੨੧ ਮਾਘ ੨੦੧੮ ਬਿਕ੍ਰਮੀ ਸਰਦਾਰ ਸਿੰਘ ਦੇ ਗ੍ਰਹਿ ਸੀੜ ਜੰਮੂ
ਭਗਤ ਭਗਵਾਨ ਮੇਲਾ ਜਗ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸੰਤ ਸੁਹੇਲੇ ਸਾਚੇ ਲੱਭ, ਹਰਿ ਪੁਰਖ ਨਿਰੰਜਣ ਖੇਲ ਵਖਾਇੰਦਾ। ਗੁਰਮੁਖ ਸਾਜਣ ਪਿਆਏ ਅੰਮ੍ਰਿਤ ਜਾਮ ਮਦਿ, ਰਸ ਰਸੀਆ ਇਕ ਵਖਾਇੰਦਾ। ਗੁਰਸਿਖ ਪਿਆਰੇ ਕਰ ਕਰ ਅੱਡ, ਨਾਮ ਡੋਰੀ ਬੰਧਨ ਪਾਇੰਦਾ। ਸਤਿ ਸਰੂਪ ਨਿਸ਼ਾਨਾ ਗੱਡ, ਸਤਿ ਸਤਿਵਾਦੀ ਆਪ ਵਖਾਇੰਦਾ। ਜਨਮ ਕਰਮ ਦੀ ਤੋੜ ਹੱਦ, ਆਪਣੇ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਇੰਦਾ। ਭਗਤ ਭਗਵੰਤ ਸਚ ਸੰਦੇਸਾ ਏਕਾ ਏਕ ਜਣਾਈਆ। ਸੰਤ ਸਾਜਨ ਆਪੇ ਵੇਖਾ, ਲੋਚਣ ਨੈਣ ਨੈਣ ਖੁਲ੍ਹਾਈਆ। ਗੁਰਮੁਖਾਂ ਮੇਟੇ ਪਿਛਲੀ ਰੇਖਾ, ਅਗਲਾ ਪੰਧ ਵਖਾਈਆ। ਗੁਰਸਿਖਾਂ ਮੇਲੇ ਸਾਚੇ ਦੇਸਾ, ਘਰ ਮੰਦਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵੰਤ ਹੋਏ ਅਧੀਨ, ਏਕਾ ਦੂਆ ਭੇਵ ਚੁਕਾਇਆ। ਸੰਤਾਂ ਲੇਖਾ ਚੁਕਿਆ ਲੋਕ ਤੀਨ, ਲੋਕ ਪਰਲੋਕ ਵੇਖ ਵਖਾਇਆ। ਗੁਰਮੁਖਾਂ ਹਿਰਦਾ ਠਾਂਡਾ ਸੀਨ, ਸਾਂਤਕ ਸਤਿ ਸਤਿ ਕਰਾਇਆ। ਗੁਰਸਿਖ ਰਸਨਾ ਜਿਵਹਾ ਰਹੇ ਚੀਨ, ਨਿਮਖ ਨਿਮਖ ਗੁਣ ਗਾਇਆ। ਦਾਤਾ ਦਾਨੀ ਵਡ ਪਰਬੀਨ, ਮਿਹਰਵਾਨ ਦਇਆ ਕਮਾਇਆ। ਲੇਖਾ ਜਾਣੇ ਜਿਉਂ ਜਲ ਮੀਨ, ਜਲ ਮੀਨ ਆਪਣੀ ਧਾਰ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚਾ ਆਪ ਸੁਹਾਇਆ। ਭਗਤ ਭਗਵੰਤ ਇਕੋ ਘਾਟ, ਹਰਿ ਸਾਚਾ ਸਚ ਰਖਾਇੰਦਾ। ਸੰਤਨ ਮੇਟੇ ਦੂਰ ਦੁਰਾਡੀ ਵਾਟ, ਆਪਣਾ ਪੰਧ ਮੁਕਾਇੰਦਾ। ਗੁਰਮੁਖਾਂ ਦੇਵੇ ਇਕੋ ਦਾਤ, ਸਾਚੀ ਵਸਤ ਝੋਲੀ ਪਾਇੰਦਾ। ਗੁਰਸਿਖਾਂ ਜੋੜੇ ਸਾਚਾ ਨਾਤ, ਨਾਤਾ ਬਿਧਾਤਾ ਇਕ ਬੰਧਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਵਖਾਇੰਦਾ। ਸ਼ਬਦ ਅਗੰਮੀ ਹਰਿ ਹਰਿ ਗਾਥ, ਚਾਰ ਵਰਨ ਪੜ੍ਹਾਇੰਦਾ। ਅਠਾਰਾਂ ਬਰਨ ਦੇਵੇ ਸਾਥ, ਨਵ ਨੌਂ ਫੇਰਾ ਪਾਇੰਦਾ। ਚਾਰ ਚਾਰ ਮੇਲਾ ਕਮਲਾਪਾਤ, ਦਹਿ ਦਿਸ਼ਾ ਵੰਡ ਵੰਡਾਇੰਦਾ। ਨਿਰਗੁਣ ਸਰਗੁਣ ਚਲਾਏ ਰਾਥ, ਬਣ ਰਥਵਾਹੀ ਸੇਵ ਕਮਾਇੰਦਾ। ਵਸਣਹਾਰਾ ਇਕ ਇਕਾਂਤ, ਅਕਲ ਕਲਾ ਰੂਪ ਵਟਾਇੰਦਾ। ਗੁਰਮੁਖ ਸੱਜਣ ਵੇਖੇ ਮਾਰ ਝਾਤ, ਆਪਣਾ ਨੈਣ ਖੁਲ੍ਹਾਇੰਦਾ। ਗੁਰਸਿਖਾਂ ਖੋਲ੍ਹਣਹਾਰਾ ਤਾਕ, ਬੰਦ ਤਾਕੀ ਆਪ ਤੁੜਾਇੰਦਾ। ਸੰਤਾ ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਝੋਲੀ ਪਾਇੰਦਾ। ਭਗਤ ਭਗਵੰਤ ਵਸੇ ਸਾਥ, ਸਗਲਾ ਸੰਗ ਰਖਾਇੰਦਾ। ਸਗਲ ਵਿਸੂਰੇ ਜਾਇਣ ਲਾਥ, ਜਿਸ ਜਨ ਆਪਣਾ ਦਰਸ ਕਰਾਇੰਦਾ। ਨਾਤਾ ਤੁੱਟੇ ਪੂਜਾ ਪਾਠ, ਅਠ ਸਠ ਤੀਰਥ ਨਾ ਕੋਇ ਨੁਹਾਇੰਦਾ। ਇਕੋ ਰਖੇ ਸਾਚੀ ਯਾਦ, ਆਪਣੀ ਬੂਝ ਬੁਝਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਸੁਣਦਾ ਆਇਆ ਫ਼ਰਯਾਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਆਪ ਮਿਲਾਇੰਦਾ। ਭਗਤ ਭਗਵੰਤ ਦੱਸੇ ਰਾਹ, ਏਕਾ ਗੁਣ ਜਣਾਈਆ। ਸੰਤਨ ਮੇਲਾ ਸਹਿਜ ਸੁਭਾ, ਸਤਿਗੁਰ ਆਪ ਕਰਾਈਆ। ਗੁਰਮੁਖ ਨੇਤਰ ਪੇਖ ਚੜ੍ਹੇ ਚਾਅ, ਨਿਤ ਨਿਤ ਵੇਖ ਵਖਾਈਆ। ਗੁਰਸਿਖ ਗੁਰ ਗੁਰ ਸੀਸ ਰਿਹਾ ਝੁਕਾ, ਨਿਉਂ ਨਿਉਂ ਮਸਤਕ ਟਿੱਕਾ ਲਾਹੇ ਛਾਹੀਆ। ਸਤਿਗੁਰ ਪੂਰਾ ਬੇਪਰਵਾਹ, ਦੀਨਨ ਆਪਣੀ ਦਇਆ ਕਮਾਈਆ। ਕਲਜੁਗ ਅੰਤਮ ਵੇਖੇ ਆ, ਵੇਖਣਹਾਰਾ ਦਿਸ ਨਾ ਆਈਆ। ਜਨ ਭਗਤਾਂ ਬਖ਼ਸ਼ੇ ਸਰਬ ਗੁਨਾਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਵਡ ਵਡਿਆਈਆ। ਸਮਰਥ ਪੁਰਖ ਇਕ ਇਕੱਲਾ ਆਦਿ ਜੁਗਾਦਿ ਸਮਾਇੰਦਾ। ਵਸਣਹਾਰਾ ਸਚਖੰਡ ਮਹੱਲਾ, ਸੋਭਨੀਕ ਸੋਭਾ ਪਾਇੰਦਾ। ਜੋਤੀ ਧਾਰ ਆਪੇ ਰਲਾ, ਸ਼ਬਦੀ ਨਾਦ ਵਜਾਇੰਦਾ। ਥਿਰ ਘਰ ਫੜਾਏ ਆਪਣਾ ਪੱਲਾ, ਸ਼ਬਦੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਆਪਣਾ ਭੇਵ ਆਪਣੇ ਹੱਥ ਰਖਾਇੰਦਾ। ਆਦਿ ਪੁਰਖ ਹੋ ਉਜਿਆਰਾ, ਏਕਾ ਘਰ ਦਏ ਵਡਿਆਈਆ। ਸਚਖੰਡ ਸੁਹਾਏ ਸਚ ਮੁਨਾਰਾ, ਛੱਪਰ ਛੰਨ ਨਾ ਕੋਇ ਸੁਹਾਈਆ। ਜੋਤੀ ਜੋਤ ਜੋਤ ਉਜਿਆਰਾ, ਸੂਰਜ ਚੰਨ ਨਾ ਕੋਇ ਚੜ੍ਹਾਈਆ। ਧਰਤ ਧਵਲ ਨਾ ਕੋਇ ਅਖਾੜਾ, ਮੰਡਲ ਮੰਡਪ ਨਾ ਕੋਇ ਵਡਿਆਈਆ। ਇਕ ਇਕੱਲਾ ਇਕਓਅੰਕਾਰਾ, ਏਕਾ ਆਪਣਾ ਬੰਕ ਸੁਹਾਈਆ। ਸ਼ਾਹੋ ਭੂਪ ਬਣ ਸਿਕਦਾਰਾ, ਸੀਸ ਜਗਦੀਸ ਆਪਣੇ ਤਾਜ਼ ਟਿਕਾਈਆ। ਹੁਕਮੀ ਹੁਕਮ ਹੁਕਮ ਵਰਤਾਰਾ, ਧੁਰ ਫ਼ਰਮਾਣਾ ਆਪ ਸੁਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਪੰਜ ਤੱਤ ਕਰ ਅਕਾਰਾ, ਨਿਰਗੁਣ ਸਰਗੁਣ ਬੰਧਨ ਪਾਈਆ। ਸ਼ਬਦੀ ਨਾਦ ਸੱਚੀ ਧੁੰਨਕਾਰਾ, ਘਟ ਮੰਦਰ ਆਪ ਵਜਾਈਆ। ਲੇਖਾ ਜਾਣੇ ਗੁਰ ਅਵਤਾਰਾ, ਗੁਰ ਗੁਰ ਆਪਣੀ ਬੂਝ ਬੁਝਾਈਆ। ਖਾਣੀ ਬਾਣੀ ਪਾਵੇ ਸਾਰਾ, ਅੰਡਜ ਜੇਰਜ ਉਤਭੁਜ ਸੇਤਜ ਸ਼ੱਤਰੀ ਬ੍ਰਹਮਣ ਸ਼ੂਦਰ ਵੈਸ਼ ਆਪਣਾ ਹੁਕਮ ਮਨਾਈਆ। ਰਾਉ ਰੰਕਾਂ ਰਾਜ ਰਾਜਾਨਾ ਸ਼ਾਹ ਸੁਲਤਾਨਾ ਦਏ ਸਹਾਰਾ, ਊਚ ਨੀਚ ਜਾਤ ਪਾਤ ਕਾਇਨਾਤ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਗੇੜਾ ਆਪਣੇ ਹੱਥ ਰਖਾਈਆ। ਜੁਗ ਜੁਗ ਗੇੜਾ ਹਰਿ ਹਰਿ ਗੇੜ, ਕੋਹਲੂ ਚੱਕੀ ਚੱਕ ਭੁਵਾਇੰਦਾ। ਅੰਤਮ ਕਰੇ ਹੱਕ ਨਿਬੇੜ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਰਹਿਣ ਨਾ ਪਾਇੰਦਾ। ਨਿਰਗੁਣ ਸਰਗੁਣ ਛੇੜਾ ਛੇੜ, ਜਗਤ ਖੇਲ ਆਪ ਖਿਲਾਇੰਦਾ। ਵਰਨ ਬਰਨ ਦੇਵੇ ਭੇੜ, ਜਾਤ ਪਾਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਧੰਦਾ ਤੇਰੀ ਝੋਲੀ ਪਾਇੰਦਾ। ਕਲਜੁਗ ਉਠ ਉਠ ਮਲੰਗ, ਹਰਿ ਸਾਚਾ ਸਚ ਜਣਾਈਆ। ਅੰਤਮ ਵੇਲਾ ਵਜਾ ਮਰਦੰਗ, ਝੂਠ ਮਰਦੰਗਾ ਹੱਥ ਫੜਾਈਆ। ਸ੍ਰਿਸ਼ਟ ਸਬਾਈ ਹੋਈ ਨੰਗ, ਸਾਚਾ ਪੜਦਾ ਉਤੇ ਨਾ ਕੋਇ ਪਾਈਆ। ਆਤਮ ਪਰਮਾਤਮ ਅੰਦਰ ਝੂਠੀ ਕੰਧ, ਢਹਿ ਢੇਰੀ ਖ਼ਾਕ ਨਾ ਕੋਇ ਕਰਾਈਆ। ਤੇਰਾ ਨਸ਼ਾ ਝੂਠਾ ਗੰਦ, ਰਸਨਾ ਜਿਹਵਾ ਕਰੇ ਹਲਕਾਈਆ। ਕਿਸੇ ਨਾ ਆਵੇ ਪਰਮਾਨੰਦ, ਨਿਜ਼ਾਨੰਦ ਨਾ ਕੋਇ ਰਸਾਈਆ। ਗਾ ਗਾ ਥੱਕੇ ਬੱਤੀ ਦੰਦ, ਹਰਿ ਕਾ ਦਰਸ ਕੋਇ ਨਾ ਪਾਈਆ। ਹਰਿ ਜੂ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਲਏ ਬਦਲਾਈਆ। ਚਾਰੋਂ ਕੁੰਟ ਭੇਖ ਪਖੰਡ, ਆਪਣਾ ਬਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਨਭਵ ਆਪਣੀ ਧਾਰ ਚਲਾਈਆ। ਅਨਭਵ ਧਾਰ ਸ੍ਰੀ ਭਗਵਾਨ, ਹਰਿ ਸਾਚਾ ਸਚ ਚਲਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਹਿਲਾਇੰਦਾ। ਸੰਤ ਸੁਹੇਲੇ ਵੇਖੇ ਆਣ, ਭਗਤ ਭਗਵੰਤ ਮੇਲ ਮਿਲਾਇੰਦਾ। ਗੁਰਮੁਖਾਂ ਚੁੱਕੇ ਝੂਠੀ ਕਾਣ, ਦੂਸਰ ਆਣ ਨਾ ਕੋਇ ਪੁਵਾਇੰਦਾ। ਗੁਰਸਿਖਾਂ ਦੇਵੇ ਇਕ ਗਿਆਨ, ਗੋਝ ਗਿਆਨ ਸਮਝਾਇੰਦਾ। ਸੋਹੰ ਅੱਖਰ ਸਾਚਾ ਨਾਮ, ਸਤਿਗੁਰ ਪੂਰਾ ਝੋਲੀ ਪਾਇੰਦਾ। ਏਥੇ ਓਥੇ ਦੇਵੇ ਮਾਣ, ਸਗਲਾ ਸੰਗ ਰਖਾਇੰਦਾ। ਕਿਰਪਾ ਕਰ ਸ੍ਰੀ ਭਗਵਾਨ, ਵਿਸ਼ਨੂੰ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਜਨ ਦੇਵੇ ਨਾਮ ਨਿਧਾਨ, ਤਿਸ ਆਪਣਾ ਬੰਧਨ ਪਾਇੰਦਾ।
