੧੨ ਭਾਦਰੋਂ ੨੦੧੨ ਬਿਕ੍ਰਮੀ ਸੰਤ ਰਣਧੀਰ ਸਿੰਘ ਨੂੰ ਸ਼ਬਦ ਭੇਜਿਆ ਗਿਆ
ਪ੍ਰਿਥਮੀ ਅਕਾਸ਼ ਅਪ ਤੇਜ਼ ਵਾਏ। ਸੰਤ ਗੁਰ ਕਿਸ ਦਰ ਹੋਏ ਪਾਸ, ਦੇ ਮਤ ਸੰਤ ਸਮਝਾਏ। ਕਵਣ ਮੰਡਲ ਕਵਣ ਰਾਸ, ਕਵਣ ਪਵਣ ਸ਼ਬਦ ਸਵਾਸ, ਕਵਣ ਜੋਤੀ ਰਿਹਾ ਜਗਾਏ। ਕਵਣ ਮਨ ਰਹੇ ਉਦਾਸ, ਕਵਣ ਤਨ ਹੋਏ ਨਾਸ, ਕਵਣ ਜਨ ਹਰਿ ਵਸੇ ਪਾਸ, ਆਦਿ ਮਧ ਭੇਵ ਖੁਲ੍ਹਾਏ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਪੰਚ ਪਰਧਾਨੇ ਨੌਜਵਾਨੇ ਵਿਚ ਜਹਾਨੇ, ਸਚ ਨਿਸ਼ਾਨੇ ਧਰਮ ਝੁਲਾਏ। ਸੰਤ ਰਣਧੀਰ ਉਠ ਸੁਰਤ ਸੰਭਾਲ। ਕਵਣ ਸ਼ਾਹ ਕਵਣ ਫਕੀਰ, ਕਵਣ ਦਿਸੇ ਮਾਤ ਕੰਗਾਲ। ਕਵਣ ਬਸਤਰ ਤਨ ਪਹਿਨੇ ਚੀਰ, ਕਵਣ ਵੇਖੇ ਅਨਮੁਲੜਾ ਲਾਲ। ਕਵਣ ਅੰਮ੍ਰਿਤ ਆਤਮ ਮਿਲੇ ਸੱਚਾ ਸੀਰ, ਕਵਣ ਦਵਾਰੇ ਲਿਆ ਭਾਲ। ਕਵਣ ਚੋਟੀ ਚੜ੍ਹਿਆ ਅਖੀਰ ਕਵਣ ਦਸਮ ਦਵਾਰੀ ਵੱਜੇ ਕਿਹੜਾ ਤਾਲ। ਕਲਜੁਗ ਅੰਤਮ ਪਈ ਭੀੜ, ਨਾ ਕੋਈ ਬੰਨ੍ਹੇ ਮਾਤ ਬੀੜ, ਫਲ ਨਾ ਦਿਸੇ ਕਿਸੇ ਡਾਲ੍ਹ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਸੰਤ ਸੁਹੇਲੇ ਬਣਨਾ ਮਾਤ ਦਲਾਲ। ਸਿੰਘ ਰਣਧੀਰ ਰਣ ਲੈਣਾ ਜਿਤ। ਗੁਰਮੁਖਾਂ ਵੇਲੇ ਅੰਤ ਅਖ਼ੀਰ ਲੇਖ ਲਿਖਾਉਣਾ ਵਾਰ ਥਿਤ। ਕਵਣ ਦਾਤਾ ਸੂਰਬੀਰ ਕਰੇ ਖੇਲ ਨਿੱਤ ਨਵਿੱਤ। ਕਵਣ ਮਾਰੇ ਸ਼ਬਦ ਤੀਰ, ਪਾਰ ਕਰਾਏ ਕਾਇਆ ਖੇਤ। ਕਵਣ ਦੇਵੇ ਅੰਮ੍ਰਿਤ ਸੀਰ, ਪੁਰਖ ਅਬਿਨਾਸ਼ੀ ਵਸੇ ਚਿੱਤ। ਵੇਲੇ ਅੰਤਮ ਕਟੇ ਭੀੜ, ਲੱਖ ਚੁਰਾਸੀ ਲਈਏ ਜਿਤ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਸ਼ਬਦ ਵਰ, ਕਲਜੁਗ ਆਪਣਾ ਕਰ ਕਰ ਹਿਤ। ਦਸਮ ਦਵਾਰੀ ਪੜਦਾ ਖੋਲ੍ਹ। ਜੋਤ ਨਿਰੰਕਾਰੀ ਲੈਣੀ ਤੋਲ। ਨਿਸ਼ ਅੱਖਰ ਵੱਖਰ ਸ਼ਬਦ ਪਵਣੀ ਬੋਲ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਮੰਗੇ ਨਾਮ ਵਰ, ਆਤਮ ਪੜਦੇ ਦੇਣੇ ਖੋਲ੍ਹ। ਗੁਰ ਗੋਬਿੰਦ ਪੰਚ ਪਰਧਾਨ। ਮਿਟੇ ਚਿੰਦ ਵਿਚ ਜਹਾਨ। ਇਕ ਉਪਜਾਉਣੀ ਨਰ ਹਰਿ ਸਾਚੀ ਬਿੰਦ, ਚਤੁਰਭੁਜ ਸ੍ਰੀ ਭਗਵਾਨ। ਸਰਬ ਜੀਆਂ ਕਵਣ ਦਵਾਰੇ ਬਣੇ ਬਖ਼ਸ਼ਿੰਦ, ਚੌਥਾ ਘਰ ਕਵਣ ਕੂਟੇ ਖੇਲ ਮਹਾਨ। ਜੋਤੀ ਜੋਤ ਸਰੂਪ ਹਰਿ, ਏਕਾ ਮੰਗੇ ਨਾਮ ਵਰ, ਪੰਚਮ ਦੇਣਾ ਵਡ ਪਰਧਾਨ। ਪੰਚਮ ਪਰਧਾਨ ਕਵਣ ਅਖਵਾਇਆ। ਕਵਣ ਪਵਣ ਕਵਣ ਸਮਾਣ, ਪੰਜਾਂ ਤੱਤਾਂ ਵਿਚ ਸਮਾਇਆ। ਕਵਣ ਪੀਣ ਕਵਣ ਖਾਣ, ਕਵਣ ਰਾਗ ਕਵਣ ਜਾਗ, ਕਵਣ ਮੇਲ ਕੰਤ ਸੁਹਾਗ, ਕਵਣ ਧਾਰ ਪਹਿਲੀ ਵਾਰ ਦਸਮ ਦਵਾਰੀ ਮੁਖ ਚੁਆਇਆ। ਕਵਣ ਯਾਰ ਮੀਤ ਮੁਰਾਰ, ਪੰਜੇ ਕੱਕੇ ਕਰ ਤਿਆਰ, ਪੰਜਾਂ ਚੋਰਾਂ ਬਾਹਰ ਹੱਕੇ, ਅਠੇ ਪਹਿਰ ਖ਼ਬਰਦਾਰ। ਅੰਦਰ ਮੰਦਰ ਰਾਹ ਕਿਹੜਾ ਤੱਕੇ, ਕਵਣ ਦਵਾਰੇ ਜੋਤ ਅਕਾਰ। ਕਾਇਆ ਬੂਟੇ ਫਲ ਅੰਤਮ ਪੱਕੇ, ਢਹਿ ਢਹਿ ਢੇਰੀ ਹੋਣੇ ਛਾਰ। ਜੋਤੀ ਜੋਤ ਸਰੂਪ ਹਰਿ, ਏਕਾ ਪੁਛੇ ਸਚ ਘਰ, ਉਤਰ ਦੇਣਾ ਤੀਜੇ ਨੈਣਾ ਦਸਮ ਦਵਾਰੀ ਹਰਿ ਨਿਰੰਕਾਰੀ ਜੋਤ ਨਿਰੰਜਣ ਵੇਖ ਵਿਚਾਰ। ਉਤਰ ਦੇਣਾ ਕਾਇਆ ਮਟ। ਪੁਰਖ ਅਬਿਨਾਸ਼ੀ ਆਪੇ ਜਾਣੇ ਘਟ ਘਟ। ਪੁਰਖ ਅਬਿਨਾਸ਼ੀ ਏਕਾ ਪੁੱਛੇ ਅੰਮ੍ਰਿਤ ਤਾਲ, ਕਵਣ ਕਿਨਾਰਾ ਕਵਣ ਤਟ। ਕਵਣ ਦਿਸ਼ਾ ਵੱਜੇ ਛਾਲ, ਪਰਗਟ ਹੋਏ ਝੱਟ ਪੱਟ। ਪੁਰਖ ਅਬਿਨਾਸ਼ੀ ਲਈਏ ਭਾਲ, ਕਾਇਆ ਮੰਦਰ ਚੌਦਾਂ ਹੱਟ। ਏਕਾ ਬਣਨਾ ਜਗਤ ਦਲਾਲ। ਜੋਤੀ ਜੋਤ ਸਰੂਪ ਹਰਿ, ਏਕਾ ਪੁੱਛੇ ਸਚ ਘਰ, ਲੱਖ ਚੁਰਾਸੀ ਚੁੱਕੇ ਡਰ, ਆਪ ਆਪਣੇ ਜਿਹਾ ਕਰ, ਨਾ ਕਦੇ ਸ਼ਾਹ ਨਾ ਕੰਗਾਲ। ਉਤਰ ਦੇਣਾ ਛੇਤੀ ਮੋੜ। ਸ਼ਬਦ ਚੜ੍ਹਨਾ ਸਾਚੇ ਘੋੜ। ਇੱਕੀ ਭਾਂਦਰੋਂ ਆਉਣਾ ਦੌੜ। ਪੁਰ ਭਲਾਈ ਹੋਏ ਜੋੜ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਹਰਿ, ਵੇਖੇ ਪਰਖੇ ਮਿੱਠੇ ਕੌੜ। ਵਿਚ ਰਖਾਉਣੀ ਕੰਧ। ਅੰਦਰ ਬਾਹਰ ਆਤਮ ਅੰਧ। ਸ਼ਬਦ ਸਵਾਸੀ ਸਾਚੇ ਚੰਦ। ਮਦਿਰਾ ਮਾਸੀ ਬੱਤੀ ਦੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਹਰਿ, ਵੇਖ ਵਖਾਣੇ ਪਰਮਾਨੰਦ। ਜੋਤੀ ਨੂਰ ਮੁਖ ਛੁਪਾਉਣਾ। ਸ਼ਬਦ ਤੂਰ ਇਕ ਰਖਾਉਣਾ। ਹਾਜ਼ਰ ਹਜ਼ੂਰ ਭੇਵ ਚੁਕਾਉਣਾ। ਜੋ ਜਨ ਦੀਸੇ ਦੂਰਨ ਦੂਰ, ਨੇੜਨ ਨੇੜ ਆਪ ਵਖਾਉਣਾ। ਵਡ ਦਾਤਾ ਜੋਧਾ ਸੂਰ, ਸ਼ਬਦ ਅਖਾੜਾ ਇਕ ਲਗਾਉਣਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੇ ਰੰਗ ਸਮਾਉਣਾ। ਸਾਚਾ ਸ਼ਬਦ ਰਸਨ ਉਚਾਰ। ਗੁਰ ਗੁਰ ਮੰਤਰ ਕਰ ਪਿਆਰ। ਬਣੇ ਬਣਤ ਬਣਾਏ ਬਣਤਰ, ਅੰਤਰ ਅੰਤਰ ਦਸਮ ਦਵਾਰ। ਮੰਡਲ ਮੰਡਪ ਗਗਨ ਗਗਨੰਤਰ, ਜਗਤ ਜੋਤ ਭਗਤ ਅਕਾਰ। ਨੌਂ ਦਵਾਰੇ ਇਕ ਬਸੰਤਰ, ਨਾ ਕੋਈ ਪਾਵੇ ਜੀਵ ਸਾਰ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਟੇਕ ਨਰ ਨਿਰੰਕਾਰ। ਚੌਦਾਂ ਹੱਟ ਚੌਦਾਂ ਪਹਿਰ। ਸ਼ਬਦ ਚਲੇ ਏਕਾ ਲਹਿਰ। ਕੋਈ ਨਾ ਬੋਲੇ ਵਿਚ ਐਰ ਗੈਰ। ਕਾਇਆ ਵਸੇ ਆਤਮ ਹੱਸੇ, ਭਾਗ ਲੱਗੇ ਜੋਤੀ ਦੀਪਕ ਜਗੇ, ਹਰਿ ਹਰਿ ਮੰਦਰ ਤਨ ਸ਼ਹਿਰ। ਜੋਤੀ ਜੋਤ ਸਰੂਪ ਹਰਿ, ਏਕਾ ਏਕ ਵਸੇ ਘਰ, ਲੋਆਂ ਪੁਰੀਆਂ ਖੰਡ ਬ੍ਰਹਿਮੰਡ ਵਰਭੰਡ ਕਰੇ ਕਰਾਏ ਸ਼ਬਦ ਸੈਰ। ਸਚ ਦਵਾਰੇ ਆਉਣਾ ਚਲ। ਜਗਤ ਵਣਜਾਰੇ ਧਰਮ ਅਟੱਲ। ਪਵਣ ਉਡਾਰੇ ਜਲ ਥਲ। ਨੌਂ ਦਵਾਰੇ ਕਲਜੁਗ ਕਲ। ਦਸਵੇਂ ਜੋਤੀ ਜਾਏ ਬਲ। ਮਿਲੇ ਮੇਲ ਸ਼ਾਹ ਪ੍ਰਬਲ। ਪਾਏ ਧਾਮ ਰਮਈਆ ਰਾਮ, ਉਚ ਮਹੱਲ ਅਚਲ ਅਟੱਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਘਲ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਧ ਸੰਤ ਕਰੇ ਪਛਾਣ, ਪਰਗਟ ਵਾਲੀ ਦੋ ਜਹਾਨ ਨਾ ਕੋਈ ਕਰੇ ਵਲ ਛਲ। ਵਲ ਛਲ ਨਾ ਕੋਈ ਕਰਾਨਾ। ਦੀਪਕ ਜੋਤੀ ਰਹੀ ਬਲ, ਜਗਤ ਅੰਧੇਰ ਮੇਟ ਮਿਟਾਨਾ। ਕਾਇਆ ਮਾਟੀ ਅੰਮ੍ਰਿਤ ਫਲ, ਸਾਚਾ ਮੇਵਾ ਜਗਤ ਖੁਆਉਣਾ। ਜੋਤੀ ਜੋਤ ਸਰੂਪ ਹਰਿ, ਸੰਤ ਸੁਹੇਲੇ ਮੰਗੇ ਵਰ, ਇਕ ਇਕੇਲੇ ਸੋਹੀਏ ਦਰ, ਸਾਚਾ ਘਰ ਇਕ ਵਸਾਉਣਾ। ਕਾਇਆ ਕੂੜ ਕੂੜ ਕੁੜਿਆਰੀ। ਅੱਠੇ ਪਹਿਰ ਪੰਚਾਂ ਬੱਧੀ, ਦਿਵਸ ਰੈਣ ਪਾਪਾਂ ਲੱਦੀ, ਚੁੱਕਿਆ ਜਾਏ ਨਾ ਭਾਰ ਭਾਰੀ। ਰਸਨਾ ਰਸ ਪੀ ਪੀ ਲੱਦੀ, ਸ਼ਬਦ ਖੁਲ੍ਹਾਏ ਸਾਚੀ ਗੱਦੀ, ਹਉਮੇ ਵਧੀ ਤਨ ਵਿਕਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸ਼ਬਦ ਵਰ, ਤਨ ਮਨ ਦੁਖੜਾ ਲਥੇ ਭਾਰੀ। ਹੱਡ ਜੋੜ ਤਨ ਨਾੜੀ ਮਾਸ। ਰੋਗ ਸੋਗ ਜਾਇਣ ਛੋੜ, ਮਿਲਿਆ ਮੇਲ ਪੁਰਖ ਅਬਿਨਾਸ਼। ਆਦਿ ਅੰਤ ਨਾ ਹੋਏ ਵਿਜੋਗ, ਰਸਨਾ ਗਾਉਣਾ ਸਵਾਸ ਸਵਾਸ। ਮਿਲਿਆ ਮੇਲ ਧੁਰ ਸੰਜੋਗ, ਪੂਰਨ ਕਰੇ ਪ੍ਰਭ ਸਾਚਾ ਆਸ। ਰਸਨਾ ਰਸ ਲੈਣਾ ਭੋਗ, ਉਲਟਾ ਗਰਭ ਨਾ ਹੋਵੇ ਵਾਸ ਦਸ ਮਾਸ। ਸੋਹੰ ਚੁਗਣੀ ਸਾਚੀ ਚੋਗ, ਕਿਸੇ ਹੱਥ ਨਾ ਆਏ ਪ੍ਰਿਥਮੀ ਅਕਾਸ਼। ਜੋਤੀ ਜੋਤ ਸਰੂਪ ਹਰਿ, ਸਦ ਵਸੇ ਆਸ ਪਾਸ। ਮੰਗੀ ਮੰਗ ਬਣ ਭਿਖਾਰੀ। ਆਤਮ ਜੀਆਂ ਦੇ ਅਧਾਰੀ। ਕੋਈ ਨਾ ਦੀਸੇ ਮਾਤ ਪੀਆ, ਸਾਚਾ ਨਾਤ ਪੁਤਰ ਧੀਆਂ ਬਣੇ ਰਹੇ ਜਗਤ ਪਿਆਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖ ਲਿਖਾਉਣਾ ਦੂਜੀ ਵਾਰੀ। ਸਾਚਾ ਲੇਖਾ ਆਪ ਲਿਖਾਉਣਾ। ਬਿਧਨਾ ਲਿਖੀ ਰੇਖ, ਕਰਮ ਮਾਤ ਮਿਟਾਉਣਾ। ਸਚ ਦਵਾਰਾ ਆਈ ਵੇਖ, ਦੇ ਹੱਥ ਸਮਰਥ ਆਪ ਬਚਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਨ ਝੋਲੀ ਪਾਉਣਾ। ਪੁਰਖ ਅਬਿਨਾਸ਼ੀ ਕਰ ਧਿਆਨ। ਘਟ ਘਟ ਵਾਸੀ ਵਿਚ ਜਹਾਨ। ਕਾਇਆ ਬਣਾਏ ਸਾਚੀ ਰਾਸੀ, ਮਿਲੇ ਵੱਥ ਵਿਚ ਜਹਾਨ। ਰਸਨਾ ਗਾਉਣਾ ਸਵਾਸ ਸਵਾਸ, ਉਪਜੇ ਜੋਤ ਬ੍ਰਹਮ ਗਿਆਨ। ਰਸਨ ਤਜਾਉਣਾ ਮਦਿਰਾ ਮਾਸ, ਚਰਨ ਕਵਲ ਹਰਿ ਇਕ ਧਿਆਨ। ਬੇਮੁਖ ਕਰਦੇ ਦਰ ਦਰ ਹਾਸੀ, ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸਚ ਵਰ, ਜੀਆ ਜੋਤੀ ਜਗਤ ਜਹਾਨ। ਮਾਇਆ ਰਾਣੀ ਗਈ ਛੱਡ। ਦੁਖੀ ਹੋਇਆ ਹਡ ਹਡ। ਕਵਣ ਲਡਾਏ ਸਾਚਾ ਲੱਡ। ਦੂਈ ਦਵੈਤੀ ਰਿਹਾ ਵੱਢ। ਧੂੰਆਂ ਧੁਖੇ ਕਾਇਆ ਖੱਡ। ਭਰਮ ਭੁਲੇਖਾ ਦੇਣਾ ਕੱਢ। ਮੁੱਕੇ ਲੇਖਾ ਵਡ ਵਡ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਖੀ ਕਰਾਏ ਹੱਡ ਹੱਡ। ਮਾਇਆ ਰਾਣੀ ਕਰ ਪਿਆਰ। ਸੁਘੜ ਸਿਆਣੀ ਹੋ ਤਿਆਰ। ਆਵੇ ਜਾਵੇ ਵਾਰੋ ਵਾਰ। ਸੋਲਾਂ ਕਰੇ ਤਨ ਸ਼ਿੰਗਾਰ। ਸਾਚੇ ਦਰ ਗੁਰਮੁਖ ਘਰ ਪਾਏ ਫੇਰਾ ਬਣ ਭਿਖਾਰ। ਦੁੱਖਾਂ ਦਰਦਾਂ ਢਾਹੇ ਡੇਰਾ, ਤਨ ਮੰਦਰ ਅੰਦਰ ਏਕਾ ਕੀੜਾ, ਚਿੰਤਾ ਸੋਗ ਦਏ ਨਿਵਾਰ। ਭਾਗ ਲਗਾਏ ਕਾਇਆ ਨਗਰ ਖੇੜਾ, ਆਪੇ ਬੰਨ੍ਹੇ ਹਰਿ ਜੀ ਬੇੜਾ। ਫੜ ਫੜ ਬਾਹੋਂ ਜਾਏ ਤਾਰ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਪਰੰਪਰ ਸਵਾਮੀ ਗਊ ਗਰੀਬ ਨਿਮਾਣਿਆਂ ਪਾਵੇ ਮਾਤ ਸਾਰ। ਏਕਾ ਦਰਸ ਦਰਸ ਅਮੋਘ। ਹਰਿ ਹਰਿ ਸ਼ਬਦ ਸਾਚਾ ਜੋਗ। ਗੁਰ ਗੁਰ ਸ਼ਬਦ ਰਸਨਾ ਭੋਗ। ਲਿਖਿਆ ਲੇਖ ਪੁਰਖ ਅਬਿਨਾਸ਼ੀ ਧੁਰ ਜੋਤ ਸਰੂਪੀ ਸਚ ਸੰਜੋਗ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪਣੀ ਕਿਰਪਾ ਦੇਵੇ ਕਰ, ਦੋ ਜਹਾਨ ਨਾ ਹੋਏ ਵਿਜੋਗ। ਦੇਵੇ ਦਰਸ ਰੰਗ ਕਰਤਾਰ। ਅੰਮ੍ਰਿਤ ਮੇਘ ਦੇਵੇ ਬਰਸ, ਕਾਇਆ ਕਰੇ ਠੰਡੀ ਠਾਰ। ਸਦਾ ਸੁਹੇਲਾ ਕਰੇ ਤਰਸ, ਆਤਮ ਅਤੀਤੀ ਚਰਨ ਪਿਆਰ। ਜਗਤ ਤ੍ਰਿਸਨਾ ਮੇਟੇ ਹਰਸ, ਜੂਠਾ ਝੂਠਾ ਲਾਹੇ ਬੁਖਾਰ। ਤੀਜੇ ਲੋਚਨ ਲੈਣਾ ਪਰਸ, ਦਰ ਦਵਾਰੇ ਨਰ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਠੇ ਪਹਿਰ ਦਿਵਸ ਰੈਣ ਬਣਿਆ ਰਹੇ ਪਹਿਰੇਦਾਰ। ਤਿੰਨ ਸੌਂ ਸੱਠ ਜੁੜਿਆ ਜੋੜ, ਪੁਰਖ ਅਬਿਨਾਸ਼ੀ ਕਰਿਆ ਇਕੱਠ, ਹੱਡ ਮਾਸ ਨਾੜੀ ਤਨ ਕਾਇਆ ਲੋੜ। ਅੰਤ ਵੇਲੇ ਹੋਏ ਭੱਠ, ਉਲਟੀ ਗਿੜੇ ਕਾਇਆ ਲੱਠ, ਨਾ ਕੋਈ ਚੜ੍ਹਿਆ ਸ਼ਬਦ ਘੋੜ। ਕਾਇਆ ਅਗਨੀ ਆਤਮ ਮੱਠ, ਹਰਿ ਜਨ ਸਾਚੇ ਸ਼ਬਦ ਹੱਠ, ਦਰ ਦਵਾਰੇ ਆਏ ਦੌੜ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਜਾਏ ਬਹੁੜ।