੨੧ ਮਾਘ ੨੦੧੮ ਬਿਕ੍ਰਮੀ ਬਾਬੂ ਰਾਮ ਦੇ ਗ੍ਰਹਿ ਪਿੰਡ ਹੰਸਾ ਜੰਮੂ
ਆਦਿ ਜੁਗਾਦਿ ਸਚ ਗੁਲਜ਼ਾਰ, ਹਰਿ ਨਿਰਗੁਣ ਸਰਗੁਣ ਆਪ ਲਗਾਇੰਦਾ। ਜੁਗਾ ਜੁਗੰਤਰ ਸਚ ਬਹਾਰ, ਫੁਲ ਫੁਲਵਾੜੀ ਮਾਤ ਮਹਿਕਾਇੰਦਾ। ਅੰਮ੍ਰਿਤ ਸਿੰਚੇ ਵਾਰੋ ਵਾਰ, ਨਾਮ ਫੁਹਾਰਾ ਹੱਥ ਉਠਾਇੰਦਾ। ਵੇਖੇ ਵਿਗਸੇ ਵਾਰੋ ਵਾਰ, ਵੇਸ ਅਨੇਕ ਵਟਾਇੰਦਾ। ਮਾਲਣ ਬਣ ਜੋਤ ਨਿਰੰਕਾਰ, ਰੂਪ ਅਨੂਪ ਧਰਾਇੰਦਾ। ਗੁਰਮੁਖ ਸਾਚੇ ਵੇਖ ਵਖਾਨ, ਆਪਣੇ ਰੰਗ ਰੰਗਾਇੰਦਾ। ਸੰਤਨ ਚਲੇ ਨਾਲ ਨਾਲ, ਸਾਚਾ ਸੰਗ ਨਿਭਾਇੰਦਾ। ਭਗਤਨ ਕਰੇ ਸਦਾ ਰਖਵਾਲ, ਜਗਤ ਮਾਇਆ ਕੰਢਾ ਨੇੜ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫੁਲਵਾੜੀ ਆਪ ਲਗਾਇੰਦਾ। ਸਚ ਫੁਲਵਾੜੀ ਲੋਕਮਾਤ, ਨਿਰਗੁਣ ਦਾਤਾ ਆਪ ਲਗਾਈਆ। ਜੁਗ ਜੁਗ ਵੇਖੇ ਮਾਰ ਝਾਤ, ਗੁਰ ਅਵਤਾਰ ਰੂਪ ਧਰਾਈਆ। ਜਨ ਭਗਤਾਂ ਦੇਵੇ ਸਾਚੀ ਦਾਤ, ਵਸਤ ਅਮੋਲਕ ਝੋਲੀ ਪਾਈਆ। ਸੰਤਨ ਮੇਟੇ ਅੰਧੇਰੀ ਰਾਤ, ਅੰਧ ਅੰਧੇਰ ਗਵਾਈਆ। ਗੁਰਮੁਖਾਂ ਸੁਣਾਏ ਸਾਚੀ ਗਾਥ, ਰਾਮ ਨਾਮ ਪੜ੍ਹਾਈਆ। ਗੁਰਸਿਖ ਲਹਿਣਾ ਦੇਣਾ ਹੱਥੋ ਹਾਥ, ਸਮਰਥ ਪੁਰਖ ਆਪ ਚੁਕਾਈਆ। ਵਰਭੰਡੀ ਵੇਖੇ ਖੇਲ ਤਮਾਸ਼, ਬ੍ਰਹਿਮੰਡੀ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਲਸ਼ਨ ਆਪ ਸੁਹਾਈਆ। ਸਾਚਾ ਗੁਲਸ਼ਨ ਲੱਗੇ ਬਾਗ, ਗੁਰਮੁਖ ਸੱਜਣ ਬੂਟੇ ਲਾਇੰਦਾ। ਦੁਰਮਤ ਮੈਲ ਧੋ ਧੋ ਦਾਗ਼, ਨਿਰਮਲ ਰੂਪ ਵਟਾਇੰਦਾ। ਆਤਮ ਅੰਤਰ ਇਕ ਚਿਰਾਗ, ਦੀਪਕ ਜੋਤੀ ਜੋਤ ਜਗਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਸਾਚਾ ਜਾਪ ਜਪਾਇੰਦਾ। ਸਾਚਾ ਮੇਲਾ ਆਦਿ ਜੁਗਾਦਿ, ਗੁਰ ਗੁਰ ਚੇਲਾ ਆਪ ਕਰਾਇੰਦਾ । ਬ੍ਰਹਿਮੰਡ ਬ੍ਰਹਿਮਾਂਡ ਵਜਾਏ ਨਾਦ, ਜੇਰਜ ਅੰਡਜ ਆਪ ਸੁਣਾਇੰਦਾ। ਲੇਖਾ ਜਾਣੇ ਬੋਧ ਅਗਾਧ, ਖਾਣੀ ਬਾਣੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫੁਲਵਾੜੀ ਆਪ ਮਹਿਕਾਇੰਦਾ। ਸਚ ਫੁਲਵਾੜੀ ਹਰਿ ਨਿਰੰਕਾਰ, ਏਕਾ ਏਕ ਲਗਾਈਆ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਬੇਪਰਵਾਹੀਆ। ਜੁਗ ਜੁਗ ਖੇਲ ਕਰੇ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਰੂਪ ਵਟਾਈਆ। ਸਤਿਜੁਗ ਤ੍ਰੇਤਾ ਕਰ ਵਿਹਾਰ, ਦੁਆਪਰ ਆਪਣਾ ਬੰਧਨ ਪਾਈਆ। ਕਲਜੁਗ ਵੇਖੇ ਵੇਖਣਹਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਭੇਵ ਚੁਕਾਈਆ। ਭਗਤ ਭਗਵੰਤ ਖੋਲ੍ਹ ਕਵਾੜ, ਸੰਤ ਸਾਜਨ ਲਏ ਜਗਾਈਆ। ਗੁਰਮੁਖਾਂ ਦੇਵੇ ਨਾਮ ਆਧਾਰ, ਇਕੋ ਓਟ ਰਖਾਈਆ। ਗੁਰਸਿਖ ਮੇਲਾ ਵਿਚ ਸੰਸਾਰ, ਸੰਸਾਰ ਸਾਗਰ ਪਾਰ ਕਰਾਈਆ। ਰੁੱਤ ਬਸੰਤੀ ਇਕ ਬਹਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਲੋਕਮਾਤ ਰੁੱਤ ਬਸੰਤ, ਸਤਿਗੁਰ ਪੂਰਾ ਆਪ ਲਗਾਇੰਦਾ। ਹਰਿਜਨ ਮੇਲਾ ਹਰਿ ਹਰਿ ਕੰਤ, ਘਰ ਸਾਚੇ ਸੋਭਾ ਪਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਏਕਾ ਨਾਮ ਮਣੀਆ ਮੰਤ, ਰਸਨਾ ਜਿਹਵਾ ਆਪ ਜਪਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਸੋ ਪੁਰਖ ਨਿਰੰਜਣ ਆਦਿ ਅੰਤ, ਜੁਗ ਜੁਗ ਆਪਣਾ ਖੇਲ ਵਖਾਇੰਦਾ। ਕਲਜੁਗ ਅੰਤ ਬਣਾਏ ਬਣਤ, ਭਗਤ ਭਗਵੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਤ ਡਾਲੀ ਆਪ ਮਹਿਕਾਇੰਦਾ। ਪੱਤ ਡਾਲੀ ਵੇਖੇ ਫੁੱਲ, ਫੁਲਵਾੜੀ ਆਪ ਲਗਾਈਆ। ਹਰਿਜਨ ਉਪਜੇ ਸਾਚੀ ਕੁਲ, ਧੰਨ ਧੰਨ ਜਣੇਂਦੀ ਮਾਈਆ। ਪੁਰਖ ਅਬਿਨਾਸ਼ੀ ਪਾਏ ਮੁਲ, ਕੀਮਤ ਕਰਤਾ ਆਪਣੇ ਹੱਥ ਰਖਾਈਆ। ਸ੍ਰਿਸ਼ਟ ਸਬਾਈ ਰਹੇ ਅਨਭੋਲ, ਹਰਿ ਕਾ ਭੇਵ ਕਿਸੇ ਨਾ ਆਈਆ। ਮਾਇਆ ਮਮਤਾ ਪਿਆ ਘੋਲ, ਪੰਜ ਤੱਤ ਕਰੇ ਲੜਾਈਆ। ਗੁਰਮੁਖ ਵਿਰਲਾ ਰਹੇ ਅਡੋਲ, ਜਿਸ ਜਨ ਆਪਣੀ ਬੂਝ ਬੁਝਾਈਆ। ਬੰਦ ਕਿਵਾੜਾ ਦੇਵੇ ਖੋਲ੍ਹ, ਘਰ ਘਰ ਵਿਚ ਕਰ ਰੁਸ਼ਨਾਈਆ। ਬ੍ਰਹਮ ਪਾਰਬ੍ਰਹਮ ਸਦ ਵਸੇ ਕੋਲ, ਨਿਝ ਘਰ ਬੈਠਾ ਸੇਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫੁਲਵਾੜੀ ਆਪ ਮਹਿਕਾਈਆ। ਸਚ ਫੁਲਵਾੜੀ ਬਾਗ ਬਗੀਚਾ, ਚਾਰ ਵਰਨ ਵਖਾਇੰਦਾ। ਨਾਤਾ ਤੋੜ ਊਚਾਂ ਨੀਚਾਂ, ਰਾਓ ਰੰਕਾਂ ਮੇਲ ਮਿਲਾਇੰਦਾ। ਆਪੇ ਹੋਏ ਨੀਕਨ ਨੀਕਾ, ਨਿਉਂ ਨਿਉਂ ਸੀਸ ਝੁਕਾਇੰਦਾ। ਕੜਵਾ ਰਸ ਕੱਢੇ ਫੀਕਾ, ਅੰਮ੍ਰਿਤ ਮੁੱਖ ਚੁਆਇੰਦਾ। ਲੇਖਾ ਜਾਣੇ ਜੀਵ ਜੀ ਕਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਫੁਲਵਾੜੀ ਵੇਖ ਵਖਾਇੰਦਾ। ਸਚ ਫੁਲਵਾੜੀ ਸਾਚਾ ਬੂਟਾ, ਗੁਰਮੁਖ ਮਾਤ ਲਗਾਈਆ। ਵੇਖਣਹਾਰਾ ਚਾਰੇ ਕੂਟਾਂ, ਦਹਿ ਦਿਸ਼ਾ ਫੋਲ ਫੁਲਾਈਆ। ਨਾਮ ਅਗੰਮੀ ਦਏ ਹੂਟਾ, ਇਕ ਹੁਲਾਰ ਜਣਾਈਆ। ਨਾਤਾ ਤੋੜੇ ਜੂਠਾ ਝੂਠਾ, ਸਚ ਸੁੱਚ ਸਰਨਾਈਆ। ਝੂਠੀ ਮਾਇਆ ਮੂਧਾ ਠੂਠਾ, ਅੰਮ੍ਰਿਤ ਮੁਖ ਚੁਆਈਆ। ਏਕਾ ਨਾਮ ਦਏ ਰਸ ਅਨੂਠਾ, ਰਸ ਆਪਣਾ ਆਪ ਜਣਾਈਆ। ਮਾਤ ਗਰਭ ਨਾ ਲਟਕੇ ਪੁੱਠਾ, ਜਿਸ ਜਨ ਆਪਣੀ ਦਇਆ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਪੁਰਖ ਅਬਿਨਾਸ਼ੀ ਗੋਦੀ ਸੁੱਤਾ, ਫਿਰ ਸਕੇ ਨਾ ਕੋਇ ਜਗਾਈਆ। ਆਪ ਸੁਹਾਏ ਸਾਚੀ ਰੁੱਤਾ, ਰੁੱਤ ਰੁੱਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਚ ਬਗੀਚਾ ਇਕੋ ਕਲੀ, ਕਲੀ ਕਲੀ ਮਹਿਕਾਇੰਦਾ। ਆਦਿ ਜੁਗਾਦਿ ਵਲੀ ਛਲੀ, ਵਲ ਛਲ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਮਹਾਂਬਲੀ, ਨਿਹਕਲੰਕ ਨਾਉਂ ਰਖਾਇੰਦਾ। ਗੁਰਮੁਖ ਵੇਖੇ ਗਲੀਓ ਗਲੀ, ਦਰ ਦਰ ਘਰ ਘਰ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਰੰਗ ਰੰਗਾਇੰਦਾ। ਆਪਣੇ ਰੰਗ ਰੰਗੇ ਨਿਰੰਕਾਰਾ, ਲੋਕਮਾਤ ਵੱਜੇ ਵਧਾਈਆ। ਵੇਖੇ ਰੁੱਤ ਬਸੰਤ ਬਹਾਰਾ, ਬਿਹਬਲ ਆਪਣਾ ਰੂਪ ਵਟਾਈਆ। ਜਨ ਭਗਤਾਂ ਦੇਵੇ ਇਕ ਸਹਾਰਾ, ਏਕਾ ਨਾਮ ਪੜ੍ਹਾਈਆ। ਸੰਤ ਵਖਾਏ ਇਕ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਗੁਰਮੁਖ ਬਣਾਏ ਆਪ ਦੁਲਾਰਾ, ਪੂਤ ਸਪੂਤਾ ਗੋਦ ਬਹਾਈਆ। ਗੁਰਸਿਖਾਂ ਦੇਵੇ ਦਰਸ ਦੀਦਾਰਾ, ਦਰ ਘਰ ਫੇਰਾ ਪਾਈਆ। ਨਾਤਾ ਤੋੜ ਸਰਬ ਸੰਸਾਰਾ, ਹਰਿਜਨ ਸਾਚੇ ਮੇਲ ਮਿਲਾਈਆ। ਏਕਾ ਮੰਦਰ ਏਕਾ ਗੁਰੂਦੁਆਰਾ, ਏਕਾ ਇਸ਼ਟ ਦੇਵ ਸਮਝਾਈਆ। ਏਕਾ ਸ਼ਬਦ ਨਾਦ ਧੁੰਨਕਾਰਾ, ਏਕਾ ਡੰਕਾ ਨਾਮ ਵਜਾਈਆ। ਏਕਾ ਨੂਰ ਕ੍ਰਿਸ਼ਨ ਮੁਰਾਰਾ, ਏਕਾ ਬੰਸਰੀ ਵੇਖ ਵਖਾਈਆ। ਏਕਾ ਐਨਲਹਕ ਜੈਕਾਰਾ, ਜੈ ਜੈਕਾਰ ਇਕ ਕਰਾਈਆ। ਏਕਾ ਨਾਮ ਸਤਿ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਈਆ। ਏਕਾ ਫਤਹਿ ਬੋਲ ਬੁਲਾਰਾ, ਵਾਹਵਾ ਗੁਰੂ ਗੁਰੂ ਗੁਰ ਵਡਿਆਈਆ। ਖੇਲੇ ਖੇਲ ਅਗੰਮ ਅਪਾਰਾ, ਜੁਗ ਜੁਗ ਆਪਣਾ ਖੇਲ ਕਰਾਈਆ। ਕਲਜੁਗ ਵੇਖੇ ਵੇਖਣਹਾਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਚਾਰੋਂ ਕੁੰਟ ਹੋ ਉਜਿਆਰਾ, ਭੇਵ ਅਭੇਦ ਚੁਕਾਈਆ। ਵਰਨ ਬਰਨ ਤੇ ਵਸੇ ਬਾਹਰਾ, ਜ਼ਾਤ ਪਾਤ ਨਾ ਕੋਇ ਰਖਾਈਆ। ਮਾਲੀ ਬਣੇ ਆਪ ਨਿਰੰਕਾਰਾ, ਵੇਸ ਅਵੱਲਾ ਆਪ ਵਟਾਈਆ। ਖਾਲੀ ਹੱਥ ਫਿਰੇ ਫਿਰਨੇਹਾਰਾ, ਬਣ ਸੇਵਕ ਸੇਵ ਕਮਾਈਆ। ਸੀਸ ਉਠਾਏ ਇਕੋ ਖਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਰੁੱਤੀ ਰੁੱਤ, ਹਰਿ ਰੁੱਤੜੀ ਮਾਤ ਮਹਿਕਾਈਆ। ਹਰਿਜਨ ਵੇਖੇ ਸਾਚੇ ਸੁਤ, ਗੁਰਮੁਖ ਸੱਜਣ ਆਪ ਜਗਾਈਆ। ਮੇਲ ਮਿਲਾਵਾ ਅਬਿਨਾਸ਼ੀ ਅਚੁੱਤ, ਚੇਤਨ ਰੂਪ ਦਏ ਸਮਝਾਈਆ। ਲੇਖਾ ਜਾਣੇ ਕਾਇਆ ਬੁੱਤ, ਪੰਜ ਤੱਤ ਦਏ ਜਣਾਈਆ। ਪੰਚ ਵਿਕਾਰਾ ਕੱਢੇ ਕੁਟ, ਜੂਠ ਝੂਠ ਦਏ ਮਿਟਾਈਆ। ਏਕਾ ਦੇਵੇ ਨਾਮ ਅਤੁਟ, ਨਿਖੁਟ ਕਦੇ ਨਾ ਜਾਈਆ। ਜਿਸ ਉਪਰ ਜਨ ਪ੍ਰਭ ਜਾਏ ਤੁਠ, ਤਿਸ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਹਰਿਜਨ ਵੇਖੇ ਹਰਿ ਨਿਰੰਕਾਰਾ, ਹਰਿ ਹਰਿ ਵੇਸ ਵਟਾਈਆ। ਚਾਰ ਕੁੰਟ ਦਹਿ ਦਿਸ਼ਾ ਪਾਵੇ ਸਾਰਾ, ਫਿਰ ਫਿਰ ਆਪਣੀ ਸੇਵ ਕਮਾਈਆ। ਲੱਖ ਚੁਰਾਸੀ ਖੇਲ ਨਿਆਰਾ, ਘਟ ਘਟ ਵਾਸੀ ਆਪ ਕਰਾਈਆ। ਕਲਜੁਗ ਅੰਤਮ ਧੂੰਆਂਧਾਰਾ, ਜਗਤ ਅੰਧੇਰਾ ਛਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਸਾਕ ਸੈਣ ਨਾ ਕੋਇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਆਦਿ ਪੁਰਖ ਕਰਾਇੰਦਾ। ਜਨ ਭਗਤਾਂ ਅੰਦਰ ਆਪੇ ਰਲਾ, ਆਪਣੀ ਸੇਜ ਸੁਹਾਇੰਦਾ। ਸੰਤ ਫੜਾਏ ਸਾਚਾ ਪੱਲਾ, ਏਕਾ ਪੱਲੂ ਨਾਮ ਗੰਢ ਪੁਵਾਇੰਦਾ। ਗੁਰਮੁਖਾਂ ਦੁਆਰੇ ਆਪੇ ਖਲਾ, ਨਿਰਗੁਣ ਵੇਸ ਵਟਾਇੰਦਾ। ਗੁਰਸਿਖ ਸੁਨੇਹੁੜਾ ਏਕਾ ਘੱਲਾ, ਲੋਕਮਾਤ ਉਠਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਦਰ ਦਰਵੇਸ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸੱਜਣ ਮੇਲ ਮਿਲਾਇੰਦਾ। ਹਰਿਜਨ ਮੇਲਾ ਵਿਚ ਸੰਸਾਰ, ਜੀਵਣ ਜੁਗਤ ਜਗ ਜਣਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਨੂਰ ਨੂਰ ਧਰਾਈਆ। ਭਗਤ ਭਗਵੰਤ ਲਏ ਉਠਾਲ, ਸਾਚੀ ਸਿਖਿਆ ਸਿਖ ਸਮਝਾਈਆ। ਸ਼ਬਦ ਸਰੂਪੀ ਬਣ ਦਲਾਲ, ਇਕੋ ਵਣਜ ਵਖਾਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁੱਤ ਆਪ ਸੁਹਾਈਆ। ਸਾਚੀ ਰੁੱਤ ਜਾਏ ਮਹਿਕ, ਹਰਿ ਸਾਚਾ ਆਪ ਮਹਿਕਾਇੰਦਾ। ਹਰਿਜਨ ਫੁਲਵਾੜੀ ਜਾਏ ਟਹਿਕ, ਲੋਕਮਾਤ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਰਹੀ ਸਹਿਕ, ਧੀਰਜ ਧੀਰ ਨਾ ਕੋਇ ਧਰਾਇੰਦਾ। ਕਿਸੇ ਹੱਥ ਨਾ ਆਏ ਸਾਚੀ ਆਇਤ, ਸ਼ਰਅ ਸ਼ਰੀਅਤ ਬੰਧਨ ਪਾਇੰਦਾ। ਨਾਤਾ ਤੁਟੇ ਕਾਇਨਾਤ, ਕਾਨੀ ਤੀਰ ਨਾ ਕੋਇ ਲਗਾਇੰਦਾ। ਗੁਰ ਅਵਤਾਰ ਨਾ ਵੇਖੇ ਕੋਈ ਬਾਗ ਬਗਾਤ, ਬਗੀਚਾ ਹਰਾ ਨਾ ਕੋਇ ਕਰਾਇੰਦਾ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਦੁਰਮਤ ਮੈਲ ਮਸਤਕ ਖਾਕ, ਨੂਰੀ ਨੂਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸ ਨਿਰੰਕਾਰ, ਆਪਣੀ ਬੂਝ ਬੁਝਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਧਾਰ ਵਖਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜ਼ੀਲ ਕੁਰਾਨ ਨਾ ਪਾਏ ਸਾਰ, ਕਰੇ ਖੇਲ ਬੇਪਰਵਾਹੀਆ। ਲੇਖਾ ਜਾਣੇ ਗੁਰ ਅਵਤਾਰ, ਪੀਰ ਪੈਗ਼ੰਬਰ ਲੇਖਾ ਰਿਹਾ ਸਮਝਾਈਆ। ਲਹਿਣਾ ਦੇਣਾ ਚੁਕਾਏ ਜੁਗ ਚਾਰ, ਜੁਗ ਚੌਕੜੀ ਰਹਿਣ ਨਾ ਪਾਈਆ। ਕਲਜੁਗ ਵੇਖੇ ਅੰਤ ਬਹਾਰ, ਖਿਜ਼ਾ ਰੂਪ ਸਰਬ ਦਰਸਾਈਆ। ਗੁਰਮੁਖ ਵਿਰਲੇ ਲਏ ਉਭਾਰ, ਜਿਸ ਜਨ ਆਪਣਾ ਦਰਸ ਕਰਾਈਆ। ਜਨਮ ਜਨਮ ਦੀ ਲੇਖੇ ਲਾਏ ਘਾਲ, ਕੀਤੀ ਘਾਲ ਲੇਖੇ ਪਾਈਆ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਗ੍ਰਹਿ ਮੰਦਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁੱਤ ਆਪ ਵਖਾਈਆ। ਸਾਚੀ ਰੁੱਤ ਸੁਹਾਏ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਹਰਿਜਨ ਖਿੜੇ ਮਾਤ ਗੁਲਜ਼ਾਰ, ਫਲ ਫੁਲ ਆਪ ਲਗਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲਾ, ਆਪਣਾ ਰੰਗ ਵਖਾਇੰਦਾ। ਹਰਿਜਨ ਬੂਟਾ ਮਾਤ ਲਗਾ, ਸਤਿਜੁਗ ਰਾਹ ਚਲਾਇੰਦਾ। ਸਿਫ਼ਤੀ ਸਿਫ਼ਤ ਸਿਫ਼ਤ ਕਰ ਸਲਾਹ, ਜਨ ਭਗਤਾਂ ਸਿਫ਼ਤ ਆਪ ਸਮਝਾਇੰਦਾ। ਮੁਫ਼ਤੋ ਮੁਫ਼ਤੀ ਬਣ ਮਲਾਹ, ਬਿਨ ਦਮਾਂ ਸੇਵ ਕਮਾਇੰਦਾ। ਲੇਖਾ ਜਾਣੇ ਥਲ ਅਸਗਾਹ, ਡੂੰਘੀ ਭਵਰੀ ਪਾਰ ਕਰਾਇੰਦਾ। ਰਹਿਬਰ ਬਣੇ ਆਪ ਖ਼ੁਦਾ, ਸਾਚਾ ਮਾਰਗ ਆਪੇ ਲਾਇੰਦਾ। ਰਾਮ ਰੂਪ ਆਪ ਵਟਾ, ਰਮੱਯਾ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰੁੱਤ ਆਪ ਸੁਹਾਇੰਦਾ। ਸੋਹੇ ਰੁੱਤ ਸੋਭਨੀਕ, ਹਰਿ ਸਾਚਾ ਆਪ ਸੁਹਾਈਆ। ਹਰਿਜਨ ਤੇਰਾ ਦਿਸੇ ਨਾ ਕੋਇ ਸ਼ਰੀਕ, ਸਿਰਕਤ ਨੇੜ ਕੋਇ ਨਾ ਆਈਆ। ਤੇਰਾ ਸਾਹਿਬ ਇਕ ਅਨਡੀਠ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਭਗਤਨ ਤੇਰਾ ਸਾਚਾ ਗੀਤ, ਸੋਹੰ ਅੱਖਰ ਕਰੇ ਪੜ੍ਹਾਈਆ। ਪੱਤਤ ਪਾਪੀ ਕਰੇ ਪੁਨੀਤ, ਪਤਿਤ ਪਾਵਣ ਫੇਰਾ ਪਾਈਆ। ਸਤਿਜੁਗ ਚਲੇ ਸਾਚੀ ਰੀਤ, ਵਰਨ ਬਰਨ ਨਾ ਕੋਇ ਰਖਾਈਆ। ਨਾਤਾ ਤੁਟੇ ਮੰਦਰ ਮਸੀਤ, ਇਸ਼ਟ ਗੁਰਦੇਵ ਏਕਾ ਨਜ਼ਰੀ ਆਈਆ। ਸ਼ਬਦ ਨਿਸ਼ਾਨਾ ਵੱਜੇ ਠੀਕ, ਅਣਿਆਲਾ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਖਿਲੌਣਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਹਰਿਜਨ ਸਾਚਾ ਸੰਗ ਮਿਲੌਣਾ, ਜਨਮ ਜਨਮ ਦਾ ਰੋਗ ਮਿਟਾਇੰਦਾ। ਏਕਾ ਅੱਖਰ ਵੱਖਰ ਆਪ ਪੜ੍ਹੌਣਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਫੜ ਫੜ ਬਾਂਹੋਂ ਰਾਹੇ ਪਾਉਣਾ, ਅੰਧਲੇ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਡਗਮਗੌਣਾ, ਨੂਰ ਨੂਰਾਨਾ ਨੂਰ ਧਰਾਇੰਦਾ। ਲੋਕ ਪਰਲੋਕ ਪਾਰ ਕਰੌਣਾ, ਦੋ ਜਹਾਨਾਂ ਵੇਖ ਵਖਾਇੰਦਾ। ਸਤਿ ਸਲੋਕ ਇਕ ਸੁਣੌਣਾ, ਆਤਮ ਪਰਮਾਤਮ ਬੰਧਨ ਪਾਇੰਦਾ। ਕਿਲਾ ਕੋਟ ਇਕ ਵਸੌਣਾ, ਕਾਇਆ ਬੰਕ ਡੇਰਾ ਲਾਇੰਦਾ। ਜੋਤ ਨਗਾਰਾ ਇਕ ਵਜੌਣਾ, ਅਨਾਦੀ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੁੱਤ ਆਪ ਸੁਹਾਇੰਦਾ। ਸਾਚੀ ਰੁੱਤ ਵੇਖ ਬਹਾਰ, ਹਰਿ ਆਪਣੀ ਖ਼ੁਸ਼ੀ ਮਨਾਈਆ। ਗੁਲਸ਼ਨ ਖਿੜੇ ਵਿਚ ਸੰਸਾਰ, ਗੁਲ ਗੁੰਚਾ ਗੁਰਮੁਖ ਰੂਪ ਵਟਾਈਆ। ਗੁਰਮੁਖ ਆਸਾ ਬੁਲਬੁਲ ਬੋਲੇ ਏਕਾ ਵਾਰ, ਚਹਿ ਚਹਾ ਇਕ ਸੁਣਾਈਆ। ਤੂੰ ਸਾਹਿਬ ਪਰਵਰਦਿਗਾਰ, ਤੇਰੇ ਹੱਥ ਵਡੀ ਵਡਿਆਈਆ। ਤੂੰ ਭਵਰਾ ਵਿਚ ਸੰਸਾਰ, ਜਨ ਭਗਤ ਦੁਆਰੇ ਫੇਰਾ ਪਾਈਆ। ਤੇਰਾ ਰੰਗ ਕਾਲੀ ਧਾਰ, ਕਲਜੁਗ ਜੀਵਾਂ ਨਜ਼ਰ ਨਾ ਆਈਆ। ਤੇਰੇ ਅੰਦਰ ਪਰੇਮ ਪਿਆਰ, ਸਚ ਸਮਗਰੀ ਇਕ ਰਖਾਈਆ। ਗੁਰਮੁਖਾਂ ਦੇਵੇ ਵਾਰੋ ਵਾਰ, ਰਹਿਮਤ ਆਪਣੀ ਆਪ ਕਮਾਈਆ। ਤੇਰੀ ਸਿਫ਼ਤ ਸਿਫ਼ਤ ਤੋਂ ਬਾਹਰ, ਸਿਫ਼ਤੀ ਸਿਫ਼ਤ ਨਾ ਕੋਇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਤੇਰੀ ਰੁੱਤ ਸੁਹਾਈਆ। ਹਰਿਜਨ ਰੁੱਤੜੀ ਲੋਕਮਾਤ, ਮਿੱਤਰ ਪਿਆਰਾ ਆਪ ਸੁਹਾਇੰਦਾ। ਨਾਮ ਨਿਧਾਨਾ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਇੰਦਾ। ਨਾਤਾ ਤੋੜ ਜ਼ਾਤ ਪਾਤ, ਏਕਾ ਬ੍ਰਹਮ ਸਮਝਾਇੰਦਾ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਵੇਖ ਵਖਾਇੰਦਾ। ਮੇਟੇ ਰੈਣ ਅੰਧੇਰੀ ਰਾਤ, ਅੰਧਲੇ ਮੁੱਖ ਦਿਖਲਾਇੰਦਾ। ਅੰਮ੍ਰਿਤ ਬੂੰਦ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਇੰਦਾ। ਏਥੇ ਓਥੇ ਪੁਛੇ ਵਾਤ, ਸਦਾ ਸੁਹੇਲਾ ਇਕ ਅਕੇਲਾ ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਕਾਇੰਦਾ। ਹਰਿਜਨ ਤਾਰੇ ਹਰਿ ਨਿਰੰਕਾਰ, ਹਰਿ ਹਰਿ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਅੰਤਮ ਵੇਲਾ ਆਈਆ। ਪੁਰਖ ਅਬਿਨਾਸ਼ੀ ਲਏ ਅਵਤਾਰ, ਜੋਤੀ ਜਾਮਾ ਵੇਸ ਵਟਾਈਆ। ਗੁਰਮੁਖ ਗੁਰਸਿਖ ਲਏ ਉਭਾਰ, ਗੁਰ ਗੁਰ ਬੂਝ ਬੁਝਾਈਆ। ਕਾਗ਼ਜ਼ ਕਲਮ ਨਾ ਲਿਖਣਹਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਪੁਰਖ ਅਬਿਨਾਸ਼ੀ ਅਗੰਮ ਅਪਾਰ, ਅਗੰਮੜੀ ਕਾਰ ਕਰਾਈਆ। ਵੇਖੇ ਰੁੱਤ ਵਿਚ ਸੰਸਾਰ, ਚਾਰੋਂ ਕੁੰਟ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਚਰਨ ਧਿਆਨ, ਮਸਤਕ ਟਿੱਕਾ ਨੂਰੀ ਜੋਤ, ਨਾਤਾ ਤੋੜ ਵਰਨ ਗੋਤ, ਇਕ ਵਖਾਏ ਕਿਲਾ ਕੋਟ, ਸਚਖੰਡ ਦੁਆਰਾ ਏਕੰਕਾਰਾ ਸਚ ਸਹਾਰਾ ਆਦਿ ਅੰਤ ਸ੍ਰੀ ਭਗਵੰਤ, ਗੁਰਸਿਖ ਮੇਲਾ ਨਾਰੀ ਕੰਤ, ਕੰਤ ਕੰਤੂਹਲ ਗੁਰਮੁਖ ਵੇਖੇ ਸਾਚੇ ਫੂਲ, ਬਣ ਮਾਲਣ ਤੋੜੇ ਆਪਣੇ ਨਾਲ ਜੋੜੇ ਏਕਾ ਦੂਆ ਏਕਾ ਏਕਾ ਬੰਧਨ ਪਾਈਆ।
