੧੩ ਚੇਤ ੨੦੧੯ ਬਿਕ੍ਰਮੀ ਗੰਡਾ ਸਿੰਘ ਦੇ ਗ੍ਰਹਿ ਪਿੰਡ ਦਰਾਜ਼ਕੇ ਜ਼ਿਲਾ ਅੰਮ੍ਰਿਤਸਰ
ਪੁਰਖ ਅਬਿਨਾਸ਼ੀ ਬੇਪਰਵਾਹ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਜੂਠ ਝੂਠ ਰਹਿਣ ਨਾ ਪਾਇੰਦਾ। ਧੁਰ ਫ਼ਰਮਾਣਾ ਹੁਕਮ ਦਏ ਸੁਣਾ, ਬੋਧ ਅਗਾਧੀ ਸ਼ਬਦ ਅਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾ, ਭੇਵ ਅਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਰੂਪ ਵਟਾ, ਲੋਕਮਾਤ ਵੇਖ ਵਖਾਇੰਦਾ। ਲੱਖ ਚੁਰਾਸੀ ਪੜਦਾ ਲਾਹ, ਆਪਣੀ ਬੂਝ ਬੁਝਾਇੰਦਾ। ਚਾਰੇ ਵਰਨ ਦਏ ਸਮਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਹੋਏ ਅੰਤ, ਲੋਕਮਾਤ ਰਹਿਣ ਨਾ ਪਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਆਪ ਉਠਾਏ ਗੁਰਮੁਖ ਸਾਚੇ ਸੰਤ, ਮਿਲ ਸਾਜਣ ਖ਼ੁਸ਼ੀ ਮਨਾਈਆ। ਆਪਣੀ ਮਹਿਮਾ ਜਣਾਏ ਅਗਣਤ, ਅਕੱਥ ਕਰੇ ਪੜ੍ਹਾਈਆ। ਆਤਮ ਅੰਤਰ ਏਕਾ ਮੰਤ, ਹਰਿ ਮੰਤਰ ਨਾਮ ਦ੍ਰਿੜਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇ ਹੰਗਤ, ਸਾਚਾ ਮਾਰਗ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁਕੇ ਮਾਤ, ਥਿਰ ਕੋਇ ਰਹਿਣ ਨਾ ਪਾਇਆ। ਅੰਤ ਮਿਟੇ ਅੰਧੇਰੀ ਰਾਤ, ਅੰਧ ਅੰਧੇਰ ਦਏ ਗਵਾਇਆ। ਨਾਨਕ ਗੋਬਿੰਦ ਵੇਖੇ ਭਵਿਖਤ ਵਾਕ, ਬਣ ਪਾਂਧੀ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਏਕਾ ਹੁਕਮ ਸੁਣਾਇਆ। ਕਲਜੁਗ ਹੁਕਮ ਧੁਰ ਫ਼ਰਮਾਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਵੇਲੇ ਅੰਤ ਛੱਡਣਾ ਪਏ ਟਿਕਾਣਾ, ਲੋਕਮਾਤ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਬਾਲ ਅਞਾਣਾ, ਲੱਖ ਚੁਰਾਸੀ ਦਏ ਦੁਹਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਜੂਠਾ ਝੂਠਾ ਮੁੱਕੇ ਗਾਣਾ, ਕੂੜੀ ਕਿਰਿਆ ਦਏ ਖਪਾਈਆ। ਦੀਨ ਮਜ਼੍ਹਬ ਰਹਿਣ ਨਾ ਪਾਣਾ, ਊਚ ਨੀਚ ਨਾ ਕੋਇ ਰਖਾਈਆ। ਸ੍ਰਿਸ਼ਟ ਸਬਾਈ ਨੌਂ ਖੰਡ ਹਰਿ ਕਾ ਨਾਉਂ ਇਕ ਧਿਆਣਾ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਮੁਕਾਈਆ। ਕਲਜੁਗ ਉਠ ਉਠ ਬਲ ਧਾਰ, ਹਰਿ ਜੂ ਹਰਿ ਹਰਿ ਆਖ ਸੁਣਾਇੰਦਾ। ਨੌ ਸੌ ਚੁਰਾਨਵੇ ਚੌਕੜੀ ਜੁਗ ਉਤਰੇ ਪਾਰ, ਵੇਲਾ ਅੰਤ ਅੰਤ ਜਣਾਇੰਦਾ। ਰੈਣ ਅੰਧੇਰੀ ਮਿਟੇ ਧੂੰਆਂਧਾਰ, ਚੰਦ ਚਾਂਦਨਾ ਇਕ ਚਮਕਾਇੰਦਾ। ਨਾਤਾ ਤੁਟੇ ਜੂਠ ਝੂਠ ਠੱਗ ਚੋਰ ਯਾਰ, ਸਚ ਸੁੱਚ ਇਕ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਆਪ ਮਿਟਾਇੰਦਾ। ਕੂੜੀ ਕਿਰਿਆ ਹਰਿ ਭਗਵਾਨ, ਅੰਤ ਅੰਤ ਮਿਟਾਈਆ। ਸਤਿਜੁਗ ਸਾਚੇ ਦੇਵੇ ਦਾਨ, ਧੁਰ ਦੀ ਦਾਤ ਆਪ ਜਣਾਈਆ। ਏਕਾ ਅੱਖਰ ਨਾਮ ਗਿਆਨ, ਹਰਿ ਸਤਿਗੁਰ ਆਪ ਪੜ੍ਹਾਈਆ। ਏਕਾ ਮੰਦਰ ਸਚ ਮਕਾਨ, ਸਚਖੰਡ ਨਿਵਾਸੀ ਆਪ ਸੁਹਾਈਆ। ਏਕਾ ਹੁਕਮ ਧੁਰ ਫ਼ਰਮਾਣ, ਸੋਹੰ ਢੋਲਾ ਆਪ ਜਣਾਈਆ। ਬਣੇ ਵਿਚੋਲਾ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣੀ ਸੇਵ ਕਮਾਈਆ। ਲੱਖ ਚੁਰਾਸੀ ਤੋਲਾ ਬਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁੱਕੇ ਜਗ, ਹਰਿ ਜਾਗਰਤ ਜੋਤ ਜਗਾਇੰਦਾ । ਨੌਂ ਖੰਡ ਪ੍ਰਿਥਮੀ ਲੱਗੀ ਬੁਝੇ ਅੱਗ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਸੰਤ ਸੁਹੇਲੇ ਸਾਚੇ ਸਦ, ਗੁਰ ਚੇਲੇ ਸੰਗ ਮਿਲਾਇੰਦਾ। ਨਾਮ ਪਿਆਏ ਸਾਚੀ ਮਦਿ, ਅੰਤਰ ਰਸ ਇਕ ਵਖਾਇੰਦਾ। ਵਿਸ਼ਨੂੰ ਤੇਰੀ ਵਿਸ਼ਵ ਯਦ, ਬੰਸਾਵਲੀ ਆਪ ਸਮਝਾਇੰਦਾ। ਬ੍ਰਹਮੇ ਤੇਰੀ ਬ੍ਰਹਮ ਹੱਦ, ਪਾਰਬ੍ਰਹਮ ਵੰਡ ਵੰਡਾਇੰਦਾ। ਸ਼ਬਦੀ ਸ਼ਬਦ ਕਰੇ ਲਾਡ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਲੇਖਾ ਜਾਣੇ ਆਦਿ ਜੁਗਾਦਿ, ਜੁਗ ਕਰਤਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਆਪ ਚੁਕਾਇੰਦਾ। ਕਲਜੁਗ ਲਹਿਣਾ ਮੁਕਾਵਣਹਾਰਾ, ਏਕਾ ਏਕ ਏਕ ਅਖਵਾਇੰਦਾ। ਜੁਗਾ ਜੁਗੰਤਰ ਖੇਲ ਕਰੇ ਨਿਆਰਾ, ਭੇਵ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਕਰੇ ਨਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਰਾਗਾ ਨਾਦਾਂ ਵਸੇ ਬਾਹਰਾ, ਛੱਤੀ ਰਾਗ ਭੇਵ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰਨ ਪੁਕਾਰਾ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਅੰਜ਼ੀਲ ਕੁਰਾਨ ਲਾਏ ਨਾਅਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚਖੰਡ ਬੈਠਾ ਆਸਣ ਲਾਈਆ। ਸਚ ਸੰਦੇਸ ਏਕਾ ਘੱਲਾ, ਚੌਦਾਂ ਲੋਕ ਰਿਹਾ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਏਕਾ ਬੰਧਨ ਪਾਈਆ। ਕਲਜੁਗ ਅੰਤਮ ਲੇਖਾ ਜਾਣੇ ਮੀਆਂ ਅੱਲਾ, ਇਲਾਹੀ ਨੂਰ ਵੇਖ ਵਖਾਈਆ। ਵਸਣਹਾਰਾ ਥਲਾ ਥਲਾ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਨੂਰ ਇਲਾਹੀ , ਇਲਾਹੀ ਨੂਰ ਆਪ ਮਿਟਾਇੰਦਾ। ਪਰਗਟ ਹੋਏ ਜ਼ਾਹਰ ਜ਼ਹੂਰਾ, ਜ਼ਾਹਰਾ ਖੇਲ ਕਰਾਇੰਦਾ। ਵੇਖਣਹਾਰਾ ਨੇੜੇ ਦੂਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਮੁਕਾਇੰਦਾ। ਕਲਜੁਗ ਲੇਖਾ ਅੰਤਮ ਵਾਰ, ਚੌਥੇ ਜੁਗ ਦਏ ਸਮਝਾਈਆ। ਚਾਰ ਵੇਦ ਉਤਰੇ ਪਾਰ, ਚਾਰ ਵਰਨ ਰਹਿਣ ਨਾ ਪਾਈਆ। ਚਾਰੇ ਖਾਣੀ ਮਾਰੇ ਮਾਰ, ਚਾਰੇ ਬਾਣੀ ਲਏ ਪੜ੍ਹਾਈਆ। ਅੱਲਾ ਰਾਣੀ ਨੈਣ ਉਘਾੜ, ਨੇਤਰ ਨੈਣ ਦਏ ਖੁਲ੍ਹਾਈਆ। ਸਦੀ ਚੌਧਵੀਂ ਆਈ ਹਾਰ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਨਬੀਂ ਰਸੂਲਾ ਆਈ ਹਾਰ, ਪੀਰ ਪੈਗ਼ੰਬਰ ਬੈਠੇ ਨੈਣ ਸ਼ਰਮਾਈਆ। ਕਲਮਾ ਕਲਾਮ ਨਾ ਕੋਇ ਪਿਆਰ, ਕਾਇਨਾਤ ਨਾ ਕੋਇ ਪੜ੍ਹਾਈਆ। ਨਾਤਾ ਤੁਟੇ ਚਾਰ ਯਾਰ, ਯਾਰੀ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਰਿਹਾ ਮਿਟਾਈਆ। ਕਲਜੁਗ ਲੇਖਾ ਹੋਏ ਪੂਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਚਾਰੋਂ ਕੁੰਟ ਕੁੜਿਆਰਾ ਕੂੜ, ਨਵ ਖੰਡ ਆਪਣਾ ਡੇਰਾ ਲਾਇੰਦਾ। ਕਿਸੇ ਗ੍ਰਹਿ ਨਾ ਦਿਸੇ ਜੋਤੀ ਨੂਰ, ਅੰਧ ਅੰਧੇਰਾ ਚਾਰੋਂ ਕੁੰਟ ਛਾਇੰਦਾ। ਪੁਰਖ ਅਬਿਨਾਸ਼ੀ ਸਰਬ ਕਲਾ ਭਰਪੂਰ, ਭੇਵ ਅਭੇਦ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖ ਸ੍ਰੀ ਭਗਵਾਨ, ਆਪਣੀ ਦਇਆ ਕਮਾਇੰਦਾ। ਪਰਗਟ ਹੋ ਵਿਚ ਜਹਾਨ, ਨਿਰਗੁਣ ਵੇਸ ਅਵੱਲੜਾ ਆਪ ਧਰਾਇੰਦਾ। ਧੁਰਦਰਗਾਹੀ ਧੁਰ ਫ਼ਰਮਾਣ, ਧੁਰਦਰਬਾਰੀ ਆਪ ਸੁਣਾਇੰਦਾ । ਚਾਰ ਵਰਨ ਦੀ ਚੁੱਕੇ ਕਾਣ, ਚਾਰ ਜੁਗ ਦਾ ਪੰਧ ਮੁਕਾਇੰਦਾ। ਚਾਰ ਵੇਦ ਨਾ ਕੋਇ ਗਿਆਨ, ਚਾਰ ਖਾਣੀ ਨਾ ਕੋਇ ਸਮਝਾਇੰਦਾ। ਚਾਰੇ ਬਾਣੀ ਦੇਵੇ ਇਕ ਗਿਆਨ, ਬਿਨ ਹਰਿ ਪਾਰ ਨਾ ਕੋਇ ਕਰਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਕਲਜੁਗ ਆਪਣਾ ਬਲ ਆਪ ਧਰਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪੜਦਾ ਆਪੇ ਲਾਹਿੰਦਾ। ਸਚਖੰਡ ਨਿਵਾਸੀ ਦੇਵਣਹਾਰਾ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਇੰਦਾ। ਚਾਰੋਂ ਕੁੰਟ ਹੋਏ ਵੈਰਾਨ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜਾ ਲੇਖਾ ਆਪ ਮੁਕਾਇੰਦਾ। ਕੂੜ ਕੁੜਿਆਰਾ ਜਾਏ ਨੱਠ, ਲੋਕਮਾਤ ਰਹਿਣ ਨਾ ਪਾਈਆ। ਨਾਤਾ ਤੁਟੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਹਾਵਣ ਕੋਇ ਨਾ ਜਾਈਆ। ਪਰਗਟ ਹੋ ਪੁਰਖ ਸਮਰਥ, ਮਹਿਮਾ ਅਕਥ ਇਕ ਸੁਣਾਈਆ। ਸਗਲ ਵਿਸੂਰੇ ਜਾਇਣ ਲੱਥ, ਜੋ ਜਨ ਹਰਿ ਹਰਿ ਦਰਸਨ ਪਾਈਆ। ਜਨਮ ਜਨਮ ਦੀ ਉਤਰੇ ਵਿਸ, ਸਗਲਾ ਵਿਸੂਰਾ ਦਏ ਗਵਾਈਆ। ਨੌਂ ਖੰਡ ਪ੍ਰਿਥਮੀ ਏਕਾ ਸਿਖਿਆ ਲਏ ਲਿਖ, ਸਾਚੀ ਵਿਦਿਆ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਅੰਤਮ ਲਹਿਣਾ ਤੇਰੀ ਚੋਲੀ ਆਪ ਭਰਾਈਆ। ਤੇਰਾ ਲਹਿਣਾ ਤੇਰੀ ਗੋਦ, ਕਲਜੁਗ ਅੰਤ ਭਰਾਇੰਦਾ। ਚਾਰ ਵਰਨ ਕੀਤਾ ਬੋਧ, ਨੌਂ ਖੰਡ ਪ੍ਰਿਥਮੀ ਖੇਲ ਕਰਾਇੰਦਾ। ਸਤਿਜੁਗ ਦਾਨ ਦੇਵੇ ਗਿਆਨ ਬੋਧ, ਬੋਧ ਗਿਆਨ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਲਾਏ ਜਹਾਨ, ਦੋ ਜਹਾਨਾਂ ਵਾਲੀ ਦਇਆ ਕਮਾਈਆ। ਕਲਜੁਗ ਕੂੜਾ ਮਿਟੇ ਨਿਸ਼ਾਨ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਰਬ ਜੀਆਂ ਦਾ ਇਕ ਭਗਵਾਨ, ਪੁਰਖ ਅਕਾਲ ਫੇਰਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਦਾਨ, ਏਕਾ ਨਾਉਂ ਕਰੇ ਪੜ੍ਹਾਈਆ। ਏਕਾ ਮੰਦਰ ਗੁਰਦੁਆਰ ਵਖਾਏ ਮਕਾਨ, ਸ਼ਿਵਦਵਾਲਾ ਮੱਠ ਇਕ ਜਣਾਈਆ। ਏਕਾ ਗੀਤ ਗੋਬਿੰਦ ਰਸਨਾ ਜਿਹਵਾ ਗਾਣ, ਸੋਹੰ ਢੋਲਾ ਇਕ ਸੁਣਾਈਆ। ਜੀਵ ਜੰਤ ਸਾਧ ਸੰਤ ਰਸਨਾ ਬਹਿ ਬਹਿ ਸਾਰੇ ਗਾਣ, ਪੁਰਖ ਅਕਾਲ ਇਕ ਮਨਾਈਆ। ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦੇਵੇ ਏਕਾ ਮਾਣ, ਦੂਸਰ ਅਵਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲਹਿਣਾ ਦਏ ਚੁਕਾਈਆ। ਕਲਜੁਗ ਲਹਿਣਾ ਬੀਸ ਬੀਸਾ, ਹਰਿ ਸਤਿਗੁਰ ਆਪ ਚੁਕਾਇੰਦਾ। ਸਤਿਜੁਗ ਸੁਣਾਏ ਸਚ ਹਦੀਸਾ, ਕਲਮਾ ਨਬੀ ਆਪ ਪੜ੍ਹਾਇੰਦਾ। ਲੇਖਾ ਜਾਣੇ ਰਾਗ ਛਤੀਸਾ, ਅਨਰਾਗੀ ਰਾਗ ਅਲਾਇੰਦਾ। ਏਕਾ ਛਤਰ ਝੁਲਾਏ ਸੀਸਾ, ਸ਼ਾਹ ਪਾਤਸ਼ਾਹ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਬੀਸ ਬੀਸ, ਹਰਿ ਸਾਚਾ ਸਚ ਜਣਾਈਆ। ਲੱਖ ਚੁਰਾਸੀ ਜਾਏ ਪੀਸ, ਕਲਜੁਗ ਚੱਕੀ ਅੰਤ ਚਲਾਈਆ। ਤ੍ਰੈਗੁਣ ਮਾਇਆ ਸਭ ਦਾ ਖਾਲੀ ਕਰੇ ਖੀਸ, ਸ਼ਾਹ ਸੁਲਤਾਨ ਦਰ ਦਰ ਦੇਣ ਦੁਹਾਈਆ। ਨੌਂ ਖੰਡ ਪ੍ਰਿਥਮੀ ਇਕ ਹਦੀਸ, ਸੱਤਾਂ ਦੀਪਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਪੰਧ ਮੁਕਾਈਆ। ਕਲਜੁਗ ਮੁੱਕੇ ਅੰਤਮ ਪੰਧ, ਪਾਂਧੀ ਆਪਣਾ ਪੰਧ ਮੁਕਾਇੰਦਾ। ਕੋਈ ਨਾ ਖਾਏ ਰਸਨਾ ਜੂਠਾ ਝੂਠਾ ਗੰਦ, ਅੰਮ੍ਰਿਤ ਰਸ ਇਕ ਚਖਾਈਆ। ਮੇਟ ਮਿਟਾਏ ਭੇਖ ਪਖੰਡ, ਭੇਖੀ ਕੋਇ ਨਜ਼ਰ ਨਾ ਆਇੰਦਾ। ਆਤਮ ਪਰਮਾਤਮ ਗਾਏ ਛੰਦ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਬੀਸ ਬੀਸਾ ਅੰਤਮ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਮਹਿਮਾ ਅਗਣਤ ਗਿਣੀ ਨਾ ਜਾਈਆ। ਏਕੰਕਾਰਾ ਭੇਵ ਨਿਆਰ, ਆਪਣਾ ਪੜਦਾ ਦਏ ਉਠਾਈਆ। ਆਦਿ ਨਿਰੰਜਣ ਹੋ ਤਿਆਰ, ਤ੍ਰੈਭਵਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਆਪਣਾ ਨੂਰ ਦਏ ਦਰਸਾਈਆ। ਸ੍ਰੀ ਭਗਵਾਨ ਸਤ ਰੰਗ ਨਿਸ਼ਾਨਾ ਦਏ ਚਾੜ੍ਹ, ਦੋ ਜਹਾਨਾਂ ਆਪ ਵਖਾਈਆ। ਪਾਰਬ੍ਰਹਮ ਬ੍ਰਹਮ ਖੇਲ ਨਿਆਰ, ਅਨਭਵ ਆਪਣਾ ਖੇਲ ਜਣਾਈਆ। ਗੁਰਮੁਖ ਸਾਜਣ ਕਰ ਪਿਆਰ, ਸਗਲਾ ਸੰਗ ਨਿਭਾਈਆ। ਸਾਚੇ ਸੰਤਾਂ ਖੋਲ੍ਹ ਕਿਵਾੜ, ਆਤਮ ਪਰਮਾਤਮ ਪੜਦਾ ਲਾਹੀਆ। ਜਨ ਭਗਤਾਂ ਦੇਵੇ ਇਕ ਦੀਦਾਰ, ਸਵੱਛ ਸਰੂਪੀ ਰੂਪ ਧਰਾਈਆ। ਚਾਰ ਵਰਨਾਂ ਇਕ ਅਧਾਰ, ਘਰ ਏਕਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਗ ਅਲਾਈਆ। ਸਤਿਜੁਗ ਗਾਏ ਸਾਚਾ ਰਾਗ, ਰਾਗ ਰਾਗਨੀ ਭੇਵ ਨਾ ਆਇੰਦਾ। ਪੁਰਖ ਅਬਿਨਾਸ਼ੀ ਕੰਤ ਸੁਹਾਗ, ਲੱਖ ਚੁਰਾਸੀ ਨਾਰ ਆਪ ਹੰਢਾਇੰਦਾ। ਆਤਮ ਦੇਵੇ ਇਕ ਵੈਰਾਗ, ਪਰਮਾਤਮ ਖੇਲ ਕਰਾਇੰਦਾ। ਜਨਮ ਜਨਮ ਦਾ ਧੋਵੇ ਦਾਗ਼, ਦੁਰਮਤ ਮੈਲ ਆਪ ਧੁਵਾਇੰਦਾ। ਸੁਰਤੀ ਸ਼ਬਦੀ ਡੋਰ ਪਕੜੇ ਵਾਗ, ਵਾਗਾਂ ਆਪਣੇ ਹੱਥ ਰਖਾਇੰਦਾ। ਦੀਪਕ ਜੋਤ ਜਗਾਏ ਚਿਰਾਗ਼, ਅੰਧ ਅੰਧੇਰ ਗਵਾਇੰਦਾ। ਏਥੇ ਓਥੇ ਦੋ ਜਹਾਨ ਸੱਜਣ ਸਾਕ, ਹਰਿ ਸਤਿਗੁਰ ਸੰਗ ਰਖਾਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਗੁਰਮੁਖ ਆਪਣੀ ਬੂਝ ਬੁਝਾਇੰਦਾ। ਨੇਤਰ ਹਰਨ ਫਰਨ ਖੁਲ੍ਹੇ ਜਾਗ, ਜਾਗਰਤ ਜੋਤ ਇਕ ਜਗਾਇੰਦਾ। ਆਪੇ ਕਰੇ ਪੂਰਾ ਭਵਿਖਤ ਵਾਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਸਾਚਾ ਚਲੇ ਰਾਹ, ਰਹਿਬਰ ਹਰਿ ਹਰਿ ਆਪ ਅਖਵਾਈਆ। ਨਿਰਗੁਣ ਦੇਵੇ ਸਰਗੁਣ ਸਲਾਹ, ਸ਼ਬਦ ਸੁਨੇਹੜਾ ਇਕ ਸੁਣਾਈਆ। ਸਰਬ ਜੀਆਂ ਦਾ ਸਚ ਮਲਾਹ, ਸੋ ਪੁਰਖ ਨਿਰੰਜਣ ਆਪ ਅਖਵਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖੇ ਥਾਉਂ ਥਾਂ, ਜਲ ਥਲ ਮਹੀਅਲ ਫੇਰਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਹਰਿਜਨ ਸਾਚੇ ਪਕੜੇ ਬਾਂਹ, ਘਰ ਘਰ ਵਿਚ ਮੇਲ ਮਿਲਾਈਆ। ਸਤਿ ਜਪਾਏ ਇਕ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਬ੍ਰਹਮ ਦਏ ਪਰਗਟਾਈਆ। ਹੰ ਬ੍ਰਹਮ ਏਕਾ ਅੱਖਰ, ਬਿਨ ਅੱਕਸ਼ਰ ਆਪ ਜਣਾਇੰਦਾ। ਤੋੜਨਹਾਰਾ ਬਜਰ ਕਪਾਟੀ ਪੱਥਰ, ਨਾਮ ਖੰਡਾ ਇਕ ਚਮਕਾਇੰਦਾ। ਨੇਤਰ ਨੀਰ ਵਿਰੋਲੇ ਅੱਥਰ, ਭੇਵ ਕੋਇ ਨਾ ਪਾਇੰਦਾ। ਪੰਜ ਵਿਕਾਰਾ ਕਰੇ ਸੱਥਰ, ਬਲ ਆਪਣਾ ਆਪ ਜਣਾਇੰਦਾ। ਆਪੇ ਚੋਟੀ ਚੜ੍ਹ ਕੇ ਬੈਠਾ ਸਿਖਰ, ਦਿਸ ਕਿਸੇ ਨਾ ਆਇੰਦਾ। ਆਦਿ ਜੁਗਾਦੀ ਮਾਤ ਪਿਤ ਪਿਸਰ, ਪਿਤਾ ਪੂਤ ਵੇਸ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਭੇਵ ਖੁਲ੍ਹਾਇੰਦਾ। ਸਤਿਜੁਗ ਭੇਵ ਜਾਏ ਖੁਲ੍ਹ, ਸ੍ਰੀ ਭਗਵਾਨ ਆਪ ਖੁਲ੍ਹਾਈਆ। ਹਰਿ ਭਗਤ ਬਣਾਏ ਸਾਚੀ ਕੁਲ, ਕੁਲਵੰਤਾ ਇਕ ਰਘੁਰਾਈਆ। ਸਚ ਫੁਲਵਾੜੀ ਜਾਏ ਫੁਲ, ਪੱਤ ਡਾਲ੍ਹੀ ਆਪ ਮਹਿਕਾਈਆ। ਸੰਤ ਸੁਹੇਲਾ ਸਾਚੇ ਕੰਡੇ ਜਾਏ ਤੁਲ, ਨਾਮ ਤੋਲਾ ਏਕਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਲਏ ਪਰਗਟਾਈਆ। ਸਤਿਜੁਗ ਪਰਗਟੇ ਵਿਚ ਜੱਗ, ਜੀਵਣ ਜੁਗਤ ਹਰਿ ਜਣਾਇੰਦਾ। ਹੰਸ ਬਣਾਏ ਫੜ ਫੜ ਕਗ, ਸੋਹੰ ਹੰਸਾ ਚੋਗ ਚੁਗਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਅਗਨੀ ਤੱਤ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਆਪੇ ਸੱਦ, ਆਪਣੀ ਬੂਝ ਬੁਝਾਇੰਦਾ। ਅਨਹਦ ਨਾਦ ਵਜਾਏ ਨਦ, ਧੁਨ ਆਤਮਕ ਰਾਗ ਸੁਣਾਇੰਦਾ। ਆਤਮ ਸੇਜਾ ਬਹੇ ਸਜ, ਪਰਮਾਤਮ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਸਾਚਾ ਮਾਰਗ ਏਕੰਕਾਰ, ਏਕਾ ਏਕ ਲਗਾਈਆ। ਲੇਖਾ ਚੁੱਕੇ ਜੁਗ ਚੌਕੜੀ ਚਾਰ, ਨਵ ਨੌਂ ਰਹਿਣ ਨਾ ਪਾਈਆ। ਸ੍ਰਿਸ਼ਟ ਸਬਾਈ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣ ਰਹੀ ਵਹਾਈਆ। ਪੀਰ ਪੈਗ਼ੰਬਰ ਮੁੱਲਾ ਸ਼ੇਖ਼ ਮੁਸਾਇਕ ਦਸਤਗੀਰ ਨਾ ਕੋਇ ਅਧਾਰ, ਦਸਤ ਬਰਦਾਰ ਹੋਈ ਲੋਕਾਈਆ। ਜਗਤ ਅੰਧੇਰਾ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਵਖਾਈਆ। ਕਾਗਦ ਕਲਮ ਲਿਖ ਲਿਖ ਗਏ ਹਾਰ, ਹਰਿ ਕਾ ਨਾਮ ਹਿਰਦੇ ਨਾ ਕੋਇ ਵਸਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ, ਵਸਣ ਠੱਗ ਚੋਰ ਯਾਰ, ਠਾਕਰ ਨਜ਼ਰ ਕੋਇ ਨਾ ਆਈਆ। ਧਰਨੀ ਧਰਤ ਧਵਲ ਨੇਤਰ ਰੋਵੇ ਜ਼ਾਰੋ ਜ਼ਾਰ, ਪ੍ਰਭ ਅੱਗੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਬੇਅੰਤ ਤੇਰੀ ਵਡਿਆਈਆ। ਅਸੀਂ ਲਿਖ ਲਿਖ ਲੇਖਾ ਦੱਸ ਕੇ ਗਏ ਵਿਚ ਸੰਸਾਰ, ਪੜ੍ਹ ਪੜ੍ਹ ਭੇਵ ਕੋਇ ਨਾ ਪਾਈਆ। ਤੇਰਾ ਭੁਲਿਆ ਨਾਉਂ ਹਰਿ ਨਿਰੰਕਾਰ, ਸਾਚਾ ਵਣਜ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹੁਕਮ ਆਪ ਵਰਤਾਈਆ। ਕਲਜੁਗ ਤੇਰੀ ਅੰਤਮ ਕਾਰ, ਕਰਤਾ ਪੁਰਖ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਇੰਦਾ। ਗੁਰ ਕਾ ਸ਼ਬਦ ਨਾ ਸਕੇ ਕੋਇ ਵਿਚਾਰ, ਰਸਨਾ ਪੜ੍ਹ ਪੜ੍ਹ ਵਾਦ ਵਧਾਇੰਦਾ। ਕਾਇਆ ਮੰਦਰ ਅੰਦਰ ਬੰਦ ਨਾ ਖੋਲ੍ਹੇ ਕੋਈ ਕਿਵਾੜ, ਗੁਰਦਰ ਮੰਦਰ ਮਸਜਦ ਸ਼ਿਵਦਵਾਲੇ ਜੀਵ ਜੰਤ ਫੇਰਾ ਪਾਇੰਦਾ। ਤ੍ਰੈਗੁਣ ਅਗਨੀ ਤਪੇ ਹਾੜ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਲਗਾਇਆ ਅਖਾੜ, ਧੀਰਜ ਧੀਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਪੜਦਾ ਆਪ ਉਠਾਇੰਦਾ। ਕਲਜੁਗ ਪੜਦਾ ਜਾਏ ਉਠ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਸਤਿਜੁਗ ਉਪਰ ਗਿਆ ਤੁਠ, ਸਿਰ ਆਪਣਾ ਹੱਥ ਟਿਕਾਈਆ। ਕੂੜ ਕੁੜਿਆਰਾ ਕੱਢੇ ਕੁੱਟ, ਨਾਮ ਚੰਡ ਪਰਚੰਡ ਚਮਕਾਈਆ। ਨੌਂ ਖੰਡ ਪ੍ਰਿਥਮੀ ਪਏ ਲੁੱਟ, ਸ਼ਾਹ ਸੁਲਤਾਨ ਰਹਿਣ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਭਾਗ ਗਏ ਨਿਖੁਟ, ਭਾਵੀ ਕੂਕ ਕੂਕ ਸੁਣਾਈਆ। ਮਾਨਸ ਨਾਤਾ ਜਾਏ ਤੁਟ, ਬੰਧਨ ਫੇਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਖੇਲ ਕਰਾਈਆ । ਸਤਿਜੁਗ ਉਠੇ ਸਾਚਾ ਸੁਤ, ਸਤਿ ਪੁਰਖ ਨਿਰੰਜਣ ਆਪ ਉਠਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਈਆ। ਭਗਤਾਂ ਮੌਲੇ ਸਾਚੀ ਰੁੱਤ, ਰੁੱਤ ਬਸੰਤੀ ਇਕ ਵਖਾਈਆ। ਭਾਗ ਲਗਾਏ ਪੰਜ ਤੱਤ ਕਾਇਆ ਬੁੱਤ, ਘਰ ਮੰਦਰ ਵੱਜੇ ਵਧਾਈਆ। ਨਿਰਗੁਣ ਸਰਗੁਣ ਅੰਦਰ ਪਏ ਉਠ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਆਪਣਾ ਖੇਲ ਕਰਾਈਆ। ਸਤਿਜੁਗ ਖੇਲ ਕਰੇ ਸਮਰਥ, ਕਲਜੁਗ ਕੂੜਾ ਪਾਰ ਕਰਾਈਆ। ਸਤਿ ਸਤਿਵਾਦੀ ਚਲਾਏ ਰਥ, ਸਤਿਗੁਰ ਪੂਰਾ ਹੋ ਸਹਾਈਆ। ਚਾਰ ਵਰਨਾਂ ਏਕਾ ਮਾਰਗ ਦੱਸ, ਏਕਾ ਰਾਹ ਦਏ ਵਖਾਈਆ। ਇਕ ਸੁਣਾਏ ਸਾਚੀ ਗਥ, ਸੋਹੰ ਢੋਲਾ ਆਪੇ ਗਾਈਆ। ਦਰਗਹਿ ਸਾਚੀ ਦੀ ਸਾਚੀ ਵਥ, ਸ੍ਰਿਸ਼ਟ ਸਬਾਈ ਝੋਲੀ ਆਪੇ ਪਾਈਆ। ਘਰ ਮੰਦਰ ਬਹਿ ਬਹਿ ਗਾਏ ਜਸ, ਕਾਇਆ ਬੰਕ ਬੰਕ ਸੁਹਾਈਆ। ਸੁਰਤੀ ਸ਼ਬਦੀ ਮੇਲ ਮਿਲਾਵਾ ਹੱਸ ਹੱਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਏਕਾ ਲਾਈਆ। ਸਤਿਜੁਗ ਮਾਰਗ ਆਤਮ ਪਰਮਾਤਮ ਨਾਤਾ, ਨਰ ਨਰਾਇਣ ਜੋੜ ਜੁੜਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ ਖੇਲ ਤਮਾਸ਼ਾ, ਤ੍ਰੈਗੁਣ ਆਪਣਾ ਪੜਦਾ ਲਾਹਿੰਦਾ। ਸਾਚੇ ਮੰਦਰ ਬਹਿ ਬਹਿ ਪਾਏ ਰਾਸਾ, ਗੋਪੀ ਕਾਹਨ ਆਪ ਨਚਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਭਰਵਾਸਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਬੰਧਨ ਪਾਇੰਦਾ। ਸਤਿਜੁਗ ਸਾਚਾ ਬੰਧਨ ਪਾਏ ਡੋਰ, ਡੋਰੀ ਆਪਣੇ ਹੱਥ ਰਖਾਈਆ। ਸ਼ਬਦੀ ਗੁਰ ਬੰਨਣਹਾਰਾ ਪੰਜ ਚੋਰ, ਚੋਰੀ ਕਰਨ ਕੋਇ ਨਾ ਜਾਈਆ। ਤੱਤ ਵਿਕਾਰ ਨਾ ਪਾਏ ਸ਼ੋਰ, ਛੁਰੀ ਹੱਕ ਆਪ ਚਲਾਈਆ। ਲਹਿਣਾ ਚੁਕਾਏ ਤੋਰ ਮੋਰ, ਤੇਰਾ ਮੇਰਾ ਆਪਣਾ ਰੂਪ ਵਖਾਈਆ। ਪਾਵੇ ਸਾਰ ਅੰਧ ਘੋਰ, ਡੂੰਘੀ ਭਵਰੀ ਫੋਲ ਫੋਲਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਚੜ੍ਹੇ ਸਾਚੇ ਘੋੜ, ਅਗੰਮੀ ਘੋੜਾ ਆਪ ਦੁੜਾਈਆ। ਕਲਜੁਗ ਅੰਤਮ ਚੌਥੇ ਜੁਗ ਜੋਤੀ ਮਾਰੇ ਪੌੜ, ਗੋਬਿੰਦ ਮੀਤਾ ਸੱਚਾ ਮਾਹੀਆ। ਲੱਖ ਚੁਰਾਸੀ ਵੇਖੇ ਰੀਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਜਣਾਏ ਜਨ, ਜਨ ਜਨਨੀ ਆਪ ਅਖਵਾਇੰਦਾ। ਏਕਾ ਰਾਗ ਸੁਣਾਏ ਕੰਨ, ਨਾਦੀ ਨਾਦ ਵਜਾਇੰਦਾ। ਬੰਨਣਹਾਰਾ ਮਨੂਆਂ ਮਨ, ਮਨ ਵਾਸਨਾ ਆਪ ਮਿਟਾਇੰਦਾ। ਭਾਗ ਲਗਾਏ ਕਾਇਆ ਪੰਜ ਤੱਤ ਤਨ, ਸੋਹੰ ਢੋਲਾ ਆਪ ਸੁਣਾਇੰਦਾ। ਪੰਚ ਵਿਕਾਰਾ ਦੇਵੇ ਡੰਨ, ਸ਼ਰਅ ਸ਼ਰੀਅਤ ਨਾ ਕੋਇ ਵਖਾਇੰਦਾ। ਸਚ ਵਸੇਰਾ ਬਿਨ ਛੱਪਰੀ ਛੰਨ, ਸਚਖੰਡ ਦੁਆਰੇ ਸੋਭਾ ਪਾਇੰਦਾ। ਜੋ ਘੜੇ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਇੰਦਾ। ਸਤਿਜੁਗ ਬੇੜਾ ਆਪੇ ਬੰਨ੍ਹ, ਬਣ ਖੇਵਟ ਖੇਟਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਧਾਰਾ ਆਪ ਚਲਾਇੰਦਾ। ਸਾਚੀ ਧਾਰਾ ਭਗਤ ਭਗਵੰਤ, ਲੋਕਮਾਤ ਚਲਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਕਰਾਈਆ। ਨਿਰਗੁਣ ਸਰਗੁਣ ਵੇਸ ਵਟਾਏ ਜੁਗਾ ਜੁਗੰਤ, ਗੁਰ ਅਵਤਾਰ ਨਾਉਂ ਧਰਾਈਆ । ਕਲਜੁਗ ਅੰਤਮ ਖੇਲ ਕਰੇ ਸ੍ਰੀ ਭਗਵੰਤ, ਮਹਿਬਾਨ ਬੀਦੋ ਬੀ ਖੈਰ ਯਾ ਅੱਲਾਹ, ਭੇਵ ਕੋਇ ਨਾ ਪਾਈਆ। ਆਪ ਉਠਾਏ ਗੁਰਮੁਖ ਸਾਚੇ ਸੰਤ, ਸਤਿਗੁਰ ਆਪਣੀ ਦਇਆ ਕਮਾਈਆ। ਏਕਾ ਨਾਉਂ ਮਣੀਆਂ ਮੰਤ, ਮਨ ਕਾ ਮਣਕਾ ਦਏ ਭੁਵਾਈਆ। ਮੇਲ ਮਿਲਾਵਾ ਸਾਚੀ ਸੰਗਤ, ਹਰਿ ਸੰਗਤ ਮੇਲਾ ਸਹਿਜ ਸੁਭਾਈਆ। ਨਾਤਾ ਤੁੱਟੇ ਭੁੱਖ ਨੰਗਤ, ਵਸਤ ਅਮੋਲਕ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਸ ਕਰ, ਸਤਿਜੁਗ ਸਾਚਾ ਮਾਤ ਧਰ, ਸੋਹੰ ਸੋ ਕਰੇ ਕੁੜਮਾਈਆ। ਸੋਹੰ ਸ਼ਬਦ ਧੁਰ ਦੀ ਧਾਰ, ਧਰਨੀ ਧਰਤ ਧਵਲ ਟਿਕਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਜਗਤ ਨੇਤਰ ਦਿਸ ਨਾ ਆਇੰਦਾ। ਅੰਤਰ ਅੰਤਰ ਵੱਜੇ ਸਿਤਾਰ, ਤੰਦੀ ਤੰਦ ਨਾ ਕੋਇ ਰਖਾਇੰਦਾ। ਰਸਨਾ ਜਿਹਵਾ ਨਾ ਕੋਇ ਵਿਚਾਰ, ਬੱਤੀ ਦੰਦ ਨਾ ਕੋਇ ਸਲਾਹਿੰਦਾ। ਗੁਫ਼ਤ ਸ਼ਨੀਦ ਏਕਾ ਕਾਰ, ਜ਼ਾਹਰ ਜ਼ਹੂਰ ਵੇਸ ਵਟਾਇੰਦਾ। ਜਨ ਭਗਤਾਂ ਪੈਜ ਦਏ ਸਵਾਰ, ਭਗਵਨ ਆਪਣੀ ਦਇਆ ਕਮਾਇੰਦਾ। ਸਚ ਮਹੱਲਾ ਕਰ ਤਿਆਰ, ਉਚ ਅਟੱਲਾ ਆਪ ਬਣਾਇੰਦਾ। ਛੱਤੀ ਯੁਗ ਦਾ ਕਰਜ਼ ਉਤਾਰ, ਮਕਰੂਜ ਆਪਣਾ ਕਰਜ਼ ਅਦਾ ਕਰਾਇੰਦਾ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਹੁਕਮੀ ਹੁਕਮ ਦੇਵੇ ਏਕਾ ਵਾਰ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਕਲਜੁਗ ਰਹੇ ਨਾ ਵਿਚ ਸੰਸਾਰ, ਸਤਿਜੁਗ ਸਾਚਾ ਮਾਰਗ ਲਾਇੰਦਾ। ਦੋਹਾਂ ਵਿਚੋਲਾ ਆਪ ਨਿਰੰਕਾਰ, ਲਹਿਣਾ ਦੇਣਾ ਦੇਣਾ ਲਹਿਣਾ ਸਭ ਦੀ ਝੋਲੀ ਪਾਇੰਦਾ। ਭਾਣਾ ਸਹਿਣਾ ਸਰਬ ਸੰਸਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਧਰ, ਸਾਚਾ ਸ਼ਬਦ ਆਪ ਵਰਤਾਇੰਦਾ। ਸਾਚਾ ਸ਼ਬਦ ਸਾਚੀ ਵਸਤ, ਹਰਿ ਸਤਿਗੁਰ ਆਪ ਵਰਤਾਈਆ। ਗੁਰਮੁਖਾਂ ਦੇਵੇ ਦਸਤ ਬਦਸਤ, ਜਗਤ ਉਧਾਰ ਨਾ ਕੋਇ ਕਰਾਈਆ। ਏਕਾ ਰੰਗ ਵਖਾਏ ਕੀਟ ਹਸਤ, ਊਚਾਂ ਨੀਚਾਂ ਏਕਾ ਘਰ ਬਹਾਈਆ। ਏਕਾ ਨਾਮ ਖੁਮਾਰੀ ਦੇਵੇ ਮਸਤ, ਜੋ ਜਨ ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਸਮਰਥ ਪੁਰਖ ਸਾਚਾ ਨਾਉਂ, ਕਲਜੁਗ ਅੰਤ ਆਪ ਚਲਾਇੰਦਾ। ਨਿਥਾਂਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਆਪ ਬਹਾਇੰਦਾ। ਚਾਰ ਵਰਨਾਂ ਪਕੜੇ ਬਾਂਹੋਂ, ਵਰਨ ਬਰਨ ਨਾ ਕੋਇ ਰਖਾਇੰਦਾ। ਜਨ ਭਗਤਾਂ ਬਣੇ ਪਿਤਾ ਮਾਉਂ, ਸਾਚੇ ਸੰਤ ਗੋਦ ਸੁਹਾਇੰਦਾ। ਗੁਰਮੁਖ ਜਪਾਏ ਏਕਾ ਨਾਉਂ, ਨਿਰਗੁਣ ਨਿਰੰਕਾਰ ਏਕਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਜੀਆ ਦਾਨ, ਨੌਂ ਖੰਡ ਪ੍ਰਿਥਮੀ ਇਕ ਗਿਆਨ, ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਜਗਦੀਸ ਮੇਲ ਮਿਲਾਇੰਦਾ।
