Granth 09 Likhat 229: 26 Kattak 2017 Bikarmi Bibi Ajaib Kaur de Ghar Pind Baath Jila Amritsar

੨੬ ਕੱਤਕ ੨੦੧੭ ਬਿਕ੍ਰਮੀ ਬੀਬੀ ਅਜੈਬ ਕੌਰ ਦੇ ਘਰ ਪਿੰਡ ਬਾਠ ਜ਼ਿਲਾ ਅੰਮ੍ਰਿਤਸਰ

ਕਰਤਾ ਪੁਰਖ ਹਰਿ ਕਰਨੇਜੋਗ, ਜੁਗ ਜੁਗ ਆਪਣੀ ਖੇਲ ਖਿਲਾਇੰਦਾ। ਜਨ ਭਗਤਾਂ ਮੇਲੇ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਇੰਦਾ। ਜਗਤ ਵਿਛੋੜਾ ਕੱਟੇ ਰੋਗ, ਹਉਮੇ ਰੋਗ ਮੇਟ ਮਿਟਾਇੰਦਾ। ਆਤਮ ਅੰਤਰ ਦੇਵੇ ਸਾਚੀ ਚੋਗ, ਅੰਮ੍ਰਿਤ ਆਤਮ ਰਸ ਚਖਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਲੋਆਂ ਪੁਰੀਆਂ ਪੰਧ ਮੁਕਾਇੰਦਾ । ਸ਼ਬਦ ਸੁਣਾਏ ਅਗੰਮੀ ਸਲੋਕ, ਅਨਾਦ ਅਨਾਦੀ ਨਾਦ ਵਜਾਇੰਦਾ। ਨਾਤਾ ਤੋੜੇ ਹਰਖ ਸੋਗ, ਚਿੰਤਾ ਦੁੱਖ ਨਾ ਕੋਇ ਵਖਾਇੰਦਾ। ਚਰਨ ਦਾਸੀ ਕਰੇ ਮੁਕਤ ਮੋਖ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਹਰਿਜਨ ਉਭਾਰੇ ਵਿਚੋਂ ਕੋਟਨ ਕੋਟੀ ਕੋਟ, ਲੱਖ ਚੁਰਾਸੀ ਫੋਲ ਫੁਲਾਇੰਦਾ। ਤਨ ਨਗਾਰੇ ਲਾਏ ਚੋਟ, ਧੁਨ ਆਤਮਕ ਆਪ ਉਪਜਾਇੰਦਾ। ਕੂੜੀ ਕਿਰਿਆ ਕੱਢੇ ਖੋਟ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਚਰਨ ਕਵਲ ਕਵਲ ਚਰਨ ਏਕਾ ਬਖ਼ਸ਼ੇ ਸਾਚੀ ਓਟ, ਪੁਰਖ ਅਬਿਨਾਸ਼ਾ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਤਿਤ ਪਾਪੀ ਪਾਰ ਉਤਾਰ ਦਾ। ਪਤਿਤ ਪਾਪੀ ਉਧਾਰਨ ਹਰਿ, ਆਦਿ ਜੁਗਾਦਿ ਸਮਾਇਆ। ਆਪਣੀ ਕਿਰਪਾ ਆਪੇ ਕਰ, ਦੁਰਮਤ ਮੈਲ ਦਏ ਧੁਆਇਆ। ਜੋ ਜਨ ਸਰਨਾਈ ਜਾਏ ਪੜ, ਸਾਚੇ ਪੌੜੇ ਦਏ ਚੜ੍ਹਾਇਆ। ਕਿਲਾ ਤੋੜ ਹੰਕਾਰੀ ਗੜ੍ਹ, ਨਿਵਣ ਸੋ ਅੱਖਰ ਇਕ ਸਮਝਾਇਆ। ਸਤਿਗੁਰ ਪੂਰਾ ਲਗਾਏ ਆਪਣੇ ਲੜ, ਸ਼ਬਦ ਡੋਰੀ ਹੱਥ ਵਖਾਇਆ। ਦਰਸ ਦਿਖਾਏ ਅੱਗੇ ਖੜ, ਨਿਰਗੁਣ ਸਰਗੁਣ ਮੇਲ ਮਿਲਾਇਆ। ਹਰਿ ਕਾ ਰੂਪ ਨਾ ਕੋਈ ਸੀਸ ਨਾ ਕੋਈ ਧੜ, ਕਾਇਆ ਚੋਲੀ ਪੰਜ ਤਤ ਨਾ ਕੋਇ ਰਖਾਇਆ। ਆਪਣੀ ਕਰਨੀ ਆਪੇ ਕਰ, ਕੁਦਰਤ ਕਾਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ਼ਰੀਬ ਨਿਮਾਣੇ ਜੁਗਾ ਜੁਗੰਤਰ ਗਲੇ ਲਗਾਇਆ। ਜੁਗ ਜੁਗ ਸਾਚੀ ਕਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਲੋਕਮਾਤ ਵੇਸ ਵਟਾਇੰਦਾ। ਹਰਿਜਨ ਸਾਚੇ ਕਰ ਪਿਆਰ, ਆਪ ਆਪਣਾ ਮੇਲ ਮਿਲਾਇੰਦਾ। ਵੇਖੇ ਵਿਗਸੇ ਵੇਖਣਹਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਤ ਪਾਪੀ ਲਏ ਵਰ, ਪਤਿਤ ਉਧਾਰਨ ਆਪ ਹੋ ਆਇੰਦਾ। ਪਤਿਤ ਪਾਪੀ ਬੇੜਾ ਪਾਰ, ਡੂੰਘੇ ਸਾਗਰ ਪਾਰ ਕਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸ਼ਾਹ ਸੁਲਤਾਨਾ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਈਆ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਆਪ ਚਮਕਾਈਆ। ਜੇਰਜ ਅੰਡਾਂ ਦਏ ਹੁਲਾਰ, ਨਿਰਗੁਣ ਨਿਰਵੈਰ ਆਪਣਾ ਰੂਪ ਆਪ ਧਰਾਈਆ। ਗੁਰਮੁਖ ਸਾਚੇ ਲਏ ਉਭਾਰ, ਸਾਚੀ ਗੋਦੀ ਆਪ ਸੁਹਾਈਆ। ਦਰ ਵਖਾਏ ਠਾਂਡਾ ਦਰਬਾਰ, ਥਿਰ ਘਰ ਵੱਜਦੀ ਰਹੇ ਵਧਾਈਆ। ਸਚਖੰਡ ਕਰੇ ਸਚ ਪਿਆਰ, ਸਾਚੇ ਤਖ਼ਤ ਸਾਚਾ ਮਾਹੀਆ। ਗੁਣ ਅਵਗੁਣ ਨਾ ਕਰੇ ਕੋਇ ਵਿਚਾਰ, ਗੁਣਵੰਤਾ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਤਿਤ ਪਾਪੀ ਵੇਖ ਵਖਾਈਆ। ਪਤਿਤ ਪਾਪੀ ਪਾਰ ਕਿਨਾਰਾ, ਦੁਰਮਤ ਮੈਲ ਧੁਆਇੰਦਾ। ਘਟ ਘਟ ਅੰਦਰ ਕਰ ਪਸਾਰਾ, ਹਰਿ ਹਰਿ ਵੇਖ ਵਖਾਇੰਦਾ। ਦੀਵਾ ਬਾਤੀ ਕਰ ਉਜਿਆਰਾ, ਕਮਲਾਪਾਤੀ ਡਗਮਗਾਇੰਦਾ। ਸਾਚਾ ਸਾਕੀ ਬਣ ਵਣਜਾਰਾ, ਅੰਮ੍ਰਿਤ ਨਾਮ ਪਿਆਲਾ ਇਕ ਪਿਆਇੰਦਾ। ਖੋਲ੍ਹੇ ਤਾਕੀ ਬੰਦ ਕਿਵਾੜਾ, ਅੰਧ ਅੰਧੇਰ ਗਵਾਇੰਦਾ। ਸਤਿਗੁਰ ਪੂਰਾ ਸਾਚਾ ਲਾੜਾ, ਧੁਰ ਦਰਗਾਹੀ ਫੇਰਾ ਪਾਇੰਦਾ। ਗੁਰਮੁਖ ਵੇਖੇ ਸੁਹਾਗਣ ਨਾਰਾ, ਪੀਆ ਪ੍ਰੀਤਮ ਮੇਲ ਮਿਲਾਇੰਦਾ। ਸਾਚੀ ਸਖ਼ੀਆਂ ਮੰਗਲਚਾਰਾ, ਪੀਆ ਪ੍ਰੀਤਮ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਸਾਚੇ ਘਰ, ਗ੍ਰਹਿ ਮੰਦਰ ਖੋਜ ਖੁਜਾਇੰਦਾ। ਗ੍ਰਹਿ ਮੰਦਰ ਡੂੰਘੀ ਗਾਰ, ਕਾਇਆ ਹੱਟ ਵੇਖ ਵਖਾਇੰਦਾ। ਮਾਣਸ ਮਾਨੁਖ ਭੁੱਲੇ ਜੀਵ ਗਵਾਰ, ਹਰਿ ਕਾ ਰੂਪ ਦਿਸ ਕਿਸੇ ਨਾ ਆਇੰਦਾ। ਚਾਰੋਂ ਕੁੰਟ ਅੰਧ ਅੰਧਿਆਰ, ਜਗਤ ਅੰਧੇਰਾ ਸਾਰੇ ਛਾਇੰਦਾ। ਸ੍ਰਿਸ਼ਟ ਸਬਾਈ ਸੁੱਤੀ ਪੈਰ ਪਸਾਰ, ਤ੍ਰੈਗੁਣ ਮਾਇਆ ਪਰਦਾ ਏਕਾ ਪਾਇੰਦਾ। ਗੁਰਮੁਖ ਵਿਰਲਾ ਹੋਏ ਉਜਿਆਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਮਾਇਆ ਮਮਤਾ ਦੁਖੜਾ ਦਏ ਨਵਾਰ, ਆਸਾ ਤ੍ਰਿਸਨਾ ਮੋਹ ਚੁਕਾਇੰਦਾ। ਸਾਚਾ ਸ਼ਬਦ ਦਏ ਇਕ ਆਧਾਰ, ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਈਸ਼ ਜੀਵ ਜਾਣੇ ਕਰਮ, ਜਗਤ ਜਗਦੀਸ਼ ਵੇਖ ਵਖਾਇੰਦਾ। ਸਤਿਗੁਰ ਸਰਨਾਈ ਸਾਚਾ ਧਰਮ, ਦੂਸਰ ਧਰਮ ਨਾ ਕੋਇ ਬਣਾਇੰਦਾ। ਗੁਰ ਪੂਰਾ ਹਾਜ਼ਰ ਹਜ਼ੂਰਾ ਨੇਤਰ ਲੋਚਣ ਖੋਲ੍ਹੇ ਹਰਨ ਫਰਨ, ਆਪਣਾ ਲੋਇਣ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰਾ, ਜੁਗਾ ਜੁਗੰਤਰ ਪਾਵੇ ਸਾਰਾ, ਕਲਜੁਗ ਤੇਰੀ ਅੰਤਮ ਵਾਰਾ, ਏਕਾ ਡੰਕਾ ਸ਼ਬਦ ਵਜਾਇੰਦਾ। ਡੰਕਾ ਸ਼ਬਦ ਹਰਿ ਕਰਤਾਰ, ਚਾਰ ਕੁੰਟ ਦਹਿ ਦਿਸ਼ਾ ਆਪ ਵਜਾਈਆ। ਦੋ ਜਹਾਨਾਂ ਕਰੇ ਖ਼ਬਰਦਾਰ, ਚੌਦਾਂ ਲੋਕਾਂ ਆਪ ਉਠਾਈਆ। ਚੌਦਾਂ ਤਬਕਾਂ ਮਾਰੇ ਮਾਰ, ਹਰਿ ਜੂ ਵੇਖੇ ਖ਼ਲਕ ਖ਼ੁਦਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਜਲਵਾ ਨੂਰ ਨੂਰ ਇਲਾਹੀਆ। ਨੂਰ ਨੁਰਾਨਾ ਹੋ ਉਜਿਆਰ, ਲੋਕਮਾਤ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸੰਬਲ ਨਗਰੀ ਧਾਮ ਨਿਆਰ, ਏਕਾ ਬੈਠਾ ਸੇਜ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੋਲ੍ਹਣਹਾਰਾ ਸਾਚਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਵਾਰ ਸੁਹੰਦੜਾ, ਹਰਿ ਸਤਿਗੁਰ ਸੱਜਣ ਮੀਤ। ਗੁਰਮੁਖ ਸੱਜਣ ਮੇਲ ਮਿਲੰਦੜਾ, ਆਦਿ ਜੁਗਾਦੀ ਸਾਚੀ ਰੀਤ। ਪਤਿਤ ਪਾਪੀ ਆਪ ਤਰੰਦੜਾ, ਕਰੇ ਕਰਾਏ ਪਤਿਤ ਪੁਨੀਤ। ਸਾਚੇ ਧਾਮ ਆਪ ਸੁਹੰਦੜਾ, ਧਾਮ ਵਖਾਏ ਇਕ ਅਨਡੀਠ। ਚਾਰ ਵੇਦ ਲੇਖਾ ਲੇਖ ਨਾ ਕੋਇ ਲਿਖੰਦੜਾ, ਪੁਰਾਨ ਅਠਾਰਾਂ ਗਾਏ ਹਰਿ ਹਰਿ ਗੀਤ। ਹਰਿ ਜੂ ਸਾਚਾ ਵੇਸ ਵਟੰਦੜਾ ਜਨ ਭਗਤਾਂ ਵਸੇ ਸਦਾ ਚੀਤ। ਚਿਤਵਤ ਠਗੌਰੀ ਕੋਇ ਨਾ ਪੰਦੜਾ, ਲੇਖਾ ਜਾਣੇ ਹਸਤ ਕੀਟ। ਹਸਤ ਕੀਟ ਏਕਾ ਰੰਗ ਰਗੰਦੜਾ, ਮੇਲ ਮਿਲਾਏ ਊਚ ਨੀਚ। ਊਚ ਨੀਚ ਅੰਦਰ ਆਸਣ ਲਗੰਦੜਾ, ਨਿਰਗੁਣ ਦਾਤਾ ਸੂਚੋ ਸੂਚ। ਸਚ ਸੁੱਚ ਆਪਣਾ ਨਾਮ ਦ੍ਰਿੜੰਦੜਾ, ਕਾਇਆ ਮਾਟੀ ਵੇਖੇ ਕਚ। ਕਾਇਆ ਕੰਚਨ ਗੜ੍ਹ ਆਪ ਸੁਹੰਦੜਾ, ਗੁਰਸਿਖਾਂ ਹਿਰਦੇ ਆਪੇ ਰਚ। ਸਾਚੇ ਹਿਰਦੇ ਡੇਰਾ ਲਗੰਦੜਾ, ਤ੍ਰੈਗੁਣ ਮਾਇਆ ਨਾ ਜਾਏ ਮਚ। ਤ੍ਰੈਗੁਣ ਅਗਨੀ ਤਤ ਬੁਝਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਾਚਾ ਮਾਰਗ ਏਕਾ ਦੱਸ। ਸਾਚਾ ਮਾਰਗ ਹੱਥ ਕਰਤਾਰ, ਆਦਿ ਜੁਗਾਦਿ ਲਗਾਇਆ। ਸਤਿਜੁਗ ਤ੍ਰੇਤਾ ਦਵਾਪਰ ਵੇਖੇ ਆਪਣੀ ਵਾਰ, ਕਲਜੁਗ ਅੰਤਮ ਵੇਖਣ ਆਇਆ। ਨਿਹਕਲੰਕਾ ਜਾਮਾ ਧਾਰ, ਸ਼ਬਦ ਡੰਕਾ ਇਕ ਸੁਣਾਇਆ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇਆ। ਗੁਰਸਿਖ ਮੇਲੇ ਵਿਛੜੇ ਯਾਰ, ਜਗਤ ਵਿਛੋੜਾ ਫੰਦ ਕਟਾਇਆ। ਏਕਾ ਸੋਹਲਾ ਸੁਣਾਏ ਆਪਣੀ ਵਾਰ, ਸੋ ਪੁਰਖ ਨਿਰੰਜਣ ਢੋਲਾ ਗਾਇਆ। ਹੰ ਬ੍ਰਹਮ ਕਰੇ ਪਿਆਰ, ਆਤਮ ਬ੍ਰਹਮ ਹੋਏ ਸਹਾਇਆ। ਏਕਾ ਏਕ ਏਕੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਤਿਤ ਪਾਪੀ ਲਾਏ ਪਾਰ। ਪਤਿਤ ਪਾਪੀ ਬੇੜਾ ਤਾਰਦਾ, ਕਿਰਪਾਨਿਧ ਹਰਿ ਦੀਨ ਦਿਆਲ। ਲੇਖਾ ਜਾਣੇ ਮੂਰਖ ਮੁਗਧ ਬਾਲ ਅੰਞਾਣ ਦਾ, ਚਤਰ ਸੁਘੜ ਸ੍ਰੀ ਭਗਵਾਨ। ਪੂਰਬ ਜਨਮਾ ਕਰਮ ਪਛਾਣਦਾ, ਲਹਿਣਾ ਦੇਵੇ ਦੋ ਜਹਾਨ। ਹਰਿਜਨ ਹਰਿਭਗਤ ਹਰਿ ਚਰਨ ਦਵਾਰੇ ਰੰਗ ਮਾਣਦਾ, ਲੱਖ ਚੁਰਾਸੀ ਨਾਤਾ ਜੁੜਿਆ ਪੰਜ ਸ਼ੈਤਾਨ। ਕਲਜੁਗ ਵੇਲਾ ਅੰਤਮ ਬ੍ਰਹਮ ਗਿਆਨ ਦਾ, ਕਲਜੁਗ ਭੁੱਲਾ ਜੀਵ ਨਾਦਾਨ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦੀ ਨਾ ਕੋਇ ਪਛਾਣਦਾ, ਚਾਰ ਵਰਨ ਹੋਏ ਹੈਰਾਨ। ਆਤਮ ਸੇਜ ਕੰਤ ਕੰਤੂਲ ਹਰਿ ਭਗਵੰਤ ਰੰਗ ਨਾ ਕੋਇ ਮਾਣਦਾ, ਤ੍ਰੈਗੁਣ ਮਾਇਆ ਹੇਠ ਵਿਛਾਈ ਸੇਜ ਸੂਲ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਘਟ ਘਟ ਅੰਤਰ ਆਪੇ ਜਾਣਦਾ, ਆਦਿ ਜੁਗਾਦਿ ਜੁਗਾ ਜੁਗੰਤਰ ਆਪ ਪਛਾਣੇ ਆਪਣਾ ਮੂਲ। ਗੁਰਮੁਖ ਗੁਰਸਿਖ ਗੁਰ ਸਤਿਗੁਰ ਸਾਚਾ ਆਪ ਪਛਾਣਦਾ, ਲੋਕਮਾਤ ਮਾਰ ਝਾਤ, ਆਪ ਉਪਜਾਏ ਦਇਆ ਕਮਾਏ ਫੁਲ ਫਲਵਾੜੀ ਸਾਚੇ ਫੂਲ।