੨੦ ਮਾਘ ੨੦੧੮ ਬਿਕ੍ਰਮੀ ਤਾਰਾ ਸਿੰਘ ਦੇ ਗ੍ਰਹਿ ਦੀਵਾਨ ਗੜ੍ਹ ਜੰਮੂ
ਆਮ ਦਿਨ ਨਾ ਕੋਇ ਵਿਚਾਰ, ਹਰਿ ਹਰਿ ਆਪਣੀ ਖੇਲ ਖਿਲਾਇੰਦਾ। ਪੰਡਤ ਪਾਂਧਾ ਨਾ ਪਾਵੇ ਸਾਰ, ਭੇਵ ਅਭੇਦ ਨਾ ਕੋਇ ਜਣਾਇੰਦਾ। ਬ੍ਰਹਿਮੰਡ ਖੰਡ ਹਰਿ ਖੇਲ ਨਿਆਰ, ਨਿਰਗੁਣ ਦਾਤਾ ਆਪ ਕਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਬਾਲਕ ਫੜ ਫੜ ਸੇਵ ਲਗਾਇੰਦਾ। ਰਵ ਸਸ ਕਰ ਉਜਿਆਰ, ਸੂਰਜ ਚੰਦ ਚੰਦ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪਣੇ ਹੱਥ ਰਖਾਇੰਦਾ। ਅੱਜ ਕਲ ਨਾ ਕੋਇ ਗੱਲ, ਹਰਿ ਅਚਰਜ ਖੇਲ ਕਰਾਈਆ। ਕਰੇ ਖੇਲ ਅਛਲ ਅਛੱਲ, ਵਲ ਛਲ ਧਾਰੀ ਭੇਵ ਨਾ ਰਾਈਆ। ਸਚ ਸਿੰਘਾਸਣ ਬੈਠਾ ਮੱਲ, ਤਖ਼ਤ ਨਿਵਾਸੀ ਸੋਭਾ ਪਾਈਆ। ਸੁਹਾਏ ਧਾਮ ਨਿਹਚਲ ਅਟੱਲ, ਨਿਰਗੁਣ ਨਿਰਵੈਰ ਪੁਰਖ ਅਕਾਲ ਬੇਪਰਵਾਹੀਆ। ਜੋਤੀ ਜੋਤ ਆਪੇ ਰਲ, ਸ਼ਬਦੀ ਸ਼ਬਦ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਏਕੰਕਾਰ, ਆਪਣਾ ਆਪ ਕਰਾਇੰਦਾ। ਸੋ ਪੁਰਖ ਨਿਰੰਜਣ ਹੋ ਤਿਆਰ, ਦਰ ਘਰ ਸਾਚੇ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਵਡ ਬਲਕਾਰ, ਬਲ ਆਪਣਾ ਆਪ ਰਖਾਇੰਦਾ। ਏਕੰਕਾਰਾ ਖੇਲ ਅਪਾਰ, ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਜੋਤ ਉਜਿਆਰ, ਨੂਰ ਨੁਰਾਨਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਸੇ ਧਾਮ ਨਿਆਰ, ਸਚਖੰਡ ਦੁਆਰਾ ਸੋਭਾ ਪਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਆਦਿ ਜੁਗਾਦਿ ਜੁਗਾਂ ਜੁਗੰਤਰ ਆਪਣਾ ਰੰਗ ਆਪ ਵਖਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪਣੇ ਹੱਥ ਰਖਾਇੰਦਾ। ਅੱਜ ਕਲ ਨਾ ਕੋਈ ਬਾਤ, ਦਾਤਾ ਦਾਨੀ ਨਾ ਕੋਇ ਜਣਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਹੱਥ ਵਡਿਆਈਆ। ਆਪਣੀ ਮਹਿਮਾ ਜਾਣੇ ਅਕੱਥ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਜੁਗ ਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਆਪਣਾ ਮਾਰਗ ਆਪੇ ਦੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਆਪਣੇ ਰੰਗ ਹਰਿ ਰੰਗ ਰਾਤਾ, ਆਦਿ ਪੁਰਖ ਵਡ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਤਾ, ਸਾਚੀ ਵਸਤ ਝੋਲੀ ਪਾਈਆ। ਬ੍ਰਹਮੇ ਦੇਵੇ ਇਕ ਗਿਆਤਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚੀ ਖੇਲ ਹਰਿ ਕਰਤਾਰ, ਆਪਣੀ ਆਪ ਜਣਾਇੰਦਾ। ਬੋਧ ਅਗਾਧ ਸ਼ਬਦ ਜੈਕਾਰ, ਨਿਰਗੁਣ ਧਾਰ ਆਪ ਬੰਧਾਇੰਦਾ। ਆਪੇ ਲੇਖਾ ਜਾਣੇ ਵੇਦ ਚਾਰ, ਚਾਰ ਵੇਦ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚੀ ਖੇਲ ਹਰਿ ਕਰਤਾਰ, ਪੰਜ ਤਿੰਨ ਅੱਠ ਵੰਡ ਵੰਡਾਈਆ। ਨਵ ਨੌ ਹੋ ਉਜਿਆਰ, ਦਹਿ ਦਿਸ਼ਾ ਫੇਰੀ ਪਾਈਆ। ਸਤਿ ਦੋ ਕਰ ਪਿਆਰ, ਪੰਜ ਤੱਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਖੇਲ ਆਪ ਕਰਾਈਆ। ਸਾਚੀ ਖੇਲ ਹਰਿ ਕਰਤਾਰ, ਆਦਿ ਪੁਰਖ ਆਪ ਕਰਾਇੰਦਾ। ਸ਼ਬਦੀ ਸ਼ਬਦ ਵਡ ਬਲਕਾਰ, ਸੂਰਬੀਰ ਨਾਉਂ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰ, ਨਾਮ ਨਿਧਾਨ ਝੋਲੀ ਪਾਇੰਦਾ। ਲੇਖਾ ਲਿਖਤ ਅਪਰ ਅਪਾਰ, ਲਿਖ ਲਿਖ ਲੇਖ ਆਪ ਸਮਝਾਇੰਦਾ। ਸਾਚੀ ਵੰਡਣ ਵੰਡ ਕਰੇ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਸਾਚੀ ਵੰਡ ਸ੍ਰੀ ਭਗਵਾਨ, ਏਕਾ ਏਕ ਕਰਾਈਆ। ਬ੍ਰਹਿਮੰਡ ਖੰਡ ਸਚ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਈਆ। ਜੇਰਜ ਅੰਡ ਕਰ ਪਰਧਾਨ, ਉਤਭੁਜ ਸੇਤਜ ਨਾਲ ਰਲਾਈਆ। ਚਾਰੇ ਵੇਦ ਦੇ ਗਿਆਨ, ਅੱਖਰ ਵੱਖਰ ਕਰੇ ਪੜ੍ਹਾਈਆ। ਚਾਰੇ ਜੁਗ ਪਾਵੇ ਆਣ, ਏਕਾ ਹੁਕਮ ਸੁਣਾਈਆ। ਚਾਰੇ ਖਾਣੀ ਗੁਣ ਨਿਧਾਨ, ਆਪਣੀ ਅੰਸ ਬਣਾਈਆ। ਚਾਰੇ ਬਾਣੀ ਦੇਵੇ ਦਾਨ, ਆਤਮ ਅੰਤਰ ਵਸਤ ਟਿਕਾਈਆ। ਮੰਡਲ ਮੰਡਪ ਖੇਲ ਮਹਾਨ, ਰਵ ਸਸ ਸੂਰਜ ਚੰਨ ਸਿਤਾਰ ਸੇਵਾ ਲਾਈਆ। ਆਪੇ ਹੋਏ ਵੇਖਣਹਾਰ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਵਰਤਾਈਆ। ਖੇਲ ਕਰੇ ਪੁਰਖ ਅਬਿਨਾਸ਼, ਇਕ ਇਕੱਲਾ ਵੇਸ ਵਟਾਇੰਦਾ। ਸਾਚੀ ਮੰਡਲ ਪਾਵੇ ਰਾਸ, ਤਾਰ ਤਾਰਕਾ ਨਾਲ ਮਿਲਾਇੰਦਾ। ਸਤਿ ਸਤਿ ਇਕ ਅਧਾਰ, ਏਕਾ ਗੰਢ ਪੁਵਾਇੰਦਾ। ਦੋਏ ਦੋਏ ਕਰ ਵਿਚਾਰ, ਰਾਹੂ ਕੇਤੂ ਖੇਲ ਖਲਾਇੰਦਾ। ਆਦਿ ਅੰਤ ਆਪੇ ਸਭ ਨੂੰ ਫੜ ਫੜ ਮਾਰੇ ਮਾਰ, ਹੁਕਮੇ ਹੁਕਮ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠ ਅੱਠ ਨੌਂ ਨੌਂ ਸੱਤ ਸੱਤ ਆਪਣੇ ਰੰਗ ਵਖਾਇੰਦਾ। ਨੌਂ ਸੱਤ ਸੋਲਾਂ ਖੇਲ ਅਪਰ ਅਪਾਰ, ਹਰਿ ਕਰਤਾ ਆਪ ਕਰਾਈਆ। ਅੱਠ ਤੱਤ ਕਰ ਵਿਚਾਰ, ਪਾਰਬ੍ਰਹਮ ਵੰਡ ਵੰਡਾਈਆ। ਜਗਤ ਵਿਦਿਆ ਨਾ ਪਾਵੇ ਸਾਰ, ਬਾਰਾਂ ਰਾਸ ਨਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਜ ਕਲ ਕਲ ਅੱਜ ਜੁਗ ਚੌਕੜੀ ਕੋਟਨ ਕੋਟ ਕਾਲ ਬਿਤਾਈਆ। ਕੋਟਨ ਕੋਟ ਕਾਲ ਗਏ ਬੀਤ, ਜੁਗ ਜੁਗ ਚੌਕੜੀ ਵੇਸ ਵਟਾਈਆ। ਹਰਿ ਕਾ ਖੇਲ ਸਦਾ ਅਤੀਤ, ਦਿਸ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣਾਈ ਰੀਤ, ਜੀਵ ਜੰਤ ਕਰੇ ਪੜ੍ਹਾਈਆ। ਬੁੱਧੀ ਵਿਦਿਆ ਬੁੱਧੀ ਦੱਸੇ ਠੀਕ, ਅਨਭਵ ਨਾ ਕੋਇ ਜਣਾਈਆ। ਕਾਗਜ਼ਾ ਉਤੇ ਮਾਰੀ ਲੀਕ, ਧਰਤੀ ਧਰਤ ਧਵਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਅੱਜ ਕਲ ਜਗਤ ਵਿਚਾਰ, ਚਾਰੋਂ ਕੁੰਟ ਰਿਹਾ ਕੁਰਲਾਈਆ। ਪੰਡਤ ਪਾਂਧੇ ਗਿਆਨੀ ਧਿਆਨੀ ਵਡ ਵਿਦਵਾਨੀ ਨਾ ਪਾਇਣ ਸਾਰ, ਹਰਿ ਕਾ ਭੇਵ ਨਾ ਕੋਇ ਜਣਾਈਆ। ਰਸਨਾ ਕਹਿਣ ਨੌਂ ਖੰਡ ਪ੍ਰਿਥਮੀ ਅੱਠ ਗ੍ਰਹਿ ਮਾਰਨ ਮਾਰ, ਮਾਰਨਹਾਰਾ ਦਿਸ ਨਾ ਆਈਆ। ਜਿਸ ਨੇ ਅੱਠ ਗ੍ਰਹਿ ਨੌਂ ਲਾਏ ਸੇਵਾਦਾਰ, ਸੋ ਭੁੱਲਿਆ ਸੱਚਾ ਮਾਹੀਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਜੁਗ ਜੁਗ ਸੇਵ ਕਮਾਈਆ। ਜਿਸ ਦੇ ਹੁਕਮੇ ਅੰਦਰ ਵੇਦ ਚਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਨਿਮਸਕਾਰ, ਦੋਏ ਦੋਏ ਜੋੜ ਸੀਸ ਝੁਕਾਈਆ। ਜਿਸ ਦੇ ਹੁਕਮੇ ਅੰਦਰ ਸਰਬ ਸੰਸਾਰ, ਖਾਣੀ ਬਾਣੀ ਕਰਿਆ ਪਾਰ, ਨਿਰਗੁਣ ਸਰਗੁਣ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਅਜ ਕਲ ਜਗਤ ਨਾਅਰਾ, ਚਾਰ ਕੁੰਟ ਕੁਰਲਾਇੰਦਾ। ਬੌਹੜੀ ਬੌਹੜੀ ਹਾਏ ਹਾਏ ਵਿਦਿਆ ਵਿਦਿਤ ਕਰੇ ਪੁਕਾਰਾ, ਧਿਆਨ ਗਿਆਨ ਗਿਆਨ ਧਿਆਨ ਨਾ ਕੋਇ ਰਖਾਇੰਦਾ। ਸੋਚ ਸਮਝ ਤੋਂ ਹੋਇਆ ਬਾਹਰਾ, ਮਤ ਬੁਧ ਹੋਈ ਖੁਆਰਾ, ਤੱਤਵ ਨਾ ਕੋਇ ਜਣਾਇੰਦਾ। ਅਸ਼ਟ ਗ੍ਰਹਿ ਖੇਲ ਕਰੇ ਵਿਚਾਰਾ, ਹੁਕਮੇ ਫਿਰੇ ਸਰਬ ਸੰਸਾਰਾ, ਰਵ ਸਸ ਕੋਹ ਕਰੋੜੀ ਚਲਤ ਚਲਤ ਆਪਣਾ ਪੰਧ ਨਾ ਕਦੇ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਲ ਆਪ ਵਰਤਾਇੰਦਾ। ਆਪਣੀ ਕਲ ਅਕਲ ਕਲ, ਹਰਿ ਕਰਤਾ ਆਪ ਵਰਤਾਈਆ । ਲੱਖ ਚੁਰਾਸੀ ਵਲ ਛਲ, ਭੇਵ ਕੋਇ ਨਾ ਪਾਈਆ। ਜਗਤ ਵਿਦਿਆ ਡੂੰਘੀ ਡਲ, ਸਚ ਗਿਆਨ ਨਾ ਕੋਇ ਦ੍ਰਿੜਾਈਆ। ਮਹਾਂਬਲੀ ਤੁਟੇ ਬਲ, ਧੀਰਜ ਧੀਰ ਨਾ ਕੋਇ ਰਖਾਈਆ। ਇਕ ਦੂਜੇ ਨੂੰ ਦੱਸਣ ਗੱਲ, ਵਿਚਲਾ ਭੇਵ ਕਿਸੇ ਨਾ ਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਨੀਤੀਵਾਨ ਹੋਏ ਝੱਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਅੱਜ ਕੱਲ ਰਹੇ ਸੋਚ, ਸੋਚ ਵਿਚ ਕੁਝ ਨਾ ਆਇੰਦਾ। ਇਕ ਦੂਜੇ ਨੂੰ ਉਂਗਲਾਂ ਨਾਲ ਰਹੇ ਨੋਚ, ਫੜ ਫੜ ਬਾਂਹੋਂ ਸਰਬ ਹਿਲਾਇੰਦਾ। ਪਿਛੇ ਜੇਹੜੀ ਮਾਣੀ ਮੌਜ, ਅੱਗੇ ਵੇਲਾ ਕੀ ਹੁਣ ਆਇੰਦਾ। ਪੰਡਤ ਪਾਂਧੇ ਗਿਆਨੀ ਧਿਆਨੀ ਮੁੱਲਾਂ ਸ਼ੇਖ਼ ਮੁਸਾਇਕ ਰਹੇ ਖੋਜ, ਅੰਦਰ ਵੜ ਵੜ ਧਿਆਨ ਸਰਬ ਲਗਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪਣੀ ਕੋਈ ਨਾ ਰੱਖੇ ਖੋਜ, ਅੱਠ ਤੱਤ ਅੱਠ ਗ੍ਰਹਿ ਆਪਣਾ ਖੇਲ ਕਰਾਇੰਦਾ । ਕਿਸੇ ਕੰਮ ਨਾ ਆਵੇ ਕਿਸੇ ਜੋਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਜੀਵ ਜੰਤ ਹੋਏ ਅਨਭੋਲ, ਹਰਿ ਕਾ ਭੇਵ ਨਾ ਕੋਇ ਜਣਾਈਆ। ਪੰਡਤ ਪਾਂਧੇ ਪੱਤਰੀ ਰਹੇ ਖੋਲ੍ਹ, ਖੋਲ੍ਹ ਖੋਲ੍ਹ ਸਮਝਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਕਰਨਵਾਲਾ ਘੋਲ, ਵੇਖੋ ਹੇਠਾਂ ਉਪਰ ਕਰੇ ਲੜਾਈਆ। ਜੁਗਾਂ ਜੁਗੰਤਰ ਤੋਲੇ ਤੋਲ, ਤੋਲਣਹਾਰਾ ਇਕ ਅਖਵਾਈਆ। ਭਗਤ ਭਗਵੰਤ ਸਦਾ ਅਡੋਲ, ਭੈ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜ ਕਲ ਵਲ ਛਲ ਅਛਲ ਅਛੱਲ ਧਰਨੀ ਧਰਤ ਧੌਲ ਆਪਣਾ ਖੇਲ ਵਖਾਈਆ। ਧਰਨੀ ਧਰਤ ਧਵਲ ਖੇਲ ਅਵੱਲਾ, ਹਰਿ ਏਕਾ ਏਕ ਕਰਾਇੰਦਾ। ਚਾਰੋਂ ਕੁੰਟ ਪਿਆ ਹੱਲਾ, ਧੀਰਜ ਧੀਰ ਨਾ ਕੋਇ ਧਰਾਇੰਦਾ। ਕਿਸੇ ਨਜ਼ਰ ਨਾ ਆਏ ਅੱਲਾ, ਨੇਤਰ ਨੈਣ ਪਰਵਰਦਿਗਾਰ ਨਾ ਕੋਇ ਮਨਾਇੰਦਾ । ਰਾਮ ਕ੍ਰਿਸ਼ਨ ਨਾ ਫੜੇ ਕੋਈ ਪੱਲਾ, ਅਸ਼ਟ ਗ੍ਰਹਿ ਸਭ ਨੂੰ ਘਰ ਘਰ ਡਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਯੂ ਮੰਡਲ ਏਕਾ ਤਾਰ, ਆਪ ਹਿਲਾਏ ਏਕੰਕਾਰ, ਕਰਤਾ ਪੁਰਖ ਕਰਨੇਹਾਰ, ਕੁਦਰਤ ਕਾਦਰ ਆਪਣਾ ਖੇਲ ਖਿਲਾਇੰਦਾ। ਕੁਦਰਤ ਕਾਦਰ ਮੁਕਾਮੇ ਹੱਕ, ਹੱਕ ਹਕ਼ੀਕ਼ਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਪਿਆ ਸ਼ੱਕ, ਸ਼ੱਕ ਨਾ ਕੋਇ ਮਿਟਾਈਆ। ਨੇਤਰ ਨੈਣ ਰਹੇ ਤੱਕ, ਤਕਦੀਰ ਤਦਬੀਰ ਤਕਸੀਰ ਨਾ ਕੋਇ ਗਵਾਈਆ। ਵੇਲਾ ਔਣ ਵਾਲਾ ਝੱਟ, ਬੈਠੇ ਰਾਹ ਤਕਾਈਆ। ਇਹ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਤਾਰਾ, ਹਰਿ ਆਪਣਾ ਆਪ ਕਰਾਇੰਦਾ। ਦੋ ਜਹਾਨ ਦਏ ਸਹਾਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਅਸ਼ਟ ਗ੍ਰਹਿ ਕੀ ਕਰੇ ਵਿਚਾਰਾ, ਨਿਉਂ ਨਿਉਂ ਸੀਸ ਝੁਕਾਇੰਦਾ। ਨੌਂਵਾਂ ਫਿਰੇ ਚਰਨ ਦੁਆਰਾ, ਦੋਏ ਦੋਏ ਜੋੜ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਰੰਗ ਆਪਣੇ ਹੱਥ ਰਖਾਇੰਦਾ। ਏਕਾ ਰੰਗ ਸੂਰਾ ਸਰਬੰਗ, ਏਕਾ ਏਕ ਰਖਾਈਆ। ਭੈ ਭਿਆਨਕ ਵਜਾਏ ਮਰਦੰਗ, ਇਕ ਮਰਦੰਗਾ ਰਿਹਾ ਸੁਣਾਈਆ। ਸ੍ਰਿਸ਼ਟ ਸਬਾਈ ਹੋਈ ਨੰਗ, ਸਾਚਾ ਪੱਲੂ ਨਾ ਕੋਇ ਪਾਈਆ। ਭਗਤ ਭਗਵੰਤ ਸੁਹਾਗੀ ਗਾਏ ਨਾ ਕੋਇ ਛੰਦ, ਸੀਤਾ ਸੁਰਤੀ ਨਾ ਰਾਮ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਭਿਆਨਕ ਆਪਣੇ ਹੱਥ ਵਖਾਈਆ। ਅਜ ਕਲ ਨਾ ਕੋਇ ਡਰ, ਭੈ ਅਵਰ ਨਾ ਕੋਇ ਰਖਾਇੰਦਾ। ਵੇਲਾ ਵਕਤ ਜਾਣਾ ਟਲ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਹਰਿਜਨ ਹਰਿ ਭਗਤ ਇਕ ਦੁਆਰਾ ਬੈਠੇ ਮਲ, ਜਿਸ ਦਰ ਭੈ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਜ ਕਲ ਕਲ ਅਜ ਜਗਤ ਵਿਚਾਰ, ਜੁਗਤ ਜਗਤ ਜੀਵਣ ਆਪਣੇ ਹੱਥ ਰਖਾਇੰਦਾ। ਹਰਿ ਸਤਿਗੁਰ ਪੂਰਾ ਸ਼ਾਹ ਸੁਲਤਾਨ, ਸਤਿ ਪੁਰਖ ਨਿਰੰਜਣ ਖੇਲ ਕਰਾਇੰਦਾ। ਜੁਗ ਚੌਕੜੀ ਹੋ ਪਰਧਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਦੋ ਜਹਾਨਾਂ ਆਪ ਸੁਣਾਇੰਦਾ। ਸਤਿ ਸਤਿਵਾਦੀ ਸਚ ਨਿਸ਼ਾਨ, ਨਿਰਗੁਣ ਸਰਗੁਣ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਆਦਿ ਜੁਗਾਦਿ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਖੇਲ ਮਹਾਨ, ਰੂਪ ਅਨੂਪ ਵਟਾਈਆ। ਵੇਦ ਸ਼ਾਸਤਰ ਸਿਮਰਤ ਜਾਣੇ ਕੁਰਾਨ, ਗੀਤਾ ਗਿਆਨ ਦ੍ਰਿੜਾਈਆ। ਭੇਵ ਖੁਲ੍ਹਾਏ ਅੰਜੀਲ ਕੁਰਾਨ, ਤੀਸ ਬਤੀਸ ਹਦੀਸ ਸੁਣਾਈਆ। ਖਾਣੀ ਬਾਣੀ ਕਰ ਪਰਧਾਨ, ਚਾਰ ਵਰਨ ਦਏ ਵਡਿਆਈਆ। ਆਤਮ ਅੰਤਰ ਇਕ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਅੰਮ੍ਰਿਤ ਆਤਮ ਪੀਣ ਖਾਣ, ਨਿਝਰ ਝਿਰਨਾ ਇਕ ਝਿਰਾਈਆ। ਜੋਤ ਨਿਰੰਜਣ ਨੂਰ ਮਹਾਨ, ਘਰ ਘਰ ਵਿਚ ਕਰ ਰੁਸ਼ਨਾਈਆ। ਆਤਮ ਸੇਜਾ ਹੋ ਪਰਧਾਨ, ਸਚ ਸਿੰਘਾਸਣ ਸੋਭਾ ਪਾਈਆ। ਸੁਰਤੀ ਸ਼ਬਦ ਇਕ ਮਕਾਨ, ਕਾਇਆ ਖੇੜਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਚੁਕਾਈਆ। ਜੁਗ ਜੁਗ ਖੇਲ ਕਰੇ ਨਿਰੰਕਾਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਪਾਰ ਕਿਨਾਰਾ, ਜੁਗ ਚੌਕੜੀ ਪੰਧ ਮੁਕਾਇੰਦਾ। ਨਵ ਨੌਂ ਵੇਖ ਅਖਾੜਾ, ਚਾਰ ਚਾਰ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਗੁਰ ਅਵਤਾਰ ਸਾਚੀ ਸੇਵ ਲਗਾਇੰਦਾ। ਸਾਚੀ ਸੇਵਾ ਗੁਰ ਅਵਤਾਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਠਾਂਡੇ ਦਰਬਾਰ, ਏਕੰਕਾਰਾ ਦਏ ਸਲਾਹੀਆ। ਆਦਿ ਨਿਰੰਜਣ ਨੂਰ ਉਜਿਆਰ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਮੁਕਾਮੇ ਹੱਕ ਸਾਂਝੇ ਯਾਰ, ਹੱਕ ਹਕ਼ੀਕ਼ਤ ਇਕ ਜਣਾਈਆ। ਸ੍ਰੀ ਭਗਵਾਨ ਸਤਿ ਨਿਸ਼ਾਨ, ਦੋ ਜਹਾਨ ਇਕ ਇਕੱਲਾ ਆਪ ਵਖਾਈਆ। ਪਾਰਬ੍ਰਹਮ ਪ੍ਰਭ ਦੇਵੇ ਦਾਨ, ਦਾਤਾ ਦਾਨੀ ਗੁਣ ਨਿਧਾਨ ਵਸਤ ਅਮੋਲਕ ਆਪਣੀ ਗੋਲਕ ਆਪ ਟਿਕਾਈਆ। ਬ੍ਰਹਮ ਬ੍ਰਹਮ ਕਰ ਪਰਵਾਨ, ਨਿਸ਼ਅੱਖਰ ਦੇਵੇ ਇਕ ਗਿਆਨ, ਬੋਧ ਅਗਾਧ ਅਗਾਧ ਬੋਧ ਨਾਦ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਵੇਸ ਅਵੱਲੜਾ, ਕਰੇ ਕਰਾਏ ਕਰਨੇਹਾਰ। ਸਤਿਜੁਗ ਤ੍ਰੇਤਾ ਦੁਆਪਰ ਫੜਿਆ ਪਲੜਾ, ਨਿਰਗੁਣ ਸਰਗੁਣ ਲਏ ਅਵਤਾਰ। ਸਚ ਸੰਦੇਸ ਏਕਾ ਘਲੜਾ, ਰਾਮ ਰਾਮ ਅਧਾਰ। ਆਪ ਫੜਾਏ ਆਪਣਾ ਪਲੜਾ, ਕਾਹਨਾ ਕ੍ਰਿਸ਼ਨਾ ਮੀਤ ਮੁਰਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਜੁਗਾ ਜੁਗੰਤਰ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪੀਰ ਪੈਗ਼ੰਬਰ ਦੇ ਸਹਾਰਾ, ਏਕਾ ਕਲਮਾ ਕਲਾਮ ਪੜ੍ਹਾਇੰਦਾ। ਸਚ ਇਮਾਮ ਹੋ ਤਿਆਰਾ, ਏਕਾ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਸ੍ਰੀ ਭਗਵਾਨ, ਏਕਾ ਏਕ ਵਖਾਈਆ। ਦੇਵਣਹਾਰਾ ਸਤਿਨਾਮ, ਨਾਮ ਸਤਿ ਕਰੇ ਪੜ੍ਹਾਈਆ। ਨਿਰਗੁਣ ਨਿਰਗੁਣ ਕਰ ਪਰਵਾਨ, ਸਰਗੁਣ ਸਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰਾਈਆ। ਜੁਗ ਜੁਗ ਵੇਸ ਨਿਰਗੁਣ ਸਰਗੁਣ ਧਾਰ, ਕਲਜੁਗ ਆਪਣਾ ਭੇਵ ਜਣਾਇੰਦਾ। ਨਾਨਕ ਗੋਬਿੰਦ ਖੇਲ ਅਪਾਰ, ਜੋਤੀ ਜਾਤਾ ਡਗਮਗਾਇੰਦਾ। ਜੁਗ ਚੌਕੜੀ ਵੇਖ ਵਿਚਾਰ, ਲਹਿਣਾ ਦੇਣਾ ਪੂਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਆਪਣੇ ਘਾਟ, ਕਲਜੁਗ ਅੰਤਮ ਵੇਲਾ ਆਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਜੋਤੀ ਜਾਮਾ ਵੇਸ ਵਟਾਇੰਦਾ। ਨਿਰਗੁਣ ਨੂਰ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਇੰਦਾ। ਲੱਖ ਚੁਰਾਸੀ ਕੱਟੇ ਫਾਸ, ਰਾਏ ਧਰਮ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਇਕੋ ਜਗ, ਜੁਗ ਕਰਤਾ ਆਪ ਲਗਾਈਆ । ਪਰਗਟ ਹੋ ਸੂਰਾ ਸਰਬੱਗ, ਸ਼ੂਦਰ ਵੈਸ਼ ਸ਼ੱਤਰੀ ਬ੍ਰਹਮਣ ਏਕਾ ਰੰਗ ਰੰਗਾਈਆ। ਆਤਮ ਅੰਦਰ ਇਕ ਅਨੰਦ, ਬ੍ਰਹਮ ਬ੍ਰਹਮ ਕਰੇ ਪੜ੍ਹਾਈਆ। ਗੀਤ ਸੁਹਾਗੀ ਸਾਚਾ ਛੰਦ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਤਾਲ ਵਜਾਈਆ। ਲੇਖਾ ਜਾਣੇ ਜੀਉ ਪਿੰਡ, ਬ੍ਰਹਿਮੰਡ ਆਪਣਾ ਰੰਗ ਵਖਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਆਪੇ ਲਾਈਆ । ਸਾਚਾ ਮਾਰਗ ਹਰਿ ਜੂ ਲੌਣਾ, ਨਿਰਾਕਾਰ ਸੇਵ ਕਮਾਈਆ। ਏਕਾ ਅੱਖਰ ਜਾਪ ਜਪੌਣਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਏਕਾ ਇਸ਼ਟ ਰਾਮ ਵਖੌਣਾ, ਪੁਰਖ ਅਕਾਲ ਏਕਾ ਨਜ਼ਰੀ ਆਈਆ। ਏਕਾ ਕਲਮਾ ਨਬੀ ਪੜ੍ਹੌਣਾ, ਇਕ ਰਸੂਲ ਦਏ ਸਮਝਾਈਆ। ਏਕਾ ਨਾਮ ਸਤਿ ਝੋਲੀ ਪੌਣਾ, ਨਾਨਕ ਨਿਰਗੁਣ ਸੇਵ ਕਮਾਈਆ । ਏਕਾ ਵਰਨ ਸ੍ਰਿਸ਼ਟ ਸਬਾਈ ਨਜ਼ਰੀ ਔਣਾ, ਜਾਤ ਪਾਤ ਨਾ ਕੋਇ ਰਖਾਈਆ। ਏਕਾ ਬਰਨ ਆਪ ਸਮਝੌਣਾ, ਅਠਾਰਾਂ ਬਰਨ ਮਾਣ ਗਵਾਈਆ। ਏਕਾ ਸਰਨ ਓਟ ਰਖੌਣਾ, ਪਾਰਬ੍ਰਹਮ ਸਰਨਾਈਆ। ਏਕਾ ਨਿਰਮਲ ਜੋਤ ਜਗੌਣਾ, ਘਰ ਘਰ ਦੀਪ ਕਰੇ ਰੁਸ਼ਨਾਈਆ। ਏਕਾ ਚਤਰਭੁਜ ਨਜ਼ਰੀ ਔਣਾ, ਨੇਤਰ ਨੈਣ ਨੈਣ ਮਿਲਾਈਆ । ਏਕਾ ਰਾਗ ਨਾਦ ਸੁਨੌਣਾ, ਏਕਾ ਧੁਨੀ ਧੁਨ ਸ਼ਨਵਾਈਆ। ਏਕਾ ਮੰਦਰ ਗੁਰਦੁਆਰ ਵਖੌਣਾ, ਮਸਤਕ ਮਠ ਏਕਾ ਘਰ ਬਹਾਈਆ। ਏਕਾ ਦੇਵ ਆਤਮਾ ਸਰਬ ਘਟ ਰਮੌਣਾ, ਵਾਸਦੇਵ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਮਾਰਗ ਇਕ ਜਣਾਈਆ। ਸਾਚਾ ਮਾਰਗ ਇਕੋ ਏਕ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਪਾਰਬ੍ਰਹਮ ਪ੍ਰਭ ਸਾਚੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਆਪੇ ਕਰੇ ਬੁਧ ਬਿਬੇਕ, ਵਿਵੇਕੀ ਆਪਣਾ ਰੰਗ ਚੜ੍ਹਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਜਲਾਇੰਦਾ। ਆਪੇ ਮੇਟੇ ਪਿਛਲੀ ਰੇਖ, ਅਗਲਾ ਮਾਰਗ ਆਪ ਵਖਾਇੰਦਾ। ਸ਼ਾਹ ਪਾਤਸ਼ਾਹ ਹਰਿ ਸਚ ਨਰੇਸ਼, ਹੁਕਮੀ ਹੁਕਮ ਆਪ ਸੁਣਾਇੰਦਾ। ਹੁਕਮੇ ਅੰਦਰ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੀਸ ਝੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨੇਤਰ ਲੋਚਣ ਨੈਣ ਹਰਿ ਹਰਿ ਰਹੇ ਪੇਖ, ਪੇਖ ਪੇਖ ਸਰਬ ਸੁਖ ਪਾਇੰਦਾ। ਤਿਸ ਸਾਹਿਬ ਕੋ ਸਦਾ ਆਦੇਸ, ਜੁਗ ਜੁਗ ਵਟਾਏ ਆਪਣਾ ਵੇਸ, ਵੇਸ ਅਵੱਲਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਏਕੰਕਾਰ, ਏਕਾ ਏਕ ਜਣਾਈਆ। ਬ੍ਰਹਿਮੰਡ ਖੰਡ ਨਾਮ ਜੈਕਾਰ, ਜੈ ਜੈਕਾਰ ਸੁਣਾਈਆ। ਵਰਭੰਡੀ ਵੰਡੇ ਆਪੇ ਵੰਡ, ਵੰਡਣਹਾਰਾ ਬੇਪਰਵਾਹੀਆ। ਲੱਖ ਚੁਰਾਸੀ ਦੇਵੇ ਦੰਡ, ਨੌ ਖੰਡ ਪ੍ਰਿਥਮੀ ਚਾਰੇ ਕੁੰਟ ਵੇਖ ਵਖਾਈਆ। ਨਾਮ ਖੰਡਾ ਚੰਡ ਪਰਚੰਡ, ਤੇਜ਼ ਕਟਾਰ ਆਪਣੇ ਹੱਥ ਰਖਾਈਆ। ਨਾਰ ਦੁਹਾਗਣ ਵੇਖੇ ਰੰਡ, ਘਰ ਘਰ ਅੰਦਰ ਡੂੰਘੀ ਕੰਦਰ ਵੜ ਵੜ ਫੋਲ ਫੋਲਾਈਆ। ਮੇਟ ਮਿਟਾਏ ਭੇਖ ਪਖੰਡ, ਕੂੜੀ ਕਿਰਿਆ ਦਏ ਹਟਾਈਆ। ਚਾਰ ਵਰਨ ਸੁਣਾਏ ਏਕਾ ਛੰਦ, ਆਤਮ ਪਰਮਾਤਮ ਮੇਲ ਮਿਲਾਈਆ। ਲੇਖਾ ਜਾਣੇ ਬੱਤੀ ਦੰਦ, ਰਸਨਾ ਜਿਹਵਾ ਗੁਣ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਰਖਾਈਆ। ਸਾਚਾ ਮਾਰਗ ਇਕੋ ਰਾਹ, ਹਰਿ ਸਤਿਗੁਰ ਆਪ ਜਣਾਇੰਦਾ। ਗੁਰ ਗੁਰ ਸ਼ਬਦੀ ਜਗਤ ਮਲਾਹ, ਬੇੜਾ ਪਾਰ ਕਰਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਸਲਾਹ, ਸਿਫ਼ਤ ਵਿਚ ਕਦੇ ਨਾ ਆਇੰਦਾ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਊਚਾਂ ਨੀਚਾਂ ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਉਂ ਆਪ ਸਮਝਾਇੰਦਾ। ਏਕਾ ਨਾਉਂ ਸਾਚਾ ਮਿਤ, ਚਾਰ ਵਰਨ ਕੁੜਮਾਈਆ। ਜੁਗਾਂ ਜੁਗੰਤਰ ਕਰੇ ਹਿਤ, ਭਗਤਨ ਮੇਲਾ ਸਹਿਜ ਸੁਭਾਈਆ। ਵੇਸ ਵਟਾਏ ਨਿਤ ਨਵਿਤ, ਰੂਪ ਅਨੂਪ ਧਰਾਈਆ। ਸ੍ਰਿਸ਼ਟ ਸਬਾਈ ਮਾਤ ਪਿਤ, ਲੱਖ ਚੁਰਾਸੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਮ ਦਏ ਸਮਝਾਈਆ। ਏਕਾ ਨਾਮ ਸਰਬ ਗੁਣਵੰਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਜੁਗ ਬਣਾਏ ਸਾਚੀ ਬਣਤ, ਸਾਚਾ ਮਾਰਗ ਇਕ ਵਖਾਇੰਦਾ। ਗੁਰਮੁਖ ਗੁਰਸਿਖ ਮੇਲਾ ਹਰਿ ਹਰਿ ਕੰਤ, ਕੰਤ ਕੰਤੂਹਲ ਦਇਆ ਕਮਾਇੰਦਾ। ਏਕਾ ਨਾਮ ਮਣੀਆਂ ਮੰਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਜਗਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਨਾਮ ਇਕ ਦ੍ਰਿੜਾਇੰਦਾ। ਸਾਚਾ ਨਾਮ ਹਰਿ ਚਰਨ ਸਰਨ ਸਰਨਾ, ਏਕਾ ਓਟ ਜਣਾਈਆ। ਰਸਨਾ ਜਿਹਵਾ ਗੀਤ ਗੋਬਿੰਦ ਗੁਣ ਲੈਣਾ ਗਾ, ਅੱਖਰ ਵੱਖਰ ਕਰ ਪੜ੍ਹਾਈਆ। ਭਰਮ ਭੁਲੇਖਾ ਭਾਂਡਾ ਭਰਮ ਭੌ ਲੈਣਾ ਭੰਨਾ, ਦੂਈ ਦਵੈਤੀ ਮੇਟ ਮਿਟਾਈਆ। ਹਉਮੇ ਹੰਗਤਾ ਰੋਗ ਲੈਣਾ ਗਵਾ, ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਅੰਦਰ ਆਪਣਾ ਪੜਦਾ ਲੈਣਾ ਉਠਾ, ਬਜਰ ਕਪਾਟੀ ਕੁੰਡਾ ਲਾਹੀਆ। ਅੱਗੇ ਮਿਲੇ ਹਰਿ ਜੂ ਸਹਿਜ ਸੁਭਾ, ਨਿਰਗੁਣ ਆਪਣਾ ਰੂਪ ਵਖਾਈਆ। ਜ਼ਾਤ ਪਾਤ ਕੋਈ ਜਾਣੇ ਨਾ, ਵਰਨ ਬਰਨ ਵਿਚ ਨਾ ਆਈਆ। ਗੁਰਮੁਖ ਸੱਜਣ ਲਏ ਮਿਲਾ, ਮਿਲ ਮਿਲ ਖ਼ੁਸ਼ੀ ਮਨਾਈਆ। ਆਤਮ ਸੇਜਾ ਸੋਭਾ ਪਾ, ਬ੍ਰਹਮ ਆਪਣੇ ਰੰਗ ਰੰਗਾਈਆ। ਈਸ਼ ਜੀਵ ਗੋਦ ਬਹਾ, ਜਗਦੀਸ਼ਰ ਦੇਵੇ ਮਾਣ ਵਡਿਆਈਆ। ਸਾਚੇ ਮਾਰਗ ਆਪ ਚਲਾ, ਬਣ ਪਾਂਧੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚਾ ਰਾਹ ਅਪਾਰਾ, ਹਰਿ ਸਾਚਾ ਆਪ ਲਗਾਈਆ। ਚਾਰ ਵਰਨ ਇਕ ਪਿਆਰਾ, ਏਕਾ ਮਾਣ ਵਡਿਆਈਆ। ਏਕਾ ਮੰਦਰ ਇਕ ਦੁਆਰਾ, ਏਕਾ ਗੁਰ ਸਮਝਾਈਆ। ਏਕਾ ਨਾਮ ਇਕ ਜੈਕਾਰਾ, ਏਕਾ ਨਾਦ ਅਲਾਈਆ। ਏਕਾ ਰਾਗ ਇਕ ਤਲਵਾੜਾ, ਏਕਾ ਤੰਦ ਸਿਤਾਰ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਏਕਾ ਘਰ, ਹਰਿ ਏਕਾ ਏਕ ਵਖਾਇੰਦਾ। ਊਚ ਨੀਚ ਮੁੱਕੇ ਡਰ, ਜਾਤ ਪਾਤ ਨਾ ਕੋਇ ਵਡਿਆਇੰਦਾ। ਪੁਰਖ ਅਬਿਨਾਸ਼ੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਇੰਦਾ। ਕੂੜੀ ਕਿਰਿਆ ਜਾਏ ਹਰ, ਸਚ ਸੁੱਚ ਸਾਚਾ ਰਾਹ ਚਲਾਇੰਦਾ। ਏਕਾ ਮਾਣ ਨਾਰੀ ਨਰ, ਨਰ ਨਰਾਇਣ ਦਇਆ ਕਮਾਇੰਦਾ। ਸੰਤ ਸੁਹੇਲੇ ਆਪੇ ਫੜ, ਗੁਰ ਚੇਲੇ ਗੋਦ ਬਹਾਇੰਦਾ। ਭਗਤਾਂ ਦੇਵੇ ਸਾਚਾ ਵਰ, ਆਪਣੀ ਭਗਤੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਦਰ ਦਰਵਾਜ਼ਾ ਗ਼ਰੀਬ ਨਿਵਾਜ਼, ਏਕਾ ਏਕ ਖੁਲ੍ਹਾਈਆ। ਕਲਜੁਗ ਅੰਤਮ ਰਚਿਆ ਕਾਜ, ਸਤਿਜੁਗ ਰਾਹ ਚਲਾਈਆ। ਚਾਰ ਵਰਨ ਦੇਵੇ ਦਾਤ, ਏਕਾ ਨਾਮ ਪੜ੍ਹਾਈਆ। ਦਰਸ ਦਿਖਾਏ ਇਕ ਇਕਾਂਤ, ਅਨੁਭਵ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਰਮਾਤਮ ਆਤਮ ਸਾਚੀ ਗਾਥ ਸੁਣਾਈਆ। ਸਾਚੀ ਗਾਥਾ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਦੁਰਮਤ ਮੈਲ ਦੇਵੇ ਧੋ, ਪੱਤਤ ਪਾਪੀ ਪਾਰ ਕਰਾਇੰਦਾ। ਹਉਮੇ ਹੰਗਤਾ ਨਾਤਾ ਤੋੜੇ ਝੂਠਾ ਮੋਹ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਭਿਛਿਆ ਝੋਲੀ ਪਾਇੰਦਾ। ਸਾਚੀ ਭਿਛਿਆ ਨਾਮ ਅਨਮੋਲ, ਅਨਮੁਲੜੀ ਦਾਤ ਵਰਤਾਈਆ। ਸ਼ਬਦ ਅਗੰਮੀ ਕੰਡੇ ਤੋਲੇ ਤੋਲ, ਤੋਲਣਹਾਰਾ ਦਿਸ ਨਾ ਆਈਆ। ਆਦਿ ਜੁਗਾਦਿ ਸਦਾ ਸਦ ਰਹੇ ਅਡੋਲ, ਸਚਖੰਡ ਵਸੇ ਸਾਚਾ ਮਾਹੀਆ। ਲੱਖ ਚੁਰਾਸੀ ਅੰਦਰ ਗਿਆ ਮੌਲ, ਮੌਲਾ ਆਪਣਾ ਨਾਂਉਂ ਧਰਾਈਆ। ਭਗਤ ਭਗਵੰਤ ਸਾਧ ਸੰਤ ਪੀਰ ਪੈਗ਼ੰਬਰ ਗੁਰ ਅਵਤਾਰ ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਲੇਖਾ ਜਾਣੇ ਧਰਨੀ ਧਰਤ ਧੌਲ, ਅਕਾਸ਼ ਪਰਕਾਸ਼ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸ਼ਬਦ ਅਨਾਦੀ ਨਾਦ ਵਜਾਇੰਦਾ। ਸ਼ਬਦ ਅਨਾਦੀ ਸਾਚਾ ਢੋਲਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹੰ ਬ੍ਰਹਮ ਪੜਦਾ ਖੋਲ੍ਹਾ, ਆਤਮ ਪਰਮਾਤਮ ਮੇਲ ਮਿਲਾਈਆ। ਲੇਖਾ ਜਾਣੇ ਕਾਇਆ ਚੋਲਾ, ਪੰਜ ਤੱਤ ਅੰਦਰ ਖੇਲ ਵਖਾਈਆ। ਆਪ ਉਠਾਏ ਪੜਦਾ ਉਹਲਾ, ਆਪਣਾ ਪੜਦਾ ਆਪ ਚੁਕਾਈਆ। ਪੰਚ ਵਿਕਾਰ ਨਾ ਪਾਏ ਰੌਲਾ, ਪੰਚ ਸ਼ਬਦ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪਣੇ ਘਰ ਬਹਾਈਆ। ਘਰ ਬਹਾਏ ਏਕੰਕਾਰ, ਸਚਖੰਡ ਵੱਜੇ ਵਧਾਈਆ। ਜੋਤੀ ਜੋਤ ਜੋਤ ਪਸਾਰ, ਜੋਤੀ ਜਾਤਾ ਵੇਖ ਵਖਾਈਆ। ਸ਼ਬਦੀ ਸ਼ਬਦ ਡੰਕ ਅਪਾਰ, ਸਾਚਾ ਡੰਕਾ ਨਾਮ ਵਜਾਈਆ। ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾ ਕਰੇ ਖ਼ਬਰਦਾਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਿਹਾ ਉਠਾਈਆ। ਹੁਕਮੀ ਹੁਕਮ ਵਰਤੇ ਵਰਤਾਰ, ਜੁਗ ਜੁਗ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਚਾਰਂੋ ਕੁੰਟ ਆਈ ਹਾਰ, ਸ੍ਰਿਸ਼ਟੀ ਰੋਵੇ ਜ਼ਾਰੋ ਜ਼ਾਰ, ਕਰਮ ਧਰਮ ਨਾ ਕੋਇ ਵਿਚਾਰ, ਕੂੜੀ ਕਿਰਿਆ ਬੰਧਨ ਪਾਈਆ। ਨਾਤਾ ਜੁੜਿਆ ਠੱਗ ਚੋਰ ਯਾਰ, ਘਰ ਘਰ ਵੜਿਆ ਕਾਮ ਕਰੋਧ ਲੋਭ ਮੋਹ ਹੰਕਾਰ, ਹਰਿ ਕਾ ਨਾਉਂ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਹੋਏ ਗਵਾਰ, ਧੀ ਭੈਣ ਤੱਕਣ ਨਾਰ ਮੁਟਿਆਰ, ਨੇਤਰ ਨੈਣ ਨਾ ਕੋਇ ਪੜ੍ਹਾਈਆ। ਪਿਤਾ ਪੂਤ ਨਾ ਕੋਇ ਪਿਆਰ, ਧੀਆਂ ਭੈਣਾਂ ਜਗਤ ਵਿਹਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਬੰਧਨ ਆਪੇ ਪਾਈਆ। ਸਾਚਾ ਬੰਧਨ ਦੀਨ ਦਿਆਲ, ਸਤਿਗੁਰ ਪੂਰਾ ਆਪ ਰਖਾਇੰਦਾ। ਗੁਰਮੁਖ ਵੇਖ ਸਾਚੇ ਲਾਲ, ਲਾਲ ਅਨਮੁਲੜੇ ਆਪ ਉਠਾਇੰਦਾ। ਨਿਰਗੁਣ ਸਰਗੁਣ ਬਣ ਦਲਾਲ, ਸਾਚਾ ਵਣਜ ਇਕ ਕਰਾਇੰਦਾ। ਜੋਤੀ ਜਲਵਾ ਨੂਰ ਜਲਾਲ, ਨੂਰ ਨੂਰਾਨਾ ਡਗਮਗਾਇੰਦਾ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਜਾਗੇ ਜਾਗਰਤ ਜੋਤ, ਜੋਤੀ ਜਾਤਾ ਆਪ ਜਗਾਈਆ। ਨਾਤਾ ਤੋੜ ਵਰਨ ਗੋਤ, ਪ੍ਰਭ ਮੰਗੇ ਇਕ ਸਰਨਾਈਆ। ਕਾਇਆ ਵੇਖੇ ਕਿਲ੍ਹਾ ਕੋਟ, ਘਰ ਮੰਦਰ ਹੋਏ ਰੁਸ਼ਨਾਈਆ। ਅੰਦਰ ਭੰਡਾਰਾ ਨਾਮ ਅਤੋਟ, ਸਤਿਗੁਰ ਪੂਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਈਆ। ਜਿਸ ਜਨ ਦੇਵੇ ਆਪਣੀ ਬੂਝ, ਸਿਰ ਆਪਣਾ ਹੱਥ ਰਖਾਇੰਦਾ। ਏਥੇ ਓਥੇ ਹੋਏ ਸੂਝ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਭੇਵ ਚੁਕਾਏ ਗੂਝੋ ਗੂਝ, ਅਨਭਵ ਪਰਕਾਸ਼ ਕਰਾਇੰਦਾ। ਨਾਤਾ ਤੁਟੇ ਏਕਾ ਦੂਜ, ਦਵੈਤੀ ਰੂਪ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਆਪ ਉਠਾਇੰਦਾ। ਸਾਚਾ ਭਗਤ ਲਏ ਅੰਗੜਾਈ, ਜਿਸ ਜਨ ਉਪਰ ਦਇਆ ਕਮਾਇੰਦਾ। ਘਰ ਆਤਮ ਵੱਜੇ ਵਧਾਈ, ਪਰਮਾਤਮ ਖੇਲ ਕਰਾਇੰਦਾ। ਲੋਕੀ ਕਹਿਣ ਹੋਇਆ ਸ਼ੁਦਾਈ, ਗੁਰਮੁਖ ਆਪਣੇ ਰੰਗ ਸਮਾਇੰਦਾ। ਕਰੇ ਖੇਲ ਬੇਪਰਵਾਹੀ, ਲੱਖ ਚੁਰਾਸੀ ਫੋਲ ਫੁਲਾਇੰਦਾ। ਸੰਤ ਸੁਹੇਲੇ ਲਏ ਜਗਾਈ, ਨਿਰਗੁਣ ਸਰਗੁਣ ਦਇਆ ਕਮਾਇੰਦਾ। ਗੁਰਮੁਖ ਪਕੜੇ ਆਪੇ ਬਾਂਹੀ, ਜੁਗ ਜਨਮ ਦੇ ਵਿਛੜੇ ਮੇਲ ਮਿਲਾਇੰਦਾ। ਗੁਰਸਿਖ ਮੇਲਾ ਚਾਈਂ ਚਾਈਂ, ਦਰ ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਹਰਿਜਨ ਮੇਲੇ ਗੁਰੂ ਗੁਰ ਚੇਲੇ ਗੁਰ ਗੁਰ ਆਪਣਾ ਰੰਗ ਵਖਾਇੰਦਾ। ਗੁਰ ਗੁਰ ਰੰਗ ਅਗੰਮ ਅਪਾਰ, ਨਜ਼ਰ ਕਿਸੇ ਨਾ ਆਈਆ। ਭਰਮੇ ਭੁੱਲਾ ਸਰਬ ਸੰਸਾਰ, ਮਾਇਆ ਮਮਤਾ ਰਹੀ ਭੁਲਾਈਆ। ਜੂਠ ਝੂਠ ਕਰ ਪਿਆਰ, ਆਪਾ ਨੂਰ ਨਜ਼ਰ ਨਾ ਆਈਆ। ਚਾਰੋਂ ਕੁੰਟ ਹਾਹਾਕਾਰ, ਦਹਿ ਦਿਸ਼ਾ ਪਈ ਲੜਾਈਆ। ਅੰਦਰ ਵੱੜੇ ਠੱਗ ਚੋਰ ਯਾਰ, ਕਾਮ ਕਰੋਧ ਲੋਭ ਮੋਹ ਹੰਕਾਰ ਬੈਠੇ ਮੁਖ ਛੁਪਾਈਆ। ਦਿਵਸ ਰੈਣ ਮਾਰਨ ਮਾਰ, ਆਪਣਾ ਬਲ ਵਖਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਅਧਾਰ, ਸਿਰ ਹੱਥ ਨਾ ਕੋਇ ਟਿਕਾਈਆ। ਜਿਸ ਜਨ ਕਿਰਪਾ ਕਰੇ ਆਪ ਨਿਰੰਕਾਰ, ਤਿਸ ਆਪਣਾ ਮੇਲ ਮਿਲਾਈਆ। ਜਨਮ ਜਨਮ ਦਾ ਰੋਗ ਨਿਵਾਰ, ਚਿੰਤਾ ਸੋਗ ਸਰਬ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸੱਜਣ ਮੇਲਾ ਏਕਾ ਘਰ ਮਿਲਾਈਆ।
