੨੯ ਕਤਕ ੨੦੧੭ ਬਿਕ੍ਰਮੀ ਬੀਬੀ ਬਲਵੰਤ ਕੌਰ ਦੇ ਘਰ ਪਿੰਡ ਧਾਰੜ ਜ਼ਿਲਾ ਅੰਮ੍ਰਿਤਸਰ
ਸਤਿਗੁਰ ਸਾਹਿਬ ਜਾਣੀਏ, ਨਿਰਗੁਣ ਰੂਪ ਸ੍ਰੀ ਭਗਵੰਤ। ਸਤਿਗੁਰ ਸਾਹਿਬ ਜਾਣੀਏ, ਆਦਿ ਜੁਗਾਦੀ ਮਹਿਮਾ ਅਗਣਤ। ਸਤਿਗੁਰ ਸਾਹਿਬ ਜਾਣੀਏ, ਹਰਿ ਵੱਡਾ ਵਡ ਬੇਅੰਤ। ਸਤਿਗੁਰ ਸਾਹਿਬ ਜਾਣੀਏ ਦਰਗਹਿ ਸਾਚੀ ਧਾਮ ਸੁਹੰਤ। ਸਤਿਗੁਰ ਸਾਹਿਬ ਜਾਣੀਏ, ਲੇਖਾ ਜਾਣੇ ਆਦਿ ਅੰਤ। ਸਤਿਗੁਰ ਸਾਹਿਬ ਜਾਣੀਏ, ਆਪੇ ਜਾਣੇ ਆਪਣਾ ਨਾਉਂ, ਆਪੇ ਗਾਏ ਆਪਣਾ ਮੰਤ। ਸਤਿਗੁਰ ਸਾਹਿਬ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਬਣਾਏ ਸਾਚੀ ਬਣਤ। ਸਤਿਗੁਰ ਸਾਹਿਬ ਜਾਣੀਏ, ਸਰਬ ਕਲਾ ਭਰਪੂਰ। ਸਤਿਗੁਰ ਸਾਹਿਬ ਜਾਣੀਏ, ਆਦਿ ਜੁਗਾਦੀ ਜੋਤੀ ਨੂਰ। ਸਤਿਗੁਰ ਸਾਹਿਬ ਜਾਣੀਏ, ਵਸਣਹਾਰਾ ਨੇੜੇ ਦੂਰ। ਸਤਿਗੁਰ ਸਾਹਿਬ ਜਾਣੀਏ, ਸਦਾ ਸੁਹੇਲਾ ਹਾਜ਼ਰ ਹਜ਼ੂਰ। ਸਤਿਗੁਰ ਸਾਹਿਬ ਜਾਣੀਏ, ਆਸਾ ਮਨਸਾ ਪੂਰ। ਸਤਿਗੁਰ ਸਾਹਿਬ ਜਾਣੀਏ, ਨਾਤਾ ਤੋੜੇ ਕੂੜੋ ਕੂੜ। ਸਤਿਗੁਰ ਸਾਹਿਬ ਜਾਣੀਏ, ਏਕਾ ਦੇਵੇ ਮਸਤਕ ਧੂੜ। ਸਤਿਗੁਰ ਸਾਹਿਬ ਜਾਣੀਏ, ਚਤਰ ਸੁਘੜ ਬਣਾਏ ਮੂਰਖ ਮੂੜ੍ਹ। ਸਤਿਗੁਰ ਸਾਹਿਬ ਜਾਣੀਏ, ਗੜ੍ਹ ਤੋੜੇ ਹਉਮੇ ਹੰਗਤਾ ਗ਼ਰੂਰ। ਸਤਿਗੁਰ ਸਾਹਿਬ ਜਾਣੀਏ, ਅੰਮ੍ਰਿਤ ਆਤਮ ਬਖ਼ਸ਼ੇ ਸਤਿ ਸਰੂਰ। ਸਤਿਗੁਰ ਸਾਹਿਬ ਜਾਣੀਏ, ਸਰਬ ਕਲ ਹੋਏ ਭਰਪੂਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜ਼ਾਹਰ ਜ਼ਹੂਰ। ਸਤਿਗੁਰ ਸਾਹਿਬ ਜਾਣੀਏ, ਆਦਿ ਜੁਗਾਦਿ ਸਮਾਏ। ਸਤਿਗੁਰ ਸਾਹਿਬ ਜਾਣੀਏ, ਇਕ ਇਕੱਲਾ ਖੇਲ ਖਲਾਏ। ਸਤਿਗੁਰ ਸਾਹਿਬ ਜਾਣੀਏ, ਬ੍ਰਹਮਾ ਵਿਸ਼ਨ ਸ਼ਿਵ ਉਪਜਾਏ। ਸਤਿਗੁਰ ਸਾਹਿਬ ਜਾਣੀਏ, ਰਵ ਸਸ ਕਰੇ ਰੁਸ਼ਨਾਏ। ਸਤਿਗੁਰ ਸਾਹਿਬ ਜਾਣੀਏ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਚਨ ਰਚਾਏ। ਸਤਿਗੁਰ ਸਾਹਿਬ ਜਾਣੀਏ, ਤ੍ਰੈਗੁਣ ਮਾਇਆ ਸੰਗ ਨਿਭਾਏ। ਸਤਿਗੁਰ ਸਾਹਿਬ ਜਾਣੀਏ, ਪੰਜ ਤਤ ਘਾੜਨ ਲਏ ਘੜਾਏ। ਸਤਿਗੁਰ ਸਾਹਿਬ ਜਾਣੀਏ, ਲੱਖ ਚੁਰਾਸੀ ਵੰਡਣ ਵੰਡ ਵੰਡਾਏ। ਸਤਿਗੁਰ ਸਾਹਿਬ ਜਾਣੀਏ, ਜੇਰਜ ਅੰਡਜ ਉਤਭੁਜ ਸੇਤਜ ਰੰਗਣ ਰੰਗ ਰੰਗਾਏ। ਸਤਿਗੁਰ ਸਾਹਿਬ ਜਾਣੀਏ, ਗ੍ਰਹਿ ਗ੍ਰਹਿ ਘਰ ਘਰ ਵਜਾਏ ਮਰਦੰਗਨ, ਬ੍ਰਹਮ ਬ੍ਰਹਿਮਾਦਿ ਆਪ ਸੁਣਾਏ। ਸਤਿਗੁਰ ਸਾਹਿਬ ਜਾਣੀਏ, ਦੂਜੇ ਦਰ ਨਾ ਜਾਏ ਮੰਗਣ, ਸਰਬ ਭੰਡਾਰੀ ਆਪ ਅਖਵਾਏ। ਸਤਿਗੁਰ ਸਾਹਿਬ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਸਾਚਾ ਹਰਿ, ਕਰੇ ਖੇਲ ਬੇਪਰਵਾਹੇ। ਸਤਿਗੁਰ ਸਾਹਿਬ ਜਾਣੀਏ, ਹਰਿ ਸਤਿਗੁਰ ਸਾਜਣ ਮੀਤ। ਜੁਗ ਜੁਗ ਵੇਖ ਵਖਾਣੀਏ, ਇਕ ਇਕੱਲਾ ਬੈਠਾ ਰਹੇ ਅਤੀਤ। ਸਦਾ ਸੁਣਾਏ ਅਕਥ ਕਹਾਣੀਏ, ਸ਼ਬਦ ਅਨਾਦ ਅਗੰਮੀ ਗੀਤ। ਲੇਖਾ ਜਾਣੇ ਦੋ ਜਹਾਨੀਏ, ਲੱਖ ਚੁਰਾਸੀ ਬਣ ਬਣ ਮੀਤ। ਭਗਤਨ ਦੇਵੇ ਏਕਾ ਵਰਨੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤ। ਸਤਿਗੁਰ ਸਾਹਿਬ ਸਾਚੀ ਰੀਤ, ਸਤਿ ਪੁਰਖ ਨਿਰੰਜਣ ਆਪ ਚਲਾਇੰਦਾ। ਇਕ ਇਕੱਲਾ ਪਤਿਤ ਪੁਨੀਤ, ਪਤਿਤ ਪਾਪੀ ਆਪ ਤਰਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਇੰਦਾ। ਹਰਿਜਨ ਮੇਲੇ ਸਾਚੇ ਮੀਤ, ਮਿਤਰ ਪਿਆਰਾ ਆਪ ਅਖਵਾਇੰਦਾ। ਸਾਚਾ ਮੰਦਰ ਵਖਾਏ ਦੇਹੁਰਾ ਮਸੀਤ, ਕਾਇਆ ਬੰਕ ਆਪ ਖੁਲਾਇੰਦਾ। ਜੁਗ ਜੁਗ ਪਰਖਣਹਾਰਾ ਨੀਤ, ਨਿਰਗੁਣ ਆਪਣਾ ਖੇਲ ਆਪਣੇ ਹੱਥ ਰਖਾਇੰਦਾ। ਏਕਾ ਵਸੇ ਧਾਮ ਅਨਡੀਠ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਸਾਚਾ ਹਰਿ, ਸਾਹਿਬ ਸਤਿਗੁਰ ਆਪ ਹੋ ਜਾਇੰਦਾ। ਸਤਿਗੁਰ ਸਾਹਿਬ ਦੀਨ ਦਿਆਲਾ, ਦੀਨਨ ਰਛਿਆ ਆਪ ਕਰਾਈਆ। ਜੁਗਾਂ ਜੁਗੰਤਰ ਖੇਲ ਨਿਰਾਲਾ, ਖੇਲੇ ਖੇਲ ਸੱਚਾ ਸ਼ਹਿਨਸ਼ਾਹੀਆ। ਜੋਤੀ ਨੂਰ ਨੂਰ ਉਜਾਲਾ, ਨੂਰੋ ਨੂਰ ਡਗਮਗਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਥਿਰ ਘਰ ਬੈਠਾ ਸੇਜ ਹੰਢਾਈਆ। ਲੇਖਾ ਜਾਣੇ ਕਾਲ ਮਹਾਂਕਾਲਾ, ਮਹਾਂਕਾਲ ਬਲ ਆਪਣਾ ਆਪ ਵਖਾਈਆ। ਜੁਗਾ ਜੁਗੰਤਰ ਖੇਲ ਨਿਰਾਲਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਤੋੜਣਹਾਰਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਲੇਖਾ ਜਾਣੇ ਸ਼ਾਹ ਕੰਗਾਲਾ, ਨਿਰਧਨ ਸਰਧਨ ਵੇਖੇ ਥਾਉਂ ਥਾਈਆ। ਸ਼ਬਦ ਸਰੂਪੀ ਬਣ ਦਲਾਲਾ, ਨਵ ਖੰਡ ਪ੍ਰਿਥਮੀ ਲੋਆਂ ਪੁਰੀਆਂ ਫੇਰੀ ਪਾਈਆ। ਨਾਮ ਅਨਮੁਲੜੀ ਏਕਾ ਮਾਲਾ, ਮਨ ਕਾ ਮਣਕਾ ਆਪ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਵੱਡੀ ਵਡਿਆਈਆ। ਸਤਿਗੁਰ ਸਾਹਿਬ ਸੱਚਾ ਸ਼ਹਿਨਸ਼ਾਹ, ਏਕੰਕਾਰਾ ਇਕ ਅਖਵਾਇੰਦਾ। ਸਤਿ ਸਤਿਵਾਦੀ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਨਾਉਂ ਨਿਰੰਕਾਰਾ ਆਪ ਧਰਾ, ਨਰ ਨਰਾਇਣ ਸਚ ਜੈਕਾਰਾ ਆਪ ਸੁਣਾਇੰਦਾ। ਅਨਹਦ ਮਰਦੰਗਾ ਇਕ ਵਜਾ, ਅਨਾਹਦ ਸੇਵ ਕਮਾਇੰਦਾ। ਸੂਰਾ ਸਰਬੰਗਾ ਭੇਵ ਨਾ ਰਾ, ਅਨਰੰਗਾ ਰੂਪ ਆਪ ਵਟਾਇੰਦਾ। ਭੁੱਖਾ ਨੰਗਾ ਬੇਪਰਵਾਹ, ਨਾਮ ਭੰਡਾਰਾ ਇਕ ਵਰਤਾਇੰਦਾ। ਜੁਗਾਂ ਜੁਗੰਤਰ ਵੇਸ ਵਟਾ, ਲੋਕਮਾਤ ਰੂਪ ਧਰਾਇੰਦਾ। ਹਰਿਜਨ ਸਾਚੇ ਲਏ ਮਿਲਾ, ਆਪ ਆਪਣਾ ਮੇਲ ਮਿਲਾਇੰਦਾ। ਕਮਲਾਪਾਤੀ ਖੇਲ ਖਲਾ, ਅੰਧੇਰੀ ਰਾਤੀ ਮੇਟ ਮਿਟਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆ, ਗੁਰਮੁਖਾਂ ਤਿ਼੍ਰਸਨਾ ਭੁੱਖ ਆਪ ਗਵਾਇੰਦਾ। ਚਰਨ ਕਵਲ ਨਾਤਾ ਲਏ ਬੰਧਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਸਾਚੀ ਖਾਟੀ ਦਏ ਸੁਹਾ, ਆਤਮ ਸੇਜਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਰੂਪ ਧਰਾਇੰਦਾ। ਸਾਹਿਬ ਸਤਿਗੁਰ ਰੂਪ ਧਰ, ਨਿਰਗੁਣ ਸਰਗੁਣ ਰੂਪ ਵਟਾਈਆ। ਨਿਰਾਕਾਰ ਆਕਾਰ ਕਰ, ਕਰਤਾ ਪੁਰਖ ਵੇਖ ਵਖਾਈਆ। ਦਰ ਦਰਵਾਜ਼ਾ ਖੋਲ੍ਹੇ ਦਰ, ਦਰਗਹਿ ਸੱਚੀ ਵਡ ਵਡਿਆਈਆ। ਨਰ ਨਰੇਸ਼ ਏਕਾ ਨਰ, ਹਰਿ ਨਰਾਇਣ ਸੱਚਾ ਸ਼ਹਿਨਸ਼ਾਹੀਆ। ਆਪੇ ਵਸੇ ਆਪਣੇ ਘਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਆਪੇ ਤੋੜੇ ਆਪਣਾ ਗੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸਤਿਗੁਰ ਵਸਣਹਾਰਾ ਏਕਾ ਥਾਈਆ। ਏਕਾ ਥਾਨ ਹਰਿ ਥਨੰਤਰ, ਦਰ ਘਰ ਸਾਚਾ ਆਪ ਸੁਹਾਇੰਦਾ। ਏਕਾ ਗ੍ਰਹਿ ਏਕਾ ਗੁਰ ਏਕਾ ਮੰਤਰ, ਏਕਾ ਨਾਮ ਦ੍ਰਿੜਾਇੰਦਾ। ਏਕਾ ਸਰਬ ਜੀਆਂ ਬਿਧ ਜਾਣੇ ਅੰਤਰ, ਅੰਤਰਜਾਮੀ ਆਪ ਅਖਵਾਇੰਦਾ। ਏਕਾ ਬੁਝਾਏ ਲੱਗੀ ਬਸੰਤਰ, ਤ੍ਰੈਗੁਣ ਅਗਨੀ ਤਤ ਮਿਟਾਇੰਦਾ। ਏਕਾ ਰੂਪ ਪਰਗਟਾਏ ਜੁਗਾ ਜੁਗੰਤਰ, ਗੁਰ ਪੀਰ ਅਵਤਾਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਬੇਐਬ ਆਪਣਾ ਨਾਉਂ ਧਰਾਇੰਦਾ। ਬੇਐਬ ਸਤਿਗੁਰ ਪਰਵਰਦਿਗਾਰ, ਨੂਰੋ ਨੂਰ ਡਗਮਗਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਖ਼ਾਲਕ ਖ਼ਲਕ ਰੂਪ ਦਰਸਾਈਆ। ਮੁਕਾਮੇ ਹੱਕ ਹੋ ਉਜਿਆਰ, ਜਲਵਾ ਜਲਾਲ ਇਕ ਦਰਸਾਈਆ। ਐਨਲਹੱਕ ਕਰ ਪੁਕਾਰ, ਹੱਕ ਹੱਕ ਰਿਹਾ ਸਮਝਾਈਆ। ਲਾਸ਼ਰੀਕ ਖੇਲ ਅਪਾਰ, ਵਾਹਦ ਆਪਣਾ ਰੂਪ ਧਰਾਈਆ। ਏਕਾ ਕਲਮਾ ਕਰ ਤਿਆਰ, ਕਲਾਮ ਇਲਾਹੀ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਹਿਬ ਇਕ ਅਖਵਾਈਆ। ਸਤਿਗੁਰ ਸਾਹਿਬ ਸਾਚਾ ਰਾਮ, ਰਾਮ ਰਾਮਾ ਨਾਉਂ ਧਰਾਇੰਦਾ। ਪੂਰਨ ਕਰੇ ਆਪਣਾ ਕਾਮ, ਪੂਰਬ ਲਹਿਣਾ ਵੇਖ ਵਖਾਇੰਦਾ। ਲੇਖਾ ਜਾਣੇ ਸਾਚੇ ਨਗਰ ਗਰਾਮ, ਕੰਚਨ ਗੜ੍ਹ ਆਪ ਸੁਹਾਇੰਦਾ। ਆਪ ਵਜਾਏ ਸਤਿ ਦਮਾਮ, ਸ਼ਬਦ ਨਗਾਰਾ ਆਪ ਸੁਣਾਇੰਦਾ। ਆਪ ਪਿਆਏ ਸੱਚਾ ਜਾਮ, ਅੰਮ੍ਰਿਤ ਝਿਰਨਾ ਆਪ ਝਿਰਾਇੰਦਾ । ਆਪੇ ਕਰੇ ਪਰਕਾਸ਼ ਕੋਟਨ ਭਾਨ, ਨੂਰੋ ਨੂਰ ਨੂਰ ਦਰਸਾਇੰਦਾ। ਆਪੇ ਹੋਵੇ ਆਤਮ ਪੰਡਤ ਬੋਧ ਗਿਆਨ, ਬ੍ਰਹਮ ਗਿਆਨ ਆਪ ਦ੍ਰਿੜਾਇੰਦਾ ਆਪੇ ਕਰੇ ਕਰਾਏ ਸਰਬ ਕਲਿਆਣ, ਜੂਨ ਅਜੂਨੀ ਆਪ ਫਿਰਾਇੰਦਾ। ਆਪ ਵਖਾਏ ਸਚ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਹਿਬ ਸਤਿਗੁਰ ਵੇਸ ਵਟਾਇੰਦਾ। ਸਾਹਿਬ ਸਤਿਗੁਰ ਘਨੱਯਾ ਸ਼ਾਮ, ਏਕਾ ਬੰਸਰੀ ਨਾਮ ਵਜਾਈਆ। ਲੇਖਾ ਜਾਣੇ ਹੱਡ ਮਾਸ ਨਾੜੀ ਚਾਮ, ਤਤਵ ਤਤ ਫੋਲ ਫੁਲਾਈਆ। ਨਿਰਗੁਣ ਸਰਗੁਣ ਕਰ ਪਛਾਣ, ਸਰਗੁਣ ਨਿਰਗੁਣ ਮੇਲ ਮਿਲਾਈਆ। ਏਕਾ ਰਾਗ ਸੁਣਾਏ ਕਾਨ, ਏਕਾ ਵੱਜਦੀ ਰਹੇ ਵਧਾਈਆ। ਏਕਾ ਮੰਦਰ ਇਕ ਮਕਾਨ, ਏਕਾ ਹਰਿ ਜੂ ਦਰਸ ਦਿਖਾਈਆ। ਏਕਾ ਗੋਪੀ ਏਕਾ ਕਾਹਨ, ਏਕਾ ਮੰਡਲ ਰਾਸ ਰਚਾਈਆ। ਏਕਾ ਦੇਵੇ ਧੁਰ ਫ਼ਰਮਾਣ, ਏਕਾ ਸਖ਼ੀਆਂ ਮੰਗਲ ਗਾਈਆ। ਏਕਾ ਕਰੇ ਸਚ ਘਰ ਬਿਸਰਾਮ, ਆਲਸ ਨਿੰਦਰਾ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੱਚਾ ਏਕਾ ਹਰਿ, ਹਰਿ ਜੂ ਆਪਣਾ ਨਾਉਂ ਦਏ ਵਡਿਆਈਆ। ਸਾਹਿਬ ਸੱਚਾ ਨਿਰਗੁਣ ਧਾਰ, ਨਿਰਵੈਰ ਪੁਰਖ ਅਖਵਾਇੰਦਾ। ਮੂਰਤ ਅਕਾਲ ਹੋ ਉਜਿਆਰ, ਜੂਨੀ ਰਹਿਤ ਡਗਮਗਾਇੰਦਾ। ਮਰੇ ਨਾ ਜੰਮੇ ਵਿਚ ਸੰਸਾਰ, ਅਨਭਵ ਆਪਣੀ ਖੇਲ ਖਿਲਾਇੰਦਾ। ਲੱਖ ਚੁਰਾਸੀ ਵਸਿਆ ਬਾਹਰ, ਲੱਖ ਚੁਰਾਸੀ ਆਪਣਾ ਡੇਰਾ ਲਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਦਰਗਹਿ ਸਾਚੀ ਵੇਖ ਵਖਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਸਤਿਜੁਗ ਤ੍ਰੇਤਾ ਦਵਾਪਰ ਕਰ ਕਰ ਪਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਨਾ ਪੁਰਖ ਨਾ ਦਿਸੇ ਨਾਰ, ਪੰਜ ਤਤ ਨਾ ਕੋਇ ਆਕਾਰ, ਰਤੀ ਰਤ ਨਾ ਕੋਇ ਪਿਆਰ, ਹੱਡ ਮਾਸ ਨਾੜੀ ਰਤ ਬੰਧਨ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੱਚਾ ਏਕਾ ਹਰਿ, ਆਪਣੀ ਖੇਲ ਆਪ ਖਲਾਇੰਦਾ। ਕਰੇ ਖੇਲ ਪ੍ਰਭ ਸਮਰਥ, ਹਰਿ ਵੱਡਾ ਵਡ ਵਡਿਆਈਆ। ਜੁਗ ਜੁਗ ਚਲਾਏ ਏਕਾ ਰਥ, ਰਥ ਰਥਵਾਹੀ ਦਿਸ ਨਾ ਆਈਆ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਧਰਾਈਆ। ਸਰਬ ਕਲ ਆਪੇ ਸਮਰਥ, ਸਮਰਥ ਪੁਰਖ ਇਕ ਅਖਵਾਈਆ। ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਲਏ ਭੁਵਾਈਆ। ਜਨ ਭਗਤਾਂ ਦੇਵੇ ਏਕਾ ਵਥ, ਨਾਮ ਅਮੋਲਕ ਵਸਤ ਝੋਲੀ ਪਾਈਆ। ਸ਼ਬਦ ਜਣਾਏ ਅਕਥਨਾ ਅਕਥ, ਅਗੰਮ ਅਗੰਮੜੀ ਧਾਰ ਵਖਾਈਆ। ਲੇਖਾ ਜਾਣੇ ਚੌਦਾਂ ਲੋਕ ਚੌਦਾਂ ਹੱਟ, ਚੌਦਾਂ ਤਬਕਾਂ ਖੋਜ ਖੁਜਾਈਆ। ਪਾਵੇ ਸਾਰ ਤੀਰਥ ਤਟ, ਤਟ ਕਿਨਾਰ ਅਠਸਠ ਫੋਲ ਫੁਲਾਈਆ। ਲੇਖਾ ਜਾਣੇ ਜੋ ਜਨ ਰਸਨਾ ਜਿਹਵਾ ਰਹੇ ਰਟ, ਅੰਦਰ ਮੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਏਕਾ ਸਾਹਿਬ, ਦਰ ਘਰ ਸਾਚੇ ਸੋਭਾ ਪਾਈਆ। ਦਰ ਘਰ ਸਾਚੇ ਸੋਭਾ ਪਾਇੰਦਾ, ਸਤਿ ਪੁਰਖ ਨਿਰੰਜਣ ਵਡ ਮਿਹਰਵਾਨ। ਸੋ ਪੁਰਖ ਨਿਰੰਜਣ ਨਾਉਂ ਧਰਾਇੰਦਾ, ਆਦਿ ਜੁਗਾਦੀ ਖੇਲ ਮਹਾਨ। ਹਰਿ ਪੁਰਖ ਨਿਰੰਜਣ ਰੂਪ ਪਰਗਟਾਇੰਦਾ, ਲੇਖਾ ਜਾਣੇ ਦੋ ਜਹਾਨ। ਏਕੰਕਾਰਾ ਕਲ ਵਰਤਾਇੰਦਾ, ਅਕਲ ਕਲ ਨਾ ਸਕੇ ਕੋਇ ਪਛਾਣ। ਆਦਿ ਨਿਰੰਜਣ ਡਗਮਗਾਇੰਦਾ, ਨੂਰ ਨੁਰਾਨਾ ਸਚ ਮਕਾਨ। ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ, ਖੇਲੇ ਖੇਲ ਸ੍ਰੀ ਭਗਵਾਨ। ਪਾਰਬ੍ਰਹਮ ਪ੍ਰਭ ਰੂਪ ਧਰਾਇੰਦਾ, ਆਦਿ ਜੁਗਾਦੀ ਨੌਜਵਾਨ। ਬ੍ਰਹਮ ਅੰਸ ਆਪ ਧਰਾਇੰਦਾ, ਲੇਖਾ ਜਾਣੇ ਦੋ ਜਹਾਨ। ਸੋਹੰ ਆਪਣਾ ਰੂਪ ਵਟਾਇੰਦਾ, ਨਿਰਗੁਣ ਸਰਗੁਣ ਕਰ ਪਰਵਾਨ। ਲੱਖ ਚੁਰਾਸੀ ਖੇਲ ਖਿਲਾਇੰਦਾ, ਜੁਗ ਚੌਕੜੀ ਹੋ ਪਰਧਾਨ। ਗੁਰ ਅਵਤਾਰ ਸੇਵਾ ਲਾਇੰਦਾ, ਸੰਤਨ ਦੇਵੇ ਧੁਰ ਫ਼ਰਮਾਣ। ਭਗਤਨ ਲੇਖਾ ਇਕ ਸਮਝਾਇੰਦਾ, ਆਪਣੀ ਵਿਦਿਆ ਕਰ ਬਲਵਾਨ। ਚੌਦਾਂ ਵਿਦਿਆ ਮੁਖ ਸ਼ਰਮਾਇੰਦਾ, ਹਰਿ ਕਾ ਰੂਪ ਨਾ ਸਕਣ ਪਛਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਸਾਚਾ ਹਰਿ, ਕਰੇ ਖੇਲ ਵਿਚ ਜਹਾਨ। ਜਗਤ ਜਹਾਨ ਖੇਲ ਖਿਲਾਇੰਦਾ, ਕਲਜੁਗ ਅੰਤਮ ਲੈ ਅਵਤਾਰ। ਦੋਏ ਦੋਏ ਧਾਰਾ ਆਪ ਵਖਾਇੰਦਾ, ਨਿਰਗੁਣ ਸਰਗੁਣ ਰੂਪ ਅਪਾਰ। ਸਰਗੁਣ ਲੇਖਾ ਆਪ ਮੁਕਾਇੰਦਾ, ਨਿਰਗੁਣ ਦਾਤਾ ਹੋ ਉਜਿਆਰ। ਨਿਰਗੁਣ ਏਕਾ ਡੰਕ ਵਜਾਇੰਦਾ, ਸ਼ਬਦ ਨਾਦ ਸੱਚੀ ਧੁਨਕਾਰ। ਗੁਰਮੁਖ ਸਾਚੇ ਆਪ ਜਗਾਇੰਦਾ, ਮੇਲ ਮਿਲਾਏ ਆਪਣੀ ਵਾਰ। ਘਰ ਘਰ ਦਰ ਦਰ ਕਾਇਆ ਮੰਦਰ ਫੋਲ ਫੁਲਾਇੰਦਾ, ਡੂੰਘੀ ਕੰਦਰ ਪਾਵੇ ਸਾਰ। ਮਨ ਬੰਦਰ ਉਠ ਨਾ ਦਹਿ ਦਿਸ਼ ਧਾਇੰਦਾ, ਮਤ ਬੁਧ ਨਾ ਹੋਏ ਖ਼ੁਵਾਰ। ਜਿਸ ਸਿਰ ਆਪਣਾ ਹੱਥ ਟਿਕਾਇੰਦਾ, ਸੁਰਤ ਸ਼ਬਦ ਦਏ ਅਧਾਰ। ਸ਼ਬਦ ਸੁਰਤ ਮੇਲ ਮਿਲਾਇੰਦਾ, ਸੁਰਤੀ ਸ਼ਬਦੀ ਇਕ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਾਰ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚੀ ਖੇਲ ਖਿਲਾਇੰਦਾ। ਨਿਹਕਲੰਕ ਲਏ ਅਵਤਾਰਾ, ਨਾਮ ਡੰਕਾ ਇਕ ਵਜਾਇੰਦਾ। ਸੰਮਤ ਸੰਮਤੀ ਪਾਵੇ ਸਾਰਾ, ਬਰਸ ਮਾਸ ਦਿਵਸ ਰੈਣ ਘੜੀ ਪਲ ਵੇਖ ਵਖਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪਣੇ ਹੱਥ ਰਖਾਇੰਦਾ। ਚਾਰ ਵੇਦ ਨਾ ਪਾਵਣ ਸਾਰਾ, ਪੁਰਾਨ ਅਠਾਰਾਂ ਸਰਬ ਕੁਰਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਅਗੰਮ ਅਥਾਹ ਸ਼ਬਦੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਭੇਵ ਅਭੇਦਾ ਅਛੱਲ ਅਛੇਦਾ, ਵਲ ਛਲ ਆਪਣਾ ਖੇਲ ਖਿਲਾਇੰਦਾ। ਵਲ ਛਲ ਅਛੱਲ ਅਡੋਲ, ਅਛਲ ਅਛਲ ਕਾਰ ਕਮਾਈਆ। ਆਪੇ ਬਣਿਆ ਰਹੇ ਅਨਭੋਲ, ਗੁਰਮੁਖ ਸਾਚੇ ਆਪਣੇ ਭਾਣੇ ਚਲਾਈਆ। ਆਦਿ ਜੁਗਾਦੀ ਤੋਲਣਹਾਰਾ ਤੋਲ, ਏਕਾ ਖੰਡਾ ਹੱਥ ਉਠਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਘਟ ਘਟ ਵੇਖੇ ਸਚ ਵਸਤ ਨਾ ਕਿਸੇ ਕੋਲ, ਖ਼ਾਲੀ ਹਟ ਸਰਬ ਵਖਾਈਆ। ਕਲਜੁਗ ਕੂਕ ਪੁਕਾਰੇ ਉਚੀ ਬੋਲ, ਏਕਾ ਏਕ ਰਿਹਾ ਸੁਣਾਈਆ। ਮੇਰਾ ਰੂਪ ਘਟ ਘਟ ਅੰਦਰ ਗਿਆ ਮੌਲ, ਮੌਲਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਮਿਟੇ ਕੂੜੀ ਸ਼ਾਹੀਆ। ਕਲਜੁਗ ਕੂੜ ਚੁਕਾਵਣਾ, ਕਲ ਕਲਕੀ ਲਏ ਅਵਤਾਰ। ਸਤਿਜੁਗ ਸਾਚਾ ਰਾਹ ਵਖਾਵਨਾ, ਲੋਕਮਾਤ ਹੋ ਉਜਿਆਰ। ਨੌਂ ਖੰਡ ਏਕਾ ਰੰਗ ਰੰਗਾਵਨਾ, ਸਤਿ ਸਤਿਵਾਦੀ ਬੋਲ ਜੈਕਾਰ। ਏਕਾ ਅੱਖਰ ਨਾਮ ਜਪਾਵਣਾ, ਚਾਰ ਵਰਨਾਂ ਦਏ ਅਧਾਰ। ਏਕਾ ਮੰਤਰ ਸਤਿ ਪੜ੍ਹਾਵਣਾ, ਫਿਰੇ ਮੰਤਰ ਵਿਚ ਸੰਸਾਰ। ਏਕਾ ਅੰਤਮ ਖੇਲ ਖਿਲਾਵਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਵੇਖੇ ਧੂਆਂਧਾਰ। ਜਗਤ ਅੰਧੇਰਾ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਕਿਸੇ ਨਾ ਦਿਸੇ ਸੰਝ ਸਵੇਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਕੂੜ ਕੁੜਿਆਰੇ ਪਾਇਆ ਘੇਰਾ, ਮਾਇਆ ਮਮਤਾ ਮੋਹ ਫੰਦਨ ਇਕ ਵਖਾਈਆ। ਭਰਮਾਂ ਢਾਏ ਸਭ ਦਾ ਡੇਰਾ, ਸਾਚਾ ਗੜ੍ਹ ਨਾ ਕੋਈ ਵਖਾਈਆ। ਕਲਜੁਗ ਕੂਕੇ ਬਣ ਦਲੇਰਾ, ਸਾਧ ਸੰਤ ਸਿਰ ਸਕੇ ਨਾ ਕੋਈ ਉਠਾਈਆ। ਪਰਗਟ ਹੋਏ ਸਿੰਘ ਸ਼ੇਰ ਸ਼ੇਰ ਦਲੇਰਾ, ਜੋਤੀ ਜੋਤ ਕਰ ਰੁਸ਼ਨਾਈਆ। ਚੌਥੇ ਜੁਗ ਦੇਵੇ ਆਪੇ ਗੇੜਾ, ਜਗਤ ਲੱਠ ਦਏ ਭਵਾਈਆ। ਅੰਤ ਲਗਾਏ ਇਕ ਉਖੇੜਾ, ਸਭ ਦੀ ਜੜ ਦਏ ਉਖੜਾਈਆ। ਜਨ ਭਗਤਾਂ ਬੰਨ੍ਹੇ ਆਪੇ ਬੇੜਾ, ਸਾਚਾ ਖੇਵਟ ਖੇਟਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਵੇਖ ਵਖਾਈਆ। ਗੁਰਮੁਖ ਸੱਚਾ ਮਾਣਕ ਮੋਤੀ, ਸਤਿਗੁਰ ਸਾਚੇ ਹੱਟ ਰਖਾਇਆ। ਦਿਵਸ ਰੈਣ ਜਗਦੀ ਰਹੇ ਜੋਤੀ, ਜਗਤ ਅੰਧੇਰ ਨਾ ਕੋਈ ਜਣਾਇਆ। ਆਪ ਉਠਾਏ ਸੁਰਤੀ ਸੋਤੀ, ਸਵਾਣੀ ਹਾਣੀ ਇਕ ਮਿਲਾਇਆ। ਨਾਤਾ ਤੋੜੇ ਵਰਨ ਗੋਤੀ, ਵਰਨਾਂ ਬਰਨਾਂ ਫੰਦ ਕਟਾਇਆ। ਨਾਮ ਫੜਾਏ ਸਾਚੀ ਸੋਟੀ, ਪੰਚ ਵਿਕਾਰਾ ਦਏ ਦੁਰਕਾਇਆ। ਸ਼ਬਦ ਚੜ੍ਹਾਏ ਸਾਚੀ ਚੋਟੀ, ਅਧਵਿਚਕਾਰ ਨਾ ਕੋਈ ਵਖਾਇਆ। ਨੌਂ ਦਵਾਰੇ ਕੱਢੇ ਵਾਸਨਾ ਖੋਟੀ, ਵਿਸ਼ਵ ਇਕ ਰੂਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੱਚਾ ਏਕਾ ਹਰਿ, ਹਰਿ ਬੈਠਾ ਤਖ਼ਤ ਸੁਹਾਇਆ। ਤਖ਼ਤ ਨਿਵਾਸੀ ਆਪ ਹਰਿ, ਲੋਕਮਾਤ ਖੇਲ ਖਿਲਾਇੰਦਾ। ਗੁਰਮੁਖਾਂ ਚੁਕਾਏ ਜੰਮ ਕਾ ਡਰ, ਭੈ ਭਿਆਨਕ ਨਾ ਕੋਈ ਜਣਾਇੰਦਾ। ਆਪਣੀ ਕਿਰਪਾ ਆਪੇ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਅੰਮ੍ਰਿਤ ਨੁਹਾਏ ਸਾਚੇ ਸਰ, ਘਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਗੁਰਮੁਖ ਗੁਰਸਿਖ ਲਏ ਫੜ, ਨਾਮ ਡੋਰੀ ਚੋਰੀ ਚੋਰੀ ਆਪ ਆਪਣੀ ਹੱਥੀਂ ਬੰਧਨ ਪਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਰੱਖੇ ਸਾਚਾ ਤੰਦਨ, ਆਦਿ ਜੁਗਾਦਿ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਬਖ਼ਸ਼ੀਸ਼ ਗੁਰਮੁਖਾਂ ਸੀਸ ਜਗਦੀਸ਼ ਸਚ ਸੇਹਰਾ ਨਾਮ ਬੰਧਾਇੰਦਾ।
