Granth 08 Likhat 008: Massa Singh de Navit

ਮੱਸਾ ਸਿੰਘ ਦੇ ਨਵਿਤ

ਕੱਲਰ ਬੂਟਾ ਨਾਮ ਜੜ, ਸਚਖੰਡ ਰਖਾਈਆ। ਮਾਲੀ ਬਣਿਆ ਸਾਚਾ ਹਰਿ, ਸਾਚੇ ਦਰ ਚਲਾਈਆ। ਕਰਮ ਧਰਮ ਲਏ ਫੜ, ਏਕਾ ਦੂਜਾ ਜੋੜ ਜੁੜਾਈਆ। ਆਪੇ ਵੇਖੇ ਅੱਗੇ ਪਿਛੇ ਖੜ, ਆਪੇ ਰਿਹਾ ਲੋਕਾਈਆ। ਢਾਉਂਦਾ ਜਾਏ ਕਿਲੇ ਗੜ੍ਹ, ਚਾਰੋਂ ਕੁੰਟ ਫਿਰਾਈਆ। ਆਪੇ ਬੁੱਕੇ ਅੱਖਰ ਏਕਾ ਖੜ, ਸੋ ਪੁਰਖ ਵੱਡੀ ਵਡਿਆਈਆ। ਚਾਰੋਂ ਕੁੰਟ ਕਿਤੇ ਨਾ ਲੁਕੇ, ਭੱਜਾ ਫਿਰੇ ਵਾਹੋ ਦਾਹੀਆ। ਸੋ ਪੁਰਖ ਨਿਰੰਜਣ ਸਤਿਗੁਰ ਪੂਰਾ ਮੁਖ ਚਾੜ੍ਹੇ ਛਿਕੇ, ਹੰ ਹੰ ਬੰਦ ਕਰਾਈਆ। ਆਪਣਾ ਪੈਂਡਾ ਆਪੇ ਲਿਖੇ, ਦਿਵਸ ਰੈਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਪੰਜਾਲੀ ਇਕ ਉਠਾਈਆ। ਕਰਮ ਧਰਮ ਦੋਏ ਰੱਖ, ਹਰਿ ਸਾਚਾ ਹਲ ਚਲਾਇੰਦਾ। ਖੇਲੇ ਖੇਲ ਹੋ ਪਰਤੱਖ, ਭੇਵ ਕੋਈ ਨਾ ਪਾਇੰਦਾ। ਕੂੜੀ ਕਿਰਿਆ ਕਰਦਾ ਜਾਏ ਵੱਖ, ਡੂੰਘੀ ਧਾਰ ਆਪ ਰਖਾਇੰਦਾ। ਲੋਆਂ ਪੁਰੀਆਂ ਭਾਂਡੇ ਕਰੀ ਜਾਏ ਸੱਖ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਆਪ ਉਘਾੜੀ ਆਪਣੀ ਅੱਖ, ਆਪੇ ਰਾਹ ਤਕਾਇੰਦਾ। ਏਕਾ ਰਾਸ ਫੜੀ ਨੱਥ, ਆਪੇ ਆਪਣੀ ਤਨਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਵੇਲਾ ਆਪ ਸੁਹਾਇੰਦਾ। ਕਰਮ ਵਿਚਾਰਾ ਰਿਹਾ ਰੋ, ਅੰਤਮ ਪੰਧ ਮੁਕਾਇਆ। ਧਰਮ ਵੇਖੇ ਦੂਰ ਦੁਰਾਡਾ ਖਲ੍ਹੋ, ਸਾਚਾ ਘਰ ਨਾ ਕੋਈ ਜਣਾਇਆ। ਕੂੜੀ ਕਿਰਿਆ ਜਗਤ ਹੋਇਆ ਮੋਹ, ਸਾਚਾ ਬੀਜ ਨਾ ਕੋਈ ਬਿਜਾਇਆ। ਸਾਚਾ ਜਲ ਅੰਮ੍ਰਿਤ ਕਿਸੇ ਨਾ ਦਿਤਾ ਚੋ, ਸਾਚਾ ਫਲ ਨਾ ਕੋਈ ਵਖਾਇਆ। ਅੱਗੇ ਆਵਣ ਵਾਲਾ ਦਰ ਨਾ ਦਿਸੇ ਕੋ, ਚਾਰੋਂ ਕੁੰਟ ਅੰਧੇਰਾ ਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਸਾਚਾ ਹਾਲੀ ਆਪ ਅਖਵਾਇਆ। ਸਾਚਾ ਹਾਲੀ ਹਰਿ ਕਿਰਸਾਨ, ਆਪਣਾ ਬੀਜ ਬਿਜਾਇੰਦਾ। ਆਪੇ ਰਾਖੀ ਕਰੇ ਦੋ ਜਹਾਨ, ਆਪੇ ਵੇਖੇ ਵੇਖ ਵਖਾਇੰਦਾ। ਆਪੇ ਪਵਣ ਪਾਣੀ ਕਰ ਪਰਧਾਨ, ਆਪੇ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਬੰਧਾਇੰਦਾ। ਸਚ ਕਿਰਸਾਣੇ ਹੱਲ ਚਲਾਇਆ, ਦਿਵਸ ਰੈਣ ਪ੍ਰਭਾਤੀ। ਸਾਚੀ ਜੋਤੀ ਸੇਵ ਕਮਾਇਆ, ਆਤਮ ਹਰਿ ਹਰਿ ਪਛਾਤੀ। ਨਿਰਗੁਣ ਧਾਰਾ ਆਪੇ ਜਾਗੀ ਆਪੇ ਸੁੱਤੀ, ਆਪੇ ਦਿਵਸ ਆਪੇ ਰਾਤੀ ਆਪੇ ਮਤਾ ਪਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਸੇਵਾ ਲਾਇਆ। ਜੋਤੀ ਮਾਤ ਬਣਾਏ ਭੱਤਾ, ਆਪਣੀ ਸੇਵ ਲਗਾਈਆ। ਨਾ ਕੋਈ ਠੰਡਾ ਤੱਤਾ, ਤੱਤਵ ਤੱਤ ਨਾ ਕੋਈ ਰਖਾਈਆ। ਆਪਣੇ ਪਿਆਰ ਆਪੇ ਮਰਤਾ, ਨਾ ਦੂਸਰ ਵਸਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਖੇਲ ਖਿਲਾਈਆ। ਸਾਚਾ ਭੱਤਾ ਸਿਰ ਰੱਖ, ਉਠੀ ਜੋਤ ਸਵਾਣੀਆ। ਸਾਚਾ ਰਾਹ ਰਹੀ ਤੱਕ, ਕਿਥੇ ਗਿਆ ਵਡ ਕਿਰਸਾਣੀਆ। ਪੁਰਖ ਅਗੰਮਾ ਉਤੋਂ ਆਇਆ ਨੱਠ, ਮਿਲਿਆ ਮੇਲ ਸਾਚਾ ਮਾਹੀਆ। ਸਚਖੰਡ ਦਵਾਰੇ ਸਾਚਾ ਉਠ, ਵੇਖ ਵਖਾਣੇ ਦੋ ਜਹਾਨੀਆ। ਨਿਉਂ ਨਿਉਂ ਸੀਸ ਨਿਵਾਏ ਕਮਲਾਪਤ, ਹੋਈ ਸੁਘੜ ਸਿਆਣੀਆ। ਆਪਣਾ ਪਕਿਆ ਦਏ ਅੱਗੇ ਰੱਖ, ਖੋਲੀ ਗੰਢ ਵਖਾਨੀਆ। ਪੁਰਖ ਅਬਿਨਾਸ਼ੀ ਲਏ ਚੁੱਕ, ਆਪ ਆਪਣਾ ਮੁਖ ਛੁਪਾਣੀਆ। ਮੰਗੇ ਜਲ ਪੁਰਖ ਸਮਰਥ, ਏਕ ਏਕੰਕਾਰਾ ਠੰਡਾ ਪਾਣੀਆ। ਜੋਤੀ ਨਾਰ ਜੋੜੇ ਹੱਥ ਤੇਰੇ ਦਰ, ਤੇਰੇ ਘਰ ਸਾਚਾ ਖੂਹਾ ਇਕ ਵਖਾਣੀਆ। ਮਹਿਮਾ ਕੋਈ ਨਾ ਸਕੇ ਕੱਥ, ਹਰਿ ਵੇਖੇ ਗੁਣ ਨਿਧਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਾਏ ਸ਼ਬਦ ਇਕ ਨੌਜਵਾਨੀਆ। ਸਚ ਕਿਰਸਾਨ ਨੌਜਵਾਨ, ਏਕਾ ਸ਼ਬਦ ਅਲਾਇੰਦਾ। ਸੁਣ ਸੁਵਾਣੀ ਕਰ ਧਿਆਨ, ਸਾਚਾ ਬਚਨ ਸੁਣਾਇੰਦਾ। ਤੇਰਾ ਮੇਰਾ ਇਕ ਗਿਆਨ, ਦੂਜੀ ਧਾਰ ਨਾ ਕੋਈ ਵਖਾਇੰਦਾ। ਤੇਰਾ ਦਰਸ ਮੇਰੀ ਪ੍ਰੀਤ, ਮੇਰਾ ਦਰਸ ਤੇਰੀ ਤ੍ਰਿਖਾ ਬੁਝਾਇੰਦਾ। ਦੋਹਾਂ ਵਿਚੋਲਾ ਅੰਮ੍ਰਿਤ ਮੇਘ ਦੇਵੇ ਬਰਸ, ਸਤਿ ਸਰੂਪ ਅਖਵਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ, ਤੇਰਾ ਭੱਤਾ ਤੇਰਾ ਸ਼ਾਹੋ ਤੇਰੇ ਰੰਗ ਰਤਾ, ਆਪਣੇ ਮੁਖ ਲਗਾਇੰਦਾ। ਬੀਜ ਬੀਜਿਆ ਆਪਣੇ ਵੱਤਾ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਇਕ ਸੁਹਾਇੰਦਾ। ਆਦਿ ਨਿਰੰਜਣ ਵਡ ਕਿਰਸਾਨਾ, ਆਪਣੀ ਕਿਰਤ ਕਮਾਈਆ। ਜੋਤੀ ਸ਼ਕਤੀ ਹਰਿ ਗਿਰਧਾਰਾ, ਸਾਚੀ ਸੇਵ ਕਮਾਈਆ। ਸੁਘੜ ਸੁਆਨੀ ਘਰ ਸੰਭਾਲੇ ਬਾਲਾ, ਸ਼ਬਦ ਸੁੱਤ ਝੋਲੀ ਪਾਈਆ। ਸਤਿਗੁਰ ਪੂਰਾ ਆਪੇ ਦੇਵੇ ਪੀਣਾ ਖਾਣਾ, ਆਪੇ ਰਿਜ਼ਕ ਸਬਾਈਆ। ਸਚ ਘਰ ਬੈਠ ਏਕਾ ਵੇਖਣ ਧੁਰ ਟਿਕਾਨਾ, ਸਾਚੇ ਘਰ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਬੀਜ ਉਗਾਈਆ। ਸਾਚਾ ਬੀਜ ਗਿਆ ਫੁਲ, ਹਰਿ ਸਾਚਾ ਆਪ ਉਪਜਾਇਆ। ਆਪੇ ਤੋੜੇ ਤੋੜ ਤੁੜਾਏ ਕਮਲਾਪਾਤੀ ਪਾਵੇ ਮੁਲ, ਜੋਤੀ ਨਾਰੀ ਮਾਲਨ ਨਾਲ ਰਲਾਇਆ। ਦੋਹਾਂ ਰੱਖੀ ਇਕੋ ਕੁਲ, ਏਕਾ ਸਗਨ ਮਨਾਇਆ। ਉਤੇ ਅੰਮ੍ਰਿਤ ਆਪੇ ਡੋਲ, ਸਚ ਸੁਗੰਧੀ ਆਪ ਭਰਾਇਆ। ਵਿਚੋਂ ਪਰਗਟਿਆ ਕਵਲ ਫੁਲ, ਸਚ ਪਿਆਰਾ ਮੇਲ ਮਿਲਾਇਆ। ਪਾਰਬ੍ਰਹਮ ਅਪਣੀ ਜੋਤੀ ਆਪੇ ਭੁੱਲ, ਆਪ ਆਪਣਾ ਬੀਜ ਬਿਜਾਇਆ। ਆਪੇ ਤੁਲਿਆ ਆਪਣੇ ਤੁਲ, ਆਪਣਾ ਕੰਡਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਾਰੀ ਵੇਖੇ ਘਰ, ਹਰਿ ਸਾਚਾ ਕੰਤ ਸੁਹਾਇਆ। ਨਾਰੀ ਕੰਤਾ ਇਕ ਪਿਆਰ, ਏਕਾ ਘਰ ਸੁਹਾਇੰਦਾ। ਕਰਤਾ ਪੁਰਖ ਖੇਲ ਅਪਾਰ, ਨਿਰਗੁਣ ਨੂਰ ਵਟਾਇੰਦਾ। ਸਾਚੀ ਸੇਜਾ ਹਰਿ ਉਜਿਆਰ, ਸਾਚਾ ਸਗਨ ਮਨਾਇੰਦਾ। ਆਪੇ ਅੰਦਰ ਆਪੇ ਬਾਹਰ, ਆਪ ਆਪਣਾ ਮੇਲ ਮਿਲਾਇੰਦਾ। ਸਾਚੀ ਨਾਰੀ ਕਰ ਸ਼ੰਗਾਰ, ਫੂਲਨ ਕਲੀਆਂ ਹਾਰ ਗੁੰਦਾਇੰਦਾ। ਆਪੇ ਗੁੰਦੇ ਵਾਰੋ ਵਾਰ, ਦਿਸ ਕੋਈ ਨਾ ਆਇੰਦਾ। ਕਵਲ ਫੁੱਲ ਆਪ ਆਪਣਾ ਲਏ ਉਭਾਰ, ਆਪ ਆਪਣਾ ਰੰਗ ਚਮਕਾਇੰਦਾ। ਅਬਿਨਾਸ਼ੀ ਕਰਤਾ ਹੋ ਤਿਆਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਅਵੇਸਾ ਕਰ ਕਰਤਾਰ, ਵਿਸ਼ਨੂੰ ਨਾਉਂ ਧਰਾਇੰਦਾ। ਅੰਮ੍ਰਿਤ ਭਰਿਆ ਠੰਡੀ ਠਾਰ, ਕਵਲਾ ਕਵਲ ਟਿਕਾਇੰਦਾ। ਸਾਚਾ ਬੀਜ ਕਰ ਤਿਆਰ, ਆਪੇ ਬਾਹਰ ਕਢਾਇੰਦਾ। ਖਿੜੇ ਫੁੱਲ ਸੱਚੀ ਗੁਲਜ਼ਾਰ, ਹਰਿ ਸਾਚਾ ਮਾਲੀ ਆਪ ਲਗਾਇੰਦਾ। ਆਪੇ ਵੇਖਣਹਾਰ ਬਹਾਰ, ਚਾਰੋਂ ਕੁੰਟ ਫੇਰੀ ਪਾਇੰਦਾ। ਪਾਰਬ੍ਰਹਮ ਬ੍ਰਹਮ ਉਤਪਤ ਕਰ ਆਪ ਆਪਣਾ ਦਏ ਸਹਾਰ, ਰਕਤ ਬੂੰਦ ਆਪ ਆਪਣੀ ਵਖਾਇੰਦਾ। ਏਕਾ ਸ਼ਬਦ ਦਏ ਹੁਲਾਰ, ਏਕਾ ਬੂਝ ਬੁਝਾਇੰਦਾ। ਬ੍ਰਹਮ ਸਰੂਪ ਢਹਿ ਪਏ ਦਵਾਰ, ਪਾਰਬ੍ਰਹਮ ਸੀਸ ਟਿਕਾਇੰਦਾ। ਲੋਕਮਾਤ ਰਹਿਣਾ ਖ਼ਬਰਦਾਰ, ਹਰਿ ਸਾਚਾ ਸੇਵਾ ਲਾਇੰਦਾ। ਬ੍ਰਹਮ ਰੋਵੇ ਜ਼ਾਰੋ ਜ਼ਾਰ, ਦੋਏ ਦੋਏ ਜੋੜ ਸੀਸ ਝੁਕਾਇੰਦਾ। ਤੇਰਾ ਲੱਗੇ ਸਚ ਦਰਬਾਰ, ਦੂਜਾ ਦਰ ਨਾ ਕੋਈ ਵਖਾਇੰਦਾ। ਪੁਰਖ ਅਬਿਨਾਸ਼ੀ ਬੰਨੇ ਧਾਰ, ਦੇ ਹੁਕਮ ਜਨਾਬ ਤੇਰਾ ਬੀਜ ਬੀਜੇ ਸਰਬ ਸੰਸਾਰ, ਲੱਖ ਚੁਰਾਸੀ ਆਪ ਉਪਾਇੰਦਾ। ਵਸਣਹਾਰ ਘਰ ਤੀਜੇ, ਚੌਥਾ ਦਰ ਖੁਲ੍ਹਾਇੰਦਾ। ਚੌਥੇ ਜੁਗ ਆਪ ਪਤੀਜੇ, ਆਪ ਆਪਣਾ ਵੇਖ ਵਖਾਇੰਦਾ। ਬ੍ਰਹਮਾ ਤੇਰੀ ਫੇਰ ਕਰੇ ਰੀਝੇ, ਤੇਰਾ ਵਿਛੋੜਾ ਆਪ ਕਟਾਇੰਦਾ। ਗੁਰਸਿਖਾਂ ਗੁਰਮੁਖਾਂ ਅੰਦਰ ਸੋਹੰ ਨਾਮ ਬੀਜੇ, ਆਪ ਆਪਣਾ ਤੇਰੀ ਝੋਲੀ ਪਾਇੰਦਾ। ਜਨ ਭਗਤਾਂ ਕਰੇ ਅੰਤਮ ਹੱਥੀਂ ਰੀਝੇ, ਤਨ ਸ਼ੰਗਾਰ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰ ਸਾਚਾ ਦਰ, ਫੁਲ ਫੁਲਵਾੜੀ ਆਪ ਲਗਾਇੰਦਾ। ਫੁਲ ਫੁਲਵਾੜੀ ਆਪੇ ਲਾਏ, ਹਰਿ ਵਾਲੀ ਦੋ ਜਹਾਨੀਆ। ਏਕਾ ਸਾਚਾ ਬੀਜ ਬਿਜਾਏ, ਖੇਲੇ ਖੇਲ ਪੁਰਖ ਸੁਲਤਾਨੀਆ। ਹਾਲ ਬੇਹਾਲੀ ਖੇਲ ਖਿਲਾਏ, ਭੇਵ ਅਭੇਦਾ ਭੇਵ ਛੁਪਾਨੀਆ। ਵਡ ਕਿਰਸਾਣੀ ਵੰਡ ਵੰਡਾਏ, ਵੰਡੇ ਵੰਡ ਕਰ ਮਿਹਰਵਾਨੀਆ। ਲੱਖ ਚੁਰਾਸੀ ਫਲ ਲਗਾਏ, ਆਪੇ ਹੋਇਆ ਜਾਣੀ ਜਾਣੀਆ। ਤਿਖੀ ਦਾਤਰ ਰਿਹਾ ਕਰਾਏ, ਸੋਹੰ ਸ਼ਬਦ ਚਾੜ੍ਹੇ ਪਾਣੀਆ। ਕਰਤਾ ਕਾਦਰ ਖੇਲ ਰਚਾਏ, ਆਦਿ ਜੁਗਾਦੀ ਖੇਲ ਮਹਾਨੀਆ। ਏਕੋ ਵਕਤ ਏਕਾ ਵੇਲਾ ਏਕਾ ਪੁਰਖ ਏਕਾ ਵਡ ਵਖਾਏ, ਸੁੰਞਾ ਕਰੇ ਜਗਤ ਜੀਵ ਨਿਧਾਨੀਆ। ਸਾਚੀ ਹਾੜੀ ਸਤਾਰਾਂ ਹਾੜੀ ਲੇਖੇ ਲਾਏ, ਜੁਗ ਕਰਤਾ ਆਪ ਭਗਵਾਨੀਆ। ਧਰਮ ਰਾਏ ਦੇ ਹੱਟ ਵਿਕਾਏ, ਕੰਡਾ ਰੱਖੇ ਬੇਈਮਾਨੀਆ। ਗੁਰਮੁਖ ਸੱਜਣ ਸੰਤ ਸੁਹੇਲੇ ਸਾਚੀ ਗੰਢ ਬੰਧਾਏ, ਬੀਜ ਰੱਖੇ ਆਪ ਆਪਣੇ ਘਰ ਛੁਪਾਨੀਆ। ਸਤਿਜੁਗ ਸਾਚੇ ਹੋ ਪਰਤੱਖੇ, ਧਰਤ ਦੇਵੇ ਸਚ ਨਿਸ਼ਾਨੀਆ। ਨੌ ਖੰਡ ਪ੍ਰਿਥਮੀ ਗੁਰਮੁਖ ਗੁਰਸਿਖ ਹਰਿ ਸੰਤ ਬੀਜ ਸਾਚਾ ਰੱਖੇ ਏਕਾ ਗਾਏ ਸ਼ਬਦ ਸਾਚੀ ਬਾਣੀਆ। ਇਕ ਦੂਜੇ ਵਲ ਕੋਈ ਨਾ ਤੱਕੇ, ਨਾ ਕੋਈ ਮਾਰੇ ਬਿਰਹੋਂ ਤੀਰ ਕਾਨੀਆ। ਏਕਾ ਆਪਣੀ ਛੱਤਰ ਛਾਇਆ ਹੇਠ ਰੱਖੇ, ਏਕਾ ਹੋਏ ਪਰਤੱਖ ਮਿਹਰਵਾਨੀਆ। ਏਕਾ ਕੀਮਤ ਪਾਏ ਅਲੱਖਣਾ ਅਲੱਖੇ, ਲੱਖ ਕਰੋੜੀ ਕੋਈ ਨਾ ਦੀਸੇ ਬਾਣੀਆ। ਗੁਰਮੁਖਾਂ ਰਾਹ ਆਪੇ ਤੱਕੇ, ਨਾ ਭੁੱਲੇ ਦੋ ਜਹਾਨੀਆ। ਚਰਨ ਕਵਲ ਵਖਾਏ ਮਦੀਨੇ ਮੱਕੇ, ਸਾਚੇ ਮੰਦਰ ਗੁਰੂਦਵਾਰ ਏਕਾ ਏਕ ਨਿਗਹਬਾਨੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬਣਾਏ ਭੈਣ ਭਾਈ ਸਕੇ, ਏਕਾ ਨਾਰ ਬਣਾਏ, ਸਚ ਸੁਵਾਣੀਆ। ਲੱਜ ਪਤ ਸਰਬ ਦੀ ਰੱਖੇ, ਖਾਲੀ ਗੋਦ ਨਾ ਕੋਈ ਵਖਾਣੀਆ। ਸੰਤ ਸੁਹੇਲਾ ਜੁਗ ਜੁਗ ਪੜਦਾ ਢਕੇ, ਆਪ ਆਪਣੀ ਦੇਵੇ ਨਾਮ ਨਿਸ਼ਾਨੀਆ। ਗੁਰਸਿਖ ਸਾਚੇ ਆਪਣੀ ਗੋਦ ਆਪੇ ਰੱਖੇ, ਦੇਵੇ ਪਦ ਇਕ ਨਿਰਬਾਨੀਆ। ਦੂਸਰ ਦਰ ਨਾ ਕੋਈ ਟੇਕਨ ਜਾਏ ਮੱਥੇ, ਏਕਾ ਪੁਰਖ ਮਿਲੇ ਪੁਰਖ ਅਕਾਲ ਨਿਗਹਬਾਨੀਆ। ਧਰਤੀ ਜਲ ਅੰਦਰ ਮੇਘ ਰਸਨਾ ਜਲ ਕੋਈ ਨਾ ਲੱਕੇ, ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀਆ। ਜਗਤ ਮੱਠ ਨਾ ਕੋਈ ਵਜਾਏ ਢੋਲ ਢਮੱਕੇ, ਅੰਦਰ ਅਨਹਦ ਵੱਜੇ ਸਾਚਾ ਤਾਲੀਆ। ਆਪਣਾ ਸੀਸ ਹਰਿ ਜਗਦੀਸ ਗੁਰਮੁਖਾਂ ਚਰਨਾਂ ਅੱਗੇ ਰੱਖੇ, ਅੱਗੇ ਬਣੇ ਆਪ ਸਵਾਲੀਆ। ਕਰਮ ਧਰਮ ਸ਼ਰਮ ਵਰਨ ਬਰਨ ਖਾਣ ਧੱਕੇ, ਪ੍ਰਭ ਚਲੇ ਚਾਲ ਨਿਰਾਲੀਆ। ਬਿਨ ਹਰਿ ਨਿਰੰਕਾਰ ਦੂਸਰ ਘਰ ਨਾ ਕੋਈ ਤੱਕੇ, ਨਾ ਕੋਈ ਪੂਜੇ ਜੋਤ ਜਵਾਲੀਆ। ਏਕਾ ਮੰਦਰ ਏਕਾ ਅੰਦਰ ਏਕਾ ਗੁਰੂਦਵਾਰ ਏਕਾ ਮਸਜਿਦ ਏਕਾ ਮੱਠ ਏਕਾ ਘਰ ਬਹਿਣ ਸਭੇ, ਏਕਾ ਦਰਸ ਦਿਖਾਏ ਆਪ ਆਪਣਾ ਮੇਲ ਮਿਲਾਨੀਆ। ਪੰਜ ਤੱਤ ਧਰਨੀ ਕੋਈ ਨਾ ਦੱਬੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਦਿ ਜੁਗਾਦਿ ਬੀਜਣਹਾਰਾ ਸਾਚਾ ਬੀਜ ਵੇਖ ਫੁਲ ਫੁਲਵਾੜੀ ਆਪ ਆਪਣਾ ਨਿਗਹਬਾਨੀਆ।