Granth 10 Likhat 008: Tara Singh Chambal nu: Sahibjade di Puchh: Sachhe Sahibjade da bhev dassna

ਤਾਰਾ ਸਿੰਘ ਚੰਬਲ ਨੂੰ : ਸਾਹਿਬਜ਼ਾਦੇ ਦੀ ਪੁਛ : ਸੱਚੇ ਸਾਹਿਬਜ਼ਾਦੇ ਦਾ ਭੇਵ ਦੱਸਣਾ

ਸਾਹਿਬਜ਼ਾਦਾ ਏਕਾ ਸੁੱਤ, ਲੱਖ ਚੁਰਾਸੀ ਜਗਤ ਲੋਕਾਈਆ। ਆਪ ਉਪਾਏ ਅਬਿਨਾਸ਼ੀ ਅਚੁਤ, ਰਕਤ ਬੂੰਦ ਨਾ ਮੇਲ ਮਿਲਾਈਆ। ਸਦਾ ਸੁਹਾਏ ਆਪਣੀ ਰੁੱਤ, ਖ਼ਿਜ਼ਾਂ ਬਸੰਤ ਨਾ ਕੋਈ ਵਡਿਆਈਆ। ਆਪਣੀ ਗੋਦੀ ਰਿਹਾ ਚੁੱਕ, ਦੂਜੀ ਸੇਜ ਨਾ ਕੋਈ ਵਖਾਈਆ। ਭੰਡਾਰਾ ਦੇਵੇ ਇਕ ਅਤੁਟ, ਆਪਣੀ ਇਛਿਆ ਝੋਲੀ ਪਾਈਆ। ਆਦਿ ਜੁਗਾਦਿ ਨਾ ਜਾਏ ਨਿਖੁਟ, ਅਤੁਟ ਅਤੋਟ ਰਖਾਈਆ। ਆਪੇ ਚੜ੍ਹ ਚੜ੍ਹ ਵੇਖੇ ਸਾਚੀ ਚੋਟ, ਘਰ ਮੰਦਰ ਕਰ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਪੰਜ ਤੱਤ ਨਾ ਕੋਈ ਹੰਢਾਈਆ। ਆਪੇ ਜਾਣੇ ਆਪਣਾ ਓਤ ਪੋਤ, ਪਿਤਾ ਪੂਤ ਵੇਖ ਵਖਾਈਆ। ਆਪੇ ਧਾਗਾ ਆਪੇ ਸੂਤ, ਤਾਣਾ ਪੇਟਾ ਆਪੇ ਪਾਈਆ। ਆਪੇ ਕਾਇਆ ਵੇਖੇ ਕਲਬੂਤ, ਆਪੇ ਆਤਮ ਬ੍ਰਹਮ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬਜ਼ਾਦਾ ਇਕ ਪ੍ਰਗਟਾਈਆ। ਸਾਹਿਬਜ਼ਾਦਾ ਇਕ ਦੁਲਾਰ, ਆਦਿ ਜੁਗਾਦਿ ਸਮਾਇਆ। ਨਾ ਕੋਈ ਦੂਸਰ ਕਰੇ ਪਿਆਰ, ਨਾ ਕੋਈ ਮੇਲ ਮਿਲਾਇਆ। ਆਪਣਾ ਵਣਜ ਕਰੇ ਵਣਜਾਰ, ਵਣਜ ਵਣਜਾਰਾ ਆਪ ਹੋ ਜਾਇਆ। ਆਪੇ ਮਾਰਗ ਦੱਸੇ ਸੰਸਾਰ, ਆਪੇ ਵੇਖ ਵਖਾਇਆ। ਆਪੇ ਹੋਏ ਦਾਤਾ ਦਾਨੀ ਦੇਵਣਹਾਰ, ਸਤਿ ਭੰਡਾਰਾ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਏਕਾ ਸੁਤ ਲਏ ਪ੍ਰਗਟਾਇਆ। ਸੁਤ ਪ੍ਰਗਟਾਏ ਸ਼ਾਹ ਸੁਲਤਾਨ, ਸਿਰ ਆਪਣਾ ਹੱਥ ਰਖਾਈਆ। ਜੁਗਾ ਜੁਗੰਤਰ ਹੋਏ ਨਿਗਹਬਾਨ, ਭੁਲ ਕਦੇ ਨਾ ਜਾਈਆ। ਚਰਨ ਕਵਲ ਬਖ਼ਸ਼ੇ ਮਾਣ, ਧਰਤ ਧਵਲ ਦਏ ਵਡਿਆਈਆ। ਆਪੇ ਕਰੇ ਆਪਣੀ ਕਲਿਆਣ, ਕਾਲ ਮਹਾਕਾਲ ਨੇੜ ਨਾ ਆਈਆ। ਆਪ ਬਿਠਾਏ ਆਪਣੇ ਸਚ ਬਿਬਾਣ, ਦੂਸਰ ਓਟ ਨਾ ਕੋਈ ਤਕਾਈਆ। ਭੁਲ ਜਾਏ ਨਾ ਗੁਣ ਨਿਧਾਨ, ਗੁਣਵੰਤਾ ਸੱਚਾ ਸ਼ਹਿਨਸ਼ਾਹੀਆ। ਸਾਚੇ ਸੁਤ ਫੜਾਏ ਸਚ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਈਆ। ਸਾਹਿਬਜ਼ਾਦਾ ਹੋਏ ਪਰਵਾਨ, ਜਿਸ ਮਿਲਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਸੁਤ ਦਏ ਸਮਝਾਈਆ। ਸਾਹਿਬਜ਼ਾਦਾ ਇਕ ਸਪੁੱਤਰ, ਪੁਤਰ ਨਾ ਕੋਈ ਪਿਆਰਾ। ਕਰੇ ਖੇਲ ਆਪ ਬਚਿਤ੍ਰ, ਚਿਤ੍ਰ ਨਜ਼ਰ ਨਾ ਆਵੇ ਕੋਈ ਸੰਸਾਰਾ। ਆਦਿ ਜੁਗਾਦੀ ਬਣੇ ਹਿਤੜ, ਕਰੇ ਹਿੱਤ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁੱਤ ਦਏ ਹੁਲਾਰਾ। ਸਾਹਿਬਜ਼ਾਦਾ ਆਪ ਉਠਾਇਆ, ਕਲਜੁਗ ਅੰਤ ਵਾਰੀ। ਸ਼ਬਦੀ ਪੁਤ ਮੇਲ ਮਿਲਾਇਆ, ਨਾਤਾ ਤੋੜ ਸਰਬ ਸੰਸਾਰੀ। ਪੰਜ ਤੱਤ ਬੁਤ ਨਾ ਕੋਈ ਵਖਾਇਆ, ਤ੍ਰੈਗੁਣ ਬੰਨ੍ਹੇ ਨਾ ਕੋਈ ਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਸਾਹਿਬਜ਼ਾਦੇ ਪਾਵੇ ਆਪੇ ਸਾਰੀ। ਸਾਹਿਬਜ਼ਾਦਾ ਆਪ ਉਠਾਇਆ, ਕਰ ਕਿਰਪਾ ਹਰਿ ਕਰਤਾਰ। ਚੌਥੇ ਜੁਗ ਭੁਲ ਨਾ ਜਾਇਆ, ਨਰ ਹਰਿ ਨਰਾਇਣ ਸੱਚੀ ਸਰਕਾਰ। ਸ਼ਬਦ ਸੂਰਬੀਰ ਨਾਲ ਰਲਾਇਆ, ਆਪਣੀ ਹੱਥੀਂ ਖਿਚ ਸਤਾਰ। ਜਗਤ ਧਾਰ ਨਾ ਕੋਈ ਰਖਾਇਆ, ਅਗੰਮ ਅਗੰਮੜੀ ਕਰੇ ਕਾਰ। ਹੱਡ ਮਾਸ ਨਾੜੀ ਚਮੜਾ ਨਾ ਵੇਖ ਵਖਾਇਆ, ਮਨਮਤ ਬੁਧ ਨਾ ਕੋਈ ਵਿਚਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੱਚਾ ਲਏ ਉਠਾਲ। ਏਕਾ ਬੱਚਾ ਬਾਲੀ ਬੁਧ, ਸ਼ਬਦੀ ਸ਼ਬਦ ਉਠਾਇਆ। ਪੁਰਖ ਅਕਾਲ ਕਰੇ ਕਾਰਜ ਸੁੱਧ, ਕਾਰਜ ਕਰਨੇ ਆਪੇ ਆਇਆ। ਆਪ ਬਣਾਈ ਆਪਣੀ ਬਿਧ, ਵਿਦਿਆ ਪੜ੍ਹਨ ਕਿਸੇ ਘਰ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸਾਹਿਬਜ਼ਾਦਾ ਆਪਣੇ ਅੰਦਰ ਆਪ ਬਹਾਇਆ। ਸਾਬਿਹਜ਼ਾਦਾ ਬਹਾਇਆ ਅੰਦਰ, ਹਰਿ ਸਾਚਾ ਤਖ਼ਤ ਸੁਹਾਇਆ। ਆਪਣੀ ਹੱਥੀਂ ਲਾਇਆ ਜੰਦਰ, ਨਾ ਕੋਈ ਤੋੜ ਤੁੜਾਇਆ। ਵੇਖਣਹਾਰਾ ਡੂੰਘੀ ਕੰਦਰ, ਲੱਖ ਚੁਰਾਸੀ ਫੋਲ ਫੁਲਾਇਆ। ਜੀਵ ਜੰਤ ਨਾ ਜਾਣੇ ਭਾਗਾਂ ਮੰਦੜ, ਕਵਣ ਰੂਪ ਹਰਿ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪਣੇ ਦਰ, ਸੁਤ ਦੁਲਾਰੇ ਲਏ ਕਰਾਇਆ। ਸੁਤ ਦੁਲਾਰੇ ਮਿਲਿਆ ਮੇਲਾ, ਭਗਤ ਵਿਛੋੜਾ ਆਪ ਕਟਾਇੰਦਾ। ਆਪੇ ਗੁਰੂ ਆਪੇ ਚੇਲਾ, ਆਪੇ ਖੇਲ ਖਿਲਾਇੰਦਾ। ਆਪੇ ਜਾਣੇ ਆਪਣਾ ਵੇਲਾ, ਥਿਤ ਵਾਰ ਨਾ ਕੋਈ ਜਣਾਇੰਦਾ। ਆਪੇ ਵਸੇ ਇਕ ਇਕੇਲਾ, ਆਪੇ ਸਗਲਾ ਸੰਗ ਨਿਭਾਇੰਦਾ। ਆਪੇ ਸਗਨ ਮਨਾਏ ਚਾੜ੍ਹੇ ਤੇਲਾ, ਆਪੇ ਸਖ਼ੀਆਂ ਮੰਗਲ ਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਬਹਾਏ ਆਪਣੇ ਘਰ, ਆਪਣਾ ਦਰ ਆਪ ਵਸਾਇੰਦਾ। ਪਿਤਾ ਪੂਤ ਦਰ ਹੋਏ ਵਾਰਸ, ਪੁਰਖ ਅਕਾਲ ਸਮਝਾਈਆ। ਬਿਨ ਹਰਿ ਸ਼ਬਦ ਨਾ ਦਿਸੇ ਕੋਈ ਹੋਰ ਖ਼ਾਲਸ, ਤਤਵ ਤਤ ਵਿਕਾਰ ਭਰੀ ਲੋਕਾਈਆ। ਜਗਤ ਮਾਤ ਪਿਤ ਭੈਣ ਭਾਈ, ਸਾਕ ਸੱਜਣ ਸੈਣ ਸੌਂ ਜਾਣ ਕਰ ਕੇ ਆਲਸ, ਸਤਿਗੁਰ ਪੂਰਾ ਵਿਸਰ ਜਾਈਆ। ਸੱਚਾ ਸਾਹਿਬਜ਼ਾਦਾ ਸਦਾ ਚਰਨ ਕਵਲ ਚਰਨ ਬਣਿਆ ਰਹੇ ਬਾਲਕ, ਜਵਾਨ ਰੂਪ ਨਾ ਕੋਇ ਵਟਾਈਆ। ਵੇਖਣਹਾਰਾ ਖ਼ਲਕ ਖ਼ਾਲਕ, ਮਖ਼ਲੂਕ ਲਾਸ਼ਰੀਕ ਇਕ ਖ਼ੁਦਾਈਆ। ਆਪੇ ਬਣੇ ਆਪਣਾ ਸਾਲਸ, ਦੂਸਰ ਮੰਗੇ ਨਾ ਕਿਸੇ ਦੀ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸੁਤ ਇਕ ਸਮਝਾਈਆ। ਏਕਾ ਸੁਤ ਸ਼ਬਦ ਧਾਰ, ਗੋਬਿੰਦ ਨਾਉਂ ਪ੍ਰਗਟਾਇਆ। ਪੁਰਖ ਅਬਿਨਾਸ਼ੀ ਆਪਣਾ ਆਪ ਆਪੇ ਲਏ ਵਿਚਾਰ, ਦੂਜਾ ਮਤ ਦੇ ਨਾ ਕੋਈ ਸਮਝਾਇਆ। ਆਪਣੀ ਪਾਵੇ ਨਾ ਕੋਈ ਸਾਰ, ਦੂਜੇ ਦਾ ਵਰ ਮੰਗਣ ਬਣ ਨਿਧਾਨ ਬਣ ਕੇ ਆਇਆ। ਅਜੇ ਲਹਿਣਾ ਨਹੀਂ ਮੁੱਕਿਆ ਚੁੱਕਿਆ ਨੌਂ ਨੌਂ ਜਾਮੇ, ਪ੍ਰਭ ਡੰਨ ਦੇਂਦਾ ਆਇਆ। ਪਹਿਲੋਂ ਮੰਗੀ ਆਪਣੀ ਰੰਗਣ, ਸਤਿਗੁਰ ਪੂਰਾ ਦਏ ਚੜ੍ਹਾਇਆ। ਜੋ ਦਰ ਤੇ ਮੰਗਦੇ ਸੰਗਣ, ਪ੍ਰਭ ਧੱਕਾ ਦੇਵੇ ਲਾਇਆ। ਆਪੇ ਸੁਤ ਬਿਠਾਏ ਅੰਗਣ, ਗੁਰਸਿਖ ਸਾਚੇ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਬਣਾਏ ਸਾਹਿਬਜ਼ਾਦਾ, ਦੇਵੇ ਆਪਣੀ ਦਾਦ, ਵਸਤ ਅਮੋਲਕ ਝੋਲੀ ਪਾਈਆ। ਸਾਚੀ ਵਸਤ ਹੱਥ ਫੜਾਈ, ਲੇਖਾ ਰਹੇ ਨਾ ਰਾਈਆ। ਪਿਤਾ ਪੂਤ ਵੱਜੀ ਵਧਾਈ, ਸੁਣੇ ਸਰਬ ਲੋਕਾਈਆ। ਜੀਵ ਜੰਤ ਭੁੱਲੇ ਰਾਹੀ, ਸਾਚਾ ਪੰਧ ਨਾ ਕੋਈ ਮੁਕਾਈਆ। ਬਣ ਕੇ ਚਾਤਰ ਰਹੇ ਸਮਝਾਈ, ਭਗਵਨ ਭਰਮ ਭੁਲੇਖੇ ਆਪਣੇ ਆਪ ਗਿਆ ਭੁਲਾਈਆ। ਜਨਮ ਜਨਮ ਦੀ ਲੱਥੀ ਨਾ ਮਸਤਕ ਸ਼ਾਹੀ, ਕਾਲਖ ਟਿੱਕਾ ਨਾ ਕੋਈ ਧੁਆਈਆ। ਜੋ ਜਨ ਸਾਹਿਬ ਸਤਿਗੁਰ ਪੂਰੇ ਦਾ ਹੁਕਮ ਮੰਨੇ ਨਾਹੀ, ਦਰ ਘਰ ਸਾਚੇ ਨਾ ਮਿਲੇ ਵਡਿਆਈਆ । ਪਿਤਾ ਪੂਤ ਪੂਤ ਪਿਤਾ ਕੋਲੋਂ ਮੰਗੇ ਚਾਈਂ ਚਾਈਂ, ਦੇਵਣਹਾਰ ਥਾਉਂ ਥਾਈਆ, ਆਦਿ ਜੁਗਾਦਿ ਕਰੇ ਨਿਆਈਂ, ਨਿਵਣ ਸੋ ਅੱਖਰ ਇਕ ਪੜ੍ਹਾਈਆ। ਪਕੜ ਉਠਾਏ ਆਪ ਲਗਾਏ ਗਲ ਆਪਣੀ ਬਾਹੀਂ, ਆਪਣੀਆਂ ਭੁਜਾਂ ਆਪ ਵਖਾਈਆ। ਸਦਾ ਸੁਹੇਲਾ ਦੇਵੇ ਠੰਡੀਆਂ ਛਾਈਂ, ਸਿਰ ਸਮਰਥ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਅਵਰ ਨਾ ਕੋਇ ਜਣਾਈਆ। ਕਿਆ ਕੋਈ ਸਿਖਿਆ ਦੇਵੇ ਮਤ, ਮਤਹੀਣ ਜਗਤ ਸੰਸਾਰਾ। ਜਿਸ ਆਦਿ ਜੁਗਾਦਿ ਆਪਣਾ ਕੀਆ ਉਤਪਤ, ਉਤਪਤ ਹੋਏ ਵੇਖਣਹਾਰਾ। ਦੋ ਜਹਾਨਾਂ ਚਲਾਏ ਰਥ, ਰਥ ਰਥਵਾਹੀ ਖੇਲ ਨਿਰੰਕਾਰਾ। ਆਪਣੀ ਮਹਿਮਾ ਜਾਣੇ ਅਕਥ, ਬ੍ਰਹਮਾ ਚਾਰ ਮੁਖੀ ਨਾ ਪਾਵੇ ਸਾਰਾ। ਆਪਣਾ ਸੁਤ ਉਪਜਾਇਆ ਬਿਨ ਬੂੰਦ ਰਤ, ਨਿਰਗੁਣ ਨਾਰੀ ਨਿਰਗੁਣ ਕੰਤ ਭਤਾਰਾ। ਸਿੰਘ ਤਾਰਾ ਕਿਉਂ ਬੈਠਾ ਸੱਥਰ ਘੱਤ, ਹਰਿ ਕਾ ਸ਼ਬਦ ਨਾ ਮਨ ਵਿਚਾਰਾ। ਕਿਆ ਕੋਈ ਸਮਝਾਵੇ ਕਰ ਕਰ ਅਰਥ, ਭਗਵਨ ਕਦੇ ਨਾ ਭੁਲਣਹਾਰਾ। ਬਿਨ ਭਗਵਨ ਕੋਇ ਨਾ ਸਕੇ ਪਰਖ, ਪੂਰਬ ਜਨਮਾਂ ਕਰੇ ਨਾ ਕੋਈ ਵਿਚਾਰਾ। ਨਾ ਕੋਈ ਸੋਗ ਨਾ ਕੋਈ ਹਰਖ, ਨਿਹਕਲੰਕ ਰੂਪ ਅਨੂਪ ਬਣਿਆ ਆਪ ਨਿਰੰਕਾਰਾ। ਗੁਰਸਿਖਾਂ ਉਤੇ ਅੰਮ੍ਰਿਤ ਮੇਘ ਦੇਵੇ ਬਰਸ, ਕਾਇਆ ਕਰੇ ਠੰਡੀ ਠਾਰਾ। ਜੋ ਜਨ ਨੇਤਰ ਲੋਚਣ ਨੈਣ ਕਰੇ ਦਰਸ, ਤ੍ਰੈ ਕਾਲ ਦਰਸੀ ਕਰੇ ਪਾਰ ਕਿਨਾਰਾ। ਆਵਣ ਜਾਵਣ ਪਤਤ ਪਾਵਣ ਤ੍ਰੈਭਵਣ ਧਨੀ ਮੇਟੇ ਹਰਸ, ਨਾਤਾ ਤੋੜ ਸਰਬ ਸੰਸਾਰਾ। ਲੇਖਾ ਜਾਣੇ ਅਰਸ਼ ਫ਼ਰਸ਼, ਕੁਰਸ਼ ਕੁਰਾ ਚਰਨ ਦੁਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਸੁਤ ਦੁਲਾਰਾ। ਸੁਤ ਦੁਲਾਰਾ ਸਾਧ ਸੰਗਤ, ਦੂਸਰ ਅਵਰ ਨਾ ਕੋਇ ਜਣਾਈਆ। ਅੱਠੇ ਪਹਿਰ ਰਹੇ ਮੰਗਤ, ਦੇਵਣਹਾਰ ਆਪ ਹੋ ਜਾਈਆ। ਦਰ ਆਇਆਂ ਚਾੜ੍ਹੇ ਸਾਚੀ ਰੰਗਤ, ਰੰਗਤ ਉਤਰ ਕਦੇ ਨਾ ਜਾਈਆ। ਗੜ੍ਹ ਤੋੜ੍ਹੇ ਹਉਂਮੇ ਹੰਗਤ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਸਾਚਾ ਸੁਤ ਜੇਠਾ ਪੁਤ, ਗੁਰਮੁਖ ਵਡ ਸਾਲਾਹੀਆ। ਜਿਸ ਉਪਰ ਸਾਹਿਬ ਜਾਏ ਤੁਠ, ਗੁਰਮੁਖ ਸਾਚਾ ਜਾਣੀਏ, ਜਿਸ ਅੰਤਰ ਬ੍ਰਹਮ ਪਿਆਰ। ਗੁਰਸਿਖ ਸੱਚਾ ਜਾਣੀਏ, ਜਿਸ ਹਿਰਦੇ ਵਸੇ ਮੁਰਾਰ। ਗੁਰਸਿਖ ਸੱਚਾ ਜਾਣੀਏ, ਹਰਖ ਸੋਗ ਤੋਂ ਵਸੇ ਬਾਹਰ। ਗੁਰਸਿਖ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਜਣਾਏ ਸਾਚੀ ਸਾਰ। ਗੁਰਸਿਖ ਸੱਚਾ ਜਾਣੀਏ, ਜਗਤ ਨਾਤਾ ਤੋੜੇ ਮੋਹ। ਗੁਰਸਿਖ ਸੱਚਾ ਜਾਣੀਏ, ਗੁਰ ਚਰਨ ਜਾਏ ਛੋਹ। ਗੁਰਸਿਖ ਸੱਚਾ ਜਾਣੀਏ, ਦੁਰਮਤ ਮੈਲ ਲੇਵੇ ਧੋ। ਗੁਰਸਿਖ ਸੱਚਾ ਜਾਣੀਏ, ਗੁਰ ਗੋਦੀ ਜਾਏ ਸੌਂ। ਗੁਰਸਿਖ ਸੱਚਾ ਜਾਣੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਂ। ਗੁਰਸਿਖ ਸੱਚਾ ਜਾਣੀਏ, ਜੋ ਭਾਣਾ ਮੰਨੇ ਕਰਤਾਰ। ਗੁਰਸਿਖ ਸੱਚਾ ਜਾਣੀਏ, ਜੋ ਨਾਤਾ ਤੋੜੇ ਜਗਤ ਸੰਸਾਰ। ਗੁਰਸਿਖ ਸੱਚਾ ਜਾਣੀਏ, ਗੁਰ ਚਰਨ ਧੂੜੀ ਕਰੇ ਸ਼ਿੰਗਾਰ। ਗੁਰਸਿਖ ਸੱਚਾ ਜਾਣੀਏ, ਗੁਰ ਨਾਉਂ ਕਰੇ ਅਧਾਰ। ਗੁਰਸਿਖ ਸੱਚਾ ਜਾਣੀਏ, ਗੁਰ ਅੰਮ੍ਰਿਤ ਮੰਗੇ ਅਮਰ ਭੰਡਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਦੇਵਣਹਾਰ। ਗੁਰਸਿਖ ਸੱਚਾ ਜਾਣੀਏ, ਜਿਸ ਗੁਰ ਕੇ ਨਾਉਂ ਰੰਗ। ਗੁਰਸਿਖ ਸੱਚਾ ਜਾਣੀਏ, ਆਤਮ ਸੋਏ ਸੇਜ ਪਲੰਘ। ਗੁਰਸਿਖ ਸੱਚਾ ਜਾਣੀਏ, ਘਰ ਅੱਠੇ ਪਹਿਰ ਅਨਹਦ ਸ਼ਬਦ ਵੱਜੇ ਮਰਦੰਗ। ਸਤਿਗੁਰ ਸੱਚਾ ਆਖੀਏ, ਆਪਣੇ ਅੰਦਰ ਆਪਣੇ ਮੰਦਰ ਆਪੇ ਜਾਏ ਲੰਘ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਵੰਡ। ਗੁਰਸਿਖ ਓਹ ਨਾ ਆਖੀਏ, ਜੋ ਮਾਇਆ ਰਹੇ ਲਪਟਾਏ। ਗੁਰਸਿਖ ਓਹ ਨਾ ਆਖੀਏ, ਜੋ ਤ੍ਰਿਸ਼ਨਾ ਭੁੱਖ ਵਧਾਏ। ਗੁਰਸਿਖ ਓਹ ਨਾ ਆਖੀਏ, ਜੋ ਜਨ ਸ਼ਿੰਗਾਰ ਵੇਸਵਾ ਰੂਪ ਵਟਾਏ। ਗੁਰਸਿਖ ਓਹ ਨਾ ਆਖੀਏ, ਗੁਰ ਸੰਗਤ ਵਿਚ ਉਚਾ ਬਹਿ ਬਹਿ ਆਪਣਾ ਰੂਪ ਪ੍ਰਗਟਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤੱਤ ਰਿਹਾ ਸਮਝਾਏ। ਗੁਰਸਿਖ ਓਹ ਨਾ ਆਖੀਏ, ਜਿਸ ਆਤਮ ਅੰਤਰ ਨਾ ਇਕ ਧਿਆਨ। ਗੁਰਸਿਖ ਓਹ ਨਾ ਆਖੀਏ, ਜਿਸ ਮਨ ਭਰਿਆ ਮਾਣ ਅਭਿਮਾਣ। ਗੁਰਸਿਖ ਓਹ ਨਾ ਆਖੀਏ, ਜੋ ਮੰਗੇ ਪੀਣ ਖਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਆਪੇ ਜਾਣੇ ਆਪਣੀ ਸਚ ਪਛਾਣ। ਗੁਰਸਿਖ ਸੱਚਾ ਆਖੀਏ, ਜੋ ਭਾਣਾ ਮੰਨੇ ਨਿਰੰਕਾਰ। ਗੁਰਸਿਖ ਓਹ ਨਾ ਆਖੀਏ, ਜਗਤ ਤ੍ਰਿਸ਼ਨਾ ਹੋਏ ਖਵਾਰ। ਗੁਰਸਿਖ ਸੱਚਾ ਆਖੀਏ, ਦਰ ਮੰਗੇ ਠੰਡਾ ਦਰਬਾਰ। ਗੁਰਸਿਖ ਓਹ ਨਾ ਆਖੀਏ, ਤਨ ਭਰਿਆ ਰਹੇ ਕਾਮ ਕਰੋਧ ਲੋਭ ਮੋਹ ਹੰਕਾਰ। ਗੁਰਸਿਖ ਸੱਚਾ ਆਖੀਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖੇ ਵਿਗਸੇ ਕਰੇ ਵਿਚਾਰ। ਹਰਿ ਪੁਰਖ ਨਿਰੰਜਣ ਵਡਿਆਈ ਧੰਨ, ਆਪਣੀ ਮਹਿਮਾ ਆਪ ਗਣਾਇੰਦਾ। ਸੋ ਪੁਰਖ ਨਿਰੰਜਣ ਵਡਿਆਈ ਧੰਨ, ਆਪਣੀ ਖੇਲ ਆਪ ਖਿਲਾਇੰਦਾ। ਹਰਿ ਪੁਰਖ ਨਿਰੰਜਣ ਵਡਿਆਈ ਧੰਨ, ਆਪਣੀ ਵੇਲ ਆਪ ਵਧਾਇੰਦਾ। ਏਕੰਕਾਰਾ ਵਡਿਆਈ ਧੰਨ, ਆਪਣਾ ਮੇਲ ਆਪ ਮਿਲਾਇੰਦਾ। ਆਦਿ ਨਿਰੰਜਣ ਵਡਿਆਈ ਧੰਨ, ਬਿਨ ਤੇਲ ਬਾਤੀ ਨਿਰਗੁਣ ਜੋਤ ਆਪ ਜਗਾਇੰਦਾ। ਸ੍ਰੀ ਭਗਵਾਨ ਵਡਿਆਈ ਧੰਨ, ਸਗਲਾ ਸਾਥੀ ਸੰਗ ਨਿਭਾਇੰਦਾ। ਅਬਿਨਾਸ਼ੀ ਕਰਤਾ ਵਡਿਆਈ ਧੰਨ, ਆਪਣੀ ਘਾਟੀ ਆਪੇ ਪਾਰ ਕਰਾਇੰਦਾ। ਪਾਰਬ੍ਰਹਮ ਵਡਿਆਈ ਧੰਨ, ਆਪਣੀ ਬਾਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਹਰਿ ਖੇਲ ਖਿਲਾਇੰਦਾ। ਕਰ ਕਿਰਪਾ ਗੁਣ ਨਿਧਾਨ, ਸਤਿਗੁਰ ਆਪਣਾ ਰੂਪ ਪ੍ਰਗਟਾਇੰਦਾ। ਦੋ ਜਹਾਨਾਂ ਹੋ ਪਰਧਾਨਾ, ਭਗਤ ਭਗਵੰਤ ਵੇਖ ਵਖਾਇੰਦਾ। ਲੋਕਮਾਤ ਚੁਕਾਏ ਕਾਨ, ਸਾਚੇ ਸੰਤ ਕੰਤ ਹੰਢਾਇੰਦਾ। ਆਦਿ ਜੁਗਾਦੀ ਹੋ ਮਿਹਰਵਾਨ, ਗੁਰਮੁਖ ਆਪਣੀ ਗੋਦ ਬਹਾਇੰਦਾ। ਵੇਖਣਹਾਰਾ ਬਾਲ ਨਾਦਾਨ, ਗੁਰਸਿਖ ਸਾਚੇ ਰੰਗ ਰੰਗਾਇੰਦਾ। ਰੰਗ ਮਜੀਠੀ ਇਕ ਮਹਾਨ, ਚੌਹਾਂ ਮੇਲਾ ਆਪ ਮਿਲਾਇੰਦਾ। ਚੌਥੇ ਜੁਗ ਹੋ ਪਰਧਾਨ, ਮਾਨਸ ਜਨਮ ਫੇਰ ਦਵਾਇੰਦਾ। ਮਾਨਸ ਮਾਨਸ ਕਰ ਨਿਸ਼ਾਨ, ਜਗਤ ਵਿਛੋੜਾ ਪੰਧ ਮੁਕਾਇੰਦਾ। ਮੇਲ ਮਿਲਾਏ ਹਰਿ ਹਰਿ ਆਣ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਕਾਇਆ ਕਪੜ ਕਰੇ ਕਲਿਆਣ, ਝੂਠੀ ਮਾਟੀ ਆਪ ਧੁਆਇੰਦਾ। ਧੋਬੀ ਬਣ ਸ੍ਰੀ ਭਗਵਾਨ, ਸਾਚੀ ਭੱਠੀ ਆਪੇ ਤਾਇੰਦਾ। ਆਪਣਾ ਲੰਬੂ ਆਪੇ ਲਾਇਆ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਵੇਖ ਵਖਾਇੰਦਾ। ਚੌਥੇ ਜੁਗ ਸਾਚੇ ਸੰਤ ਉਭਾਰ, ਭਗਵੰਤ ਮੇਲ ਮਿਲਾਈਆ। ਗੁਰਮੁਖ ਗੁਰਸਿਖ ਸੋਹੇ ਇਕ ਦੁਆਰ, ਦਰ ਦੁਆਰਾ ਆਪ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਫੋਲ ਫੁਲਾਈਆ। ਅੱਠਾਂ ਤੱਤਾਂ ਕਰੇ ਵਿਚਾਰ, ਨੌਂ ਦੁਆਰੇ ਖੋਜ ਖੁਜਾਈਆ। ਸੁਖ਼ਮਨ ਟੇਢੀ ਜਾਣੇ ਨਾੜ, ਬੰਕ ਦੁਆਰ ਸੱਚਾ ਸ਼ਹਿਨਸ਼ਾਹੀਆ। ਅਨਹਦ ਸ਼ਬਦ ਜਾਣੇ ਧੁਨਕਾਰ, ਨਾਦ ਅਨਾਦੀ ਆਪ ਵਜਾਈਆ। ਨਿਝਰ ਝਿਰਨਾ ਵੇਖੇ ਅਪਰ ਅਪਾਰ। ਕਵਲ ਨਾਭ ਆਪ ਝਿਰਾਈਆ। ਆਪੇ ਖੋਲ੍ਹੇ ਬੰਦ ਕਿਵਾੜ, ਆਪਣਾ ਪਰਦਾ ਦਏ ਉਠਾਈਆ। ਆਪੇ ਸੇਜਾ ਕਰੇ ਪਿਆਰ, ਦਸਮ ਦੁਆਰੀ ਆਪ ਸੁਹਾਈਆ। ਆਪੇ ਆਸਣ ਲਾਏ ਸੱਚੀ ਸਰਕਾਰ, ਨਿਰਗੁਣ ਬਣ ਕੇ ਸਾਚਾ ਮਾਹੀਆ। ਆਪੇ ਸੁਰਤ ਸੁਵਾਣੀ ਆਪਣੇ ਦੁਆਰ, ਖਿਚ ਬਹਾਏ ਵਾਹੋ ਦਾਹੀਆ। ਨੌਂ ਸੌ ਚੁਰਾਨਵਾਂ ਚੌਕੜੀ ਜੁਗ ਜੋਗ ਅਭਿਆਸ ਹੱਠ ਤਪ ਕਰਦਾ ਰਿਹਾ ਵਿਚਾਰ, ਲੇਖਾ ਲੇਖੇ ਵਿਚ ਲਗਾਈਆ। ਕਲਜੁਗ ਅੰਤਮ ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਾਰ ਜੁਗ ਦੇ ਮੇਲ ਵਿਛੜੇ ਯਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਭੁਲ ਨਾ ਜਾਈਆ। ਕੋਈ ਰਵੇ ਰਾਮ ਰਾਮ ਕਰੇ ਪੁਕਾਰ, ਕੋਈ ਕ੍ਰਿਸ਼ਨ ਰਹੇ ਧਿਆਈਆ। ਕੋਈ ਆਦਿ ਸ਼ਕਤ ਕਰੇ ਨਿਮਸਕਾਰ, ਨਮੋ ਨਮੋ ਕੋਇ ਅਖਵਾਈਆ । ਕੋਈ ਊਚੀ ਕੂਕ ਕਰੇ ਪੁਕਾਰ, ਐਹਨਲਹੱਕ ਸਦਾ ਲਗਾਈਆ। ਕੋਈ ਮੁਕਾਮੇ ਹੱਕ ਲੱਭੇ ਯਾਰ, ਹੱਕ ਹਕ਼ੀਕ਼ਤ ਦਏ ਗਵਾਹੀਆ। ਕੋਈ ਨਾਮ ਨਾਮ ਸਤਿ ਰਹੇ ਉਚਾਰ, ਕੋਈ ਵਾਹਿਗੁਰੂ ਫ਼ਤਹਿ ਗਜਾਈਆ। ਸਭ ਦਾ ਸਾਂਝਾ ਇਕੋ ਯਾਰ, ਪੁਰਖ ਅਕਾਲ ਨਾਉਂ ਧਰਾਈਆ। ਕਰਨ ਆਇਆ ਜਗਤ ਪਿਆਰ, ਸ੍ਰਿਸ਼ਟ ਸਬਾਈ ਵੇਖੇ ਥਾਉਂ ਥਾਈਂਆਂ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਗੁਰਮੁਖ ਸਾਚੇ ਲਏ ਮਿਲਾਈਆ। ਆਪਣਾ ਗੁੰਦਨ ਆਇਆ ਸਾਚਾ ਹਾਰ, ਜੋਤ ਅਕਾਲਣ ਬਣ ਕੇ ਮਾਲਣ, ਤਿੰਨਾਂ ਲੋਕਾਂ ਚੌਦਾਂ ਹੱਟਾਂ ਪੰਧ ਮੁਕਾਈਆ। ਗੁਰਸਿਖਾਂ ਅੱਗੇ ਬਣਿਆ ਆਪ ਸਵਾਲਣ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਹਰਿ ਆਪਣੀ ਦਇਆ ਕਮਾਈਆ। ਚਾਰ ਜੁਗ ਦਾ ਜਗਤ ਵਿਛੋੜਾ, ਹਰਿ ਹਰਿ ਪੰਧ ਮੁਕਾਇੰਦਾ। ਪੁਰਖ ਅਬਿਨਾਸ਼ੀ ਚੜ੍ਹਿਆ ਸਾਚੇ ਘੋੜਾ, ਹਰਿ ਕਾ ਘੋੜਾ ਦਿਸ ਨਾ ਆਇੰਦਾ। ਦੋ ਜਹਾਨਾਂ ਫਿਰੇ ਦੌੜਾ, ਲੋਆਂ ਪੁਰੀਆਂ ਪੰਧ ਮੁਕਾਇੰਦਾ। ਏਥੇ ਓਥੇ ਲਾਇਆ ਇਕੋ ਪੌੜਾ, ਏਕਾ ਡੰਡਾ ਉਪਰ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖੇ ਮਿੱਠਾ ਕੌੜਾ, ਘਟ ਘਟ ਅੰਦਰ ਫੋਲ ਫੁਲਾਇੰਦਾ। ਹਰਿ ਸੰਗਤ ਹਰਿ ਜੂ ਆਪੇ ਬੌਹੜਾ, ਹਰਿ ਮੰਦਰ ਇਕ ਸੁਹਾਇੰਦਾ। ਜਨਮ ਜਨਮ ਦੀ ਬੁਝਾਏ ਪਿਆਸ ਲੱਗੀ ਔੜਾ, ਸਾਂਤਕ ਸਤਿ ਸਤਿ ਕਰਾਇੰਦਾ। ਸੱਸੇ ਉਪਰ ਲਾਇਆ ਏਕਾ ਹੋੜਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ । ਗੁਰਸਿਖ ਤੇਰੇ ਰਾਹ ਵਿਚ ਨਾ ਅਟਕਾਏ ਕੋਈ ਰੋੜਾ, ਕੋਟਨ ਕੋਟ ਬ੍ਰਹਿਮੰਡ ਆਪਣੇ ਚਰਨਾਂ ਹੇਠ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਸਾਚੇ ਸੁਖ ਗੁਰਸਿਖ ਲੇਖੇ ਆਪੇ ਰੱਖ, ਸੰਤਨ ਪਾਵੇ ਸਾਚੀ ਭਿੱਖ, ਭਗਤਨ ਨੇਤਰ ਆਪੇ ਪੇਖ, ਪੇਖਣਹਾਰ ਦਇਆ ਕਮਾਈਆ। ਭਗਤ ਸੰਤ ਗੁਰਮੁਖ ਗੁਰਸਿਖ, ਜਗਤ ਅੰਤਮ ਮੇਲ ਮਿਲਾਇਆ। ਧੁਰ ਦਾ ਲੇਖ ਅਪੇ ਲਿਖ, ਪਿਛਲਾ ਲੇਖ ਚੁਕਾਇਆ। ਸਾਚੀ ਸਿਖਿਆ ਸਚ ਸਮਝਾਏ ਸਿਕ, ਸਬਰ ਸਬੂਰੀ ਸੰਗ ਰਖਾਇਆ। ਪੁਰਖ ਅਬਿਨਾਸ਼ੀ ਸਾਚਾ ਪਿਤ, ਪਿਤਾ ਪੂਤ ਦਏ ਵਡਿਆਇਆ। ਕਲਜੁਗ ਅੰਤਮ ਕਰਨ ਆਇਆ ਹਿੱਤ, ਨਿਤ ਨਵਿਤ ਜੋ ਖੇਲ ਖਿਲਾਇਆ। ਲੇਖਾ ਜਾਣੇ ਦਹਿ ਦਿਸ਼, ਚਾਰ ਕੁੰਟ ਫੋਲ ਫੁਲਾਇਆ। ਦਰ ਆਏ ਲਾਹੇ ਝੂਠੀ ਵਿਖ, ਅੰਮ੍ਰਿਤ ਏਕਾ ਜਾਮ ਪਿਆਇਆ। ਪੁਤਰਾਂ ਦੇਵੇ ਸਾਚੀ ਭਿੱਖ, ਭਿਛਿਆ ਸਾਚੀ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਇਆ। ਹਰਿ ਸੰਗਤ ਹਰਿ ਵਡਿਆਇੰਦਾ, ਆਏ ਚਰਨ ਦੁਆਰ। ਭੁੱਖਿਆਂ ਭੁੱਖ ਗਵਾਇੰਦਾ, ਦੇਵੇ ਨਾਮ ਆਧਾਰ। ਆਪਣੇ ਆਪ ਮਨਾਇੰਦਾ, ਜੁਗ ਜੁਗ ਵਿਛੜੇ ਯਾਰ। ਝੂਠਿਆਂ ਸਚ ਕਰਾਇੰਦਾ, ਦੇਵੇ ਦਰਸ ਦੀਦਾਰ। ਲੁਟਿਆਂ ਘਰ ਵਸਾਇੰਦਾ, ਉਜੜੇ ਫੇਰ ਨਾ ਵਿਚ ਸੰਸਾਰ। ਮਾਵਾਂ ਪੁੱਤਰਾਂ ਗੋਦ ਸੁਹਾਇੰਦਾ, ਪੂਤ ਸਪੂਤਾ ਦਏ ਆਧਾਰ। ਖ਼ਾਲੀ ਗੋਦ ਨਾ ਕੋਈ ਰਖਾਇੰਦਾ, ਜੋ ਨਾਰੀ ਮੰਗੇ ਸੁਤ ਦੁਲਾਰ। ਪੁਰਖ ਅਬਿਨਾਸ਼ੀ ਦਇਆ ਕਮਾਇੰਦਾ, ਨਿਰਗੁਣ ਸਰਗੁਣ ਕਰ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਚਰਨ ਪਿਆਰ ਰੱਖੋ ਆਸ, ਚਰਨ ਕਵਲ ਚਿਤ ਲਾਇਆ। ਕਰੇ ਖੇਲ ਹਰਿ ਸ਼ਾਹੋ ਸ਼ਾਬਾਸ਼, ਸ਼ਾਸਤਰ ਸਿਮਰਤ ਭੇਵ ਨਾ ਰਾਇਆ। ਗੁਰਸਿਖਾਂ ਅੰਦਰ ਕਰੇ ਵਾਸ, ਵਾਸ ਨਿਵਾਸਾ ਆਪ ਧਰਾਇਆ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜ ਪ੍ਰਭਾਸ਼, ਡੂੰਘੀ ਕੰਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦਏ ਵਡਿਆਇਆ। ਹਰਿ ਸੰਗਤ ਵਡਿਆਈ ਵਡ, ਵਡ ਵੱਡਾ ਵਡ ਆਪ ਵਡਿਆਇੰਦਾ। ਛੱਬੀ ਪੋਹ ਲਡਾਏ ਲਡ, ਆਪਣੀ ਖੇਲ ਆਪ ਕਰਾਇੰਦਾ। ਸਤਾਰਾਂ ਸਾਲ ਜੋ ਆਪਣਾ ਫ਼ਰਮਾਨ ਆਪਣੇ ਵਿਚੋਂ ਰਿਹਾ ਕੱਢ, ਆਪੇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਖਿਲਾਇੰਦਾ। ਆਪਣੀ ਧਾਰ ਸ਼ਬਦ ਗੁਣ, ਗੁਣਵੰਤਾ ਗੁਣ ਜਣਾਈਆ। ਸੰਤ ਮਨੀ ਸਿੰਘ ਤੇਰੀ ਪੁਕਾਰ ਲਏ ਸੁਣ, ਸੁਨਣਹਾਰ ਇਕ ਅਖਵਾਈਆ। ਤੇਰਾ ਲੇਖਾ ਦੇਵੇ ਚੁਣ ਚੁਣ, ਲੱਖ ਚੁਰਾਸੀ ਫੋਲ ਫੁਲਾਈਆ। ਮੇਰਾ ਨਾਦ ਤੇਰੀ ਧੁਨ, ਤੇਰੀ ਧੁਨ ਜਗਤ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਲਏ ਉਠਾਈਆ। ਆਪਣਾ ਪਰਦਾ ਹਰਿ ਉਠਵਾਣਾ, ਸੰਤ ਮਨੀ ਸਿੰਘ ਕੀਤਾ ਕੌਲ ਇਕ਼ਰਾਰ। ਸੰਮਤ ਸਤਾਰਾਂ ਵੇਸ ਵਟਾਵਣਾ, ਪ੍ਰਗਟ ਹੋ ਹਰਿ ਨਿਰੰਕਾਰ। ਆਪਣਾ ਸ਼ਬਦ ਆਪਣੇ ਨਾਲ ਰਖਾਵਣਾ, ਜਾਏ ਦਿਲੀ ਦਰਬਾਰ। ਨੌਂ ਨੌਂ ਮੀਤ ਇਕ ਬੰਧਾਵਨਾ, ਨੌਂ ਨੌਂ ਲੇਖਾ ਜਾਣੇ ਸੱਚੀ ਸਰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਅੱਗੇ ਕਰੇ ਆਪ ਪੁਕਾਰ। ਹਰਿ ਸੰਗਤ ਕੋਲੋਂ ਮੰਗੇ ਦਾਨ, ਹਰਿ ਦਾਤਾ ਬੇਪਰਵਾਹੀਆ। ਲਿਖਿਆ ਲੇਖ ਜੋ ਲਿਖਤ ਮਹਾਨ, ਗੁਰਸਿਖਾਂ ਸਿਖ ਸਮਝਾਈਆ। ਪਹਿਲੀ ਚੇਤਰ ਲੈ ਕੇ ਜਾਏ ਨਾਲ ਨਿਸ਼ਾਨ, ਨਿਸ਼ਾਨ ਨਿਸ਼ਾਨਾ ਦਏ ਲਗਾਈਆ। ਆਪਣਾ ਦੱਸੇ ਸਚ ਵਿਧਾਨ, ਜਗਤ ਵਿਧਾਨ ਦਏ ਮਿਟਾਈਆ। ਪੰਚ ਪਿਆਰੇ ਹੋਵਣ ਪ੍ਰਧਾਨ, ਪੰਜ ਸ਼ਬਦ ਦੇਣ ਗਵਾਹੀਆ। ਨੌਂ ਦਰ ਝੂਠ ਮਕਾਨ, ਨੌਂ ਖੰਡ ਜਗਤ ਰਹਿਣ ਨਾ ਪਾਈਆ। ਨੌਂ ਬੰਦ ਬੰਦ ਕਰੇ ਨੌਜਵਾਨ, ਬੰਦੀਖ਼ਾਨਾ ਇਕ ਸੁਹਾਈਆ। ਇਕ ਇਕ ਲੇਖਾ ਜਗਤ ਮਹਾਨ, ਲਿਖਿਆ ਲੇਖ ਨਾ ਕੋਈ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਆਪਣੇ ਹੱਥ ਰੱਖੇ ਵਡਿਆਈਆ। ਇਕ ਇਕੱਲਾ ਪੀਲਾ ਰੰਗ, ਆਪਣੀ ਖੇਲ ਖਿਲਾਇੰਦਾ। ਦੂਜਾ ਰੂਪ ਸੂਰਾ ਸਰਬੰਗ, ਸਤਿ ਪੁਰਖ ਨਿਰੰਜਣ ਆਪ ਉਠਾਇੰਦਾ। ਤੀਜੇ ਵਜਾਏ ਨਾਮ ਮਰਦੰਗ, ਚੌਥੇ ਪਦ ਆਪ ਸੁਣਾਇੰਦਾ। ਪੰਚਮ ਹੋਵੇ ਸਾਚਾ ਸੰਗ, ਸਗਲਾ ਸੰਗ ਸੰਗ ਨਿਭਾਇੰਦਾ। ਛੇਵਾਂ ਛੱਪਰ ਛੰਨ ਨਾ ਮੰਗੇ ਕੋਇ ਮੰਗ, ਜਗਤ ਸਵਾਲੀ ਨਾ ਸਵਾਲ ਰਖਾਇੰਦਾ। ਸਤਵਾਂ ਸਤਿ ਪੁਰਖ ਨਿਰੰਜਣ ਕਸੇ ਤੰਗ, ਅਸਵ ਘੋੜਾ ਆਪ ਦੌੜਾਇੰਦਾ। ਅਠਵਾਂ ਅੱਠਾਂ ਤੱਤਾਂ ਕਰੇ ਨੰਗ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨਮਤ ਬੁਧ ਮੂਲ ਚੁਕਾਇੰਦਾ। ਨੌਵਾਂ ਨੌਂ ਦਰ ਸੁੱਤਾ ਰਹੇ ਦੇ ਕਰ ਕੰਡ, ਆਪਣਾ ਮੁਖ ਨਾ ਕੋਈ ਵਖਾਇੰਦਾ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਇਕ ਸੁਣਾਏ ਸੁਹਾਗੀ ਛੰਦ, ਨੌਂ ਨੌਂ ਅਨੰਦ ਅਨੰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤ ਸ਼ਬਦ ਸ਼ਬਦ ਜੋਤ ਜੋਤ ਸ਼ਬਦ ਏਕਾ ਸੰਗ ਰਖਾਇੰਦਾ। ਸ਼ਬਦ ਜੋਤ ਨਾ ਤੁੱਟੇ ਨਾਤਾ, ਆਦਿ ਜੁਗਾਦਿ ਰਖਾਇਆ। ਹਰਿ ਕਾ ਸ਼ਬਦ ਗੁਰ ਕੀ ਗਾਥਾ, ਗੁਰ ਕਾ ਸ਼ਬਦ ਜਗਤ ਕਮਾਇਆ। ਹਰਿ ਕਾ ਸ਼ਬਦ ਸਾਚੀ ਦਾਤਾ, ਗੁਰ ਕਾ ਸ਼ਬਦ ਪੂਜਾ ਪਾਠ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਐੜਾ ਏਕਾ ਰੰਗ ਸੂਰਾ ਸਰਬੰਗ, ਨਿਸ਼ਅੱਖਰ ਦਏ ਸਮਝਾਇਆ। ਨਿਸ਼ਅੱਖਰ ਹਰਿ ਹਰਿ ਬੋਲਣਾ, ਆਪਣੀ ਵਿਦਿਆ ਕਰ ਪਰਧਾਨ। ਚੌਦਾਂ ਵਿਦਿਆ ਮਾਤ ਰੋਲਣਾ, ਨਾ ਦਿਸੇ ਕੋਈ ਨਿਸ਼ਾਨ। ਸਚ ਦੁਆਰਾ ਏਕਾ ਖੋਲ੍ਹਣਾ, ਕਰੇ ਖੇਲ ਸ੍ਰੀ ਭਗਵਾਨ। ਜੀਵ ਜੰਤ ਏਕਾ ਕੰਡੇ ਤੋਲਣਾ, ਤੋਲਣਹਾਰਾ ਗੁਣ ਨਿਧਾਨ। ਸਾਚਾ ਢੋਲਾ ਏਕਾ ਬੋਲਣਾ, ਸੋਹੰ ਸੋ ਜ਼ਿਮੀਂ ਅਸਮਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੋ ਜਹਾਨਾਂ ਪਾਵੇ ਆਣ। ਦੋ ਜਹਾਨਾਂ ਰੱਖੇ ਆਣ, ਪੁਰੀਆਂ ਲੋਆਂ ਆਪ ਸਮਝਾਈਆ। ਬ੍ਰਹਮੇ ਤੇਰਾ ਬ੍ਰਹਮ ਮਕਾਨ, ਪਾਰਬ੍ਰਹਮ ਵੇਖ ਵਖਾਈਆ। ਗੁਰਸਿਖ ਸਾਚਾ ਸੂਰਬੀਰ ਨੌਜਵਾਨ, ਛਤਰਧਾਰੀ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਈਆ। ਸ਼ੰਕਰ ਤੇਰਾ ਅੰਤ ਮੁਕਾਵਣਾ, ਭੁਲ ਰਹੇ ਨਾ ਰਾਈਆ। ਪੁਰਖ ਅਬਿਨਾਸ਼ੀ ਵੇਖ ਵਖਾਵਣਾ, ਵੇਖਣਹਾਰਾ ਦਿਸ ਨਾ ਆਈਆ। ਗੁਰਸਿਖ ਸਾਚੇ ਸਾਚੇ ਤਖ਼ਤ ਬਹਾਵਣਾ, ਸਿਰ ਆਪਣਾ ਹੱਥ ਟਿਕਾਇਆ। ਤੇਰਾ ਅੰਤਮ ਅੰਤ ਕਰਾਵਣਾ, ਗਤਮਿਤ ਮਿਤਗਤ ਆਪਣੇ ਹੱਥ ਰਖਾਈਆ। ਜਿਸ ਘੜਿਆ ਤਿਸ ਭੰਨ ਵਖਾਵਣਾ, ਘੜਨ ਭੰਨਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਇੰਦਰ ਤੇਰਾ ਇੰਦ ਇੰਦਰਾਸਨ, ਅੰਤ ਰਹਿਣ ਨਾ ਪਾਇਆ। ਕਰੇ ਖੇਲ ਪੁਰਖ ਅਬਿਨਾਸ਼ਣ, ਕਲਜੁਗ ਅੰਤਮ ਵੇਸ ਵਟਾਇਆ। ਕਰੇ ਖੇਲ ਸ਼ਾਹੋ ਸ਼ਾਬਾਸ਼ਣ, ਸ਼ਾਹ ਸੁਲਤਾਨ ਵਡੀ ਵਡਿਆਇਆ। ਗੁਰਮੁਖ ਵਖਾਏ ਦਾਸੀ ਦਾਸਣ, ਬਾਲ ਨਾਦਾਨਾ ਸੇਵ ਕਮਾਇਆ। ਲੇਖਾ ਜਾਣੇ ਪ੍ਰਿਥਮੀ ਅਕਾਸ਼ਣ, ਗਗਨ ਗਗਨੰਤਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇੰਦ ਬਿੰਦ ਨਾ ਕੋਇ ਪ੍ਰਗਟਾਇਆ, ਇੰਦ ਬਿੰਦ ਨਾ ਕੋਈ ਨਾਤਾ, ਪੁਰਖ ਅਬਿਨਾਸ਼ੀ ਆਪ ਮਿਟਾਇੰਦਾ। ਬ੍ਰਹਮਾ ਸ਼ਿਵ ਸੁਣਾਏ ਆਪਣੀ ਗਾਥਾ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਏਕਾ ਸਾਥਾ, ਸੋਹੰ ਆਪਣੀ ਧਾਰ ਵਖਾਇੰਦਾ। ਸਰਬ ਕਲਾ ਆਪੇ ਸਮਰਾਥਾ, ਸਮਰਥ ਪੁਰਖ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਚਲਾਏ ਆਪਣਾ ਰਾਥਾ, ਰਥ ਰਥਵਾਹੀ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਸਾਚਾ ਵਰ, ਦਇਆਨਿਧ ਗਹਿਰ ਗੁਣ ਠਾਕਰ ਦੇਵੇ ਨਾਮ ਰੱਤੀ ਰਤਨਾਗਰ, ਗੁਰਸਿਖਾਂ ਰਤੀ ਰਤ ਤਿਲਕ ਲਗਾਇੰਦਾ। ਰਤੀ ਰਤ ਚੜ੍ਹੀ ਭੇਟਾ, ਗੁਰਸਿਖ ਲੜਨ ਕੋਈ ਨਾ ਜਾਈਆ। ਹੋਏ ਸਹਾਈ ਜਿਉਂ ਪਿਤਾ ਪੂਤ ਬੇਟਾ, ਸਿਰ ਰੱਖੇ ਹੱਥ ਠੰਡੀ ਛਾਈਆ। ਆਪੇ ਸ਼ਬਦ ਨਾਮ ਲਪੇਟਾ, ਸਚ ਦੁਸ਼ਾਲਾ ਦਏ ਵਖਾਈਆ। ਕਲਜੁਗ ਜੀਵ ਰਹੇ ਵੇਖੀ ਵੇਖਾ, ਹਰਿ ਕਾ ਰੂਪ ਨਜ਼ਰ ਨਾ ਆਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਦੀਨ ਦਿਆਲ ਧਰਿਆ ਭੇਸਾ, ਵਾਕ ਭਵਿਖਤ ਦਏ ਗਵਾਹੀਆ। ਮੇਲ ਮਿਲਾਵਾ ਦਸ ਦਸਮੇਸ਼ਾ, ਦਰ ਘਰ ਸਾਚੇ ਵੱਜੇ ਵਧਾਈਆ। ਹਰਿ ਸੰਗਤ ਬ੍ਰਹਮਾ ਵਿਸ਼ਨ ਸ਼ਿਵ ਤੈਨੂੰ ਕਰੇ ਆਦੇਸਾ, ਜਿਸ ਮਿਲਿਆ ਹਰਿ ਰਘੁਰਾਈਆ। ਨਿਰਗੁਣ ਗੁਰਮੁਖਾਂ ਪਿਛੇ ਫਿਰੇ ਦੇਸ ਪ੍ਰਦੇਸਾ, ਪਾਂਧੀ ਆਪਣਾ ਪੰਧ ਮੁਕਾਈਆ। ਲੇਖਾ ਜਾਣੇ ਨਾਨਕ ਸਰਗੁਣ ਹੱਥ ਖੂੰਡੀ ਮੋਢੇ ਭੂਰੀ ਖੇਸਾ, ਸੇਲ੍ਹੀ ਟੋਪੀ ਸੀਸ ਗੁੰਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਬਾਣ ਆਪ ਲਗਾਏ ਸ੍ਰੀ ਭਗਵਾਨ, ਕਲਜੁਗ ਮਿਟੇ ਕੂੜ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਕੂੜੀ ਕਿਰਿਆ ਮਿਟਣਾ ਅੰਧ, ਜਗਤ ਅੰਧੇਰਾ ਰਹੇ ਨਾ ਰਾਇਆ। ਕਲਜੁਗ ਮੁਕਣਾ ਝੂਠਾ ਪੰਧ, ਸਤਿਜੁਗ ਮਾਰਗ ਦਏ ਲਗਾਇਆ। ਸ੍ਰਿਸ਼ਟ ਸਬਾਈ ਗੌਣਾ ਏਕਾ ਛੰਦ, ਇਸ਼ਟ ਦੇਵ ਇਕ ਜਣਾਇਆ। ਹਰਿ ਸੰਗਤ ਤੇਰਾ ਪਿਆਰ ਤੇਰਾ ਤੇਰੇ ਕੋਲੋਂ ਮੰਗੇ ਮੰਗ, ਦਰ ਤੇਰੇ ਮੰਗਣ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਦਰ ਆਏ ਲਏ ਤਰਾਇਆ। ਗੁਰਸਿਖਾਂ ਦੱਸੇ ਰਾਹ ਸੁਖਾਲਾ, ਚਰਨ ਕਵਲ ਸੱਚੀ ਸ਼ਰਨਾਈਆ। ਦੇਵੇ ਡੰਨ ਨਾ ਮੰਗੇ ਹਾਲਾ, ਅਗਨੀ ਤੱਤ ਨਾ ਕੋਈ ਤਪਾਈਆ। ਮੰਗੇ ਦਾਨ ਨਾ ਸ਼ਾਹ ਕੰਗਾਲਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਹੱਥ ਨਾ ਫੜਾਏ ਕੋਈ ਮਾਲਾ, ਮਣਕਾ ਮਨ ਕਾ ਦਏ ਭਵਾਈਆ। ਤੀਰਥ ਤੱਟ ਨਾ ਘਾਲੇ ਕੋਈ ਘਾਲਾ, ਚਰਨ ਧੂੜ ਅਸ਼ਨਾਨ ਕਰਾਈਆ। ਪੂਜਾ ਕਰੇ ਨਾ ਹਵਨ ਜਵਾਲਾ, ਘਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਫੰਦਨ ਦਏ ਕਟਾਈਆ। ਗੁਰਸਿਖਾਂ ਮਾਰਗ ਦੇਵੇ ਦੱਸ, ਦਇਆਨਿਧ ਦਇਆ ਕਮਾਈਆ। ਹਿਰਦੇ ਅੰਦਰ ਜਾਏ ਵਸ, ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਸਨਾ ਗਾਈਆ। ਮਿਟੇ ਰੈਣ ਅੰਧੇਰੀ ਮਸ, ਵਦੀ ਸੁਦੀ ਨਾ ਕੋਈ ਵਖਾਈਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਨਾਤਾ ਤੋੜੇ ਦਸ ਦਸ ਮਾਸ, ਮਾਤ ਗਰਭ ਫੰਦ ਕਟਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜੋ ਜਨ ਇਕ ਵਾਰੀ ਦਰਸ਼ਨ ਪਾਈਆ। ਲੇਖੇ ਲੱਗੇ ਸਵਾਸ ਸਵਾਸ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਦਰਸਾਈਆ। ਸਾਚਾ ਮਾਰਗ ਰਾਹ ਸੁਖਾਲਾ, ਨਿਰਗੁਣ ਆਪ ਜਣਾਇਆ। ਦੋ ਜਹਾਨਾਂ ਫਿਰੇ ਇਕ ਇਕੱਲਾ, ਨੌਂ ਖੰਡ ਫੇਰਾ ਪਾਇਆ। ਗੁਰਸਿਖਾਂ ਫੜਾਇਆ ਆਪ ਆਪਣਾ ਪੱਲਾ, ਗੁਰਸਿਖ ਲੱਭਣ ਕਿਤੇ ਨਾ ਜਾਇਆ। ਗੁਰਸਿਖਾਂ ਪਿਛੇ ਫਿਰੇ ਹੋ ਹੋ ਝੱਲਾ, ਆਪਣੀ ਮਤ ਨਾ ਕੋਈ ਵਖਾਇਆ। ਗੁਰਮੁਖ ਜੋਤੀ ਆਪੇ ਰਲਾ, ਆਪਣੀ ਜੋਤ ਗਿਆ ਬੁਝਾਇਆ। ਵਸਣਹਾਰਾ ਨਿਹਚਲ ਧਾਮ ਅਟਲਾ, ਗੁਰਮੁਖ ਤੇਰਾ ਧਾਮ ਵਡਿਆਇਆ। ਦੂਈ ਦਵੈਤੀ ਮੇਟੇ ਸੱਲਾ, ਸਿਰ ਆਪਣਾ ਹੱਥ ਰਖਾਇਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਸਿਖ ਸਾਚੇ ਲਏ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਦਏ ਵਖਾਇਆ। ਸਾਚਾ ਮਾਰਗ ਹਰਿ ਕਰਤਾਰ, ਸਤਿਜੁਗ ਸਾਚੇ ਆਪ ਜਣਾਈਆ। ਬਿਨ ਸਤਿਗੁਰ ਪੂਰੇ ਦੂਜੇ ਦਰ ਨਾ ਕੋਈ ਨਿਮਸਕਾਰ, ਬਿਨ ਜਗਦੀਸ਼ ਸੀਸ ਭੇਟ ਨਾ ਕਿਸੇ ਚੜ੍ਹਾਈਆ। ਰਾਗ ਛਤੀਸ ਗੁਰਸਿਖ ਤੇਰੀ ਗੌਂਦੇ ਵਾਰ, ਉਚੀ ਕੂਕ ਕੂਕ ਸੁਣਾਈਆ। ਸਤਿਗੁਰ ਤੇਰਾ ਰਹੇ ਸਦਾ ਖ਼ਬਰਦਾਰ, ਗ਼ਫ਼ਲਤ ਵਿਚ ਕਦੇ ਨਾ ਆਈਆ। ਦੇਵੇ ਸਦਾ ਦਰਸ ਦੀਦਾਰ, ਦੀਨ ਦਿਆਲ ਵਡੀ ਵਡਿਆਈਆ। ਕਰੇ ਤਰਸ ਵਿਚ ਸੰਸਾਰ, ਕਲਜੁਗ ਅੰਤਮ ਵੇਸ ਵਟਾਈਆ। ਲਏ ਪਰਖ ਪਰਖਣਹਾਰ, ਜਗਤ ਜੌਹਰੀ ਵੇਸ ਧਰਾਈਆ। ਕੰਗਣ ਠਗ ਚੋਰ ਉਤਰਿਆ ਪਾਰ, ਲਹਿਣਾ ਦੇਣਾ ਰਿਹਾ ਮੁਕਾਈਆ। ਗੁਰਸਿਖਾਂ ਕਰਿਆ ਹੌਲਾ ਭਾਰ, ਸਿਰ ਆਪਣਾ ਭਾਰ ਉਠਾਈਆ। ਛੋਟੇ ਬਾਲੇ ਕਰ ਤਿਆਰ, ਸਾਚਾ ਮਾਰਗ ਲਏ ਵਖਾਈਆ। ਪਿਛੇ ਔਣਾ ਵਾਰੋ ਵਾਰ, ਭੁਲ ਕੋਇ ਨਾ ਜਾਈਆ। ਪਾਏ ਮੁੱਲ ਆਪ ਕਰਤਾਰ, ਕਰਤਾ ਕੀਮਤ ਆਪ ਚੁਕਾਈਆ। ਸੋਹੰ ਗਾਉਣਾ ਜੈ ਜੈ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੋਏ ਆਪ ਸਹਾਈਆ। ਹੋਏ ਸਹਾਈ ਸਰਬ ਸੁੱਖ ਦਾਤਾ, ਦੀਨ ਬੰਧਪ ਦੀਨ ਦਿਆਲਾ। ਏਥੇ ਓਥੇ ਪੁਛੇ ਵਾਤਾ, ਕਰੇ ਖੇਲ ਨਿਰਾਲਾ। ਰਲ ਮਿਲ ਸੰਗਤ ਹਰਿ ਜੂ ਨਾਲ ਕਰੇ ਬਾਤਾ, ਜਿਸ ਮਿਲਿਆ ਧੁਰ ਦਲਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਏਕਾ ਵਰ, ਫਲ ਲਗਾਏ ਆਪਣੇ ਡਾਲਾ। ਗੁਰਸਿਖ ਡਾਲੀ ਪਤ ਫੁੱਲ ਫਲਵਾੜਿਆ, ਹਰਿ ਸਾਚਾ ਸਚ ਮਹਿਕਾਇੰਦਾ। ਬੂਟਾ ਲਾਇਆ ਪਹਿਲੀ ਹਾੜਿਆ, ਹਰਾ ਸਿਚ ਆਪ ਕਰਾਇੰਦਾ। ਆਪੇ ਹੋਏ ਪਿਛੇ ਅਗਾੜਿਆ, ਦੋ ਜਹਾਨਾਂ ਸੇਵ ਕਮਾਇੰਦਾ। ਨੇੜ ਨਾ ਆਏ ਮੌਤ ਲਾੜਿਆ, ਰਾਏ ਧਰਮ ਨਾ ਡੰਨ ਲਗਾਇੰਦਾ। ਗੁਰਸਿਖ ਸੁਰਤੀ ਰਹੇ ਨਾ ਕੁਆਰਿਆ, ਜਿਸ ਜਨ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਦੱਸ, ਦਰਗਹਿ ਸਾਚੀ ਮੇਲ ਮਿਲਾਇੰਦਾ। ਸਾਚਾ ਮਾਰਗ ਸਤਿਗੁਰ ਚਰਨ, ਅਵਰ ਨਾ ਕੋਈ ਸੁਣਾਈਆ। ਲੇਖਾ ਚੁੱਕੇ ਮਰਨ ਡਰਨ, ਮਰਨ ਡਰਨ ਰਹਿਣ ਨਾ ਪਾਈਆ। ਨੇਤਰ ਲੋਚਣ ਦਰਸ਼ਨ ਹਰਨ ਫਰਨ, ਹਰਨ ਫਰਨ ਆਪ ਖੁਲ੍ਹਾਈਆ। ਕਿਰਪਾ ਕਰੇ ਕਰਨੀ ਕਰਨ, ਕਰਨਹਾਰ ਇਕ ਅਖਵਾਈਆ। ਜੋ ਜਨ ਦੋਏ ਜੋੜ ਏਕਾ ਵਾਰ ਸਰਨ ਪੜ੍ਹਨ, ਮਾਤ ਗਰਭ ਫੇਰ ਨਾ ਆਈਆ। ਨਾਤਾ ਤੋੜੇ ਜ਼ਾਤ ਪਾਤ ਵਰਨ ਬਰਨ, ਚਾਰ ਵਰਨ ਅਠਾਰਾਂ ਬਰਨ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਾਏ ਆਪਣੇ ਲੜ, ਆਪਣੇ ਪੱਲੂ ਆਪ ਬੰਧਾਈਆ। ਸਾਚਾ ਮਾਰਗ ਕਰੋ ਧਿਆਨ, ਹਰਿ ਸਤਿਗੁਰ ਆਪ ਲਗਾਇਆ। ਨਾ ਕੋਈ ਕਰਾਏ ਤਨ ਅਸ਼ਨਾਨ, ਝੂਠੀ ਮਾਟੀ ਨਾ ਪੋਚ ਪੁਚਾਇਆ। ਅੰਦਰੇ ਅੰਦਰ ਬਖ਼ਸ਼ੇ ਇਕ ਗਿਆਨ, ਨਾਮ ਨਿਧਾਨਾ ਝੋਲੀ ਪਾਇਆ। ਸੁਰਤੀ ਸ਼ਬਦ ਦੇਵੇ ਮਾਣ, ਅਭਿਮਾਨਾ ਮੋਹ ਚੁਕਾਇਆ। ਅੰਮ੍ਰਿਤ ਬਖ਼ਸ਼ੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਇਆ। ਨਾਰੀ ਕੰਤ ਮਿਲੇ ਹਾਣੀ ਹਾਣ, ਗੁਰ ਚੇਲਾ ਵੇਖ ਵਖਾਇਆ। ਜੁਗ ਵਿਛੜੇ ਆਪੇ ਮੇਲੇ ਆਣ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਹ ਸੁਖਾਲਾ ਇਕ ਰਖਾਇਆ। ਰਾਹ ਸੁਖਾਲਾ ਸਤਿਗੁਰ ਦੀਨਾ, ਦੀਨਨ ਉਤੇ ਦਇਆ ਕਮਾਈਆ। ਪੰਜ ਵਾਰ ਰਸਨਾ ਮੁਖ ਜਿਸ ਜਨ ਚੀਨਾ, ਪੰਚ ਵਿਕਾਰਾ ਰਹੇ ਨਾ ਰਾਈਆ। ਕਾਇਆ ਚੋਲੀ ਰੰਗ ਚਾੜ੍ਹੇ ਭੀਨਾ, ਭਿੰਨੜੀ ਰੈਣ ਦਏ ਵਡਿਆਈਆ। ਗੁਰਸਿਖਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਮੇਘ ਬੂੰਦ ਸਵਾਂਤੀ ਮੁਖ ਚੁਆਈਆ। ਲੇਖਾ ਚੁਕਾਏ ਜਿਉਂ ਜਲ ਮੀਨਾ, ਪੁਰਖ ਅਬਿਨਾਸ਼ੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਰਿਹਾ ਚਲਾਈਆ। ਆਪਣੇ ਮਾਰਗ ਆਪ ਚਲਾਏ, ਕਰੇ ਮਿਹਰ ਮਿਹਰਵਾਨਾ। ਗੁਰਸਿਖ ਸੱਜਣ ਕਦੇ ਭੁਲ ਨਾ ਜਾਏ, ਜਿਸ ਬਖ਼ਸ਼ੇ ਚਰਨ ਧਿਆਨਾ। ਤ੍ਰੈਗੁਣ ਮਾਇਆ ਰੁਲ ਨਾ ਜਾਏ, ਮੇਲ ਮਿਲਾਏ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਏਕਾ ਦੇਵੇ ਜੀਆ ਦਾਨਾ। ਜੀਆ ਦਾਨ ਜੀਵਣ ਦਾਤ, ਜੁਗਤ ਜਗਤ ਹਰਿ ਸਮਝਾਈਆ। ਨਿਰਗੁਣ ਅੱਖਰ ਨਿਰਗੁਣ ਪੂਜਾ ਨਿਰਗੁਣ ਪਾਠ, ਨਿਰਗੁਣ ਕਰੇ ਪੜ੍ਹਾਈਆ। ਗੁਰਸਿਖ ਤੇਰਾ ਲੇਖਾ ਲਿਖੇ ਨਾ ਕੋਈ ਹਾਥ, ਸਮਰਥ ਹੱਥ ਵਡਿਆਈਆ। ਕਾਗਦ ਕ਼ਲਮ ਗਾਏ ਤੇਰੀ ਗਾਥ, ਸ਼ਾਹੀ ਲਿਖ ਲਿਖ ਰਹੀ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਸਾਚਾ ਹਰਿ, ਗੁਰਸਿਖ ਸਾਚੇ ਆਪ ਜਗਾਈਆ। ਗੁਰਸਿਖ ਕਦੇ ਨਾ ਡਰ, ਕੇਹਰ ਰੂਪ ਕਿਹਰ ਸਿੰਘ ਆਪ ਵਖਾਇੰਦਾ। ਜਿਸ ਨੇ ਘਾੜਨ ਲਿਆ ਘੜ, ਕਰ ਕਿਰਪਾ ਪਾਰ ਲੰਘਾਇੰਦਾ। ਜਿਸ ਫੜਾਇਆ ਆਪਣਾ ਲੜ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਨਾ ਕਦੇ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਤਰਿਆ ਗੁਰਸਿਖ ਆਪਣੇ ਨਾਲ ਤਰਾਇੰਦਾ। ਤਾਰਨਹਾਰਾ ਆ ਗਿਆ, ਨਿਰਗੁਣ ਜੋਤ ਕਰ ਉਜਿਆਰ। ਨਾਉਂ ਨਿਰੰਕਾਰਾ ਆਪਣਾ ਨਾਉਂ ਰਖਾ ਲਿਆ, ਨਿਰਗੁਣ ਰੂਪ ਅਪਰ ਅਪਾਰ। ਸਤਿਜੁਗ ਸਾਚਾ ਮਾਰਗ ਲਾ ਲਿਆ, ਚਾਰ ਵਰਨਾਂ ਇਕ ਆਧਾਰ। ਹੰ ਬ੍ਰਹਮ ਮੇਲ ਮਿਲਾ ਲਿਆ, ਪਾਰਬ੍ਰਹਮ ਕਰੇ ਪਿਆਰ। ਪੰਜ ਤੱਤ ਕਾਇਆ ਨਾਉਂ ਨਾ ਕੋਇ ਵਡਿਆ ਲਿਆ, ਨਿਰਗੁਣ ਨਾਉਂ ਹੋਏ ਜੈਕਾਰ। ਸਰਗੁਣ ਤੇਰਾ ਪੰਧ ਮੁਕਾ ਲਿਆ, ਲੇਖਾ ਚੁੱਕਿਆ ਗੁਰ ਅਵਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਦੇਵੇ ਸਾਚਾ ਵਰ, ਤਰਨੀ ਤਰਨ ਆਪ ਕਰਤਾਰ। ਤਰਨੀ ਤਰਨ ਪੁਰਖ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਲਹਿਣਾ ਦੇਣਾ ਚੁੱਕੇ ਸੀਆਂ ਸਾਢੇ ਤਿੰਨ ਹੱਥ, ਤ੍ਰੈਗੁਣ ਜਾਲ ਨਾ ਕੋਇ ਵਿਛਾਈਆ। ਗੁਰਸਿਖ ਵਿਕੇ ਸਤਿਗੁਰ ਹੱਟ, ਗੁਰ ਕਾ ਹੱਟ ਚਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਜੀਆ ਦਾਨ, ਜੀਵਣ ਮੁਕਤ ਆਪ ਕਰਾਈਆ। ਤ੍ਰੈਗੁਣ ਤੇਰੀ ਸਾਚੀ ਰਤ, ਹਰਿ ਕਰਤੇ ਆਪ ਉਪਾਈਆ। ਨਿਰਗੁਣ ਪਰਗਟਾਏ ਪੰਚ ਤੱਤ, ਸਰਗੁਣ ਦਏ ਵਡਿਆਈਆ। ਮਨਮਤ ਬੁੱਧ ਅੰਦਰ ਘੱਤ, ਸਚ ਸ਼ਿੰਗਾਰ ਵਖਾਈਆ। ਬ੍ਰਹਮ ਰੂਪ ਹੋ ਕਮਲਾਪਤ, ਹਰਿ ਮੰਦਰ ਲਏ ਸੁਹਾਈਆ। ਤਨ ਬਣਾਏ ਜਗਤ ਰਥ, ਹਰਿ ਰਥਵਾਹੀ ਲਏ ਚਲਾਈਆ। ਪੰਚ ਵਿਕਾਰਾ ਪਾਏ ਨੱਥ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਆਸਾ ਤ੍ਰਿਸ਼ਨਾ ਦੇਵੇ ਰਸ, ਰਸਕ ਰਸਕ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਮੰਦਰ ਲਏ ਬਣਾਈਆ। ਤਨ ਮੰਦਰ ਆਪ ਉਸਾਰਿਆ, ਬਾਢੀ ਬਣ ਆਪ ਨਿਰੰਕਾਰ। ਆਪੇ ਲਾਏ ਇੱਟਾਂ ਗਾਰਿਆ, ਕਰੇ ਕਰਾਏ ਸਾਚੀ ਕਾਰ। ਆਪੇ ਖੋਲ੍ਹੇ ਨੌਂ ਦੁਆਰਿਆ, ਆਪੇ ਕਰੇ ਬੰਦ ਕਿਵਾੜ। ਆਪੇ ਪਾਵਣਹਾਰਾ ਸਾਰਿਆ, ਨਿਰਗੁਣ ਰੂਪ ਅਪਰ ਅਪਾਰ। ਆਪੇ ਵੇਖੇ ਬੰਕ ਦੁਆਰਿਆ, ਬੰਕ ਦੁਆਰੀ ਹੋ ਉਜਿਆਰ। ਆਪੇ ਵਸੇ ਅੰਧ ਅੰਧਿਆਰਿਆ, ਡੂੰਘੀ ਕੰਦਰ ਨਿਰਾਕਾਰ। ਆਪੇ ਚੰਦ ਸੂਰਜ ਉਜਿਆਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਰਤਾਰ। ਪੰਜ ਤੱਤ ਮੇਲ ਮਿਲਾਇਆ, ਤਾਣਾ ਪੇਟਾ ਆਪੇ ਪਾਈਆ। ਸਾਚਾ ਤਾਣਾ ਆਪ ਤਣਾਇਆ, ਤ੍ਰੈਗੁਣ ਸਾਚਾ ਰੰਗ ਰੰਗਾਈਆ। ਤਣਨੇਹਾਰਾ ਤਣਨੇ ਆਇਆ, ਲੋਕਮਾਤ ਵੇਸ ਵਟਾਈਆ। ਸਾਚਾ ਕਪੜ ਤਨ ਵਖਾਇਆ, ਖ਼ਾਕੀ ਚਮੜਾ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਈਆ । ਖੇਲ ਖਿਲਾਵਣਹਾਰ ਕਰਤਾ, ਭੇਵ ਅਭੇਵ ਜਣਾਇੰਦਾ। ਰੋਗ ਸੋਗ ਦੁੱਖ ਆਪੇ ਭਰਦਾ, ਹਰਖ ਸੋਗ ਆਪ ਮਨਾਇੰਦਾ। ਦਰ ਦਰ ਘਰ ਘਰ ਆਪੇ ਡਰਦਾ, ਆਪਣਾ ਸੀਸ ਆਪ ਝੁਕਾਇੰਦਾ। ਆਪਣੇ ਮੰਦਰ ਆਪੇ ਵੜਦਾ, ਆਪੇ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਦਇਆਨਿਧ ਦਇਆ ਧਾਰੇ, ਦੀਨ ਦਿਆਲ ਵੱਜੀ ਵਧਾਈਆ। ਮਾਤ ਗਰਭ ਪੈਜ ਸਵਾਰੇ, ਦਸ ਦਸ ਮਾਸ ਵੇਖ ਵਖਾਈਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰੇ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੇ ਨਾਮ ਦਏ ਵਡਿਆਈਆ। ਨਾਮ ਵਡਿਆਈ ਡੂੰਘੀ ਕੰਦਰ, ਹਰਿ ਹਰਿ ਲਿਵ ਲਾਇੰਦਾ। ਲੇਖਾ ਜਾਣੇ ਅੰਦਰੇ ਅੰਦਰ, ਭੇਵ ਕੋਇ ਨਾ ਪਾਇੰਦਾ। ਆਪੇ ਤੋੜਨਹਾਰਾ ਜੰਦਰ, ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਪੰਜ ਤੱਤ ਕਾਇਆ ਜਗਤ ਹਾਟ, ਸਾਚਾ ਹੱਟ ਵਖਾਇਆ। ਲੇਖਾ ਚੁਕਿਆ ਆਣਬਾਟ, ਧਰਤ ਧਵਲ ਸੁਹਾਇਆ। ਜਗਤ ਵਿਛੌਣਾ ਵੇਖੀ ਖਾਟ, ਏਕਾ ਬਸਤਰ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਖੇੜਾ ਦਏ ਸਮਝਾਇਆ। ਝੂਠਾ ਖੇੜਾ ਝੂਠੀ ਧਾੜ, ਕੂੜੀ ਕਿਰਿਆ ਨਾਲ ਬੰਧਾਈਆ। ਬਿਨ ਹਰਿ ਸ਼ਬਦ ਨਾ ਕੋਈ ਆਧਾਰ, ਸਗਲਾ ਸੰਗ ਨਾ ਕੋਈ ਰਖਾਈਆ। ਮਰ ਮਰ ਜੰਮੇ ਸਰਬ ਸੰਸਾਰ, ਮਰੇ ਜੰਮੇ ਆਵੇ ਜਾਵੇ ਵਾਰੋ ਵਾਰੀਆ। ਰਾਜ ਰਾਜਾਨਾ ਸ਼ਾਹ ਸੁਲਤਾਨਾ ਬਣ ਸਿਕਦਾਰ, ਹੁਕਮੀ ਹੁਕਮ ਚਲਾਈਆ। ਦਰ ਦਰਵੇਸ਼ ਬਣ ਭਿਖਾਰ, ਦਰ ਦਰ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੁਕਮ ਆਪ ਫਿਰਾਈਆ। ਹੁਕਮ ਅੰਦਰ ਕਾਰ ਕਮਾਇੰਦਾ, ਪੰਜ ਤੱਤ ਕਾਇਆ ਕਰ ਆਕਾਰ। ਮਾਤਾ ਮੁੰਮੇ ਆਪੇ ਪਾਇੰਦਾ, ਸੀਰ ਦੇਵੇ ਸੀਰਖ਼੍ਵਾਰ। ਅੰਨ ਜਲ ਨਾ ਕੋਈ ਵਖਾਇੰਦਾ, ਤ੍ਰਿਸ਼ਨਾ ਤ੍ਰਿਪਤ ਕਰੇ ਵਿਚਾਰ। ਬਾਲ ਅਵਸਥਾ ਰੂਪ ਵਟਾਇੰਦਾ, ਜੋਬਨ ਜਗਤ ਦਏ ਹੁਲਾਰ। ਜਗਤ ਤ੍ਰਿਸ਼ਨਾ ਆਪ ਰਖਾਇੰਦਾ, ਆਸਾ ਤ੍ਰਿਸ਼ਨਾ ਕਰੇ ਪਿਆਰ। ਆਪਣਾ ਨਾਮ ਆਪ ਭੁਲਾਇੰਦਾ, ਏਕਾ ਧੱਕਾ ਦੇਵੇ ਮਾਰ। ਜਗਤ ਮਾਇਆ ਵਿਚ ਫਸਾਇੰਦਾ, ਬੰਧਨ ਪਾਏ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਕਾਰ। ਬ੍ਰਹਮ ਰੂਪ ਬ੍ਰਹਮ ਛੁਪਾਇਆ, ਭੇਵ ਰਹੇ ਨਾ ਰਾਈਆ। ਜਗਤ ਸਿਕਦਾਰ ਮਨ ਬਣਾਇਆ, ਮਨ ਮਨੂਆ ਸ਼ਹਿਨਸ਼ਾਹੀਆ। ਖਾਣਾ ਪੀਣਾ ਪਹਿਨਣਾ ਤਿਸ ਸਦਾ ਭਾਇਆ, ਮੰਗਦਾ ਰਹੇ ਚਾਈਂ ਚਾਈਂਆ। ਕਾਮ ਕਰੋਧ ਲੋਭ ਮੋਹ ਹੰਕਾਰ ਸੰਗ ਰਲਾਇਆ, ਥਾਨ ਥਨੰਤਰ ਦਏ ਵਡਿਆਈਆ। ਆਸਾ ਤ੍ਰਿਸ਼ਨਾ ਨਾਰ ਪ੍ਰਨਾਇਆ, ਭੁਲ ਰਹੇ ਨਾ ਰਾਈਆ। ਜਗਤ ਸੇਜ ਰਿਹਾ ਹੰਢਾਇਆ, ਕਲਜੁਗ ਵਿਕਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਜਗਤ ਜੀਵ ਜਗਤ ਗਿਆਨ, ਜੁਗ ਜੁਗ ਵਿਚ ਰਖਾਇੰਦਾ। ਜਿਸ ਜਨ ਰੱਖਿਆ ਰਸਨਾ ਰਸ ਇਕ ਧਿਆਨ, ਤਿਸ ਜਗਤ ਰਸ ਮੁਖ ਲਗਾਇੰਦਾ। ਗੁਰਮੁਖ ਵਿਰਲੇ ਦੇਵੇ ਇਕ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਅੰਮ੍ਰਿਤ ਰਸ ਪੀਣ ਖਾਣ, ਸਾਚਾ ਸੀਰ ਆਪ ਪਿਆਇੰਦਾ। ਮੱਝ ਗਾਂ ਬਾਰਾਂ ਸੀਰ ਕੋਈ ਨਾ ਦੇਵੇ ਵਕ਼ਤ ਆਏ ਜਾਏ ਨੱਸ, ਸਗਲਾ ਸੰਗ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੰਗ ਰਖਾਇੰਦਾ। ਜਿਸ ਜਨ ਰੱਖੇ ਹਰਿ ਸੰਗ, ਸਗਲੀ ਚਿੰਤ ਮਿਟਾਈਆ। ਭਗਤਾਂ ਚਾੜ੍ਹੇ ਭਗਤੀ ਰੰਗ, ਭਗਵਨ ਆਪਣੀ ਦਇਆ ਕਮਾਈਆ। ਨਾਮ ਅਮੋਲਕ ਵਸਤ ਲੈਣ ਮੰਗ, ਕਾਇਆ ਗੋਲਕ ਵਿਚ ਰਖਾਈਆ। ਲੋਕਮਾਤ ਨਾ ਹੋਏ ਨੰਗ, ਜਗਤ ਨਗੇਜ਼ ਨਾ ਕੋਈ ਵਖਾਈਆ। ਜੋ ਜਨ ਮੰਗੇ ਮਾਝਾ ਦੁੱਧ ਮਿੱਠਾ ਸ਼ਹਿਦ ਮਾਖਿਉਂ ਖੰਡ, ਹਰਿ ਨਾਮ ਤੁਲ ਨਾ ਰਾਈਆ। ਨਾ ਓਹ ਸੁਹਾਗਣ ਨਾ ਓਹ ਰੰਡ, ਜੋ ਬਸਤਰ ਜਗਤ ਰਹੀ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਏਕਾ ਵਰ, ਨੌਂ ਅਠਾਰਾਂ ਸੇਵ ਕਮਾਈਆ। ਜਗਤ ਬਸਤਰ ਮੰਗੇ ਰੋਟੀ, ਦਾਲ ਪਿਆਲਾ ਨਾਲ। ਅੱਠੇ ਪਹਿਰ ਵਾਸਨਾ ਰਹੇ ਖੋਟੀ, ਨਾ ਸ਼ਾਹ ਨਾ ਕੰਗਾਲ। ਬਿਨ ਗੁਰਸਿਖ ਚੜ੍ਹੇ ਨਾ ਕੋਈ ਚੋਟੀ, ਕੋਟਨ ਕੋਟੀ ਰਹੇ ਭਾਲ। ਦਰ ਦਰ ਮੰਗਦੇ ਬੋਟੀ ਬੋਟੀ, ਮੇਲ ਮਿਲੇ ਨਾ ਦੀਨ ਦਿਆਲ। ਤੇੜ ਬੰਨ੍ਹਣ ਝੂਠੀ ਧੋਤੀ, ਆਤਮ ਉਠਾਏ ਨਾ ਕੋਈ ਸੋਤੀ, ਪਰਦਾ ਦੇਵੇ ਨਾ ਕੋਈ ਉਪਰ ਡਾਲ। ਜਗਤ ਤ੍ਰਿਸ਼ਨਾ ਝੂਠੇ ਮੋਤੀ, ਮਾਇਆ ਮਮਤਾ ਸੁਰਤ ਨਾ ਸਕੇ ਕੋਈ ਸੰਭਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਖੇਲੇ ਖੇਲ ਨਿਰਾਲ। ਪੈਰੀਂ ਮੰਗੇ ਜੀਵ ਜੁੱਤੀ, ਜੀਵਣ ਜੁਗਤ ਨਾ ਕੋਈ ਵਖਾਈਆ। ਆਸਾ ਤ੍ਰਿਸ਼ਨਾ ਲੜ ਫੜਿਆ ਵਾਸਨਾ ਕੁੱਤੀ, ਕੂਕਰ ਸੂਕਰ ਬੈਠੇ ਜੂਨ ਵਟਾਈਆ। ਹਉਮੇ ਹੰਗਤਾ ਵਿਚੋਂ ਨਾ ਪੁੱਟੀ, ਸਾਚਾ ਰੰਗ ਨਾ ਕੋਈ ਚੜ੍ਹਾਈਆ। ਪੰਜ ਤੱਤ ਕਾਇਆ ਚੋਲੀ ਵੇਲੇ ਅੰਤਮ ਜਾਏ ਲੁੱਟੀ, ਨਾ ਸਕੇ ਕੋਈ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਸ਼ਿੰਗਾਰ ਏਕਾ ਜਗਤ ਦਏ ਵਖਾਈਆ। ਤਨ ਤਾਗਾ ਸੂਤ ਦੇਵੇ ਵੱਟ, ਤਾਣਾ ਪੇਟਾ ਆਪੇ ਪਾਇੰਦਾ। ਖੇਲੇ ਖੇਲ ਨਟੂਆ ਨੱਟ, ਸਵਾਂਗੀ ਆਪਣਾ ਸਾਂਗ ਵਰਤਾਇੰਦਾ। ਮਨਮੁਖ ਫਿਰਦੇ ਹੱਟੋ ਹੱਟ, ਸਾਚੀ ਵਸਤ ਹੱਥ ਨਾ ਕੋਇ ਫੜਾਇੰਦਾ। ਜੋ ਸੌਂਦੇ ਉਪਰ ਦੁਸ਼ਾਲਿਆਂ ਪੱਟ, ਅੰਤਮ ਰਾਏ ਧਰਮ ਭਠ ਤਪਾਇੰਦਾ। ਸੀਸ ਹਥੌੜੇ ਵੱਜਣ ਸੱਟ, ਹੱਥਕੜੀ ਨਾ ਕੋਈ ਤੁੜਾਇੰਦਾ। ਜੋ ਜਨ ਸਤਿਗੁਰ ਪੂਰੇ ਉਪਰ ਓਟ ਬੈਠੇ ਰੱਖ, ਭੁੱਖਿਆਂ ਨੰਗਿਆਂ ਗਲੇ ਲਗਾਇੰਦਾ। ਜਗਤ ਜੰਜਾਲਾ ਦੇਵੇ ਕੱਟ, ਮਾਨਸ ਜਨਮ ਲੇਖੇ ਲਾਇੰਦਾ। ਪਾਟੇ ਚੀਥੜ ਵੇਖੇ ਸਮਰਥ, ਰਵਦਾਸ ਚਮਿਆਰਾ ਗਵਾਹ ਰਖਾਇੰਦਾ। ਕੰਗਣ ਵੇਖਣਹਾਰਾ ਫਿਰੇ ਤੀਰਥ ਤੱਟ, ਪੰਡਤ ਬ੍ਰਹਿਮਣ ਭੇਵ ਨਾ ਆਇੰਦਾ। ਅੰਤਮ ਵੱਜੀ ਏਕਾ ਸੱਟ, ਪਿਛਲਾ ਕੀਤਾ ਭੁਲ ਬਖ਼ਸ਼ਾਇੰਦਾ। ਅੱਗੇ ਲਾਵੇ ਨਾ ਮੂਲ ਹੱਥ, ਚੰਗੀ ਵਸਤ ਨਾ ਅੱਗੇ ਕੋਈ ਟਿਕਾਇੰਦਾ। ਏਕਾ ਮੰਗੇ ਸਾਚਾ ਦਰਸ, ਦਿਵਸ ਰੈਣ ਬਿਲਲਾਇੰਦਾ। ਸਤਿਗੁਰ ਪੂਰਾ ਕਰੇ ਤਰਸ, ਸਿਰ ਆਪਣਾ ਹੱਥ ਰਖਾਇੰਦਾ। ਏਕਾ ਅੰਮ੍ਰਿਤ ਸਾਚਾ ਸੀਰ ਦੇਵੇ ਬਰਖ਼, ਮੱਝ ਗਾਂ ਨਾ ਕੋਈ ਵਖਾਇੰਦਾ। ਗੁਰਸਿਖ ਗੁਰ ਚਰਨ ਪਿਆਰ ਮੰਗੋ ਬੇਧੜਕ, ਸਤਿਗੁਰ ਪੂਰਾ ਮੇਲ ਮਿਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਦੁਸ਼ਾਲਾ ਦੋ ਜਹਾਨਾਂ ਕਰੇ ਮਾਲੋ ਮਾਲਾ, ਠਗ ਚੋਰ ਯਾਰ ਲੁੱਟ ਕੋਇ ਨਾ ਜਾਇੰਦਾ।