੨੨ ਫੱਗਣ ੨੦੧੭ ਬਿਕ੍ਰਮੀ ਬੀਬੀ ਦੀਪੋ ਦੇ ਗ੍ਰਹਿ ਪਿੰਡ ਦੋਸਤ ਪੁਰਾ ਜ਼ਿਲਾ ਗੁਰਦਾਸ ਪੁਰ
ਹਰਿ ਸਤਿਗੁਰ ਵੇਸ ਵਟਾਇੰਦਾ, ਆਦਿ ਜੁਗਾਦੀ ਸਾਚੀ ਕਾਰ। ਜੁਗਾ ਜੁਗੰਤਰ ਖੇਲ ਖਿਲਾਇੰਦਾ, ਅਲਖ ਅਗੋਚਰ ਅਗੰਮ ਅਪਾਰ। ਭਗਤ ਭਗਵੰਤ ਵੇਖ ਵਖਾਇੰਦਾ, ਲੱਖ ਚੁਰਾਸੀ ਪਾਵੇ ਸਾਰ। ਸਾਚੇ ਸੰਤ ਕੰਤ ਮੇਲ ਮਿਲਾਇੰਦਾ, ਅੰਤਰ ਆਤਮ ਕਰ ਪਿਆਰ। ਗੁਰਮੁਖ ਗੁਰ ਗੁਰ ਵੇਖ ਵਖਾਇੰਦਾ, ਹਰਿ ਗੋਬਿੰਦ ਸੂਰਬੀਰ ਬਲਕਾਰ। ਗੁਰਸਿਖ ਸਾਚੇ ਵੇਖ ਵਖਾਇੰਦਾ, ਵੇਖਣਹਾਰਾ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਇਕੱਲਾ ਕਰੇ ਖੇਲ ਸੱਚੀ ਸਰਕਾਰ। ਸਚ ਸਰਕਾਰਾ ਹਰਿ ਨਿਰੰਕਾਰਾ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦਵਾਪਰ ਕਰਿਆ ਪਾਰ ਕਿਨਾਰਾ, ਕਲਜੁਗ ਅੰਤਮ ਰੂਪ ਧਰਾਈਆ। ਸ਼ਬਦ ਅਨਾਦੀ ਧੁਰ ਜੈਕਾਰਾ, ਅਗੰਮ ਅਗੰਮੜਾ ਆਪ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਇਕੱਲਾ ਵਸਣਹਾਰਾ ਸਚ ਮਹੱਲਾ, ਸਚਖੰਡ ਦਵਾਰਾ ਆਪ ਸੁਹਾਈਆ। ਸਚਖੰਡ ਦਵਾਰ ਸ੍ਰੀ ਭਗਵਾਨ, ਇਕ ਇਕੱਲਾ ਆਸਣ ਲਾਇੰਦਾ। ਕਰੇ ਖੇਲ ਵਾਲੀ ਦੋ ਜਹਾਨ, ਕਲਜੁਗ ਅੰਤਮ ਵੇਸ ਵਟਾਇੰਦਾ। ਜੋਤੀ ਨੂਰ ਨੂਰਾਨਾ ਡਗਮਗਾਇੰਦਾ। ਸ਼ਬਦ ਉਠਾਏ ਸਤਿ ਨਿਸ਼ਾਨ, ਨੌਂ ਖੰਡ ਪ੍ਰਿਥਮੀ ਆਪ ਝੁਲਾਇੰਦਾ। ਹਰਿਜਨ ਸਾਚੇ ਕਰ ਪਛਾਣ, ਪਹਿਚਾਨ ਵਿਚ ਕਿਸੇ ਨਾ ਆਇੰਦਾ। ਜਨ ਭਗਤਾਂ ਦੇਵੇ ਅੰਤਰ ਆਤਮ ਬ੍ਰਹਮ ਗਿਆਨ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਸ਼ਬਦ ਨਿਰਾਲਾ ਮਾਰੇ ਬਾਣ, ਅਣਯਾਲਾ ਤੀਰ ਆਪ ਚਲਾਇੰਦਾ। ਕਾਇਆ ਮੰਦਰ ਅੰਦਰ ਗੁਰਦਵਾਰ ਵਖਾਏ ਇਕ ਮਕਾਨ, ਘਰ ਘਰ ਵਿਚ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਵੇਖ ਵਖਾਇੰਦਾ। ਸੰਤਨ ਅੰਤਰ ਹਰਿ ਹਰਿ ਨਾਮ, ਆਪਣਾ ਆਪ ਦ੍ਰਿੜਾਈਆ। ਅੰਮ੍ਰਿਤ ਪਿਆਏ ਸਾਚਾ ਜਾਮ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਜੋਤ ਨਿਰੰਜਣ ਨਿਰਗੁਣ ਰੂਪ ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਮਿਟਾਈਆ। ਚਰਨ ਧੂੜ ਸਤਿ ਸਰੂਪ ਬਖ਼ਸ਼ੇ ਇਕ ਅਸ਼ਨਾਨ, ਦੁਰਮਤ ਮੈਲ ਰਹਿਣ ਨਾ ਪਾਈਆ। ਸੁਰਤੀ ਸ਼ਬਦੀ ਮੇਲਾ ਸਾਚੇ ਕਾਹਨ, ਘਰ ਘਰ ਮੰਦਰ ਅੰਦਰ ਬੰਸਰੀ ਨਾਮ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਹਰਿਜਨ ਸਾਚੇ ਲਏ ਮਿਲਾਈਆ। ਜੁਗਾ ਜੁਗੰਤਰ ਸਾਚੀ ਕਾਰ, ਕਰਨੀ ਕਰਤਾ ਆਪ ਕਮਾਇੰਦਾ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਨਿਰਵੈਰ ਪੁਰਖ ਆਪਣਾ ਰੂਪ ਧਰਾਇੰਦਾ। ਹਰਿਜਨ ਸਾਚੇ ਲਏ ਉਭਾਰ, ਦਿਵਸ ਰੈਣ ਵੇਖ ਵਖਾਇੰਦਾ। ਚਾਰ ਚਾਰ ਨਾ ਪਾਏ ਸਾਰ, ਨਵ ਨੌਂ ਮੁਖ ਭਵਾਇੰਦਾ। ਬੋਧ ਅਗਾਧਾ ਸ਼ਬਦ ਅਨਾਦਾ ਇਕ ਜੈਕਾਰ, ਬ੍ਰਹਮ ਬ੍ਰਹਿਮਾਦਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਬਲ ਰਖਾਇੰਦਾ । ਬਲ ਰੱਖੇ ਹਰਿ ਨਿਰੰਕਾਰਾ, ਦੂਸਰ ਅਵਰ ਨਾ ਕੋਇ ਵਡਿਆਈਆ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਲੋਕਮਾਤ ਰਹਿਣ ਨਾ ਪਾਈਆ। ਜੂਠ ਝੂਠ ਆਪ ਵਹਾਏ ਵਹਿੰਦੀ ਧਾਰਾ, ਪੰਜ ਤਤ ਨਾਤਾ ਦਏ ਤੁੜਾਈਆ। ਹਰਿਜਨ ਸਾਚੇ ਮੇਲ ਮਿਲਾਏ, ਦਇਆ ਕਮਾਏ ਦਰਸ ਦਿਖਾਏ ਅਗੰਮ ਅਪਾਰਾ, ਸਵਛ ਸਰੂਪੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਸਚਾ ਪਾਤਸ਼ਾਹ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਹਰਿ ਪੁਰਖ ਨਿਰੰਜਣ ਬਣ ਮਲਾਹ, ਲੋਕਮਾਤ ਵੇਖ ਵਖਾਇੰਦਾ। ਏਕੰਕਾਰਾ ਦਏ ਸਲਾਹ, ਸਿਫ਼ਤ ਸਲਾਹੀ ਆਪ ਹੋ ਜਾਇੰਦਾ। ਆਦਿ ਨਿਰੰਜਣ ਜੋਤ ਜਗਾ, ਘਰ ਘਰ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪਣਾ ਨਾਦ ਆਪ ਸੁਣਾ, ਸ਼ਬਦ ਅਨਾਦੀ ਨਾਦ ਵਜਾਇੰਦਾ। ਸ੍ਰੀ ਭਗਵਾਨ ਵਸਣਹਾਰਾ ਥਾਉਂ ਥਾਂ, ਥਾਨ ਥਨੰਤਰ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਆਪਣਾ ਪੜਦਾ ਆਪ ਉਠਾਇੰਦਾ। ਬ੍ਰਹਮ ਬ੍ਰਹਮ ਪ੍ਰਭ ਲਏ ਜਗਾ, ਤ੍ਰੈਗੁਣ ਤੱਤ ਮੂਲ ਚੁਕਾਇੰਦਾ। ਏਕਾ ਇਸ਼ਟ ਇਕ ਗੁਰਦੇਵ, ਏਕਾ ਦ੍ਰਿਸ਼ਟ ਦਏ ਖੁਲ੍ਹਾ, ਸ੍ਰਿਸ਼ਟ ਸਬਾਈ ਸੋਝੀ ਪਾਇੰਦਾ। ਵਰਨ ਬਰਨ ਦਏ ਮਿਟਾ, ਊਚ ਨੀਚ ਰਾਓ ਰੰਕ ਰਾਜ ਰਾਜਾਨ ਏਕਾ ਧਾਮ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਨਰ ਨਰਾਇਣ ਖੇਲ ਖਿਲਾਇੰਦਾ। ਨਰ ਨਰਾਇਣ ਖੇਲ ਕਰਤਾਰਾ, ਕਰਤਾ ਪੁਰਖ ਆਪ ਕਰਾਈਆ। ਕਲਜੁਗ ਅੰਤਮ ਪਰਗਟ ਹੋ ਵਿਚ ਸੰਸਾਰਾ, ਰੂਪ ਅਨੂਪ ਆਪ ਵਖਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਚਾਰ ਵੇਦ ਦੇਣ ਗਵਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਹਰਿਜਨ ਸਾਚੇ ਲਏ ਮਿਲਾਈਆ। ਹਰਿਜਨ ਸਾਚਾ ਮੇਲਿਆ, ਕਰ ਕਿਰਪਾ ਗੁਣ ਨਿਧਾਨ। ਲੇਖਾ ਜਾਣੇ ਗੁਰੂ ਗੁਰ ਚੇਲਿਆ, ਗੁਰ ਮੀਤਾ ਇਕ ਭਗਵਾਨ। ਸਦਾ ਸਖਾਈ ਸੱਜਣ ਸੁਹੇਲਿਆ, ਲੇਖਾ ਜਾਣੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦੇਵੇ ਮਾਣ। ਹਰਿਜਨ ਮਾਣ ਨਿਮਾਣਿਆ, ਦੇਵਣਹਾਰ ਨਿਰੰਕਾਰ। ਆਦਿ ਜੁਗਾਦਿ ਚਲਾਏ ਆਪਣੇ ਭਾਣਿਆ, ਜੁਗਾ ਜੁਗੰਤਰ ਸਾਚੀ ਕਾਰ। ਕਲਜੁਗ ਅੰਤਮ ਖੇਲ ਕਰੇ ਮਹਾਨਿਆ, ਨਵ ਸਤ ਪਾਏ ਸਾਰ। ਤਖ਼ਤੋਂ ਲਾਹੇ ਰਾਜੇ ਰਾਣਿਆ, ਜਗਤ ਜਗਦੀਸ ਕਰ ਖ਼ਵਾਰ। ਇਕ ਸੁਣਾਏ ਧੁਰ ਫ਼ਰਮਾਣਿਆਂ, ਆਪ ਗਾਏ ਆਪਣੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਧੁਰ ਦਰਬਾਰ। ਧੁਰ ਦਰਬਾਰਾ ਲੇਖ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਮੇਟੇ ਰੇਖ, ਆਪਣੀ ਰੇਖ ਨਾ ਕੋਇ ਵਖਾਇੰਦਾ। ਜੋਤ ਅਵਲੜਾ ਧਾਰੇ ਭੇਖ, ਭੇਖਾ ਧਾਰੀ ਦਿਸ ਕਿਸੇ ਨਾ ਆਇੰਦਾ। ਲਹਿਣਾ ਦੇਣਾ ਚੁਕਾਏ ਔਲੀਆ ਪੀਰ ਸ਼ੇਖ਼, ਮੁਲਾ ਮਸਾਇਕ ਵੇਖ ਵਖਾਇੰਦਾ। ਹਰਿਜਨ ਵਿਰਲੇ ਏਕਾ ਬਖ਼ਸ਼ੇ ਚਰਨ ਪ੍ਰੀਤੀ ਸਾਚੀ ਟੇਕ, ਸਚ ਦਵਾਰਾ ਇਕ ਵਖਾਇੰਦਾ। ਅੰਤਰ ਆਤਮ ਕਰੇ ਬੁਧ ਬਬੇਕ, ਦੁਰਮਤ ਮੈਲ ਆਪ ਧਵਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਇੰਦਾ। ਰਾਹ ਤੱਕੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਰਵੇਸ਼ ਸੀਸ ਝੁਕਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਲਜੁਗ ਅੰਤਮ ਪਰਗਟ ਹੋਏ ਇਕ ਨਰੇਸ਼, ਨਿਹਕਲੰਕ ਨਰ ਨਰਾਇਣ ਨਾਉਂ ਧਰਾਇੰਦਾ। ਨਾ ਕੋਈ ਮੁਛ ਦਾੜ੍ਹੀ ਦਿਸੇ ਕੇਸ, ਮੂੰਡ ਮੁੰਡਾਇਆ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿ ਮੰਦਰ ਸੋਭਾ ਪਾਇੰਦਾ। ਹਰਿ ਮੰਦਰ ਹਰਿ ਸੁਹਾਇੰਦਾ, ਸੋਭਾਵੰਤ ਏਕੰਕਾਰ। ਕਲਜੁਗ ਅੰਤਮ ਵੇਖਣ ਆਇੰਦਾ, ਹਰਿਜਨ ਹਰਿ ਹਰਿ ਸੱਜਣ ਮੀਤ ਮੁਰਾਰ। ਕਾਇਆ ਕਵਰੀ ਭਵਰੀ ਫੋਲ ਫੁਲਾਇੰਦਾ, ਵੇਖਣਹਾਰਾ ਡੂੰਘੀ ਗਾਰ। ਲੱਖ ਚੁਰਾਸੀ ਦਿਸ ਕਿਸੇ ਨਾ ਆਇੰਦਾ, ਲੱਭ ਲੱਭ ਥੱਕਾ ਸਰਬ ਸੰਸਾਰ। ਗੁਰਮੁਖ ਵਿਰਲੇ ਕਾਇਆ ਅੰਦਰ ਮੰਦਰ ਦਰਸ ਦਿਖਾਇੰਦਾ, ਜਿਸ ਜਨ ਖੋਲ੍ਹੇ ਬੰਦ ਕਿਵਾੜ। ਆਤਮ ਸੇਜਾ ਸੋਭਾ ਪਾਇੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਕਰ ਪਿਆਰ।
