੧੪ ਮੱਘਰ ੨੦੧੫ ਬਿਕ੍ਰਮੀ ਸੰਤ ਪੰਡਤ ਨਿਹਚਲ ਸਿੰਘ ਡੇਰਾ ਸੰਤ ਪੁਰਾ ਜਗਾਧਰੀ
ਹਰਿ ਕਿਰਪਾ ਸੰਤ ਪ੍ਰਸਾਦਿ, ਆਦਿ ਜੁਗਾਦਿ ਵਰਤਾਇਆ। ਪੁਰਖ ਅਬਿਨਾਸ਼ੀ ਦੇਵਣਹਾਰਾ ਦਾਦ, ਬ੍ਰਹਮ ਬ੍ਰਹਿਮਾਦਿ ਵੇਖ ਵਖਾਇਆ। ਸੰਤ ਸੁਹੇਲੇ ਜੁਗ ਜੁਗ ਲਾਧ, ਆਪ ਆਪਣਾ ਰੰਗ ਰੰਗਾਇਆ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਆਪ ਆਪਣਾ ਰੰਗ ਰੰਗਾਇਆ। ਆਤਮਕ ਧੁਨ ਵਜਾਏ ਸਾਚਾ ਨਾਦ, ਆਪ ਆਪਣਾ ਰਾਗ ਅਲਾਇਆ। ਮੇਟ ਮਿਟਾਏ ਜਗਤ ਵਿਵਾਦ, ਪੰਚ ਵਿਕਾਰਾ ਮੋਹ ਚੁਕਾਇਆ। ਸਤਿ ਵਸਤ ਦੇਵਣਹਾਰਾ ਦਾਦ, ਲੋਕਮਾਤ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਸ਼ਬਦ ਬੋਧ ਅਗਾਧ, ਗੁਰ ਪ੍ਰਸਾਦਿ ਗੁਰ ਕਿਰਪਾ ਹਰਿ ਸੰਤਨ ਝੋਲੀ ਪਾਇਆ। ਸਤਿ ਪ੍ਰਸਾਦਿ ਸਤਿ ਸੰਤੋਖ, ਸਤਿ ਸਤਿ ਸਮਾਈਆ। ਨਾ ਕੋਈ ਹਰਖ਼ ਨਾ ਕੋਈ ਸੋਗ, ਦੇਵਣਹਾਰਾ ਬੇਪਰਵਾਹੀਆ। ਜਿਸ ਜਨ ਚੁਗਾਏ ਸਾਚੀ ਚੋਗ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਦੂਈ ਦਵੈਤੀ ਕਟੇ ਰੋਗ, ਹਉਮੇ ਹੰਗਤਾ ਰਹਿਣ ਨਾ ਪਾਈਆ। ਮੇਲ ਮਿਲਾਵਾ ਧੁਰ ਸੰਜੋਗ, ਘਰ ਸਾਚੇ ਵੱਜੇ ਵਧਾਈਆ। ਪਾਰ ਕਰਾਏ ਤਿੰਨਾਂ ਲੋਕ, ਚੌਦਾਂ ਹੱਟ ਵੇਖ ਵਖਾਈਆ। ਹਰਿਜਨ ਹਰਿਭਗਤ ਆਤਮ ਅੰਤਰ ਆਪੇ ਰਿਹਾ ਵੇਖ, ਨਿਝ ਆਸਣ ਡੇਰਾ ਲਾਈਆ। ਲਿਖਣਹਾਰਾ ਸਾਚੇ ਲੇਖ, ਦਾਤਾ ਦਾਨੀ ਬੇਪਰਵਾਹੀਆ। ਨਾ ਕੋਈ ਮੁੱਛ ਦਾੜ੍ਹੀ ਨਾ ਦਿਸੇ ਕੇਸ, ਮੂੰਡ ਮੁੰਡਾਏ ਨਾ ਕੋਈ ਰਖਾਈਆ। ਜੋਤੀ ਨੂਰ ਦਰ ਦਰਵੇਸ਼, ਅਲੱਖ ਨਿਰੰਜਣ ਆਪ ਅਖਵਾਈਆ। ਪੁਰਖ ਅਗੰਮੜਾ ਵਸੇ ਦੇਸ, ਲੋਆਂ ਪੁਰੀਆਂ ਆਪ ਜਗਾਈਆ। ਦੋ ਜਹਾਨਾਂ ਨਰ ਨਰੇਸ਼, ਸ਼ਾਹੋ ਭੂਪ ਸਰਬ ਸੁਖਦਾਈਆ। ਸੰਤ ਸੁਹੇਲੇ ਆਪੇ ਵੇਖ, ਆਪ ਆਪਣੀ ਬਣਤ ਬਣਾਈਆ। ਨਾਨਕ ਜੋਤੀ ਦਸ ਦਸਮੇਸ਼, ਦਹਿ ਦਿਸ਼ਾ ਫੇਰਾ ਪਾਈਆ। ਸੀਸ ਨਿਵਾਇਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪ੍ਰਸਾਦਿ ਸਤਿ ਪੁਰਖ ਨਿਰੰਜਣ ਅਬਿਨਾਸ਼ੀ ਕਰਤਾ ਹਰਿ ਭਗਤਾਂ ਲਿਖਣਹਾਰਾ ਲੇਖ, ਗੁਰਮੁਖਾਂ ਝੋਲੀ ਆਪ ਭਰਾਈਆ। ਸਤਿ ਪ੍ਰਸਾਦਿ ਸਾਚੇ ਘਰ, ਹਰਿ ਹਰਿ ਆਪ ਰਖਾਇੰਦਾ। ਜੁਗ ਜੁਗ ਦੇਵੇ ਸੰਤਨ ਵਰ, ਨਾਮ ਭੰਡਾਰਾ ਇਕ ਵਰਤਾਇੰਦਾ। ਨੌਂ ਦਵਾਰੇ ਖਾਲੀ ਕਰ, ਦੁਰਮਤ ਮੈਲ ਮਿਟਾਇੰਦਾ। ਜੋਤ ਨਿਰੰਜਣ ਜੋਤੀ ਧਰ, ਅਗਿਆਨ ਅੰਧੇਰ ਚੁਕਾਇੰਦਾ। ਅਨਹਦ ਵਜਾਏ ਤਾਲ, ਧੁਨ ਅਨਾਦੀ ਇਕ ਰਖਾਇੰਦਾ। ਆਤਮ ਸਰ ਸਰੋਵਰ ਨੁਹਾਏ ਸਾਚੇ ਸਰ, ਦੁਰਮਤ ਮੈਲ ਕਟਾਇੰਦਾ। ਬਜ਼ਰ ਕਪਾਟੀ ਤੋੜ ਗੜ੍ਹ, ਆਪ ਆਪਣਾ ਦਰ ਖੁਲ੍ਹਾਇੰਦਾ। ਸਵਛ ਸਰੂਪੀ ਅੱਗੇ ਖੜ੍ਹ, ਹਰਿ ਸੰਤਾਂ ਵੇਖ ਵਖਾਇੰਦਾ। ਆਤਮ ਸੇਜਾ ਬੈਠਾ ਚੜ੍ਹ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਅੱਖਰ ਵੱਖਰ ਸ਼ਬਦ ਸੁਣਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਤਤਵ ਤਤ ਨਾ ਕੋਈ ਵਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਦੇਵਣਹਾਰਾ ਸਾਚਾ ਵਰ, ਆਤਮ ਬ੍ਰਹਮ ਸਤਿ ਪ੍ਰਸਾਦਿ ਸਤਿ ਸਤਿ ਆਪ ਵਰਤਾਇੰਦਾ। ਸਤਿ ਪ੍ਰਸਾਦਿ ਸਾਖਯਾਤ, ਹਰਿਜਨ ਹਰਿ ਹਰਿ ਆਪ ਅਖਵਾਈਆ। ਆਪ ਬਣਾਏ ਪਾਰ ਜਾਤ, ਕੰਚਨ ਰੂਪ ਵੇਸ ਵਟਾਈਆ। ਪਾਵੇ ਸਾਰ ਲੋਕਮਾਤ, ਜੁਗਾ ਜੁਗੰਤਰ ਖੇਲ ਖਲਾਈਆ। ਜਿਸ ਜਨ ਬਖ਼ਸ਼ੇ ਚਰਨ ਨਾਤ, ਕਵਲ ਧਵਲ ਵੇਖ ਵਖਾਈਆ। ਉਤਮ ਰੱਖੇ ਹਰਿਜਨ ਜਾਤ, ਵਰਨ ਬਰਨ ਨਾ ਕੋਇ ਬਣਾਈਆ। ਮੇਲ ਮਿਲਾਵਾ ਕਮਲਾਪਾਤ, ਘਰ ਮੇਲਾ ਸਾਚੇ ਮਾਹੀਆ। ਮਿਟੇ ਰੈਣ ਅੰਧੇਰੀ ਰਾਤ, ਏਕਾ ਨੂਰ ਕਰੇ ਰੁਸ਼ਨਾਈਆ। ਸਾਚੇ ਮੰਦਰ ਰਿਹਾ ਝਾਕ, ਆਪ ਅਪਣਾ ਮੁਖ ਛੁਪਾਈਆ। ਜਿਸ ਜਨ ਖੋਲ੍ਹੇ ਆਪਣਾ ਤਾਕ, ਆਪ ਆਪਣੀ ਦਇਆ ਕਮਾਈਆ। ਸਤਿ ਪ੍ਰਸਾਦਿ ਕਿਸੇ ਹੱਥ ਨਾ ਆਏ ਕਰੋੜ ਲਾਖ, ਕਰਤੇ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਏਕਾ ਨਾਮ ਪ੍ਰਸਾਦਿ, ਘਰ ਸਾਚੇ ਆਪ ਵਰਤਾਈਆ। ਸਚ ਪ੍ਰਸਾਦਿ ਸਚ ਘਰ ਵਰਤੰਤਾ, ਏਕਾ ਏਕ ਏਕੰਕਾਰਿਆ। ਨਿਰਗੁਣ ਜੋਤ ਸ੍ਰੀ ਭਗਵੰਤਾ, ਸਰਗੁਣ ਮੇਲਾ ਵਿਚ ਸੰਸਾਰਿਆ। ਆਪੇ ਨਾਰੀ ਆਪੇ ਕੰਤਾ, ਆਪ ਆਪਣੀ ਸੇਜ ਹੰਢਾ ਰਿਹਾ। ਆਪ ਆਪਣੀ ਬਣਾਏ ਬਣਤਾ, ਆਪ ਆਪਣੇ ਰੰਗ ਸਮਾ ਰਿਹਾ। ਆਪਣੇ ਦਰ ਆਪੇ ਹੋਏ ਮੰਗਤਾ, ਆਪਣੀ ਭਿਛਿਆ ਆਪੇ ਪਾ ਰਿਹਾ। ਹਰਿਜਨ ਦਰ ਦਵਾਰੇ ਆਏ ਭੁੱਖਾ ਨੰਗਤਾ, ਨਾਮ ਭੰਡਾਰਾ ਗੁਰ ਪ੍ਰਸਾਦੀ, ਗੁਰ ਕਿਰਪਾ ਸਤਿਗੁਰ ਝੋਲੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਦੇਵੇ ਸਾਚਾ ਸਚ ਖ਼ਜ਼ੀਨਾ ਇਕ ਵਖਾ ਰਿਹਾ। ਸਾਚਾ ਘਰ ਹਰਿ ਮਹੱਲਾ, ਏਕਾ ਏਕ ਸੁਹਾ ਰਿਹਾ। ਬੈਠਾ ਰਹੇ ਇਕ ਇਕੱਲਾ, ਦੂਸਰ ਸੰਗ ਨਾ ਕੋਈ ਵਖਾ ਲਿਆ। ਆਪਣੀ ਜੋਤੀ ਆਪਣੇ ਦੀਪਕ ਆਪੇ ਬਲਾ, ਤੇਲ ਬਾਤੀ ਨਾ ਕੋਇ ਟਿਕਾ ਲਿਆ। ਆਪਣੇ ਦਰ ਆਪਣੇ ਦਵਾਰ ਆਪੇ ਖਲਾ, ਆਪ ਆਪਣਾ ਰੂਪ ਵਟਾ ਲਿਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਥਿਰ ਘਰ ਦਵਾਰਾ ਏਕਾ ਮੱਲਾ, ਨਾਨਕ ਨਿਰਗੁਣ ਸਰੂਪ ਵਖਾ ਲਿਆ। ਜਲਾਂ ਥਲਾਂ ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਆਪ ਖਲਾ, ਗਗਨ ਪਤਾਲ ਮੰਡਲ ਮੰਡਪ ਪ੍ਰਿਥਮੀ ਅਕਾਸ਼ ਡੇਰਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਥਿਰ ਘਰ ਸਾਚਾ ਇਕ ਸੁਹਾ ਲਿਆ। ਥਿਰ ਘਰ ਸਾਚਾ ਸਚ ਦਰਬਾਰ, ਹਰਿ ਜੋਤੀ ਜੋਤ ਜਗਾਇੰਦਾ। ਅਲੱਖ ਅਗੋਖਰ ਅਗੰਮ ਅਪਾਰ, ਭੇਵ ਅਭੇਦਾ ਭੇਵ ਕੋਇ ਨਾ ਪਾਇੰਦਾ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣਾ ਖੇਲ ਖਲਾਇੰਦਾ। ਆਦਿ ਜੁਗਾਦੀ ਲੈ ਅਵਤਾਰ, ਲੋਕਮਾਤ ਫੇਰਾ ਪਾਇੰਦਾ। ਸਤਿਜੁਗ ਤ੍ਰੇਤਾ ਲਾਏ ਪਾਰ, ਦੁਆਪਰ ਬੇੜਾ ਆਪ ਤਰਾਇੰਦਾ। ਕਲਜੁਗ ਕੂੜਾ ਵੇਖ ਪਸਾਰ, ਆਪ ਆਪਣਾ ਭੇਖ ਵਟਾਇੰਦਾ। ਈਸਾ ਮੂਸਾ ਖ਼ਬਰਦਾਰ, ਮੇਲ ਮਿਲਾਵਾ ਸੰਗ ਮੁਹੰਮਦ ਚਾਰ ਯਾਰ ਅੱਲਾ ਰਾਣੀ ਐਨਲਹੱਕ ਨਾਅਰਾ ਆਪੇ ਲਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਸਰਬ ਜੀਆਂ ਦਾ ਸਾਂਝਾ ਯਾਰ, ਮੁਕਾਮੇ ਹੱਕ ਇਕ ਦਰਸਾਇੰਦਾ। ਨਾਨਕ ਨਿਰਗੁਣ ਜੋਤੀ ਕਰ ਅਕਾਰ, ਪੰਜ ਤਤ ਡੇਰਾ ਲਾਇੰਦਾ। ਅੰਗਦ ਕਰਿਆ ਅੰਗੀਕਾਰ, ਅਮਰੂ ਨਿਥਾਵਾਂ ਵੇਖ ਵਖਾਇੰਦਾ। ਰਾਮਦਾਸ ਕਰ ਪਿਆਰ, ਸਰ ਸਰੋਵਰ ਇਕ ਸੁਹਾਇੰਦਾ। ਪੰਚਮ ਗੁਰ ਖ਼ਬਰਦਾਰ, ਬੋਧ ਅਗਾਧ ਸ਼ਬਦ ਜਣਾਇੰਦਾ। ਗੁਰੂ ਗ੍ਰੰਥ ਕਰ ਤਿਆਰ, ਚਾਰ ਵਰਨਾਂ ਇਹ ਸਮਝਾਇੰਦਾ। ਇਕਵੰਜਾ ਬਵੰਜਾ ਏਕਾ ਧਾਰ, ਬਾਵਨ ਭੇਖਾਧਾਰੀ ਭੇਖ ਵਟਾਇੰਦਾ। ਸੰਤ ਭਗਤ ਗੁਰ ਸਤਿਗੁਰ ਸੋਹੇ ਇਕ ਦਵਾਰ, ਏਕਾ ਘਰ ਵਖਾਇੰਦਾ। ਛੇਵੇਂ ਜੋਤ ਕਰ ਉਜਿਆਰ, ਹਰਿ ਗੋਬਿੰਦ ਰੂਪ ਵਟਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਅਗੰਮ ਅਪਾਰ, ਹਰਿ ਰਾਏ ਵੇਖ ਵਖਾਇੰਦਾ। ਬਾਲ ਬਾਲਾ ਖੇਲ ਅਪਾਰ, ਬਾਲ ਅਵਸਥਾ ਲੇਖੇ ਲਾਇੰਦਾ। ਤੇਗ ਬਹਾਦਰ ਸਾਚਾ ਯਾਰ, ਘਰ ਸਾਚੇ ਮੇਲ ਮਿਲਾਇੰਦਾ। ਗ਼ਰੀਬ ਨਿਮਾਣਿਆਂ ਦਏ ਅਧਾਰ, ਆਪ ਆਪਣਾ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਕਾਰ, ਸੁਤ ਦੁਲਾਰ ਇਕ ਉਪਜਾਇੰਦਾ। ਗੋਬਿੰਦ ਨਾਮ ਵਿਚ ਸੰਸਾਰ, ਸਿੰਘ ਸਿੰਘ ਵਿਚ ਸਮਾਇੰਦਾ। ਚਾਰ ਵਰਨਾਂ ਮੀਤ ਮੁਰਾਰ, ਪੰਚ ਵਿਕਾਰਾ ਮੋਹ ਚੁਕਾਇੰਦਾ। ਪੰਚ ਸੁਹਾਏ ਦਰ ਦਰਬਾਰ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਨਾਮ ਖੰਡਾ ਕਰ ਤੇਜ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਆਪ ਆਪਣਾ ਉਤੋਂ ਵਾਰ, ਆਪ ਆਪਣਾ ਸੀਸ ਝੁਕਾਇੰਦਾ। ਏਕਾ ਗੁਰ ਇਕ ਅਵਤਾਰ, ਏਕਾ ਰੂਪ ਦਰਸਾਇੰਦਾ। ਬੀਸ ਬੀਸਾ ਖੇਲ ਅਪਾਰ, ਵਾਰ ਸਹਿੰਸਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲਾ ਦੀਨ ਦਿਆਲਾ ਗੋਬਿੰਦ ਕਰੇ ਸਦਾ ਪ੍ਰਿਤਪਾਲਾ, ਸ਼ਾਂਤਕ ਸਤਿ ਵਰਤਾਇੰਦਾ। ਗੋਬਿੰਦ ਗੁਰ ਬਲੀ ਬਲਕਾਰ, ਏਕਾ ਜੋਤ ਜਗਾਈਆ। ਸ਼ਬਦ ਸ਼ਬਦੀ ਖੇਲ ਅਪਾਰ, ਸ਼ਬਦ ਸ਼ਬਦੀ ਵੇਖ ਵਖਾਈਆ। ਇਕ ਇਕੱਲਾ ਖੇਲੇ ਖੇਲ ਖੇਲਣਹਾਰ, ਘਟ ਘਟ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਘਰ ਸਾਚੇ ਵੱਜੀ ਵਧਾਈਆ। ਗੁਰ ਗੋਬਿੰਦ ਸਾਚਾ ਸੂਰਾ, ਨੇਤਰ ਨੈਣ ਉਘਾੜਿਆ। ਪੁਰਖ ਅਬਿਨਾਸ਼ੀ ਹਾਜ਼ਰ ਹਜ਼ੂਰਾ, ਸਾਚੇ ਘੋੜੇ ਚੜ੍ਹਾ ਰਿਹਾ। ਆਸਾ ਮਨਸਾ ਕਰੇ ਪੂਰਾ, ਵੇਖ ਵਖਾਣੇ ਸਾਚੇ ਲਾੜਿਆ। ਏਕਾ ਨਾਦ ਵਜਾਏ ਤੂਰਾ, ਲੋਆਂ ਪੁਰੀਆਂ ਆਪ ਸੁਣਾ ਰਿਹਾ। ਕਲਜੁਗ ਅੰਤਮ ਮਿਟੇ ਕੂੜਾ, ਕੂੜੀ ਕਿਰਿਆ ਮੇਟ ਮਿਟਾ ਰਿਹਾ। ਜਨ ਭਗਤਾਂ ਗੁਰਮੁਖਾਂ ਮਸਤਕ ਲਾਏ ਧੂੜਾ, ਦਰ ਏਕਾ ਟਿੱਕਾ ਲਾ ਲਿਆ। ਕਾਇਆ ਰੰਗਨ ਰੰਗ ਚਾੜ੍ਹੇ ਗੂੜ੍ਹਾ, ਦਰ ਦਵਾਰ ਆਪ ਚੜ੍ਹਾ ਲਿਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਜਿਸ ਜਨ ਅੰਮ੍ਰਿਤ ਜਾਮ ਪਿਆ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਸਾਚਾ ਘਰ ਆਪ ਸੁਹਾ ਲਿਆ। ਅਬਿਨਾਸ਼ੀ ਕਰਤਾ ਏਕੰਕਾਰ, ਅਕਲ ਕਲਾ ਕਲ ਆਪੇ ਧਾਰ, ਆਵੇ ਜਾਵੇ ਵਿਚ ਸੰਸਾਰ, ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਵਸੇ ਧਾਮ ਆਪਣੇ ਆਪ ਨਿਆਰ। ਅੰਮ੍ਰਿਤ ਆਤਮ ਸਾਚਾ ਰਸ, ਹਰਿ ਹਰਿ ਆਪ ਪਿਆਈਆ। ਆਪੇ ਵੇਖੇ ਹੱਸ ਹੱਸ, ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਗਿਆ ਵਸ, ਨੂਰੋ ਨੂਰ ਸਮਾਈਆ। ਪੰਜ ਤਤ ਵਿਕਾਰਾ ਨਾ ਰਿਹਾ ਝੱਸ, ਮਨ ਮਤ ਬੁਧ ਨਾ ਕੋਈ ਜਣਾਈਆ। ਤ੍ਰੈਗੁਣ ਨਾ ਮਾਰੇ ਆਪਣਾ ਡਸ, ਪੰਜ ਤਤ ਨਾ ਕੋਈ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਟੇ ਘਰ, ਸਚਖੰਡ ਦਵਾਰਾ ਇਕ ਸੁਹਾਈਆ। ਨਾ ਕੋਈ ਤ੍ਰਿਸ਼ਨਾ ਨਾ ਕੋਈ ਭੁੱਖ, ਹਰਿ ਹਰਿ ਦਰਸ਼ਨ ਪਾਇਆ। ਆਤਮ ਅੰਤਰ ਏਕਾ ਸੁਖ, ਏਕਾ ਬ੍ਰਹਮ ਦਰਸਾਇਆ। ਆਪਣੀ ਗੋਦੀ ਆਪੇ ਚੁੱਕ, ਪੁਰਖ ਅਬਿਨਾਸ਼ੀ ਆਪ ਉਠਾਇਆ। ਆਪਣੇ ਅੰਦਰ ਆਪੇ ਲੁਕ, ਆਪ ਆਪਣਾ ਦਰਸ ਦਖਾਇਆ। ਆਪਣੇ ਦਵਾਰੇ ਆਪੇ ਝੁਕ, ਆਪ ਆਪਣਾ ਸੀਸ ਝੁਕਾਇਆ। ਦੋ ਜਹਾਨਾਂ ਪੈਂਡਾ ਗਿਆ ਮੁੱਕ, ਜਿਸ ਜਨ ਹਰਿ ਹਰਿ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਚਾ ਫਲ ਖਵਾਇਆ। ਅੰਮ੍ਰਿਤ ਆਤਮ ਸਾਚਾ ਫਲ, ਗੁਰਮੁਖਾਂ ਆਪ ਖਵਾਇੰਦਾ। ਆਪੇ ਰੱਖੇ ਨਿਹਚਲ ਧਾਮ ਅਟੱਲ, ਦੂਸਰ ਦਿਸ ਕਿਸੇ ਨਾ ਆਇੰਦਾ। ਦੂਈ ਦਵੈਤੀ ਮੇਟੇ ਸਲ, ਜਗਤ ਤ੍ਰਿਸ਼ਨਾ ਮੇਟ ਮਿਟਾਇੰਦਾ । ਏਕਾ ਜੋਤੀ ਜਾਏ ਬਲ, ਅਗਿਆਨ ਅੰਧੇਰ ਨਾ ਕੋਈ ਵਖਾਇੰਦਾ। ਸਚ ਸਿੰਘਾਸਣ ਲਿਆ ਮੱਲ, ਪੁਰਖ ਅਬਿਨਾਸ਼ੀ ਗਲੇ ਲਗਾਇੰਦਾ। ਵਿਛੜ ਨਾ ਜਾਏ ਘੜੀ ਪੱਲ, ਦਿਵਸ ਰੈਣ ਨਾ ਕੋਈ ਜਣਾਇੰਦਾ। ਆਦਿ ਸ਼ਕਤੀ ਰਿਹਾ ਪੱਲ, ਪੁਰਖ ਅਕਾਲਾ ਸੇਵ ਕਮਾਇੰਦਾ। ਅੰਦਰੇ ਅੰਦਰ ਗਿਆ ਰਲ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਜਗਤ ਤ੍ਰਿਸ਼ਨਾ ਭੁੱਖ ਦੁੱਖ ਮਿਟਾਇੰਦਾ। ਰਾਮ ਨਾਮ ਸਾਚੀ ਚੋਟ, ਤਨ ਨਗਾਰੇ ਸੰਤ ਲਗਾਈਆ। ਕੱਢਣਹਾਰਾ ਝੂਠਾ ਖੋਟ, ਦੁਰਮਤ ਮੈਲ ਧਵਾਈਆ। ਕਲਜੁਗ ਜੀਵ ਆਲਣਿਉਂ ਡਿੱਗੇ ਬੋਟ, ਨਾ ਅੰਤ ਕੋਈ ਉਠਾਈਆ। ਤੀਰਥ ਤੱਟਾਂ ਬੈਠੇ ਕੋਟੀ ਕੋਟ, ਆਤਮ ਸਾਧ ਨਾ ਬਣਤ ਬਣਾਈਆ। ਜਗਤ ਤ੍ਰਿਸ਼ਨਾ ਨਾ ਭਰੀ ਪੋਟ, ਚਾਰੋਂ ਕੁੰਟ ਮਨਮਤ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਏਕਾ ਰੰਗ ਰੰਗਾਈਆ। ਕਾਇਆ ਨਾਮ ਸਾਚਾ ਰੰਗ, ਹਰਿਜਨ ਆਪ ਚੜ੍ਹੰਨਿਆ। ਮਾਨਸ ਜਨਮ ਨਾ ਹੋਏ ਭੰਗ, ਲੋਕਮਾਤ ਬੇੜਾ ਬੰਨਿਆ। ਅੰਮ੍ਰਿਤ ਧਾਰ ਵਹਾਏ ਗੰਗ, ਹਰਿ ਹਰਿ ਆਪ ਆਪਣਾ ਆਪੇ ਮੰਨਿਆ। ਕੱਟਣਹਾਰਾ ਭੁੱਖ ਨੰਗ, ਹੋਏ ਸਹਾਈ ਦੋ ਜਹਾਨਿਆ। ਸੰਤ ਜਨਾ ਸਦ ਵਸਿਆ ਸੰਗ, ਦਿਵਸ ਰੈਣ ਫਿਰੇ ਭੰਨਿਆ। ਦਾਤਾ ਦਾਨੀ ਸੂਰਾ ਸਰਬੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਏਕਾ ਰਾਗ ਧੁਨੀ ਅਨਾਦ, ਆਪ ਸੁਣਾਏ ਸਾਚੇ ਕੰਨਿਆ।
