Granth 11 Likhat 017: Aatma Singh de Navit

ਆਤਮਾ ਸਿੰਘ ਦੇ ਨਵਿਤ

ਜਗਤ ਵਲੋਂ ਗਿਆ , ਨਾਤਾ ਜਗਤ ਤੁੜਾਇਆ। ਅੱਗੋਂ ਮਿਲਿਆ ਹਰਿ ਜੂ ਹਰਿ, ਆਪਣਾ ਦਰਸ ਕਰਾਇਆ। ਬਹੱਤਰਾਂ ਭਗਤਾਂ ਵਿਚੋਂ ਦਿਤਾ ਪਹਿਲਾ ਵਰ, ਸਿਰ ਤੇਰੇ ਹੱਥ ਟਿਕਾਇਆ। ਛੱਬੀ ਪੋਹ ਵਖੌਣਾ ਘਰ, ਭਗਤ ਦੁਆਰਾ ਜੋ ਬਣਾਇਆ। ਏਥੇ ਓਥੇ ਚੁੱਕੇ ਡਰ, ਡਰ ਕੋਈ ਰਹਿਣ ਨਾ ਪਾਇਆ। ਅੰਤ ਬੰਧਾਏ ਆਪਣੇ ਲੜ, ਪੱਲੂ ਨਾਮ ਬੰਧਾਇਆ। ਸਾਚੇ ਪੌੜੇ ਜਾਣਾ ਚੜ੍ਹ, ਪੁਰਖ ਅਬਿਨਾਸ਼ੀ ਲਏ ਚੜ੍ਹਾਇਆ। ਸਚਖੰਡ ਦੁਆਰੇ ਜਾਣਾ ਵੜ, ਸਿੰਘ ਪਾਲ ਬੈਠਾ ਰਾਹ ਤਕਾਇਆ। ਆ ਵੀਰ ਮੇਰੇ ਨਾਲ ਰਲ, ਰਲ ਮਿਲ ਇਕੋ ਹਰਿ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਮਰਨ ਰਿਹਾ ਕਟਾਇਆ। ਜਨਮ ਮਰਨ ਹੱਥ ਪਰਮਾਤਮਾ, ਪੁਰਖ ਪੁਰਖ ਵਡਿਆਈਆ। ਲੇਖਾ ਜਾਣੇ ਸਿੰਘ ਆਤਮਾ, ਆਤਮ ਸਿੰਘ ਵਿਚ ਸਮਾਈਆ। ਵੇਸ ਵਟਾਇਆ ਗੁਪਤ ਬਾਤਨਾ, ਜ਼ਾਹਿਰ ਦਏ ਵਡਿਆਈਆ। ਭਗਤ ਭਗਵੰਤ ਆਇਆ ਰਾਖਨਾ, ਰੱਖਕ ਬਣ ਬਣ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੀਵਣ ਮਰਨ ਮਰਨ ਜੀਵਣ ਆਪਣੇ ਹੱਥ ਰਖਾਈਆ। ਲਾੜੀ ਮੌਤ ਗਈ ਹਾਰ, ਕਾਲ ਹੁਕਮ ਸੁਣਾਇਆ। ਸਤਿਗੁਰ ਪੂਰੇ ਦਿਤਾ ਤਾਰ, ਮੁਰਦਾ ਫਿਰ ਉਠਾਇਆ। ਚਰਨ ਕਵਲ ਕਰਾਏ ਪਿਆਰ, ਪਿਆਰ ਪਿਆਰ ਨਾਲ ਰਲਾਇਆ। ਬਹੱਤਰਾਂ ਵਿਚੋਂ ਛੱਬੀ ਪੋਹ ਤੋਂ ਪਹਿਲੇ ਜਨਮ ਕੋਈ ਨਾ ਜਾਏ ਹਾਰ, ਮਾਨਸ ਦੇਹ ਨਾ ਕੋਈ ਤਜਾਇਆ । ਆਪਣਾ ਕਰੇ ਕਰਾਏ ਸਚ ਵਿਹਾਰ, ਫਿਰ ਅਗਲਾ ਰਾਹ ਵਿਖਾਇਆ। ਅੱਗੋਂ ਮਿਲੇ ਆਪ ਨਿਰੰਕਾਰ, ਨਿਰਗੁਣ ਆਪਣਾ ਰੂਪ ਵਟਾਇਆ। ਜਨ ਭਗਤਾਂ ਲਏ ਉਠਾਲ, ਸਾਚੀ ਗੋਦ ਬਹਾਇਆ। ਸਾਹਿਬ ਸਾਹਿਬ ਸਦਾ ਸਦਾ ਦਿਆਲ, ਦੀਨਨ ਆਪਣੇ ਗਲੇ ਲਗਾਇਆ। ਗੁਰਮੁਖ ਕਦੇ ਨਾ ਖਾਏ ਕਾਲ, ਜਮਕਾਲ ਨੇੜ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਵਿਚ ਬਦਲਾਇਆ।