Granth 10 Likhat 009: 27 Poh 2017 Bikarmi Jethuwal Rashtarpati nu Pahili Chet nu Milan Vaste

੨੭ ਪੋਹ ੨੦੧੭ ਬਿਕਰਮੀ ਜੇਠੂਵਾਲ ਰਾਸ਼ਟਰਪਤੀ ਨੂੰ ਪਹਿਲੀ ਚੇਤ ਨੂੰ ਮਿਲਣ ਵਾਸਤੇ

ਕਰੇ ਖੇਲ ਕੋਟਨ ਕੋਟ ਵਾਰ ਅਸੰਖ, ਅਸੰਖ ਅਸੰਖਾਂ ਗਣਤ ਨਾ ਰਾਈਆ। ਕਰੇ ਵੇਸ ਕੋਟਨ ਕੋਟ ਰੂਪ ਬਣਾਏ ਬਣਤ, ਰੂਪ ਰੰਗ ਰੇਖ ਨਾ ਕੋਇ ਜਣਾਈਆ । ਕੋਟਨ ਕੋਟ ਵਾਰ ਕਰੇ ਆਦਿ ਅੰਤ, ਆਦਿ ਅੰਤ ਆਪਣੀ ਖੇਲ ਖਿਲਾਈਆ। ਕੋਟਨ ਕੋਟ ਵਾਰ ਆਪਣੀ ਮਹਿਮਾ ਗਾਏ ਬੇਅੰਤ, ਬੇਅੰਤ ਬੇਅੰਤ ਬੇਪਰਵਾਹੀਆ। ਕੋਟਨ ਕੋਟ ਵਾਰ ਆਪ ਆਪਣੀ ਕਰੇ ਮੰਨਤ, ਕੋਟਨ ਕੋਟ ਸੀਸ ਝੁਕਾਈਆ। ਕੋਟਨ ਕੋਟ ਰੂਪ ਅਨੂਪ ਆਪ ਅਨੰਤ, ਅਨਨ ਆਪਣਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬਲ ਆਪਣੇ ਵਿਚ ਰਖਾਈਆ। ਕੋਟਨ ਕੋਟ ਰੂਪ, ਸੋ ਪੁਰਖ ਨਿਰੰਜਣ ਆਪ ਆਪਣੇ ਵਿਚ ਰਖਾਇੰਦਾ। ਕੋਟਨ ਕੋਟ ਭੂਪ, ਹਰਿ ਪੁਰਖ ਨਿਰੰਜਣ ਆਪਣੀ ਗੋਦ ਬਹਾਇੰਦਾ। ਕੋਟਨ ਕੋਟ ਦਿਸ਼ਾ ਕੂਟ, ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਜਣਾਇੰਦਾ। ਕੋਟਨ ਕੋਟ ਰੂਪ ਹਰਿ ਨਿਰੰਕਾਰ, ਨਿਰਾਕਾਰ ਆਪ ਧਰਾਈਆ। ਕੋਟਨ ਕੋਟ ਰੂਪ ਆਦਿ ਨਿਰੰਜਣ ਹੋ ਉਜਿਆਰ, ਜੋਤ ਨਿਰੰਜਣ ਲਏ ਜਗਾਈਆ। ਕੋਟਨ ਕੋਟ ਰੂਪ ਖੇਲ ਕਰੇ ਆਪ ਕਰਤਾਰ, ਕੋਟਨ ਕੋਟ ਕਿਰਨ ਕਰਤੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਸ ਰਖਾਈਆ। ਕੋਟਨ ਕੋਟ ਰੂਪ ਸ੍ਰੀ ਭਗਵਾਨ, ਭਗਵਨ ਭਗਵਨ ਸੰਗ ਰਖਾਇੰਦਾ। ਕੋਟਨ ਕੋਟ ਰੂਪ ਅਬਿਨਾਸ਼ੀ ਕਰਤਾ ਨਾ ਆਏ ਵਿਚ ਧਿਆਨ, ਧਿਆਨ ਧਿਆਨ ਨਾ ਕੋਇ ਵਖਾਇੰਦਾ। ਕੋਟਨ ਕੋਟ ਰੂਪ ਵਖਾਏ ਆਪਣੇ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਕੋਟਨ ਕੋਟ ਰੂਪ ਪਾਰਬ੍ਰਹਮ, ਪਾਰਬ੍ਰਹਮ ਆਪ ਉਪਜਾਈਆ। ਕੋਟਨ ਕੋਟ ਰੂਪ ਨਾ ਮਰੇ ਨਾ ਪਏ ਜੰਮ, ਕੋਟਨ ਕੋਟ ਵਿਚ ਸਮਾਈਆ। ਕੋਟਨ ਕੋਟ ਰੂਪ ਖੇਲ ਕਰੇ ਅਗੰਮ, ਅਲਖ ਅਗੋਚਰ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਵਿਚ ਰਖਾਈਆ। ਕੋਟਨ ਕੋਟ ਰੂਪ ਸਚਖੰਡ, ਸਚ ਸਾਚੀ ਧਾਰ ਰਖਾਇੰਦਾ। ਕੋਟਨ ਕੋਟ ਰੂਪ ਵੰਡੇ ਵੰਡ, ਵੰਡਣਹਾਰ ਦਿਸ ਨਾ ਆਇੰਦਾ। ਕੋਟਨ ਕੋਟ ਰੂਪ ਆਪੇ ਜਾਣੇ ਆਪਣਾ ਅੰਤ, ਅੰਤ ਆਪਣੇ ਵਿਚ ਰਖਾਇੰਦਾ। ਕੋਟਨ ਕੋਟ ਰੂਪ ਬਣੇ ਨਾਰੀ ਕੰਤ, ਕੰਤ ਨਾਰ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬਲ ਰਖਾਇੰਦਾ। ਕੋਟਨ ਕੋਟ ਰੂਪ ਥਿਰ ਘਰ ਦਰਬਾਰ, ਕੋਟਨ ਕੋਟ ਗੜ੍ਹ ਸੁਹਾਈਆ। ਕੋਟਨ ਕੋਟ ਘਾੜਤ ਘੜੇ ਬਣ ਸੁਨਿਆਰ, ਕੋਟਨ ਕੋਟ ਕੁਠਾਲੀ ਰਿਹਾ ਗਾਲ, ਕੋਟਨ ਕੋਟ ਦਾਈ ਦਾਇਆ ਬਣੇ ਆਪ ਕਰਤਾਰ, ਕੋਟਨ ਕੋਟ ਕਰਨੀ ਕਿਰਤ ਰਹੇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਈਆ। ਕੋਟਨ ਕੋਟ ਰੂਪ ਆਦਿ, ਆਦਿ ਵੇਸ ਧਰਾਇੰਦਾ। ਕੋਟਨ ਕੋਟ ਰੂਪ ਨਾਦ, ਅਨਾਦ ਅਨਾਦੀ ਨਾਦ ਵਜਾਇੰਦਾ। ਕੋਟਨ ਕੋਟ ਰੂਪ ਬੋਧ ਅਗਾਧ, ਅਗਾਧ ਬੋਧ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇੰਦਾ। ਕੋਟਨ ਕੋਟ ਰੂਪ ਮਾਰਗ ਲਾ, ਨਿਰਗੁਣ ਖੇਲ ਖਿਲਾਇਆ। ਕੋਟਨ ਕੋਟ ਰੂਪ ਸਚ ਦੁਆਰ ਵਸਾ, ਬੰਕ ਦੁਆਰ ਦਏ ਸੁਹਾਇਆ। ਕੋਟਨ ਕੋਟ ਰੂਪ ਥਿਰ ਘਰ ਵਡਿਆ, ਥਿਰ ਦੁਆਰ ਦਏ ਵਡਿਆਇਆ। ਕੋਟਨ ਕੋਟ ਰੂਪ ਆਪਣਾ ਮੇਲਾ ਆਪ ਮਿਲਾ, ਆਪਣੀ ਸੇਜ ਆਪ ਸੁਹਾਇਆ। ਕੋਟਨ ਕੋਟ ਰੂਪ ਜਨਨੀ ਬਣੇ ਆਪ ਮਿਹਰਬਾਂ, ਜਨ ਜਣੇਂਦੀ ਮਾਇਆ। ਕੋਟਨ ਕੋਟ ਰੂਪ ਪੁਰਖ ਅਕਾਲ ਪਿਤਾ ਮਾਂ ਪੂਤ ਲਏ ਉਪਾ, ਸੁਤ ਦੁਲਾਰਾ ਏਕਾ ਜਾਇਆ। ਕੋਟਨ ਕੋਟ ਰੂਪ ਆਪਣਾ ਨਾਉਂ ਪਰਗਟਾ, ਨਾਉਂ ਨਿਰੰਕਾਰਾ ਦਏ ਵਡਿਆਇਆ। ਕੋਟਨ ਕੋਟ ਰੂਪ ਸੁਤ ਦੁਲਾਰਾ ਲਏ ਜਗਾ, ਸ਼ਬਦੀ ਨਾਅਰਾ ਲਾਇਆ। ਕੋਟਨ ਕੋਟ ਰੂਪ ਹੁਕਮ ਦਏ ਸੁਣਾ, ਹਾਕਮ ਬਣੇ ਸੱਚਾ ਸ਼ਹਿਨਸ਼ਾਹਿਆ । ਕੋਟਨ ਕੋਟ ਰੂਪ ਸਚ ਸਿੰਘਾਸਣ ਦਏ ਵਛਾ, ਆਸਣ ਸਿੰਘਾਸਣ ਇਕ ਦਰਸਾਇਆ। ਕੋਟਨ ਕੋਟ ਰੂਪ ਆਪਣਾ ਰੂਪ ਆਪ ਸੁਹਾ, ਆਪੇ ਵੇਖ ਵਖਾਇਆ। ਕੋਟਨ ਕੋਟ ਰੂਪ ਬਣੇ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਸੱਚਾ ਸ਼ਹਿਨਸ਼ਾਹਿਆ। ਕੋਟਨ ਕੋਟ ਰੂਪ ਸੀਸ ਤਾਜ ਲਏ ਟਿਕਾ, ਜਗਤ ਜਗਦੀਸ਼ ਵਡ ਵਡਿਆਇਆ। ਕੋਟਨ ਕੋਟ ਰੂਪ ਅਪਣੀ ਹਦੀਸ ਆਪ ਰਖਾ, ਆਪੇ ਕਰੇ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਆਪਣਾ ਵੇਸ ਵਟਾਇਆ। ਕੋਟਨ ਕੋਟ ਰੂਪ ਕਰਤਾਰਾ, ਕਿਰਤਮ ਭੇਵ ਨਾ ਕੋਇ ਜਣਾਈਆ। ਕੋਟਨ ਕੋਟ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਆਪ ਕਰਾਈਆ। ਕੋਟਨ ਕੋਟ ਰੂਪ ਨਿਰਗੁਣ ਜੋਤ ਨਿਰਵੈਰ ਨਿਰਾਕਾਰਾ, ਪੁਰਖ ਅਕਾਲ ਆਪ ਕਰਾਈਆ। ਕੋਟਨ ਕੋਟ ਰੂਪ ਸਮਰਥ ਪੁਰਖ ਕਰੇ ਖੇਲ ਅਪਾਰਾ, ਮਹਿਮਾ ਅਕਥ ਕਥੀ ਨਾ ਜਾਈਆ। ਕੋਟਨ ਕੋਟ ਰੂਪ ਵੇਖੇ ਵਿਗਸੇ ਕਰੇ ਵਿਚਾਰਾ, ਵੇਖਣਹਾਰਾ ਆਪ ਹੋ ਜਾਈਆ। ਕੋਟਨ ਕੋਟ ਰੂਪ ਨਾਰੀ ਕੰਤ ਭਤਾਰਾ, ਬੈਠੇ ਸੇਜ ਸੁਹਾਈਆ। ਕੋਟਨ ਕੋਟ ਰੂਪ ਉਚੀ ਕੂਕਣ ਕਰਨ ਪੁਕਾਰਾ, ਆਪਣਾ ਨਾਉਂ ਆਪ ਸੁਣਾਈਆ। ਕੋਟਨ ਕੋਟ ਰੂਪ ਬਣੇ ਸ਼ਾਹ ਦਾਰਾ, ਕੋਟਨ ਕੋਟ ਬੈਠੇ ਸੀਸ ਝੁਕਾਈਆ। ਕੋਟਨ ਕੋਟ ਰੂਪ ਬਣੇ ਭਿਖਾਰਾ, ਕੋਟਨ ਕੋਟ ਬੈਠੇ ਅਲਖ ਜਗਾਈਆ। ਕੋਟਨ ਕੋਟ ਰੂਪ ਆਪੇ ਜਾਣੇ ਆਪਣੀ ਸਾਰਾ, ਦੂਸਰ ਭੇਵ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣਾ ਭੇਵ ਜਣਾਈਆ। ਕੋਟਨ ਰੂਪ ਅਸੰਖ ਅਸੰਖਾ, ਨਿਰਗੁਣ ਨਿਰਗੁਣ ਧਾਰ ਪ੍ਰਗਟਾਇਆ। ਜੁਗ ਚੌਕੜੀ ਕਾਲ ਕਿਸੇ ਨਾ ਪਰਖਾ, ਦੀਨ ਦਿਆਲ ਬੇਪਰਵਾਹਿਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਰਹੇ ਦਰਸਾ, ਦਾਸੀ ਦਾਸ ਰਹੇ ਧਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਵਖਾਇਆ। ਅਸੰਖ ਗੁਣ ਅਸੰਖ ਅਜਾਤਾ, ਪੁਰਖ ਅਕਾਲ ਵਡੀ ਵਡਿਆਈਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਦਾਈ ਦਾਇਆ ਨਾ ਕੋਇ ਵਖਾਈਆ। ਨਾ ਕੋਈ ਬੰਧਪ ਨਾ ਕੋਈ ਨਾਤਾ, ਨਾ ਕੋਈ ਸਾਕ ਸੈਣ ਨਾ ਭਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਨਾ ਕੋਇ ਕਰੇ ਪੜ੍ਹਾਈਆ। ਆਪੇ ਜਾਣੇ ਆਪਣੀ ਵਾਟਾ, ਆਪੇ ਬਣੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਹਰਿ ਨਿਰੰਕਾਰ, ਆਪਣੇ ਹੱਥ ਰਖਾਇੰਦਾ। ਕਰੇ ਖੇਲ ਅਪਰ ਅਪਾਰ, ਪਾਰਬ੍ਰਹਮ ਭੇਵ ਨਾ ਆਇੰਦਾ। ਜਗਤ ਜੁਗ ਚੌਕੜੀ ਵਸੇ ਬਾਹਰ, ਦਿਸ ਕਿਸੇ ਨਾ ਆਇੰਦਾ। ਜੁਗ ਜੁਗ ਵੇਸ ਕਰੇ ਵਿਚ ਸੰਸਾਰ, ਵੇਸ ਅਨੇਕਾ ਆਪ ਵਟਾਇੰਦਾ। ਨਿਰਗੁਣ ਸਰਗੁਣ ਕਰ ਉਜਿਆਰ, ਸਰਗੁਣ ਨਿਰਗੁਣ ਸੰਗ ਮਿਲਾਇੰਦਾ। ਦੇਵੇ ਵਸਤ ਅਨਮੁਲ ਅਪਾਰ, ਮੁੱਲ ਕੋਇ ਨਾ ਲਾਇੰਦਾ। ਜੋਤੀ ਜਾਤਾ ਬਣ ਕਰਤਾਰ, ਅੰਧੇਰੀ ਰਾਤਾ ਮੇਟ ਮਿਟਾਇੰਦਾ। ਸ਼ਬਦ ਗਾਥਾ ਧੁਰ ਧੁਨਕਾਰ, ਨਾਥ ਅਨਾਥਾਂ ਆਪ ਸੁਣਾਇੰਦਾ। ਸਰ ਸਰੋਵਰ ਅੰਮ੍ਰਿਤ ਮਾਰੇ ਏਕਾ ਠਾਠ, ਬੂੰਦ ਸਵਾਂਤੀ ਮੁਖ ਚੁਆਇੰਦਾ। ਜੁਗਾ ਜੁਗੰਤਰ ਫਿਰੇ ਨਾਠਾ, ਸਾਚੀ ਸੇਵਾ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪਣੀ ਧਾਰਾ ਆਪ ਰਖਾਇੰਦਾ। ਆਪਣੀ ਧਾਰ ਖੇਲ ਕਰਤਾਰ, ਭੇਵ ਅਭੇਦ ਰਖਾਈਆ। ਜਗਤ ਜੁਗ ਕਰ ਵਿਚਾਰ, ਜੋਗ ਜੁਗਤ ਦਏ ਵਡਿਆਈਆ। ਜੁਗਾ ਜੁਗੰਤਰ ਸਾਚੀ ਕਾਰ, ਸਚ ਸਾਚਾ ਆਪ ਕਰਾਈਆ। ਸਤਿਜੁਗ ਤ੍ਰੇਤਾ ਕਰੇ ਪਾਰ, ਦੁਆਪਰ ਵੇਸ ਵਟਾਈਆ। ਕਲਜੁਗ ਨੂਰ ਹੋ ਉਜਿਆਰ, ਨੂਰ ਨੁਰਾਨਾ ਡਗਮਗਾਈਆ। ਆਪਣੀ ਕ਼ੁਦਰਤ ਕਰੇ ਪਿਆਰ, ਕ਼ਾਦਰ ਬੇਪਰਵਾਹੀਆ। ਆਪਣਾ ਬ੍ਰਹਮ ਲਏ ਵਿਚਾਰ, ਪਾਰਬ੍ਰਹਮ ਸੱਚਾ ਸ਼ਹਿਨਸ਼ਾਹੀਆ। ਆਪਣਾ ਕਰਮ ਕਰੇ ਕਰਨੇਹਾਰ, ਦੂਸਰ ਕਰਮ ਨਾ ਕੋਇ ਵਡਿਆਈਆ। ਆਪਣਾ ਧਰਮ ਜਾਣੇ ਨਿਰਾਕਾਰ, ਵਰਨ ਬਰਨ ਨਾ ਕੋਇ ਵਖਾਈਆ। ਸਾਚੀ ਸਰਨ ਸਿਰਜਣਹਾਰ, ਸ੍ਰਿਸ਼ਟ ਸਬਾਈ ਦਏ ਸਮਝਾਈਆ। ਮਰਨ ਡਰਨ ਚੁੱਕੇ ਵਿਚ ਸੰਸਾਰ, ਭੈ ਭੌ ਨਾ ਕੋਇ ਵਖਾਈਆ। ਤਰਨੀ ਤਰਨ ਹਰਿ ਕਰਤਾਰ, ਤਾਰਨਹਾਰਾ ਇਕ ਅਖਵਾਈਆ। ਲੇਖਾ ਜਾਣੇ ਪੁਰਖ ਨਾਰ, ਨਰ ਨਰਾਇਣ ਵਡ ਵਡਿਆਈਆ। ਜਾਗਰਤ ਜੋਤ ਕਰ ਉਜਿਆਰ, ਜੋਤੀ ਨੂਰ ਡਗਮਗਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਸੁਹਾਗੀ ਗਾਈਆ। ਬਣਿਆ ਰਹੇ ਕੰਤ ਭਤਾਰ, ਲੱਖ ਚੁਰਾਸੀ ਨਾਰੀ ਆਪ ਹੰਢਾਈਆ। ਸੰਤ ਸੁਹੇਲਾ ਸਾਚਾ ਯਾਰ, ਭਗਤਨ ਮੀਤਾ ਇਕ ਅਖਵਾਈਆ। ਦਰ ਵਸਾਏ ਠਾਂਡਾ ਦਰਬਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗ਼ਰੀਬ ਨਿਵਾਜ਼ਾ ਗ਼ਰੀਬ ਨਿਮਾਣਿਆਂ ਪਾਵੇ ਸਾਰ, ਨਿਮਾਣ ਨਿਮਾਣਿਆਂ ਆਸਣ ਲਾਈਆ। ਅਸਵ ਘੋੜਾ ਤਾਜਾ ਆਪੇ ਬਣੇ ਸ਼ਾਹ ਸਵਾਰ, ਸ਼ਬਦ ਅਗੰਮੀ ਆਪ ਦੌੜਾਈਆ। ਰਚਿਆ ਕਾਜਾ ਖੇਲ ਨਿਆਰ, ਜਗਤ ਜਹਾਜ਼ ਆਪ ਚਲਾਈਆ। ਮਾਰੇ ਵਾਜਾਂ ਭਿਖਕ ਬਣੇ ਆਪ ਨਿਰੰਕਾਰ, ਹੋਕਾ ਦੇਵੇ ਵਾਹੋ ਦਾਹੀਆ। ਕਲਜੁਗ ਰੈਣ ਅੰਧੇਰੀ ਅੰਧਿਆਰ, ਸੂਰਜ ਚੰਦ ਬੈਠੇ ਮੁਖ ਸ਼ਰਮਾਈਆ। ਗੁਰ ਕਾ ਸ਼ਬਦ ਨਾ ਸਕੇ ਕੋਇ ਵਿਚਾਰ, ਮੂਲ ਮੰਤਰ ਨਾ ਕੋਇ ਪੜ੍ਹਾਈਆ। ਦੁਰਮਤ ਮੈਲ ਨਾ ਸਕੇ ਕੋਇ ਉਤਾਰ, ਅਠਸਠ ਨਾਰੀ ਪੁਰਸ਼ ਨੰਗੇ ਤਾਰੀਆਂ ਰਹੇ ਲਾਈਆ। ਆਪਣਾ ਘਰ ਮਹੱਲ ਨਾ ਸਕੇ ਕੋਇ ਉਸਾਰ, ਆਪਣਾ ਮੰਦਰ ਨਾ ਕੋਇ ਵਖਾਈਆ। ਆਪਣੀ ਨਾਰੀ ਨਾ ਕਰੇ ਕੰਤ ਪਿਆਰ, ਨਾਰ ਦੁਹਾਗਣ ਸਰਬ ਹੰਢਾਈਆ। ਸੁਘੜ ਸੁਵਾਣੀ ਨਾ ਦਿਸੇ ਵਿਚ ਸੰਸਾਰ, ਅੰਮ੍ਰਿਤ ਭਰ ਪਾਣੀ ਸਾਚਾ ਆਪਣੇ ਹੱਥ ਉਠਾਈਆ। ਸੁਣੇ ਨਾ ਬਾਣੀ ਹਰਿ ਕਰਤਾਰ, ਹਰਿ ਕਰਤਾ ਨਜ਼ਰ ਨਾ ਆਈਆ। ਚਾਰੇ ਖਾਣੀ ਹੋਈ ਗਵਾਰ, ਗਵਾਰਨ ਫਿਰੇ ਵਾਹੋ ਦਾਹੀਆ। ਨੌਂ ਖੰਡ ਸੱਤ ਦੀਪ ਬਣੇ ਭਿਖਾਰ, ਵਸਤ ਹੱਥ ਕਿਸੇ ਨਾ ਆਈਆ। ਡੂਮਣੀ ਕੁਲੱਖਣੀ ਲੱਭਦੀ ਫਿਰੇ ਕੂੜੇ ਯਾਰ, ਸਾਚਾ ਮਿੱਤਰ ਬੈਠਾ ਮੁਖ ਛੁਪਾਈਆ। ਕਲਜੁਗ ਤੇਰੀ ਅੰਤਮ ਵਾਰ, ਦਿਸ ਕਿਸੇ ਨਾ ਆਈਆ। ਆਪੇ ਜਾਣੇ ਆਪਣੀ ਕਾਰ, ਕਰਤਾ ਪੁਰਖ ਆਪ ਕਮਾਈਆ। ਆਪਣੇ ਮੰਦਰੋਂ ਆਪੇ ਆਏ ਬਾਹਰ, ਆਪਣਾ ਕੁੰਡਾ ਦਏ ਖੁਲ੍ਹਾਈਆ। ਗੁਰਸਿਖ ਸਾਚੇ ਲਏ ਭਾਲ, ਲੱਖ ਚੁਰਾਸੀ ਫੋਲ ਫੁਲਾਈਆ। ਘਰ ਘਰ ਵਜਾਏ ਆਪਣਾ ਤਾਲ, ਤਾਲ ਤਲਵਾੜਾ ਆਪ ਉਠਾਈਆ। ਗੁਰਸਿਖਾਂ ਘਾਲ ਆਪੇ ਰਿਹਾ ਘਾਲ, ਗੁਰਸਿਖ ਲੱਭਣ ਕੋਇ ਨਾ ਜਾਈਆ। ਗੁਰਸਿਖ ਮਸਤਕ ਦੀਪਕ ਥਾਲ, ਰਵ ਸਸ ਵਿਚ ਟਿਕਾਈਆ। ਕੋਟਨ ਕੋਟ ਬ੍ਰਹਿਮੰਡ ਗੁਰਸਿਖ ਤੇਰੇ ਗੀਤ ਗਾਣ, ਜਿਸ ਮਿਲਿਆ ਹਰਿ ਰਘੁਰਾਈਆ। ਕਲਜੁਗ ਅੰਤਮ ਕਰੀ ਪਛਾਣ, ਅਭੁਲ ਭੁਲ ਕਦੇ ਨਾ ਜਾਈਆ। ਦੇਵਣ ਆਇਆ ਆਪਣਾ ਮਾਣ, ਆਪੇ ਆਇਆਂ ਨਾਲ ਮਿਲਾਈਆ। ਬਿਰਹੋਂ ਮਾਰੇ ਨਿਰਾਲਾ ਬਾਣ, ਅਣਯਾਲਾ ਤੀਰ ਇਕ ਲਗਾਈਆ। ਗੁਰਸਿਖ ਹੋਇਆ ਜਗਤ ਬੇਹਾਲ, ਭੁੱਲੀ ਸਰਬ ਲੋਕਾਈਆ। ਆਂਢੀ ਗਵਾਂਢੀ ਕੱਢਣ ਗਾਲ, ਨਾਤਾ ਤੋੜਨ ਸਾਕ ਸੱਜਣ ਸੈਣ ਸੰਗ ਨਾ ਕੋਇ ਰਖਾਈਆ। ਸਤਿਗੁਰ ਪੂਰਾ ਹੋਇਆ ਆਪ ਕਿਰਪਾਲ, ਲੱਖ ਚੁਰਾਸੀ ਵਿਚੋਂ ਵੰਡ ਵੰਡਾਈਆ। ਆਪਣੀ ਹੱਥੀਂ ਸਤਿ ਸਰੂਪੀ ਫੜ ਰੁਮਾਲ, ਗੁਰਸਿਖਾਂ ਮੁਖੜੇ ਨੈਣਾਂ ਨੀਰ ਆਪ ਪੁੰਝਾਈਆ। ਬਣਿਆ ਵਿਚੋਲਾ ਮਹਾਂ ਸਿੰਘ ਦਲਾਲ, ਲੋਕਮਾਤ ਜਾਮਾ ਫੇਰ ਦਵਾਈਆ। ਖ਼ਾਕ ਰੁਲੇ ਲਏ ਉਠਾਲ, ਗੋਬਿੰਦ ਗੋਦ ਬਹਾਈਆ। ਸੇਵਾ ਸਿੰਘ ਸਿੰਘ ਬਿਸ਼ਨ ਲਾਲ, ਮਸਤਕ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸਾਚੇ ਲਏ ਉਠਾਈਆ। ਅਸੰਖ ਅਸੰਖਾ ਅਨੰਤ ਗੁਣ, ਕਥਨੀ ਕਥ ਨਾ ਸਕੇ ਕੋਇ। ਗੁਰਸਿਖ ਤੇਰੀ ਪੁਕਾਰ ਆਦਿ ਜੁਗਾਦਿ ਰਿਹਾ ਸੁਣ, ਸੁਨਣਹਾਰਾ ਆਪੇ ਹੋਏ। ਲੱਖ ਚੁਰਾਸੀ ਵਿਚੋਂ ਲਾਲ ਅਨਮੁਲੜੇ ਚੁਣ, ਆਪਣੇ ਹਾਰ ਆਪ ਪਰੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੈ ਕੇ ਆਇਆ ਸਾਚੇ ਢੋਏ। ਸਾਚਾ ਢੋਆ ਲੈ ਕੇ ਆਇਆ, ਧੁਰਦਰਗਾਹੀ ਦਾਤਾ। ਗੁਰਸਿਖ ਸੋਇਆ ਲਏ ਜਗਾਇਆ, ਮੇਟੇ ਅੰਧੇਰੀ ਰਾਤਾ। ਆਪਣਾ ਦਰਸ ਆਪ ਕਰਾਇਆ, ਰੂਪ ਪਰਗਟਾਏ ਇਕ ਇਕਾਂਤਾ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਅੰਤਮ ਪੁਛੇ ਬਾਤਾਂ। ਏਕਾ ਦੂਜਾ ਭੌ ਚੁਕਾਇਆ, ਚਰਨ ਕਵਲ ਬੰਧਾਇਆ ਨਾਤਾ। ਤੀਜਾ ਲੋਚਣ ਆਪ ਖੁਲ੍ਹਾਇਆ, ਅੰਮ੍ਰਿਤ ਬਖ਼ਸ਼ੇ ਬੂੰਦ ਸਵਾਂਤਾ। ਚੌਥੇ ਪਦ ਆਪ ਬਹਾਇਆ, ਪਿਛਲਾ ਪੂਰਾ ਕੀਆ ਘਾਟਾ। ਪੰਚਮ ਹੱਥ ਵਾਗ ਫੜਾਇਆ, ਕਲਜੁਗ ਮੇਟੇ ਅੰਤਮ ਵਾਟਾ। ਛੇਵਾਂ ਛਤਰ ਸੀਸ ਝੁਲਾਇਆ, ਜਗਤ ਜਲਾਏ ਅਗਨ ਲਲਾਟਾ। ਸੱਤਵਾਂ ਸਤਿ ਪੁਰਖ ਨਿਰੰਜਣ ਕਾਜ ਰਚਾਇਆ, ਪੰਜ ਤੱਤ ਵੇਖੇ ਕਾਇਆ ਮਾਟਾ। ਅੱਠਵਾਂ ਅੱਠਾਂ ਤੱਤਾਂ ਨਾਚ ਨਚਾਇਆ, ਨੌਂ ਦੁਆਰੇ ਫਿਰੇ ਨਾਠਾ। ਦਸਮ ਦੁਆਰੀ ਪਰਦਾ ਲਾਹਿਆ, ਗੁਰਮੁਖ ਗੁਰਸਿਖ ਮਿਲਿਆ ਪੁਰਖ ਸਮਰਾਥਾ। ਨਾਰੀ ਕੰਤ ਆਪ ਪਰਨਾਇਆ, ਆਪ ਚੜ੍ਹਾਏ ਸਾਚੇ ਰਾਥਾ। ਰਥ ਰਥਵਾਹੀ ਬਣ ਕੇ ਆਇਆ, ਚਰਨਾਂ ਹੇਠ ਰਖਾਇਆ ਤ੍ਰਿਲੋਕੀ ਨਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪ ਨਿਭਾਏ ਆਪਣਾ ਸਾਥਾ। ਆਪਣਾ ਸਾਥ ਨਿਭਾਵਣ ਆਇਆ, ਨਿਰਗੁਣ ਨਿਰਵੈਰ ਪੁਰਖ ਅਕਾਲ। ਕਲਜੁਗ ਅੰਤਮ ਖੇਲ ਖਿਲਾਇਆ, ਪ੍ਰਗਟ ਹੋ ਹਰਿ ਦੀਨ ਦਿਆਲ। ਲੱਖ ਚੁਰਾਸੀ ਦਏ ਸੁਣਾਇਆ, ਬ੍ਰਹਮਾ ਵਿਸ਼ਨ ਸ਼ਿਵ ਰਲਾਏ ਨਾਲ। ਕਰੋੜ ਤੇਤੀਸਾ ਭੁਲ ਨਾ ਜਾਇਆ, ਸੁਰਪਤ ਇੰਦ ਦਏ ਉਠਾਲ। ਏਕਾ ਹੁਕਮ ਦਏ ਸੁਣਾਇਆ, ਲੇਖਾ ਜਾਣੇ ਸ਼ਾਹ ਕੰਗਾਲ। ਨਿਹਕਲੰਕਾ ਜਾਮਾ ਪਾਇਆ, ਨਾ ਕੋਈ ਸਕੇ ਭਾਲ। ਨੌਂ ਖੰਡ ਪ੍ਰਿਥਮੀ ਦਿਸ ਨਾ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਬਣੇ ਆਪ ਰਖਵਾਲ। ਨੌਂ ਖੰਡ ਪ੍ਰਿਥਮੀ ਨਜ਼ਰ ਨਾ ਆਏ, ਨਿਰਗੁਣ ਆਪਣੀ ਕਲ ਵਰਤਾਈਆ। ਚਾਰ ਵਰਨ ਰਹੇ ਕੁਰਲਾਏ, ਘਰ ਘਰ ਪਈ ਲੜਾਈਆ। ਅਠਾਰਾਂ ਬਰਨ ਕਰਨ ਹਾਏ ਹਾਏ, ਕਲਜੁਗ ਅਗਨੀ ਤੱਤ ਜਲਾਈਆ। ਕੋਈ ਗੁਰੂ ਕੋਈ ਪੀਰ ਮਨਾਏ, ਪੀਰ ਪੀਰਾਂ ਸਿਰ ਨਜ਼ਰ ਨਾ ਆਈਆ। ਕੋਈ ਹਵਨੀ ਕੋਈ ਹਵਨ ਕਰਾਏ, ਨਿਰਗੁਣ ਜੋਤ ਨਾ ਦਰਸ਼ਨ ਪਾਈਆ। ਕੋਈ ਅਠਸਠ ਤੀਰਥ ਨੁਹਾਏ, ਹਰਿ ਚਰਨ ਧੂੜ ਮਸਤਕ ਕੋਇ ਨਾ ਲਾਈਆ। ਕੋਟਨ ਕੋਟੀ ਬੈਠੇ ਧੂਣੀਆਂ ਤਾਏ, ਅਗਨੀ ਤੱਤ ਨਾ ਕੋਇ ਬੁਝਾਈਆ। ਕੋਟਨ ਕੋਟ ਬੈਠੇ ਸਵਾਸ ਚੜ੍ਹਾਏ, ਸਵਾਸਾਂ ਵਾਲਾ ਅੰਗ ਨਾ ਕੋਇ ਰਖਾਈਆ। ਕੋਟਨ ਕੋਟ ਬੈਠੇ ਰਾਸ ਰਚਾਏ, ਸਾਚਾ ਕਾਹਨ ਗੋਪੀ ਅੰਗ ਨਾ ਕੋਇ ਲਗਾਈਆ। ਕੋਟਨ ਕੋਟੀ ਜੰਗਲ ਜੂਹ ਪਰਭਾਸ ਬੈਠੇ ਤਾੜੀ ਲਾਏ, ਨਿਜ ਤਾਕੀ ਨਾ ਕੋਇ ਖੁਲ੍ਹਾਈਆ। ਕੋਟਨ ਕੋਟ ਸਾਕੀ ਬਣ ਬਣ ਰਹੇ ਜਾਮ ਪਿਆਏ, ਸਚ ਪਿਆਲਾ ਹੱਥ ਕਿਸੇ ਨਾ ਆਈਆ। ਕੋਟਨ ਕੋਟੀ ਰਾਮ ਰਹੇ ਧਿਆਏ, ਰਾਮ ਰਮੱਯਾ ਦਿਸ ਕਿਸੇ ਨਾ ਆਈਆ। ਕੋਟਨ ਕੋਟੀ ਕਾਹਨਾ ਕ੍ਰਿਸ਼ਨਾ ਬੰਸਰੀ ਰਹੇ ਵਜਾਏ, ਨਾਦ ਧੁਨ ਨਾ ਕੋਇ ਸੁਣਾਈਆ। ਕੋਟਨ ਕੋਟ ਜੋਗ ਅਭਿਆਸ ਰਹੇ ਕਮਾਏ, ਜੋਗੀ ਜਤੀ ਸਤੀ ਕੋਟਨ ਕੋਟ ਆਪਣਾ ਮਾਣ ਰਹੇ ਵਧਾਈਆ। ਕਲਜੁਗ ਅੰਤਮ ਸਭ ਬੇਆਸ ਤੜਫਾਏ, ਪੂਰੀ ਆਸ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਸਿਖ ਸਾਚੇ ਆਪ ਤਰਾਏ, ਆਪਣੇ ਬੇੜੇ ਲਏ ਚੜ੍ਹਾਈਆ। ਸਾਚੇ ਬੇੜੇ ਹਰਿ ਚੜ੍ਹਾਇੰਦਾ, ਨਿਰਗੁਣ ਚਪੂ ਏਕਾ ਲਾ। ਦੋ ਜਹਾਨਾਂ ਪਾਰ ਕਰਾਇੰਦਾ, ਸਤਿਗੁਰ ਸੱਚਾ ਬਣ ਮਲਾਹ। ਸਚ ਕਿਨਾਰਾ ਇਕ ਵਖਾਇੰਦਾ, ਤ੍ਰੈਗੁਣ ਅਗਨੀ ਨਾ ਲੱਗੇ ਭਾਹ, ਸਚ ਚੁਬਾਰਾ ਵੰਡ ਵੰਡਾਇੰਦਾ, ਸਚਖੰਡ ਦੁਆਰਾ ਕੁੰਡਾ ਦੇਵੇ ਲਾਹ। ਗੁਰਮੁਖ ਸਾਚੇ ਆਪ ਉਠਾਇੰਦਾ, ਸਚ ਸਰੂਪ ਸਿੰਘਾਸਣ ਵਛਾ। ਫੜ ਬਾਹੋਂ ਉਪਰ ਉਠਾਇੰਦਾ, ਜਨਨੀ ਜਨ ਬਣੇ ਪਿਤਾ ਮਾਂ, ਚਰਨ ਚਰਨੋਦਕ ਸੀਰ ਪਿਆਇੰਦਾ, ਰਸ ਮਿਲੇ ਏਕਾ ਥਾਂ। ਹੱਸ ਹੱਸ ਗਲੇ ਲਗਾਇੰਦਾ, ਦੇਵੇ ਸਿਰ ਠੰਡੀ ਛਾਂ। ਨੱਸ ਨੱਸ ਵੇਖ ਵਖਾਇੰਦਾ, ਪਾਂਧੀ ਆਪਣਾ ਪੰਧ ਮੁਕਾ। ਰਸ ਰਸ ਮੁਖ ਚੁਆਇੰਦਾ, ਸੋਹੰ ਮੰਮਾ ਮੁਖ ਲਗਾ। ਹਿਰਦੇ ਵਸ ਵਸ ਵੇਖ ਵਖਾਇੰਦਾ, ਆਪਣੀ ਕ਼ੁਦਰਤ ਆਪੇ ਮੇਲ ਮਿਲਾ। ਗੁਰਸਿਖ ਲੱਖ ਚੁਰਾਸੀ ਵਿਚੋਂ ਖਸ ਖਸ ਆਪਣੇ ਖਾਤੇ ਪਾਇੰਦਾ, ਆਪਣਾ ਖਾਤਾ ਦੂਸਰ ਕਿਸੇ ਨਾ ਦਏ ਵਖਾ। ਗੁਰਸਿਖਾਂ ਰਤ ਆਪਣੇ ਮਸਤਕ ਲਾਇੰਦਾ, ਰਤੀ ਰਤ ਗੁਰਸਿਖਾਂ ਚਰਨਾਂ ਥੱਲੇ ਦਏ ਵਹਾ। ਗੋਬਿੰਦ ਸਾਚੀ ਖੇਲ ਖਿਲਾਇੰਦਾ, ਚਾਰੇ ਬਾਣੀ ਸਮਝੇ ਨਾ। ਜਗਤ ਪੂਤ ਆਪੇ ਲੇਖੇ ਲਾਇੰਦਾ, ਧਾਰ ਧਾਰ ਨਾਲ ਸੀਸ ਕਟਾ। ਆਪੇ ਮਿਆਨ ਵਿਚ ਟਿਕਾਇੰਦਾ, ਕਰੇ ਖੇਲ ਬੇਪਰਵਾਹ। ਆਪੇ ਓਟ ਅਕਾਲ ਰਖਾਇੰਦਾ, ਪੁਰਖ ਅਕਾਲ ਸੰਗ ਬਣਾ, ਆਪੇ ਸੱਥਰ ਯਾਰ ਹੰਢਾਇੰਦਾ, ਆਪੇ ਸੁੱਤਾ ਦੇ ਸਰਾਹਣੇ ਬਾਂਹ। ਆਪੇ ਕੀਤਾ ਕੌਲ ਨਿਭਾਇੰਦਾ, ਰੂਪ ਅਨੂਪ ਲਏ ਪਰਗਟਾ। ਆਪਣੀ ਧਾਰਾ ਆਪ ਵਖਾਇੰਦਾ, ਆਪੇ ਦੇਵਣਹਾਰ ਸਲਾਹ। ਆਪੇ ਸੰਗਤ ਸੰਗ ਨਿਭਾਇੰਦਾ, ਜੁਗ ਵਿਛੜੇ ਲਏ ਮਿਲਾ। ਆਪੇ ਕਲਜੁਗ ਜੜ੍ਹ ਉਖੜਾਇੰਦਾ, ਛੋਟਾ ਬਾਲਾ ਨੀਹਾਂ ਹੇਠ ਦਬਾ। ਆਪੇ ਸਾਢੇ ਤਿੰਨ ਹੱਥ ਪੰਧ ਮੁਕਾਇੰਦਾ, ਜੋ ਘੜਿਆ ਸੋ ਭੰਨ ਕੇ ਦਏ ਵਖਾ। ਆਪੇ ਨੌਂ ਦੁਆਰ ਪੰਧ ਮੁਕਾਇੰਦਾ, ਨੌਂ ਖੰਡ ਵੇਖੇ ਚੜ੍ਹੇ ਚਾਅ। ਆਪੇ ਖੰਡ ਖੰਡ ਕਰਾਇੰਦਾ, ਸ਼ਬਦ ਕਟਾਰਾ ਇਕ ਚਮਕਾ। ਆਪੇ ਬਾਲ ਬਾਲਾ ਲੇਖੇ ਪਾਇੰਦਾ, ਹੁਕਮੀ ਭਾਣਾ ਆਪ ਵਰਤਾ। ਆਪੇ ਸ਼ਾਹ ਸੁਲਤਾਨਾਂ ਖ਼ਾਕ ਉਡਾਇੰਦਾ, ਚਾਰੋਂ ਕੁੰਟ ਫੇਰਾ ਪਾ। ਆਪੇ ਜਗਤ ਨਿਸ਼ਾਨੇ ਸਾਰੇ ਢਾਹਿੰਦਾ, ਸਚ ਨਿਸ਼ਾਨਾ ਦਏ ਚੜ੍ਹਾ। ਆਪੇ ਕਸੁੰਭੜੇ ਰੰਗ ਸਰਬ ਵਖਾਇੰਦਾ, ਸੱਤ ਰੰਗ ਨਿਸ਼ਾਨਾ ਲਏ ਰੰਗਾ। ਆਪੇ ਸੀਸ ਤਾਜ ਟਿਕਾਇੰਦਾ, ਆਪੇ ਗੋਬਿੰਦ ਮੇਲਾ ਲਏ ਮਿਲਾ। ਆਪੇ ਸਿੰਘ ਸੰਗਤ ਨਾਲ ਆਪਣਾ ਸੀਸ ਜਗਦੀਸ਼ ਵਟਾਇੰਦਾ, ਵਟਾਂਦਰਾ ਕਰੇ ਦੋ ਜਹਾਂ। ਆਪੇ ਤੇਜ਼ ਚੰਡ ਪਰਚੰਡ ਚਮਕਾਇੰਦਾ, ਨਾਮ ਖੰਡਾ ਹੱਥ ਉਠਾ। ਆਪੇ ਆਪਣੀ ਵੰਡ ਵੰਡਾਇੰਦਾ, ਕਰੇ ਕਰਾਏ ਸਚ ਨਿਆਂ। ਆਪੇ ਸੰਮਤ ਸੋਲਾਂ ਖੇਲ ਖਿਲਾਇੰਦਾ, ਸੰਮਤ ਸਤਾਰਾਂ ਪਕੜੇ ਬਾਂਹ। ਛੱਬੀ ਪੋਹ ਹੁਕਮ ਸੁਣਾਇੰਦਾ, ਵਰਤੇ ਵਰਤਾਵੇ ਇਕ ਮਿਹਰਵਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪੇ ਲਏ ਸਮਝਾ। ਹਰਿ ਲੇਖਾ ਸਚ ਸਮਝਾਇੰਦਾ, ਨਵ ਨੌਂ ਹਰਿ ਧਾਰ। ਨੌਂ ਨਵ ਲੇਖ ਲਖਾਇੰਦਾ, ਨਵ ਨੌਂ ਹੋਏ ਪਾਰ। ਨੌਂ ਨਵ ਰੰਗ ਰੰਗਾਇੰਦਾ, ਨਵ ਨੌਂ ਦਏ ਆਧਾਰ। ਨੌਂ ਨਵ ਲੇਖ ਲਖਾਇੰਦਾ, ਨੌਂ ਨਵ ਮਾਰੇ ਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨੌਂ ਖੰਡ ਪ੍ਰਿਥਮੀ ਤੇਰਾ ਇਕ ਬਣਾਏ ਸਾਚਾ ਦਰਬਾਰ। ਨੌਂ ਖੰਡ ਤੇਰਾ ਦਰਬਾਰ ਬਣਾਵਣਾ, ਹਰਿ ਸਾਚੇ ਦਇਆ ਕਮਾਈਆ। ਦਿਲੀ ਦੁਆਰਾ ਇਕ ਸੁਹਾਵਣਾ, ਸੰਤ ਮਨੀ ਸਿੰਘ ਗਿਆ ਨਿਸ਼ਾਨ ਲਗਾਈਆ। ਪੁਰਖ ਅਬਿਨਾਸ਼ੀ ਚਰਨ ਛੁਹਾਵਣਾ, ਕਲਜੁਗ ਮੇਟੇ ਝੂਠੀ ਸ਼ਾਹੀਆ। ਸ੍ਰਿਸ਼ਟ ਸਬਾਈ ਡੋਰ ਆਪਣੇ ਹੱਥ ਰਖਾਵਣਾ, ਦੂਸਰ ਸੰਗ ਨਾ ਕੋਇ ਵਖਾਈਆ। ਸ਼ਬਦ ਘੋੜਾ ਚਾਰ ਕੁੰਟ ਫਰਾਵਣਾ, ਪਵਣ ਪਵਣਾਂ ਭੇਵ ਨਾ ਰਾਈਆ। ਆਪਣਾ ਫ਼ਰਮਾਨ ਰਾਜ ਰਾਜਾਨ ਆਪ ਜਣਾਵਣਾ, ਹੁਕਮੀ ਹੁਕਮ ਇਕ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਵ ਖੰਡ ਪ੍ਰਿਥਮੀ ਬੰਨ੍ਹੇ ਧਾਰ, ਇਕ ਬਣਾਏ ਸਚ ਦਰਬਾਰ, ਦਰ ਦਰਬਾਰਾ ਆਪ ਸੁਹਾਈਆ। ਦਰ ਦਰਬਾਰ ਜਾਏ, ਹਰਿ ਸਾਚੇ ਵਡ ਵਡਿਆਈਆ। ਨੌਂ ਸੰਗ ਆਪ ਰਖਾਏ, ਇਕ ਅੱਠ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੌਵਾਂ ਗਿਣਤੀ ਦਏ ਸਮਝਾਈਆ। ਪਹਿਲਾ ਹੋਵੇ ਜੋਤੀ ਧਾਰ ਹਰਿ ਨਿਰੰਕਾਰ, ਵਿਸ਼ਨੂੰ ਭਗਵਾਨ ਜਗਤ ਵਡਿਆਈਆ। ਦੂਜਾ ਸ਼ਬਦ ਗੋਬਿੰਦ ਕਰ ਪਿਆਰ, ਏਕਾ ਸੰਬਲ ਰਥ ਚਲੇ ਸੰਸਾਰ, ਰਥ ਰਥਵਾਹੀ ਆਪ ਚਲਾਈਆ। ਨਾਲ ਰਲਾਏ ਪੰਜ ਪਿਆਰ, ਪੰਜ ਦੋ ਸੱਤ ਦਏ ਵਡਿਆਈਆ। ਅਠਵਾਂ ਰੱਖੇ ਨਾਲ ਲਿਖਾਰ, ਸਿੰਘ ਦਰਸ਼ਨ ਵਡ ਵਡਿਆਈਆ। ਨੌਵਾਂ ਹੁਕਮ ਧੁਰ ਫ਼ਰਮਾਨ, ਨੌਂ ਗ੍ਰੰਥਾਂ ਵਿਚ ਬੰਦ ਕਰਾਈਆ। ਲੈ ਕੇ ਜਾਏ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਵਾਲੀ ਹਿੰਦ ਉਠਾਏ ਉਠ ਨਾਦਾਨ, ਬਾਲੀ ਬੁਧ ਦਏ ਸਮਝਾਈਆ। ਘਰ ਆਇਆ ਚਲ ਭਗਵਾਨ, ਭੁਲ ਵਿਚ ਨਾ ਵਕ਼ਤ ਗਵਾਈਆ। ਜਿਸ ਦਿਤਾ ਰਾਜ ਜੋਗ ਮਾਣ, ਤਿਸ ਅੱਗੇ ਸੀਸ ਝੁਕਾਈਆ। ਜਿਸ ਪੰਜ ਤੱਤ ਬਣਾਇਆ ਤੇਰਾ ਨਿਸ਼ਾਨ, ਰਕਤ ਬੂੰਦ ਮੇਲ ਮਿਲਾਈਆ। ਅੰਤਮ ਕਰੇ ਸਰਬ ਕਲਿਆਣ, ਕਰਨਹਾਰ ਇਕ ਹੋ ਜਾਈਆ। ਬਣ ਭਿਖਾਰੀ ਮੰਗ ਲੈ ਭੂਮੀ ਸਾਢੇ ਤਿੰਨ ਹੱਥ ਦੇਵੇ ਦਾਨ, ਕਲਜੁਗ ਸੀਆਂ ਵੰਡ ਵੰਡਾਈਆ। ਸਭ ਦਾ ਦਾਤਾ ਬਣੇ ਆਪ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਉਪਾਏ ਦਇਆ ਕਮਾਏ ਆਪੇ ਘਰ ਘਰ ਰਿਜ਼ਕ ਪੁਚਾਈਆ। ਅਗਲਾ ਲੇਖਾ ਨਾ ਦੱਸੇ ਗੁਣ ਨਿਧਾਨ, ਆਪਣਾ ਲੇਖਾ ਆਪਣੇ ਵਿਚ ਛੁਪਾਈਆ।