੧੨ ਚੇਤ ੨੦੧੪ ਬਿਕ੍ਰਮੀ ਸੁਰਜੀਤਮ ਸਿੰਘ ਦੇ ਗ੍ਰਹਿ ਪਿੰਡ ਰਾਜੋ ਮਾਜਰਾ ਜ਼ਿਲਾ ਅੰਬਾਲਾ
ਗੁਰਮੁਖ ਪੂਰਾ ਜਾਣੀਏ, ਹਰਿ ਨਾਮ ਦ੍ਰਿੜਾਏ। ਗੁਰਮੁਖ ਪੂਰਾ ਜਾਣੀਏ, ਅੰਤਰ ਲਿਵ ਲਾਏ। ਗੁਰਮੁਖ ਪੂਰਾ ਜਾਣੀਏ, ਰਸਨਾ ਗੁਣ ਗਾਏ। ਗੁਰਮੁਖ ਪੂਰਾ ਜਾਣੀਏ, ਨੇਤਰ ਦਰਸ਼ਨ ਪਾਏ। ਗੁਰਮੁਖ ਪੂਰਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਸਾਚੇ ਲਏ ਮਿਲਾਏ। ਗੁਰਮੁਖ ਪੂਰਾ ਜਾਣੀਏ, ਮਿਲੇ ਮੇਲ ਭਗਵੰਤਾ। ਗੁਰਮੁਖ ਪੂਰਾ ਜਾਣੀਏ, ਹਰਿ ਮੀਤਾ ਸਾਜਨ ਸੰਤਾ। ਗੁਰਮੁਖ ਪੂਰਾ ਜਾਣੀਏ, ਮੇਲ ਮਿਲਾਏ ਏਕਾ ਕੰਤਾ। ਗੁਰਮੁਖ ਪੂਰਾ ਜਾਣੀਏ, ਮਿਲੇ ਨਾਮ ਧਨ ਧੰਨਵੰਤਾ। ਗੁਰਮੁਖ ਪੂਰਾ ਜਾਣੀਏ, ਪਾਰਬ੍ਰਹਮ ਅਬਿਨਸ਼ੀ ਪਾਇਆ ਪਤ ਪਤਵੰਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਧਾਮ ਸੁਹੰਤਾ। ਗੁਰਮੁਖ ਪੂਰਾ ਜਾਣੀਏ, ਆਤਮ ਤਨ ਵੈਰਾਗ। ਗੁਰਮੁਖ ਪੂਰਾ ਜਾਣੀਏ, ਜਗਤ ਤ੍ਰਿਸ਼ਨਾ ਬੁਝਾਏ ਆਗ। ਗੁਰਮੁਖ ਪੂਰਾ ਜਾਣੀਏ, ਗੁਰ ਚਰਨ ਧੂੜੀ ਮਸਤਕ ਲਾਏ ਵਡ ਵਡ ਭਾਗ। ਗੁਰਮੁਖ ਪੂਰਾ ਜਾਣੀਏ, ਹੰਸ ਸਰੋਵਰ ਨੁਹਾਏ ਕਾਗ। ਗੁਰਮੁਖ ਪੂਰਾ ਜਾਣੀਏ, ਚਰਨ ਕਵਲ ਉਪਰ ਧਵਲ ਜਨ ਜਾਏ ਲਾਗ। ਗੁਰਮੁਖ ਪੂਰਾ ਜਾਣੀਏ, ਸੁਰਤ ਸਵਾਣੀ ਜਾਏ ਜਾਗ। ਗੁਰਮੁਖ ਪੂਰਾ ਜਾਣੀਏ, ਮਿਲੇ ਮੇਲ ਗੁਰ ਸਾਚੇ ਹਾਣੀ, ਮਾਇਆ ਡੱਸੇ ਨਾ ਡੱਸਣੀ ਨਾਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਪਕੜੇ ਵਾਗ। ਗੁਰਮੁਖ ਪੂਰਾ ਜਾਣੀਏ, ਹੋਏ ਚਤਰ ਸੁਜਾਨਾ। ਗੁਰਮੁਖ ਪੂਰਾ ਜਾਣੀਏ, ਦਿਵਸ ਰੈਣ ਰੱਖੇ ਚਰਨ ਧਿਆਨਾ। ਗੁਰਮੁਖ ਪੂਰਾ ਜਾਣੀਏ, ਦਰ ਦਰਸੀ ਦਰ ਪਰਵਾਨਾ। ਗੁਰਮੁਖ ਪੂਰਾ ਜਾਣੀਏ, ਏਕਾ ਬੰਨ੍ਹੇ ਨਾਮ ਹੱਥੀਂ ਗਾਨਾ। ਗੁਰਮੁਖ ਪੂਰਾ ਜਾਣੀਏ, ਸਚ ਸੁੱਚ ਰਖਾਏ ਧਰਮ ਇਕ ਨਿਸ਼ਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਨਾਮ ਨਿਧਾਨਾ। ਗੁਰਮੁਖ ਪੂਰਾ ਜਾਣੀਏ, ਮਿਲੇ ਮੇਲ ਭਤਾਰ। ਗੁਰਮੁਖ ਪੂਰਾ ਜਾਣੀਏ, ਹਰਿ ਦੇਵੇ ਪੈਜ ਸਵਾਰ। ਗੁਰਮੁਖ ਪੂਰਾ ਜਾਣੀਏ, ਏਕਾ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਅਗੰਮ ਅਪਾਰ। ਗੁਰਮੁਖ ਗੋਬਿੰਦ ਪਾਇਆ, ਆਤਮ ਭਇਆ ਅਨੰਦ। ਕਾਇਆ ਰੰਗ ਚੜ੍ਹਾਇਆ, ਏਕਾ ਏਕ ਪਰਮਾਨੰਦ। ਹਉਮੇ ਰੋਗ ਮਿਟਾਇਆ, ਰਸਨਾ ਗਾਇਆ ਬੱਤੀ ਦੰਦ। ਧੁਰ ਸੰਜੋਗ ਮਿਲਾਇਆ, ਜੋਤ ਚੜ੍ਹਾਇਆ ਸਾਚਾ ਚੰਦ। ਰਸਨਾ ਭੋਗ ਲਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੇਟ ਮਿਟਾਏ ਅੰਧੇਰ ਅੰਧ। ਅੰਧ ਅੰਧੇਰ ਜਗਤ ਗੁਬਾਰ, ਤਨ ਰਹਿਣ ਨਾ ਪਾਈਆ। ਜਗਤ ਤ੍ਰਿਸ਼ਨਾ ਝੂਠੀ ਧਾਰ, ਪ੍ਰਭ ਸਾਚਾ ਰਿਹਾ ਮਿਟਾਈਆ। ਏਕਾ ਦੇਵੇ ਨਾਮ ਪਿਆਰ, ਏਕਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਲਾਹ ਆਪ ਅਖਵਾਈਆ। ਜਗਤ ਮਲਾਹ ਸਾਚਾ ਬੇੜਾ, ਏਕਾ ਏਕ ਰਖਾਇਆ। ਚਾਰ ਵਰਨ ਕਰਾਏ ਹੱਕ ਨਿਬੇੜਾ, ਲਹਿਣਾ ਦੇਣਾ ਰਿਹਾ ਚੁਕਾਇਆ। ਆਪੇ ਜਾਣੇ ਕਾਇਆ ਨਗਰ ਖੇੜਾ, ਅੰਦਰ ਬਾਹਰ ਗੁਪਤ ਜ਼ਾਹਿਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇਆ। ਗੁਰਮੁਖ ਤੇਰਾ ਸਚ ਦਵਾਰ, ਹੋਏ ਥਾਨ ਸੁਹੰਜਣਾ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਜੋਤ ਜਗਾਏ ਇਕ ਨਿਰੰਜਣਾ। ਸ਼ਬਦ ਸਰੂਪੀ ਦਏ ਅਧਾਰ, ਚਰਨ ਧੂੜ ਕਰਾਏ ਸਾਚਾ ਮਜਨਾ। ਮੂਰਖ ਮੁਗਧ ਗੁਰ ਅਧਾਰ ਲਾਏ ਪਾਰ, ਅੰਤਮ ਪੜਦਾ ਕੱਜਣਾ। ਆਪੇ ਹੋਇਆ ਮੀਤ ਮੁਰਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਆਤਮ ਵਰ, ਅੰਮ੍ਰਿਤ ਪੀ ਪੀ ਰੱਜਣਾ। ਅੰਮ੍ਰਿਤ ਆਤਮ ਸਚ ਪਿਆਲਾ, ਏਕਾ ਏਕ ਲਿਆਈਆ। ਭਗਤ ਸੁਹੇਲਾ ਸਦ ਰਖਵਾਲਾ, ਜੁਗ ਜੁਗ ਪੈਜ ਰਖਾਈਆ। ਫਲ ਲਗਾਏ ਕਾਇਆ ਡਾਲ੍ਹਾ, ਜਿਸ ਜਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਰੀਬ ਨਿਮਾਣੇ ਆਪਣੀ ਬੈਠਾ ਗੋਦ ਉਠਾਈਆ।
