੨੦ ਮਾਘ ੨੦੧੮ ਬਿਕ੍ਰਮੀ ਬੀਬੀ ਰਾਮ ਕੌਰ ਦੇ ਗ੍ਰਹਿ ਛੰਬ ਜੰਮੂ
ਸੋ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਸਤਿਗੁਰ ਪੂਰਾ ਆਦਿ ਜੁਗਾਦਿ, ਨਿਰਗੁਣ ਨੂਰ ਡਗਮਗਾਇੰਦਾ। ਗੁਰ ਗੁਰ ਰੂਪ ਬ੍ਰਹਮ ਬ੍ਰਹਿਮਾਦਿ, ਜੁਗ ਜੁਗ ਵੇਸ ਵਟਾਇੰਦਾ। ਭਗਤਾਂ ਭਗਤੀ ਦੇ ਦੇ ਦਾਦ, ਸਾਚੀ ਵਸਤ ਝੋਲੀ ਪਾਇੰਦਾ। ਸੰਤ ਵਜਾਏ ਸਾਚਾ ਨਾਦ, ਅਨਾਦੀ ਨਾਦ ਸੁਣਾਇੰਦਾ। ਗੁਰਮੁਖ ਸੱਜਣ ਆਪੇ ਲਾਧ, ਆਪਣੀ ਬੂਝ ਬੁਝਾਇੰਦਾ। ਗੁਰਸਿਖ ਬਣਾਏ ਸੱਜਣ ਸਾਕ, ਸਾਚਾ ਬੰਧਨ ਪਾਇੰਦਾ। ਖੇਲੇ ਖੇਲ ਹਰਿ ਤਮਾਸ਼, ਆਪਣੀ ਰਾਸ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਏਕੰਕਾਰਾ, ਏਕਾ ਰੰਗ ਸਮਾਇੰਦਾ। ਹਰਿ ਸਤਿਗੁਰ ਵਸੇ ਸਚਖੰਡ ਦੁਆਰਾ, ਜੋਤੀ ਜਾਤਾ ਡਗਮਗਾਇੰਦਾ। ਗੁਰ ਗੁਰ ਰੂਪ ਧਰ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭਗਤਨ ਭਗਤੀ ਦੇ ਭੰਡਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸੰਤਨ ਆਤਮ ਇਕ ਖੁਮਾਰਾ, ਅੰਮ੍ਰਿਤ ਧਾਰਾ ਮੁੱਖ ਚੁਆਇੰਦਾ। ਗੁਰਮੁਖਾਂ ਖੋਲ੍ਹ ਬੰਦ ਕਿਵਾੜਾ, ਆਪਣੀ ਬੂਝ ਬੁਝਾਇੰਦਾ। ਗੁਰਸਿਖਾਂ ਵਖਾਏ ਇਕ ਦੁਆਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਏਕੰਕਾਰਾ ਖੇਲ ਅਪਾਰਾ, ਆਦਿ ਆਦਿ ਕਰਾਈਆ। ਸਤਿਗੁਰ ਰੂਪ ਹੋ ਉਜਿਆਰਾ, ਨਿਰਾਕਾਰ ਵੇਸ ਵਟਾਈਆ। ਗੁਰ ਗੁਰ ਸ਼ਬਦ ਬੋਲ ਜੈਕਾਰਾ, ਏਕਾ ਕਰੇ ਪੜ੍ਹਾਈਆ। ਭਗਤਨ ਦੇਵੇ ਇਕ ਸਹਾਰਾ, ਸਰਨ ਚਰਨ ਸਰਨਾਈਆ। ਸੰਤਨ ਕਰੇ ਸਚ ਪਿਆਰਾ, ਪਰੇਮ ਪ੍ਰੀਤੀ ਇਕ ਸਿਖਾਈਆ। ਗੁਰਮੁਖਾਂ ਮੇਲਾ ਵਿਚ ਸੰਸਾਰਾ, ਸੰਸਾਰ ਸਾਗਰ ਪਾਰ ਕਰਾਈਆ। ਗੁਰਸਿਖਾਂ ਦੇਵੇ ਇਕ ਅਧਾਰਾ, ਆਪਣੀ ਬੂਝ ਬੁਝਾਈਆ। ਕਰੇ ਖੇਲ ਆਪ ਕਰਤਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਧਰਾਈਆ। ਆਦਿ ਨਿਰੰਜਣ ਆਦਿ ਅੰਤ, ਜੋਤੀ ਜੋਤ ਡਗਮਗਾਇੰਦਾ। ਸਤਿਗੁਰ ਪੂਰਾ ਸਦਾ ਬੇਅੰਤ, ਭੇਵ ਕੋਇ ਨਾ ਪਾਇੰਦਾ। ਗੁਰ ਗੁਰ ਬਣਾਏ ਬਣਤ, ਜੁਗ ਜੁਗ ਵੇਸ ਵਟਾਇੰਦਾ। ਭਗਤਨ ਮੇਲਾ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇੰਦਾ। ਸੰਤਨ ਮਹਿਮਾ ਗਣਤ ਅਗਣਤ, ਸਿਫ਼ਤ ਸਾਲਾਹੀ ਆਪ ਸਲਾਹਿੰਦਾ। ਗੁਰਮੁਖਾਂ ਨਾਉਂ ਮਣੀਆ ਮੰਤ, ਅੱਖਰ ਵੱਖਰ ਆਪ ਪੜ੍ਹਾਇੰਦਾ। ਗੁਰਸਿਖ ਮੇਟੇ ਸਗਲੀ ਚਿੰਤ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਵੇਖਣਹਾਰਾ ਜੀਵ ਜੰਤ, ਘਟ ਘਟ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਦਿ ਜੁਗਾਦਿ ਪੁਰਖ ਅਬਿਨਾਸ਼, ਆਪਣੀ ਕਲ ਵਰਤਾਈਆ। ਸਤਿਗੁਰ ਪੂਰਾ ਸ਼ਾਹੋ ਸ਼ਾਬਾਸ਼, ਪੁਰਖ ਅਕਾਲ ਵੇਸ ਵਟਾਈਆ। ਗੁਰ ਗੁਰ ਰੂਪ ਕਰ ਪਰਕਾਸ਼, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਭਗਤਾਂ ਭਗਵਨ ਹੋਏ ਦਾਸ, ਨਿਤ ਨਵਿਤ ਸੇਵ ਕਮਾਈਆ । ਸੰਤਨ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਗੁਰਮੁਖਾਂ ਵਸੇ ਸਦਾ ਪਾਸ, ਵਿਛੜ ਕਦੇ ਨਾ ਜਾਈਆ। ਗੁਰਸਿਖ ਹੋਏ ਨਾ ਕਦੇ ਨਿਰਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਸਚ ਮਹੱਲਾ, ਏਕਾ ਏਕ ਵਸਾਇੰਦਾ। ਸਤਿਗੁਰ ਰੂਪ ਅਟੱਲ ਅਟੱਲਾ, ਦਰ ਘਰ ਸਾਚੇ ਸੋਭਾ ਪਾਇੰਦਾ। ਗੁਰ ਗੁਰ ਰੂਪ ਵਲ ਛਲਾ, ਲੋਕਮਾਤ ਵੇਖ ਵਖਾਇੰਦਾ। ਭਗਤ ਭਗਵੰਤ ਸਚ ਸੰਦੇਸ਼ ਇਕੋ ਘੱਲਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਸੰਤ ਕੰਤ ਫੜਾਏ ਪੱਲਾ, ਆਪਣੀ ਗੰਢ ਪੁਵਾਇੰਦਾ। ਗੁਰਮੁਖਾਂ ਅੰਦਰ ਆਪੇ ਰਲਾ, ਜੋਤੀ ਜੋਤ ਸਮਾਇੰਦਾ। ਗੁਰਸਿਖਾਂ ਵਖਾਏ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਪਾਰਬ੍ਰਹਮ ਪ੍ਰਭ ਵੱਡਾ ਵਡ, ਆਪਣੇ ਹੱਥ ਰੱਖੇ ਵਡਿਆਈਆ। ਸਤਿਗੁਰ ਰੂਪ ਸਦਾ ਸਮਰਥ, ਆਪਣੀ ਰਚਨਾ ਆਪ ਰਚਾਈਆ। ਗੁਰ ਗੁਰ ਮਹਿਮਾ ਸਦਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜਨ ਭਗਤਾਂ ਦੇਵੇ ਸਾਚੀ ਵਥ, ਨਾਮ ਭੰਡਾਰ ਇਕ ਵਰਤਾਈਆ। ਸੰਤਨ ਮਾਰਗ ਸਾਚਾ ਦੱਸ, ਆਪਣਾ ਭੇਵ ਚੁਕਾਈਆ। ਗੁਰਮੁਖਾਂ ਮੇਲਾ ਨੱਸ ਨੱਸ, ਬਣ ਪਾਂਧੀ ਪੰਧ ਮੁਕਾਈਆ। ਗੁਰਸਿਖਾਂ ਤੀਰ ਨਿਰਾਲਾ ਮਾਰੇ ਕਸ, ਸ਼ਬਦ ਨਿਸ਼ਾਨਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਥਾਉਂ ਥਾਈਂਆ। ਹਰਿ ਹਰਿ ਹਰੀ ਨਰਾਇਣ, ਪੁਰਖ ਅਕਾਲ ਬੇਪਰਵਾਹਿਆ। ਸਤਿਗੁਰ ਰੂਪ ਖੇਲੇ ਖੇਲ ਏਕਾ ਨੈਣ, ਲੋਚਨ ਹੋਰ ਨਾ ਕੋਇ ਪੜ੍ਹਾਇਆ। ਗੁਰ ਗੁਰ ਚੁਕਾਏ ਲਹਿਣ ਦੇਣ, ਜੁਗ ਜੁਗ ਨਿਰਗੁਣ ਮੂਲ ਚੁਕਾਇਆ। ਭਗਤ ਭਗਵੰਤ ਏਕਾ ਧਾਮ ਇਕੱਠੇ ਬਹਿਣ, ਸਾਚਾ ਮੰਦਰ ਇਕ ਸੁਹਾਇਆ। ਸੰਤ ਸਤਿ ਸਤਿਵਾਦ ਸਦਾ ਕਹਿਣ, ਰਸਨਾ ਜਿਹਵਾ ਹਰਿ ਗੁਣ ਗਾਇਆ। ਗੁਰਮੁਖ ਅੰਤ ਨਾ ਖਾਏ ਲਾੜੀ ਮੌਤ ਡੈਣ, ਰਾਏ ਧਰਮ ਨਾ ਦਏ ਸਜਾਇਆ। ਗੁਰਸਿਖ ਸਾਚਾ ਨਾਤਾ ਸਾਕ ਸੱਜਣ ਸੈਣ, ਸੋ ਪੁਰਖ ਨਿਰੰਜਣ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਇਆ। ਹਰਿ ਹਰਿ ਸਾਚਾ ਬੰਧਨ ਪਾ, ਆਪਣੀ ਦਇਆ ਕਮਾਇੰਦਾ। ਸਤਿਗੁਰ ਰੂਪ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਗੁਰ ਗੁਰ ਰੂਪ ਵੇਸ ਵਟਾ, ਲੋਕਮਾਤ ਖੇਲ ਕਰਾਇੰਦਾ। ਭਗਤ ਭਗਵੰਤ ਲਏ ਉਠਾ, ਆਪਣੀ ਬੂਝ ਬੁਝਾਇੰਦਾ। ਸਾਚੇ ਸੰਤਾਂ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਗੁਰਮੁਖ ਸੱਜਣ ਭੇਵ ਚੁਕਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਗੁਰਸਿਖਾਂ ਬਖ਼ਸ਼ੇ ਇਕ ਸਰਨਾ, ਚਰਨ ਕਵਲ ਧਿਆਨ ਜਣਾਇੰਦਾ। ਲੇਖਾ ਜਾਣੇ ਦੋ ਜਹਾਂ, ਬ੍ਰਹਿਮੰਡ ਖੰਡ ਵੇਖ ਵਖਾਇੰਦਾ। ਜੁਗ ਚੌਕੜੀ ਪੰਧ ਮੁਕਾ, ਗੇੜਾ ਗੇੜੇ ਵਿਚ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸੋ ਪੁਰਖ ਸਾਹਿਬ ਸੁਲਤਾਨ, ਏਕਾ ਏਕ ਵਡੀ ਵਡਿਆਈਆ। ਸਤਿਗੁਰ ਰੂਪ ਵਡ ਬਲਵਾਨ, ਨਿਰਾਕਾਰ ਸੱਚਾ ਸ਼ਹਿਨਸ਼ਾਹੀਆ। ਗੁਰ ਗੁਰ ਰੂਪ ਸ਼ਬਦ ਨਿਸ਼ਾਨ, ਲੋਕਮਾਤ ਵਖਾਈਆ। ਭਗਤ ਭਗਵੰਤ ਇਕ ਮਕਾਨ, ਸਾਚੇ ਸੰਤ ਰਹੇ ਜਸ ਗਾਈਆ। ਗੁਰਮੁਖਾਂ ਮੇਲਾ ਗੁਣ ਨਿਧਾਨ, ਗੁਰਸਿਖ ਵੇਖਣ ਚਾਈਂ ਚਾਈਂਆ। ਪਰਗਟ ਹੋਇਆ ਸ੍ਰੀ ਭਗਵਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਜੁਗਾਂ ਜੁਗੰਤਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਅਵੱਲੜਾ, ਆਦਿ ਪੁਰਖ ਕਰਤਾਰ। ਸਤਿਗੁਰ ਫੜਾਏ ਪਲੜਾ, ਗੁਰ ਗੁਰ ਕਰ ਪਿਆਰ। ਵਸਣਹਾਰਾ ਨਿਹਚਲ ਧਾਮ ਅਟੱਲੜਾ, ਲੋਕਮਾਤ ਲਏ ਅਵਤਾਰ। ਸਤਿਜੁਗ ਤ੍ਰੇਤਾ ਦੁਆਪਰ ਜੁਗ ਜੁਗ ਦੱਲੜਾ, ਚਰਨ ਕਵਲ ਧੂੜੀ ਕਰ ਕਰ ਸ਼ਾਰ। ਜਨ ਭਗਤ ਦੁਆਰੇ ਖਲੜਾ, ਨਿਰਗੁਣ ਸਰਗੁਣ ਹੋ ਤਿਆਰ। ਆਪ ਫੜਾਏ ਆਪਣਾ ਪਲੜਾ, ਕਰੇ ਖੇਲ ਅਗੰਮ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਕਰਨੇਹਾਰ। ਕਰਤਾ ਪੁਰਖ, ਆਦਿ ਆਦਿ ਵਡਿਆਈਆ। ਜੁਗ ਜੁਗ ਨਾ ਕੋਈ ਸੋਗ ਨਾ ਕੋਈ ਹਿਰਖ਼, ਪਾਂਧੀ ਬਣ ਬਣ ਪੰਧ ਮੁਕਾਈਆ। ਜਨ ਭਗਤਾਂ ਦੇਵੇ ਸਾਚਾ ਦਰਸ, ਨੇਤਰ ਨੈਣ ਨੈਣ ਖੁਲ੍ਹਾਈਆ। ਵੇਖਣਹਾਰਾ ਅਰਸ਼ ਫ਼ਰਸ਼, ਦੋ ਜਹਾਨਾਂ ਫੇਰਾ ਪਾਈਆ। ਅੰਮ੍ਰਿਤ ਮੇਘ ਇਕੋ ਬਰਸ, ਜਨਮ ਜਨਮ ਦੀ ਭੁੱਖ ਮੁਕਾਈਆ। ਲੱਖ ਚੁਰਾਸੀ ਜੀਵ ਜੰਤ ਰਹੇ ਤਰਸ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਈਆ। ਸਾਧ ਸੰਤ ਰਹੇ ਭਟਕ, ਉਚੇ ਟਿੱਲੇ ਬੈਠੇ ਪਰਬਤ ਆਸਣ ਲਾਈਆ। ਅਧਵਿਚਕਾਰ ਰਹੇ ਲਟਕ, ਪਾਰ ਕਿਨਾਰਾ ਨਜ਼ਰ ਕੋਇ ਨਾ ਪਾਈਆ । ਗ੍ਰਹਿ ਗ੍ਰਹਿ ਘਰ ਘਰ ਅੰਦਰ ਮੰਦਰ ਪੰਜ ਵਿਕਾਰਾ ਚੜ੍ਹਿਆ ਕਟਕ, ਨਾ ਸਕੇ ਕੋਈ ਪਿਛੇ ਹਟਾਈਆ। ਬੁਧ ਮਤ ਰਹੀ ਭਟਕ, ਮਨ ਚਲੇ ਨਾ ਕੋਈ ਚਤੁਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਇਕ ਭਗਵਾਨ, ਏਕਾ ਰੰਗ ਸਮਾਇੰਦਾ। ਸਤਿਗੁਰ ਪੂਰਾ ਸਦਾ ਮਿਹਰਵਾਨ, ਮਿਹਰਵਾਨ ਦਇਆ ਕਮਾਇੰਦਾ। ਗੁਰ ਗੁਰ ਰੂਪ ਵਿਚ ਜਹਾਨ, ਲੋਕਮਾਤ ਖੇਲ ਖਿਲਾਇੰਦਾ। ਭਗਤ ਭਗਵੰਤ ਇਕ ਨਿਸ਼ਾਨ, ਸਾਚੇ ਸੰਤਾਂ ਹੱਥ ਫੜਾਇੰਦਾ। ਗੁਰਮੁਖ ਜੋਧਾ ਸੂਰਬੀਰ ਬਲੀ ਬਲਵਾਨ, ਬਲ ਗੁਰਸਿਖਾਂ ਵਿਚ ਟਿਕਾਇੰਦਾ। ਲੱਖ ਚੁਰਾਸੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਸਾਰੇ ਗਾਣ, ਪੜ੍ਹ ਪੜ੍ਹ ਸੰਧਿਆ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਛੁਪਾਇੰਦਾ । ਆਪਣਾ ਭੇਵ ਆਪਣੇ ਅੰਤਰ ਰੱਖ, ਆਦਿ ਜੁਗਾਦਿ ਨਾ ਕਿਸੇ ਜਣਾਇਆ। ਗੁਰ ਅਵਤਾਰਾਂ ਮਾਰਗ ਦੱਸ, ਲੋਕਮਾਤ ਰਾਹ ਵਖਾਇਆ। ਨਿਰਗੁਣ ਜੋਤ ਕਰ ਪਰਕਾਸ਼, ਸਰਗੁਣ ਸਾਚਾ ਚੰਦ ਚੜ੍ਹਾਇਆ। ਛਿੰਨ ਭੰਗਰ ਪੂਰੀ ਕਰ ਕਰ ਆਸ, ਕਾਇਆ ਮੰਦਰ ਆਪ ਸੁਹਾਇਆ। ਜੁਗ ਚੌਕੜੀ ਖੇਲ ਤਮਾਸ਼, ਡੌਰੂ ਡੰਕਾ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਾਸ ਆਪ ਰਚਾਇਆ। ਆਪਣੀ ਵੇਖੇ ਮੰਡਲ ਰਾਸ, ਬੇਅੰਤ ਵਡੀ ਵਡਿਆਈਆ। ਸਾਹਿਬ ਸੁਲਤਾਨ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਖੇਲ ਕਰਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਸੋਭਾ ਪਾਈਆ। ਸਤਿਗੁਰ ਪੂਰਾ ਜਨ ਭਗਤਾਂ ਪੂਰੀ ਕਰੇ ਆਸ, ਸਾਚੇ ਸੰਤਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾਂ ਜੁਗੰਤਰ ਗੁਰ ਗੁਰ ਰੂਪ ਸਤਿਗੁਰ ਧਾਰ ਲੋਕਮਾਤ ਪਰਗਟਾਈਆ। ਸਤਿਗੁਰ ਧਾਰ ਨਿਰਾਕਾਰ, ਨਿਰਵੈਰ ਆਪ ਚਲਾਇੰਦਾ। ਗੁਰ ਗੁਰ ਰੂਪ ਵਿਚ ਸੰਸਾਰ, ਪੰਜ ਤੱਤ ਪਰਗਟਾਇੰਦਾ। ਅੰਤਰ ਅੰਤਰ ਕਰ ਪਿਆਰ, ਆਪਣਾ ਰੰਗ ਰੰਗਾਇੰਦਾ। ਦੀਪਕ ਜੋਤੀ ਇਕੋ ਬਾਲ, ਅਗਿਆਨ ਅੰਧੇਰ ਚੁਕਾਇੰਦਾ। ਸ਼ਬਦ ਮਰਦੰਗ ਸੱਚੀ ਧੁੰਨਕਾਨ, ਰਾਗ ਨਾਦ ਸੁਣਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਇਕੋ ਰਸ ਚਖਾਇੰਦਾ। ਕਾਇਆ ਹੱਟ ਕਰ ਪਰਵਾਨ, ਸਮਰਥ ਡੇਰਾ ਲਾਇੰਦਾ। ਸਤਿ ਵਖਾਏ ਇਕ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਚੁਕਾਇੰਦਾ। ਆਪਣਾ ਭੇਵ ਹਰਿ ਜੂ ਚੁੱਕ, ਆਪਣੀ ਖੇਲ ਵਖਾਈਆ। ਸਤਿਗੁਰ ਰੂਪ ਆਪੇ ਤੁਠ, ਗੁਰ ਗੁਰ ਬੂਝ ਬੁਝਾਈਆ। ਗੁਰ ਗੁਰ ਰੂਪ ਆਪੇ ਉਠ, ਗੁਰਮੁਖ ਲਏ ਜਗਾਈਆ। ਗੁਰਮੁਖ ਚੋਗ ਲਏ ਚੁਗ, ਮਾਣਕ ਮੋਤੀ ਹਰਿ ਹਰਿ ਨਾਉਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਸਤਿ ਸਰੂਪ ਸਾਚੀ ਧਾਰਾ, ਸਤਿਗੁਰ ਨਾਉਂ ਧਰਾਇੰਦਾ। ਪੰਜ ਤੱਤ ਤਨ ਕਰ ਪਸਾਰਾ, ਗੁਰ ਗੁਰ ਨਾਉਂ ਵਖਾਇੰਦਾ। ਬੋਧ ਅਗਾਧ ਬੋਲ ਜੈਕਾਰਾ, ਸ਼ਬਦੀ ਨਾਦ ਵਜਾਇੰਦਾ। ਖਾਣੀ ਬਾਣੀ ਬਣ ਵਰਤਾਰਾ, ਬਣ ਭੰਡਾਰੀ ਸੇਵ ਕਮਾਇੰਦਾ। ਲਹਿਣਾ ਦੇਣਾ ਜਾਣੇ ਜੁਗ ਚਾਰਾ, ਜੁਗ ਚੌਕੜੀ ਬੰਧਨ ਪਾਇੰਦਾ। ਰੂਪ ਅਨੂਪ ਵਿਚ ਸੰਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਅਪਣਾ ਖੇਲ ਕਰਾਇੰਦਾ। ਖੇਲੇ ਖੇਲ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਸਤਿਗੁਰ ਮਹਿਮਾ ਸਦਾ ਅਕੱਥ, ਗੁਰ ਗੁਰ ਰਿਹਾ ਸੁਣਾਈਆ। ਗੁਰ ਗੁਰ ਹੋਏ ਲੱਖ ਚੁਰਾਸੀ ਵਿਚੋਂ ਵੱਖ, ਆਤਮ ਪਰਮਾਤਮ ਕਰ ਕੁੜਮਾਈਆ। ਆਤਮ ਪਰਮਾਤਮ ਬੱਧਾ ਨਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਤਿ ਸੰਤੋਖ ਧੀਰਜ ਜਤ, ਤੱਤਵ ਤੱਤ ਵਿਚ ਸਮਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰਤ ਰਹਿਣ ਨਾ ਪਾਈਆ। ਇਕੋ ਗਿਆਨ ਬ੍ਰਹਮ ਮਤ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਜੀਵਾਂ ਜੰਤਾਂ ਮਾਰਗ ਦੱਸ, ਹਰਿ ਕਾ ਭੇਵ ਖੁਲ੍ਹਾਈਆ। ਆਪੇ ਹੋਇਆ ਹਰਿ ਕੇ ਵਸ, ਹਰਿ ਆਪਣੇ ਵਸ ਕਰਾਈਆ। ਇਕ ਦੂਜੇ ਦੇ ਅੰਦਰ ਵਸ, ਬਹਿ ਬਹਿ ਖ਼ੁਸ਼ੀ ਮਨਾਈਆ। ਇਕ ਦੂਜੇ ਨੂੰ ਹਾਲ ਦੱਸ, ਸਾਚੀ ਗਾਥਾ ਮਾਤ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਗੁਰ ਗੁਰ ਆਪਣਾ ਰੰਗ ਰੰਗਾਈਆ। ਸਤਿਗੁਰ ਵਸੇ ਸਚ ਮਹੱਲਾ, ਘਰ ਏਕਾ ਏਕ ਸੁਹਾਇੰਦਾ। ਗੁਰ ਗੁਰ ਫੜਾਏ ਪੱਲਾ, ਸਾਚਾ ਬੰਧਨ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿ ਸੰਦੇਸ ਏਕਾ ਘੱਲਾ, ਆਪਣਾ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸਿਫ਼ਤ ਆਪ ਸਲਾਹ, ਸਲਾਹਗੀਰ ਆਪ ਹੋ ਜਾਇੰਦਾ। ਆਪਣੀ ਸਿਫ਼ਤ ਦੱਸੇ ਸਲਾਹ, ਸਤਿਗੁਰ ਪੂਰਾ ਵਡ ਵਡਿਆਈਆ। ਗੁਰ ਗੁਰ ਰੂਪ ਕਰ ਮਲਾਹ, ਲੋਕਮਾਤ ਦਏ ਵਡਿਆਈਆ। ਆਪਣਾ ਨਾਉਂ ਇਕ ਸਮਝਾ, ਸਮਝ ਸਮਝ ਵਿਚ ਰਲਾਈਆ। ਨਿਰਗੁਣ ਸਰਗੁਣ ਰਮਜ਼ ਦਏ ਲਗਾ, ਬਿਨ ਤਾਰ ਸਿਤਾਰ ਹਿਲਾਈਆ। ਆਪਣੀ ਵਿਦਿਆ ਦਏ ਪੜ੍ਹਾ, ਆਪੇ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਏਕਾ ਗਤ ਜਣਾਈਆ। ਸਤਿਗੁਰ ਪੂਰਾ ਸਚ ਮਿਹਰਵਾਨ, ਏਕਾ ਘਰ ਸੁਹਾਇੰਦਾ। ਗੁਰ ਗੁਰ ਦੇਵੇ ਸਾਚਾ ਦਾਨ, ਦਾਤਾ ਦਾਨੀ ਆਪ ਵਰਤਾਇੰਦਾ। ਸਾਚਾ ਮੰਤਰ ਨਾਮ ਗਿਆਨ, ਵਸਤ ਅਮੋਲਕ ਇਕ ਵਖਾਇੰਦਾ। ਲੋਕਮਾਤ ਕਰ ਪਰਧਾਨ, ਸ਼ਾਸਤਰ ਸਿਮਰਤ ਵੇਦ ਬਣਾਇੰਦਾ। ਏਕਾ ਘਰ ਕਰ ਪਰਵਾਨ, ਗੀਤਾ ਗਿਆਨ, ਆਪ ਦ੍ਰਿੜਾਇੰਦਾ। ਏਕਾ ਅਲਫ਼ ਆਪਣਾ ਨਿਸ਼ਾਨ, ਸਾਬਤ ਸੂਰਤ ਆਪ ਜਣਾਇੰਦਾ। ਨਿਰਗੁਣ ਸਰਗੁਣ ਖੇਲ ਮਹਾਨ, ਈਸਾ ਮੂਸਾ ਮੁਹੰਮਦ ਆਪ ਪੜ੍ਹਾਇੰਦਾ। ਨਾਨਕ ਨਿਰਗੁਣ ਦੱਸ ਨਿਸ਼ਾਨ, ਸਚਖੰਡ ਨਿਸ਼ਾਨਾ ਇਕ ਝੁਲਾਇੰਦਾ। ਗੋਬਿੰਦ ਸੂਰਾ ਕਰ ਪਰਵਾਨ, ਪੂਤ ਸਪੂਤਾ ਗੋਦ ਸੁਹਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਸਤਿਗੁਰ ਆਪਣੀ ਧਾਰਾ ਆਪ ਬਣਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਹੁਕਮੀ ਹੁਕਮ ਸਰਬ ਭੁਵਾਇੰਦਾ। ਪੀਰ ਪੈਗ਼ੰਬਰ ਮੰਨਣ ਆਣ, ਅੱਗੇ ਸੀਸ ਨਾ ਕੋਇ ਉਠਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਇਕ ਧਰਾਇੰਦਾ। ਜੁਗ ਚੌਕੜੀ ਖੇਲ ਮਹਾਨ, ਲੱਖ ਲੱਖ ਵੇਸ ਵਟਾਇੰਦਾ। ਸਤਿਗੁਰ ਗੁਰ ਗੁਰ ਹੋ ਪਰਧਾਨ, ਸਰਗੁਣ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਜੁਗਾਦਿ ਆਪਣੀ ਧਾਰ ਜਣਾਇੰਦਾ। ਗੁਰ ਗੁਰ ਕਹੇ ਪੁਕਾਰ, ਹਰਿ ਸਤਿਗੁਰ ਤੇਰੀ ਵਡਿਆਈਆ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰ, ਪਰਵਰਦਿਗਾਰ ਅੱਗੇ ਸੀਸ ਝੁਕਾਈਆ। ਤੂੰ ਸਦਾ ਸੁਹੇਲਾ ਮਦਦਗਾਰ, ਤੇਰੀ ਇਕੋ ਓਟ ਰਖਾਈਆ। ਲੋਕਮਾਤ ਸੇਵਾ ਕਰੀ ਅਪਾਰ, ਬਣ ਸੇਵਕ ਸੇਵ ਕਮਾਈਆ। ਅੰਤਮ ਨਾਤਾ ਤੁਟਾ ਸਰਬ ਸੰਸਾਰ, ਸਗਲਾ ਸੰਗ ਨਾ ਕੋਇ ਰਖਾਈਆ। ਅੱਧ ਵਿਚ ਛੱਡ ਗਏ ਚਾਰ ਯਾਰ, ਆਪਣਾ ਪੱਲੂ ਗਏ ਤੁੜਾਈਆ। ਅੱਲਾ ਰਾਣੀ ਮੋੜ ਮੁਹਾਰ, ਆਪਣਾ ਮੁਖ ਰਹੀ ਭੁਵਾਈਆ। ਮੇਰੀ ਉਮਤ ਹੋਈ ਖੁਆਰ, ਅਮਲ ਕਰੇ ਨਾ ਤੇਰੀ ਖ਼ੁਦਾਈਆ। ਤੇਰਾ ਸੰਮਤ ਮਾਰੇ ਮਾਰ, ਤੇਰੀ ਰਹਿਮਤ ਨਜ਼ਰ ਨਾ ਆਈਆ। ਚੋਦਾਂ ਸਦੀਆਂ ਜਗਤ ਵਾਪਾਰ, ਬਣ ਵਣਜਾਰਾ ਹੱਟ ਚਲਾਈਆ। ਅੰਤਮ ਲਹਿਣਾ ਦੇਣਾ ਹੱਥ ਨਿਰੰਕਾਰ, ਜਿਉਂ ਭਾਵੇਂ ਤਿਉਂ ਲਏ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਤੇਰੀ ਵਡ ਵਡਿਆਈਆ। ਸਤਿਗੁਰ ਦਾਤਾ ਇਕ ਦਾਤਾਰ, ਆਦਿ ਅੰਤ ਅਖਵਾਇਆ। ਗੁਰ ਗੁਰ ਬਰਦਾ ਸੇਵਾਦਾਰ, ਘਰ ਘਰ ਦੀ ਸੇਵ ਕਮਾਇਆ। ਭਗਤ ਡਰਦਾ ਭੈ ਰੱਖ ਨਿਰੰਕਾਰ, ਨਿਉਂ ਨਿਉਂ ਸੀਸ ਝੁਕਾਇਆ। ਸੰਤ ਸਾਜਨ ਭਾਣਾ ਜਰਦਾ, ਦੁੱਖ ਸੁਖ ਵਿਚ ਮਿਲਾਇਆ। ਗੁਰਮੁਖ ਨਿਉਂ ਨਿਉਂ ਚਰਨਾ ਸੀਸ ਧਰਦਾ, ਦੋਏ ਜੋੜ ਜੋੜ ਸਰਨਾਇਆ। ਗੁਰਸਿਖ ਸਰਨ ਸਰਨਾਈ ਪੜਦਾ, ਮਾਇਆ ਮਮਤਾ ਮੋਹ ਚੁਕਾਇਆ। ਸਤਿਗੁਰ ਪੂਰਾ ਹੋ ਮਿਹਰਵਾਨ ਹਰਿਜਨ ਸਾਚੇ ਆਪੇ ਫੜਦਾ, ਲੋਕਮਾਤ ਦਇਆ ਕਮਾਇਆ। ਬਿਨ ਪੌੜਿਉਂ ਅੰਦਰ ਆਪੇ ਵੜਦਾ, ਔਦਾ ਜਾਂਦਾ ਦਿਸ ਨਾ ਆਇਆ। ਆਪ ਬਚਾਏ ਅਗਨੀ ਸੜਦਾ, ਤ੍ਰੈਗੁਣ ਪੋਹ ਨਾ ਸਕੇ ਰਾਇਆ। ਆਪੇ ਨਾਉਂ ਗੁਰਮੁਖਾਂ ਪੜ੍ਹਦਾ, ਗੁਰਸਿਖਾਂ ਆਪਣਾ ਨਾਮ ਪੜ੍ਹਾਇਆ। ਸੋਹੰ ਵਸਤ ਅੱਗੇ ਧਰਦਾ, ਧੁਰਦਰਗਾਹੀ ਲੈ ਕੇ ਆਇਆ। ਆਦਿ ਜੁਗਾਦਿ ਕਦੇ ਨਾ ਮਰਦਾ, ਸਚ ਮਰਦਾਨਗੀ ਰਿਹਾ ਕਮਾਇਆ। ਗੁਰਸਿਖਾਂ ਦਰ ਹੋਏ ਬਰਦਾ, ਦਰ ਦਰਵੇਸ਼ ਫੇਰੀ ਪਾਇਆ। ਨਿਰਭੌਂ ਰੂਪ ਕਦੇ ਨਾ ਡਰਦਾ, ਭੈ ਸਭ ਦਾ ਰਿਹਾ ਚੁਕਾਇਆ। ਸੰਤ ਸੁਹੇਲੇ ਆਪੇ ਵਰਦਾ, ਗੁਰ ਗੁਰ ਚੇਲੇ ਨਾਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਹੋਏ ਸਹਾਇਆ। ਹਰਿ ਸਤਿਗੁਰ ਸੱਜਣ ਦੀਨ ਦਿਆਲ, ਸਾਂਤਕ ਸਤਿ ਸਤਿ ਸਮਾਇਆ। ਗੁਰਮੁਖ ਵੇਖੇ ਗੁਰ ਗੁਰ ਲਾਲ, ਆਪਣੇ ਰੰਗ ਰੰਗਾਇਆ। ਨਿਰਗੁਣ ਸਰਗੁਣ ਬਣ ਦਲਾਲ, ਸ਼ਬਦ ਵਿਚੋਲਾ ਵੇਸ ਵਟਾਇਆ। ਨਾਤਾ ਤੋੜ ਤ੍ਰੈਗੁਣ ਕਾਲ, ਤ੍ਰੈਕਾਲ ਦਰਸੀ ਆਪਣੇ ਘਰ ਬਹਾਇਆ। ਜੋ ਜਨ ਘਾਲਣਾ ਰਹੇ ਘਾਲ, ਤਿਸ ਜਨ ਘਾਲ ਲੇਖੇ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਸੱਚਾ ਇਕੋ ਇਕ ਅਖਵਾਇਆ। ਸਤਿਗੁਰ ਸੱਚਾ ਇਕ ਸੁਲਤਾਨ, ਨਿਰੰਕਾਰ ਅਖਵਾਈਆ। ਸ਼ਬਦ ਸਰੂਪੀ ਵਡ ਬਲਵਾਨ, ਬਲ ਆਪਣਾ ਆਪ ਰਖਾਈਆ। ਲੇਖਾ ਜਾਣੇ ਦੋ ਜਹਾਨ, ਬ੍ਰਹਿਮੰਡ ਖੰਡ ਕਰੇ ਰੁਸ਼ਨਾਈਆ। ਧਰਤ ਧਵਲ ਵੇਖੇ ਆਣ, ਕਲਜੁਗ ਅੰਤਮ ਫੇਰਾ ਪਾਈਆ। ਗੁਰਮੁਖ ਲੱਭੇ ਚਤਰ ਸੁਘੜ ਸੁਜਾਨ, ਗੁਰ ਗੁਰ ਬੂਝ ਬੁਝਾਈਆ। ਸੋਹੰ ਅੱਖਰ ਦੇ ਦੇ ਦਾਨ, ਆਤਮ ਪਰਮਾਤਮ ਮੇਲ ਮਿਲਾਈਆ। ਨਾਤਾ ਤੁਟੇ ਜੀਵ ਜਹਾਨ, ਜੀਵਣ ਜੁਗਤ ਇਕ ਸਮਝਾਈਆ। ਨਾਰ ਪੁਰਖ ਇਕੋ ਮਾਣ, ਏਕਾ ਘਰ ਵੱਜੇ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਉਠਾਈਆ। ਗੁਰਮੁਖ ਸੱਜਣ ਮੀਤ ਪਿਆਰਾ, ਗੁਰ ਸਤਿਗੁਰ ਮੇਲ ਮਿਲਾਇੰਦਾ। ਨੇਤਰ ਲੋਚਣ ਦਰਸ ਦੀਦਾਰਾ, ਨਿਤ ਨਿਤ ਵੇਸ ਵਟਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸਮੁੰਦ ਸਾਗਰ ਨੈਣ ਨੀਰ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਆਪਣੇ ਹੱਥ ਰਖਾਇੰਦਾ। ਹਰਿਜਨ ਲੇਖਾ ਸਦਾ ਅਭੇਦ, ਹਰਿ ਸਾਚਾ ਸਚ ਜਣਾਈਆ। ਹਰਿਜਨ ਮਹਿਮਾ ਕਰੇ ਚਾਰ ਵੇਦ, ਸ਼ਾਸਤਰ ਸਿਮਰਤ ਨਾਲ ਰਲਾਈਆ। ਹਰਿਜਨ ਕਥਾ ਗਾਏ ਅਛਲ ਅਛੇਦ, ਵਲ ਛਲ ਧਾਰੀ ਆਪਣਾ ਰਾਹ ਚਲਾਈਆ। ਹਰਿਜਨ ਹਰਿਜੂ ਆਪੇ ਲਏ ਵੇਖ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਦੀਨਨ ਹਰਿਜੂ ਦਇਆ ਕਮਾ, ਦਇਆਨਿਧ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਰੂਪ ਵਟਾ, ਸਰਗੁਣ ਸਰਗੁਣ ਬੰਧਨ ਪਾਇੰਦਾ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਬਿਨ ਭਗਤੀ ਲਏ ਮਿਲਾ, ਭਾਵੀ ਭਾਵ ਆਪੇ ਪੂਰ ਕਰਾਇੰਦਾ। ਜਿਸ ਉਪਰ ਕਿਰਪਾ ਕਰੇ ਸੱਚਾ ਸ਼ਹਿਨਸ਼ਾਹ, ਸੋ ਜਨ ਦੂਜੇ ਦਰ ਕਿਉਂ ਮੰਗਣ ਜਾਇੰਦਾ। ਜਿਸ ਬਾਂਹੋਂ ਫੜ ਉਪਰ ਤਖ਼ਤ ਦਏ ਬਿਠਾ, ਸੋ ਦੂਜੀ ਓਟ ਕਿਉਂ ਤਕਾਇੰਦਾ। ਜਿਸ ਜਨ ਆਪਣੇ ਵਿਚ ਲਏ ਮਿਲਾ, ਤਿਸ ਵਿਛੋੜਾ ਨਜ਼ਰ ਕੋਇ ਨਾ ਆਇੰਦਾ। ਪਰੇਮ ਸਪੁੱਤਰੀ ਰਾਮ ਕੌਰ ਸਿਰ ਹੱਥ ਟਿਕਾ, ਸਿਰ ਸਿਰ ਲੱਜਿਆ ਆਪ ਰਖਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਣਤ ਰਿਹਾ ਬਣਾ, ਜੀਵ ਜੰਤ ਨਾ ਕੋਇ ਅਟਕਾਇੰਦਾ।
