Granth 11 Likhat 053: 13 Magh 2018 Bikarmi Kishan Singh de Ghar Allarh Pindi Jila Gurdaspur

੧੩ ਮਾਘ ੨੦੧੮ ਬਿਕਰਮੀ ਕਿਸ਼ਨ ਸਿੰਘ ਦੇ ਘਰ ਅੱਲੜ ਪਿੰਡੀ ਜ਼ਿਲਾ ਗੁਰਦਾਸਪੁਰ

ਪੰਚ ਪਰਧਾਨ ਕਰਨ ਸਲਾਹ, ਸਚਖੰਡ ਖ਼ੁਸ਼ੀ ਮਨਾਈਆ। ਹੋਏ ਪਰਵਾਨ ਵਿਚ ਦਰਗਾਹ, ਹਰਿ ਜੂ ਹਰਿ ਹਰਿ ਲਿਆ ਮਨਾਈਆ। ਏਕਾ ਦਰ ਲਿਆ ਬਹਾ, ਦੇਵੇ ਮਾਣ ਵਡਿਆਈਆ। ਏਕਾ ਅੱਖਰ ਲਿਆ ਗਾ, ਆਪਣਾ ਨਾਉਂ ਪੜ੍ਹਾਈਆ। ਏਕਾ ਇਸ਼ਟ ਲਿਆ ਮਨਾ, ਗੁਰਦੇਵ ਏਕਾ ਨਜ਼ਰੀ ਆਈਆ। ਏਕਾ ਮਿਲਿਆ ਸਚ ਮਕਾਂ, ਮਹੱਲ ਅਟੱਲ ਰੁਸ਼ਨਾਈਆ। ਏਕਾ ਪੁਰਖ ਪਕੜੀ ਬਾਂਹ, ਅਕਾਲ ਅਕਾਲ ਦਇਆ ਕਮਾਈਆ। ਏਕਾ ਦਿਤੀ ਸਚ ਸਰਨਾ, ਚਰਨ ਸ਼ਰਨ ਸੱਚੀ ਸ਼ਰਨਾਈਆ। ਅਸੀਂ ਰਲ ਮਿਲ ਢੋਲੇ ਰਹੇ ਗਾ, ਨਾਉਂ ਨਿਰੰਕਾਰ ਵਡਿਆਈਆ। ਅਸੀਂ ਨੇਤਰ ਰਹੇ ਉਠਾ, ਨੈਣ ਨੈਣ ਉਠਾਈਆ। ਕਿਰਪਾ ਕਰੀ ਬੇਪਰਵਾਹ, ਲੋਕਮਾਤ ਵੱਜੀ ਵਧਾਈਆ। ਸਾਡੀ ਸੇਵਾ ਲੇਖੇ ਲਾ, ਪਹਿਲਾ ਲੇਖਾ ਦਿਤਾ ਚੁਕਾਈਆ। ਆਪਣੇ ਭਗਤਾਂ ਲਿਆ ਜਗਾ, ਸਾਡੇ ਸੰਗ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਰਾਈਆ। ਪੰਚ ਪਰਧਾਨਾ ਚੜ੍ਹਿਆ ਚਾਅ, ਹਰਿ ਪੰਚ ਪੰਚ ਰੰਗ ਵਖਾਇਆ। ਦਰਗਹਿ ਸਾਚੀ ਬੈਠੇ ਆ, ਨਾਨਕ ਲੇਖਾ ਪੂਰ ਕਰਾਇਆ। ਵਾਹ ਵਾਹ ਮਿਲਿਆ ਹਰਿ ਬੇਪਰਵਾਹ, ਬੇਅੰਤ ਵਡੀ ਵਡਿਆਈਆ। ਦਰਗਹਿ ਸਾਚੀ ਤੇਰੀ ਪਕੜੀ ਬਾਂਹ, ਸਿਰ ਆਪਣਾ ਹੱਥ ਟਿਕਾਇਆ । ਇਕ ਜਪਾਇਆ ਆਪਣਾ ਨਾਂ, ਮੰਤਰ ਅੰਤਰ ਇਕ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇਆ। ਪੰਚਾਂ ਚੜ੍ਹਿਆ ਏਕਾ ਰੰਗ, ਘਰ ਸਾਚੇ ਖ਼ੁਸ਼ੀ ਮਨਾਈਆ। ਵਾਹ ਵਾਹ ਮਿਲਿਆ ਹਰਿ ਸਰਬੰਗ, ਸੂਰਬੀਰ ਸ਼ਹਿਨਸ਼ਾਹੀਆ। ਸਾਡਾ ਆਵਣ ਜਾਵਣ ਕੱਟਿਆ ਫੰਦ, ਆਪਣੀ ਗੋਦ ਬਹਾਈਆ। ਕਰ ਪ੍ਰੇਮ ਚੜ੍ਹਿਆ ਚੰਦ, ਚੰਦ ਚਾਂਦਨੀ ਇਕ ਰੁਸ਼ਨਾਈਆ। ਸਾਡਾ ਖ਼ੁਸ਼ੀ ਬੰਦ ਬੰਦ, ਅੰਗ ਅੰਗ ਡਗਮਗਾਈਆ। ਇਕ ਪਾਇਆ ਪਰਮਾਨੰਦ, ਅਨੰਦ ਅਨੰਦ ਵਿਚ ਪਰਗਟਾਈਆ। ਦੀਨ ਦਿਆਲ ਸਾਹਿਬ ਬਖ਼ਸ਼ੰਦ, ਏਕਾ ਬਖ਼ਸ਼ਿਸ਼ ਰਿਹਾ ਕਰਾਈਆ। ਉਠੋ ਗਾਓ ਢੋਲਾ ਸੋਹੰ ਛੰਦ, ਵੇਲਾ ਅੰਤਮ ਗਿਆ ਆਈਆ। ਬ੍ਰਹਮੇ ਮੁਕਿਆ ਅੰਤਮ ਪੰਧ, ਪ੍ਰਭ ਲਹਿਣਾ ਦਏ ਚੁਕਾਈਆ। ਸ਼ੰਕਰ ਤੋੜੇ ਆਪਣੀ ਗੰਢ, ਸਾਚੀ ਗੰਢ ਪੁਆਈਆ। ਸੁਰਪਤ ਰੋਵੇ ਨੇਤਰ ਅੰਧ, ਨੈਣਾਂ ਨੀਰ ਨੀਰ ਵਹਾਈਆ। ਧਰੂ ਕਹੇ ਮੈਨੂੰ ਚਰਨਾਂ ਸੱਦ, ਮੇਰਾ ਵੇਲਾ ਵਕਤ ਗਿਆ ਵਿਹਾਈਆ। ਸਿੰਘ ਗੁਰਦਿਆਲ ਕਹੇ ਮੇਰਾ ਸੁਣ ਲੈ ਛੰਦ, ਏਕਾ ਏਕ ਵਾਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਚਾਂ ਮਿਲਿਆ ਇਕ ਪਿਆਰ, ਹਰਿ ਬੰਧਨ ਸਾਚਾ ਪਾਇਆ। ਪੰਚਾਂ ਦੇਵੇ ਇਕ ਆਧਾਰ, ਸਿਰ ਆਪਣਾ ਹੱਥ ਟਿਕਾਇਆ। ਏਕਾ ਕਰੇ ਸ਼ਿੰਗਾਰ, ਸੇਹਰਾ ਸੀਸ ਬੰਧਾਇਆ। ਏਕਾ ਦੇਵੇ ਨਾਮ ਜੈਕਾਰ, ਜੈ ਜੈਕਾਰਾ ਆਪ ਸੁਣਾਇਆ। ਪੰਜ ਬਣੇ ਸਤਿ ਸਰਦਾਰ, ਸਤਿ ਸਤਿਵਾਦੀ ਆਪ ਬਣਾਇਆ। ਕਰੇ ਖੇਲ ਅਗੰਮ ਅਪਾਰ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਸਮਝਾਇਆ। ਪੰਜੇ ਉਠੇ ਉਠੇ ਬਲ ਧਾਰ, ਸਚਖੰਡ ਵੱਜੀ ਵਧਾਈਆ। ਸਿੰਘ ਪਾਲ ਕਹੇ ਪੁਕਾਰ, ਉਠੋ ਵੇਖੋ ਹਰਿ ਕੀ ਕੀ ਖੇਲ ਰਚਾਈਆ। ਸਵਰਨ ਨੇਤਰ ਰਿਹਾ ਉਘਾੜ, ਚਰਨ ਸਰਨ ਮਿਲੀ ਸ਼ਰਨਾਈਆ। ਮਨਜੀਤਾ ਮਨ ਜਿੱਤ ਕਹੇ ਲਲਕਾਰ, ਮੈਂ ਆਪਣਾ ਆਪ ਲਿਆ ਬਚਾਈਆ। ਜਗਦੀਸ਼ਾ ਕਹੇ ਮੇਰਾ ਜਗਤ ਛੁੱਟਾ ਦੁਆਰ, ਸਚ ਦੁਆਰਾ ਮਿਲਿਆ ਚਾਈਂ ਚਾਈਂਆ। ਸਿੰਘ ਗੁਰਦਿਆਲ ਕਹੇ ਮੈਂ ਸਭ ਦਾ ਯਾਰ, ਏਥੇ ਓਥੇ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਈਆ। ਪੰਜੇ ਰਲ ਕੇ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਅਸੀਂ ਸਚਖੰਡ ਸੱਚੀ ਬਣੀ ਹਰਿ ਸੱਚੀ ਸਰਕਾਰ, ਪੰਚਮ ਦੇਣੀ ਮਾਣ ਵਡਿਆਈਆ। ਤੇਰਾ ਹੁਕਮ ਮੰਨੀਏ ਮੇਰੇ ਨਿਰੰਕਾਰ, ਤੂੰ ਸਾਡਾ ਹੁਕਮ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਦੇਣਾ ਸਮਝਾਈਆ। ਪੁਰਖ ਅਕਾਲ ਹੋ ਦਿਆਲ, ਏਕਾ ਵਾਰ ਸੁਣਾਇਆ। ਉਠੋ ਮੇਰੇ ਸਾਚੇ ਲਾਲ, ਹਰਿ ਲਾਲਨ ਰੰਗ ਰੰਗਾਇਆ। ਮੇਰਾ ਜੋਬਨ ਲੋਕਮਾਤ ਅਠਾਰਾਂ ਸਾਲ, ਰੰਗ ਰੰਗ ਆਪਣਾ ਆਪ ਰੰਗਾਇਆ। ਮੈਂ ਜਾ ਕੇ ਵੇਖਣਾ ਆਪਣਾ ਲਾਲ, ਜਿਸ ਕੋਧਰਾ ਭੇਟ ਚੜ੍ਹਾਇਆ। ਨਾਨਕ ਲੱਗੀ ਨਿਭੀ ਨਾਲ, ਨਾ ਕੋਈ ਤੋੜੇ ਤੋੜ ਤੁੜਾਇਆ। ਬ੍ਰਹਮਾ ਵੇਖ ਵੇਖ ਹੋਏ ਬੇਹਾਲ, ਪ੍ਰਭ ਸਾਚਾ ਖੇਲ ਕੀ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਰਿਹਾ ਉਠਾਇਆ। ਬ੍ਰਹਮਾ ਵੇਖੇ ਨੇਤਰ ਖੋਲ੍ਹ, ਨੈਣ ਨੈਣ ਉਘੜਾਈਆ। ਉਠ ਸ਼ੰਕਰ ਕਿਹਾ ਬੋਲ, ਏਕਾ ਵਾਰ ਸੁਣਾਈਆ। ਸ਼ੰਕਰ ਕਹੇ ਇੰਦਰ ਨਾ ਰਹੀਂ ਅਨਭੋਲ, ਇਕ ਸੰਦੇਸ਼ਾ ਰਿਹਾ ਜਣਾਈਆ। ਕਰੋੜ ਛਿਆਨਵੇਂ ਤੇਰੇ ਕੋਲ, ਤੇਰਾ ਬੰਧਨ ਪਾਈਆ। ਕਰੋੜ ਤਤੀਸਾ ਰਿਹਾ ਮੌਲ, ਆਪਣਾ ਰੰਗ ਵਖਾਈਆ। ਪੁਰਖ ਅਬਿਨਾਸ਼ੀ ਗੁਰਸਿਖਾਂ ਨਾਲ ਕਰੇ ਕੌਲ, ਕਰ ਕਰ ਕੌਲ ਰਿਹਾ ਨਿਭਾਈਆ। ਚਲੋ ਚਲ ਕੇ ਵੇਖੀਏ ਉਪਰ ਧੌਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਈਆ । ਪੰਚਾਂ ਮਿਲਿਆ ਧੁਰ ਫ਼ਰਮਾਣਾ, ਹਰਿ ਹਰਿ ਆਪ ਜਣਾਇਆ। ਰਲ ਮਿਲ ਗਾਓ ਏਕਾ ਗਾਣਾ, ਏਕਾ ਨਾਦ ਵਜਾਇਆ। ਅੰਮ੍ਰਿਤ ਆਤਮ ਬ੍ਰਹਮ ਬ੍ਰਹਮੇ ਤੇਰੇ ਹੱਥ ਰਖਾਣਾ, ਏਕਾ ਕਲਸ ਰਿਹਾ ਵਖਾਇਆ। ਸ਼ੰਕਰ ਨਿਉਂ ਨਿਉਂ ਮੰਨੇ ਭਾਣਾ, ਸਾਚਾ ਨਾਮ ਸਮਝਾਇਆ। ਇੰਦਰ ਤੇਰੀ ਸੇਵ ਮਹਾਨਾ, ਮੇਘ ਮੇਘਲਾ ਰੂਪ ਵਟਾਇਆ । ਲਾਲਨ ਵੇਖਣਾ ਬਾਲ ਅਞਾਣਾ, ਗੁਰ ਗੋਪਾਲਾ ਗੋਦ ਬਹਾਇਆ। ਕਿਰਨ ਕਿਰਨ ਮੇਘ ਬਰਸਾਣਾ, ਸਵਾਂਤੀ ਸਤਿ ਸਤਿ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵਿਹਾਰ ਆਪ ਸਮਝਾਇਆ। ਕਿਰਨ ਕਿਰਨ ਬਰਸੇ ਮੇਘ, ਦਿਵਸ ਦਿਵਸ ਨਾਲ ਮਿਲਾਈਆ। ਜਨ ਭਗਤਾਂ ਆਪਣਾ ਦੱਸਣ ਆਇਆ ਭੇਤ, ਖੋਲ੍ਹ ਖੋਲ੍ਹ ਸਮਝਾਈਆ। ਤੁਹਾਡੀ ਸੁੱਕੀ ਕੀਤੀ ਹਰੀ ਫੁਲਵਾੜੀ ਕਾਇਆ ਅੰਦਰ ਖੇਤ, ਮੇਘ ਮੇਘ ਇਕ ਬਰਸਾਈਆ। ਗੁਰਮੁਖਾਂ ਪਿਛੇ ਅਰਜਨ ਸਿਰ ਪੁਵਾ ਕੇ ਗਿਆ ਤੱਤੀ ਰੇਤ, ਅਗਨੀ ਤੱਤ ਤੱਤ ਜਲਾਈਆ। ਉਹਦੇ ਪਿਛੇ ਹਰਿ ਜੀ ਕਰੇ ਹੇਤ, ਗੁਰਮੁਖਾਂ ਲਏ ਉਠਾਈਆ। ਆਪਣੇ ਨੇਤਰ ਆਪੇ ਆ ਕੇ ਲਏ ਵੇਖ, ਗੁਰਸਿਖ ਲੱਭਣ ਕਿਤੇ ਨਾ ਜਾਈਆ। ਕਰੇ ਖੇਲ ਪਹਿਲੀ ਚੇਤ, ਚਾਤ੍ਰਿਕ ਅੰਮ੍ਰਿਤ ਮੇਘ ਬਰਸਾਈਆ। ਹਰਿਜਨ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਤੱਤੀ ਅੱਗ ਨਾ ਲੱਗੇ ਮਹੀਨਾ ਜੇਠ, ਹਾੜ੍ਹ ਤਪਸ ਨਾ ਕੋਇ ਤਪਾਈਆ। ਦਰਸ ਵਖਾਏ ਨੇਤਨ ਨੇਤ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਪੁਰਖ ਏਕਾ ਨਰ, ਨਰ ਨਰਾਇਣ ਵਡੀ ਵਡਿਆਈਆ। ਪੰਚ ਪਰਧਾਨ ਗਾਉਂਦੇ ਗੀਤ, ਏਕਾ ਢੋਲਾ ਗਾਈਆ। ਵਾਹ ਵਾਹ ਸਤਿਗੁਰ ਤੇਰੀ ਪ੍ਰੀਤ, ਪ੍ਰੀਤੀਵਾਨ ਤੂੰ ਆਪ ਬਣਾਈਆ। ਸਤਿਜੁਗ ਚਲਾਏ ਸਾਚੀ ਰੀਤ, ਸਾਚਾ ਖੇਲ ਵਖਾਈਆ। ਅਸੀਂ ਬੈਠੇ ਦਰ ਤੇਰੇ ਅਤੀਤ, ਤ੍ਰੈਗੁਣ ਨਾਤਾ ਤੋੜ ਤੁੜਾਈਆ। ਤੇਰਾ ਲੇਖਾ ਰਿਹਾ ਬੀਤ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੀ ਇਕੋ ਓਟ ਤਕਾਈਆ। ਪੁਰਖ ਅਬਿਨਾਸ਼ੀ ਕਰ ਧਿਆਨ, ਏਕਾ ਰੰਗ ਜਣਾਈਆ। ਆਪੇ ਪੰਚ ਕਰੇ ਪਰਵਾਨ, ਆਪੇ ਸਾਚੀ ਚਲੇ ਹੁਕਮ ਰਜਾਈਆ। ਸਾਚਾ ਬਣੇ ਇਕ ਵਿਧਾਨ, ਪਾਰਬ੍ਰਹਮ ਪ੍ਰਭ ਆਪ ਬਣਾਈਆ। ਹੱਥ ਫੜਾਏ ਇਕ ਨਿਸ਼ਾਨ, ਦੋ ਜਹਾਨਾਂ ਦਏ ਝੁਲਾਈਆ। ਗਗਨ ਪਤਾਲਾਂ ਪਾਵੇ ਆਣ, ਬ੍ਰਹਿਮੰਡ ਖੰਡ ਸ਼ਰਨਾਈਆ। ਇਕ ਇਕੱਲਾ ਹੋਏ ਹੁਕਮਰਾਨ, ਸ਼ਾਹ ਪਾਤਸ਼ਾਹ ਇਕ ਸ਼ਹਿਨਸ਼ਾਹੀਆ। ਏਕਾ ਮੰਦਰ ਇਕ ਮਕਾਨ, ਗੁਰੂਦੁਆਰ ਇਕ ਸਮਝਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਦੂਜਾ ਦੇਵ ਨਾ ਕੋਇ ਮਨਾਈਆ। ਏਕਾ ਤੱਟ ਤੀਰਥ ਅਸ਼ਨਾਨ, ਇਕ ਸਰੋਵਰ ਦਏ ਨੁਹਾਈਆ। ਆਤਮ ਪਰਮਾਤਮ ਇਕ ਗਿਆਨ, ਜਗਤ ਵਿਦਿਆ ਨਾ ਕੋਇ ਲੜਾਈਆ। ਏਕਾ ਚਿਲਾ ਤੀਰ ਕਮਾਨ, ਨਾਮ ਖੰਡਾ ਇਕ ਵਖਾਈਆ। ਏਕਾ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਈਆ। ਏਕਾ ਲੇਖਾ ਜਾਣੇ ਗੋਪੀ ਕਾਹਨ, ਮੰਡਲ ਮੰਡਪ ਰਾਸ ਰਚਾਈਆ। ਏਕਾ ਸੁਰਤੀ ਵੇਖੇ ਸੀਆ ਰਾਮ, ਸਤਿ ਸਤਿਵਾਦੀ ਬੇਪਰਵਾਹੀਆ। ਏਕਾ ਕਲਮਾ ਜਾਣੇ ਕਲਾਮ, ਏਕਾ ਆਇਤ ਸ਼ਰਾਇਤ ਪੜ੍ਹਾਈਆ। ਏਕਾ ਜਾਣੇ ਸਤਿਨਾਮ, ਏਕਾ ਅੱਖਰ ਅੱਖਰ ਕਰੇ ਪੜ੍ਹਾਈਆ। ਏਕਾ ਦੇਵੇ ਜੀਆ ਦਾਨ, ਜੀਵਣ ਜੁਗਤ ਆਪ ਸਮਝਾਈਆ। ਪੰਚਾਂ ਬਖ਼ਸ਼ੇ ਚਰਨ ਧਿਆਨ, ਸ਼ਰਨ ਸ਼ਰਨ ਸ਼ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੰਚ ਪਰਧਾਨ ਕਰਨ ਪੁਕਾਰ, ਇਕ ਆਵਾਜ਼ ਸੁਣਾਈਆ। ਜਿਉਂ ਸਾਡਾ ਬੇੜਾ ਦਿਤਾ ਤਾਰ, ਤਿਉਂ ਹਰਿਜਨ ਲੈ ਮਿਲਾਈਆ। ਜਿਸ ਦੇਵੇ ਇਕ ਨਾਮ ਅਧਾਰ, ਤਿਸ ਸਾਡੇ ਨਾਲ ਮਿਲਾਈਆ। ਜੋ ਜਨ ਤੇਰਾ ਕਰੇ ਦਰਸ ਦੀਦਾਰ, ਅੱਧਵਿਚਕਾਰ ਨਾ ਕੋਇ ਰੁੜ੍ਹਾਈਆ। ਜੋ ਜਨ ਬੋਲੇ ਨਾਉਂ ਤੇਰਾ ਜੈਕਾਰ, ਤਿਸ ਜੂਨੀ ਜੂਨ ਨਾ ਫੇਰ ਭੁਆਈਆ । ਜਿਸ ਘਰ ਦਰ ਦਰਸ਼ਨ ਦੇਵੇ ਜਾ ਦੀਦਾਰ, ਤਿਸ ਘਰ ਦੇ ਨੌਕਰ ਦੇਣੇ ਤਰਾਈਆ। ਸਾਡੀ ਪੁਨਹ ਪੁਨਹ ਨਿਮਸਕਾਰ, ਪਤਿਤ ਪੁਨੀਤ ਦੇਣੇ ਬਣਾਈਆ। ਤੂੰ ਸੁਣਨਹਾਰਾ ਸਿਰਜਣਹਾਰ, ਗੁਣ ਅਵਗੁਣ ਨਾ ਕੋਇ ਜਣਾਈਆ। ਸਾਡਾ ਭੈਣਾਂ ਭਾਈਂਆ ਨਾਲ ਪਿਆਰ, ਪਿਛਲਾ ਬੰਸ ਰਹੇ ਸਮਝਾਈਆ। ਹਰਿ ਸੰਗਤ ਸਾਡਾ ਘਰ ਬਾਰ, ਦੂਜਾ ਮੰਦਰ ਨਾ ਕੋਇ ਸੁਹਾਈਆ। ਜੇ ਤੁਠਾਂ ਦੇ ਆਧਾਰ, ਜਿਨ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਏਕਾ ਝੋਲੀ ਰਹੇ ਵਖਾਈਆ। ਜੇ ਨਾ ਸਾਡਾ ਮੰਨੇਂ ਕਹਿਣਾ, ਤੈਨੂੰ ਸਚ ਆਖ ਸੁਣਾਈਏ। ਬਿਨ ਭਾਈਂਆ ਭੈਣਾਂ ਅਸਾਂ ਨਾ ਰਹਿਣਾ, ਤੇਰੇ ਸਚਖੰਡ ਨਾ ਕੋਇ ਵਡਿਆਈ ਏ। ਅਸੀਂ ਬਾਲੇ ਛੋਟੇ ਵੇਖੀਏ ਨੈਣਾਂ, ਬਿਰਧ ਬਾਲਾਂ ਰਾਹ ਤਕਾਈਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਣ ਭਿਖਕ ਮੰਗ ਮੰਗਾਈਏ। ਜੇ ਨਾ ਪੂਰੀ ਕਰੇ ਆਸ, ਨੇਤਰ ਨੈਣਾਂ ਨੀਰ ਵਹਾਇਆ। ਅਸੀਂ ਚਲ ਕੇ ਜਾਣਾ ਲਾਲੋ ਪਾਸ, ਏਕਾ ਗੁਣ ਸਮਝਾਇਆ। ਲੋਕਮਾਤ ਗੁਰਸਿਖਾਂ ਦਾ ਹੋਇਆ ਦਾਸ, ਫੜ ਬਾਹੋਂ ਲਓ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਸਾਡੇ ਹੱਥ ਟਿਕਾਇਆ। ਪੁਰਖ ਅਬਿਨਾਸ਼ੀ ਕਰ ਵਿਚਾਰ, ਏਕਾ ਸ਼ਬਦ ਜਣਾਇੰਦਾ। ਵੇਖੋ ਨਾਨਕ ਲਾਲੋ ਕੀਆ ਪਿਆਰ, ਮੇਰਾ ਬੰਧਨ ਪਾਇੰਦਾ। ਮੈਂ ਸੇਵਕ ਬਣਿਆ ਵਿਚ ਸੰਸਾਰ, ਘਰ ਸਾਚੇ ਸੇਵ ਕਮਾਇੰਦਾ। ਕਰੋੜ ਤਤੀਸਾ ਨਾਲ ਕਰਨ ਜਾਏ ਦੀਦਾਰ, ਇੰਦਰ ਮੇਘ ਖ਼ੁਸ਼ੀ ਬਰਸਾਇੰਦਾ। ਸ਼ੰਕਰ ਬਾਸ਼ਕ ਤਸ਼ਕਾ ਗਲ ਤੋਂ ਲਾਹੇ ਹਾਰ, ਆਪਣਾ ਪੰਧ ਮੁਕਾਇੰਦਾ। ਬ੍ਰਹਮਾ ਬ੍ਰਹਮ ਬ੍ਰਹਮ ਕਰੇ ਪਿਆਰ, ਆਪ ਆਪਣਾ ਰੰਗ ਰੰਗਾਇੰਦਾ। ਵਿਸ਼ਨੂੰ ਖ਼ੁਸ਼ੀ ਖ਼ੁਸ਼ੀ ਵਰਤਾਏ ਭੰਡਾਰ, ਹਰਿ ਸੰਗਤ ਝੋਲੀ ਪਾਇੰਦਾ। ਅਬਿਨਾਸ਼ੀ ਕਰਤਾ ਆਪ ਵਖਾਏ ਦੀਦਾਰ, ਨਿਰਗੁਣ ਆਪਣਾ ਰੂਪ ਧਰਾਇੰਦਾ। ਦੱਸ ਕੇ ਜਾਏ ਸਚ ਵਿਹਾਰ, ਜੋ ਕਰਨੀ ਮਾਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣੀ ਕਰਨੀ ਦੱਸੇ ਹਾਲ, ਲਿਖ ਲਿਖ ਲੇਖ ਸਮਝਾਇਆ। ਗੁਰਸਿਖ ਤੇਰੇ ਨੇੜ ਨਾ ਆਵੇ ਕਾਲ, ਹਰਿ ਜੂ ਏਕਾ ਧੱਕਾ ਲਾਇਆ। ਅੰਤ ਵੇਖੇ ਆਪਣੇ ਲਾਲ, ਨਿਤ ਨਿਤ ਆਪਣਾ ਸੰਗ ਰਖਾਇਆ। ਮਿਲ ਮਿਲ ਘਾਲਣ ਲਈ ਘਾਲ, ਸੋਹੰ ਢੋਲਾ ਸਾਚਾ ਗਾਇਆ। ਘਰ ਅੰਮ੍ਰਿਤ ਭਰਿਆ ਤਾਲ, ਸਰ ਸਰੋਵਰ ਇਕ ਨੁਹਾਇਆ। ਬਨ ਵੱਟਿਆਂ ਲਏ ਭਾਲ, ਆਉਂਦਾ ਜਾਂਦਾ ਨਜ਼ਰ ਨਾ ਆਇਆ। ਏਕਾ ਦੇਵੇ ਸੱਚਾ ਧੰਨ ਮਾਲ, ਨਾਮ ਨਿਧਾਨਾ ਝੋਲੀ ਪਾਇਆ। ਆਪੇ ਬਣਿਆ ਰਹੇ ਰਖਵਾਲ, ਦਿਵਸ ਰੈਣ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਆਪ ਸੁਹਾਇਆ । ਸਾਚਾ ਘਰ ਸੁਹਾਉਣਾ ਆਪ, ਆਪਣੀ ਸੇਵ ਕਮਾਈਆ। ਗੁਰਮੁਖ ਤੇਰਾ ਵਡ ਪਰਤਾਪ, ਹਰਿ ਪਰਤਾਪੀ ਦਏ ਕਰਾਈਆ। ਏਕਾ ਅੱਖਰ ਅੱਖਰ ਜਾਪ, ਸਾਚੀ ਕਰੇ ਪੜ੍ਹਾਈਆ। ਏਕਾ ਗੁਰ ਏਕਾ ਹਾਟ, ਏਕਾ ਵਣਜ ਦਏ ਕਰਾਈਆ। ਏਕਾ ਨਾਮ ਏਕਾ ਦਾਤ, ਏਕਾ ਏਕਾ ਵਾਰ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਸਾਚਾ ਘਰ ਸੋਭਾਵੰਤ, ਸੋਭਨੀਕ ਆਪ ਸੁਹਾਇੰਦਾ। ਪੰਚਮ ਤੁਹਾਡੀ ਬਣਾਏ ਬਣਤ, ਸਾਚਾ ਖੇਲ ਕਰਾਇੰਦਾ। ਗੁਰਮੁਖ ਉਠਾਏ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਮੇਲ ਮਿਲਾਵਾ ਨਾਰ ਕੰਤ, ਏਕਾ ਦਰ ਬਹਾਇੰਦਾ। ਕਾਇਆ ਚੋਲੀ ਰੰਗ ਬਸੰਤ, ਬਣ ਲਲਾਰੀ ਆਪ ਰੰਗਾਇੰਦਾ। ਰਸਨਾ ਜਿਹਵਾ ਮਣੀਆ ਮੰਤ, ਆਤਮ ਪਰਮਾਤਮ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਕਰਾਇੰਦਾ। ਗੁਰਮੁਖ ਉਠਾਏ ਸਾਚੇ ਸੁਤ, ਸਤਿ ਸਤਿਵਾਦੀ ਦਇਆ ਕਮਾਇੰਦਾ। ਪੰਚਮ ਵੇਖ ਹੋਏ ਖੁਸ਼ਹਾਲ, ਵਾਹ ਵਾਹ ਵੱਜੀ ਵਧਾਈਆ। ਸਤਿਗੁਰ ਸੁਰਤ ਰਿਹਾ ਸੰਭਾਲ, ਗੁਰਮੁਖ ਬਾਲੇ ਗੋਦ ਰਖਾਈਆ। ਨਿਰਗੁਣ ਹੋ ਕੇ ਬਣਿਆ ਦਲਾਲ, ਆਪਣਾ ਵਣਜ ਵਖਾਈਆ। ਜਗਤ ਜੁਗ ਚਲੀ ਅਵੱਲੜੀ ਚਾਲ, ਦਿਸ ਕਿਸੇ ਨਾ ਆਈਆ। ਪੰਚ ਪੰਚ ਲਏ ਉਠਾਲ, ਏਕਾ ਬੂਝ ਬੁਝਾਈਆ। ਉਠੋ ਵੇਖੋ ਮੇਰੇ ਲਾਲ, ਹਰਿ ਲਾਲਨ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰਿਆ ਖੇਲ ਦਿਤੀ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਕਲਜੁਗ ਮਿਟੇ ਅੰਧੇਰੀ ਰਾਤ, ਕੂੜ ਅਮਾਵਸ ਰਹਿਣ ਨਾ ਪਾਇੰਦਾ। ਨਾਤਾ ਤੁੱਟਾ ਜ਼ਾਤ ਪਾਤ, ਊਚ ਨੀਚ ਨਾ ਵੰਡ ਵੰਡਾਇੰਦਾ। ਦਰਸ ਵਖਾਏ ਇਕ ਇਕਾਂਤ, ਇਕ ਇਕੱਲਾ ਫੇਰੀ ਪਾਇੰਦਾ। ਲੱਖ ਚੁਰਾਸੀ ਵੇਖੇ ਮਾਰ ਝਾਤ, ਪਰਦਾ ਓਹਲਾ ਆਪ ਰਖਾਇੰਦਾ। ਅੱਖਰ ਵੱਖਰ ਸੁਣਾਏ ਗਾਥ, ਸੋਹੰ ਢੋਲਾ ਆਪ ਜਣਾਇੰਦਾ। ਸਰਬ ਕਲਾ ਆਪੇ ਸਮਰਾਥ, ਦੀਨਣ ਆਪਣੀ ਗੋਦ ਬਹਾਇੰਦਾ। ਲੇਖਾ ਜਾਣੇ ਤ੍ਰਲੋਕੀ ਨਾਥ, ਨਾਥ ਅਨਾਥਾਂ ਦਇਆ ਕਮਾਇੰਦਾ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਬਣ ਬਣ ਪੂਤ ਵੇਖੇ ਪਿਤਾ ਮਾਤ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਵੇਖੋ ਹਰਿ ਚਲਾਏ ਰਾਹ, ਰਹਿਮਤ ਆਪ ਕਮਾਈਆ। ਨਿਰਗੁਣ ਸਰਗੁਣ ਬਣ ਮਲਾਹ, ਹਸਤ ਕੀਟਾਂ ਫੇਰਾ ਪਾਈਆ। ਏਕਾ ਚੱਪੂ ਦਿਤਾ ਲਾ, ਵੰਝ ਮਹਾਣਾ ਹੋਰ ਨਾ ਕੋਇ ਰਖਾਈਆ। ਏਕਾ ਕੰਢੇ ਬੈਠਾ ਆ, ਡੂੰਘੀ ਭਵਰੀ ਪਾਰ ਕਰਾਈਆ । ਗੁਰਮੁਖ ਸਾਚੇ ਲਏ ਚੜ੍ਹਾ, ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਈਆ। ਆਪਣਾ ਮਾਰਗ ਲਾਏ ਪੰਥ, ਭੇਵ ਕੋਇ ਨਾ ਪਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਗਰੰਥ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਸਾਚਾ ਨਾਦ ਨਾ ਸੁਣਾਏ ਕੋਇ ਸੰਖ, ਅਸੰਖ ਅਸੰਖ ਸੰਖ ਵਜਾਇੰਦਾ। ਬਿਨ ਸਤਿਗੁਰ ਪੂਰੇ ਕਿਸੇ ਨਾ ਆਏ ਕੋਈ ਅਲਖ, ਸਤਿਗੁਰ ਪੂਰਾ ਆਪਣੇ ਗੁਰਮੁਖ ਆਪ ਉਠਾਇੰਦਾ। ਰਾਮ ਚੁਕਿਆ ਇਕ ਧਨੁਖ, ਜਨਕ ਸਪੁੱਤਰੀ ਨਾਲ ਪਰਨਾਇੰਦਾ। ਗੁਰਸਿਖ ਤੁਹਾਡੀ ਹਰਿ ਜੂ ਬਣਾਏ ਬਣਤ, ਸੀਤਾ ਸੁਰਤੀ ਸਭ ਦੀ ਆਪ ਪਰਨਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਵਿਚੋਂ ਪਰਖ, ਨਾਮ ਕਸਵੱਟੀ ਉਤੇ ਲਾਇੰਦਾ। ਆਪਣਿਆਂ ਉਤੇ ਆਪੇ ਕੀਤਾ ਤਰਸ, ਪੂਰਬ ਲਹਿਣਾ ਵੇਖ ਵਖਾਇੰਦਾ। ਲੱਖ ਚੁਰਾਸੀ ਰਹੀ ਭਟਕ, ਹਰਿ ਨਜ਼ਰ ਕਿਤੇ ਨਾ ਪਾਇੰਦਾ। ਜਗਤ ਲੋਕਾਈ ਰਹੀ ਲਟਕ, ਰੱਸਾ ਫਾਸ ਨਾ ਕੋਇ ਕਟਾਇੰਦਾ। ਮਾਇਆ ਛੁਰੀ ਰਹੀ ਝਟਕ, ਅੱਗੇ ਹੋ ਨਾ ਕੋਇ ਬਚਾਇੰਦਾ। ਗੁਰਮੁਖ ਸੱਜਣ ਰਹੇ ਨਿਧੜਕ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਚਾਰ ਜੁਗ ਗੁਰ ਅਵਤਾਰਾਂ ਕੋਲੋਂ ਜੋ ਰਹਿ ਗਿਆ ਫਰਕ, ਹੁਣ ਏਕਾ ਦੂਰ ਕਰਾਇੰਦਾ। ਸਿੱਧੀ ਸੜਕ, ਸਚਖੰਡ ਦੁਆਰਾ ਰਾਹ ਵਖਾਇੰਦਾ। ਗੁਰਸਿਖ ਰਾਹ ਵਿਚ ਨਾ ਜਾਣਾ ਅਟਕ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਤੁੰ ਚਲਣਾ ਤੋਰ ਮਟਕ ਮਟਕ, ਸਤਿਗੁਰ ਤੇਰਾ ਅੱਗੇ ਪਿੱਛੇ ਸੇਵ ਕਮਾਇੰਦਾ। ਅੱਗੇ ਵੇਖ ਜਾਏ ਝਲਕ, ਹਰਿ ਜੂ ਕੀ ਕੀ ਰੰਗ ਵਖਾਇੰਦਾ। ਨਾ ਕੋਈ ਨੇਤਰ ਨਾ ਕੋਈ ਪਲਕ, ਇਕੋ ਜੋਤ ਡਗਮਗਾਇੰਦਾ। ਤੇਰੇ ਮਿਲਣ ਦਾ ਰੱਖੇ ਇਸ਼ਕ, ਇਸ਼ਕ ਚੇਤਨ ਇਕ ਜਣਾਇੰਦਾ। ਗੁਰਸਿਖ ਤੇਰਾ ਵੇਖੇ ਦ੍ਰਿਸ਼ਟ, ਆਪਣਾ ਇਸ਼ਟ ਆਪ ਮਨਾਇੰਦਾ। ਕਲਜੁਗ ਕਾਇਆ ਹੋਈ ਭਰਿਸ਼ਟ, ਦੁਰਮਤ ਮੈਲ ਨਾ ਕੋਇ ਧੁਆਇੰਦਾ। ਨਾ ਕੋਈ ਸ਼ਾਰ ਪਾਸ਼ਾ ਖੇਲ ਜਾਏ ਟਾਂਕ ਜਿਸਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਾਂ ਏਕਾ ਰੰਗ ਵਖਾਇੰਦਾ। ਪੰਚ ਪਰਧਾਨ ਬੰਨ੍ਹੇ ਬੰਸ, ਆਪਣੀ ਖ਼ੁਸ਼ੀ ਮਨਾਈਆ। ਵੇਖੋ ਹਰਿ ਜੂ ਆਪਣਾ ਰਾਹ ਰਿਹਾ ਦੱਸ, ਸਾਚੇ ਰਾਹ ਪਾਈਆ। ਹਰਿ ਜੂ ਮਿਲੇ ਨੱਸ ਨੱਸ, ਆਪਣਾ ਪੰਧ ਮੁਕਾਈਆ। ਹਿਰਦੇ ਅੰਦਰ ਆਪੇ ਵਸ, ਆਪਣਾ ਪਰਦਾ ਲਾਹੀਆ। ਪੰਚ ਵਿਕਾਰਾ ਦੇਵੇ ਝੱਸ, ਤ੍ਰਿਸ਼ਨਾ ਭੁੱਖ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੇ ਗਲੇ ਲਗਾਈਆ। ਦੀਨ ਦਿਆਲ ਗੋਦੀ ਚੁੱਕ, ਹਰਿਜਨ ਖ਼ੁਸ਼ੀ ਮਨਾਇੰਦਾ। ਕਰੋੜ ਤਤੀਸਾ ਸਾਚੀ ਬਰਖਾ ਫੂਲਣ ਉਤੋਂ ਰਹੇ ਸੁੱਟ, ਅੰਦਰ ਕਿਰਨ ਕਿਰਨ ਬਰਸਾਇੰਦਾ। ਗੁਰਸਿਖ ਤੇਰੇ ਅੰਦਰੋਂ ਸੋਮਾ ਫੁੱਟ, ਹਰਿ ਜੂ ਆਪ ਪ੍ਰਗਟਾਇੰਦਾ। ਇਕ ਭੰਡਾਰਾ ਦਵਾਂ ਅਤੁੱਟ, ਤੋਟ ਕਦੇ ਨਾ ਆਇੰਦਾ। ਆਪੇ ਚੜ੍ਹ ਕੇ ਵੇਖਿਆ ਚੋਟ, ਸਾਚੀ ਚੋਟੀ ਆਸਣ ਲਾਇੰਦਾ। ਏਥੇ ਓਥੇ ਇਕੋ ਓਟ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਆਪ ਤਰਾਇੰਦਾ। ਤਾਰਨਹਾਰਾ ਆਇਆ ਜੱਗ, ਦਰ ਦਰ ਸੇਵ ਕਮਾਈਆ। ਗੁਰਮੁਖ ਸੱਜਣ ਸਾਚੇ ਸੱਦ, ਬਹਿ ਬਹਿ ਖ਼ੁਸ਼ੀ ਮਨਾਈਆ। ਮੈਂ ਕਰ ਕੇ ਆਇਆ ਪਾਰ ਹੱਦ, ਆਪਣਾ ਪੰਧ ਮੁਕਾਈਆ। ਵੇਖੋ ਮੈਨੂੰ ਕਰਨਾ ਨਾ ਅੱਡ, ਝੱਲੀ ਨਾ ਜਾਏ ਜੁਦਾਈਆ। ਮੈਂ ਪਿਛੇ ਪੰਜ ਤਤ ਆਇਆ ਛੱਡ, ਹਰਿ ਸੰਗਤ ਰਿਹਾ ਸਮਝਾਈਆ। ਕੱਢਣ ਆਇਆ ਡੂੰਘੀ ਖੱਡ, ਆਪਣਾ ਰਾਹ ਜਣਾਈਆ। ਗੁਰ ਅਵਤਾਰ ਗਏ ਲਦ, ਰਹਿਣ ਕੋਇ ਨਾ ਪਾਈਆ। ਇਕ ਦੂਜੇ ਦਾ ਕਰੀਏ ਹੱਜ, ਘਰ ਵਿਚ ਖ਼ੁਸ਼ੀ ਮਨਾਈਆ। ਗੁਰਸਿਖ ਵੇਖੀਂ ਜਾਈਂ ਨਾ ਭੱਜ, ਤੇਰਾ ਵਿਛੋੜਾ ਮੋਹੇ ਰਿਹਾ ਸਤਾਈਆ। ਮੇਰੀ ਲੱਜਿਆ ਤੇਰੇ ਹੱਥ, ਤੇਰੀ ਪੱਤ ਮੇਰੀ ਵਡਿਆਈਆ। ਤੇਰਾ ਵਾਸਾ ਸੀਆਂ ਸਾਢੇ ਤਿੰਨ ਹੱਥ, ਮੈਂ ਬ੍ਰਹਿਮੰਡ ਖੰਡ ਰਿਹਾ ਸਮਾਈਆ। ਏਥੇ ਓਥੇ ਗਾਵਾਂ ਤੁਹਾਡਾ ਜਸ, ਵਾਹ ਵਾਹ ਵੱਜਦੀ ਰਹੇ ਵਧਾਈਆ। ਆਓ ਰਲ ਮਿਲ ਇਕ ਦੂਜੇ ਨੂੰ ਹਾਲ ਦਈਏ ਦੱਸ, ਪੰਚ ਵੇਖਣ ਚਾਈਂ ਚਾਈਂਆ। ਆ ਪ੍ਰੇਮ ਪਿਆਰ ਅੰਦਰ ਜਾਈਏ ਫਸ, ਗਲਵਕੜੀ ਪਾਈਏ ਦੋਹਾਂ ਬਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲੋ ਤੇਰੇ ਘਰ ਦਏ ਵਡਿਆਈਆ। ਲਾਲੋ ਤੇਰਾ ਘਰ ਮਹੱਲਾ, ਊੂਚੋੇ ਉਚ ਸੁਹਾਇਆ। ਉਤੋਂ ਆਇਆ ਇਕ ਅਕੱਲਾ, ਏਥੇ ਹਰਿ ਸੰਗਤ ਨਾਲ ਮਿਲਾਇਆ। ਆਪ ਫੜਾਇਆ ਆਪਣਾ ਪੱਲਾ, ਸਾਚੇ ਪੱਲੂ ਗੰਢ ਦੁਵਾਇਆ। ਨਿਹਚਲ ਧਾਮ ਉਚ ਅਟੱਲਾ, ਹਰਿ ਜੂ ਆਪ ਸੁਹਾਇਆ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੁਲਾਇਆ । ਸਚ ਸੰਦੇਸ਼ਾ ਏਕਾ ਘੱਲਾ, ਹੁਕਮੀ ਹੁਕਮ ਮਨਾਇਆ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਪਹਿਲੇ ਜਨਮ ਦਾ ਮੇਟਿਆ ਸੱਲਾ, ਅੱਗੇ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲਾ ਦਏ ਵਡਿਆਇਆ। ਸਚ ਮਹੱਲਾ ਵਡ ਅਟਾਰੀ, ਊਚੋ ਊਚ ਬਣਾਈਆ। ਨਿਰਗੁਣ ਜੋਤ ਵਸੇ ਨਿਰੰਕਾਰੀ, ਦੀਵਾ ਬਾਤੀ ਨਾ ਕੋਇ ਟਿਕਾਈਆ। ਘਰ ਵਿਚ ਖੋਲ੍ਹੇ ਘਰ ਵਿਚ ਬਾਰੀ, ਆਪਣੀ ਹੱਥੀਂ ਕੁੰਡਾ ਲਾਹੀਆ। ਗੁਰਮੁਖ ਸਾਚੇ ਲਏ ਸਿੰਗਾਰੀ, ਵਡ ਸਿੰਗਾਰ ਸੋਹੇ ਸ਼ਰਨਾਈਆ। ਸਾਚੇ ਘੋੜੇ ਦੇਵੇ ਚਾੜ੍ਹੀ, ਸ਼ਾਹ ਅਸਵਾਰ ਵਡੀ ਵਡਿਆਈਆ। ਲੇਖੇ ਲਾਏ ਚਰਨ ਛੁਹਾਈ ਦਾਹੜੀ, ਨੇਤਰ ਨੈਣ ਨੈਣ ਮਿਲਾਈਆ। ਇਕੋ ਪ੍ਰੇਮ ਇਕ ਪਿਆਰੀ, ਏਕਾ ਪ੍ਰੀਤਮ ਏਕਾ ਨਾਰੀ, ਏਕਾ ਸੇਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਾਲਨ ਏਕਾ ਰੰਗ ਚੜ੍ਹਾਈਆ। ਚੜ੍ਹਿਆ ਰੰਗ ਗੁਲਾਲ, ਰੂਪ ਰੰਗ ਰੇਖ ਆਪ ਬਣਾਇਆ। ਆਪੇ ਸੁਣੇ ਮੁਰੀਦਾਂ ਹਾਲ, ਗੋਬਿੰਦ ਆਪਣਾ ਵੇਸ ਵਟਾਇਆ। ਨਿਰਗੁਣ ਸ਼ਬਦੀ ਬਣ ਦਲਾਲ, ਸਾਚੇ ਮਾਰਗ ਲਾਇਆ। ਇਕ ਦੂਜੇ ਦਾ ਪੁੱਛੇ ਹਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇਆ। ਚਲਿਆ ਰਾਹ ਅਗੰਮੜਾ, ਪੁਰਖ ਅਗੰਮ ਆਪ ਚਲਾਈਆ। ਜਨ ਭਗਤਾਂ ਮਾਤ ਪਿਤ ਬਣਿਆ ਅੰਮੀ ਅੰਮੜਾ, ਨਿਰਗੁਣ ਆਪਣਾ ਵੇਸ ਵਟਾਈਆ। ਲਹਿਣਾ ਚੁੱਕੇ ਹੱਡ ਮਾਸ ਨਾੜੀ ਚਮੜੀ ਚਮੜਾ, ਪੰਜ ਤੱਤ ਨਾ ਕੋਇ ਵਡਿਆਈਆ। ਦੇਵੇ ਦਰਸ ਦਰ ਦੁਆਰ ਖਲੜਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰਮੁਖਾਂ ਭਾਰੀ ਕਰੇ ਪਲੜਾ, । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਨਾਮ ਰੰਗਤ ਏਕਾ ਰੰਗ ਚੜ੍ਹਾਈਆ। ਕੁੱਲੀ ਕੱਖ ਸੋਹਣਾ ਮੰਦਰ, ਮਨ ਵਾਸ਼ਨਾ ਨਜ਼ਰ ਨਾ ਆਈਆ। ਗ੍ਰਹਿ ਵਸਿਆ ਹਰਿ ਜੂ ਅੰਦਰ, ਘਰ ਬੈਠਾ ਆਸਣ ਲਾਈਆ। ਨੌਂ ਖੰਡ ਪ੍ਰਿਥਮੀ ਦਿਸੇ ਖੰਡਰ, ਗੁਰਸਿਖ ਤੇਰਾ ਖੇੜਾ ਰਿਹਾ ਵਸਾਈਆ। ਕੋਈ ਨਾ ਚੜ੍ਹੇ ਉਚੀ ਮੰਜ਼ਲ, ਮੰਜ਼ਲ ਮਕਸੂਦ ਹੱਥ ਕਿਸੇ ਨਾ ਆਈਆ। ਸਾਰੇ ਰਾਹ ਵਿਚ ਹੋ ਕੇ ਗਏ ਬੇਦਲ, ਸਤਪਤ ਹੱਥ ਨਾ ਕੋਇ ਰਖਾਈਆ। ਸੂਫ਼ੀ ਫ਼ਕੀਰ ਗਾ ਗਾ ਗਏ ਗਜ਼ਲ, ਨਗ਼ਮਾ ਨਾਮ ਸੁਣਾਈਆ। ਅੰਤਮ ਸਭ ਦੇ ਸਿਰ ਤੇ ਆਈ ਅਜ਼ਲ, ਅਜ਼ਰ ਕੋਇ ਰਹਿਣ ਨਾ ਪਾਈਆ। ਲਾਲੋ ਤੇਰੇ ਉਤੇ ਕੀਤਾ ਫ਼ਜ਼ਲ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਢੀ ਬਾਢੀਆਂ ਨਾਲ ਰਲਾਈਆ । ਸੋਹੇ ਕੁੱਲੀ ਜਿਥੇ ਵਰਸੇ ਨੂਰ, ਸੋ ਧਾਮ ਸੋਭਾਵੰਤ। ਗੁਰਮੁਖ ਆਤਮਾ ਤੇਰੀ ਭਰਪੂਰ, ਘਰ ਮਿਲਿਆ ਸੱਚਾ ਕੰਤ। ਜਿਸ ਨੂੰ ਲੱਭਦੇ ਦੂਰ, ਸੋ ਨੇੜੇ ਆਇਆ ਅੰਤ । ਅੱਠੇ ਪਹਿਰ ਹਾਜ਼ਰ ਹਜ਼ੂਰ, ਘਰ ਮੇਲਾ ਨਾਰੀ ਕੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕੁੱਲੀ ਵੇਖੇ ਸੋਭਾਵੰਤ। ਗੁਰਮੁਖ ਕੁੱਲੀ ਕੱਖ ਕੱਖ ਕਰੇ ਪੁਕਾਰ, ਤਿਨਕਾ ਤਿਨਕਾ ਦਏ ਦੁਹਾਈਆ। ਮੇਰੀ ਰੱਖ ਪਤ ਵਿਚ ਸੰਸਾਰ, ਮੈਂ ਤੇਰੀ ਓਟ ਤਕਾਈਆ। ਮੈਂ ਤੇਰੇ ਗੁਰਸਿਖਾਂ ਦਾ ਪਰਦਾ ਬੈਠੀ ਢਕ, ਤੂੰ ਮੇਰੀ ਲਾਜ ਰਖਾਈਆ। ਮੇਰੀ ਕੋਈ ਹਾਰ ਨਾ ਕੋਈ ਜਿੱਤ, ਚਾਰ ਦੀਵਾਰ ਨਾ ਬਣਤ ਬਣਾਈਆ। ਮੈਂ ਵੇਂਹਦਿਆਂ ਮੰਦਰ ਜਾਏ ਢੱਠ, ਉਚੇ ਟਿੱਲੇ ਨਜ਼ਰ ਕਿਤੇ ਨਾ ਆਈਆ। ਲਾਲੋ ਤੇਰਾ ਖੇੜਾ ਜਾਣਾ ਵਸ, ਸਤਿਜੁਗ ਸਾਚੇ ਵੱਜੇ ਵਧਾਈਆ। ਕਿਉਂ ਸ੍ਰੀ ਭਗਵਾਨ ਗਿਆ ਦੱਸ, ਨਾ ਕੋਈ ਮੇਟੇ ਨਾ ਮੇਟ ਮਿਟਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਕੁੱਲੀ ਅੰਦਰ ਗਿਆ ਵਸ, ਸੋ ਕੁੱਲੀ ਸੋਭਾ ਪਾਈਆ। ਸੰਗਤ ਨਾਲੋਂ ਬਹੁਤੀ ਉਡੀਕ, ਹਰਿ ਜੂ ਆਪ ਰਖਾਇੰਦਾ। ਸੰਗਤ ਵਾਸਾ ਜਗਤ ਤਾਰੀਕ, ਹਰਿ ਜੂ ਆਪਣਾ ਸ਼ਰੀਕ ਨਾ ਕਿਸੇ ਬਣਾਇੰਦਾ। ਆਵੇ ਜਾਵੇ ਬਿਨ ਤਾਰੀਕ, ਨਿੱਕਾ ਨਿੱਕਾ ਆਪਣਾ ਰੂਪ ਵਖਾਇੰਦਾ। ਗੁਰਸਿਖਾਂ ਦੀ ਸਦਾ ਤਾਰੀਕ, ਰਾਤੀਂ ਸੁਤਿਆਂ ਦਰਸ ਵਖਾਇੰਦਾ। ਅੰਤਮ ਮੇਲਾ ਕਰੇ ਠੀਕ, ਆਪ ਆਪਣੇ ਰੰਗ ਰੰਗਾਇੰਦਾ। ਪਹਿਲੋਂ ਸਿਖੀ ਹਰਿ ਜੀ ਆਪ ਕਰਨ ਦੀ ਪ੍ਰੀਤ, ਫੇਰ ਗੁਰਸਿਖਾਂ ਪ੍ਰੀਤ ਸਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦ ਆਪਣੇ ਅੰਗ ਲਗਾਇੰਦਾ। ਪ੍ਰੀਤ ਕਰਨੀ ਜੇ ਨਾ ਸਿਖਦਾ, ਕਰਦਾ ਕੀ ਕਰਤਾਰ। ਭਗਤਾਂ ਲੇਖ ਕਿਸ ਬਿਧ ਲਿਖਦਾ, ਜਗਤ ਚਲਦਾ ਕਿਵੇਂ ਵਿਹਾਰ। ਵੇਖੋ ਖੇਲ ਸਾਹਿਬ ਅਨਡਿਠ ਦਾ, ਅਨਡਿਠੜੀ ਕਰੇ ਕਾਰ। ਪਹਿਲੋਂ ਬਣਿਆ ਆਪ ਜਿਸ ਜਿਸ ਦਾ, ਤਿਸ ਸੱਜਣ ਲਏ ਤਾਰ। ਜਗਤ ਨੇਤਰ ਕਿਸੇ ਨਾ ਦਿਸਦਾ, ਅੰਦਰ ਅੰਦਰ ਕਰੇ ਪਿਆਰ। ਸਦਾ ਭੁੱਖਾ ਪ੍ਰੇਮ ਭਿੱਖ ਦਾ, ਪੁਰਖ ਅਬਿਨਾਸ਼ੀ ਭਿੱਖਕ ਭਿਖਿਆ ਮੰਗੇ ਗੁਰਸਿਖ ਤੇਰੇ ਦੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ।