੈਣ ਦਿਵਸ ਨਾ ਕੋਈ ਮਾਸ, ਸਾਲ ਸੰਮਤੀ ਨਾ ਕੋਇ ਜਣਾਇਆ। ਜੰਗਲ ਜੂਹ ਉਜਾੜ ਪਹਾੜ, ਜਲ ਥਲ ਨਾ ਕੋਈ ਵਾਸ, ਪਾਤਾਲ ਪਾਤਾਲੀ ਦਿਸ ਨਾ ਆਇਆ। ਧਰਤ ਧਵਲ ਨਾ ਕੋਇ ਧਰਵਾਸ, ਪਵਣ ਪਵਣੀ ਨਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਏਕਾ ਰਿਹਾ ਸੁਹਾਇਆ। ਸਤਿ ਪੁਰਖ ਨਿਰੰਜਣ ਆਦਿ ਅੰਤ, ਏਕਾ ਏਕ ਅਖਵਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਜੀਵ ਜੰਤ ਨਾ ਕੋਈ ਵਖਾਇੰਦਾ। ਨਾ ਕੋਈ ਦੇਵ ਨਾ ਕੋਈ ਦੰਤ, ਪਾਰਬ੍ਰਹਮ ਮਹਿੰਮਾ ਅਗਣਤ, ਨਾ ਕੋਈ ਗਣਤ ਗਿਣਾਇੰਦਾ। ਆਪ ਬਣਾਏ ਆਪਣੀ ਬਣਤ, ਆਪਣਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਇਕ ਰਖਾਇੰਦਾ। ਆਦਿ ਪੁਰਖ ਇਕ ਅਕਾਲ, ਏਕਾ ਏਕ ਅਖਵਾਇਆ। ਆਪੇ ਹੋਏ ਦੀਨ ਦਿਆਲ, ਆਪਣੇ ਬੰਧਨ ਆਪ ਕਟਾਇਆ। ਆਪਣੀ ਕਰੇ ਆਪ ਰਖਵਾਲ, ਪਹਿਰੇਦਾਰ ਕੋਈ ਦਿਸ ਨਾ ਆਇਆ। ਆਪੇ ਬੈਠ ਸੱਚੀ ਧਰਮਸਾਲ, ਗ੍ਰੰਥ ਪੰਥ ਨਾ ਕੋਇ ਰਚਾਇਆ। ਨਾ ਕੋਈ ਕਾਲ ਮਹਾਂਕਾਲ, ਧਰਮ ਰਾਏ ਨਾ ਵੇਖ ਵਖਾਇਆ। ਚਿਤਰ ਗੁਪਤ ਨਾ ਦਿਸੇ ਨਾਲ, ਨਾ ਕੋਇ ਹਿਸਾਬ ਕਰਾਇਆ। ਪੰਜ ਤਤ ਨਾ ਦਿਸੇ ਡਾਲ੍ਹ, ਤ੍ਰੈਗੁਣ ਮਾਇਆ ਨਾ ਮੂਲ ਵਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇਆ। ਆਦਿ ਪੁਰਖ ਆਦਿ ਅੰਤਾ, ਏਕਾ ਏਕ ਅਖਵਾਇੰਦਾ। ਆਪ ਬਣਾਏ ਆਪਣੀ ਬਣਤਾ, ਆਪੇ ਪਤ ਆਪ ਪਤਵੰਤਾ, ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾਇੰਦਾ। ਆਪੇ ਜੀਵ ਆਪੇ ਜੰਤਾ, ਆਪੇ ਕਾਇਆ ਚੋਲੀ ਰੰਗ ਬਸੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਾਚਾ ਘਰ, ਸਾਚਾ ਧਾਮ ਸੁਹਾਇੰਦਾ। ਆਦਿ ਪੁਰਖ ਇਕ ਅਕਾਲਾ, ਏਕਾ ਧਾਮ ਸੁਹਾਇਆ। ਨਾਮ ਰਖਾਏ ਸਚ ਮਹੱਲਾ, ਘਰ ਬੈਠਾ ਆਸਣ ਲਾਇਆ। ਊਚੋ ਊਚ ਊਚ ਅਟੱਲਾ, ਥਿਰ ਘਰ ਰਿਹਾ ਉਪਾਇਆ। ਜੋਤੀ ਜੋਤ ਆਪੇ ਰਲਾ, ਆਪ ਆਪਣਾ ਆਸਣ ਲਾਇਆ। ਦਰ ਦਵਾਰਾ ਏਕਾ ਮੱਲਾ, ਸਾਚੀ ਸੇਜ ਹੰਢਾਇਆ। ਸਰ ਸਰੋਵਰ ਨਾ ਕੋਈ ਦਿਸੇ ਥਲਾ, ਨੀਰ ਸੀਰ ਨਾ ਕੋਇ ਰਖਾਇਆ। ਦੁਸ਼ਟ ਦੂਤ ਦੁਰਾਚਾਰ ਸੰਗ ਨਾ ਕੋਈ ਠੱਗ ਚੋਰ ਯਾਰ, ਕਾਮ ਕਾਮਨੀ ਨਜ਼ਰ ਨਾ ਆਇਆ। ਮਨ ਮਤ ਬੁਧ ਨਾ ਦੂਈ ਦਵੈਤੀ ਸੱਲਾ, ਏਕਾ ਧਾਰ ਨਾ ਕੋਈ ਵਖਾਇਆ। ਤੀਜਾ ਚੌਥਾ ਨਾ ਕੋਈ ਰੱਲਾ, ਪੰਚਮ ਰਾਗ ਨਾ ਕੋਈ ਅਲਾਇਆ। ਛੇਵਾਂ ਸੱਤਵਾਂ ਨਾ ਕੋਈ ਕਰੇ ਮੇਲਾ, ਸਤਿ ਪੁਰਖ ਨਿਰੰਜਣ ਆਦਿ ਜੁਗਾਦੀ ਏਕਾ ਧਾਮ ਸੁਹਾਇਆ। ਸੰਤ ਸਾਧ ਨਾ ਕੋਈ ਦਰ ਦਵਾਰ ਖਲਾ, ਨਾ ਕੋਈ ਭਿਖ ਮੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਦਿ ਨਿਰੰਜਣ ਆਪਣੇ ਰੰਗ ਰੰਗਾਇਆ। ਆਦਿ ਪੁਰਖ ਨਰ ਨਿਰੰਕਾਰ, ਏਕਾ ਰੰਗ ਰੰਗਾਈਆ। ਆਪੇ ਬਣੇ ਦਰ ਭਿਖਾਰ, ਆਪੇ ਭਿਛਿਆ ਪਾਈਆ। ਆਪੇ ਬਣੇ ਹਰਿ ਵਰਤਾਰ, ਆਪੇ ਮੰਗਣ ਜਾਈਆ। ਆਪੇ ਭਰਨਹਾਰ ਭੰਡਾਰ, ਆਪੇ ਖਾਲੀ ਰਿਹਾ ਕਰਾਈਆ। ਆਪ ਆਪਣਾ ਦਏ ਹੁਦਾਰ, ਆਪੇ ਮੁਖ ਭਵਾਈਆ। ਆਪੇ ਕਰਾਏ ਵਣਜ ਵਪਾਰ, ਲੇਖਾ ਰਿਹਾ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਨਿਰੰਜਣ ਏਕਾ ਘਰ ਸਾਚਾ ਧਾਮ ਸੁਹਾਈਆ। ਸਾਚਾ ਧਾਮ ਜੋਤ ਨਿਰੰਜਣ, ਏਕਾ ਏਕ ਜਗਾਈਆ। ਪੁਰਖ ਅਬਿਨਾਸ਼ੀ ਸਾਚਾ ਸੱਜਣ, ਘਰ ਸਾਚੇ ਬੈਠਾ ਆਸਣ ਲਾਈਆ। ਦੂਸਰ ਨਾ ਕੋਈ ਦਿਸੇ ਪੜਦੇ ਕੱਜਣ, ਦੂਸਰ ਕੋਇ ਨਾ ਸੰਗ ਨਿਭਾਈਆ। ਤਾਲ ਤਲਵਾੜੇ ਨਾ ਕੋਈ ਵੱਜਣ, ਅਨਹਦ ਰਾਗ ਨਾ ਕੋਈ ਸੁਣਾਈਆ। ਨਾ ਕੋਈ ਹਾਜੀ ਕਰੇ ਹੱਜਨ, ਅੱਠ ਸੱਠ ਤੀਰਥ ਨਾ ਕੋਇ ਨੁਹਾਈਆ। ਦਰ ਮੰਦਰ ਅੰਦਰ ਮਜਨ, ਦਰ ਦਵਾਰ ਨਾ ਕੋਈ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾਈਆ। ਸਾਚਾ ਧਾਮ ਖੁਲ੍ਹੜਾ, ਏਕਾ ਏਕ ਸੁਹਾਇਆ। ਆਪੇ ਬੈਠਾ ਇਕ ਇਕੱਲੜਾ, ਆਪ ਆਪਣਾ ਸੰਗ ਨਿਭਾਇਆ। ਸਤਿ ਪੁਰਖ ਨਿਰੰਜਣ ਇਕ ਵਸਾਏ ਸਚ ਮਹੱਲੜਾ, ਸਾਚੀ ਬਣਤ ਬਣਾਇਆ। ਨਾ ਕੋਈ ਛੱਪਰ ਛੰਨ ਛੰਨੜਾ, ਚਾਰ ਦਿਵਾਰ ਨਾ ਕੋਈ ਰਖਾਇਆ। ਆਪਣਾ ਬੇੜਾ ਆਪੇ ਬੰਨ੍ਹੜਾ, ਖੇਵਟ ਕੋਇ ਨਾ ਨਾਲ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਘਰ ਸਾਚਾ ਸ਼ਾਹੋ ਆਪ ਵਸਾਇਆ। ਸਾਚਾ ਘਰ ਹਰਿ ਅਗੰਮ ਅਥਾਹ, ਆਪਣਾ ਆਪ ਉਪਾ ਰਿਹਾ। ਉਤੇ ਬੈਠਾ ਬੇਪਰਵਾਹ, ਸਤਿ ਸਰੂਪ ਸਮਾ ਰਿਹਾ। ਨਾ ਕੋਈ ਸ਼ਬਦ ਨਾ ਕੋਈ ਰਾਗ, ਨਾ ਕੋਈ ਜਿਹਵਾ ਗਾ ਰਿਹਾ। ਨਾ ਕੋਈ ਪਿਤਾ ਨਾ ਕੋਈ ਮਾਂ, ਪੂਤ ਸਪੂਤਾ ਨਾ ਕੋਈ ਗੋਦ ਉਠਾ ਰਿਹਾ। ਨਾ ਕੋਈ ਧੁੱਪ ਨਾ ਕੋਈ ਛਾਂ, ਸੂਰਜ ਚੰਨ ਨਾ ਕੋਈ ਚੜ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਸਾਚਾ ਘਰ, ਦਰ ਦਵਾਰ ਇਕ ਸੁਹਾ ਰਿਹਾ। ਦਰ ਦਵਾਰ ਹਰਿ ਭਗਵੰਤਾ, ਏਕਾ ਏਕ ਸੁਹਾਇਆ। ਆਦਿ ਜੁਗਾਦੀ ਜੁਗਾ ਜੁਗੰਤਾ, ਜਗਤ ਜਗਦੀਸਾ ਆਪ ਅਖਵਾਇਆ। ਆਪ ਬਣਾਈ ਆਪਣੀ ਬਣਤਾ, ਆਪ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਦਿਤਾ ਵਰ, ਆਪਣੀ ਦਇਆ ਕਮਾਇਆ। ਸਤਿ ਪੁਰਖ ਨਿਰੰਜਣ ਵਡ ਦਾਤਾਰ, ਆਪਣੀ ਦਇਆ ਕਮਾਇੰਦਾ। ਨਿਰਮਲ ਜੋਤੀ ਕਰ ਪਿਆਰ, ਏਕਾ ਰੂਪ ਵਟਾਇੰਦਾ। ਸ਼ਬਦ ਸ਼ਸਤਰ ਹਰਿ ਅਪਾਰ, ਸਾਰ ਨਾਉਂ ਰਖਾਇੰਦਾ। ਤਿੱਖੀ ਰੱਖੇ ਆਪੇ ਧਾਰ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਗ ਲਗਾਇੰਦਾ। ਆਪ ਆਪਣੇ ਅੰਗ ਲਗਾਇਆ, ਸ਼ਬਦੀ ਪੂਤ ਉਪਾਇੰਦਾ। ਦੂਸਰ ਦਰ ਨਾ ਮੰਗਣ ਜਾਇਆ, ਸਾਚਾ ਸੰਗ ਨਿਭਾਇੰਦਾ। ਜੋਤੀ ਰੰਗਣ ਇਕ ਚੜ੍ਹਾਇਆ, ਨੂਰੋ ਨੂਰ ਕਰਾਇੰਦਾ। ਚਿੱਟੇ ਅਸਵ ਤੰਗ ਕਸਾਇਆ, ਸੋਲਾਂ ਕਲੀਆਂ ਆਸਣ ਲਾਇੰਦਾ। ਸਾਚਾ ਦਰ ਦਵਾਰ ਲੰਘ ਵਖਾਇਆ, ਪੁਰਖ ਅਬਿਨਾਸ਼ੀ ਸੀਸ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਦੇਵੇ ਵਰ, ਪੂਤ ਸਪੂਤਾ ਆਪ ਅਖਵਾਇੰਦਾ। ਸ਼ਬਦ ਸੁਤ ਹਰਿ ਬਲਵਾਨ, ਆਪਣਾ ਆਪ ਉਪਾਇਆ। ਆਪੇ ਵੇਖੇ ਮਾਰ ਧਿਆਨ, ਦਿਵਸ ਰੈਣ ਸੇਵ ਕਮਾਇਆ। ਹੱਥ ਫੜਾਏ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇਆ। ਏਕਾ ਨੂਰ ਇਕ ਗਿਆਨ, ਇਕ ਧਿਆਨ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮਾਰਗ ਰਿਹਾ ਉਪਾਇਆ। ਸਾਚਾ ਸ਼ਬਦ ਹਰਿ ਸਿਕਦਾਰ, ਆਪਣਾ ਆਪ ਬਣਾਇਆ। ਆਪੇ ਕੀਤਾ ਖ਼ਬਰਦਾਰ, ਦੇ ਮਤ ਸਮਝਾਇਆ। ਬ੍ਰਹਿਮੰਡਾਂ ਖੰਡਾਂ ਪੌਣੀ ਸਾਰ, ਲੋਆਂ ਪੁਰੀਆਂ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਧਾਰਾ ਰਿਹਾ ਵਿਖਾਇਆ। ਸਾਚੀ ਧਾਰਾ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਸ਼ਬਦ ਸਰੂਪੀ ਕਰ ਜੈਕਾਰ, ਏਕਾ ਖੰਡਾ ਰਖਾਈਆ। ਪੰਚਮ ਮੀਤਾ ਹੋ ਤਿਆਰ, ਆਪਣੀ ਬਣਤ ਬਣਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਿਰ ਹਰਿ ਸਮਾਈਆ। ਚੌਥੇ ਘਰ ਖੋਲ੍ਹ ਕਿਵਾੜ, ਬੈਠਾ ਆਸਣ ਲਾਈਆ। ਨਾ ਕੋਈ ਦਿਸੇ ਪੰਚਮ ਧਾੜ, ਹਰਿ ਨਿਰੰਕਾਰ ਆਪਣੀ ਆਪ ਸਲਾਹੀਆ। ਨਾ ਕੋਈ ਦਿਸੇ ਬਹੱਤਰ ਨਾੜ, ਨੌ ਦਰ ਨਾ ਵੇਖ ਵਖਾਈਆ। ਵਾ ਨਾ ਲੱਗੇ ਤਤੀ ਹਾੜ, ਪ੍ਰਭ ਸਾਚੀ ਰੁੱਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਚੌਥਾ ਰਿਹਾ ਵਖਾਈਆ। ਚੌਥੇ ਘਰ ਸ਼ਬਦ ਨਿਸ਼ਾਨ, ਹਰਿ ਏਕਾ ਏਕ ਰਖਾਇਆ। ਆਪੇ ਹੋਏ ਪੁਰਖ ਸੁਲਤਾਨ, ਸਾਚੇ ਰਾਹ ਚਲਾਇਆ। ਦਰ ਦਵਾਰੇ ਕਰ ਪਰਵਾਨ, ਸੇਵਕ ਸੇਵਾ ਲਾਇਆ। ਗੁਣਵੰਤਾ ਹਰਿ ਨਿਧਾਨ, ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਸਾਚਾ ਆਪ ਸੁਹਾਇਆ। ਚੌਥਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇੰਦਾ। ਆਪੇ ਮੇਲੇ ਸਾਚੇ ਸੰਤ, ਸਾਚਾ ਰਾਹ ਵਖਾਇੰਦਾ। ਏਕਾ ਨਾਰੀ ਏਕਾ ਕੰਤ, ਏਕਾ ਸੇਜ ਹੰਢਾਇੰਦਾ। ਏਕਾ ਏਕ ਸ਼ਬਦ ਸੁੱਤ, ਏਕਾ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਆਪ ਸੁਹਾਇੰਦਾ। ਚੌਥਾ ਘਰ ਹਰਿ ਨਿਰੰਕਾਰ, ਏਕਾ ਏਕ ਰਖਾਇਆ। ਨਾ ਕੋਈ ਪਵਣ ਨਾ ਮਸਾਣ, ਨਾ ਕੋਈ ਦੀਪ ਜਗਾਇਆ। ਸਤਿ ਸਰੂਪ ਹਰਿ ਭਗਵਾਨ, ਰੂਪ ਅਨੂਪ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਕੋਈ ਦਿਸ਼ਾ ਨਾ ਕੋਈ ਕੂਟ, ਏਕਾ ਰੰਗ ਵਖਾਇਆ। ਚੌਥਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇਆ। ਆਪ ਬਣਾਏ ਆਪਣੀ ਬਣਤ, ਬਾਡੀ ਕੋਇ ਨਾ ਨਾਲ ਲਗਾਇਆ। ਮੇਲ ਮਿਲਾਵਾ ਸਾਚੇ ਕੰਤ, ਹਰਿ ਸਾਚਾ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਲੇਖਾ ਰਿਹਾ ਲਿਖਾਇਆ। ਚੌਥੇ ਘਰ ਖੋਲ੍ਹ ਕਿਵਾੜ, ਆਪ ਆਪਣੀ ਕਲ ਧਾਰਿਆ। ਤ੍ਰੈਗੁਣ ਮਾਇਆ ਕਰ ਪਸਾਰ, ਬ੍ਰਹਮਾ ਸੇਵਾ ਲਾ ਰਿਹਾ। ਕਵਲ ਕਵਲਾ ਕਰ ਉਜਿਆਰ, ਪੂਤ ਸਪੂਤਾ ਆਪ ਉਪਾ ਰਿਹਾ। ਧਰਤੀ ਧਵਲਾ ਧਰਤ ਅਪਾਰ, ਜਲ ਧਾਰਾ ਆਪ ਟਿਕਾ ਰਿਹਾ। ਲੋਆਂ ਪੁਰੀਆਂ ਕਰ ਆਕਾਰ, ਪਾਤਾਲ ਆਕਾਸ਼ਾਂ ਬਣਤ ਬਣਾ ਰਿਹਾ। ਸੂਰਜ ਚੰਦ ਪਸਰ ਪਸਾਰ, ਤਾਰਾ ਮੰਡਲ ਹਰਿ ਲਟਕਾ ਰਿਹਾ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਸਣ ਲਾ ਰਿਹਾ। ਆਪੇ ਲਿਖੇ ਲੇਖ ਲਿਖਾਰ, ਆਪੇ ਸ਼ਬਦ ਜਣਾ ਰਿਹਾ। ਬ੍ਰਹਮਾ ਨੇਤਰ ਰਿਹਾ ਉਘਾੜ, ਮੁਖ ਚਾਰੇ ਰਸਨਾ ਗਾ ਰਿਹਾ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਓਟ ਰਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਸ਼ਬਦ ਜਣਾ ਰਿਹਾ। ਬ੍ਰਹਮਾ ਮੰਗੇ ਦਰ ਭਿਖਾਰ, ਪ੍ਰਭ ਸਾਚੇ ਦਇਆ ਕਮਾਈਆ। ਬਖ਼ਸ਼ੇ ਦਾਤਾ ਸ਼ਬਦ ਭੰਡਾਰ, ਲੇਖਾ ਰਿਹਾ ਲਿਖਾਈਆ। ਚਾਰੇ ਵੇਦਾਂ ਪਾਵੇ ਸਾਰ, ਗਣਤ ਗਣੀ ਨਾ ਜਾਈਆ। ਸਤਿਜੁਗ ਦੁਆਪਰ ਤ੍ਰੇਤਾ ਕਲਜੁਗ ਧਾਰ, ਲੇਖਾ ਰਿਹਾ ਲਿਖਾਈਆ। ਪੰਚਮ ਤਤ ਕਰ ਤਿਆਰ, ਪੰਝੀ ਮੇਲ ਮਿਲਾਈਆ। ਅੱਠਾਂ ਵੱਖਰ ਭੇਵ ਨਿਆਰ, ਨੌ ਦਰ ਖੋਲ੍ਹ ਵਖਾਈਆ। ਦਸਵੇਂ ਬੈਠਾ ਨਰਾਇਣ ਨਰ ਨਿਰੰਕਾਰ, ਸਾਚੀ ਸੇਜਾ ਆਸਣ ਲਾਈਆ। ਬਹੱਤਰ ਨਾੜੀ ਜੋੜ ਜੁੜਾਰ, ਏਕਾ ਧਾਰ ਵਹਾਈਆ। ਤਿੰਨ ਸੌ ਸੱਠ ਹਾਡੀ ਸਾਚੀ ਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸੰਗ ਨਿਭਾਈਆ। ਸੇਵਕ ਸੇਵਾ ਦਰ ਪਰਵਾਨ, ਆਪੇ ਆਪ ਕਰਾਇੰਦਾ। ਆਪੇ ਵੇਖੇ ਮਾਰ ਧਿਆਨ, ਦੇ ਮਤ ਆਪ ਸਮਝਾਇੰਦਾ। ਇਕ ਸ਼ਬਦ ਇਕ ਗਿਆਨ, ਏਕਾ ਬ੍ਰਹਮ ਸਮਝਾਇੰਦਾ। ਨੂਰੋ ਨੂਰ ਹਰਿ ਭਗਵਾਨ, ਨੂਰ ਨੁਰਾਨੀ ਜੋਤ ਜਗਾਇੰਦਾ। ਨਾਦ ਤੂਰਤ ਇਕ ਮਹਾਨ, ਆਤਮ ਧੁਨ ਉਪਜਾਇੰਦਾ। ਸਾਚਾ ਮੀਤਾ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਧੰਦੇ ਆਪੇ ਲਾਇੰਦਾ। ਆਪਣੇ ਧੰਦੇ ਆਪੇ ਲਾਏ, ਦਿਸ ਕਿਸੇ ਨਾ ਆਇਆ। ਵਿਸ਼ਨੂੰ ਵੰਸੀ ਆਪ ਹੋ ਜਾਏ, ਭੇਖਾਧਾਰੀ ਭੇਖ ਵਟਾਇਆ। ਸ਼ਿਵ ਸ਼ੰਕਰ ਬੈਠਾ ਸੰਗ ਰਲਾਏ, ਬਾਸ਼ਕ ਤਸ਼ਕਾ ਗਲ ਲਟਕਾਇਆ। ਇਕ ਭੰਡਾਰੀ ਇਕ ਸੰਸਾਰੀ, ਮਾਰਨਹਾਰ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਆਂ ਪੁਰੀਆਂ ਬਣਤ ਬਣਾਇਆ। ਲੋਕਮਾਤ ਹਰਿ ਬਣਤ ਬਣਾਈ, ਵਰਭੰਡੀ ਬਣਤ ਬਣਾਇੰਦਾ। ਲੱਖ ਚੁਰਾਸੀ ਰਿਹਾ ਉਪਾਈ, ਸਾਚੀ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਖੇਲ ਖਿਲਾਰੀ, ਆਪੇ ਮੇਲ ਵਿਛੋੜੇ ਵਿਛੜੇ ਮੇਲ ਮਿਲਾਇੰਦਾ। ਜੋਤ ਨਿਰੰਜਣ ਦੀਪ ਜਗਾਈ, ਏਕਾ ਰਾਹ ਵਖਾਇੰਦਾ। ਸਾਚੇ ਸ਼ਬਦ ਕਰੇ ਕੁੜਮਾਈ, ਸਾਚਾ ਸਗਨ ਮੁਖ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਵਸਿਆ ਆਪਣੇ ਘਰ, ਜੁਗ ਜੁਗ ਬਣਤ ਬਣਾਇੰਦਾ। ਜੁਗ ਜੁਗ ਬਣਤ ਬਣਾਈ, ਆਪਣਾ ਪਸਰ ਪਸਾਰਿਆ। ਆਪੇ ਵੇਖੇ ਖੇਲ ਰਘੁਰਾਈ, ਭੇਵ ਕਿਸੇ ਨਾ ਪਾ ਲਿਆ। ਸਤਿਜੁਗ ਤ੍ਰੇਤਾ ਰਚਨ ਰਚਾਈ, ਆਪ ਆਪਣਾ ਰੂਪ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਖਾਧਾਰੀ ਭੇਖ ਅਖਵਾ ਲਿਆ। ਆਪ ਆਪਣਾ ਭੇਖ ਵਟਾਏ, ਲਏ ਜੁਗ ਅਵਤਾਰਾ। ਸਾਚਾ ਲੇਖਾ ਲੇਖ ਲਿਖਾਏ, ਕਰੇ ਪਸਰ ਪਸਾਰਾ। ਸਤਿਜੁਗ ਸਾਚਾ ਪਾਰ ਕਰਾਏ, ਵਾਰ ਅਠਾਰਾਂ ਜੋਤ ਜਗਾਏ ਇਕ ਇਕੱਲਾ ਏਕੰਕਾਰਾ। ਤ੍ਰੇਤਾ ਤੇਰੀ ਧਾਰ ਵਹਾਏ, ਦੋਏ ਦੋਈ ਵਾਰਾ। ਰਾਮ ਰਾਮਾ ਆਪ ਹੋ ਜਾਏ, ਰਾਵਣ ਦੁਸ਼ਟ ਕਰੇ ਸੰਘਾਰਾ। ਦੁਆਪਰ ਬੇੜਾ ਬੰਨ੍ਹ ਵਿਖਾਏ, ਵੇਦ ਵਿਆਸਾ ਲੇਖ ਲਿਖਾਏ, ਕਾਹਨਾ ਕ੍ਰਿਸ਼ਨਾ ਰੂਪ ਵਟਾਏ, ਮੇਟ ਮਿਟਾਏ ਧੁੰਦੂਕਾਰਾ। ਕਲਜੁਗ ਅੰਤਮ ਰਚਨ ਰਚਾਏ, ਐੜਾ ਅੱਲਾ ਨੂਰ ਉਪਾਏ, ਅੱਥਰਬਣ ਵੇਦ ਗਿਆ ਲਿਖਾਏ, ਈਸਾ ਮੂਸਾ ਲਏ ਜਗਾਏ, ਸੰਗ ਮੁਹੰਮਦ ਚਾਰ ਯਾਰ ਰਲਾਏ, ਅਲ੍ਹਾ ਰਾਣੀ ਲੇਖ ਲਿਖਾਏ, ਵੇਖੇ ਵਾਰਿਆ। ਨਾਨਕ ਨਿਰਗੁਣ ਸੇਵਾ ਲਾਏ, ਲੋਕਮਾਤੀ ਜਨਮ ਦਵਾਏ, ਵਡ ਦੇਵੀ ਦੇਵਾ ਆਪ ਅਖਵਾਏ, ਭੇਵ ਅਭੇਦਾ ਭੇਵ ਨਾ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਘਰ ਸਾਚਾ ਇਕ ਸੁਹਾ ਰਿਹਾ। ਨਾਨਕ ਨਾਨਕ ਜੋਤ ਜਗਾਈ, ਹਰਿ ਸਾਚੇ ਹੱਥ ਵਡਿਆਈਆ। ਦਿਵਸ ਰੈਣ ਰਿਹਾ ਰਸਨਾ ਗਾਈ, ਪ੍ਰਭ ਮਿਲਣ ਦੀ ਆਸ ਰਖਾਈਆ। ਪੁਰਖ ਅਬਿਨਾਸ਼ੀ ਦਇਆ ਕਮਾਈ, ਸ਼ਬਦੀ ਮੇਲ ਮਿਲਾਈਆ। ਦਰ ਦਵਾਰੇ ਆਇਆ ਚਾਈਂ ਚਾਈਂ, ਦੋਏ ਜੋੜ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਪਕੜੇ ਬਾਂਹੀ, ਆਪੇ ਵੇਖੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਲੋਆਂ ਪੁਰੀਆਂ ਦੇ ਮਤ ਰਿਹਾ ਸਮਝਾਈਆ। ਨਾਨਕ ਏਕਾ ਗੋਬਿੰਦ ਧਾਰ, ਹਰਿ ਗੋਬਿੰਦ ਦਇਆ ਕਮਾਇੰਦਾ। ਮੰਗੇ ਮੰਗ ਬਣ ਭਿਖਾਰ, ਹਰਿ ਸਾਚਾ ਝੋਲੀ ਪਾਇੰਦਾ। ਸਤਿ ਨਾਮ ਇਕ ਅਧਾਰ, ਸਾਚੀ ਵਸਤ ਵਿਖਾਇੰਦਾ। ਸਤਿ ਪੁਰਖ ਇਕ ਇਕੱਲਾ ਓਅੰਕਾਰ, ਨਿਰੰਕਾਰ ਰੂਪ ਸਮਾਇੰਦਾ। ਨਾਨਕ ਵਰ ਪਾਇਆ ਪੁਰਖ ਭਤਾਰ, ਸਾਚੀ ਨਾਰੀ ਆਪ ਹੋ ਜਾਇੰਦਾ। ਮਿਲਿਆ ਮੀਤ ਹਰਿ ਮੁਰਾਰ, ਵਿਛੜ ਕਦੇ ਨਾ ਜਾਇੰਦਾ। ਹਰਬੰਸ ਦਰਸ ਅਪਾਰ, ਸਗਲੀ ਚਿੰਤ ਮਿਟਾਇੰਦਾ। ਆਤਮ ਤ੍ਰਿਸ਼ਨਾ ਭੁੱਖ ਨਿਵਾਰ, ਏਕਾ ਰਾਗ ਅਲਾਇੰਦਾ। ਸ਼ਬਦ ਸਰੂਪੀ ਸਾਚੀ ਧਾਰ, ਨਿਝਰ ਇਕ ਝਿਰਾਇੰਦਾ। ਆਪੇ ਅੰਦਰ ਆਪੇ ਬਾਹਰ, ਦਸਮ ਦਵਾਰੀ ਭੇਵ ਖੁਲ੍ਹਾਇੰਦਾ। ਸੁਨ ਅਗੰਮੋ ਹੋਇਆ ਬਾਹਰ, ਓਅੰਕਾਰਾ ਦੇਸ ਸੁਹਾਇੰਦਾ। ਸਤਿ ਪੁਰਖ ਨਿਰੰਜਣ ਪਾਵੇ ਸਾਰ, ਆਪ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਕਰ ਅਕਾਰ, ਦੀਪਕ ਏਕਾ ਏਕ ਜਗਾਇੰਦਾ। ਸ਼ਬਦ ਖੰਡਾ ਤੇਜ ਕਟਾਰ, ਸਾਚੀ ਹੱਥ ਫੜਾਇੰਦਾ। ਲੋਕਮਾਤ ਕਰਾਏ ਵਣਜ ਵਪਾਰ, ਲੱਖ ਚੁਰਾਸੀ ਦੇ ਮਤ ਸਮਝਾਇੰਦਾ। ਨਾਨਕ ਛੱਡਿਆ ਦਰ ਦਰਬਾਰ, ਦਰ ਦਵਾਰੇ ਸੀਸ ਝੁਕਾਇੰਦਾ। ਮਾਤਲੋਕ ਆਏ ਵਿਚ ਸੰਸਾਰ, ਸਾਚੀ ਸੇਵ ਕਮਾਇੰਦਾ। ਨਾਮ ਸਤਿ ਜਗਤ ਅਧਾਰ, ਚਾਰ ਵਰਨ ਗਿਆਨ ਦ੍ਰਿੜਾਇੰਦਾ। ਚਾਰੋਂ ਕੁੰਟ ਮਾਰ ਉਡਾਰ, ਜੀਆਂ ਜੰਤਾਂ ਸਾਧਾਂ ਸੰਤਾਂ ਗੜ੍ਹ ਹੰਕਾਰੀ ਤੋੜ ਤੁੜਾਇੰਦਾ। ਕਲਜੁਗ ਕਾਇਆ ਗਈ ਹਾਰ, ਮਨਮੁਖ ਜੀਵ ਭੇਵ ਨਾ ਪਾਇੰਦਾ। ਨਾਨਕ ਅੰਗਦ ਕਰ ਪਿਆਰ, ਆਪ ਆਪਣੀ ਜੋਤ ਟਿਕਾਇੰਦਾ। ਪਾਰਬ੍ਰਹਮ ਪ੍ਰਭ ਤੇਰੀ ਸਾਰ, ਭੇਵ ਕੋਈ ਨਾ ਪਾਇੰਦਾ। ਜੀਵ ਜੰਤ ਹੋਏ ਵਿਭਚਾਰ, ਸਾਧ ਸੰਤ ਆਤਮ ਬ੍ਰਹਮ ਨਾ ਕੋਈ ਗਿਆਨ ਜਣਾਇੰਦਾ। ਕਲਜੁਗ ਹੋਏ ਅੰਤਮ ਅੰਤ, ਨਿਹਕਲੰਕ ਵਜਾਏ ਡੰਕ, ਆਪ ਉਠਾਏ ਰਾਓ ਰੰਕ, ਜੂਠ ਝੂਠ ਮਾਇਆ ਲੂਠ, ਅੰਤ ਨਿਸ਼ਾਨ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇੰਦਾ। ਨਿਹਕਲੰਕਾ ਨਰ ਨਿਰੰਕਾਰ, ਏਕਾ ਏਕ ਅਖਵਾਇਆ। ਏਕਾ ਖੰਡਾ ਤੇਜ ਕਟਾਰ, ਸਾਚੇ ਤਨ ਸਜਾਇਆ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਸੱਤਾਂ ਦੀਪਾਂ ਰਿਹਾ ਹਿਲਾਇਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਰਾਓ ਰੰਕਾਂ ਰਿਹਾ ਜਗਾਇਆ। ਗੁਰਮੁਖਾਂ ਕਰੇ ਸਦ ਪਿਆਰ, ਸੱਜਣ ਸੁਹੇਲਾ ਆਪ ਅਖਵਾਇਆ। ਅੰਮ੍ਰਿਤ ਆਤਮ ਬਖ਼ਸ਼ੇ ਠੰਢਾ ਠਾਰ, ਨਿਝਰ ਰਸ ਚੁਆਇਆ। ਮੇਲ ਮਿਲਾਵਾ ਸਚ ਦਵਾਰ, ਬਜਰ ਕਪਾਟੀ ਤੋੜ ਤੁੜਾਇਆ। ਸਾਚੀ ਹਾਟੀ ਸਚ ਦਰਬਾਰ, ਸੋਹੰ ਅੱਖਰ ਜਗਤ ਵੱਖਰ ਵਣਜ ਵਪਾਰ ਕਰਾਇਆ। ਏਕਾ ਦੇਵੇ ਨਾਮ ਅਧਾਰ, ਤ੍ਰਿਸ਼ਨਾ ਭੁੱਖ ਮਿਟਾਇਆ। ਕਾਇਆ ਗੜ੍ਹ ਤੁੱਟੇ ਹੰਕਾਰ, ਕਾਇਆ ਸਾਂਤਕ ਸਤਿ ਵਰਤਾਇਆ। ਉਪਰ ਚੜ੍ਹ ਸੱਚੀ ਸਰਕਾਰ, ਆਤਮ ਸੇਜਾ ਆਸਣ ਲਾਇਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੀ ਭੁਜਾ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਭੇਵ ਚੁਕਾਇਆ। ਏਕਾ ਦੂਜਾ ਭਉ ਚੁਕਾਏ, ਮਿਲੇ ਮੇਲ ਅਬਿਨਾਸ਼ਾ। ਤੀਜਾ ਨੇਤਰ ਖੋਲ੍ਹ ਵਿਖਾਏ, ਜੋਤ ਜਗਾਏ ਪ੍ਰਿਥਮੀ ਆਕਾਸ਼ਾ। ਚੌਥੇ ਘਰ ਸਹਿਜ ਸਮਾਏ, ਨਿਝ ਘਰ ਆਤਮ ਰੱਖੇ ਵਾਸਾ। ਪੰਚਮ ਢੋਲ ਮਰਦੰਗ ਵਜਾਏ, ਅਨਹਦ ਪਾਵੇ ਰਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਮੇਲ ਮਿਲਾਏ, ਨਾਮ ਜਪਾਏ ਰਸਨ ਸਵਾਸ ਸਵਾਸਾ। ਸਾਚਾ ਮੇਲਾ ਆਤਮ ਘਰ, ਆਪਣਾ ਆਪ ਕਰਾਇੰਦਾ। ਆਪੇ ਬਖ਼ਸ਼ੇ ਕਿਰਪਾ ਧਾਰ, ਆਪਣੀ ਦਇਆ ਕਮਾਇੰਦਾ। ਆਪੇ ਕਰੇ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਆਪ ਉਠਾਏ ਪੰਚਮ ਧਾੜ, ਆਪੇ ਮੇਟ ਮਿਟਾਇੰਦਾ। ਆਪੇ ਜੋਤ ਜਗਾਏ ਬਹੱਤਰ ਨਾੜ, ਅੰਧ ਅੰਧੇਰ ਗਵਾਇੰਦਾ। ਆਪੇ ਮਾਇਆ ਮਮਤਾ ਮੋਹ ਅਗਨੀ ਦੇਵੇ ਸਾੜ, ਸਾਂਤਕ ਸਤਿ ਆਪ ਕਰਾਇੰਦਾ। ਆਪ ਪਰਨਾਏ ਨਾਲ ਮੌਤ ਲਾੜ, ਆਪੇ ਸ਼ਬਦ ਬਿਬਾਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਸਾਚਾ ਬੰਕ, ਹਰਿ ਏਕਾ ਏਕ ਸੁਹਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਊਚ ਨੀਚ ਦਿਸ ਨਾ ਆਇਆ। ਭਗਤ ਸੁਹੇਲਾ ਮੇਲ ਮਿਲਾਏ ਜਿਉਂ ਜਨ ਜਨਕ, ਸਾਚਾ ਰਾਹ ਵਿਖਾਇਆ। ਪਰਗਟ ਹੋਏ ਵਾਸੀ ਪੁਰੀ ਘਨਕ, ਨਿਹਕਲੰਕਾ ਨਾਉਂ ਰਖਾਇਆ। ਸਾਧਾਂ ਸੰਤਾਂ ਗੁਰੂਆਂ ਪੀਰਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕੱਢੇ ਸ਼ੰਕ, ਨੌ ਖੰਡ ਪ੍ਰਿਥਮੀ ਭੇਖ ਮਿਟਾਇਆ। ਇਕ ਵਜਾਏ ਸਾਚਾ ਡੰਕ, ਸੋਹੰ ਜੈ ਜੈਕਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਰੂਪ ਵਟਾਇਆ। ਨਿਹਕਲੰਕ ਨਰਾਇਣ ਨਰ, ਆਪਣੀ ਕਲ ਵਰਤਾਈਆ। ਕਲਜੁਗ ਤੇਰੀ ਕਾਲੀ ਧਾਰ, ਅੰਤਮ ਵੇਖ ਵਿਖਾਈਆ। ਗੁਰ ਗੋਬਿੰਦ ਕਰ ਤਿਆਰ, ਸਾਚਾ ਸੰਗ ਨਿਭਾਈਆ। ਸੰਬਲ ਨਗਰ ਇਕ ਅਪਾਰ, ਬੈਠਾ ਆਸਣ ਲਾਈਆ। ਅੰਤਮ ਵੇਲਾ ਕਰ ਪਿਆਰ, ਗੁਰਮੁਖ ਆਤਮ ਜੋਤ ਜਗਾਈਆ। ਭਰਮੇ ਭੁੱਲੇ ਜੀਵ ਗਵਾਰ, ਦਿਸ ਕਿਸੇ ਨਾ ਆਈਆ। ਜਨ ਭਗਤਾਂ ਦੇਵੇ ਸਦ ਦਰਸ ਅਪਾਰ, ਆਤਮ ਦਰਸੀ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਤੇਰਾ ਵੇਖੇ ਘਰ, ਦਰ ਸਾਚਾ ਆਪ ਸੁਹਾਈਆ। ਗੋਬਿੰਦ ਤੇਰਾ ਸਾਚਾ ਘਰ, ਆਤਮ ਵੇਖ ਵਖਾਇੰਦਾ। ਲੱਖ ਚੁਰਾਸੀ ਆਵੇ ਡਰ, ਨਾ ਕੋਈ ਭੇਵ ਪਾਇੰਦਾ। ਪਾਰਬ੍ਰਹਮ ਪ੍ਰਭ ਬੈਠਾ ਵੜ, ਕਿਲ੍ਹਾ ਬਣਾਏ ਕੋਟ ਗੜ੍ਹ, ਨਾ ਕੋਈ ਤੋੜ ਤੁੜਾਇੰਦਾ। ਸੰਤ ਸੁਹੇਲੇ ਲਏ ਫੜ, ਨੌ ਦਵਾਰੇ ਪਾਰ ਕਰਾਇੰਦਾ। ਏਕਾ ਸ਼ਬਦ ਸਰੂਪੀ ਲਏ ਫੜ, ਅੰਦਰ ਮੰਦਰ ਮੇਲ ਮਿਲਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਸਿੰਘ ਸ਼ੇਰ ਸੀਸ ਕਟਾਇੰਦਾ। ਕਲਜੁਗ ਅਗਨੀ ਗਿਆ ਸੜ, ਜੋਤੀ ਜਾਮਾ ਪਾਇੰਦਾ। ਲੋਆਂ ਪੁਰੀਆਂ ਰਿਹਾ ਲੜ, ਬ੍ਰਹਮਾ ਸ਼ਿਵ ਉਠਾਇੰਦਾ। ਕਰੋੜ ਤੇਤੀਸਾ ਰਿਹਾ ਸੜ, ਅੰਮ੍ਰਿਤ ਮੇਘ ਨਾ ਕੋਈ ਬਰਸਾਇੰਦਾ। ਦਿਸ਼ਾ ਲਹਿੰਦੀ ਕਰੇ ਦੋ ਧੜ, ਸਾਚਾ ਲੇਖ ਲਿਖਾਇੰਦਾ। ਪੰਚਮ ਜੇਠੀ ਇਕ ਵਹਾਏ ਹੜ੍ਹ, ਲੱਖ ਚੁਰਾਸੀ ਆਪ ਰੁੜ੍ਹਾਇੰਦਾ। ਕਲਜੁਗ ਤੇਰਾ ਕਾਇਆ ਗੜ੍ਹ, ਹਰਿ ਆਪੇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਤੇਰੀ ਰੁੱਤ ਸੁਹਾਏ ਮਨਮੁਖਾਂ ਵੱਢੇ ਨੱਕ ਗੁਤ, ਲਜ ਪਤ ਨਾ ਕੋਇ ਰਖਾਇੰਦਾ। ਸੰਮਤ ਚੌਦਾਂ ਤੇਰੀ ਧਾਰ, ਪ੍ਰਭ ਸਾਚਾ ਰਿਹਾ ਵਹਾਈਆ। ਪਹਿਲੀ ਚੇਤਰ ਦਿਵਸ ਵਿਚਾਰ, ਗੁਰਸਿਖਾਂ ਰਿਹਾ ਜਗਾਈਆ। ਏਕਾ ਇੱਕੀ ਏਕਾ ਵਾਰ, ਕਲਜੁਗ ਰਿਹਾ ਪਾਈਆ। ਗੁਰ ਗੋਬਿੰਦਾ ਸਾਚੀ ਸਿੱਖੀ ਕਰ ਪਿਆਰ, ਵਾਲੀ ਹਿੰਦੇ ਰਿਹਾ ਉਠਾਈਆ। ਨੇਤਰ ਪੇਖ ਵਿਚ ਸੰਸਾਰ, ਜੋ ਸਰਸੇ ਗਿਆ ਰੁੜ੍ਹਾਈਆ। ਲੇਖ ਲਿਖੇ ਅਪਰ ਅਪਾਰ, ਦਰ ਸਾਚੇ ਲੇਖ ਲਿਖਾਈਆ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਜਗਤ ਵਿਦਿਆ ਭੇਵ ਨਾ ਰਾਈਆ। ਅੱਖਰ ਵੱਖਰ ਹਰਿ ਨਿਰੰਕਾਰ, ਆਪਣਾ ਆਪ ਲਿਖਾਈਆ। ਬਜਰ ਕਪਾਟੀ ਪਾੜੇ ਪੱਥਰ, ਜੋ ਜਨ ਰਸਨਾ ਗਾਈਆ। ਸੋ ਪੁਰਖ ਨਿਰੰਜਣ ਸਾਚੀ ਵਸਤ, ਸੱਸੇ ਹੋੜੇ ਨਾਲ ਰਲਾਈਆ। ਹੰ ਹੰਗਤਾ ਦੇਵੇ ਮਾਰ, ਹਰਿ ਹੱਥ ਰੱਖੀ ਵਡਿਆਈਆ। ਸਾਚੀ ਸੰਗਤ ਕਰ ਪਿਆਰ, ਦਰ ਦਵਾਰੇ ਫੇਰਾ ਪਾਈਆ। ਆਪੇ ਮੰਗਤਾ ਬਣ ਭਿਖਾਰ, ਏਕਾ ਮੰਗਣ ਮੰਗ ਮੰਗਾਈਆ। ਭੁੱਖਾ ਨੰਗਤਾ ਨਾ ਕੋਈ ਦਰਬਾਰ, ਬੀਸ ਇਕੀਸਾ ਦਏ ਦੁਹਾਈਆ। ਜਗਤ ਜਗਦੀਸਾ ਹੋਏ ਉਜਿਆਰ, ਛਤਰ ਸੀਸਾ ਇਕ ਝੁਲਾਈਆ। ਵਿਚ ਉਨੀਸਾ ਹੋਏ ਖੁਆਰ, ਅਲ੍ਹਾ ਰਾਣੀ ਬੈਠੀ ਮੁਖ ਛੁਪਾਈਆ। ਅੱਠ ਅਠਾਰਾਂ ਜਲ ਜਲ ਧਾਰ, ਦਹਿ ਦਿਸ਼ਾ ਰਹੀ ਢਾਹੀਆ। ਸੰਮਤ ਸਤਾਰਾਂ ਮਾਰੇ ਮਾਰ, ਸਰ ਅੰਮ੍ਰਿਤ ਥੇਹ ਕਰਾਈਆ। ਸੰਮਤ ਸੋਲਾਂ ਵੇਖ ਵਿਚਾਰ, ਬਿਆਸ ਕਿਨਾਰਾ ਪਾਰ ਕਰਾਈਆ। ਪੰਦਰਾਂ ਵੇਖੇ ਇਕ ਜੈਕਾਰ, ਸ੍ਰਿਸ਼ਟ ਸਬਾਈ ਰਿਹਾ ਰੁਲਾਈਆ। ਚੌਦਾਂ ਲੋਕਾਂ ਸੰਮਤ ਚੌਦਾਂ ਪਾਵੇ ਸਾਰ, ਪੰਚਮ ਜੇਠ ਰਿਹਾ ਉਠਾਈਆ। ਵਾਲੀ ਹਿੰਦ ਰਹਿਣਾ ਖ਼ਬਰਦਾਰ, ਨਿਹਕਲੰਕ ਰਿਹਾ ਕਰਾਈਆ। ਸ਼ਬਦ ਡੰਕਾ ਵੱਜੇ ਅਪਰ ਅਪਾਰ, ਸੁਣੇ ਸਰਬ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਿਆਸਤ ਵਿਰਾਸਤ ਕਿਸੇ ਰਹਿਣ ਨਾ ਪਾਈਆ। ਨਾ ਕੋਈ ਸੁਘੜ ਨਾ ਕੋਈ ਸਿਆਣ, ਰਾਜ ਰਾਜਾਨ ਨਾ ਕੋਈ ਅਖਵਾਇੰਦਾ। ਪਰਗਟ ਹੋਏ ਸ੍ਰੀ ਭਗਵਾਨ, ਭਾਣਾ ਆਪਣੇ ਹੱਥ ਰਖਾਇੰਦਾ। ਰਸਨਾ ਚਿੱਲੇ ਚਾੜ੍ਹੇ ਤੀਰ ਕਮਾਨ, ਸੋਹੰ ਮੁਖੀ ਤਿੱਖੀ ਧਾਰ ਕਰਾਇੰਦਾ। ਨੌ ਖੰਡ ਪ੍ਰਿਥਮੀ ਇਕ ਨਿਸ਼ਾਨ, ਮੁਨੀ ਰਿਖੀ ਭੇਵ ਨਾ ਪਾਇੰਦਾ। ਨਾ ਕੋਈ ਜਾਣੇ ਵੇਦ ਪੁਰਾਨ, ਅੰਜੀਲ ਕੁਰਾਨ ਦਿਸ ਨਾ ਆਇੰਦਾ। ਖਾਣੀ ਬਾਣੀ ਹੋਏ ਹੈਰਾਨ, ਅਭੇਦ ਅਭੇਦਾ ਮੁਖ ਛੁਪਾਇੰਦਾ।