Granth 09 Likhat 233: 28 Kattak 2017 Bikarmi Sarain Singh de Ghar Pind Jandiala Guru Jila Amritsar

੨੮ ਕੱਤਕ ੨੦੧੭ ਬਿਕ੍ਰਮੀ ਸਰੈਣ ਸਿੰਘ ਦੇ ਘਰ ਪਿੰਡ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਸਤਿ ਪੁਰਖ ਸਾਹਿਬ ਸੁਲਤਾਨ, ਅਗੰਮ ਅਗੰਮੜਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਸਾਹਿਬ ਮਿਹਰਵਾਨ, ਰੂਪ ਅਨੂਪ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਅਨਭਵ ਆਪਣੀ ਖੇਲ ਖਿਲਾਈਆ। ਏਕੰਕਾਰਾ ਨੌਜਵਾਨ, ਆਦਿ ਜੁਗਾਦੀ ਭੇਵ ਨਾ ਰਾਈਆ। ਆਦਿ ਨਿਰੰਜਣ ਨੂਰ ਮਹਾਨ, ਨਿਰਵੈਰ ਆਪਣਾ ਆਪ ਪਰਗਟਾਈਆ। ਅਬਿਨਾਸ਼ੀ ਕਰਤਾ ਕਰਤਾ ਪੁਰਖ ਕਰਨੇਹਾਰ, ਆਪਣੀ ਕਲ ਆਪ ਧਰਾਈਆ। ਸ੍ਰੀ ਭਗਵਾਨ ਕਰੇ ਖੇਲ ਅਪਰ ਅਪਾਰ, ਇਕ ਇਕੱਲਾ ਸੱਚਾ ਸ਼ਹਿਨਸ਼ਾਹੀਆ। ਪਾਰਬ੍ਰਹਮ ਪ੍ਰਭ ਲੇਖਾ ਜਾਣੇ ਸਚ ਦਰਬਾਰ, ਦਰਗਹਿ ਸਾਚੀ ਵਡ ਵਡਿਆਈਆ। ਸਚਖੰਡ ਵਸਾਏ ਏਕੰਕਾਰ, ਨਿਰਗੁਣ ਨੂਰ ਕਰ ਰੁਸ਼ਨਾਈਆ। ਘਰ ਮੰਦਰ ਪਾਵੇ ਆਪੇ ਸਾਰ, ਥਿਰ ਘਰ ਲੇਖਾ ਅਗੰਮ ਅਥਾਹੀਆ। ਆਪਣਾ ਜੋਬਨ ਵੇਖ ਬਲਕਾਰ, ਬਲ ਆਪਣਾ ਦਏ ਪਰਗਟਾਈਆ। ਆਪਣਾ ਖੇਲ ਕਰੇ ਖੇਲਣਹਾਰ, ਅਲੱਖ ਅਲੱਖਨਾ ਲਖਿਆ ਨਾ ਜਾਈਆ। ਆਪਣੀ ਇਛਿਆ ਕਰ ਵਿਚਾਰ, ਆਪਣੀ ਸਿਖ਼ਿਆ ਆਪੇ ਪਾਈਆ। ਆਪਣੀ ਘਾੜਤ ਘੜੇ ਹਰਿ ਕਰਤਾਰ, ਸਾਚਾ ਤਖ਼ਤ ਆਪ ਸੁਹਾਈਆ। ਆਪੇ ਸ਼ਾਹ ਪਾਤਸ਼ਾਹ ਬਣੇ ਸੱਚੀ ਸਰਕਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਆਪੇ ਭੂਪਤ ਭੂਪ ਹੋਏ ਦਾਤਾਰ, ਰਾਜ ਰਾਜਾਨ ਆਪ ਅਖਵਾਈਆ। ਆਪੇ ਸਤਿ ਸਤਿਵਾਦੀ ਉਠਾਏ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਸੇਵ ਕਮਾਈਆ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਸ਼ਬਦ ਅਗੰਮੀ ਵਾਜ ਸੁਣਾਈਆ। ਆਪੇ ਹੁਕਮੀ ਹੁਕਮ ਕਰੇ ਪਰਵਾਨ, ਪਰਵਰਦਿਗਾਰ ਬੇਪਰਵਾਹੀਆ। ਆਪੇ ਆਪਣਾ ਹੋਏ ਜਾਣੀ ਜਾਣ, ਜਾਨਣਹਾਰ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਚ ਮਹੱਲਾ, ਏਕਾ ਰਿਹਾ ਵਸਾਈਆ। ਇਕ ਮਹੱਲਾ ਹਰਿ ਵਸਾਇਆ, ਆਦਿ ਜੁਗਾਦੀ ਆਸਣ ਲਾਇੰਦਾ। ਏਕਾ ਰੂਪ ਅਨੂਪ ਪਰਗਟਾਇਆ, ਰੰਗ ਰੇਖ ਨਾ ਕੋਇ ਜਣਾਇੰਦਾ। ਏਕਾ ਨਰੇਸ਼ ਰਿਹਾ ਸੁਹਾਇਆ, ਦਰ ਦਰਵੇਸ਼ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਆਪ ਜਣਾਇੰਦਾ। ਘਰ ਸਾਚਾ ਸੋਹਿਆ ਬੰਕ ਦਵਾਰਾ, ਸਚਖੰਡ ਵੱਜੀ ਵਧਾਈਆ। ਘਰ ਪਰਗਟਿਆ ਹਰਿ ਏਕੰਕਾਰਾ, ਨਿਰਾਕਾਰ ਰੂਪ ਧਰਾਈਆ। ਘਰ ਬੋਲਣਹਾਰਾ ਨਾਮ ਸਤਿ ਜੈਕਾਰਾ, ਸਤਿ ਸਤਿਵਾਦੀ ਆਪ ਪਰਗਟਾਈਆ। ਘਰ ਕਰਤਾ ਪੁਰਖ ਹੋਏ ਉਜਿਆਰਾ, ਨਿਰਵੈਰ ਆਪਣੀ ਧਾਰ ਚਲਾਈਆ। ਘਰ ਮੂਰਤ ਅਕਾਲ ਏਕਾ ਵਸੇ ਵਸਣਹਾਰਾ, ਜੂਨੀ ਰਹਿਤ ਸਹਿਜ ਸੁਖਦਾਈਆ। ਘਰ ਲੇਖਾ ਜਾਣੇ ਧੁਰ ਦਰਬਾਰਾ, ਸਚਖੰਡ ਨਵਾਸੀ ਸੱਚਾ ਸ਼ਹਿਨਸ਼ਾਹੀਆ। ਘਰ ਮੰਗਣ ਮੰਗੇ ਬਣ ਭਿਖਾਰਾ, ਘਰ ਇਛਿਆ ਝੋਲੀ ਪਾਈਆ। ਘਰ ਮੰਦਰ ਬਣੇ ਸਤਿ ਵਰਤਾਰਾ, ਸਾਚੀ ਵਸਤ ਹੱਥ ਉਠਾਈਆ। ਘਰ ਬੋਲੇ ਸ਼ਬਦ ਨਾਦ ਧੁਨਕਾਰਾ, ਘਰ ਰਾਗ ਅਨਾਦੀ ਗਾਈਆ। ਘਰ ਅੰਮ੍ਰਿਤ ਰੱਖੇ ਠੰਡੀ ਠਾਰਾ, ਚਰਨ ਸਰੋਵਰ ਇਕ ਸੁਹਾਈਆ। ਘਰ ਉਪਜਾਏ ਬ੍ਰਹਮਾ ਵਿਸ਼ਨ ਸ਼ਿਵ ਸੁਤ ਦੁਲਾਰਾ, ਘਰ ਜਨਨੀ ਏਕਾ ਮਾਈਆ । ਘਰ ਵਖਾਏ ਰਵ ਸਸ ਸੂਰਜ ਚੰਨ ਸਤਾਰਾ, ਘਰ ਮੰਡਲ ਮੰਡਪ ਦਏ ਵਡਿਆਈਆ । ਘਰ ਤ੍ਰੈਗੁਣ ਮਾਇਆ ਭਰ ਭੰਡਾਰਾ, ਤ੍ਰੈ ਤ੍ਰੈ ਲੇਖਾ ਦਏ ਸਮਝਾਈਆ। ਘਰ ਪੰਚਮ ਤਤ ਤਤ ਪਸਾਰਾ, ਤਤਵ ਤਤ ਇਕ ਰਖਾਈਆ। ਘਰ ਘਾੜਤ ਘੜੇ ਆਪ ਸੁਨਿਆਰਾ, ਸਚ ਕੁਠਾਲੀ ਆਪੇ ਤਾਈਆ। ਘਰ ਲੇਖਾ ਜਾਣੇ ਹਰਿ ਨਿਰੰਕਾਰਾ, ਦੂਸਰ ਅਵਰ ਨਾ ਸੰਗ ਰਖਾਈਆ। ਘਰ ਨਿਸ਼ਅੱਖਰ ਪੜ੍ਹੇ ਪੜ੍ਹਨਹਾਰਾ, ਘਰ ਸਾਚੇ ਵੇਦਾਂ ਕਰੇ ਪੜ੍ਹਾਈਆ। ਘਰ ਲੱਖ ਚੁਰਾਸੀ ਕਰ ਪਸਾਰਾ, ਘਰ ਸਾਚੀ ਵੰਡ ਵੰਡਾਈਆ। ਘਰ ਬਖ਼ਸ਼ਣਹਾਰਾ ਨਾਮ ਆਧਾਰਾ, ਅਨਮੁਲਾ ਨਾਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਘਰ ਮੰਦਰ ਘਰ ਖੇਲ ਨਿਆਰਾ, ਘਰ ਜੋਤੀ ਜੋਤ ਜਗਾਇੰਦਾ। ਘਰ ਬ੍ਰਹਮ ਪਾਰਬ੍ਰਹਮ ਕਰੇ ਪਸਾਰਾ, ਘਰ ਆਪਣਾ ਵੇਖ ਵਖਾਇੰਦਾ। ਘਰ ਰਾਤੀ ਰੁਤੀ ਥਿਤੀ ਜਾਣੇ ਵਾਰਾ, ਘਰ ਆਪਣੀ ਰੁਤ ਸੁਹਾਇੰਦਾ। ਘਰ ਫੁਲ ਫਲਵਾੜੀ ਵੇਖੇ ਸਚ ਬਹਾਰਾ, ਸਚ ਸੁਗੰਧੀ ਆਪ ਮਹਿਕਾਇੰਦਾ। ਘਰ ਲੇਖਾ ਜਾਣੇ ਨਾਰੀ ਕੰਤ ਭਤਾਰਾ, ਘਰ ਗ੍ਰਹਿ ਸੁਹੰਜਣੀ ਸੇਜ ਸੁਹਾਇੰਦਾ। ਘਰ ਉਪਜਾਏ ਮਾਤ ਪਿਤ ਘਰ ਸੁਤ ਦੁਲਾਰਾ, ਘਰ ਜਨਨੀ ਜਨ ਮੇਲ ਮਿਲਾਇੰਦਾ। ਘਰ ਰਾਗ ਰਾਗਨੀ ਗਾਏ ਆਪਣੀ ਵਾਰਾ, ਘਰ ਧੁਨ ਧੁਨ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਘਰ ਏਕਾ ਸਚ ਵਸਾਇੰਦਾ। ਏਕਾ ਘਰ ਹਰਿ ਵਸਾਇਆ, ਸਚਖੰਡ ਵੱਜੀ ਵਧਾਈਆ। ਦੂਜੀ ਕੁਦਰਤ ਲਏ ਪਰਗਟਾਇਆ, ਤੀਜੇ ਨੇਤਰ ਵੇਖੇ ਥਾਉਂ ਥਾਈਆ। ਚੌਥੇ ਪਦ ਆਪ ਸਮਾਇਆ, ਧੁਨ ਨਾਦ ਸ਼ਬਦ ਗਾਏ ਸਹਿਜ ਸੁਭਾਈਆ। ਛੇਵੇਂ ਛੱਪਰ ਛੰਨ ਕਿਸੇ ਦਿਸ ਨਾ ਆਇਆ, ਪੁਰਖ ਅਬਿਨਾਸ਼ੀ ਰਚਨ ਰਚਾਈਆ। ਸਤਵੇਂ ਸਤਿ ਸਤਿਵਾਦੀ ਘਰ ਘਰ ਆਪਣਾ ਡੇਰਾ ਲਾਇਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅੱਠਾਂ ਤੱਤਾਂ ਬੰਧਨ ਪਾਇਆ, ਮੇਲ ਮਿਲਾਵਾ ਸਹਿਜ ਸੁਭਾਈਆ। ਨੌਂ ਦਵਾਰੇ ਜਗਤ ਵਖਾਇਆ, ਨੌਂ ਦਰ ਖੇਲੇ ਸ੍ਰਿਸ਼ਟ ਸਬਾਈਆ। ਦਸਵਾਂ ਆਪਣੀ ਵੰਡ ਵੰਡਾਇਆ, ਘਰ ਘਰ ਵਿਚ ਰਿਹਾ ਛੁਪਾਈਆ। ਸਾਚੇ ਘਰ ਜੋਤ ਜਗਾਇਆ, ਨੂਰ ਨੁਰਾਨਾ ਨੂਰ ਰੁਸ਼ਨਾਈਆ । ਸਾਚੇ ਘਰ ਸੇਜ ਵਛਾਇਆ, ਆਤਮ ਸੇਜਾ ਇਕ ਵਖਾਈਆ। ਸਾਚੇ ਘਰ ਮੇਲ ਮਿਲਾਇਆ, ਸੁਰਤੀ ਸ਼ਬਦ ਏਕਾ ਰੰਗ ਰੰਗਾਈਆ। ਸਾਚੇ ਘਰ ਤੇਲ ਚੜ੍ਹਾਇਆ, ਏਕਾ ਸਗਨ ਮਨਾਈਆ। ਸਾਚੇ ਘਰ ਖੋਜਤ ਖੋਜਤ ਹਰਿ ਪ੍ਰਭ ਪਾਇਆ, ਬ੍ਰਹਮ ਪਾਰਬ੍ਰਹਮ ਹੋਏ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਏ ਸਾਚਾ ਹਰਿ, ਗ੍ਰਹਿ ਮੰਦਰ ਆਪ ਸੁਹਾਇਆ। ਗ੍ਰਹਿ ਮੰਦਰ ਹਰਿ ਸੁਹਾਇੰਦਾ, ਘਰ ਘਰ ਵਿਚ ਕਰ ਪਰਕਾਸ਼। ਸਤਿ ਸਰੂਪੀ ਆਸਣ ਲਾਇੰਦਾ, ਆਦਿ ਜੁਗਾਦੀ ਨਾ ਜਾਏ ਵਿਨਾਸ। ਜੁਗ ਜੁਗ ਆਪਣਾ ਰੂਪ ਧਰਾਇੰਦਾ, ਨਿਰਗੁਣ ਸਰਗੁਣ ਪਰਗਟ ਹੋ ਸ਼ਾਹੋ ਸ਼ਾਬਾਸ। ਸਾਚਾ ਡੰਕਾ ਨਾਮ ਵਜਾਇੰਦਾ, ਲੇਖਾ ਜਾਣੇ ਸਰਬ ਗੁਣਤਾਸ। ਲੱਖ ਚੁਰਾਸੀ ਵੇਖ ਵਖਾਇੰਦਾ, ਜਨ ਭਗਤਾਂ ਪੂਰੀ ਕਰੇ ਆਸ। ਸਾਚੇ ਸੰਤਨ ਮੇਲ ਮਿਲਾਇੰਦਾ, ਸੇਵਾ ਕਰੇ ਬਣ ਬਣ ਦਾਸੀ ਦਾਸ। ਗੁਰਮੁਖ ਸਾਚੇ ਰੰਗ ਰੰਗਾਇੰਦਾ, ਲੇਖਾ ਜਾਣੇ ਪਵਣ ਸਵਾਸ। ਗੁਰਮੁਖ ਏਕਾ ਦਰ ਬਹਾਇੰਦਾ, ਸਦਾ ਸਹੇਲਾ ਵਸੇ ਪਾਸ। ਘਰ ਮੰਦਰ ਮੇਲ ਮਿਲਾਇੰਦਾ, ਹਰਿਜਨ ਰਹੇ ਨਾ ਕੋਈ ਨਿਰਾਸ। ਬੱਤੀ ਦੰਦਨ ਜੋ ਜਨ ਗਾਇੰਦਾ, ਪਾਵੇ ਸਾਰ ਅਪ ਤੇਜ ਵਾਏ ਪ੍ਰਿਥਮੀ ਆਕਾਸ਼। ਪਰਮਾਨੰਦਨ ਇਕ ਵਖਾਇੰਦਾ, ਗ੍ਰਹਿ ਮੰਦਰ ਸਾਚੀ ਰਾਸ। ਲੱਖ ਚੁਰਾਸੀ ਬੰਧਨ ਤੋੜ ਤੁੜਾਇੰਦਾ, ਨਾਤਾ ਤੋੜੇ ਮਾਤ ਗਰਭ ਵਾਸ। ਘਰ ਮੰਦਰ ਆਪ ਸੁਹਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਖੇਲਣਹਾਰਾ ਖੇਲ ਤਮਾਸ਼। ਗ੍ਰਹਿ ਮੰਦਰ ਹਰਿ ਖੇਲ ਤਮਾਸ਼ਾ, ਕਾਇਆ ਮੰਡਲ ਰਾਸ ਰਚਾਈਆ। ਪਰਗਟ ਹੋਏ ਪੁਰਖ ਅਬਿਨਾਸ਼ਾ, ਹਰਿਜਨ ਸਾਚੇ ਲਏ ਜਗਾਈਆ। ਚਰਨ ਕਵਲ ਕਵਲ ਚਰਨ ਉਪਰ ਧਵਲ ਦਏ ਭਰਵਾਸਾ, ਧਰਨੀ ਧਰਤ ਧਵਲ ਨਾਲ ਰਲਾਈਆ। ਨਿਝ ਘਰ ਨਿਝ ਆਤਮ ਨਿਝ ਗ੍ਰਹਿ ਕਰ ਕਰ ਵਾਸਾ, ਨਿਝ ਆਤਮ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਕਾਇਆ ਮਾਟੀ ਪੰਜ ਤਤ ਕਾਸਾ, ਬੰਕ ਦਵਾਰੀ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਘਰ ਏਕਾ ਦਰ, ਏਕਾ ਹਰਿ ਦਏ ਵਖਾਈਆ। ਏਕਾ ਦਰ ਸਾਚੇ ਮੰਦਰ, ਹਰਿ ਹਰਿ ਆਪ ਵਖਾਇੰਦਾ। ਲੇਖਾ ਜਾਣੇ ਡੂੰਘੀ ਕੰਦਰ, ਕਵਰੀ ਭਵਰੀ ਫੋਲ ਫੁਲਾਇੰਦਾ। ਆਪੇ ਤੋੜਨਹਾਰਾ ਜੰਦਰ, ਦੂਈ ਦਵੈਤੀ ਕੁੰਡਾ ਲਾਹਿੰਦਾ। ਆਪ ਜਣਾਏ ਆਪਣਾ ਨਾਉਂ ਮੰਤਰ, ਬਿਧ ਅੰਤਰ ਵੇਖ ਵਖਾਇੰਦਾ। ਜਗਤ ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਗੁਰਮੁਖ ਵਿਰਲੇ ਬਣਾਏ ਬਣਤਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਗ੍ਰਹਿ ਏਕਾ ਘਰ, ਏਕਾ ਵਸੇ ਸਾਚਾ ਹਰਿ, ਦੂਸਰ ਰੂਪ ਨਾ ਕੋਈ ਧਰਾਇੰਦਾ। ਘਰ ਵਸਿਆ ਹਰਿ ਨਿਰੰਕਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਘਰ ਸ਼ਬਦ ਨਾਦ ਧੁਨਕਾਰਾ, ਘਰ ਵੱਜਦੀ ਰਹੇ ਵਧਾਈਆ। ਘਰ ਮੇਲ ਮਿਲਾਵਾ ਪੀਆ ਪ੍ਰੀਤਮ ਪੁਰਖ ਪੁਰਖੋਤਮ ਏਕਾ ਵਾਰਾ, ਵਿਛੜ ਕਦੇ ਨਾ ਜਾਈਆ। ਘਰ ਰੰਗ ਰਲੀਆ ਮਾਣੇ ਨਾਲ ਭਤਾਰਾ, ਘਰ ਸਾਂਤਕ ਸਤਿ ਸਤਿ ਸਮਾਈਆ। ਘਰ ਸਾਚੀ ਕਲੀਆਂ ਖਿੜੇ ਗੁਲਜ਼ਾਰਾ, ਘਰ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚੀ ਕਾਰ, ਆਦਿ ਜੁਗਾਦੀ ਕਰਨੇਹਾਰ, ਕਰਨ ਕਰਾਵਨਹਾਰ ਇਕ ਅਖਵਾਈਆ । ਜੁਗ ਜੁਗ ਕਾਰ ਕਮਾਇੰਦਾ, ਇਕ ਇਕੱਲਾ ਬੇਪਰਵਾਹ। ਸਤਿਜੁਗ ਤ੍ਰੇਤਾ ਦੁਆਪਰ ਰਥ ਚਲਾਇੰਦਾ, ਅਗੰਮ ਅਗੰਮੜਾ ਬਣ ਮਲਾਹ। ਜਗਤ ਨਈਆ ਵੇਖ ਵਖਾਇੰਦਾ, ਸਤਿਜੁਗ ਸਾਗਰ ਫੋਲ ਫੁਲਾ। ਡੂੰਘੀ ਭਵਰੀ ਡੇਰਾ ਲਾਇੰਦਾ, ਰੂਪ ਅਨੂਪ ਆਪ ਪਰਗਟਾ। ਗੁਰ ਪੀਰ ਅਵਤਾਰ ਆਪਣਾ ਨਾਉਂ ਧਰਾ ਜਗਤ ਮਾਰਗ ਵੇਖ ਵਖਾਇੰਦਾ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਂ। ਏਕਾ ਅੱਖਰ ਜਾਪ ਜਪਾਇੰਦਾ, ਅੱਖਰ ਘਾੜਨ ਲਏ ਘੜਾ। ਘੜਣਹਾਰਾ ਦਿਸ ਨਾ ਆਇੰਦਾ, ਘਟ ਘਟ ਬੈਠਾ ਮੁਖ ਛੁਪਾ। ਆਪਣਾ ਮੰਦਰ ਆਪਣਾ ਘਰ ਆਪ ਸੁਹਾਇੰਦਾ, ਆਪਣੀ ਸੇਜਾ ਸੁਤਾ ਪੈਰ ਪਸਾਰ ਏਕੰਕਾਰਾ ਸ਼ਹਿਨਸ਼ਾਹ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਸਾਚੀ ਕਾਰ, ਕਰੇ ਕਰਾਏ ਕਰਨੇਹਾਰ, ਆਪਣੀ ਖੇਲ ਆਪ ਖਲਾਇੰਦਾ। ਤ੍ਰੈਗੁਣ ਅਤੀਤਾ ਤ੍ਰੈਗੁਣ ਭਿੰਨ, ਤ੍ਰੈ ਤ੍ਰੈ ਰੇਖਾ ਆਪ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ ਏਕਾ ਦੂਜਾ ਗਿਣ ਗਿਣ ਥਿਰ ਕੋਈ ਰਹਿਣ ਨਾ ਪਾਈਆ। ਨਿਤ ਨਵਿਤ ਲਏ ਅਵਤਾਰ ਕਰੇ ਖੇਲ ਭਿੰਨ ਭਿੰਨ, ਭੇਵ ਅਭੇਦਾ ਭੇਵ ਨਾ ਰਾਈਆ। ਆਪਣਾ ਰੂਪ ਰੰਗ ਨਾ ਦਿਸਾਏ ਕਿਸੇ ਚਿਨ, ਲੇਖਾ ਲੇਖੇ ਕੋਈ ਨਾ ਪਾਈਆ। ਹਰਿ ਕਾ ਰੂਪ ਲੰਮਾ ਚੌੜਾ ਕੋਈ ਨਾ ਸਕੇ ਮਿਣ, ਬੇਅੰਤ ਕਹਿ ਕਹਿ ਥੱਕੀ ਸਰਬ ਲੋਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸੁਹਾਏ ਸਾਚਾ ਘਰ, ਗ੍ਰਹਿ ਮੰਦਰ ਦਏ ਵਡਿਆਈਆ। ਗ੍ਰਹਿ ਮੰਦਰ ਹਰਿ ਸੁਹੰਜਣਾ, ਨਿਰਗੁਣ ਨੂਰ ਜੋਤ ਪਰਕਾਸ਼। ਪੁਰਖ ਅਬਿਨਾਸ਼ੀ ਵਸੇ ਏਕਾ ਸੱਜਣਾ, ਵਡ ਦਾਤਾ ਸ਼ਾਹੋ ਸ਼ਾਬਾਸ। ਜੁਗ ਜੁਗ ਆਪੇ ਜਾਣੇ ਆਪਣੀ ਰਚਨਾ, ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਪਰਭਾਸ। ਜੁਗਾ ਜੁਗੰਤਰ ਆਪਣਾ ਨਾਉਂ ਧਰਾਏ ਸਾਚੋ ਸੱਚਣਾ ਸਚ ਸੁੱਚ ਕਰੇ ਪਰਕਾਸ਼। ਆਪੇ ਗ੍ਰਹਿ ਗ੍ਰਹਿ ਘਰ ਘਰ ਨਿਰਗੁਣ ਸਰਗੁਣ ਹੋ ਹੋ ਨੱਚਣਾ, ਘਟ ਭੀਤਰ ਪਾਵੇ ਰਾਸ। ਆਪੇ ਪੰਜ ਤਤ ਕਾਇਆ ਮਾਟੀ ਹੋਏ ਕਚਨਾ, ਆਪੇ ਉਪਜੇ ਆਪੇ ਜਾਏ ਵਿਨਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਧਾਰ ਹਰਿ ਨਿਰੰਕਾਰ, ਗ੍ਰਹਿ ਮੰਦਰ ਆਪ  ਚਲਾਸ। ਸਾਚੀ ਧਾਰਾ ਹਰਿ ਨਿਰੰਕਾਰਾ, ਘਰ ਸਾਚੇ ਆਪ ਚਲਾਈਆ। ਆਦਿ ਜੁਗਾਦੀ ਇਕ ਅਵਤਾਰਾ, ਰੂਪ ਅਨੂਪ ਇਕ ਪਰਗਟਾਈਆ। ਲੇਖਾ ਜਾਣੇ ਧੁਰ ਦਰਬਾਰਾ, ਲੋਕਮਾਤ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਸਹਾਰਾ, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਚਰਨ ਕਵਲ ਬਖ਼ਸ਼ੇ ਸਚ ਸਰਨਾਈਆ। ਦਾਤਾ ਜੋਧਾ ਸੂਰਬੀਰ ਵਡ ਮਰਗਿੰਦ, ਜੁਗਾ ਜੁਗੰਤਰ ਖੇਲ ਖਿਲਾਈਆ। ਹਰਿ ਭਗਤ ਉਪਜਾਏ ਆਪਣੀ ਬਿੰਦ, ਨਾਦੀ ਸੁਤ ਨਾਉਂ ਧਰਾਈਆ। ਗ੍ਰਹਿ ਮੰਦਰ ਮੇਟੇ ਸਗਲੀ ਚਿੰਦ, ਚਿੰਤਾ ਚਿਖਾ ਰਹੇ ਨਾ ਰਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਭਵ ਸਾਗਰ ਪਾਰ ਕਰਾਈਆ। ਹਰਿ ਦਾਤਾ ਗਹਿਰ ਗੰਭੀਰ ਗੁਣੀ ਗਹਿੰਦ, ਗੁਣ ਅਵਗੁਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਹਰਿ ਕਰਨੇਯੋਗ, ਜਨ ਭਗਤਾਂ ਦੇਵੇ ਦਰਸ ਅਮੋਘ, ਦੂਸਰ ਦਿਸ ਕਿਸੇ ਨਾ ਆਈਆ। ਤ੍ਰੈ ਤ੍ਰੈ ਲੇਖਾ ਜਾਨਣਹਾਰਾ, ਏਕਾ ਰੰਗ ਸਮਾਇਆ। ਤ੍ਰੈ ਤ੍ਰੈ ਵੇਸ ਵਟਾਵਣਹਾਰਾ, ਏਕਾ ਜਨਨੀ ਏਕਾ ਪਿਤ ਮਾਇਆ। ਤ੍ਰੈ ਤ੍ਰੈ ਗੋਦ ਉਠਾਵਣਹਾਰਾ, ਏਕਾ ਦਾਈ ਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਖ਼ਤ ਨਿਵਾਸੀ ਸਾਚੇ ਤਖ਼ਤ ਡੇਰਾ ਲਾਇਆ। ਸਾਚੇ ਤਖ਼ਤ ਸੁਹਾਇੰਦਾ, ਹਰਿ ਸੂਰਬੀਰ ਬਲਵਾਨ। ਨਿਰਗੁਣ ਸਰਗੁਣ ਰੂਪ ਪਰਗਟਾਇੰਦਾ, ਲੇਖਾ ਜਾਣੇ ਦੋ ਜਹਾਨ। ਗੁਰ ਅਵਤਾਰ ਆਪਣੀ ਸੇਵਾ ਲਾਇੰਦਾ, ਜੁਗ ਜੁਗ ਦੇਵੇ ਧੁਰ ਫ਼ਰਮਾਣ। ਕਾਇਆ ਪੰਜ ਤਤ ਮੇਲ ਮਿਲਾਇੰਦਾ, ਤ੍ਰੈਗੁਣ ਤਤ ਕਰ ਪਰਵਾਨ। ਬ੍ਰਹਮ ਪਾਰਬ੍ਰਹਮ ਵਖਾਇੰਦਾ, ਘਰ ਮੰਦਰ ਖੋਲ੍ਹ ਦੁਕਾਨ। ਸਾਚਾ ਹੱਟ ਇਕ ਜਣਾਇੰਦਾ, ਬਣ ਵਣਜਾਰਾ ਸ੍ਰੀ ਭਗਵਾਨ। ਏਕਾ ਵਸਤ ਝੋਲੀ ਪਾਇੰਦਾ, ਦਾਤਾ ਦਾਨੀ ਹੋ ਮਿਹਰਵਾਨ। ਨਾਮ ਸ਼ਬਦ ਇਕ ਉਪਜਾਇੰਦਾ, ਦੇਵਣਹਾਰਾ ਸਰਬ ਗਿਆਨ। ਲੋਕਮਾਤ ਆਪ ਧਰਾਇੰਦਾ, ਆਪੇ ਹੋਏ ਨਿਗਹਬਾਨ। ਉਚੀ ਕੂਕ ਆਪ ਸੁਣਾਇੰਦਾ, ਗਾਵਣਹਾਰਾ ਗਾਏ ਸਾਚੇ ਗਾਨ। ਗੁਰ ਗੁਰ ਕਾਇਆ ਮੰਦਰ ਆਪ ਵਸਾਇੰਦਾ, ਲੇਖਾ ਜਾਣੇ ਸਚ ਮਕਾਨ। ਦਰ ਦਰਵਾਜ਼ਾ ਆਪ ਆਪਣੇ ਹੱਥ ਜਣਾਇੰਦਾ, ਖੋਲ੍ਹ ਸਕੇ ਨਾ ਜੀਵ ਨਾਦਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸ੍ਰੀ ਭਗਵਾਨ। ਸ੍ਰੀ ਭਗਵਾਨ ਖੇਲ ਖਿਲਾਇੰਦਾ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਵੇਖ ਵਖਾਇੰਦਾ, ਲੋਕਮਾਤ ਲੈ ਅਵਤਾਰ। ਜੋਤੀ ਜਾਮਾ ਵੇਸ ਵਟਾਇੰਦਾ, ਪੰਜ ਤਤ ਨਾ ਕੋਇ ਸ਼ੰਗਾਰ। ਤਨ ਕਪੜ ਨਾ ਕੋਇ ਰਖਾਇੰਦਾ, ਬਸਤਰ ਭੂਸ਼ਨ ਨਾ ਕੋਇ ਆਧਾਰ। ਅੰਨ ਪਾਣੀ ਨਾ ਮੁਖ ਲਗਾਇੰਦਾ, ਨਾ ਕੋਈ ਖਾਏ ਅਵਰ ਆਹਾਰ। ਮੰਦਰ ਮਸਜਿਦ ਗੁਰਦਵਾਰਾ ਬੰਕ ਨਾ ਕੋਇ ਰਖਾਇੰਦਾ, ਤੀਰਥ ਤਟ ਨਾ ਰਿਹਾ ਪਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਹਰਿ ਖੇਲ ਖਿਲਾਇਆ, ਕਲਜੁਗ ਭੇਵ ਕੋਇ ਨਾ ਪਾਇੰਦਾ। ਏਕਾ ਜੋਤੀ ਦਸ ਦਸ ਰੂਪ ਵਟਾਇਆ, ਗੁਰ ਗੁਰ ਆਪਣਾ ਰੰਗ ਰੰਗਾਇੰਦਾ। ਸਾਚੀ ਸੋਟੀ ਸ਼ਬਦ ਫੜਾਇਆ, ਨਾਮ ਖੰਡਾ ਇਕ ਚਮਕਾਇੰਦਾ। ਕੋਟਨ ਕੋਟੀ ਜੀਵ ਲਏ ਤਰਾਇਆ, ਕੋਟਨ ਕੋਟੀ ਪਾਰ ਕਰਾਇੰਦਾ। ਵਾਸਨਾ ਖੋਟੀ ਦਏ ਕਢਾਇਆ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਨਿਰਮਲ ਜੋਤੀ ਦਏ ਜਗਾਇਆ, ਅੰਧ ਅੰਧੇਰ ਮਿਟਾਇੰਦਾ। ਵਰਨ ਗੋਤੀ ਜ਼ਾਤ ਪਾਤ ਰਹੇ ਨਾ ਰਾਇਆ, ਆਤਮ ਬ੍ਰਹਮ ਸਰਬ ਦਰਸਾਇੰਦਾ। ਵਰਨ ਬਰਨ ਬੰਧਨ ਨਾ ਕੋਇ ਰਖਾਇਆ, ਚਾਰ ਵਰਨ ਅਠਾਰਾਂ ਬਰਨ ਮੁਖ ਸ਼ਰਮਾਇੰਦਾ। ਏਕਾ ਰੰਗ ਗੁਰਮੁਖਾਂ ਕਾਇਆ ਚੋਲੀ ਆਪ ਰੰਗਾਇਆ, ਉਤਰ ਕਦੇ ਨਾ ਜਾਇੰਦਾ। ਸਾਚਾ ਢੋਲਾ ਸੋਹੰ ਸੋ ਇਕ ਸੁਣਾਇਆ, ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਹਰਿ ਜੂ ਹਰਿ ਹਰਿ ਤੋਲਾ ਬਣ ਕੇ ਆਇਆ, ਸਾਚਾ ਕੰਡਾ ਨਾਮ ਹੱਥ ਉਠਾਇੰਦਾ। ਗੋਲਾ ਬਣ ਬਣ ਸੇਵ ਕਮਾਇਆ, ਜਨ ਭਗਤ ਦਵਾਰੇ ਫੇਰੀ ਪਾਇੰਦਾ। ਧਰਤ ਮਾਤ ਤੇਰਾ ਹੌਲਾ ਭਾਰ ਦਏ ਕਰਾਇਆ, ਮਨਮੁਖ ਜੀਵ ਸਰਬ ਮਿਟਾਇੰਦਾ। ਆਪਣਾ ਚੋਲਾ ਲਏ ਬਦਲਾਇਆ, ਜੋਤੀ ਜਾਤਾ ਖੇਲ ਖਿਲਾਇੰਦਾ। ਓਹਲਾ ਪਰਦਾ ਦਏ ਚੁਕਾਇਆ, ਮੁਖ ਨਕਾਬ ਨਾ ਕੋਈ ਰਖਾਇੰਦਾ। ਕਲਾ ਸੋਲਾਂ ਨਾ ਕੋਈ ਰਖਾਇਆ, ਅਨਕ ਕਲਧਾਰੀ ਆਪਣਾ ਨਾਉਂ ਰਖਾਇੰਦਾ। ਮੌਲਾ ਰੂਪ ਬਣਕੇ ਆਇਆ, ਬਿਸਮਲ ਆਪਣੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਦਰ ਏਕਾ ਗ੍ਰਹਿ, ਏਕਾ ਘਰ ਹਰਿ ਜੂ ਰਹੇ ਦਿਸ ਕਿਸੇ ਨਾ ਆਇੰਦਾ। ਸਾਚਾ ਘਰ ਕਰ ਤਿਆਰ, ਹਰਿ ਮੰਦਰ ਦਏ ਵਡਿਆਈਆ। ਜਗਮਗ ਜੋਤ ਜਗੇ ਅਪਾਰ, ਆਠੇ ਪਹਿਰ ਰੁਸ਼ਨਾਈਆ। ਦੀਵਾ ਬਾਤੀ ਨਾ ਕੋਈ ਅਧਾਰ, ਤੇਲ ਵੱਟੀ ਨਾ ਕੋਈ ਟਿਕਾਈਆ। ਕਿਸੇ ਕੋਲੋਂ ਮੰਗਣ ਨਾ ਜਾਏ ਕੋਈ ਉਧਾਰ, ਵਣਜ ਵਣਜਾਰਾ ਆਪਣਾ ਆਪੇ ਹੋ ਜਾਈਆ। ਕਿਸੇ ਘਰ ਸੁਣਨ ਜਾਏ ਨਾ ਕੋਈ ਧੁਨਕਾਰ, ਆਪਣਾ ਸ਼ਬਦ ਨਾਦ ਆਪ ਵਜਾਇਆ। ਕਿਸੇ ਦਰ ਕਰਨ ਨਾ ਜਾਏ ਨਿਮਸਕਾਰ, ਸੀਸ ਜਗਦੀਸ ਨਾ ਕਿਸੇ ਝੁਕਾਈਆ। ਬਿਨ ਭਗਤ ਨਾ ਹੋਏ ਜਗਤ ਭਿਖਾਰ, ਭਗਤ ਦਵਾਰਾ ਏਕਾ ਮੰਗਣ ਆਈਆ। ਕਲਜੁਗ ਅੰਤਮ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਵੱਜੇ ਸੰਸਾਰ, ਚਾਰ ਕੁੰਟ ਦਹਿ ਦਿਸ਼ਾ ਰਿਹਾ ਸੁਣਾਈਆ। ਗੜ੍ਹ ਤੋੜੇ ਹਉਮੇ ਹੰਗਤਾ, ਕੂੜੀ ਕਿਰਿਆ ਦਏ ਮਿਟਾਈਆ। ਲੇਖਾ ਜਾਣੇ ਗ਼ਰੀਬ ਨਿਮਾਣੇ ਬ੍ਰਹਮ ਚੋਲੀ ਆਪੇ ਰੰਗਦਾ, ਰੰਗਣਹਾਰਾ ਏਕਾ ਏਕ ਸੱਚਾ ਸ਼ਹਿਨਸ਼ਾਹੀਆ। ਦੁਖੀਆਂ ਦੀਨਾਂ ਅਨਾਥਾ ਦਰ ਦਰ ਆਪੇ ਵੰਡਦਾ, ਦਰਦ ਦੁੱਖ ਭੈ ਭੰਜਨ ਸਾਚਾ ਮਾਹੀਆ। ਨਿਰਧਨ ਪਰਦੇ ਆਪੇ ਕੱਜਦਾ, ਨਾਮ ਦੋਸ਼ਾਲਾ ਉਪਰ ਪਾਈਆ। ਗੁਰਮੁਖਾਂ ਗ੍ਰਹਿ ਆਪੇ ਵਸਦਾ, ਭਰਮੇ ਭੁੱਲੀ ਸਰਬ ਲੋਕਾਈਆ। ਜਿਸ ਜਨ ਆਪਣਾ ਮਾਰਗ ਆਪੇ ਦੱਸਦਾ, ਜਗਤ ਨਾਤਾ ਦਏ ਤੁੜਾਈਆ। ਹਰਿਜੂ ਸਦਾ ਸਦਾ ਭੁੱਖਾ ਰਹੇ ਭਗਤ ਜਸਦਾ, ਜਸ ਭਗਤਾਂ ਆਪੇ ਗਾਈਆ। ਮਨਮੁਖਾਂ ਕੋਲੋਂ ਆਦਿ ਜੁਗਾਦਿ ਜੁਗਾ ਜੁਗੰਤਰ ਨੱਸਦਾ, ਪੱਲੂ ਦੇਵੇ ਨਾ ਕਿਸੇ ਫੜਾਈਆ। ਤੀਰ ਨਿਰਾਲਾ ਏਕਾ ਕਸਦਾ, ਸਤਿ ਕਮਾਨ ਇਕ ਉਠਾਈਆ। ਤ੍ਰੈਗੁਣ ਮਾਇਆ ਆਪੇ ਡੱਸਦਾ, ਨਰ ਹਰਿ ਪਿਆਲਾ ਇਕ ਪਿਆਈਆ। ਕਰੇ ਖੇਲ ਸਰਬ ਗੁਣਤਾਸ ਦਾ, ਗੁਣਵੰਤਾ ਗੁਣ ਕਹਿਣ ਨਾ ਜਾਈਆ। ਲੇਖਾ ਚਕੌਣਾ ਮਦਿਰਾ ਮਾਸ ਦਾ, ਮਾਇਆ ਮਮਤਾ ਦਏ ਖਪਾਈਆ। ਲੇਖਾ ਮੁਕੌਣਾ ਹਾਸ ਬਿਲਾਸ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਕਲਜੁਗ ਵੇਲਾ ਅੰਤਮ ਨਾਸ ਦਾ, ਲੱਖ ਚੁਰਾਸੀ ਸਕੇ ਨਾ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖਨ ਲਏ ਮਿਲਾਈਆ। ਗੁਰਮੁਖ ਸੱਜਨ ਮੀਤ ਮੁਰਾਰਾ, ਗੁਰ ਸਤਿਗੁਰ ਆਪ ਅਲਾਇੰਦਾ। ਲੇਖਾ ਜਾਣੇ ਅੰਦਰ ਬਾਹਰਾ, ਗੁਪਤ ਜ਼ਾਹਰਾ ਭੇਵ ਨਾ ਆਇੰਦਾ। ਪੂਰਬ ਜਨਮ ਕਰੇ ਵਿਚਾਰਾ, ਨੇਹਕਰਮੀ ਕਰਮ ਕਮਾਇੰਦਾ। ਦੇਵਣਹਾਰਾ ਸਤਿ ਭੰਡਾਰਾ, ਵਸਤ ਅਮੋਲਕ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਘਰ ਵਿਚ ਆਪ ਸੁਹਾਇੰਦਾ। ਘਰ ਵਿਚ ਘਰ ਕਰ ਤਿਆਰ, ਗੁਰਮੁਖਾਂ ਬੂਝ ਬੁਝਾਇੰਦਾ। ਘਰ ਵਿਚ ਘਰ ਅੰਮ੍ਰਿਤ ਬਖਸ਼ੇ ਠੰਡੀ ਠਾਰ, ਨਿਝਰ ਝਿਰਨਾ ਜਾਮ ਪਿਆਇੰਦਾ। ਘਰ ਵਿਚ ਘਰ ਜੋਤ ਕਰ ਉਜਿਆਰ, ਅਗਿਆਨ ਅੰਧੇਰ ਗਵਾਇੰਦਾ। ਘਰ ਵਿਚ ਘਰ ਸ਼ਬਦ ਧੁਨਕਾਰ, ਸਚ ਮਰਦੰਗ ਆਪ ਵਜਾਇੰਦਾ। ਘਰ ਵਿਚ ਘਰ ਸੇਜਾ ਅਪਰ ਅਪਾਰ, ਅਗੰਮ ਅਗੰਮੜਾ ਆਪ ਸੁਹਾਇੰਦਾ। ਘਰ ਵਿਚ ਘਰ ਮੇਲਾ ਨਾਰੀ ਕੰਤ ਭਤਾਰ, ਘਰ ਸੁਰਤੀ ਸ਼ਬਦ ਮਿਲਾਇੰਦਾ। ਘਰ ਵਿਚ ਘਰ ਸਖ਼ੀਆਂ ਮੰਗਲਚਾਰ, ਗੀਤ ਗੋਬਿੰਦ ਆਪ ਅਲਾਇੰਦਾ। ਘਰ ਵਿਚ ਘਰ ਵੇਖੇ ਵੇਖਣਹਾਰ, ਗੁਰਮੁਖ ਵਿਰਲੇ ਆਪ ਵਖਾਇੰਦਾ। ਨੇਤਰ ਲੋਚਣ ਨੈਣ ਪੇਖੇ ਸਿਰਜਣਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਵਖਾਏ ਏਕਾ ਘਰ, ਦੂਈ ਦਵੈਤੀ ਡੇਰਾ ਢਾਹਿੰਦਾ। ਗੁਰਮੁਖ ਹਰਿ ਘਰ ਵੇਖਿਆ, ਘਰ ਆਤਮ ਕਰ ਗਿਆਨ। ਜਗਤ ਨਾਤਾ ਤੁਟਾ ਭਰਮ ਭੁਲੇਖਿਆ, ਮੋਹ ਚੁੱਕਿਆ ਪੰਜ ਸ਼ੈਤਾਨ। ਗੁਰ ਮਿਲਿਆ ਨਰ ਨਰੇਸ਼ਿਆ, ਬਲ ਦੇਵੇ ਸੂਰਬੀਰ ਬਲਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਪਛਾਣ। ਗੁਰਮੁਖ ਆਪ ਪਛਾਣਿਆ, ਕਰ ਕਿਰਪਾ ਗੁਣ ਨਿਧਾਨ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਪੁਣ ਛਾਣਿਆ, ਛਾਛ ਵਰੋਲੇ ਸ੍ਰੀ ਭਗਵਾਨ। ਰਸਨਾ ਜਿਹਵਾ ਚਾਰ ਕੁੰਟ ਗਾਏ ਸਾਚਾ ਗਾਣਿਆ, ਕਿਸੇ ਹੱਥ ਨਾ ਆਏ ਬ੍ਰਹਮ ਗਿਆਨ। ਸਤਿਗੁਰ ਚਲੇ ਨਾ ਕੋਈ ਭਾਣਿਆ, ਮਨ ਮਤ ਹੋਈ ਫਿਰੇ ਪਰਧਾਨ। ਹਰਿ ਨਜ਼ਰ ਨਾ ਆਏ ਵਡ ਵਿਦਵਾਨਿਆ, ਪੜ੍ਹ ਪੜ੍ਹ ਥੱਕੇ ਹੋਏ ਹੈਰਾਨ। ਗੁਰਮੁਖ ਵਿਰਲਾ ਚਤਰ ਸੁਜਾਨਿਆ, ਜਿਸ ਸਤਿਗੁਰ ਪੂਰਾ ਦਰਸਨ ਦੇਵੇ ਆਣ। ਆਪਣੀ ਸੁਣਾਏ ਅਕਥ ਕਹਾਣੀਆ, ਕਥਨੀ ਕਥ ਨਾ ਸਕੇ ਕੋਈ ਵਖਿਆਨ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਹੱਟ ਵਿਕੇ ਨਾ ਕਿਸੇ ਜਹਾਨ। ਗ਼ਰੀਬ ਨਿਮਾਣੇ ਆਪ ਉਠਾਏ ਬਾਲ ਅੰਞਾਣਿਆ, ਸਾਹਿਬ ਸਤਿਗੁਰ ਹੋ ਮਿਹਰਵਾਨ। ਸਾਚੇ ਘਰ ਗ੍ਰਹਿ ਮੰਦਰ ਸਚਖੰਡ ਦਵਾਰੇ ਦੇਵੇ ਮਾਣਿਆ, ਚਰਨਾਂ ਹੇਠ ਦਬਾਏ ਜ਼ਿਮੀ ਅਸਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ।