Granth 11 Likhat 038: 7 Magh 2018 Bikarmi Jagir Singh de Greh Mehnia Jila Amritsar

੭ ਮਾਘ ੨੦੧੮ ਬਿਕਰਮੀ ਜਗੀਰ ਸਿੰਘ ਦੇ ਗ੍ਰਹਿ ਮੈਣੀਆਂ ਜ਼ਿਲਾ ਅੰਮ੍ਰਿਤਸਰ

ਹਰਿ ਕਾ ਨਾਉਂ ਸਾਚਾ ਜਾਪ, ਜੁਗ ਜੁਗ ਮਾਣ ਵਡਿਆਈਆ। ਤ੍ਰੈਗੁਣ ਮੇਟੇ ਤੀਨੋਂ ਤਾਪ, ਜਗਤ ਤ੍ਰਿਸ਼ਨਾ ਅਗਨ ਬੁਝਾਈਆ। ਕੋਟਨ ਕੋਟ ਜਨਮ ਉਤਾਰੇ ਪਾਪ, ਪਤਤ ਪਾਪੀ ਪਾਰ ਕਰਾਈਆ। ਨਿਰਗੁਣ ਸਰਗੁਣ ਮੇਲਾ ਸੱਜਣ ਸਾਕ, ਨਾਤਾ ਬਿਧਾਤਾ ਜੋੜ ਜੁੜਾਈਆ। ਆਤਮ ਪਰਮਾਤਮ ਸਾਚਾ ਪਾਠ, ਸੋਹੰ ਸ਼ਬਦ ਸੱਚੀ ਪੜ੍ਹਾਈਆ। ਅੰਤ ਉਤਾਰੇ ਪਾਰ ਘਾਟ, ਮੰਜਧਾਰ ਨਾ ਕੋਇ ਰੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਲ ਆਪਣੇ ਨਾਉਂ ਰਖਾਈਆ। ਹਰਿ ਕਾ ਨਾਉਂ ਸਦਾ ਪਰਬਲ, ਪਰਬਤ ਚੋਟੀ ਰਹੀ ਕੁਰਲਾਈਆ। ਹਰਿ ਕਾ ਨਾਉਂ ਸਦਾ ਅਟੱਲ, ਸਮੁੰਦ ਸਾਗਰ ਦੇਣ ਦੁਹਾਈਆ। ਹਰਿ ਕਾ ਖੇਲ ਸਦਾ ਅਛੱਲ, ਅਛਲ ਅਛੱਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪ ਸੁਣਾਈਆ। ਏਕਾ ਨਾਮ ਸੁਣਨਾ ਕਾਨ, ਹਰਿ ਕਾਹਨ ਆਪ ਸੁਣਾਇੰਦਾ। ਏਕਾ ਨਾਮ ਵਸੇ ਸਚ ਮਕਾਨ, ਕਾਇਆ ਬੰਕ ਆਪ ਬਣਾਇੰਦਾ। ਏਕਾ ਨਾਮ ਮਿਲੇ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਏਕਾ ਨਾਮ ਜਾਣੀ ਜਾਣ, ਅੰਤਰ ਆਤਮ ਭੇਵ ਚੁਕਾਇੰਦਾ। ਏਕਾ ਨਾਮ ਪੀਣ ਖਾਣ, ਆਸ਼ਾ ਤ੍ਰਿਸ਼ਨਾ ਮੋਹ ਮਿਟਾਇੰਦਾ। ਏਕਾ ਨਾਮ ਨਾਦ ਧੁਨਕਾਨ, ਸਾਰੰਗ ਸਾਰੰਗਾ ਨਾ ਕੋਇ ਵਜਾਇੰਦਾ। ਏਕਾ ਨਾਮ ਬੇਪਹਿਚਾਣ, ਨਜ਼ਰ ਵਿਚ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਆਪਣਾ ਨਾਮ ਧਰਾਇੰਦਾ। ਏਕਾ ਨਾਮ ਛਲੇ ਬਲ ਬਾਵਨ, ਰੂਪ ਅਨੂਪ ਵਟਾਈਆ। ਏਕਾ ਨਾਮ ਮਾਰੇ ਰਾਵਣ, ਲੰਕਾ ਗੜ੍ਹ ਤੁੜਾਈਆ। ਏਕਾ ਨਾਮ ਕਾਹਨਾ ਹੋਏ ਜ਼ਾਮਨ, ਗ਼ਰੀਬ ਨਿਮਾਣੇ ਗਲੇ ਲਗਾਈਆ। ਏਕਾ ਨਾਮ ਈਸਾ ਮੂਸਾ ਦਏ ਪੈਗ਼ਾਮਨ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਏਕਾ ਨਾਮ ਨਿਰਗੁਣ ਨਾਨਕ ਬੋਲੇ ਸਤਿ ਨਾਮਣ, ਸਤਿ ਸਤਿ ਵੱਜੇ ਵਧਾਈਆ। ਏਕਾ ਨਾਮ ਫ਼ਤਹਿ ਡੰਕਾ ਦੋ ਜਹਾਨਣ, ਦੋਏ ਦੋਏ ਆਪਣਾ ਖੇਲ ਕਰਾਈਆ। ਏਕਾ ਨਾਮ ਮੂਰਖ ਮੂੜ੍ਹ ਬਣਾਏ ਚਤਰ ਸੁਘੜ ਸੁਜਾਨਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਆਪਣਾ ਨਾਮ ਪ੍ਰਗਟਾਈਆ। ਏਕਾ ਨਾਮ ਹਰਿ ਕੀ ਧਾਰ, ਹਰਿ ਹਰਿ ਆਪ ਉਪਾਇੰਦਾ। ਜੁਗ ਚੌਕੜੀ ਖੇਲ ਅਪਾਰ, ਗੁਰ ਅਵਤਾਰ ਵੇਖ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਵਿਚਾਰ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਸੰਸਾਰ, ਸਲਾਹਣ ਸਲਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਛੁਪਾਇੰਦਾ। ਹਰਿ ਕਾ ਨਾਮ ਬੈਠਾ ਛੁਪ, ਨਜ਼ਰ ਕਿਸੇ ਨਾ ਆਇੰਦਾ। ਘਰ ਵਿਚ ਘਰ ਅੰਧੇਰਾ ਘੁੱਪ, ਦੀਪਕ ਦੀਆ ਨਾ ਕੋਇ ਜਗਾਇੰਦਾ। ਅੱਠੇ ਪਹਿਰ ਰਹੇ ਚੁੱਪ, ਸਚ ਅਵਾਜ ਨਾ ਕੋਇ ਲਗਾਇੰਦਾ। ਪ੍ਰਭ ਅਬਿਨਾਸ਼ੀ ਦਾ ਸਾਚਾ ਸੁਤ, ਆਪਣੇ ਰੰਗ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪੇ ਪਾਇੰਦਾ। ਹਰਿ ਕਾ ਨਾਮ ਪਰਦੇ ਅੰਦਰ, ਹਰਿ ਸਾਜਣ ਆਪ ਰਖਾਈਆ। ਗ੍ਰਹਿ ਗ੍ਰਹਿ ਘਟ ਘਟ ਵੇਖੇ ਮੰਦਰ, ਕਾਇਆ ਬੰਕ ਵਡਿਆਈਆ। ਆਪੇ ਲਾਇਆ ਇਕੋ ਜੰਦਰ, ਨਾ ਕੋਈ ਤੋੜੇ ਤੋੜ ਤੁੜਾਈਆ। ਮਨ ਵਾਸਨਾ ਫਿਰੇ ਬੰਦਰ, ਮਤ ਮਤਵਾਲੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਛੁਪਾਈਆ। ਹਰਿ ਕਾ ਨਾਮ ਵਸੇ ਉਹਲੇ, ਭੇਵ ਕੋਇ ਨਾ ਪਾਇੰਦਾ। ਗੁਰਮੁਖ ਵਿਰਲਾ ਪਰਦਾ ਖੋਲ੍ਹੇ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਸੋਵਤ ਜਾਗਤ ਗਾਏ ਸੋਹਲੇ, ਏਕਾ ਰਾਗ ਅਲਾਇੰਦਾ। ਅੰਤਰ ਬੋਲੇ ਹੌਲੇ ਹੌਲੇ, ਰਸਨਾ ਜਿਹਵਾ ਨਾ ਕੋਇ ਹਲਾਇੰਦਾ। ਸਰਗੁਣ ਅੰਦਰ ਨਿਰਗੁਣ ਮੌਲੇ, ਮੌਲਾ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਰਖਾਇੰਦਾ। ਆਪਣਾ ਨਾਮ ਆਪੇ ਰੱਖ, ਰੱਖ ਰੱਖ ਵੇਖ ਵਖਾਈਆ। ਸਰਗੁਣ ਹੋ ਕੇ ਕੀਤਾ ਵੱਖ, ਨਿਰਗੁਣ ਭੇਵ ਛੁਪਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਜਨ ਭਗਤਾਂ ਮਾਰਗ ਸਾਚਾ ਦੱਸ, ਏਕਾ ਬੂਝ ਬੁਝਾਈਆ। ਕਲਜੁਗ ਅੰਤਮ ਹੋ ਪ੍ਰਗਟ, ਨਿਹਕਲੰਕਾ ਨਾਉਂ ਰਖਾਈਆ। ਸੰਤ ਸੁਹੇਲੇ ਆਪੇ ਸੱਦ, ਇਕ ਸਦਾ ਲਗਾਈਆ। ਆਪੇ ਜਾਣੇ ਆਪਣੀ ਹੱਦ, ਪਾਰ ਕਿਨਾਰਾ ਨਾ ਕੋਇ ਵਡਿਆਈਆ। ਭਾਗ ਲਗਾਏ ਡੂੰਘੀ ਖੱਡ, ਅੰਧ ਅੰਧੇਰ ਮਿਟਾਈਆ। ਜਿਸ ਜਨ ਆਪਣਾ ਨਾਉਂ ਸੁਣਾਏ ਨੈਣ ਸ਼ਰਮਾਏ ਅਨਹਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਧਰਾਈਆ। ਹਰਿ ਕਾ ਨਾਉਂ ਹਰਿ ਕੀ ਟੇਕ, ਏਕਾ ਓਟ ਜਣਾਇੰਦਾ। ਹਰਿ ਕਾ ਨਾਉਂ ਬੁੱਧ ਕਰੇ ਬਬੇਕ, ਵਵੇਕੀ ਰੂਪ ਵਟਾਇੰਦਾ। ਹਰਿ ਕਾ ਨਾਉਂ ਨਾ ਲਾਏ ਸੇਕ, ਅਗਨੀ ਤੱਤ ਬੁਝਾਇੰਦਾ। ਹਰਿ ਕਾ ਨਾਉਂ ਮੇਟੇ ਰੇਖ, ਪੂਰਬ ਲਹਿਣਾ ਝੋਲੀ ਪਾਇੰਦਾ। ਹਰਿ ਕਾ ਨਾਉਂ ਆਦਿ ਜੁਗਾਦੀ ਏਕਾ ਏਕ, ਜੁਗ ਜੁਗ ਵੇਸ ਵਟਾਇੰਦਾ। ਨਵ ਨੌਂ ਚਾਰ ਵੇਸ ਕੀਆ ਅਨੇਕ, ਅਨਕ ਕਲ ਵਰਤਾਇੰਦਾ। ਕਲਜੁਗ ਅੰਤਮ ਵਸੇ ਸਾਚੇ ਦੇਸ, ਨਗਰ ਖੇੜਾ ਦਿਸ ਕਿਸੇ ਨਾ ਆਇੰਦਾ। ਸਾਹਿਬ ਸੁਲਤਾਨ ਨਰ ਨਰੇਸ਼, ਭੂਪਤ ਭੂਪ ਆਪ ਸਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਮ ਆਪ ਵਰਤਾਇੰਦਾ । ਸਾਚਾ ਨਾਉਂ ਸਾਚੀ ਭਿਛਾ, ਭਿਖਕ ਆਪ ਵਰਤਾਈਆ। ਗੁਰਮੁਖਾਂ ਕਰੇ ਸਾਚੀ ਰਿਛਾ, ਸਿਰ ਆਪਣਾ ਹੱਥ ਟਿਕਾਈਆ। ਅਗਲਾ ਲੇਖ ਆਪੇ ਲਿਖਾ, ਪੂਰਬ ਦਏ ਚੁਕਾਈਆ। ਸਚਖੰਡ ਦਾ ਸਾਚਾ ਹਿੱਸਾ, ਲੋਕਮਾਤ ਧਰਾਈਆ। ਰਸਨਾ ਰਸ ਗਿਆ ਫਿਕਾ, ਵਿਖ ਅੰਮ੍ਰਿਤ ਆਪ ਭਰਾਈਆ। ਨੇਤਰ ਲੋਚਣ ਨੈਣ ਜਿਸ ਜਨ ਦਰਸ ਡਿਠਾ, ਅਨਡਿਠੜੀ ਵਸਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਆਪਣਾ ਆਪ ਵਰਤਾਈਆ।