੧੨ ਚੇਤ ੨੦੧੯ ਬਿਕ੍ਰਮੀ ਚੰਨਣ ਸਿੰਘ ਦੇ ਗ੍ਰਹਿ ਚੰਬਲ ਜ਼ਿਲਾ ਅੰਮ੍ਰਿਤਸਰ
ਗੁਰਸਿਖ ਸੱਚਾ ਲਾਲ ਲਾਲਣ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਜੁਗ ਜੁਗ ਬਣੇ ਮਾਤ ਦਲਾਲਣ, ਜਗਤ ਦਲਾਲੀ ਜਗਤ ਕਮਾਇੰਦਾ। ਲੱਖ ਚੁਰਾਸੀ ਚੜ੍ਹੇ ਭਾਲਣ, ਨੌਂ ਖੰਡ ਪ੍ਰਿਥਮੀ ਵੇਖ ਵਖਾਇੰਦਾ। ਲਹਿਣਾ ਜਾਣੇ ਕ੍ਰਿਸ਼ਨ ਗਵਾਲਣ, ਭੇਵ ਅਭੇਦ ਨਾ ਕੋਇ ਵਖਾਇੰਦਾ। ਸਦਾ ਸੁਹੇਲਾ ਕਰੇ ਸਦਾ ਪ੍ਰਿਤਪਾਲਣ, ਪ੍ਰਿਤਪਾਲਕ ਆਪਣੀ ਦਇਆ ਕਮਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲਣ, ਜੀਵਣ ਜੁਗਤ ਇਕ ਜਣਾਇੰਦਾ। ਸਾਚਾ ਮਾਰਗ ਆਏ ਵਖਾਲਣ, ਆਪਣਾ ਪੜਦਾ ਆਪ ਉਠਾਇੰਦਾ। ਮੇਲ ਮਿਲਾਏ ਜੋਤ ਅਕਾਲਣ, ਅਕਲ ਕਲ ਆਪਣੀ ਖੇਲ ਕਰਾਇੰਦਾ। ਪੂਰਬ ਲਹਿਣਾ ਲੇਖੇ ਪਾਏ ਘਾਲਣ, ਕੀਤੀ ਘਾਲ ਝੋਲੀ ਪਾਇੰਦਾ। ਮਾਨਸ ਜਨਮ ਹੱਲ ਹੋਇਆ ਸੁਵਾਲਣ, ਦੂਜੀ ਵਾਰ ਜਨਮ ਫੇਰ ਨਾ ਆਇੰਦਾ। ਇਕ ਵਖਾਏ ਸੱਚੀ ਧਰਮਸਾਲਣ, ਧੁਰ ਦਰਬਾਰਾ ਆਪ ਬਣਾਇੰਦਾ। ਜਗਤ ਜੁਗ ਚਲੇ ਅਵੱਲੜੀ ਚਾਲਣ, ਹਰਿ ਕਾ ਅੰਤ ਕੋਇ ਨਾ ਪਾਇੰਦਾ। ਕਲਜੁਗ ਅੰਤਮ ਪਕੜਨ ਆਇਆ ਦਾਮਨ, ਪੱਲੂ ਆਪਣੇ ਹੱਥ ਰਖਾਇੰਦਾ। ਦਰਗਹਿ ਸਾਚੀ ਹੋਏ ਜ਼ਾਮਨ, ਰਾਏ ਧਰਮ ਨਾ ਡੰਨ ਲਗਾਇੰਦਾ। ਸਰਬ ਜੀਆਂ ਘਟ ਆਪੇ ਜਾਨਣ, ਘਰ ਘਰ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਗੁਰਸਿਖ ਸੇਵਾ ਜਗਤ ਜੁਗ, ਹਰਿ ਕਰਤਾ ਆਪ ਕਰਾਈਆ। ਜੀਵਣ ਜੀਵਣ ਜੀਵਤ ਚੁਗ, ਆਪਣਾ ਬੰਧਨ ਆਪੇ ਪਾਈਆ। ਸਾਹਿਬ ਸੁਲਤਾਨ ਗੋਦੀ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਆਪ ਸੁਹਾਏ ਆਪਣੀ ਕੁੱਖ, ਆਪੇ ਪਿਤਾ ਆਪੇ ਮਾਈਆ। ਮੇਟਣਹਾਰਾ ਸਗਲਾ ਦੁੱਖ, ਚਿੰਤਾ ਸੋਗ ਦਏ ਗੁਵਾਈਆ। ਨਾਤਾ ਤੁਟਾ ਉਲਟਾ ਰੁਖ, ਦਸ ਦਸ ਮਾਸ ਨਾ ਕੋਇ ਤਪਾਈਆ। ਏਕਾ ਦੇਵੇ ਸਾਚਾ ਸੁਖ, ਹਰਿ ਚਰਨ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਆਪ ਤਰਾਈਆ। ਗੁਰਮੁਖ ਵੇਖੇ ਏਕਾ ਘਰ, ਘਰ ਮੰਦਰ ਆਪ ਸੁਹਾਇੰਦਾ। ਕਿਰਪਾ ਕਰੇ ਕਰਨੀ ਕਰ, ਕਰਤਾ ਪੁਰਖ ਵੇਸ ਵਟਾਇੰਦਾ। ਸੰਤ ਸੁਹੇਲੇ ਆਪੇ ਫੜ, ਫੜ ਫੜ ਆਪਣਾ ਬੰਧਨ ਪਾਇੰਦਾ। ਨਿਰਭੌ ਚੁਕਾਏ ਭੈ ਡਰ, ਜਗਤ ਭਿਆਨਕ ਰੂਪ ਨਾ ਕੋਇ ਵਖਾਇੰਦਾ। ਦਰਸ ਦਿਖਾਏ ਅੱਗੇ ਖੜ, ਰੂਪ ਅਨੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣੇ ਅੰਗ ਲਗਾਇੰਦਾ। ਗੁਰਸਿਖ ਅੰਗੀਕਾਰ ਕਰੇ ਲਾਏ ਅੰਗ, ਅੰਗ ਅੰਗ ਨਾਲ ਮਿਲਾਈਆ। ਲੱਖ ਚੁਰਾਸੀ ਬੰਧਨ ਕੱਟ, ਬੰਦੀਖਾਨਾ ਇਕ ਵਖਾਈਆ। ਕਿਰਪਾ ਕਰ ਪੁਰਖ ਸਮਰਥ, ਰਥ ਆਪਣੇ ਲਏ ਚੜ੍ਹਾਈਆ। ਮੇਲ ਮਿਲਾਇਆ ਨੱਸ ਨੱਸ, ਜੁਗ ਚੌਕੜੀ ਪਾਰ ਕਰਾਈਆ। ਕਲਜੁਗ ਅੰਤਮ ਪੂਰੀ ਆਸ, ਆਸਾ ਅੰਤ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਮਿਲਾਵਾ ਸਾਚੇ ਦਰ, ਦਰ ਮੰਦਰ ਹਰਿ ਨਾਮ ਵੱਜੇ ਵਧਾਈਆ।
