੨੦ ਭਾਦਰੋਂ ੨੦੧੪ ਬਿਕ੍ਰਮੀ ਦਿੱਲੀ ਤੋਂ ਡੀਫੈਂਸ ਮਨਿਸਟਰ ਕ੍ਰਿਸ਼ਨਾ ਮੈਨਨ ਨੂੰ ਸ਼ਬਦ ਭੇਜਿਆ
ਕ੍ਰਿਸ਼ਨਾ ਮੈਨਨ ਮੈਂ ਗਵਾ, ਪ੍ਰਭ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਜੋਤ ਜਗਾ, ਲੋਕਮਾਤ ਕਰੇ ਰੁਸ਼ਨਾਈਆ। ਨਿਹਕਲੰਕਾ ਨਾਉਂ ਰਖਾ, ਕਲਜੁਗ ਮਿਟੇ ਕਾਲੀ ਸ਼ਾਹੀਆ। ਏਕਾ ਡੰਕਾ ਸ਼ਬਦ ਵਜਾ, ਰਾਜ ਰਾਜਾਨ ਸ਼ਾਹ ਸੁਲਤਾਨ ਰਿਹਾ ਜਗਾਈਆ। ਵਾਸੀ ਪੁਰੀ ਘਨਕਾ ਆਪ ਅਖਵਾ, ਦੇ ਮਤ ਰਿਹਾ ਸਮਝਾਈਆ। ਦੇਸ਼ ਪਰਦੇਸ਼ਾਂ ਦਏ ਸੁਣਾ, ਸ਼ਬਦ ਸੰਦੇਸ਼ ਇਕ ਰਘੁਰਾਈਆ। ਆਪ ਆਪਣਾ ਵੇਸ ਵਟਾ, ਪੁਰਖ ਪੁਰਖੋਤਮ ਖੇਲ ਖਿਲਾਈਆ। ਨਰ ਨਰੇਸ਼ ਇਕ ਜਣਾ, ਨੌ ਖੰਡ ਪ੍ਰਿਥਮੀ ਰੱਖੇ ਇਕ ਸਰਨਾਈਆ। ਸੋਹੰ ਖੰਡਾ ਰਿਹਾ ਵਖਾ, ਚੰਡ ਪਰਚੰਡ ਨਾਉਂ ਧਰਾਈਆ। ਸੱਤਾਂ ਦੀਪਾਂ ਵੰਡਾਂ ਰਿਹਾ ਵੰਡਾ, ਦਹਿ ਦਿਸ਼ਾ ਚਾਰੇ ਕੂੰਟਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਉਠ ਜਾਗ ਜਗਤ ਸਿਆਸ, ਹਰਿ ਸਾਚਾ ਆਪ ਜਗਾਇੰਦਾ। ਕਵਣ ਨਾਮ ਵਸਤ ਤੇਰੇ ਪਾਸ, ਕਵਣ ਰਾਗ ਰਸਨਾ ਗਾਇੰਦਾ। ਕਵਣ ਤਨ ਸ਼ਬਦ ਸਵਾਸ, ਕਵਣ ਦਾਸ ਰਖਾਇੰਦਾ। ਕੰਮ ਨਾ ਆਏ ਹੱਡ ਨਾੜੀ ਮਾਸ, ਮਾਣ ਤਾਣ ਜਗਤ ਵਿਦਵਾਨ ਰਹਿਣ ਨਾ ਪਾਇੰਦਾ। ਆਤਮ ਅੰਤਰ ਇਕ ਗਿਆਨ, ਬੋਧ ਅਗਾਧੀ ਧੁਰ ਫ਼ਰਮਾਣ, ਕਵਣ ਦਵਾਰੇ ਹਾਂ ਜਣਾਇੰਦਾ। ਕਵਣ ਰੂਪ ਹਰਿ ਭਗਵਾਨ, ਨੇਤਰ ਨੈਣ ਵੇਖ ਵਿਖਾਨ, ਕਵਣ ਹਵਨੀ ਹਵਨ ਕਰਾਇੰਦਾ। ਚਤੁਰਭੁਜ ਕਵਣ ਨਿਸ਼ਾਨ, ਦੁਰਗਾ ਅਸ਼ਟਮੀ ਕਵਣ ਭਾਨ, ਕਵਣ ਤੇਜ ਪਰਕਾਸ਼ ਕਰਾਇੰਦਾ। ਕਵਣ ਸੁਰਤੀ ਕਵਣ ਗਿਆਨ, ਕਵਣ ਮੂਰਤੀ ਚਰਨ ਧਿਆਨ, ਕਵਣ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਜਾਣੀ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਾਰਤ ਮਾਤੀ ਜਗਤ ਸੁੱਤ, ਫੜ ਬਾਹੋਂ ਆਪ ਹਿਲਾਇੰਦਾ। ਜਗਤ ਸੁਤ ਭਗਤ ਦੁਲਾਰ, ਹਰਿ ਸਾਜਨ ਸੱਜਣ ਸੁਹੇਲਾ। ਆਪ ਆਪਣੀ ਕਿਰਪਾ ਧਾਰ, ਪਾਰ ਕਰਾਏ ਵਕਤ ਵੇਲਾ। ਸੰਮਤ ਚੌਦਾਂ ਕਰੇ ਖ਼ਬਰਦਾਰ, ਅਚਰਜ ਖੇਲ ਆਪੇ ਖੇਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪੇ ਜਾਣੇ ਆਪਣਾ ਵੇਲਾ। ਸੰਮਤ ਤੇਰਾਂ ਵੀਹ ਸਦ, ਹਰਿ ਸਾਚੇ ਦਇਆ ਕਮਾਈਆ। ਇੰਦਰ ਪ੍ਰਸ਼ਾਦ ਰਾਸ਼ਟਰਪਤ, ਲਿਖਿਆ ਲੇਖ ਹੱਥ ਫੜਾਈਆ। ਆਪੇ ਦੇ ਸਮਝਾਇਆ ਮਤ, ਬੁੱਧ ਮਤ ਇਕ ਰਖਾਈਆ। ਚਰਨ ਪ੍ਰੀਤੀ ਏਕਾ ਨੱਤ, ਪਾਰਬ੍ਰਹਮ ਸੱਚੀ ਸਰਨਾਈਆ। ਸ੍ਰਿਸ਼ਟ ਸਬਾਈ ਉਬਲੇ ਰੱਤ, ਨੌ ਖੰਡ ਪ੍ਰਿਥਮੀ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਇਆ ਗਿਆ ਫੇਰਾ ਪਾਈਆ। ਰਾਸ਼ਟਰਪਤ ਧੁਰ ਫ਼ਰਮਾਣ, ਹਰਿ ਸਾਚੇ ਆਪ ਜਣਾਇਆ। ਇਕ ਵਖਾਇਆ ਸੱਤ ਰੰਗ ਨਿਸ਼ਾਨ, ਸੋਹੰ ਉਪਰ ਲੇਖ ਲਿਖਾਈਆ। ਸੱਤਾਂ ਦੀਪਾਂ ਇਕ ਗਿਆਨ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੈ ਜੈ ਜੈਕਾਰ ਕਰਾਇਆ। ਪਰਗਟ ਹੋਏ ਵਾਲੀ ਦੋ ਜਹਾਨ, ਲੋਕਮਾਤੀ ਫੇਰਾ ਪਾਇਆ। ਨਾਮ ਖੰਡਾ ਤੀਰ ਕਮਾਨ, ਰਸਨਾ ਚਿਲੇ ਆਪ ਚੜ੍ਹਾਇਆ। ਸੰਮਤ ਚੌਦਾਂ ਵੇਖੇ ਮਾਰ ਧਿਆਨ, ਤ੍ਰੈ ਦੇਸਾਂ ਭੇੜ ਭਿੜਾਇਆ। ਮਨ ਮਤ ਬੁੱਧ ਹੋਏ ਵੈਰਾਨ, ਸਾਚਾ ਖੇੜਾ ਰਹਿਣ ਨਾ ਪਾਇਆ। ਮਨ ਮਨੂਆ ਵੱਡਾ ਸ਼ਾਹ ਅਫਗਾਨ, ਜਗਤ ਝੇੜਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਾਚਾ ਘਰ, ਪੰਚਮ ਮੁਖ ਪੰਚਮ ਤਾਜ ਧੁਰਦਰਗਾਹੀ ਸਾਚਾ ਰਾਜ, ਨੌ ਖੰਡ ਪ੍ਰਿਥਮੀ ਤੇਰਾ ਕਾਜ, ਲੋਕਮਾਤ ਆਪ ਬਣਾਇਆ। ਲੋਕਮਾਤ ਰਚਿਆ ਕਾਜ, ਹਰਿ ਸਾਚੇ ਬਣਤ ਬਣਾਈਆ। ਪੰਚਮ ਮੁਖ ਬਣਿਆ ਤਾਜ, ਪੁਰਖ ਅਬਿਨਾਸ਼ੀ ਸੀਸ ਟਿਕਾਈਆ। ਆਪ ਆਪਣਾ ਸਾਜਨ ਸਾਜ, ਨਿਹਕਲੰਕਾ ਨਾਉਂ ਰਖਾਈਆ। ਚਿੱਟਾ ਅਸਵ ਸਾਚਾ ਤਾਜ, ਧੁਰਦਰਗਾਹੀ ਆਪ ਰਖਾਈਆ। ਪਰਗਟ ਹੋਏ ਦੇਸ ਮਾਝ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਾਓ ਰੰਕਾਂ ਰਿਹਾ ਜਣਾਈਆ। ਭਗਤ ਜਨਾਂ ਹਰਿ ਮਾਰੇ ਆਵਾਜ਼, ਧੁਨ ਆਤਮਕ ਇਕ ਉਪਜਾਈਆ। ਪੰਚ ਨਿਸ਼ਾਨ ਕਰ ਧਿਆਨ, ਪੰਚਮ ਜੋਗ ਕਮਾਈਆ। ਸ਼ਬਦ ਡੰਡਾ ਹਰਿ ਬਲਵਾਨ, ਰਾਸ਼ਟਰਪਤ ਹੱਥ ਫੜਾਈਆ। ਚਰਨ ਕਵਲ ਇਕ ਧਿਆਨ, ਹਰਿ ਭਗਵਾਨ ਰਿਹਾ ਵਖਾਈਆ। ਸਾਚਾ ਜੋੜਾ ਵੇਖ ਨਿਧਾਨ, ਭੁੱਲ ਰਹੇ ਨਾ ਰਾਈਆ। ਦਾਤਾ ਦਾਨੀ ਵਡ ਮਿਹਰਵਾਨ, ਜੁਗ ਜੁਗ ਆਪ ਅਖਵਾਈਆ। ਆਪੇ ਗੋਪੀ ਆਪੇ ਕਾਹਨ, ਆਪੇ ਭੇਖ ਵਟਾਈਆ। ਆਪੇ ਸੀਤਾ ਆਪੇ ਰਾਮ, ਆਦਿ ਸ਼ਕਤ ਆਪ ਅਖਵਾਈਆ। ਜੋਤ ਨੂਰਾਨੀ ਵਿਚ ਜਹਾਨ, ਸਤਿਜੁਗ ਆਪ ਵਖਾਈਆ। ਸ਼ਬਦ ਨਿਸ਼ਾਨੀ ਧੁਰ ਫ਼ਰਮਾਨ, ਨੌ ਖੰਡ ਪ੍ਰਿਥਮੀ ਰਿਹਾ ਵਖਾਈਆ। ਸੋਹੰ ਸੋ ਇਕ ਗਿਆਨ, ਜੀਵਾਂ ਜੰਤਾਂ ਰਿਹਾ ਪੜ੍ਹਾਈਆ। ਰਾਜ ਤਾਜ ਨਾ ਕੋਈ ਨਿਸ਼ਾਨ, ਮੰਦਰ ਅੰਦਰ ਨਾ ਫੇਰਾ ਪਾਈਆ। ਲਹਿਣਾ ਦੇਣਾ ਚੁੱਕਣਾ ਵੇਦ ਪੁਰਾਨ, ਅੰਜ਼ੀਲ ਕੁਰਾਨ ਰਹਿਣ ਨਾ ਪਾਈਆ। ਨਾ ਕੋਈ ਖਾਣੀ ਬਾਣੀ ਕਰੇ ਧਿਆਨ, ਜਗਤ ਵਿਦਿਆ ਨਾ ਕੋਈ ਪੜ੍ਹਾਈਆ। ਰਾਜ ਤਾਜ ਨਾ ਕੋਈ ਨਿਸ਼ਾਨ, ਮੰਦਰ ਅੰਦਰ ਨਾ ਫੇਰਾ ਪਾਈਆ। ਚਾਰੋਂ ਕੁੰਟ ਹੋਏ ਹੈਰਾਨ, ਨਾ ਕੋਈ ਕਿਸੇ ਧੀਰ ਧਰਾਈਆ। ਸਿਆਸਤ ਵੈਰਾਸਤ ਹੋਏ ਹੈਰਾਨ, ਥਿਰ ਰਹਿਣ ਨਾ ਪਾਈਆ। ਏਕਾ ਸ਼ਬਦ ਹਰਿ ਭਗਵਾਨ, ਅਟੱਲ ਅਟਲ ਰਖਾਈਆ। ਸੋਇਆ ਉਠ ਜੀਵ ਨਾਦਾਨ, ਪ੍ਰਭ ਸਾਚੇ ਜੋਤ ਜਗਾਈਆ। ਪਰਗਟ ਹੋਇਆ ਵਿਚ ਜਹਾਨ, ਨਿਹਕਲੰਕਾ ਨਾਉਂ ਰਖਾਈਆ। ਗੁਣਵੰਤਾ ਹਰਿ ਗੁਣ ਨਿਧਾਨ, ਵੇਖ ਵਖਾਏ ਥਾਉਂ ਥਾਈਂਆ। ਸੰਮਤ ਚੌਦਾਂ ਇਕ ਗਿਆਨ, ਰਾਜ ਮੰਤਰੀਆਂ ਰਿਹਾ ਦਵਾਈਆ। ਸੰਮਤ ਪੰਦਰਾਂ ਸਰਬ ਪਛਤਾਨ, ਸੁਰਤ ਸਵਾਣੀ ਬੈਠੀ ਮੁਖ ਭਵਾਈਆ। ਸੰਮਤ ਸੋਲਾਂ ਨਾ ਦਿਸੇ ਕੋਈ ਮੰਤਰੀ ਪ੍ਰਧਾਨ, ਨਾ ਕੋਈ ਬੰਧਨ ਬੰਧ ਬੰਧਾਈਆ। ਸੰਮਤ ਸਤਾਰਾਂ ਜਗਤ ਮੈਦਾਨ, ਹਰਿ ਸਾਚਾ ਵੇਖ ਵਖਾਈਆ। ਵੀਹ ਸਦ ਅਠਾਰਾਂ ਆਏ ਹਾਨ, ਜਲ ਧਾਰਾ ਦਏ ਰੁੜ੍ਹਾਈਆ। ਉਨੀ ਉਨੀਸਾ ਮੇਟ ਨਿਸ਼ਾਨ, ਅੱਲਾ ਰਾਣੀ ਮੁਖ ਛੁਪਾਈਆ। ਬੀਸ ਬੀਸੇ ਹਰਿ ਭਗਵਾਨ, ਨੌ ਖੰਡ ਪ੍ਰਿਥਮੀ ਦੇਵੇ ਜੋਤ ਜਗਾਈਆ। ਸੱਤ ਰੰਗ ਚੜ੍ਹਾਏ ਇਕ ਨਿਸ਼ਾਨ, ਦਿੱਲੀ ਦਰਬਾਰੇ ਫੇਰਾ ਪਾਈਆ। ਇੱਕੀ ਇਕੀਸਾ ਬਣਾਏ ਜਗਤ ਵਿਧਾਨ, ਆਪਣੀ ਧਾਰਾ ਆਪ ਚਲਾਈਆ। ਸੋ ਪੁਰਖ ਨਿਰੰਜਣ ਸਾਰੇ ਗਾਣ, ਹਉਮੇ ਹੰਗਤਾ ਦਏ ਮਿਟਾਈਆ। ਜੂਠ ਝੂਠ ਮਿਟੇ ਨਿਸ਼ਾਨ, ਸਚ ਸੁੱਚ ਦਏ ਵਰਤਾਈਆ। ਪੁਰਖ ਅਬਿਨਾਸ਼ੀ ਆਪੇ ਤੁੱਠ, ਪੁਰੀਆਂ ਲੋਆਂ ਵੇਖ ਵਖਾਈਆ। ਬ੍ਰਹਮਾ ਸ਼ਿਵ ਵਿਸ਼ਨ ਏਕਾ ਮੁੱਠ, ਏਕਾ ਸੇਵਾ ਲਾਈਆ। ਕਰੋੜ ਤੇਤੀਸਾ ਜਾਏ ਰੁੱਠ, ਹਰਿ ਸ਼ਬਦ ਸਾਚਾ ਛੰਦ ਰਿਹਾ ਸੁਣਾਈਆ। ਮਨਮੁਖ ਜੀਵਾਂ ਟੰਗੇ ਪੁੱਠ, ਰਾਏ ਧਰਮ ਦਰ ਵਖਾਈਆ। ਤੀਰ ਨਿਰਾਲਾ ਰਿਹਾ ਛੁੱਟ, ਦੂਈ ਦਵੈਤੀ ਕੱਢੇ ਫੁੱਟ, ਕ੍ਰਿਸ਼ਨਾ ਮੈਨਨ ਦਰਸ਼ਨ ਪਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਰ ਦਵਾਰ ਤੇਰੇ ਮੇਰੇ ਸ਼ਬਦ ਘੇਰੇ ਰਿਹਾ ਨਾਮ ਪੁਜਾਈਆ।