Granth 07 Likhat 119: 5 Maghar 2015 Bikarmi Gurdwara Bandi Chhod Har Gobind Sahib de Asthan par Shabad Likhayea Gia Sangat Samet Kila Gwalior

੫ ਮੱਘਰ ੨੦੧੫ ਬਿਕ੍ਰਮੀ ਗੁਰਦਵਾਰਾ ਬੰਦੀ ਛੋੜ ਹਰਿ ਗੋਬਿੰਦ ਸਾਹਿਬ ਦੇ ਅਸਥਾਨ ਪਰ ਸ਼ਬਦ ਲਿਖਾਇਆ ਗਿਆ ਸੰਗਤ ਸੰਮੇਤ ਕਿਲਾ ਗਵਾਲੀਅਰ

ਮੂਰਤ ਅਕਾਲ ਜੋਤ ਅਪਾਰ, ਹਰਿ ਹਰਿ ਆਪ ਜਗਾਈਆ। ਲੋਕਮਾਤ ਖੇਲ ਅਪਾਰ, ਪੰਜ ਤਤ ਵੱਜੀ ਵਧਾਈਆ। ਨਾਨਕ ਮੇਲਾ ਪੁਰਖ ਅਪਾਰ, ਪਾਰਬ੍ਰਹਮ ਸਰਨਾਈਆ। ਏਕਾ ਰੂਪ ਅਗੰਮ ਅਪਾਰ, ਆਪਣਾ ਆਪ ਦਰਸਾਈਆ। ਸ਼ਬਦ ਅਨਾਦੀ ਏਕਾ ਤਾਲ, ਆਪਣਾ ਆਪ ਅਲਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਆਦਿ ਨਿਰੰਜਣ ਵਡ ਵਡਿਆਈਆ। ਬੋਧ ਅਗਾਧੀ ਖੇਲ ਅਪਾਰ, ਸਰਗੁਣ ਮੇਲਾ ਸਹਿਜ ਸੁਭਾਈਆ। ਨਿਰਗੁਣ ਸਰਗੁਣ ਏਕਾ ਧਾਰ, ਗੁਰ ਨਾਨਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਨੂਰ ਕਰੇ ਰੁਸ਼ਨਾਈਆ। ਨਾਨਕ ਗੁਰ ਸ਼ਬਦ ਨਗਾਰਾ, ਏਕਾ ਏਕ ਵਜਾਇੰਦਾ। ਸ੍ਰਿਸ਼ਟ ਸਬਾਈ ਪਾਵੇ ਸਾਰਾ, ਇਕ ਨਿਸ਼ਾਨ ਆਪ ਉਠਾਇੰਦਾ। ਚਾਰ ਵਰਨਾ ਕਰੇ ਪਿਆਰਾ, ਬਰਨ ਅਠਾਰਾਂ ਪਾਰ ਕਰਾਇੰਦਾ। ਇਕ ਸੁਹਾਏ ਸਚ ਦਵਾਰਾ, ਦਰ ਦਵਾਰਾ ਖੋਲ ਖੁਲਾਇੰਦਾ। ਨਾਮ ਸਤਿ ਕਰ ਪਿਆਰਾ, ਸਾਂਤਕ ਸਤਿ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਜੋਤੀ ਜੋਤ ਜਗਾਇੰਦਾ। ਜੋਤੀ ਜੋਤ ਨੂਰ ਉਪਾ, ਹਰਿ ਹਰਿ ਦਇਆ ਕਮਾਈਆ। ਨਾਨਕ ਦੀਵਾ ਬਾਤੀ ਇਕ ਟਿਕਾ, ਏਕਾ ਵੇਖ ਵਖਾਈਆ। ਕਮਲਾਪਾਤੀ ਵੇਸ ਵਟਾ, ਲੋਕਮਾਤ ਕਰੇ ਰੁਸ਼ਨਾਈਆ। ਸ਼ਬਦ ਸੁਗਾਤੀ ਧੁਰਦਰਗਾਹ, ਆਪ ਆਪਣਾ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਵੇਖੇ ਸ੍ਰਿਸ਼ਟ ਸਬਾਈਆ। ਕਲਜੁਗ ਅੰਤਮ ਸਾਚੇ ਖੇਲ, ਹਰਿ ਹਰਿ ਆਪ ਕਰਾਇਆ। ਨਾਨਕ ਸਤਿਗੁਰ ਸਾਚਾ ਮੇਲ ਅੰਗਦ ਅੰਗ ਲਗਾਇਆ। ਅੰਗਦ ਚੜ੍ਹਿਆ ਸਾਚਾ ਤੇਲ, ਲਹਿਣਾ ਲੈਹਿਣੇ ਝੋਲੀ ਪਾਈਆ। ਮਿਲਿਆ ਪੁਰਖ ਹਰਿ ਸੱਜਣ ਸੁਹੇਲ, ਏਕਾ ਦੂਜਾ ਭੇਵ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਉਚਾ ਮੰਦਰ  ਟਿੱਲਾ, ਹਰਿ ਹਰਿ ਵੇਖ ਵਖਾਇੰਦਾ। ਨਿਰਗੁਣ ਰੂਪ ਇਕ ਇਕੱਲਾ, ਆਪ ਆਪਣਾ ਡੇਰਾ ਲਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਪੁਰਖ ਅਬਿਨਾਸ਼ੀ ਖੇਲ ਖਲਾਇੰਦਾ। ਵਸਣਹਾਰਾ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੋਤ ਜਗਾਇੰਦਾ। ਦੀਵਾ ਬਾਤੀ ਜੋਤ ਉਜਿਆਰ, ਨਾਨਕ ਗੁਰ ਕਰਾਈਆ। ਅੰਗਦ ਕੀਆ ਖ਼ਬਰਦਾਰ, ਆਤਮ ਬ੍ਰਹਮ ਜਣਾਈਆ। ਏਕਾ ਰੰਗ ਰੰਗੇ ਕਰਤਾਰ, ਕਾਇਆ ਚੋਲੀ ਆਪ ਰੰਗਾਈਆ। ਸ਼ਬਦੀ ਸ਼ਬਦ ਭਰ ਭੰਡਾਰ, ਅਤੋਟ ਅਤੁਟ ਰਖਾਈਆ। ਵਰਤੇ ਵਰਤਾਵੇ ਵਿਚ ਸੰਸਾਰ, ਆਪ ਆਪਣੀ ਚਲਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਜੋਤ ਜਗਾ, ਜੋਤੀ ਜੋਤ ਜਗਾਇਆ। ਆਪ ਆਪਣੀ ਕਿਰਪਾ ਕਰ, ਲਹਿਣੇ ਲਹਿਣਾ ਝੋਲੀ ਪਾਇਆ। ਸਚ ਖ਼ਜ਼ਾਨਾ ਅੱਗੇ ਧਰ, ਸਮਰਥ ਹੱਥ ਸਿਰ ਟਿਕਾਇਆ। ਸ਼ਬਦ ਬਿਬਾਣਾ ਗਿਆ ਚੜ੍ਹ, ਲੋਆਂ ਪੁਰੀਆਂ ਪਾਰ ਕਰਾਇਆ। ਅਕਾਲ ਪੁਰਖ ਵੇਖੇ ਖੜ੍ਹ, ਰੰਗ ਰੂਪ ਨਾ ਕੋਇ ਵਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਲੱਖ ਚੁਰਾਸੀ ਵਿਚ ਸਮਾਇਆ। ਆਪਣੀ ਵਿਦਿਆ ਆਪੇ ਪੜ੍ਹ, ਗੁਰ ਸਤਿਗੁਰ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇਆ । ਸੁਹਾਇਆ ਦਰ ਮੰਗਲਾਚਾਰ, ਪੰਜ ਤਤ ਵੱਜੀ ਵਧਾਈਆ। ਨਿਰਗੁਣ ਜੋਤੀ ਕਰ ਉਜਿਆਰ, ਏਕਾ ਤਤ ਗਿਆ ਸਮਝਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਵਰਭੰਡੀ ਪਾਵਣਹਾਰਾ ਸਾਰ, ਆਦਿ ਜੁਗਾਦਿ ਵੇਸ ਵਟਾਈਆ। ਭੇਖ ਪਖੰਡੀ ਦਏ ਨਿਵਾਰ, ਸ਼ਬਦ ਡੰਡਾ ਏਕਾ ਹੱਥ ਉਠਾਈਆ। ਆਤਮ ਰੰਡੀ ਪਾਵੇ ਸਾਰ, ਨਾਰ ਦੁਹਾਗਣ ਨਾ ਕੋਈ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਰੂਪੀ ਦੇਵੇ ਸਚ ਸੁਗੰਧੀ, ਲੋਆਂ ਪੁਰੀਆਂ ਆਪ ਮਹਿਕਾਈਆ। ਲੋਆਂ ਪੁਰੀਆਂ ਫਲ ਫੁਲਵਾੜੀ, ਸ਼ਬਦੀ ਫਲ ਲਗਾਇਆ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ, ਅਮਰੂ ਨਿਥਾਵਾਂ ਵੇਖ ਵਖਾਇਆ। ਬਜ਼ਰ ਕਪਾਟੀ ਆਪੇ ਪਾੜ੍ਹੀ, ਜੋਤ ਲਲਾਟੀ ਵੇਖ ਵਖਾਇਆ। ਦਰ ਘਰ ਸਾਚਾ ਦੇਵੇ ਵਾੜੀ, ਗੁਰ ਪੂਰੇ ਵਡ ਸਰਨਾਇਆ। ਆਪੇ ਹੋਇਆ ਪਿੱਛੇ ਅਗਾੜੀ, ਅੱਗਾ ਪਿੱਛਾ ਨਾ ਕੋਇ ਵਖਾਇਆ। ਕਰੇ ਪ੍ਰਕਾਸ਼ ਬਹੱਤਰ ਨਾੜੀ, ਏਕਾ ਨੂਰੋ ਨੂਰ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਇਕ ਵਖਾਇਆ। ਉਚ ਮਹੱਲ ਅਟੱਲ ਮਿਨਾਰ, ਅਮਰਦਾਸ ਸਮਝਾਈਆ। ਕਾਇਆ ਮੰਦਰ ਪਾਵੇ ਸਾਰ, ਪੰਜ ਤਤ ਫੋਲ ਫੁਲਾਈਆ। ਤ੍ਰੈਗੁਣ ਤੇਰਾ ਖੇਲ ਨਿਆਰ, ਭੇਵ ਕੋਈ ਨਾ ਪਾਈਆ। ਡੂੰਘੀ ਭਵਰੀ ਪਾਰ ਕਿਨਾਰ, ਨੌਂ ਦਰ ਵੇਖ ਵਖਾਈਆ। ਧੁਨੀ ਸ਼ਬਦ ਵੱਜੇ ਧੁਨਕਾਰ, ਅਨਹਦ ਤਾਲ ਵਜਾਈਆ। ਪੰਚਮ ਵੇਖੇ ਵਾਰੋ ਵਾਰ, ਅਗੰਮੜੇ ਧਾਮ ਸੁਹਾਈਆ। ਅੰਮ੍ਰਿਤ ਭਰਿਆ ਠੰਡੀ ਧਾਰ, ਜਲਧਾਰਾ ਇਕ ਵਖਾਈਆ। ਬਜ਼ਰ ਕਪਾਟੀ ਪਰਦਾ ਪਾੜ, ਆਤਮ ਸੇਜਾ ਇਕ ਸੁਹਾਈਆ। ਨਿਰਗੁਣ ਜੋਤੀ ਕਰ ਉਜਿਆਰ, ਹਰਿ ਬੈਠਾ ਬੇਪਰਵਾਹੀਆ। ਅਮਰਦਾਸ ਗੁਰ ਢਹਿ ਪਿਆ ਦਵਾਰ, ਗੁਰ ਪੂਰੇ ਹੱਥ ਵਡਿਆਈਆ। ਆਪੇ ਕੰਤ ਆਪੇ ਨਾਰ, ਨਰ ਨਰਾਇਣ ਆਪ ਹੋ ਜਾਈਆ। ਆਪੇ ਪਿਤਾ ਆਪੇ ਬੇਟਾ ਆਪੇ ਹੋਏ ਕੰਤ ਭਤਾਰ, ਆਪਣਾ ਭੇਖ ਆਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਗਦ ਦਿਤਾ ਸਾਚਾ ਵਰ, ਅਮਰਦਾਸ ਵਖਾਏ ਸਾਚਾ ਘਰ, ਦਸਮ ਦਵਾਰੀ ਇਕ ਸੁਹਾਈਆ। ਦਸਮ ਦਵਾਰੀ ਖੋਲ੍ਹ ਦਰਵਾਜ਼ਾ, ਗੁਰ ਗੁਰ ਵੇਖ ਵਖਾਇਆ। ਨਜ਼ਰੀ ਆਇਆ ਗ਼ਰੀਬ ਨਿਵਾਜ਼ਾ, ਅੰਦਰ ਮੰਦਰ ਡੇਰਾ ਲਾਇਆ। ਅਸਵ ਘੋੜਾ ਏਕਾ ਤਾਜਾ, ਸ਼ਬਦੀ ਸ਼ਬਦ ਰਖਾਇਆ। ਦਿਵਸ ਰੈਣ ਮਾਰੇ ਵਾਜਾਂ, ਗੁਰਮੁਖਾਂ ਰਿਹਾ ਉਠਾਇਆ। ਲੱਖ ਚੁਰਾਸੀ ਰਚਿਆ ਕਾਜਾ, ਆਦਿ ਜੁਗਾਦੀ ਖੇਲ ਰਚਾਇਆ। ਜਨ ਭਗਤਾਂ ਦੇਵੇ ਨਾਮ ਦਾਜਾ, ਧੁਰਦਰਗਾਹੀ ਪੱਲੇ ਗੰਢ ਬੰਧਾਇਆ। ਲੋਕਮਾਤ ਕਰਿਆ ਕਾਜਾ, ਨਾਨਕ ਅੰਗਦ ਅਮਰੂ ਵਿਚ ਟਿਕਾਇਆ। ਅਮਰਦਾਸ ਗੁਰ ਸਾਜਣ  ਸਾਜਾ, ਹਰਿ ਸਾਚਾ ਵੇਖ ਵਖਾਇਆ। ਖੇਲੇ ਖੇਲ ਦੇਸ ਮਾਝਾ, ਭੇਵ ਕਿਸੇ ਨਾ ਪਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਤਖ਼ਤ ਸੁਲਤਾਨ ਆਪ ਹੋ ਆਇਆ। ਪਾਵੇ ਸਾਰ ਦੋ ਦੋ ਆਬਾ, ਆਬੇਹਯਾਤ ਵੇਖ ਵਖਾਇਆ। ਫੋਲ ਫੁਲਾਏ ਕਾਇਆ ਮੱਕਾ ਕਾਅਬਾ, ਆਪ ਆਪਣੀ ਦਇਆ ਕਮਾਇਆ। ਗੁਰਸਿਖਾਂ ਉਲਟੀ ਕਰੇ ਕਵਲ ਨਾਭਾ, ਅੰਮ੍ਰਿਤ ਆਤਮ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਧਰਨੀ ਧਵਲ ਆਪ ਸੁਹਾਇਆ। ਧਰਨੀ ਧਵਲ ਆਪ ਸਵਾਰ, ਆਪਣੀ ਦਇਆ ਕਮਾਈਆ। ਕਵਲ ਕਵਲਾ ਕਰ ਉਜਿਆਰ, ਕਵਲ ਨਾਭ ਸੁਹਾਈਆ। ਅਗੰਮ ਅਗੰਮੜਾ ਭੇਵ ਨਿਆਰ, ਨਾੜੀ ਚੰਮੜੇ ਡੇਰਾ ਲਾਈਆ। ਦਮੜੀ ਦਮੜੇ ਨਾ ਕੋਈ ਵਣਜ ਵਪਾਰ, ਮਾਇਆ ਮੋਹ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਵਿਦਿਆ ਆਪੇ ਵੇਖ, ਆਪੇ ਕਰੇ ਪੜ੍ਹਾਈਆ। ਆਪਣੀ ਵਿਦਿਆ ਆਪੇ ਪੜ੍ਹ, ਆਪੇ ਰਿਹਾ ਅਲਾਈਆ। ਆਪਣੇ ਮੰਦਰ ਆਪੇ ਵੜ, ਆਪੇ ਰਿਹਾ ਸੁਣਾਈਆ। ਆਪ ਆਪਣਾ ਤੋੜ ਗੜ੍ਹ, ਹੰਕਾਰੀ ਗੜ੍ਹ ਰਹਿਣ ਨਾ ਪਾਈਆ। ਆਪਣੇ ਵਿਕਾਰੇ ਆਪੇ ਗਿਆ ਸੜ, ਰੱਤੀ ਰੱਤ ਰਹੇ ਨਾ ਰਾਈਆ। ਆਪਣਾ ਪ੍ਰਕਾਸ਼ ਆਪਣੀ ਨਾੜੀ ਆਪ ਕਰ, ਆਪੇ ਵੇਖ ਵਖਾਈਆ। ਆਪ ਆਪਣੀ ਲਾਏ ਜੜ੍ਹ, ਫੁਲ ਫੁਲਵਾੜੀ ਆਪ ਉਠਾਈਆ। ਨਾ ਕੋਈ ਸੀਸ ਨਾ ਕੋਈ ਧੜ, ਅਮਰਦਾਸ ਗੁਰ ਲਿਆ ਫੜ, ਹਰਿ ਸਾਚੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਕਰ ਉਜਾਲਾ, ਹਰਿ ਹਰਿ ਰੂਪ ਵਟਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਭੇਵ ਕੋਇ ਨਾ ਪਾਇੰਦਾ। ਰਾਮ ਦਾਸ ਗੁਰ ਖੇਲ ਨਿਰਾਲਾ, ਸਾਚਾ ਵਣਜ ਕਰਾਇੰਦਾ। ਸ਼ਬਦੀ ਸ਼ਬਦ ਬਣ ਦਲਾਲਾ, ਬਾਲ ਬਾਲਾ ਲੇਖੇ ਲਾਇੰਦਾ। ਪਾਏ ਨਾਮ ਤਨ ਸਾਚੀ ਮਾਲਾ, ਫੂਲਣ ਬਰਖ਼ਾ ਆਪ ਬਰਸਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲਾ, ਅੱਠੇ ਪਹਿਰ ਵੇਖ ਵਖਾਇੰਦਾ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਜਗਾਇੰਦਾ। ਕਾਇਆ ਵੇਖ ਸੱਚੀ ਧਰਮਸਾਲਾ, ਧੁਰਦਰਗਾਹੀ ਡੇਰਾ ਲਾਇੰਦਾ। ਦੀਪਕ ਜੋਤੀ ਏਕਾ ਬਾਲਾ, ਅਗਿਆਨ ਅੰਧੇਰ ਮਿਟਾਇੰਦਾ। ਸ਼ਬਦ ਵਜਾਇਆ ਸਾਚਾ ਤਾਲਾ, ਤਾਲ ਤਲਵਾੜਾ ਇਕ ਰਖਾਇੰਦਾ। ਨਾਮ ਲਪੇਟੇ ਸਚ ਰੋਮਾਲਾ, ਸਾਚਾ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਸਾਚਾ ਵਰ, ਦੇਵਣਹਾਰਾ ਆਪ ਅਖਵਾਇੰਦਾ। ਜੋਤੀ ਦੀਪਕ ਆਪ ਜਗਾ, ਨਾਨਕ ਅੰਗਦ ਵਿਚ ਸਮਾਈਆ। ਅਮਰਦਾਸ ਗੁਰ ਸੇਵ ਕਮਾ, ਰਾਮਦਾਸੇ ਗਿਆ ਸਮਾਈਆ। ਰਾਮਦਾਸ ਗੁਰ ਭੇਵ ਖੁਲ੍ਹਾ, ਲੇਖਾ ਅਲੱਖ ਜਗਾਈਆ। ਅਲੱਖ ਨਿਰੰਜਣ ਦਰਸ ਦਿਖਾ, ਸਗਲੀ ਚਿੰਤ ਮਿਟਾਈਆ। ਅਲੱਖ ਅਗੋਚਰ ਬੇਪਰਵਾਹ, ਏਕਾ ਏਕ ਸੁਹਾਈਆ। ਨਿਰਗੁਣ ਸਰਗੁਣ ਡੇਰਾ ਲਾ, ਸਹਿਜ ਸੁਭਾ ਵਖਾਈਆ। ਮਹੱਲ ਅਟੱਲ ਇਕ ਸੁਹਾ, ਦਸਮ ਦੁਆਰੀ ਵੇਖ ਵਖਾਈਆ। ਅੰਮ੍ਰਿਤ ਸਾਚਾ ਤਾਲ ਸੁਹਾ, ਚਾਰੋਂ ਕੁੰਟ ਫੇਰਾ ਪਾਈਆ। ਆਤਮ ਸੇਜਾ ਦਏ ਸੁਹਾ, ਬੈਠਾ ਡੇਰਾ ਲਾਈਆ। ਉਤਰ ਪੂਰਬ ਪੱਛਮ ਦੱਖਣ ਦਿਸ਼ਾ ਰਿਹਾ ਵਖਾ, ਚਾਰੋਂ ਕੁੰਟਾਂ ਫੇਰਾ ਪਾਈਆ। ਏਕਾ ਬ੍ਰਹਮ ਆਪ ਉਪਾ, ਪਾਰਬ੍ਰਹਮ ਵੱਡੀ ਵਡਿਆਈਆ। ਸ਼ਬਦ ਅਗੰਮੀ ਰਿਹਾ ਜਣਾ, ਵਰਨ ਗੋਤ ਨਾ ਕੋਈ ਰਖਾਈਆ। ਨਿਹਕਰਮੀ ਨਿਹਕਰਮ ਰਿਹਾ ਕਮਾ, ਅਕਾਲ ਪੁਰਖ ਸੇਵ ਕਮਾਈਆ। ਰਾਮਦਾਸ ਗੁਰ ਲਿਆ ਮਨਾ, ਆਪ ਆਪਣੀ ਬੂਝ ਬੁਝਾਈਆ। ਦੋਏ ਜੋੜ ਢਹਿ ਪਿਆ  ਸਰਨਾ, ਨਿਉਂ ਨਿਉਂ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਪਕੜੇ ਬਾਂਹ, ਆਪ ਆਪਣੇ ਗਲੇ ਲਗਾਈਆ। ਮੇਲ ਮਿਲਾਏ ਜਿਉਂ ਪੁੱਤਰਾਂ ਮਾਂ, ਜੋਤ ਨਿਰੰਜਣ ਵਡ ਵਡਿਆਈਆ। ਆਦਿ ਨਿਰੰਜਣ ਦੇਵਣਹਾਰਾ ਸਾਚਾ ਥਾਂ, ਸਾਚੀ ਬੂਝ ਬੁਝਾਈਆ। ਏਕਾ ਨਗਰ ਇਕ ਗਰਾਂ, ਏਕਾ ਧਾਮ ਸੁਹਾਈਆ। ਪੰਚਮ ਮੀਤਾ ਪੰਚਮ ਵਖਾ, ਪੰਚਮ ਵੇਖ ਵਖਾਈਆ। ਪੰਚਮ ਮੀਤਾ ਆਪ ਸਖਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮ ਦਾਸ ਵੱਡੀ ਵਡਿਆਈਆ। ਰਾਮਦਾਸ ਗੁਰ ਹਰਿ ਹਰਿ ਪਾ, ਆਤਮ ਵੱਜੀ ਵਧਾਈਆ। ਹਉਮੇ ਸਹਿਸਾ ਰੋਗ ਗਵਾ, ਮਾਇਆ ਮਮਤਾ ਮੋਹ ਚੁਕਾਈਆ। ਚਰਨ ਧਿਆਨ ਇਕ ਲਗਾ, ਦੂਸਰ ਦਰ ਨਾ ਕੋਈ ਵਖਾਈਆ। ਨੇਤਰ ਲੋਚਣ ਇਕ ਖੁਲ੍ਹਾ, ਅਗਿਆਨ ਅੰਧੇਰ ਮਿਟਾਈਆ। ਚੌਥੇ ਪਦ ਆਪ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਜਗਾਈਆ। ਆਵਣ ਜਾਵਣ ਗੇੜ ਕਟਾਇਆ, ਪਤਿਤ ਪਾਵਣ ਹੋਏ ਸਹਾਈਆ । ਸਤਿਗੁਰ ਪੂਰੇ ਦਰਸ਼ਨ ਆਪ ਕਰਾਇਆ, ਵਿਛੜ ਕਦੇ ਨਾ ਜਾਈਆ। ਨਾਨਕ ਸਤਿਗੁਰ ਸ਼ਬਦੀ ਸ਼ਬਦ ਮਨਮਤ ਰਖਾਇਆ, ਦੋ ਜਹਾਨਾਂ ਮੇਲ ਮਿਲਾਈਆ। ਕਾਮਨੀ ਕਾਮਨ ਨੇੜ ਨਾ ਆਇਆ, ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਘਰ, ਸਾਚਾ ਦਰ ਖੁਲ੍ਹਾਈਆ। ਮਹੱਲ ਅਟੱਲ ਦਸਮ ਦਵਾਰ, ਗੁਰ ਗੁਰ ਵੇਖ ਵਖਾਇਆ। ਚਾਰੋਂ ਕੁੰਟ ਪਾਵੇ ਸਾਰ, ਆਪ ਆਪਣਾ ਮੂਲ ਚੁਕਾਇਆ। ਅੰਮ੍ਰਿਤ ਤਾਲ ਠਾਂਡੀ ਠਾਰ, ਸਾਚਾ ਸਰ ਰਖਾਇਆ। ਦਿਵਸ ਰੈਣ ਰੈਣ ਦਿਵਸ ਕਰ ਪਿਆਰ, ਏਕਾ ਰੰਗ ਰੰਗਾਇਆ। ਭਰਿਆ ਰਹੇ ਸਚ ਭੰਡਾਰ, ਸਚ ਸੁੱਚ ਵਰਤਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਇਆ। ਕਲਜੁਗ ਤੇਰਾ ਵੇਖੇ ਕੂੜ ਪਸਾਰ, ਕੂੜੀ ਕਿਰਿਆ ਦਏ ਮਿਟਾਇਆ। ਜੂਠ ਝੂਠ ਸੰਗ ਸ਼ਿੰਗਾਰ, ਲੱਖ ਚੁਰਾਸੀ ਰਹੀ ਲਗਾਇਆ। ਚਾਰ ਯਾਰ ਸੰਗ ਮੁਹੰਮਦ ਮਾਰਨ ਨਾਅਰ, ਐਨਲਹੱਕ ਵੇਖ ਵਖਾਇਆ। ਬੇਐਬ ਖ਼ੁਦਾਈ ਪਰਵਰਦਿਗਾਰ, ਖ਼ਾਲਕ ਖ਼ਲਕ ਵਿਚ ਸਮਾਇਆ। ਸਰਬ ਜੀਆਂ ਦਾ ਸਾਂਝਾਂ ਯਾਰ, ਅਕਾਲ ਪੁਰਖ ਰੂਪ ਵਟਾਇਆ। ਰਾਮਦਾਸ ਕਲ ਪਾਵੇ ਸਾਰ, ਆਪ ਆਪਣਾ ਰੰਗ ਰੰਗਾਇਆ। ਸਚ ਨਿਸ਼ਾਨ ਸਚ ਦਰਬਾਰ, ਲੋਕਮਾਤ ਵੇਖ ਵਖਾਇਆ। ਅਰਜਨ ਮੀਤਾ ਹੋ ਤਿਆਰ, ਸਚ ਘਰ ਇਕ ਸੁਹਾਇਆ। ਪਰਖੇ ਨੀਤਾ ਅਗੰਮ ਅਪਾਰ, ਭੇਵ ਅਭੇਦਾ ਭੇਵ ਖੁਲ੍ਹਾਇਆ। ਬੈਠਾ ਰਹੇ ਇਕ ਅਤੀਤਾ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਗੁਰ ਲੇਖਾ ਲਿਖਿਆ ਗਿਆ ਜੁੜ, ਧੁਰ ਮਸਤਕ ਵੇਖ ਵਖਾਇਆ। ਗੋਬਿੰਦ ਮੇਲਾ ਹਰਿ ਅਪਾਰ, ਆਪਣਾ ਆਪ ਕਰਾਈਆ। ਆਪੇ ਗੋਬਿੰਦ ਆਪੇ ਜ਼ਾਹਿਰ, ਅੰਦਰ ਬਾਹਿਰ ਆਪ ਹੋ ਜਾਈਆ। ਆਪ ਆਪਣਾ ਕਰੇ ਪਿਆਰ, ਦੂਰ ਨੇੜੇ ਨਾ ਕੋਈ ਜਣਾਈਆ। ਅੱਠੇ ਪਹਿਰ ਇਕ ਧੁਨਕਾਰ, ਏਕਾ ਲਿਵ ਰਖਾਈਆ। ਏਕਾ ਵੇਖੇ ਸਚ ਸੱਚਾ ਦਰਬਾਰ, ਦਰ ਦਵਾਰ ਇਕ ਸੁਹਾਈਆ। ਸ਼ਾਹੋ ਭੂਪ ਇਕ ਸਿਕਦਾਰ, ਏਕਾ ਨਜ਼ਰੀ ਆਈਆ। ਏਕਾ ਪੁਰਖ ਸ੍ਰਿਸ਼ਟ ਸਬਾਈ ਨਾਰ, ਲੱਖ ਚੁਰਾਸੀ ਸੀਸ ਝੁਕਾਈਆ। ਏਕਾ ਦੇਵਣਹਾਰ ਭੰਡਾਰ, ਆਦਿ ਅੰਤ ਵੇਖ ਵਖਾਈਆ। ਏਕਾ ਤੋਲਾ ਬਣੇ ਵਰਤਾਰ, ਨਾਮ ਸ਼ਬਦ ਰਿਹਾ ਵਰਤਾਈਆ। ਸ਼ਬਦ ਸ਼ਬਦੀ ਕਰ ਪਸਾਰ, ਸਤਿਗੁਰ ਪੂਰੇ ਬੂਝ ਬੁਝਾਈਆ। ਦਿਵਸ ਰੈਣ ਏਕਾ ਧਾਰ, ਅੱਠੇ ਪਹਿਰ ਰਹੇ ਜਣਾਈਆ। ਆਪੇ ਕਰਿਆ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਬੋਧ ਅਗਾਧੀ ਖੇਲ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ ਧੀਰ ਧਰਾਈਆ। ਹਰਿ ਸ਼ਬਦ ਗੁਰ ਗੁਰ ਬਾਣੀ, ਸ਼ਬਦ ਰੂਪ ਸਮਾਇਆ। ਅਰਜਨ ਪਾਇਆ ਪਦ ਨਿਰਬਾਣੀ, ਅਪਣਾ ਮੋਹ ਚੁਕਾਇਆ। ਪਾਰਬ੍ਰਹਮ ਪ੍ਰਭ ਮਿਲਿਆ ਸਾਚੇ ਹਾਣੀ, ਵਿਛੜ ਕਦੇ ਨਾ ਜਾਇਆ। ਲੇਖਾ ਜਾਣੇ ਚਾਰ ਖਾਣੀ, ਚਾਰੋਂ ਜੁਗ ਫੋਲ ਫੁਲਾਇਆ। ਚਾਰ ਵਰਨ ਰੱਖੇ ਆਣੀ, ਏਕਾ ਨਾਮ ਧਿਆਇਆ। ਲੱਖ ਚੁਰਾਸੀ ਪੁਣ ਛਾਣੀ, ਸਚ ਸੁੱਚ ਨਜ਼ਰ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਾਮਦਾਸ ਗੁਰ ਦਿਤਾ ਵਰ, ਗੁਰ ਅਰਜਨ ਵੇਖ ਵਖਾਇਆ। ਗੁਰ ਅਰਜਨ ਸਤਿ ਸਰੀਰ, ਹਰਿ ਹਰਿ ਰੂਪ ਵਟਾਇਆ। ਬਾਨੀ ਸ਼ਬਦ ਗੁਰ ਸਾਚਾ ਤੀਰ, ਦੋ ਜਹਾਨਾਂ ਪਾਰ ਕਰਾਇਆ। ਲੋਆਂ ਪੁਰੀਆਂ ਪਏ ਵਹੀਰ, ਬ੍ਰਹਮਾ ਵਿਸ਼ਨ ਸ਼ਿਵ ਰਹੇ ਕੁਰਲਾਇਆ। ਕਰੋੜ ਤੇਤੀਸਾ ਨੈਣ ਵਿਰੋਲੇ ਨੀਰ, ਸੁਰਪਤ ਰਾਜਾ ਇੰਦ ਦਏ ਦੁਹਾਇਆ। ਗੁਰਮੁਖ ਲੋਕਮਾਤ ਚੋਟੀ ਚੜ੍ਹੇ ਅਖ਼ੀਰ, ਗੁਰ ਸਤਿਗੁਰ ਸਾਚਾ ਰਾਹ ਵਖਾਇਆ। ਹਉਮੇ ਹੰਗਤਾ ਕੱਢੇ ਪੀੜ, ਦੁਰਮਤ ਮੈਲ ਧਵਾਇਆ। ਮੇਲ ਮਿਲਾਵਾ ਸਾਧਾਂ ਸੰਤ ਪੀਰ, ਭਗਤ ਭਗਵੰਤ ਵੇਖ ਵਖਾਇਆ। ਨਾਮ ਪਹਿਨਾਏ ਬਸਤਰ ਚੀਰ, ਉਤਰ ਕਦੇ ਨਾ ਜਾਈਆ। ਸਤਿ ਸੰਤੋਖੀ ਬੰਨ੍ਹੇ ਧੀਰ, ਆਤਮ ਬ੍ਰਹਮ ਵਖਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਸ਼ਾਹ ਫ਼ਕੀਰ ਏਕਾ ਧਾਮ ਸੁਹਾਇਆ। ਗ਼ਰੀਬ ਨਿਮਾਣਿਆਂ ਦੇਵੇ ਅੰਮ੍ਰਿਤ ਸੀਰ, ਹਰਿ ਕਾ ਸ਼ਬਦ ਆਪ ਪਿਆਇਆ। ਆਪੇ ਵੇਖੇ ਸ਼ਾਹ ਪੀਰਾਂ ਪੀਰ, ਸ਼ਾਹ ਸੁਲਤਾਨ ਹਰਿ ਰਘੁਰਾਇਆ। ਦੋ ਜਹਾਨਾਂ ਦਸਤਗੀਰ, ਹਰਿ ਬੈਠਾ ਹੱਥ ਟਿਕਾਇਆ। ਡੂੰਘਾ ਸਾਗਰ ਭਵਜਲ ਹੋਏ ਮਾਹੀਗੀਰ, ਗੁਰਮੁਖ ਸਾਚਾ ਲਏ ਤਰਾਇਆ। ਕੱਟਣਹਾਰਾ ਜਗਤ ਜੰਜੀਰ, ਧਰਮ ਰਾਏ ਫੰਦ ਕਟਾਇਆ। ਗੁਰੂ ਗ੍ਰੰਥ ਬੰਨ੍ਹੀ ਬੀੜ, ਲੋਕਮਾਤ ਗੁਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸ਼ਬਦ ਆਪੇ ਧਰ, ਆਪ ਆਪਣਾ ਲੇਖ ਲਿਖਾਇਆ। ਸ਼ਬਦ ਧੁਰ ਸੰਜੋਗ, ਗੁਰ ਅਰਜਨ ਵਡ ਵਡਿਆਈਆ। ਆਤਮ ਅੰਤਰ ਮਿਲੀ ਚੋਗ, ਮਾਣਕ ਮੋਤੀ ਵੇਖ ਵਖਾਈਆ। ਲੱਖ ਚੁਰਾਸੀ ਕਟੇ ਰੋਗ, ਜੋ ਜਨ ਦਰਸ਼ਨ ਪਾਈਆ। ਸਤਿ ਸੰਤੋਖੀ ਸਾਚਾ ਜੋਗ, ਧੀਰਜ ਧੀਰ ਇਕ ਧਰਾਈਆ। ਦਰਸ਼ਨ ਦੇਵੇ ਦਰ ਅਮੋਘ, ਜੋ ਜਨ ਰਸਨਾ ਗਾਈਆ। ਪਾਰ ਕਰਾਏ ਤੀਨੋਂ ਲੋਕ, ਸਚਖੰਡ ਵੱਜੇ ਵਧਾਈਆ। ਏਕਾ ਸ਼ਬਦ ਇਕ ਸਲੋਕ, ਏਕਾ ਕਰੇ ਪੜ੍ਹਾਈਆ। ਹਰਿ ਕਾ ਭਾਣਾ ਨਾ ਸਕੇ ਕੋਈ ਰੋਕ, ਗੁਰ ਅਰਜਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਈਆ। ਦਰ ਸੁਹਾਏ ਹਰਿ ਹਰਿ ਬੰਕ, ਆਪਣੇ ਹੱਥ ਰੱਖੇ ਵਡਿਆਈਆ। ਆਪੇ ਰਾਓ ਆਪੇ ਰੰਕ, ਰਾਜ ਰਾਜਾਨ ਆਪ ਹੋ ਜਾਈਆ। ਖੇਲੇ ਖੇਲ ਬਾਰ ਅਨਕ, ਜੁਗ ਜੁਗ ਵੱਡੀ ਵਡਿਆਈਆ। ਆਪ ਉਠਾਵਣਹਾਰਾ ਧਣਖ, ਰਾਮ ਰੂਪ ਹੋ ਜਾਈਆ। ਆਪੇ ਮੇਲ ਮਿਲਾਵਾ ਸੀਤਾ ਸਪੁੱਤ੍ਰੀ ਜਨਕ, ਗੁਰਸਿਖ ਸੁਰਤੀ ਆਪ ਪਰਨਾਈਆ। ਆਪ ਵਜਾਏ ਸ਼ਬਦ ਡੰਕ, ਗੁਰ ਅਰਜਨ ਕਲਮ ਚਲਾਈਆ। ਆਪੇ ਲਾਵਣਹਾਰਾ ਤਣਕ, ਜੋਤੀ ਜੋਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਦਏ ਵਡਿਆਈਆ। ਗੁਰਮੀਤਾ ਗੁਰ ਮੇਲਿਆ, ਗੁਰ ਗੁਰ ਰੂਪ ਅਪਾਰ। ਅਚਰਜ ਖੇਲ ਪਾਰਬ੍ਰਹਮ ਕਲ ਖੇਲਿਆ, ਲੋਕਮਾਤ ਲਏ ਅਵਤਾਰ। ਚਾਰ ਵਰਨਾਂ ਸੱਜਣ ਸੁਹੇਲਿਆ, ਸਤਿ ਸਰੂਪ ਅਗੰਮ ਅਪਾਰ। ਆਪੇ ਵਸੇ ਸਦ ਨਵੇਲਿਆ, ਹਰ ਘਟ ਬੈਠਾ ਕਰ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਬੰਨ੍ਹੇ ਆਪਣੀ ਧਾਰ। ਆਪਣੀ ਧਾਰ ਆਪੇ ਬੰਨ੍ਹ, ਆਪਣੇ ਹੱਥ ਰੱਖੀ ਵਡਿਆਈਆ। ਰੈਣ ਘੋਰ ਚੜ੍ਹਿਆ ਸਾਚਾ ਚੰਨ, ਆਪ ਆਪਣਾ ਭੇਟ ਕਰਾਈਆ। ਲੱਖ ਚੁਰਾਸੀ ਰਾਗ ਸੁਣਾਇਆ ਕੰਨ, ਪਾਰਬ੍ਰਹਮ ਜੋ ਅਲਾਈਆ। ਕਰੇ ਪ੍ਰਕਾਸ਼ ਕਾਇਆ ਮਾਟੀ ਤਨ, ਜੋਤ ਨਿਰੰਜਣ ਆਪ ਜਗਾਈਆ। ਚੇਤਨ ਚੇਤੇ ਸਾਚਾ ਮੰਨ, ਘਰ ਮੇਲਾ ਸਾਚੇ ਮਾਹੀਆ। ਭਾਂਡਾ ਭਰਮ ਦੇਵੇ ਭੰਨ, ਸਾਚੀ ਸਿਖਿਆ ਇਕ ਸੁਣਾਈਆ। ਪੰਚਮ ਵਿਕਾਰਾ ਦੇਵੇ ਡੰਨ, ਘਰ ਸਾਚੇ ਮਿਲੇ ਵਧਾਈਆ। ਮਨ ਮਨੂਆ ਜਾਏ ਮੰਨ, ਮਤ ਬੁੱਧ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਏਕਾ ਰੰਗ ਰੰਗਾਈਆ। ਪੰਜ ਤਤ ਕਰ ਪਿਆਰ, ਤ੍ਰੈਗੁਣ ਬੰਧਨ ਪਾਇਆ। ਗੁਰ ਅਰਜਨ ਵੇਖੇ ਖੇਲ ਨਿਆਰ, ਹਰਿ ਸਾਚੇ ਸ਼ਬਦ ਉਪਾਇਆ। ਨਾਨਕ ਮੀਤਾ ਨਿਰਗੁਣ ਧਾਰ, ਨਿਰਵੈਰ ਰੂਪ ਸਮਾਇਆ। ਅਕਾਲ ਮੂਰਤ ਖੇਲ ਅਪਾਰ, ਨਿਰਭੌ ਦਿਸ ਨਾ ਆਇਆ। ਜੋਤੀ ਨੂਰ ਸੱਚੀ ਸਰਕਾਰ, ਸਗਲਾ ਸੰਗ ਨਿਭਾਇਆ। ਆਦਿ ਅੰਤ ਮੇਲ ਕਰਤਾਰ, ਕਰਤਾ ਪੁਰਖ ਨਾਉਂ ਧਰਾਇਆ। ਸੰਤ ਕੰਤ ਭਗਵੰਤ ਬੰਨ੍ਹੇ ਧਾਰ, ਪਾਰਬ੍ਰਹਮ ਵਡ ਵਡਿਆਇਆ। ਜੀਵਾਂ ਜੰਤਾਂ ਪੈਜ ਜਾਏ ਸਵਾਰ, ਜੋ ਜਨ ਸਰਨਾਈ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਦਰ ਵੇਖ ਵਖਾਇਆ। ਪੰਚਮ ਮੇਲਾ ਪੰਚਮ ਪਰਧਾਨ, ਪੰਚਮ ਵੱਜੀ ਵਧਾਈਆ। ਪੰਚਮ ਬਹਿ ਬਹਿ ਸਾਚੇ ਗਾਣ, ਪੰਚਮ ਮੁਖ ਸਲਾਹੀਆ। ਪੰਚਮ ਵੇਖੇ ਸਚ ਨਿਸ਼ਾਨ, ਕਾਇਆ ਮੰਦਰ ਆਪ ਟਿਕਾਈਆ। ਪੰਚਮ ਬੰਨ੍ਹੇ ਏਕਾ ਥਾਨ, ਨਾਮ ਡੋਰੀ ਏਕਾ ਪਾਈਆ। ਪੰਚਮ ਜੋਧਾ ਸੂਰਬਲੀ ਬਲਵਾਨ, ਪੰਚਮ ਗੁਰ ਵੇਖ ਵਖਾਈਆ। ਪੰਚਮ ਗੜ੍ਹ ਕਾਇਆ ਹੰਕਾਰ, ਪੰਚਮ ਰੂਪ ਵਖਾਈਆ। ਪੰਚਮ ਵਸਿਆ ਸਚ ਮਕਾਨ, ਬੈਠਾ ਆਸਣ ਲਾਈਆ। ਪੰਜ ਤਤ ਹੋ ਪ੍ਰਧਾਨ, ਸਤਿ ਪੁਰਖ ਕਰੇ ਕੁੜਮਾਈਆ। ਹਰੀ ਹਰਿ ਖੇਲ ਮਹਾਨ, ਹਰਿ ਹਰਿ ਵੱਡੀ ਵਡਿਆਈਆ। ਗੋਬਿੰਦ ਸੁਤ ਕਰ ਪਛਾਣ, ਪੂਤ ਸਪੂਤਾ ਵੇਖ ਵਖਾਈਆ। ਏਕਾ ਰਾਗ ਸੁਣਾਇਆ ਕਾਨ, ਏਕਾ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰੰਗਾਈਆ। ਆਪਣੇ ਰੰਗ ਆਪ ਰੰਗਾ, ਹਰਿ ਹਰਿ ਵੱਡੀ ਵਡਿਆਈਆ। ਆਪਣੇ ਅੰਗ ਆਪ ਲਗਾ, ਸਹਿਜ ਸਹਿਜ ਸੁਖਦਾਈਆ। ਆਪੇ ਦੇਵਣਹਾਰਾ ਮਤਾ, ਆਪ ਆਪਣੀ ਬੂਝ ਬੁਝਾਈਆ। ਆਪੇ ਜਾਣੇ ਆਪਣੀ ਰੀਤਾ, ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਗੋਬਿੰਦ ਵੇਖ ਵਖਾਈਆ। ਗੋਬਿੰਦ ਹਰਿ ਏਕਾ ਰੂਪ, ਏਕਾ ਰੰਗ ਰੰਗਾਇਆ । ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਸਚ ਸਿੰਘਾਸਣ ਮੇਲ ਮਿਲਾਇਆ ਨਾਤਾ ਤੁੱਟਾ ਜੂਠ ਝੂਠ, ਸਚ ਸੁੱਚ ਕਰੇ ਕੁੜਮਾਇਆ। ਅੰਮ੍ਰਿਤ ਆਤਮ ਦਿਤਾ ਘੁੱਟ, ਅੰਦਰ ਅੰਦਰ ਮੇਲ ਮਿਲਾਇਆ। ਸਾਚਾ ਲਾਹਾ ਲਿਆ ਲੁੱਟ, ਦੂਸਰ ਹੱਥ ਕਿਸੇ ਨਾ ਆਇਆ। ਆਪੇ ਚੜ੍ਹਿਆ ਸਾਚੀ ਚੋਟ, ਗੁਰ ਨਾਨਕ ਦਰਸ਼ਨ ਪਾਇਆ। ਪੁਰਖ ਅਬਿਨਾਸ਼ੀ ਸਾਚੀ ਓਟ, ਏਕਾ ਸਰਨ ਤਕਾਇਆ। ਸਚ ਨਗਾਰੇ ਲੱਗੇ ਚੋਟ, ਤਨ ਬਸਤਰ ਇਕ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਸ਼ਸਤਰ ਬਸਤਰ ਤਨ ਅਪਾਰ, ਆਪਣੀ ਧਾਰ ਚਲਾਈਆ। ਸ਼ਾਹ ਫ਼ਕੀਰਾਂ ਪਾਵੇ ਸਾਰ, ਫ਼ਕੀਰ ਫ਼ਕੀਰਾ ਵਿਚ ਟਿਕਾਈਆ। ਅਮੀਰ ਅਮੀਰਾ ਸੱਚੀ ਸਰਕਾਰ, ਸੀਸ ਤਾਜ ਇਕ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਕਰੇ ਰੁਸ਼ਨਾਈਆ। ਆਪੇ ਸ਼ਾਹ ਆਪੇ ਪੀਰ, ਆਪੇ ਤਖ਼ਤ ਬਰਾਜਿਆ। ਆਪੇ ਦਰਵੇਸ਼ ਆਪੇ ਦਸਤਗੀਰ, ਆਪੇ ਖੇਲੇ ਖੇਲ ਗ਼ਰੀਬ ਨਿਵਾਜਿਆ। ਆਪੇ ਨਰ ਆਪ ਨਰੇਸ਼, ਆਪ ਆਪਣਾ ਸਾਜਣ ਸਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਗਰੀਬ ਸ਼ਾਹ ਨਵਾਬਿਆ। ਘਰ ਵਿਚ ਘਰ ਸਚ ਦਵਾਰ, ਗੁਰ ਗੁਰ ਉਪਦੇਸਾ। ਨਾ ਕੋਈ ਮੀਤ ਨਾ ਮੁਰਾਰ, ਨਾ ਕੋਈ ਸੰਗ ਨਰ ਨਰੇਸ਼ਾ। ਲੋਕਮਾਤ ਖੇਲੇ ਖੇਲ ਨਿਆਰ, ਪੰਜ ਤਤ ਜੋਤ ਪ੍ਰਵੇਸ਼ਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਦਰ ਆਪੇ ਦਏ ਆਦੇਸਾ। ਸ਼ਬਦ ਅਦੇਸ ਹਰਿ ਨਿਰੰਕਾਰ, ਗੁਰ ਪੂਰੇ ਵੱਜੇ ਵਧਾਈਆ। ਇਕ ਇਕੱਲਾ ਪਾਵੇ ਸਾਰ, ਜੁਗ ਜੁਗ ਵੇਸ ਵਟਾਈਆ। ਜਗਤ ਮਹੱਲਾ ਖੇਲ ਨਿਆਰ, ਰਾਜ ਰਾਜਾਨ ਭੇਵ ਨਾ ਰਾਈਆ। ਭਰਮੇ ਭੁੱਲੇ ਜੀਵ ਗਵਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਪੰਜ ਤਤ ਝੂਠਾ ਨਾਤਾ, ਜਗਤ ਮੋਹ ਤੁੜਾਇਆ। ਖੇਲੇ ਖੇਲ ਪੁਰਖ ਬਿਧਾਤਾ, ਭੇਵ ਕਿਸੇ ਨਾ ਰਾਇਆ। ਉਤਮ ਰੱਖੇ ਆਪਣੀ ਜਾਤਾ, ਜ਼ਾਤ ਪਾਤ ਨਾ ਕੋਇ ਜਣਾਇਆ। ਸ਼ਬਦ ਜਣਾਈ ਸਾਚੀ ਗਾਥਾ, ਏਕਾ ਅੱਖਰ ਆਪ ਉਪਾਇਆ। ਵੇਖ ਵਖਾਏ ਕਮਲਾਪਾਤਾ, ਸਤਿਗੁਰ ਮੁਖ ਸਾਲਾਹਿਆ। ਗੁਰਮੁਖਾਂ ਬੰਧਾਏ ਸਾਚਾ ਨਾਤਾ, ਚਰਨ ਕਵਲ ਜੋੜ ਜੁੜਾਇਆ। ਨਾਮ ਚੜ੍ਹਾਏ ਸਾਚੇ ਰਾਥਾ, ਰਥ ਰਥਵਾਹੀ ਆਪ ਅਖਵਾਇਆ। ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਜੋ ਜਨ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਪਰ ਅਪਾਰ, ਪੰਜ ਤਤ ਸ਼ਬਦ ਬੰਧਨ ਬੰਧਾਇਆ। ਸ਼ਬਦ ਬੰਧਨ ਤਨ ਸਰੀਰ, ਆਪਣੀ ਖੇਲ ਖਲਾਈਆ। ਰਸਨ ਨਾ ਜਾਣੇ ਕੋਈ ਜੀਵ, ਲੇਖਾ ਲਿਖਤ ਵਿਚ ਨਾ ਆਈਆ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗੰਭੀਰ ਸਮਾਈਆ। ਦਰਸ਼ਨ ਲੋਚਣ ਤਰਸਨ ਸੁਰਪਤ ਇੰਦ, ਦਿਵਸ ਰੈਣ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਵੇਖਣਹਾਰ ਹਰਿ ਸਮਰਥਾ, ਆਪਣਾ ਮੂਲ ਪਛਾਣਿਆ। ਪੰਜ ਤਤ ਵਿਕਾਰਾ ਪਾਈ ਨੱਥਾ, ਬੰਦੀਖ਼ਾਨਾ ਇਕ ਸੁਹਾ ਰਿਹਾ। ਲਹਿਣਾ ਦੇਣਾ ਚੁਕਾਏ ਹੱਥੋ ਹੱਥਾ, ਸ਼ਾਹ ਸੁਲਤਾਨਾ ਆਪ ਜਣਾ ਰਿਹਾ। ਦਿਵਸ ਰੈਣ ਫਿਰੇ ਨੱਠਾ, ਆਪ ਆਪਣੀ ਕਾਰ ਕਮਾ ਰਿਹਾ। ਜਿਸ ਜਨ ਆਪਣੀ ਆਪੇ ਦੇਵੇ ਮੱਤਾ, ਦੇ ਮੱਤ ਮਾਤ ਸਮਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਗੜ੍ਹ ਇਕ ਸੁਹਾ ਲਿਆ। ਜਗਤ ਗੜ੍ਹ ਜਗਤ਼ ਮਕਾਨ, ਜਗਤ ਜੀਵ ਸਹਾਰਿਆ। ਖੇਲੇ ਖੇਲ ਦੋ ਜਹਾਨ, ਅੰਤ ਨਾ ਪਾਰਾਵਾਰਿਆ। ਜੋਧਾ ਬੀਰ ਨੌਜਵਾਨ, ਮੀਰ ਪੀਰ ਆਪ ਅਖਵਾ ਰਿਹਾ। ਬੰਦੀਖ਼ਾਨਾ ਕਰ ਪਰਵਾਨ, ਆਪ ਆਪਣਾ ਚਰਨ ਛੁਹਾ ਲਿਆ। ਰਾਜ ਰਾਜਾਨਾ ਬਖ਼ਸ਼ੇ ਇਕ ਧਿਆਨ, ਸ਼ੇਰ ਸ਼ੇਰ ਰੂਪ ਸਮਝਾ ਲਿਆ। ਹੋ ਦਲੇਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰੰਗਾ ਲਿਆ। ਬੰਦੀਖ਼ਾਨੇ ਡੇਰਾ ਲਾਇਆ, ਹਰਿ ਹਰਿ ਭੇਵ ਨਾ ਰਾਈਆ। ਸਤਿਗੁਰ ਸਾਚੇ ਖੇਲ ਰਚਾਇਆ, ਆਪ ਆਪਣਾ ਚੋਜ ਵਰਤਾਈਆ। ਸ਼ਾਹ ਸੁਲਤਾਨਾਂ ਰਿਹਾ ਡਰਾਇਆ, ਭੈ ਭਿਆਨਕ ਇਹ ਦਰਸਾਈਆ। ਆਪ ਆਪਣਾ ਦੇ ਬੁਝਾਇਆ, ਗੁਰ ਪੂਰੇ ਹੱਥ ਵਡਿਆਈਆ। ਪਾਰਬ੍ਰਹਮ ਪ੍ਰਭ ਹੁਕਮ ਸੁਣਾਇਆ, ਸ਼ਬਦੀ ਸ਼ਬਦ ਉਪਾਈਆ। ਕਲਜੁਗ ਅੰਤਮ ਵੇਖ ਵਖਾਇਆ, ਨੌਂ ਖੰਡ ਸੱਤ ਦੀਪ ਚਾਰੋਂ ਕੁੰਟ ਵੇਖ ਵਖਾਈਆ। ਸੱਤ ਸਾਗਰਾਂ ਫੇਰਾ ਪਾਇਆ, ਡੂੰਘੇ ਤਾਲ ਚਰਨ ਛੁਹਾਈਆ। ਨਿਰਮਲ ਕਰਮ ਉਜਾਗਰ ਆਪ ਕਰਾਇਆ, ਤਰਨਹਾਰ ਆਪ ਹੋ ਜਾਈਆ। ਜਗਤ ਸੌਦਾਗਰ ਆਪ ਬਣਾਇਆ, ਨਾਮ ਵਣਜਾਰਾ ਵੇਲਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬੈਠਾ ਅੰਦਰ ਵੜ, ਆਪੇ ਵੇਖ ਵਖਾਈਆ। ਜਗਤ ਕਿਲਾ ਸਾਚਾ ਕੋਟ, ਸਿੰਘ ਸ਼ੇਰ ਰੂਪ ਵਟਾਇਆ। ਆਪੇ ਲਾਵਣਹਾਰਾ ਚੋਟ, ਤਨ ਨਗਾਰਾ ਆਪ ਵਜਾਇਆ। ਆਪੇ ਕੱਢਣਹਾਰਾ ਖੋਟ, ਦੇ ਮਤ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇਆ। ਸਰਗੁਣ ਭੇਖ ਹਰਿ ਕਰਤਾਰ, ਨਿਰਗੁਣ ਖੇਲ ਖਲਾਇੰਦਾ। ਹਰਿ ਗੋਬਿੰਦ ਹੋਇਆ ਖ਼ਬਰਦਾਰ, ਆਪ ਆਪਣਾ ਰੰਗ ਵਖਾਇੰਦਾ। ਸ਼ਾਹ ਸੁਲਤਾਨਾਂ ਮਾਰੇ ਮਾਰ, ਸ਼ਬਦ ਸ਼ਬਦੀ ਵੇਖ ਵਖਾਇੰਦਾ। ਏਕਾ ਦਰ ਬਣ ਭਿਖਾਰ, ਢਹਿ ਢਹਿ ਸੀਸ ਨਿਵਾਇੰਦਾ। ਬੰਦੀਖ਼ਾਨੇ ਗੇੜ ਨਿਵਾਰ, ਬਸਤਰ ਤਨ ਛੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਧਾਰ, ਆਪਣੇ ਹੱਥ ਰਖਾਇੰਦਾ। ਕਿਲਾ ਕੋਟ ਜਗਤ ਤਜਾਵਣਾ, ਹਰਿ ਗੋਬਿੰਦ ਵਡ ਵਡਿਆਈਆ। ਗ਼ਰੀਬ ਨਿਮਾਣਿਆਂ ਗਲੇ ਲਗਾਵਣਾ, ਪੂਰਨ ਬ੍ਰਹਮ ਜਣਾਈਆ। ਲੱਖ ਚੁਰਾਸੀ ਫੰਦ ਕਟਾਵਣਾ, ਆਵਣ ਜਾਵਣ ਰਹੇ ਨਾ ਰਾਈਆ। ਸਾਚਾ ਲੜ ਆਪ ਫੜਾਵਣਾ, ਏਕਾ ਪੱਲੂ ਅੱਗੇ ਡਾਹੀਆ। ਬਵੰਜਾ ਅੱਖਰ ਧਾਰ ਚਲਾਵਣਾ, ਪੈਂਤੀਸ ਮੁਖ ਰਖਾਈਆ। ਸਤ ਸਤਾਰਾਂ ਲੇਖੇ ਲਾਵਣਾ, ਹਰਿ ਸਚ ਵੱਡੀ ਵਡਿਆਈਆ। ਸ਼ਾਹ ਸੁਲਤਾਨਾਂ ਲੇਖ ਲਿਖਾਵਣਾ, ਭੇਵ ਅਭੇਦਾ ਆਪ ਖੁਲ੍ਹਾਈਆ। ਕਲਜੁਗ ਅੰਤਮ ਮੇਲ ਮਿਲਾਵਣਾ, ਨੌਂ ਖੰਡ ਕਰੇ ਕੁੜਮਾਈਆ। ਸੱਤਾਂ ਦੀਪਾਂ ਡੰਕ ਵਜਾਵਣਾ, ਏਕਾ ਨਾਅਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਗੋਬਿੰਦ ਵੇਖੇ ਸਾਚਾ ਘਰ, ਘਰ ਸਾਚੇ ਵੱਜੇ ਵਧਾਈਆ। ਸੋਲਾਂ ਤਨ ਤਨ ਸ਼ਿੰਗਾਰ, ਬਾਵਨ ਰੂਪ ਸਮਾਇੰਦਾ। ਹਰਿਜਨ ਸਾਚੇ ਕਰ ਪਿਆਰ, ਸਗਲਾ ਸੰਗ ਨਿਭਾਇੰਦਾ। ਕਲਗੀ ਤੋੜਾ ਸੀਸ ਦਸਤਾਰ, ਜਗਤ ਨਾਮ ਨਾ ਕੋਈ ਵਖਾਇੰਦਾ। ਰਾਜ ਰਾਜਾਨ ਢਹਿ ਢਹਿ ਪਏ ਦਵਾਰ, ਨੇਤਰ ਰੋ ਰੋ ਨੀਰ ਵਹਾਇੰਦਾ। ਕਵਣ ਪਾਏ ਪ੍ਰਭ ਸਾਚੀ ਸਾਰ, ਹਰਿ ਕਾ ਦਰ ਦਿਸ ਨਾ ਆਇੰਦਾ। ਸਤਿਗੁਰ ਪੂਰਾ ਗੁਰ ਅਵਤਾਰ, ਦੇ ਮਤ ਆਪ ਸਮਝਾਇੰਦਾ। ਸਗਲਾ ਸੰਗ ਮੀਤ ਮੁਰਾਰ, ਦੋ ਜਹਾਨਾਂ ਆਪ ਨਿਭਾਇੰਦਾ। ਦੇਵੇ ਵਰ ਦਰ ਦਵਾਰ, ਏਕਾ ਸ਼ਬਦ ਸੁਣਾਇੰਦਾ। ਕਲਜੁਗ ਅੰਤਮ ਲਏ ਅਵਤਾਰ, ਬਵੰਜਾ ਦੇਸ਼ਾਂ ਵੰਡ ਵੰਡਾਇੰਦਾ। ਸ਼ਬਦ ਸੰਦੇਸ਼ਾ ਦਏ ਸੱਚੀ ਸਰਕਾਰ, ਨਿਰਗੁਣ ਜੋਤੀ ਜੋਤ ਜਗਾਇੰਦਾ। ਗੋਬਿੰਦ ਸੰਗ ਅੰਤਮ ਵਾਰ, ਦਿਸ ਕਿਸੇ ਨਾ ਆਇੰਦਾ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਰਾਜ ਰਾਜਾਨਾਂ ਚੜ੍ਹਿਆ ਚਾਅ, ਨਿਉਂ ਨਿਉਂ ਸੀਸ ਝੁਕਾਇਆ। ਸਤਿਗੁਰ ਬਣਿਆ ਸਚ ਮਲਾਹ, ਬੇੜਾ ਬੰਨ੍ਹੇ ਲਾਇਆ। ਸ਼ਬਦ ਜਪਾਏ ਏਕਾ ਨਾਂ, ਵਾਹ ਵਾਹ ਗੁਰੂ ਸੁਹਾਇਆ। ਨਿਥਾਵਿਆਂ ਦਿਤਾ ਸਾਚਾ ਥਾਂ, ਥਾਨ ਥਨੰਤਰ ਵੇਖ ਵਖਾਇਆ। ਅੰਤਮ ਵੇਲੇ ਪਕੜੇ ਬਾਂਹ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰਾ ਸਾਚਾ ਦਰ, ਘਰ ਸਾਚਾ ਦਏ ਸੁਹਾਇਆ। ਕਿਲੇ ਕੋਟ ਜਗਤ ਹੰਕਾਰ, ਗੁਰ ਪੂਰਾ ਆਪ ਤੁੜਾਇੰਦਾ। ਬਾਵਨ ਬਾਵਨ ਕਰ ਪਿਆਰ, ਬਵੰਜਾ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਪਾਰ ਕਿਨਾਰ, ਦੁਆਪਰ ਮੂਲ ਚੁਕਾਇੰਦਾ। ਕਲਜੁਗ ਖੇਲੇ ਖੇਲ ਅਪਾਰ, ਆਪ ਆਪਣੀ ਕਲ ਵਰਤਾਇੰਦਾ। ਗੁਰ ਚੇਲੇ ਸੋਹਿਣ ਇਕ ਦਵਾਰ, ਘਰ ਮੇਲੇ ਆਪ ਕਰਾਇੰਦਾ। ਰੰਗ ਨਵੇਲੇ ਖ਼ਬਰਦਾਰ, ਅੱਠੇ ਪਹਿਰ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਗੁਰ ਸੰਗ ਨਿਭਾਇੰਦਾ। ਗੁਰ ਗੁਰ ਸੰਗ ਸਰਬ ਗੁਰ ਦੇਵਾ, ਸਗਲਾ ਸੰਗ ਨਿਭਾਈਆ। ਲੇਖੇ ਲਾਏ ਚਰਨ ਕਵਲ ਕਮਾਈ ਸਾਚੀ ਸੇਵਾ, ਪੂਰਬ ਲਹਿਣਾ ਝੋਲੀ ਪਾਈਆ। ਦਰਸ ਦਖਾਏ ਨੇਤਰ ਨੈਣਾਂ, ਕਵਲ ਨੈਣ ਵਡ ਵਡਿਆਈਆ। ਅੰਤਮ ਭਾਣਾ ਸਹਿਣਾ ਪੈਣਾ, ਦੇਸ਼ ਬਵੰਜਾ ਲਏ ਉਠਾਈਆ। ਲੱਖ ਚੁਰਾਸੀ ਜੂਠੇ ਝੂਠੇ ਵਹਿਣ ਵਹਿਣਾ, ਨਾ ਦਿਸੇ ਕੋਈ ਸਹਾਈਆ। ਨਾਤ ਤੁੱਟੇ ਮਾਤ ਪਿਤ ਭਾਈ ਭੈਣਾਂ, ਸਾਕ ਸੱਜਣ ਨਾ ਕੋਈ ਅਖਵਾਈਆ। ਹਰਿ ਗੋਬਿੰਦ ਗੁਰ ਪਾਇਆ ਸਾਚਾ ਗਹਿਣਾ, ਰਾਜ ਰਾਜਾਨਾ ਮਾਣ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪੇ ਵੇਖ ਵਖਾਈਆ। ਕਲਜੁਗ ਤੇਰੀ ਅੰਤਮ ਵਾਰ ਹਰਿ ਹਰਿ ਸਾਚੀ ਜੋਤ ਜਗਾਈਆ। ਕਿਲੇ ਕੋਟ ਕਰ ਪਿਆਰ, ਵੇਖੇ ਬੇਪਰਵਾਹੀਆ। ਗੁਰ ਕਾ ਰੂਪ ਅਪਰ ਅਪਾਰ, ਜਗਤ ਨੇਤਰ ਦਿਸ ਨਾ ਆਈਆ। ਸ਼ਬਦ ਖੰਡਾ ਤੇਜ ਕਟਾਰ, ਆਪਣੇ ਹੱਥ ਉਠਾਈਆ। ਕਰਨਹਾਰਾ ਸਰਬ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਗੁਰਮੁਖ ਸਾਚੇ ਲਏ ਉਭਾਰ, ਆਪ ਆਪਣੀ ਦਇਆ ਕਮਾਈਆ। ਰਾਜ ਬਵੰਜਾ ਸਚ ਪਿਆਰ, ਮਾਨਸ ਵੇਖ ਵਖਾਈਆ। ਸੰਮਤ ਸੋਲਾਂ ਮੇਲ ਕਰਤਾਰ, ਸ਼ਬਦੀ ਸ਼ਬਦ ਪੁਜਾਈਆ। ਸੰਮਤ ਸਤਾਰਾਂ ਨੀਰ ਵਹਾਇਣ ਜ਼ਾਰੋ ਜ਼ਾਰ, ਘਰ ਸਾਚਾ ਰਾਹ ਤਕਾਈਆ। ਅੱਠ ਅਠਾਰਾਂ ਹੋ ਖ਼ਵਾਰ, ਵੇਖਣ ਸਾਚਾ ਮਾਹੀਆ। ਉਨੀ ਉਨੀਸਾ ਬੇਮੁਹਾਰ, ਪਾਂਧੀ ਪੰਧ ਭੁਲਾਈਆ। ਬੀਸ ਬੀਸਾ ਹੋਏ ਖ਼ਬਰਦਾਰ, ਦਿਲੀ ਦਵਾਰਾ ਵੇਖ ਵਖਾਈਆ। ਜਮਨ ਕਿਨਾਰਾ ਪਾਵੇ ਸਾਰ, ਆਪਣੇ ਹੱਥ ਰੱਖੇ ਵਡਿਆਈਆ। ਪੰਦਰਾਂ ਕੱਤਕ ਅਪਰ ਅਪਾਰ, ਵੀਹ ਸਦ ਬਿਕ੍ਰਮੀ ਨਾਲ ਰਲਾਈਆ। ਪੰਚਮ ਮੀਤਾ ਖ਼ਬਰਦਾਰ, ਪੰਚਮ ਮੁਖ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਅੰਗਦ ਅਮਰਦਾਸ ਰਾਮਦਾਸ ਗੁਰ ਅਰਜਨ ਹਰਿਗੋਬਿੰਦ ਏਕਾ ਨਾਮ ਵਡਿਆਈਆ।