੧੩ ਮਾਘ ੨੦੧੮ ਬਿਕਰਮੀ ਬੀਬੀ ਦੀਪੋ ਦੇ ਘਰ ਦੋਸਤ ਪੁਰਾ
ਯਾਰੜੇ ਦਾ ਸੱਥਰ ਚੰਗੇਰਾ, ਮਿਲੇ ਮਾਣ ਵਡਿਆਈਆ। ਨਾ ਚੰਦ ਨਾ ਕੋਇ ਅੰਧੇਰਾ, ਏਕਾ ਨੂਰ ਸਮਾਈਆ। ਨਾ ਦੂਰ ਨਾ ਵਸੇ ਨੇੜਾ, ਘਰ ਬੈਠਾ ਸਹਿਜ ਸੁਭਾਈਆ। ਝੂਠਾ ਦਿਸੇ ਭਠ ਖੇੜਾ, ਤਨ ਮਾਟੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਥਰ ਇਕ ਸਮਝਾਈਆ । ਸਾਚਾ ਸੱਥਰ ਹਰਿ ਨਿਰੰਕਾਰ, ਏਕਾ ਏਕ ਮਨਾਇਆ। ਗੁਰ ਅਵਤਾਰ ਮੰਗਣ ਵਾਰੋ ਵਾਰ, ਜੁਗ ਜੁਗ ਸੀਸ ਝੁਕਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਏਕਾ ਓਟ ਰਖਾਇਆ। ਚਰਨ ਕਵਲ ਦੇ ਅਧਾਰ, ਸਚ ਸ਼ਰਨ ਸ਼ਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਥਰ ਇਕ ਬਣਾਇਆ। ਸਾਚਾ ਸੱਥਰ ਚਰਨ ਕਵਲ, ਕਵਲ ਚਰਨ ਚਰਨ ਕਵਲ ਮਿਲੇ ਵਡਿਆਈਆ। ਮਿਲੇ ਵਡਿਆਈ ਉਪਰ ਧਵਲ, ਜਿਸ ਜਨ ਆਪਣੀ ਤਨ ਸੇਜ ਹੇਠ ਵਛਾਈਆ। ਉਪਰ ਬਹੇ ਨਿਰਾਕਾਰ ਸਾਂਵਲ ਸਵਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕੋ ਸੱਥਰ ਆਪਣਾ ਆਪ ਵਖਾਈਆ। ਸਾਚਾ ਸੱਥਰ ਲੱਗੇ ਚੰਗਾ, ਜਿਸ ਜਨ ਬੂਝ ਬੁਝਾਇੰਦਾ। ਰੂਪ ਰੇਖ ਨਾ ਕੋਇ ਰੰਗਾ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਇਕ ਅਨੰਦਾ, ਅਨੰਦ ਅਨੰਦ ਵਖਾਇੰਦਾ। ਵੱਜੇ ਤਾਲ ਬਣ ਸਾਰੰਗੀ ਸਰੰਗਾ, ਏਕਾ ਰਾਗ ਅਲਾਇੰਦਾ। ਕਰੇ ਪ੍ਰਕਾਸ਼ ਬਿਨ ਸੂਰਜ ਚੰਦਾ, ਨੂਰ ਨੁਰਾਨਾ ਡਗਮਗਾਇੰਦਾ। ਆਪੇ ਤੋਰ ਆਪੇ ਪੰਧਾ, ਆਪੇ ਇਸਮ ਇਸਮ ਨਾਲ ਮਿਲਾਇੰਦਾ। ਆਪੇ ਆਜ਼ਮ ਹੋਏ ਬਖ਼ਸ਼ੰਦਾ, ਆਪੇ ਸੱਥਰ ਹੇਠ ਸੁਹਾਇੰਦਾ। ਆਪ ਮਿਟਾਏ ਸਗਲੀ ਚਿੰਦਾ, ਸੁਖ ਸਾਂਤਕ ਆਪ ਪ੍ਰਗਟਾਇੰਦਾ। ਆਪੇ ਹੋਏ ਗਹਿਰ ਗੰਭੀਰ ਗੁਣੀ ਗਹਿੰਦਾ, ਆਪੇ ਗੋਬਿੰਦ ਮੇਲ ਮਿਲਾਇੰਦਾ। ਆਪੇ ਗੋਬਿੰਦ ਧਾਰ ਸਾਗਰ ਸਿੰਧਾ, ਅੰਮ੍ਰਿਤ ਪਿਆਲਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਥਰ ਇਕ ਬਣਾਇੰਦਾ। ਸਾਚਾ ਸੱਥਰ ਸਾਚੀ ਸੇਵ, ਸੋ ਪੁਰਖ ਨਿਰੰਜਣ ਆਪ ਬਣਾਈਆ। ਨੂਰੀ ਜਲਵਾ ਨੂਰੀ ਤੇਜ, ਨੂਰ ਨੁਰਾਨਾ ਰਿਹਾ ਵਖਾਈਆ। ਸ਼ਬਦ ਅਗੰਮੀ ਏਕਾ ਭੇਜ, ਧੁਰ ਫ਼ਰਮਾਣਾ ਦਏ ਸੁਣਾਈਆ। ਬਿਨ ਨੇਤਰਾਂ ਰਿਹਾ ਵੇਖ, ਪਾਰਬ੍ਰਹਮ ਵਡੀ ਵਡਿਆਈਆ। ਆਦਿ ਅੰਤ ਵਟਾਏ ਭੇਖ, ਭੇਖ ਅਵੱਲੜਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਥਰ ਇਕ ਵਡਿਆਈਆ। ਸਾਚਾ ਸੱਥਰ ਏਕਾ ਧਾਰ, ਹਰਿ ਧਾਰੀ ਧਾਰ ਰੰਗਾਇੰਦਾ। ਕਿਸੇ ਦਿਸ ਨਾ ਆਏ ਵਿਚ ਸੰਸਾਰ, ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਇੰਦਾ। ਗੋਬਿੰਦ ਵੇਖਿਆ ਏਕਾ ਵਾਰ, ਏਕਾ ਘਰ ਖ਼ੁਸ਼ੀ ਰਖਾਇੰਦਾ। ਨਾਤਾ ਤੁਟਾ ਸਰਬ ਸੰਸਾਰ, ਮਾਤ ਪਿਤ ਪੂਤ ਮੋਹ ਨਾ ਕੋਇ ਵਖਾਇੰਦਾ। ਏਕਾ ਮੰਗ ਮੰਗੀ ਦਰਬਾਰ, ਦੋਏ ਜੋੜ ਸੀਸ ਝੁਕਾਇੰਦਾ। ਕਿਰਪਾ ਕਰ ਮੇਰੇ ਨਿਰੰਕਾਰ, ਮੈਂ ਇਕੋ ਓਟ ਰਖਾਇੰਦਾ। ਸੱਥਰ ਚੰਗਾ ਤੇਰੇ ਪਿਆਰ, ਜਗਤ ਸੇਜ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚਾ ਸੱਥਰ ਹੋਇਆ ਸੋਹਣਾ, ਹਰਿ ਸੋਹਣਾ ਰੂਪ ਵਟਾਇਆ। ਨਿਰਗੁਣ ਸਰਗੁਣ ਮਿਲਿਆ ਮੋਹਣਾ, ਮੋਹ ਮੋਹ ਆਪਣੇ ਨਾਲ ਮਿਲਾਇਆ। ਪਿਛਲਾ ਲੇਖਾ ਜਿਸ ਨੇ ਧੋਣਾ, ਅੱਗੇ ਰਾਹ ਚਲਾਇਆ। ਸਾਚੇ ਸੱਥਰ ਤੇਰਾ ਵੇਖੇ ਚਾਰੋਂ ਕੋਨਾ, ਚਾਰੋਂ ਜੁਗ ਫੋਲ ਫੁਲਾਇਆ। ਜਿਸ ਅੱਗੇ ਗੋਬਿੰਦ ਸੋਹਣਾ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਚੜ੍ਹ ਕੇ ਸੇਜ ਕਦੇ ਨਾ ਸੌਣਾ, ਚਿੰਤਾ ਦੁੱਖ ਨਾ ਕੋਇ ਰਖਾਇਆ। ਪੁਰਖ ਅਕਾਲ ਏਕਾ ਗਾਉਣਾ, ਵਾਹ ਵਾਹ ਵੱਜਦੀ ਰਹੇ ਵਧਾਇਆ। ਦੇਵੇ ਸੁਨੇਹੁੜਾ ਉਨਿੰਜਾ ਪਵਣਾ, ਪਵਣ ਪਵਣਾਂ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਸੱਥਰ ਇਕ ਰਖਾਇਆ। ਸਾਚਾ ਸੱਥਰ ਕਰ ਤਿਆਰ, ਤ੍ਰੈਗੁਣ ਅਤੀਤਾ ਖੇਲ ਕਰਾਈਆ। ਗੋਬਿੰਦ ਸੁਣ ਤੇਰੀ ਪੁਕਾਰ, ਗੋਬਿੰਦ ਆਪਣੀ ਖ਼ੁਸ਼ੀ ਮਨਾਈਆ। ਕਰਾਂ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾਈਆ। ਬਾਡੀ ਬਣਾ ਬਣ ਤਰਖਾਣ, ਸਾਚੀ ਘਾੜਤ ਲਵਾਂ ਘੜਾਈਆ। ਨਿਰਗੁਣ ਰੂਪ ਹੋ ਸ੍ਰੀ ਭਗਵਾਨ, ਲੋਕਮਾਤ ਫੇਰਾ ਪਾਈਆ। ਤੇਰੀ ਸੂਲਾਂ ਸੇਜ ਕਰ ਪਰਵਾਨ, ਆਪ ਆਪਣੇ ਅੰਗ ਲਗਾਈਆ। ਤੇਰੇ ਅੰਤਰ ਮਾਰ ਧਿਆਨ, ਆਪਣਾ ਪਰਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੱਥਰ ਦਏ ਵਿਛਾਈਆ। ਸਾਚਾ ਸੱਥਰ ਵਿਛੇ ਵਛੌਣਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਨਿਰਗੁਣ ਨਿਰਗੁਣ ਜਾਮਾ ਪਾਉਣਾ, ਜੋਤੀ ਜੋਤ ਜੋਤ ਵੇਸ ਵਟਾਇੰਦਾ। ਪਲੰਘ ਰੰਗੀਲਾ ਇਕ ਵਖਾਉਣਾ, ਪਾਵਾ ਚੂਲ ਨਾ ਕੋਇ ਰਖਾਇੰਦਾ। ਤਖ਼ਤ ਨਿਵਾਸੀ ਤਖ਼ਤ ਸੁਹਾਉਣਾ, ਸਾਚਾ ਤਖ਼ਤ ਆਪ ਬਣਾਇੰਦਾ। ਜਿਸ ਸੇਜ ਉਤੇ ਗੋਬਿੰਦ ਸੁਵਾਉਣਾ, ਸੋ ਸੇਜ ਨਾ ਕਿਸੇ ਵਖਾਇੰਦਾ। ਸੱਥਰ ਹੰਢਾਇਆ ਲੇਖੇ ਲਾਉਣਾ, ਯਾਰ ਯਾਰੀ ਨਾਲ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸੱਥਰ ਰੱਖੇ ਚੰਗਾ, ਆਦਿ ਜੁਗਾਦਿ ਨਾ ਹੋਏ ਮੰਦਾ, ਮੰਦ ਵਾਸਨਾ ਨਾ ਕੋਇ ਰਖਾਇੰਦਾ।
