Granth 06 Likhat 095: 5 Jeth 2014 Bikarmi Sainapati Krishna Menon ate Rashtarpati Dr Rajinder Parsad nu Shabad Bheje gye Pind Kalsian Jila Amritsar

੫ ਜੇਠ ੨੦੧੪ ਬਿਕ੍ਰਮੀ ਸੈਨਾਪਤੀ ਕ੍ਰਿਸ਼ਨਾ ਮੈਨਨ ਅਤੇ ਰਾਸ਼ਟਰਪਤੀ ਡਾ੦ ਰਾਜਿੰਦਰ ਪ੍ਰਸਾਦ ਨੂੰ ਸ਼ਬਦ ਭੇਜੇ ਗਏ ਪਿੰਡ ਕਲਸੀਆਂ ਜ਼ਿਲਾ ਅੰਮ੍ਰਿਤਸਰ

ਭਾਰਤ ਖੰਡ ਸੈਨਾਪਤ, ਉਠ ਬਾਲ ਨਾਦਾਨ। ਪੁਰਖ ਅਬਿਨਾਸ਼ੀ ਦੇ ਸਮਝਾਵੇ ਮਤ, ਰਾਜ ਇੰਦਰ ਵੇਖ ਵਿਖਾਨ। ਜੂਠਾ ਝੂਠਾ ਲੇਖਾ ਪੰਚਮ ਤਤ, ਮਨਮੁਖ ਜੀਵ ਅੰਤ ਪਛਤਾਨ। ਲੱਖ ਚੁਰਾਸੀ ਟੁੱਟੇ ਧੀਰਜ ਯਤ, ਦਰ ਘਰ ਸਰਬ ਪਛਤਾਨ। ਨਾੜੀ ਨਾੜ ਉਬਲੇ ਰੱਤ, ਵੇਖੇ ਖੇਲ ਮੁਗਲ ਪਠਾਨ। ਜਗਤ ਸਿਆਸਤ ਪਾਈ ਨੱਥ, ਭੁੱਲਿਆ ਗੁਣ ਨਿਧਾਨ। ਪੰਚਮ ਜੇਠ ਮੰਗੀ ਇਕ ਵੱਥ, ਲਿਖਣਾ ਲੇਖ ਮਹਾਨ। ਸੰਮਤ ਚੌਦਾਂ ਚੜ੍ਹਿਆ ਸਾਚੇ ਰਥ, ਜੋਤ ਸਰੂਪ ਸ੍ਰੀ ਭਗਵਾਨ। ਜੁਗ ਜੁਗ ਮਹਿੰਮਾ ਅਕਥਨਾ ਅਕੱਥ, ਰਾਮ ਰਾਮਾ ਕ੍ਰਿਸ਼ਨਾ ਕਾਹਨ। ਪੂਤ ਸਪੂਤਾ ਆਪੇ ਦਸਰਥ, ਗੋਕਲ ਮਥਰਾ ਵੇਖ ਵਿਖਾਨ। ਕਲਜੁਗ ਅੰਤਮ ਵੇਖੇ ਵੱਥ, ਨੌ ਖੰਡ ਪ੍ਰਿਥਮੀ ਮਾਰ ਧਿਆਨ। ਜਗਤ ਹੰਕਾਰੀ ਝੂਠਾ ਯਸ਼, ਰਾਜ ਮੰਤਰੀ ਸਰਬ ਕੁਰਲਾਨ। ਅੰਤਮ ਨੇਤਰ ਨੀਰ ਵਹਾਇਣ ਅੱਥ, ਰੋ ਰੋ ਮਾਤ ਕੁਰਲਾਨ। ਜਗਤ ਮੁਨਾਰਾ ਜਾਏ ਢੱਠ, ਏਕਾ ਝੁੱਲੇ ਧਰਮ ਨਿਸ਼ਾਨ। ਲੇਖਾ ਚੁੱਕੇ ਅੱਠ ਸੱਠ, ਤੀਰਥ ਤਟ ਮੁਖ ਛੁਪਾਨ। ਕਲਜੁਗ ਕਾਲਾ ਰਿਹਾ ਨੱਠ, ਦਹਿ ਦਿਸ਼ਾ ਵੇਖ ਵਖਾਨ, ਪੰਚਮ ਜੇਠੀ ਸਾਚੀ ਚੱਠ, ਜਗਤ ਸਿੰਘਾਸਣ ਚਰਨਾਂ ਹੇਠ ਰਖਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੇਤਰ ਖੋਲ੍ਹੇ ਇਕ ਗਿਆਨ। ਨੇਤਰ ਬੰਦ ਜਗਤ ਕਿਵਾੜਾ, ਬੁੱਧ ਮਤ ਚਤੁਰਾਈਆ। ਕਲਜੁਗ ਮਾਇਆ ਲੁੱਟੀ ਜਾਏ ਦਿਨ ਦਿਹਾੜਾ, ਪੰਚਮ ਚੋਰਾਂ ਨਾਲ ਰਲਾਈਆ। ਅੱਠੇ ਪਹਿਰ ਧਾੜਾ, ਸੁਖਆਸਣ ਚੈਨ ਨਾ ਪਾਈਆ। ਪਰਗਟ ਹੋਇਆ ਧੁਰਦਰਗਾਹੀ ਸਾਚਾ ਲਾੜਾ, ਨਿਹਕਲੰਕਾ ਨਾਉਂ ਰਖਾਈਆ। ਧਰਤ ਮਾਤ ਵੇਖੇ ਇਕ ਅਖਾੜਾ, ਸ਼ਾਹ ਈਰਾਨ ਰਿਹਾ ਜਗਾਈਆ। ਲਾਲ ਗੁਲਾਲਾ ਰੰਗ ਚਾੜ੍ਹੇ ਗਾੜ੍ਹਾ, ਸਾਚਾ ਪੱਲੂ ਰਿਹਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਲੇਖਾ ਰਿਹਾ ਜਣਾਈਆ। ਪੰਚਮ ਲੇਖਾ ਧੁਰ ਫ਼ਰਮਾਨ, ਦੇਵੇ ਹਰਿ ਭਗਵਾਨਿਆ। ਵੇਲੇ ਅੰਤ ਸਰਬ ਪਛਤਾਨ, ਸ਼ਾਹ ਸੁਲਤਾਨ ਰਾਜ ਰਾਜਾਨਿਆ। ਸੁੰਞਾ ਦਿਸੇ ਮੰਦਰ ਮਕਾਨ, ਲੋਕਮਾਤ ਹੋਏ ਵੈਰਾਨਿਆ। ਪ੍ਰਭ ਕਾ ਭਾਣਾ ਖੇਲ ਮਹਾਨ, ਖੇਲੇ ਖੇਲ ਦੋ ਜਹਾਨਿਆ। ਰਸਨਾ ਚਿਲ੍ਹਾ ਤੀਰ ਕਮਾਨ, ਸੋਹੰ ਖੰਡਾ ਹੱਥ ਉਠਾਨਿਆ। ਆਪ ਉਠਾਏ ਮੁਗਲ ਪਠਾਨ, ਸ਼ਾਹ ਤਹਿਰਾਨ ਸੰਗ ਅਫਗਾਨਿਆ। ਮੱਕਾ ਕਾਅਬਾ ਵੇਖ ਦੁਕਾਨ, ਦੇਵੇ ਦਾਨ ਧੁਰ ਫ਼ਰਮਾਨਿਆ। ਸੰਗ ਫਰੰਗੀ ਜਗਤ ਸ਼ੈਤਾਨ, ਏਕਾ ਦੂਜਾ ਸੰਗ ਨਿਭਾਨਿਆ। ਈਸਾ ਮੂਸਾ ਏਕਾ ਗਾਨ, ਏਕਾ ਨਾਦ ਤਰਾਨਿਆ। ਚੀਨਾ ਰੂਸਾ ਵੇਖ ਨਾਦਾਨ, ਕਾਲਾ ਸੂਸਾ ਤਨ ਪਹਿਨਾਨਿਆ। ਸ਼ਬਦ ਹਦੀਸਾ ਵਿਚ ਜਹਾਨ, ਹਰਿ ਸਾਚਾ ਵੇਖ ਵਖਾਨਿਆ। ਖਾਲੀ ਖੀਸਾ ਸ਼ਾਹ ਸੁਲਤਾਨ, ਮਾਇਆ ਰਾਣੀ ਮੁਖ ਭਵਾਨਿਆ। ਬੀਸ ਇਕੀਸਾ ਹਰਿ ਭਗਵਾਨ, ਧਰਮ ਝੁਲਾਏ ਇਕ ਨਿਸ਼ਾਨਿਆ। ਵਿਚ ਉਨੀਸਾ ਹੋਏ ਵੈਰਾਨ, ਅੱਲਾ ਰਾਣੀ ਮੁਖ ਛੁਪਾਨਿਆ। ਅੱਠ ਅਠਾਰਾਂ ਬੇਪਛਾਨ, ਜਲ ਧਾਰ ਰੂਪ ਸਮਾਨਿਆ। ਸੱਤ ਸਤਾਰਾਂ ਸਰਬ ਕੁਰਲਾਨ, ਮੁਗਲ ਪਠਾਣ ਸੰਗ ਹਿੰਦਵਾਨਿਆ। ਸੰਮਤ ਸੋਲਾਂ ਜਾਣੀ ਜਾਣ, ਬਿਆਸ ਕਿਨਾਰਾ ਪਾਰ ਕਰਾਨਿਆ। ਪੰਦਰਾਂ ਅੰਦਰ ਵੇਖੇ ਮਾਰ ਧਿਆਨ, ਡੂੰਘੀ ਕੁੰਦਰਾ ਜੀਵ ਸ਼ੈਤਾਨਿਆ। ਸੰਮਤ ਚੌਦਾਂ ਲਿਖਿਆ ਲੇਖ ਮਹਾਨ, ਇੱਕੀ ਚੇਤਰ ਦਿਵਸ ਸੁਜਾਨਿਆ। ਮੰਗੀ ਮੰਗ ਇਕ ਅਨਜਾਣ, ਲਿਖਣਾ ਲੇਖ ਦਰ ਪਰਵਾਨਿਆ। ਪੰਚਮ ਜੇਠ ਗੁਣ ਨਿਧਾਨ, ਖੇਲੇ ਖੇਲ ਦੋ ਜਹਾਨਿਆ। ਜਗਤ ਸਿੰਘਾਸਣ ਮੁਖ ਭਵਾਨ, ਉਲਟੀ ਕਲ ਵਰਤਾਨਿਆ। ਕੋਈ ਨਾ ਦੇਵੇ ਕਿਸੇ ਦਾਨ, ਸਾਧ ਸੰਤ ਹੋਏ ਹੈਰਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੈਨਾਪਤ ਵੇਖੇ ਘਰ, ਘਰ ਸਾਚਾ ਕਵਣ ਪਛਾਨਿਆ। ਸੈਨਾਪਤ ਸਾਜਨ ਸਾਜ, ਏਕਾ ਸਾਜ ਬਣਾਇਆ। ਜੋਧਾ ਸੂਰਾ ਰਾਜਨ ਰਾਜ, ਬਲੀ ਬਲਵਾਨ ਅਖਵਾਇਆ। ਸੱਤ ਰੰਗ ਨਿਸ਼ਾਨਾ ਜਗਤ ਜਹਾਨ, ਪ੍ਰਭ ਸਾਚੇ ਆਪ ਝੁਲਾਇਆ। ਪੰਚਮ ਮੁਖ ਬਖ਼ਸ਼ਿਆ ਤਾਜ ਮਹਾਨ, ਭੁੱਲ ਕਿਉਂ ਮੁਖ ਛੁਪਾਇਆ। ਪੰਚਮ ਲੇਖਾ ਸੋਹੰ ਦਾਜ, ਪ੍ਰਭ ਸਾਚੇ ਝੋਲੀ ਪਾਇਆ। ਚਰਨ ਜੋੜਾ ਸ਼ਬਦ ਘੋੜਾ ਰਕਾਬ, ਨੌ ਸੱਤ ਸੋਲਾਂ ਆਸਣ ਲਾਇਆ। ਸ਼ਬਦ ਸੋਟੀ ਦਏ ਅਜ਼ਾਬ, ਮਨਮੁਖ ਜੀਵਾਂ ਦਏ ਸਜ਼ਾਇਆ। ਵੇਖ ਵਖਾਣੇ ਸ਼ਾਹ ਨਵਾਬ, ਜਗਤ ਅਹਿਬਾਬ ਇਕ ਅਖਵਾਇਆ। ਨਾਮ ਸਿਤਾਰ ਵਜਾਏ ਰਬਾਬ, ਸਾਰੰਗੀ ਸਾਰੰਗਾ ਰਿਹਾ ਹਿਲਾਇਆ। ਨਾ ਕੋਈ ਖਾਏ ਭੁੰਨ ਕਬਾਬ, ਮਦਿਰਾ ਮਾਸ ਨਾ ਮੁਖ ਲਗਾਇਆ। ਕਿਸੇ ਹੱਥ ਨਾ ਆਏ ਹਯਾਤ ਆਬ, ਮੌਲਾਨਾ ਆਜ਼ਾਦ ਰਿਹਾ ਸਮਝਾਇਆ। ਪੰਡਤ ਨਹਿਰੂ ਵੇਖ ਹਿਸਾਬ, ਪੰਡਤ ਪਾਂਧੇ ਸੰਗ ਰਲਾਇਆ। ਇੰਦਰ ਪ੍ਰਸਾਦ ਕਵਣ ਖਿਤਾਬ, ਕਵਣ ਸੀਸ ਤਾਜ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੋਏ ਰਿਹਾ ਜਗਤ ਉਠਾਇਆ। ਸੈਨਾਪਤ ਤੇਜ ਕਟਾਰ, ਪ੍ਰਭ ਸਾਚੇ ਹੱਥ ਉਠਾਇਆ। ਕਲਜੁਗ ਅੰਤਮ ਲਏ ਅਵਤਾਰ, ਸ਼ਬਦ ਘੋੜੇ ਤੰਗ ਕਸਾਈਆ। ਪੰਚਮ ਅੱਸੂ ਆਇਆ ਦਿੱਲੀ ਦਰਬਾਰ, ਪੀਲੇ ਬਸਤਰ ਤਨ ਛੁਹਾਈਆ। ਸੰਮਤ ਚੌਦਾਂ ਕਰਿਆ ਖ਼ਬਰਦਾਰ, ਭੁੱਲ ਰਹੇ ਨਾ ਰਾਈਆ। ਦੇਸ ਪਰਦੇਸ਼ਾ ਨਾਤਾ ਤੁੱਟੇ ਮੀਤ ਮੁਰਾਰ, ਹਰਿ ਬਿਨ ਸੰਗ ਨਾ ਕੋਇ ਨਿਭਾਈਆ। ਕਲਜੁਗ ਮਾਇਆ ਭੱਠ ਤਪੇ ਅੰਗਿਆਰ, ਪ੍ਰਭ ਸਾਚਾ ਰਿਹਾ ਤਪਾਈਆ। ਇੱਕੀ ਜੇਠ ਵੇਖ ਵਿਚਾਰ, ਤ੍ਰੈਗੁਣ ਮਾਇਆ ਲੰਬੂ ਲਾਈਆ। ਪੰਜ ਤਤ ਹੋਏ ਖੁਆਰ, ਚਾਰੋਂ ਕੁੰਟ ਜਗਤ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਲਿਖਿਆ ਲੇਖ ਦਰ ਪੁਜਾਈਆ। ਪੰਚਮ ਲੇਖਾ ਅੰਤਮ ਆਉਣਾ, ਘਰ ਮੰਦਰ ਹਰਿ ਵਿਚਾਰਨਾ। ਸਾਚੀ ਸੇਜ ਨਾ ਮਿਲੇ ਸੌਣਾ, ਪ੍ਰਭ ਸਾਚਾ ਮਨ ਵਿਸਾਰਨਾ। ਕਲਜੁਗ ਖੇਲ ਹਰਿ ਕਲ ਵਰਤਾਉਣਾ, ਨਾ ਕੋਈ ਦੀਸੇ ਹੋਰ ਸਹਾਰਨਾ। ਸੰਮਤ ਚੌਦਾਂ ਚੌਦਾਂ ਲੋਕ ਹਿਲਾਉਣਾ, ਗੜ੍ਹ ਤੋੜ ਕਿਲ੍ਹਾ ਹੰਕਾਰਨਾ। ਲਿਖਿਆ ਲੇਖ ਪੂਰ ਕਰਾਉਣਾ, ਆਪ ਆਪਣਾ ਕਾਜ ਸਵਾਰਨਾ। ਭਰਮ ਭੁਲੇਖਾ ਦੂਰ ਕਰਾਉਣਾ, ਜੋ ਆਏ ਦਰ ਦਵਾਰਨਾ। ਧਾਰੀ ਕੇਸ ਨਾ ਸੰਗ ਨਿਭਾਉਣਾ, ਮੂੰਡ ਮੁੰਡਾਏ ਨਾ ਮੁਖ ਭਵਾਵਨਾ। ਵਰਨ ਬਰਨ ਪ੍ਰਭ ਮੇਟ ਮਿਟਾਉਣਾ, ਏਕਾ ਰਾਗ ਅਪਾਰਨਾ। ਸੋਹੰ ਸਾਚਾ ਜਾਪ ਜਪਾਉਣਾ, ਸਤਿ ਪੁਰਖ ਨਿਰੰਜਣ ਗੁਰਮੁਖਾਂ ਉਤੋਂ ਕਰੇ ਸਲਵਾਰਨਾ। ਏਕਾ ਡੰਕਾ ਰਾਓ ਰੰਕ ਵਜਾਉਣਾ, ਮਾਇਆ ਸ਼ੰਕਾ ਸਰਬ ਨਿਵਾਰਨਾ। ਸੰਮਤ ਪੰਦਰਾਂ ਪੰਦਰਾਂ ਕੱਤਕ ਲੰਕਾ ਗੜ੍ਹ ਸਪੂਤਾ ਰਾਵਣਾ, ਰਾਮਾ ਦੁੱਖ ਨਿਵਾਰਨਾ। ਸ਼ਾਹ ਭਬੀਖਨ ਸੰਗ ਰਲਾਉਣਾ, ਲਹਿਣਾ ਦੇਣਾ ਕਰਜ਼ ਉਤਾਰਨਾ। ਅੰਤ ਦਵਾਰੇ ਸਾਚੇ ਆਉਣਾ, ਪ੍ਰਭ ਸਾਚੇ ਕਾਜ ਸਵਾਰਨਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਦੇਸ ਮਾਝੇ ਪਾਉਣਾ, ਜੋਤੀ ਜਾਮਾ ਭੇਖ ਸ਼ਬਦ ਅਧਾਰਨਾ। ਅਲਖ ਅਗੋਚਰ ਅਗੰਮ ਅਥਾਹ ਏਕਾ ਧਾਮ ਸੁਹਾਉਣਾ, ਦਿੱਲੀ ਦਰ ਸੱਚੇ ਦਰਬਾਰਨਾ। ਨੌ ਖੰਡ ਪ੍ਰਿਥਮੀ ਮਥ ਵਖਾਉਣਾ, ਏਕਾ ਮਾਰੇ ਨਾਮ ਮਾਰਨਾ। ਸਾਢੇ ਤਿੰਨ ਹੱਥ ਸੀਆਂ ਵੰਡ ਵੰਡਾਉਣਾ, ਮਾਨਸ ਦੇਹੀ ਕਾਜ ਸਵਾਰਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚੀ ਬੀਸ ਬੀਸੇ ਬੰਨ੍ਹੇ ਧਾਰਨਾ।

Leave a Reply

This site uses Akismet to reduce spam. Learn how your comment data is processed.