੧੩ ਜੇਠ ੨੦੧੭ ਬਿਕ੍ਰਮੀ ਦੇਵੀ ਸਿੰਘ ਆਸਲਾ ਦੇ ਘਰ ਮਘੋ ਵਾਲੀ ਜ਼ਿਲਾ ਜੰਮੂ
ਜਨਮ ਜਨਮ ਦੀ ਮੇਟੇ ਥਕਾਵਟ, ਜੋ ਜਨ ਆਏ ਸਰਨਾਈਆ। ਮਾਣਸ ਜਨਮ ਬਣਾਏ ਬਨਾਵਟ, ਪੰਜ ਤਤ ਕਾਇਆ ਵੇਖ ਵਖਾਈਆ। ਰਸਨਾ ਜਿਹਵਾ ਹਰਿ ਹਰਿ ਘਟ ਮੰਦਰ ਜੋ ਜਨ ਰਹੇ ਗਾਵਤ, ਗਾਵਣਹਾਰਾ ਵੇਸ ਵਟਾਈਆ। ਕਲਜੁਗ ਅੰਤਮ ਦੇਵਣ ਆਇਆ ਦਾਵਤ, ਸ਼ਬਦ ਢੋਲਾ ਏਕਾ ਗਾਈਆ। ਨਿਰਗੁਣ ਸਰਗੁਣ ਬਣਿਆ ਮਹਾਵਤ, ਨਾਮ ਨੇਜ਼ਾ ਹੱਥ ਉਠਾਈਆ। ਪਿਛੇ ਜੁਗ ਜੁਗ ਰਹੇ ਕਹਾਵਤ, ਦਰ ਦਵਾਰ ਗੁਰਮੁਖ ਦਰਸ਼ਨ ਪਾਈਆ। ਚਰਨ ਧੂੜ ਜੋ ਜਨ ਨਹਾਵਤ, ਦੁਰਮਤ ਮੈਲ ਰਹੇ ਨਾ ਰਾਈਆ। ਪੰਚ ਵਿਕਾਰਾ ਕਰੇ ਬਗ਼ਾਵਤ, ਘਰ ਘਰ ਪਈ ਲੜਾਈਆ। ਬਿਨ ਸਤਿਗੁਰ ਪੂਰੇ ਨਾ ਕਰੇ ਕੋਈ ਸਖਾਵਤ, ਰਹਿਮਤ ਹੱਥ ਨਾ ਕਿਸੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੁੜੇਪਾ ਵੇਖ ਵਖਾਈਆ। ਜਗਤ ਬੁੜੇਪਾ ਗਿਆ ਥੱਕ, ਲੋਕਮਾਤ ਪੰਧ ਮੁਕਣ ਨਾ ਪਾਈਆ। ਕਾਇਆ ਮਾਟੀ ਸੁੱਕੀ ਰੱਤ, ਹੱਡ ਮਾਸ ਨਾੜੀ ਪਿੰਜਰ ਰਿਹਾ ਨਾ ਰਾਈਆ। ਬੀਜ ਨਾ ਬੀਜਿਆ ਆਤਮ ਵਤ, ਫੁਲ ਫੁਲਵਾੜੀ ਦਿਸ ਨਾ ਆਈਆ। ਝੂਠਿਆ ਖੋਲ੍ਹੇ ਰੱਖਿਆ ਖਾਤਾ ਖਤ, ਨਾਮ ਵਸਤ ਨਾ ਵਿਚ ਟਿਕਾਈਆ। ਮਿਟੀ ਨਾ ਅੰਧ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਪੁੱਤ ਪੋਤਰਾ ਨਾ ਕੋਈ ਦਿਸੇ ਸਾਥ, ਸਗਲਾ ਸੰਗ ਗਏ ਤਜਾਈਆ। ਬਿਨ ਹਰਿ ਕੋਇ ਨਾ ਲਹਿਣਾ ਚੁਕਾਏ ਮਸਤਕ ਮਾਥ, ਪੂਰਬ ਜਨਮ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਲੇਖਾ ਦਏ ਸਮਝਾਈਆ। ਮਾਣਸ ਜਨਮ ਮਿਲਿਆ ਮਾਤ, ਦਸ ਦਸ ਮਾਸ ਅਗਨੀ ਕੁੰਡ ਤਪਾਇਆ। ਧੁਰਦਰਗਾਹੀ ਮਿਲੀ ਏਕਾ ਦਾਤ, ਨਾਮ ਅਮੋਲਾ ਝੋਲੀ ਪਾਇਆ। ਬੰਸ ਸਰਬੰਸ ਬੱਧਾ ਨਾਤ, ਨਾਤਾ ਬਿਧਾਤਾ ਜੋੜ ਜੁੜਾਇਆ। ਘਰ ਮੰਦਰ ਵਖਾਏ ਸਾਚਾ ਹਾਟ, ਨਰ ਹਰਿ ਸਾਚਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਪੂਰਬ ਵਰ, ਮਾਣਸ ਮਾਨੁੱਖ ਫੋਲ ਫੋਲਾਇਆ। ਪੂਰਬ ਜਨਮ ਮਾਰੀ ਮਾਰ, ਕਰਮਗਤ ਨਾ ਕੋਇ ਕਟਾਈਆ। ਪਿਤਾ ਪੂਤ ਨਾਤਾ ਤੁਟਾ ਵਿਚ ਸੰਸਾਰ, ਤਾਗਾ ਸੂਤ ਤਾਣਾ ਪੇਟਾ ਨਾ ਕੋਇ ਵਖਾਈਆ। ਆਰ ਪਾਰ ਬੈਠਾ ਇਕ ਕਿਨਾਰ, ਆਪੇ ਬੂਝੇ ਆਪੇ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਛੋੜਾ ਜਾਏ ਜਗ, ਪਿਤਾ ਪੁੱਤਰ ਲੱਗੀ ਬਿਰਹੋਂ ਅੱਗ, ਸ਼ਾਹ ਰਗ ਰਹੀ ਤੜਫਾਈਆ। ਪਿਤਾ ਪੂਤ ਹੋਇਆ ਵਿਛੋੜਾ, ਬਰਸ ਬਰਸੀ ਦਏ ਗਵਾਹੀਆ। ਹਿੱਤ ਪਿਆਰ ਕਿਸੇ ਨਾ ਬੌਹੜਾ, ਮੇਲਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅੰਦਰ ਵੜ, ਕਾਇਆ ਮੰਦਰ ਖੋਜ ਖੁਜਾਈਆ। ਕਾਇਆ ਮੰਦਰ ਜਗਤ ਪਿਆਸੀ, ਦਿਵਸ ਰੈਣ ਰਹੇ ਬਿਲਲਾਈਆ। ਕਵਣ ਕਰੇ ਬੰਦ ਖ਼ਲਾਸੀ, ਜਗਤ ਬੰਧਨ ਤੋੜ ਤੁੜਾਈਆ। ਬਿਰਧ ਅਵਸਥਾ ਨਿਰਧਨ ਜੋਤ ਸਾਚਾ ਨੂਰ ਨਾ ਕੋਇ ਪਰਕਾਸ਼ੀ, ਅੰਧ ਅੰਧੇਰਾ ਗਿਆ ਛਾਈਆ। ਪੂਰੀ ਹੋਈ ਨਾ ਮਾਤ ਆਸੀ, ਆਸਾ ਨਿਰਾਸਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬੁੜੇਪਾ ਰਿਹਾ ਜਾਣ, ਸਚ ਸੰਦੇਸ਼ ਦਏ ਗੁਣ ਨਿਧਾਨ, ਏਕਾ ਅੱਖਰ ਦਏ ਸੁਣਾਈਆ। ਸਚ ਸੰਦੇਸ਼ਾ ਸੁਣਨਾ ਕਰ ਧਿਆਨ, ਹਰਿ ਸੱਜਣ ਆਪ ਸੁਣਾਇੰਦਾ। ਤੇਰਾ ਪੂਤ ਜਗਤ ਨਿਸ਼ਾਨ, ਚੀਚੋ ਮੱਲੀਆਂ ਡੇਰਾ ਲਾਇੰਦਾ। ਓਥੇ ਖੋਲ੍ਹ ਜਗਤ ਦੁਕਾਨ, ਪਨਸਾਰੀ ਹੱਟ ਸੇਵ ਕਮਾਇੰਦਾ। ਕਰ ਸੁਨਤ ਹੋਇਆ ਮੁਸਲਮਾਨ, ਈਮਾਨ ਸ਼ਰਅ ਆਪਣੇ ਗਲ ਲਗਾਇੰਦਾ। ਪੰਜ ਨਿਮਾਜ਼ਾਂ ਪੜ੍ਹੇ ਕੁਰਾਨ, ਮੱਕਾ ਕਾਅਬਾ ਵੇਖ ਵਖਾਇੰਦਾ। ਇਕ ਵਖਾਏ ਸਚ ਈਮਾਨ, ਸ਼ਰਅ ਸ਼ਰੀਅਤ ਬੰਦ ਕਰਾਇੰਦਾ। ਪੂਤ ਭੁਲਿਆ ਪਿਤਾ ਨਾਦਾਨ, ਜਗਤ ਨਾਤਾ ਤੋੜ ਤੁੜਾਇੰਦਾ। ਘਰ ਨਾਰੀ ਕੰਤ ਮਿਲੀ ਰਕਾਨ, ਮਾਇਆ ਮਮਤਾ ਮੋਹ ਹੰਢਾਇੰਦਾ। ਮਗਰ ਲੱਗੇ ਪੰਜ ਸ਼ੈਤਾਨ, ਸਿਰ ਕੋਇ ਨਾ ਦੂਸਰ ਹੋਰ ਉਠਾਇੰਦਾ। ਬਿਰਧ ਅਵਸਥਾ ਸੁਰਤ ਸਵਾਣੀ ਏਕਾ ਮੰਗੇ ਸਾਚਾ ਦਾਨ, ਹਰਿ ਹਰਿ ਨਾਮ ਇਕ ਵਖਾਇੰਦਾ। ਆਵਣ ਜਾਵਣ ਚੁੱਕੇ ਕਾਣ, ਜਮ ਕੀ ਫਾਸੀ ਫੰਦ ਕਟਾਇੰਦਾ। ਮਿਲੇ ਮੇਲ ਸ੍ਰੀ ਭਗਵਾਨ, ਆਪਣਾ ਨੇਤਰ ਆਪ ਖੁਲ੍ਹਾਇੰਦਾ। ਦੋਏ ਨੇਤਰ ਜਗਤ ਵਖਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਥਕਾਵਟ ਦੇਵੇ ਚੁੱਕ, ਅਗਲਾ ਪੈਂਡਾ ਰਿਹਾ ਮੁੱਕ, ਸਾਚਾ ਪਾਂਧੀ ਆਪ ਮੁਕਾਇੰਦਾ। ਆਇਆ ਦੁਖੀਆ ਦਰ ਦਵਾਰ, ਦੁੱਖ ਆਪਣਾ ਫੋਲ ਸੁਣਾਈਆ। ਜਗਤ ਵਿਛੋੜਾ ਮਾਰੇ ਮਾਰ, ਵਿਜੋਗ ਰੋਗ ਟਿਕਣ ਨਾ ਪਾਈਆ। ਸਤਿਗੁਰ ਪੂਰਾ ਕਿਰਪਾ ਕਰੇ ਅਪਾਰ, ਏਕਾ ਸਿਖਿਆ ਦਏ ਸਮਝਾਈਆ। ਬਿਨ ਹਰਿ ਕਰਤਾਰ ਕੋਈ ਨਾ ਸੱਚਾ ਯਾਰ, ਮਾਤ ਪਿਤ ਭੈਣ ਭਾਈ ਸਾਕ ਸੱਜਣ ਪੁੱਤਰ ਧੀਆਂ ਅੰਤ ਨਾ ਸੰਗ ਨਿਭਾਈਆ। ਏਕਾ ਹਰਿ ਕਾ ਨਾਉਂ ਰਸਨਾ ਜਿਹਵਾ ਲੈਣਾ ਉਚਾਰ, ਤ੍ਰੈਗੁਣ ਮਾਇਆ ਫੰਦ ਕਟਾਈਆ। ਅਠਾਨਵੇਂ ਬਰਸ ਉਮਰ ਉਤਰੇ ਪਾਰ, ਨੌ ਅਠ ਵੱਜੇ ਵਧਾਈਆ। ਨੌ ਨੌ ਖੋਲ੍ਹੇ ਆਪ ਕਿਵਾੜ, ਦਸਵੇਂ ਮੇਲਾ ਸ਼ਹਿਨਸ਼ਾਹੀਆ। ਤੀਜਾ ਨੇਤਰ ਕਰ ਉਜਿਆਰ, ਕਾਇਆ ਖੇਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਦੇਵੇ ਵਰ, ਦਰਦ ਦੁੱਖ ਭੈ ਭੰਜਣ ਆਪ ਅਖਵਾਈਆ। ਦੀਨਾਂ ਅਨਾਥਾਂ ਦੀਨ ਦਿਆਲਾ, ਆਪਣੀ ਦਇਆ ਕਮਾਇੰਦਾ। ਇਕ ਵਖਾਏ ਸਚ ਸੱਚੀ ਧਰਮਸਾਲਾ, ਸਾਚੀ ਸਿਖਿਆ ਇਕ ਸਮਝਾਇੰਦਾ। ਫਲ ਲਗਾਏ ਕਾਇਆ ਡਾਲ੍ਹਾ, ਪਤ ਡਾਲ੍ਹੀ ਵੇਖ ਵਖਾਇੰਦਾ। ਲੱਖ ਚੁਰਾਸੀ ਤੋੜ ਜੰਜਾਲਾ, ਆਪ ਆਪਣੇ ਰੰਗ ਰੰਗਾਇੰਦਾ। ਸੋਹੰ ਪਾਏ ਗਲ ਸਾਚੀ ਮਾਲਾ, ਮਨ ਕਾ ਮਣਕਾ ਆਪ ਫਿਰਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਪੁਰਖ ਅਬਿਨਾਸ਼ੀ ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿਖਕ ਭਿਛਿਆ ਦੇਵੇ ਵਰ, ਜੋ ਜਨ ਸਰਨ ਸਰਨਾਈ ਮੰਗਣ ਆਇੰਦਾ। ਜਗਤ ਥਕੇਵਾਂ ਜਾਣਾ ਲੱਥ, ਪੰਜ ਤਤ ਚੋਲਾ ਰੰਗ ਰੰਗਾਈਆ। ਸਗਲ ਵਸੂਰੇ ਜਾਇਣ ਲੱਥ, ਚਿੰਤਾ ਚਿਖਾ ਦਏ ਮੁਕਾਈਆ। ਜਿਸ ਜਨ ਚੜ੍ਹਾਏ ਆਪਣੇ ਰਥ, ਦਰ ਘਰ ਸਾਚੇ ਮੇਲ ਮਿਲਾਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਆਪਣੀ ਵੰਡ ਆਪ ਕਰਾਈਆ। ਵਸਣਹਾਰਾ ਘਟ ਘਟ, ਲੱਖ ਚੁਰਾਸੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਲਹਿਣੇ ਝੋਲੀ ਪਾਈਆ। ਨਿਰਗੁਣ ਖੇਲ ਹਰਿ ਨਿਰੰਕਾਰ ਦਾ, ਆਦਿ ਜੁਗਾਦੀ ਆਪ ਕਰਾਏ। ਭੇਵ ਅਵੱਲੜਾ ਪਰਵਰਦਿਗਾਰ ਦਾ, ਰੂਪ ਰੇਖ ਨਾ ਕੋਇ ਵਖਾਏ। ਕਰੇ ਖੇਲ ਸਾਂਝੇ ਯਾਰ ਦਾ, ਵਰਨ ਬਰਨ ਨਾ ਕੋਇ ਜਣਾਏ। ਤੋੜੇ ਗੜ੍ਹ ਹੰਕਾਰ ਦਾ, ਨਾਮ ਖੰਡਾ ਹੱਥ ਉਠਾਏ। ਜਨ ਭਗਤਾਂ ਪੈਜ ਸੁਆਰਦਾ, ਜੁਗ ਜੁਗ ਆਪਣੀ ਜੋਤ ਜਗਾਏ। ਸਾਚੇ ਸੰਤਾਂ ਫੜ ਫੜ ਤਾਰਦਾ, ਮਾਰਗ ਪੰਥ ਇਕ ਵਖਾਏ। ਗੁਰਮੁਖਾਂ ਰੋਗ ਨਵਾਰਦਾ, ਹਉਮੇ ਰੋਗ ਰਹਿਣ ਨਾ ਪਾਏ। ਗੁਰਮੁਖ ਸਾਚੇ ਪਾਰ ਉਤਾਰਦਾ, ਸਤਿਗੁਰ ਪੂਰਾ ਸੇਵ ਕਮਾਏ। ਆਪ ਆਪਾ ਉਤੋਂ ਵਾਰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਸਾਚੀ ਵੇਖ ਵਖਾਏ। ਹਰਿ ਸੰਗਤ ਸਾਚਾ ਰੰਗ, ਸਤਿਗੁਰ ਪੂਰਾ ਆਪ ਚੜ੍ਹਾਈਆ। ਘਰ ਘਰ ਆਤਮ ਵੇਖੇ ਸਚ ਪਲੰਘ, ਦਸਮ ਦਵਾਰੀ ਡੇਰਾ ਲਾਈਆ। ਨੌ ਦਵਾਰੇ ਰਿਹਾ ਲੰਘ, ਟੇਢੀ ਬੰਕ ਪਾਰ ਕਰਾਈਆ। ਹੱਥ ਫੜ ਨਾਮ ਮਰਦੰਗ, ਸਾਚਾ ਨਾਦ ਇਕ ਸੁਣਾਈਆ। ਦੂਈ ਦਵੈਤੀ ਢਾਏ ਕੰਧ, ਪਰਦਾ ਓਹਲਾ ਦਏ ਚੁਕਾਈਆ। ਇਕ ਉਪਜਾਏ ਪਰਮਾਨੰਦ, ਨਿਜਾਨੰਦ ਆਪਣਾ ਰੂਪ ਦਰਸਾਈਆ। ਸਚ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਆਪੇ ਗਾਈਆ। ਗੁਰਮੁਖਾਂ ਖ਼ੁਸ਼ੀ ਕਰੇ ਬੰਦ ਬੰਦ, ਬੰਦੀਖ਼ਾਨਾ ਦਏ ਕਟਾਈਆ। ਆਪ ਚੜ੍ਹਾਏ ਸਾਚਾ ਚੰਦ, ਨਿਰਗੁਣ ਜੋਤ ਕਰ ਰੁਸ਼ਨਾਈਆ। ਜਿਸ ਜਨ ਗਾਇਆ ਬੱਤੀ ਦੰਦ, ਅੰਤਮ ਮੇਲੇ ਥਾਉਂ ਥਾਈਂਆ। ਮਨਮੁਖਾਂ ਸੁੱਤਾ ਦੇ ਕਰ ਕੰਡ, ਨੇਤਰ ਦਿਸ ਕਿਸੇ ਨਾ ਆਈਆ। ਕਰੇ ਖੇਲ ਵਿਚ ਵਰਭੰਡ, ਜੋਤੀ ਜਾਮਾ ਭੇਖ ਵਟਾਈਆ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਵਸਣਹਾਰਾ ਹਰਿ ਬ੍ਰਹਿਮੰਡ, ਪਾਰਬ੍ਰਹਮ ਨਾਉਂ ਧਰਾਈਆ। ਜੁਗ ਜੁਗ ਵੰਡੇ ਆਪਣੀ ਵੰਡ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਵੰਡੀ ਰਿਹਾ ਪਾਈਆ। ਆਪੇ ਕਰੇ ਖੰਡ ਖੰਡ, ਨੌ ਖੰਡ ਪ੍ਰਿਥਮੀ ਵੇਖ ਵਖਾਈਆ। ਆਪ ਰਖਾਏ ਚੰਡ ਪਰਚੰਡ, ਤਿਖੀ ਧਾਰ ਆਪ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸਾਚਾ ਲਾਲ ਅਨਮੁਲੜਾ, ਗੁਰ ਸਤਿਗੁਰ ਵੇਖ ਵਖਾਇੰਦਾ। ਜੁਗਾ ਜੁਗੰਤਰ ਸਾਚੇ ਕੰਡੇ ਤੁਲੜਾ, ਕਰਤਾ ਕੀਮਤ ਆਪੇ ਪਾਇੰਦਾ। ਤ੍ਰੈਗੁਣ ਮਾਇਆ ਵਿਚ ਕਦੇ ਨਾ ਰੁਲੜਾ, ਖ਼ਾਕੀ ਖ਼ਾਕ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਸਚ ਦਵਾਰ, ਚਾਰ ਵਰਨਾਂ ਕਰੇ ਇਕ ਪਿਆਰ, ਊਚਾਂ ਨੀਚਾਂ ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇੰਦਾ। ਚਾਰ ਵਰਨਾਂ ਇਕ ਗਿਆਨਾ, ਏਕਾ ਅੱਖਰ ਕਰੇ ਪੜ੍ਹਾਈਆ। ਚਾਰ ਵਰਨਾਂ ਇਕ ਭਗਵਾਨਾ, ਪਰਮ ਪੁਰਖ ਮੇਲ ਮਿਲਾਈਆ। ਚਾਰ ਵਰਨਾਂ ਏਕਾ ਦਾਨਾ, ਨਾਮ ਨਿਧਾਨਾ ਝੋਲੀ ਪਾਈਆ। ਚਾਰ ਵਰਨਾਂ ਦੇਵੇ ਬ੍ਰਹਮ ਗਿਆਨਾ, ਆਤਮ ਅੰਤਰ ਕਰੇ ਜਣਾਈਆ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਬਲੀ ਬਲਵਾਨਾ, ਬਲ ਆਪਣਾ ਆਪ ਵਖਾਈਆ। ਸੱਤ ਰੰਗ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਘਰ ਘਰ ਆਪਣਾ ਸਗਨ ਮਨਾਈਆ। ਸੰਮਤ ਸਤਰਾਂ ਹੋ ਪਰਧਾਨਾ, ਬੀਸ ਬਿਕਰਮੀ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਮੇਲਾ ਏਕਾ ਘਰ, ਘਰ ਵਜਦੀ ਰਹੇ ਵਧਾਈਆ। ਹਰਿ ਸੰਗਤ ਹਰਿ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਸਚਖੰਡ ਦਵਾਰੇ ਏਕਾ ਮਾਣ, ਧਰਮ ਦਵਾਰਾ ਇਕ ਵਖਾਇੰਦਾ। ਆਵਣ ਜਾਵਣ ਚੁੱਕੇ ਕਾਣ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਗੁਰਮੁਖ ਬੂਟੇ ਲੋਕਮਾਤ ਸਦਾ ਮਹਿਕਾਨ, ਸਚ ਸੁਗੰਧੀ ਨਾਮ ਭਰਾਇੰਦਾ। ਭਗਤ ਵਾਸ਼ਨਾ ਭਰੇ ਵਿਚ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਏਕਾ ਵਰ, ਹਰਿ ਸਾਚਾ ਖੇਲ ਖਿਲਾਇੰਦਾ। ਹਰਿ ਸੰਗਤ ਹਰਿ ਪਾਇਆ, ਹਰਿ ਹਰਿ ਕਾ ਰੂਪ ਅਪਾਰ। ਦਰ ਦਰ ਘਰ ਘਰ ਵੇਖ ਵਖਾਇਆ, ਗੁਰਮੁਖਾਂ ਕਰ ਪਿਆਰ। ਜੇਠ ਅਗਨੀ ਤਪਸ਼ ਦਏ ਬੁਝਾਇਆ, ਅੰਮ੍ਰਿਤ ਵਰਖ਼ੇ ਠੰਡੀ ਠਾਰ। ਤ੍ਰਿਸ਼ਨਾ ਹਰਸ ਦਏ ਮਿਟਾਇਆ, ਆਤਮ ਅੰਤਰ ਧਰ ਪਿਆਰ। ਆਪਣਾ ਤਰਸ ਆਪ ਕਮਾਇਆ, ਗੁਰਮੁਖ ਸਾਚੇ ਲਾਏ ਪਾਰ। ਨਿਰਗੁਣ ਸਰਗੁਣ ਦਰਸ ਦਿਖਾਇਆ, ਨੇਤਰ ਨੈਣਾਂ ਆਪ ਉਘਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹੋਏ ਸਹਾਇਆ। ਹਰਿਜਨ ਤੇਰੀ ਸਾਚੀ ਮਤ, ਬ੍ਰਹਮ ਮਤ ਇਕ ਵਖਾਈਆ। ਸਤਿਗੁਰ ਪੂਰਾ ਰੱਖੇ ਪੱਤ, ਲੋਕਮਾਤ ਹੋਏ ਸਹਾਈਆ। ਤੇਰੀ ਲੇਖੇ ਲੱਗੇ ਰੱਤ, ਰੱਤੀ ਰੱਤ ਆਪਣੇ ਲੇਖੇ ਪਾਈਆ। ਸਤਿਗੁਰ ਸੱਚਾ ਜਾਣੇ ਮਿਤ ਗਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸਾਚਾ ਤਾਰਿਆ, ਕਰ ਕਿਰਪਾ ਆਪ ਕਰਤਾਰ। ਜਨਮ ਜਨਮ ਦਾ ਰੋਗ ਨਿਵਾਰਿਆ, ਏਕਾ ਬਖ਼ਸ਼ੇ ਚਰਨ ਪਿਆਰ। ਘਰ ਮੰਦਰ ਕਰ ਉਜਿਆਰਿਆ, ਮੇਟ ਮਿਟਾਏ ਅੰਧ ਅੰਧਿਆਰ। ਦੇਵੇ ਦਰਸ ਅਗੰਮ ਅਪਾਰਿਆ, ਬੰਦ ਤਾਕੀ ਖੋਲ੍ਹ ਕਿਵਾੜ। ਜੇਠ ਅਗਨ ਕਿਸੇ ਨਾ ਸਾੜਿਆ, ਤੱਤੀ ਵਾਓ ਨਾ ਕਰੇ ਖ਼ਵਾਰ। ਜੋ ਜਨ ਬੋਲੇ ਸੋਹੰ ਸ਼ਬਦ ਸਚ ਜੈਕਾਰਿਆ, ਮਾਣਸ ਜਨਮ ਨਾ ਆਏ ਹਾਰ। ਪੂਰਬ ਲਹਿਣਾ ਲੇਖਾ ਪਾਰ ਉਤਾਰਿਆ, ਲੇਖਾ ਦੇਵਣਹਾਰ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਭਰੇ ਨਾਮ ਭੰਡਾਰ। ਨਾਮ ਭੰਡਾਰਾ ਹਰਿ ਭਗਵੰਤ, ਜੁਗਾ ਜੁਗੰਤਰ ਆਪ ਵਰਤਾਇੰਦਾ। ਗੁਰਮੁਖ ਵਿਰਲੇ ਵੇਖੇ ਸੰਤ, ਜਿਸ ਜਨ ਝੋਲੀ ਨਾਮ ਭਰਾਇੰਦਾ। ਲੱਖ ਚੁਰਾਸੀ ਮਾਇਆ ਪਾਏ ਬੇਅੰਤ, ਤ੍ਰੈਗੁਣ ਪਰਦਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਨਾਰੀ ਕੰਤ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਸੁਹਾਵਣਾ, ਨਿਰਗੁਣ ਨੂਰ ਜੋਤ ਉਜਿਆਰ। ਗੁਰਸਿਖ ਸਾਚਾ ਵੇਖ ਵਖਾਵਣਾ, ਅੰਦਰ ਮੰਦਰ ਗੁਪਤ ਜ਼ਾਹਰ। ਦਰ ਦਰਵੇਸ਼ਾ ਫੇਰਾ ਪਾਵਣਾ, ਅਲੱਖ ਨਿਰੰਜਣ ਬੋਲ ਜੈਕਾਰ। ਸ਼ਬਦ ਅਨਾਦੀ ਇਕ ਸੁਣਾਵਣਾ, ਆਤਮ ਧੁਨ ਵੱਜੇ ਅਪਾਰ। ਗੁਰਸਿਖ ਗੁਰਮੁਖ ਏਕਾ ਧਾਮ ਵਸਾਵਣਾ, ਜਿਸ ਘਰ ਵਸੇ ਆਪ ਨਿਰੰਕਾਰ। ਦਰ ਆਇਆਂ ਲੇਖੇ ਲਾਵਣਾ, ਜਾਏ ਪੈਜ ਸਵਾਰ। ਮਨਮੁਖਾਂ ਮੁਖ ਸ਼ਰਮਾਵਣਾ, ਮਨ ਰੱਖਿਆ ਇਕ ਹੰਕਾਰ। ਗੁਰਮੁਖ ਵਿਰਲੇ ਸੀਸ ਝੁਕਾਵਣਾ, ਜਿਸ ਝੁਕਿਆ ਆਪ ਨਿਰੰਕਾਰ। ਦਿਵਸ ਦਿਹਾੜਾ ਸਚ ਸੁਹਾਵਣਾ, ਤੇਰਾ ਤੇਰਾ ਕਰੇ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਪਾਵੇ ਸਾਰ। ਸਾਰ ਸਮਾਲੀਅਨ ਦਿਵਸ ਰੈਣ ਪਰਭਾਤ, ਘੜੀ ਪਲ ਪਲ ਵੇਖ ਵਖਾਈਆ। ਵਸਣਹਾਰਾ ਕਾਇਨਾਤ, ਚਾਰ ਕੁੰਟ ਦਹਿ ਦਿਸ਼ ਆਪਣਾ ਖੇਲ ਖਿਲਾਈਆ। ਲੱਖ ਚੁਰਾਸੀ ਮਾਰੇ ਝਾਤ, ਹਰਿਜਨ ਸਾਚੇ ਲਏ ਉਠਾਈਆ। ਆਪੇ ਪੁਛਣਹਾਰਾ ਵਾਤ, ਵਾਸਤਕ ਆਪਣਾ ਰੂਪ ਦਰਸਾਈਆ। ਚਰਨ ਕਵਲ ਬੰਧਾਏ ਸਾਚਾ ਨਾਤ, ਧਰਤ ਧਵਲ ਦਏ ਵਡਿਆਈਆ। ਗੁਰਮੁਖਾਂ ਹੋਏ ਪਿਤਾ ਮਾਤ, ਮਾਤ ਪਿਤਾ ਆਪ ਅਖਵਾਈਆ। ਵਰਨ ਬਰਨ ਨਾ ਕੋਇ ਜ਼ਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਮੇਲਾ ਵਿਚ ਜਹਾਨ, ਦੋ ਜਹਾਨਾਂ ਵਾਲੀ ਆਪ ਕਰਾਈਆ।
