੨੧ ਮਾਘ ੨੦੧੮ ਬਿਕ੍ਰਮੀ ਦੇਵੀ ਸਿੰਘ ਦੇ ਗ੍ਰਹਿ ਮੱਘੋ ਵਾਲੀ ਜੰਮੂ
ਭਗਤ ਭਗਵਾਨ ਸਾਚਾ ਰੰਗ, ਸ੍ਰੀ ਭਗਵਾਨ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਦੋ ਜਹਾਨ ਵਾਲੀ ਲੋਕਮਾਤ ਫੇਰਾ ਪਾਇੰਦਾ। ਗੀਤ ਸੁਹਾਗੀ ਅਗੰਮੀ ਛੰਦ, ਨਿਰਗੁਣ ਸਰਗੁਣ ਆਪ ਜਣਾਇੰਦਾ। ਨਾਤਾ ਤੋੜ ਬੱਤੀ ਦੰਦ, ਆਤਮ ਅੰਤਰ ਬੂਝ ਬੁਝਾਇੰਦਾ। ਸਚ ਸੁਹੰਜਣੀ ਸੇਜ ਪਲੰਘ, ਘਰ ਘਰ ਵਿਚ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਏਕੋ ਧਾਰ, ਆਦਿ ਜੁਗਾਦਿ ਰਖਾਈਆ। ਨਿਰਗੁਣ ਸਰਗੁਣ ਲਏ ਅਵਤਾਰ, ਹਰਿਜਨ ਵੇਖੇ ਚਾਈਂ ਚਾਈਂਆ। ਰੋਗ ਸੋਗ ਦਰਦ ਨਿਵਾਰ, ਦਰਦੀ ਦਰਦ ਵੰਡਾਈਆ। ਏਕਾ ਦੇਵੇ ਨਾਮ ਖ਼ੁਮਾਰ, ਰਾਮ ਨਾਮ ਪੜ੍ਹਾਈਆ। ਏਕਾ ਮੰਦਰ ਦਏ ਵਖਾਲ, ਘਰ ਮੇਲੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਭਗਤ ਭਗਵਾਨ ਇਕੋ ਵੇਸ, ਆਦਿ ਅੰਤ ਜਣਾਇੰਦਾ। ਵਸਣਹਾਰਾ ਸਾਚੇ ਦੇਸ, ਦੇਸ ਦਸੰਤਰ ਸੋਭਾ ਪਾਇੰਦਾ। ਨਿਰਗੁਣ ਸਰਗੁਣ ਲਏ ਵੇਖ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਲੇਖਾ ਜਾਣੇ ਰਿਖੀ ਕੇਸ਼, ਗਵਰਧਨ ਆਪਣੇ ਰੰਗ ਰੰਗਾਇੰਦਾ। ਸੇਵਕ ਸੇਵਾ ਬ੍ਰਹਮਾ ਵਿਸ਼ਨ ਮਹੇਸ਼, ਸਾਚੀ ਸੇਵਾ ਇਕ ਜਣਾਇੰਦਾ। ਭਗਤ ਭਗਵੰਤ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਦਾਤਾ ਦਾਨੀ ਜੋਧਾ ਸੂਰਬੀਰ ਨਰ ਨਰੇਸ਼, ਸ਼ਾਹ ਪਾਤਸ਼ਾਹ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਜਨ ਭਗਤਾਂ ਆਪ ਵਡਿਆਇੰਦਾ। ਭਗਤ ਭਗਵੰਤ ਏਕਾ ਓਟ, ਆਦਿ ਜੁਗਾਦਿ ਰਖਾਈਆ। ਵਸਣਹਾਰਾ ਸਾਚੇ ਕੋਟ, ਸਚਖੰਡ ਦੁਆਰਾ ਇਕ ਸਮਝਾਈਆ। ਕਰ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਗਵਾਈਆ। ਨਾਮ ਨਗਾਰੇ ਲਾਏ ਚੋਟ, ਅਨਹਦ ਨਾਦੀ ਨਾਦ ਵਜਾਈਆ। ਜਗਤ ਵਾਸਨਾ ਕਢੇ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਦੇਵੇ ਨਾਮ ਰਾਮ ਅਤੋਟ, ਅਤੁਟ ਭੰਡਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਰੰਗ ਵਖਾਈਆ। ਭਗਤ ਭਗਵੰਤ ਇਕ ਮਕਾਨ, ਏਕਾ ਘਰ ਵਖਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਜੁਗ ਜੁਗ ਵੇਸ ਵਟਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਉਠਾਇੰਦਾ। ਜਨ ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਏਕਾ ਘਰ ਬਹਾਇੰਦਾ। ਭਗਤ ਭਗਵੰਤ ਸਾਚਾ ਮੇਲਾ, ਹਰਿ ਹਰਿ ਆਪ ਕਰਾਇੰਦਾ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਫੇਰਾ ਪਾਇੰਦਾ। ਜੁਗਾਂ ਜੁਗੰਤ ਸੱਜਣ ਸੁਹੇਲਾ, ਹਰਿਜਨ ਸਾਚੇ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਸਮਝਾਇੰਦਾ। ਭਗਤ ਭਗਵੰਤ ਸਾਚਾ ਰਾਹ, ਹਰਿ ਸਚ ਸਚ ਜਣਾਈਆ। ਸ਼ਬਦੀ ਸ਼ਬਦ ਸ਼ਬਦ ਸਲਾਹ, ਰਾਮ ਨਾਮ ਪੜ੍ਹਾਈਆ। ਦੀਵਾ ਬਾਤੀ ਇਕ ਜਗਾ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਅਗਨੀ ਤੱਤ ਬੁਝਾਈਆ। ਬੋਧ ਅਗਾਧੀ ਨਾਦ ਵਜਾ, ਧੁੰਨ ਆਤਮਕ ਕਰੇ ਸ਼ਨਵਾਈਆ। ਦੂਈ ਦਵੈਤੀ ਪੜਦਾ ਲਾਹ, ਸਤਿ ਸਰੂਪ ਪਰਗਟਾਈਆ। ਜੂਠ ਝੂਠ ਦਏ ਮਿਟਾ, ਸਚ ਸੁੱਚ ਬੰਧਨ ਪਾਈਆ। ਜ਼ਾਤ ਪਾਤ ਦਏ ਖਪਾ, ਊਚ ਨੀਚ ਨਾ ਕੋਇ ਰਖਾਈਆ। ਏਕਾ ਬ੍ਰਹਮ ਦਏ ਦਰਸਾ, ਈਸ਼ ਜੀਵ ਮੇਲ ਮਿਲਾਈਆ। ਜਗਤ ਜਗਦੀਸ਼ ਹੋਏ ਸਹਾ, ਸਿਰ ਆਪਣਾ ਹੱਥ ਟਿਕਾਈਆ। ਭਾਂਡਾ ਭਰਮ ਭੌ ਦੇਵੇ ਭੰਨਾ, ਕੂੜੀ ਕਿਰਿਆ ਦਏ ਖਪਾਈਆ। ਏਕਾ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਈਆ। ਏਕਾ ਅਨੰਦ ਦਏ ਵਖਾ, ਅਨੰਦ ਅਨੰਦ ਅਨੰਦ ਘਰ ਘਰ ਵਿਚ ਸਮਾਈਆ। ਏਕਾ ਚੰਦ ਦਏ ਚੜ੍ਹਾ, ਅੰਧ ਅੰਧੇਰ ਰਹਿਣ ਨਾ ਪਾਈਆ। ਏਕਾ ਛੰਦ ਦਏ ਸੁਣਾ, ਸੋਹੰ ਢੋਲਾ ਏਕਾ ਗਾਈਆ। ਸਤਿਜੁਗ ਮਾਰਗ ਦਏ ਵਖਾ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਈਆ। ਰਾਗ ਨਾਦ ਪੰਧ ਦਏ ਮੁਕਾ, ਇਕ ਇਕ ਅਵਾਜ਼ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਚਾਈਂ ਚਾਈਂਆ। ਭਗਤਨ ਮਿਲੇ ਆਪ ਭਗਵਾਨ, ਜੁਗ ਜੁਗ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰ ਕਰ ਪਹਿਚਾਨ, ਸਾਚਾ ਸੰਗ ਨਿਭਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਅੱਖਰ ਵਖਰ ਆਪ ਪੜ੍ਹਾਇੰਦਾ। ਕਾਇਆ ਮੰਦਰ ਵੇਖ ਮਕਾਨ, ਸਾਚੇ ਮੰਦਰ ਸੋਭਾ ਪਾਇੰਦਾ। ਤਖ਼ਤ ਨਿਵਾਸੀ ਵਡ ਮਿਹਰਵਾਨ, ਸ਼ਾਹੋ ਭੂਪ ਫੇਰਾ ਪਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਰੰਗ ਰੰਗਾਇੰਦਾ। ਲੱਖ ਚੁਰਾਸੀ ਦੇਵਣਹਾਰਾ ਦਾਨ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਭਗਤਾਂ ਮੇਲਾ ਮੇਲੇ ਆਣ, ਲੋਕਮਾਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿਜਨ ਸਾਚੇ ਆਪਣੇ ਘਰ ਬਹਾਇੰਦਾ। ਭਗਤ ਭਗਵਾਨ ਇਕੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਭਗਤ ਭਗਵਾਨ ਇਕੋ ਘਰ, ਬੰਕ ਦੁਆਰਾ ਇਕ ਸੁਹਾਈਆ। ਭਗਤ ਭਗਵਾਨ ਏਕਾ ਅੱਖਰ ਜਾਣ ਪੜ੍ਹ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਭਗਤ ਭਗਵਾਨ ਏਕਾ ਮੰਦਰ ਜਾਣ ਵੜ, ਸਚ ਮਹੱਲਾ ਸੋਭਾ ਪਾਈਆ। ਭਗਤ ਭਗਵਾਨ ਇਕ ਦੂਜੇ ਦਾ ਲੜ ਲੈਣ ਫੜ, ਫੜਿਆ ਲੜ ਨਾ ਕੋਇ ਛੁਡਾਈਆ। ਭਗਤ ਭਗਵਾਨ ਇਕ ਦੂਜੇ ਦੇ ਪੌੜੇ ਜਾਇਨ ਚੜ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵਾਨ ਇਕੋ ਮੰਗ, ਏਕਾ ਆਸ ਰਖਾਈਆ। ਭਗਤ ਭਗਵਾਨ ਸਦਾ ਅਖੰਡ, ਖੰਡ ਖੰਡ ਨਾ ਕੋਇ ਕਰਾਈਆ। ਭਗਤ ਭਗਵਾਨ ਪਰਕਾਸ਼ ਵਿਚ ਬ੍ਰਹਿਮੰਡ, ਵਰਭੰਡ ਵੱਜੇ ਵਧਾਈਆ। ਭਗਤ ਭਗਵਾਨ ਉਤਮ ਜੇਰਜ ਅੰਡ, ਉਤਭੁਜ ਸੇਤਜ ਮਾਣ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੀ ਭਗਤੀ ਆਪ ਸਮਝਾਈਆ। ਸਾਚੀ ਭਗਤੀ ਭਗਤ ਭਗਵਾਨ, ਜੁਗ ਜੁਗ ਆਪ ਸਮਝਾਇੰਦਾ। ਚਰਨ ਸਰਨ ਸਰਨ ਚਰਨ ਹਰਿ ਧਿਆਨ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਅੰਤਰ ਆਤਮ ਆਤਮ ਅੰਤਰ ਇਕ ਗਿਆਨ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਭਗਤ ਭਗਵੰਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਥਿਰ ਮਾਤ ਰਹਿਣ ਨਾ ਪਾਈਆ। ਭਗਤ ਭਗਵੰਤ ਦਏ ਅਧਾਰ, ਏਕਾ ਬੂਝ ਬੁਝਾਈਆ। ਲੇਖਾ ਜਾਣੇ ਵਿਚ ਸੰਸਾਰ, ਨਿਰਗੁਣ ਸਰਗੁਣ ਖੇਲ ਖਿਲਾਈਆ। ਕਲਜੁਗ ਅੰਤਮ ਆਈ ਵਾਰ, ਗੁਰ ਗੁਰ ਅਵਤਾਰ ਕਹਿ ਕਹਿ ਗਏ ਪੁਕਾਰ, ਪੁਰਖ ਅਬਿਨਾਸ਼ੀ ਏਕਾ ਓਟ ਰਖਾਈਆ। ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ ਜੋਤ ਸਰੂਪੀ ਜਾਮਾ ਧਾਰ, ਜੋਤੀ ਜੋਤ ਕਰੇ ਰੁਸ਼ਨਾਈਆ। ਵਰਨ ਗੋਤ ਤੇ ਵਸੇ ਬਾਹਰ, ਰੂਪ ਰੰਗ ਰੇਖ ਨਾ ਕੋਇ ਵਿਚ ਸੰਸਾਰ, ਅਕਲ ਕਲ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਰਗੁਣ ਆਪਣਾ ਵੇਸ ਵਟਾਈਆ। ਨਿਰਗੁਣ ਵੇਸ ਆਪੇ ਧਰ, ਧਰ ਧਰਨੀ ਆਪ ਸੁਹਾਇੰਦਾ। ਭਗਤ ਭਗਵੰਤ ਲਏ ਫੜ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਇਕੋ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਇਕ ਸਮਝਾਇੰਦਾ। ਸਾਚੀ ਵਸਤ ਭਗਤਨ ਦਾਤ, ਹਰਿ ਭਗਵਨ ਆਪ ਜਣਾਈਆ। ਸੋਹੰ ਅੱਖਰ ਸਤਿਜੁਗ ਗਾਥ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਲਹਿਣਾ ਦੇਣਾ ਚੁੱਕੇ ਮਸਤਕ ਮਾਥ, ਪੂਰਬ ਲੇਖਾ ਰਹਿਣ ਨਾ ਪਾਈਆ। ਦੋ ਜਹਾਨਾਂ ਦੇਵੇ ਸਾਥ, ਏਥੇ ਓਥੇ ਹੋਏ ਸਹਾਈਆ । ਮੇਲ ਮਿਲਾਵਾ ਤ੍ਰਿਲੋਕੀ ਨਾਥ, ਤ੍ਰੈ ਤ੍ਰੈ ਮਾਇਆ ਫੰਦ ਕਟਾਈਆ। ਘਰ ਘਰ ਵੇਖੇ ਹਰਿ ਰਘੁਨਾਥ, ਰਘੁਪਤ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਆਪ ਉਠਾਈਆ। ਭਗਤ ਭਗਵੰਤ ਇਕ ਭਰਵਾਸਾ, ਏਕਾ ਓਟ ਜਣਾਇੰਦਾ। ਨਿਰਗੁਣ ਸਰਗੁਣ ਦਾਸੀ ਦਾਸਾ, ਬਣ ਸੇਵਕ ਸੇਵ ਕਮਾਇੰਦਾ। ਕਾਇਆ ਮੰਦਰ ਪਾਵੇ ਰਾਸਾ, ਗੋਪੀ ਕਾਹਨ ਨਾਚ ਨਚਾਇੰਦਾ। ਹਰਿ ਭਗਤ ਹਰਿ ਦਰਸ਼ਨ ਪਿਆਸਾ, ਦੇ ਦਰਸ ਤ੍ਰਿਖਾ ਬੁਝਾਇੰਦਾ। ਆਦਿ ਅੰਤ ਨਾ ਹੋਏ ਵਿਨਾਸਾ, ਅਬਿਨਾਸ਼ੀ ਕਰਤਾ ਆਪਣੇ ਰੰਗ ਰੰਗਾਇੰਦਾ। ਕਲਜੁਗ ਅੰਤਮ ਵੇਖਣ ਆਇਆ ਆਪ ਤਮਾਸ਼ਾ, ਨਿਰਗੁਣ ਆਪਣਾ ਰੂਪ ਧਰਾਇੰਦਾ। ਲੱਖ ਚੁਰਾਸੀ ਤੋਲਣਹਾਰਾ ਤੋਲਾ ਮਾਸ਼ਾ, ਰੱਤੀ ਰੱਤ ਰੱਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਆਪਣੇ ਘਰ, ਭਗਵਨ ਸਾਚਾ ਮੇਲ ਮਿਲਾਇੰਦਾ। ਸਾਚਾ ਮੇਲਾ ਭਗਤ ਭਗਵੰਤ, ਸਾਚੇ ਘਰ ਵੱਜੇ ਵਧਾਈਆ। ਲੇਖਾ ਜਾਣੇ ਜੀਵ ਜੰਤ, ਘਟ ਘਟ ਰਿਹਾ ਸਮਾਈਆ। ਜਿਸ ਜਨ ਬਣਾਏ ਸਾਚੀ ਬਣਤ, ਤਿਸ ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਵਿਰਲਾ ਸੰਤ, ਹਰਿ ਸਤਿਗੁਰ ਹੋਏ ਸਹਾਈਆ। ਨਾਤਾ ਜੋੜ ਨਾਰ ਕੰਤ, ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਰਸਨਾ ਜਿਹਵਾ ਮਣੀਆ ਮੰਤ, ਸੋਹੰ ਅੱਖਰ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਭਗਤ ਭਗਵੰਤ ਏਕਾ ਦਰ ਵੱਜੇ ਵਧਾਈਆ। ਏਕਾ ਦਰ ਵੱਜੇ ਵਾਜਾ, ਹਰਿ ਹਰਿ ਆਪ ਵਜਾਇੰਦਾ। ਮੇਲ ਮਿਲਾਵਾ ਗ਼ਰੀਬ ਨਿਵਾਜ਼ਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਲੱਖ ਚੁਰਾਸੀ ਸਾਜਣ ਸਾਜਾ, ਘਟ ਘਟ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਨਾਮ ਦਾਤਾ, ਵਸਤ ਅਮੋਲਕ ਆਪ ਵਰਤਾਇੰਦਾ। ਅੰਦਰ ਬਹਿ ਬਹਿ ਗਾਏ ਗਾਥਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸਰਬ ਕਲ ਆਪੇ ਸਮਰਾਥਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜਨਮ ਜਨਮ ਦਾ ਪੂਰਾ ਕਰੇ ਘਾਟਾ, ਜਿਸ ਜਨ ਆਪਣਾ ਦਰਸ ਕਰਾਇੰਦਾ। ਲਹਿਣਾ ਦੇਣਾ ਚੁੱਕੇ ਤੀਰਥ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਆਪ ਤਰਾਇੰਦਾ। ਭਗਤ ਭਗਵੰਤ ਇਕੋ ਮਾਣ, ਏਕਾ ਮਿਲੇ ਵਡਿਆਈਆ। ਭਗਤ ਭਗਵੰਤ ਇਕ ਨਿਸ਼ਾਨ, ਏਕਾ ਤੀਰ ਚਲਾਈਆ। ਭਗਤ ਭਗਵੰਤ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਭਗਤ ਭਗਵੰਤ ਇਕ ਮਕਾਨ, ਏਕਾ ਘਰ ਡੇਰਾ ਲਾਈਆ। ਭਗਤ ਭਗਵੰਤ ਇਕ ਵਿਧਾਨ, ਸਾਚਾ ਮਾਰਗ ਜਗਤ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸਦਾ ਸਲਾਹੀਆ। ਹਰਿਜਨ ਵਡਿਆਈ ਭਗਤੀ ਭਗਤ, ਪਾਰਬ੍ਰਹਮ ਪ੍ਰਭ ਦਇਆ ਕਮਾਇੰਦਾ। ਲੇਖਾ ਜਾਣੇ ਬੂੰਦ ਰਕਤ, ਹੱਡ ਮਾਸ ਨਾੜੀ ਚੰਮ ਵੇਖ ਵਖਾਇੰਦਾ। ਦੇਵੇ ਵਡਿਆਈ ਵਿਚ ਜਗਤ, ਜੀਵਣ ਜੁਗਤ ਆਪ ਸਮਝਾਇੰਦਾ। ਆਪਣੇ ਮੇਲਣ ਦਾ ਆਪੇ ਜਾਣੇ ਵਕਤ, ਵੇਦ ਕਤੇਬ ਭੇਵ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਦਰਸ, ਜਗਤ ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਇਕ ਗਿਆਨ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰੰਗ ਵਖਾਇੰਦਾ।
