Granth 11 Likhat 143: 14 Chet 2019 Bikarmi Samund Singh de Greh Pind Madhi Megha Jila Amritsar

੧੪ ਚੇਤ ੨੦੧੯ ਬਿਕ੍ਰਮੀ ਸਮੁੰਦ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੇਘਾ ਜ਼ਿਲਾ ਅੰਮ੍ਰਿਤਸਰ

ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਹਰਿ ਅਖਵਾਇੰਦਾ। ਵਸਣਹਾਰਾ ਧਾਮ ਨਿਆਰ, ਮਹੱਲ ਅਟੱਲ ਡੇਰਾ ਲਾਇੰਦਾ। ਨਿਰਗੁਣ ਨਿਰਗੁਣ ਖੇਲ ਕਰੇ ਅਪਾਰ, ਭੇਵ ਕੋਇ ਨਾ ਪਾਇੰਦਾ। ਸ਼ਬਦੀ ਸ਼ਬਦ ਖੇਲ ਅਪਾਰ, ਬ੍ਰਹਿਮੰਡ ਖੰਡ ਆਪਣਾ ਰਾਗ ਅਲਾਇੰਦਾ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਪੰਚਮ ਮੇਲਾ ਜੋੜ ਸੰਸਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਆਪ ਕਰਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਆਦਿ ਪੁਰਖ ਕਰਾਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਭੇਵ ਚੁਕਾਈਆ। ਰਵ ਸਸ ਸੂਰਜ ਚੰਦ ਮੰਡਲ ਮੰਡਪ ਦੇਵੇ ਦਾਨ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਲੱਖ ਚੁਰਾਸੀ ਕਰ ਪਰਵਾਨ, ਜੋਤ ਨਿਰੰਜਣ ਦੀਆ ਬਾਤੀ ਇਕ ਟਿਕਾਈਆ। ਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਫ਼ਰਮਾਣ, ਗ੍ਰਹਿ ਮੰਦਰ ਆਪ ਸੁਣਾਈਆ। ਨਿਰਗੁਣ ਸਰਗੁਣ ਕਰ ਪਰਵਾਨ, ਲੇਖਾ ਜਾਣੇ ਜੀਵ ਜਹਾਨ, ਈਸ਼ ਜੀਵ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੰਧਨ ਆਪੇ ਪਾਈਆ। ਆਪਣਾ ਬੰਧਨ ਪੰਜ ਤੱਤ, ਨਿਰਗੁਣ ਸਰਗੁਣ ਆਪ ਰਖਾਇੰਦਾ। ਪੁਰਖ ਅਕਾਲ ਇਕ ਸਮਰਥ, ਮਹਿਮਾ ਅਕਥ ਆਪ ਜਣਾਇੰਦਾ। ਜੁਗ ਜੁਗ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਗੁਰ ਅਵਤਾਰਾਂ ਮਾਰਗ ਦੱਸ, ਸਾਚੇ ਧੰਦੇ ਆਪੇ ਲਾਇੰਦਾ। ਹਿਰਦੇ ਅੰਤਰ ਆਪੇ ਵਸ, ਆਪਣੀ ਬੂਝ ਬੁਝਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇੰਦਾ। ਦੋ ਜਹਾਨ ਸ੍ਰੀ ਭਗਵਾਨ ਆਪੇ ਪਾਏ ਆਪਣੀ ਰਾਸ, ਗੋਪੀ ਕਾਹਨ ਆਪ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇੰਦਾ। ਆਪਣੀ ਖੇਲ ਕਰੇ ਕਰਤਾਰ, ਕੁਦਰਤ ਕਰਤਾ ਵੇਖ ਵਖਾਈਆ। ਲੱਖ ਚੁਰਾਸੀ ਕਰ ਤਿਆਰ, ਤ੍ਰੈਗੁਣ ਅਤੀਤਾ ਵੇਖੇ ਚਾਈਂ ਚਾਈਂਆ। ਮੰਦਰ ਅੰਦਰ ਖੋਲ੍ਹ ਕਿਵਾੜ, ਸਾਚੀ ਸੇਜਾ ਆਸਣ ਲਾਈਆ। ਸ਼ਬਦ ਅਗੰਮੀ ਇਕ ਧੁੰਨਕਾਰ, ਧੁੰਨ ਅਨਾਦੀ ਆਪ ਸੁਣਾਈਆ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਅਲਾਈਆ। ਆਤਮ ਪਰਮਾਤਮ ਕਰ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਈਆ। ਵਸਣਹਾਰਾ ਧਾਮ ਨਿਆਰ, ਲੋਕਮਾਤ ਵੇਸ ਵਟਾਈਆ। ਜੁਗ ਕਰਤਾ ਹੋਏ ਖ਼ਬਰਦਾਰ, ਆਪਣੀ ਖ਼ਬਰ ਆਪ ਸੁਣਾਈਆ। ਲੇਖਾ ਜਾਣੇ ਵੇਦ ਚਾਰ, ਸ਼ਾਸਤਰ ਸਿਮਰਤ ਪੁਰਾਨ ਅਠਾਰਾਂ ਆਪਣਾ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਭੇਵ ਅਭੇਦਾ ਰੱਖੇ ਹੱਥ, ਭੇਵ ਕੋਇ ਨਾ ਪਾਇੰਦਾ। ਪਾਰਬ੍ਰਹਮ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਜੁਗ ਚੌਕੜੀ ਮਹਿਮਾ ਅਕੱਥ, ਕਥਨੀ ਕਥ ਕਥ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਆਪਣਾ ਵੇਸ ਵਟਾਈਆ। ਭੇਵ ਖੁਲ੍ਹਾਏ ਸਾਚੇ ਸੰਤ, ਭਗਤ ਭਗਵੰਤ ਦਏ ਵਡਿਆਈਆ। ਜੁਗ ਜੁਗ ਤੋੜੇ ਗੜ੍ਹ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਆਪਣੀ ਕਿਰਤ ਕਮਾਈਆ। ਕਰਨੀ ਕਰਤਾ ਕਰਨੇਹਾਰਾ, ਆਦਿ ਜੁਗਾਦੀ ਖੇਲ ਕਰਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਗੁਰ ਅਵਤਾਰ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਅਲਖ ਅਗੋਚਰ ਅਗੰਮ ਅਥਾਹ, ਭੇਵ ਅਭੇਦਾ ਭੇਵ ਨਾ ਕੋਇ ਜਣਾਇੰਦਾ। ਮੇਲ ਮਿਲਾਵਾ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸ ਦੇਵੀ ਦੇਵ ਸੁਰਪਤ ਰਾਜਾ ਇੰਦ ਗੁਣੀ ਗਹਿੰਦਾ ਆਪਣਾ ਖੇਲ ਕਰਾਇੰਦਾ। ਆਦਿ ਸ਼ਕਤ ਨੂਰ ਨੁਰਾਨਾ ਚਤੁਰਭੁਜ ਭੇਵ ਖੁਲ੍ਹਾਏ ਗੁਝ, ਆਪਣਾ ਪੜਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਆਪਣਾ ਰਾਹ ਚਲਾਇੰਦਾ। ਜੁਗਾ ਜੁਗੰਤਰ ਚਲੇ ਰਾਹ, ਰਹਿਬਰ ਹਰਿ ਰਘੁਰਾਈਆ। ਨਿਰਗੁਣ ਸਰਗੁਣ ਦਏ ਸਲਾਹ, ਏਕਾ ਅੱਖਰ ਕਰ ਪੜ੍ਹਾਈਆ। ਪੱਤਤ ਪੁਨੀਤਾ ਠਾਂਡਾ ਸੀਤਾ ਬਣੇ ਆਪ ਮਲਾਹ, ਲੱਖ ਚੁਰਾਸੀ ਬੇੜਾ ਆਪ ਉਠਾਈਆ। ਏਕੰਕਾਰਾ ਹਰਿ ਨਿਰੰਕਾਰਾ ਸਤਿ ਜੈਕਾਰਾ ਸ਼ਬਦ ਸੁਣਾਏ ਆਪਣਾ ਨਾਂ, ਸਾਚਾ ਢੋਲਾ ਆਪੇ ਗਾਈਆ। ਨਿਰਗੁਣ ਸਰਗੁਣ ਪੜਦਾ ਉਹਲਾ ਦਏ ਚੁਕਾ, ਦੂਈ ਦਵੈਤੀ ਆਤਮ ਤਾਕੀ ਕੁੰਡਾ ਲਾਹੀਆ। ਮਹੱਲ ਅਟੱਲ ਕਰ ਰੁਸ਼ਨਾ, ਘਰ ਵਿਚ ਘਰ ਦਏ ਵਖਾ, ਆਤਮ ਪਰਮਾਤਮ ਮੇਲ ਮਿਲਾਈਆ। ਕੂੜਾ ਧੰਦਾ ਆਪ ਲਗਾ, ਖ਼ਾਕੀ ਪੰਧ ਦਏ ਭੁਲਾ, ਮਨਮਤ ਨਾਲ ਰਲਾਈਆ। ਪੰਚ ਵਿਕਾਰਾਂ ਦਏ ਤਪਾ, ਕਾਮ ਕਰੋਧ ਲੋਭ ਮੋਹ ਹੰਕਾਰ ਹੋਏ ਹਲਕਾ, ਸਾਂਤਕ ਸਤਿ ਨਾ ਕੋਇ ਕਰਾਈਆ। ਜੁਗਾ ਜੁਗੰਤਰ ਦੀਨਨ ਦੁਖੀਆਂ ਦਰਦ ਲਏ ਵੰਡਾ, ਹੰਕਾਰੀ ਗੜ੍ਹ ਦਏ ਤੁੜਾ, ਨਾਮ ਖੰਡਾ ਵਿਚ ਬ੍ਰਹਿਮੰਡਾਂ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਰੇ ਖੇਲ ਇਕ ਇਕੱਲਾ, ਬੇਪਰਵਾਹ ਬੇਅੰਤ ਅਖਵਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਫੜੌਦਾ ਆਇਆ ਪੱਲਾ, ਸਾਚੇ ਭਗਤਾਂ ਸੰਗ ਨਿਭਾਇੰਦਾ। ਜੋਤੀ ਸ਼ਬਦੀ ਨਿਰਗੁਣ ਸਰਗੁਣ ਆਪੇ ਰਲਾ, ਲੱਖ ਚੁਰਾਸੀ ਕਾਇਆ ਮੰਦਰ ਡੂੰਘੀ ਕੰਦਰ ਸੋਭਾ ਪਾਇੰਦਾ। ਸਚ ਸੰਦੇਸ ਨਰ ਨਰੇਸ਼ ਸ੍ਰੀ ਭਗਵਾਨ ਏਕਾ ਘੱਲਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਵਸਣਹਾਰਾ ਜਲਾਂ ਥਲਾਂ, ਸਮੁੰਦ ਸਾਗਰ ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਆਪਣੇ ਦੀਪਕ ਆਪੇ ਬਲਾ, ਨੂਰੀ ਨੂਰ ਇਲਾਹੀ ਅੱਲਾ, ਨੂਰ ਨੁਰਾਨਾ ਡਗਮਗਾਇੰਦਾ। ਮੁਕਾਮੇ ਹੱਕ ਆਪੇ ਖੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹ ਦਾਤਾਰਾ, ਹਰਿ ਜੂ ਆਪਣੀ ਦਇਆ ਕਰਾਈਆ। ਲੇਖਾ ਜਾਣੇ ਜੁਗ ਚਾਰਾ, ਚੌਕੜੀ ਆਪਣਾ ਬੰਧਨ ਪਾਈਆ। ਵੇਖ ਵਖਾਣੇ ਵੇਦ ਚਾਰਾ, ਸ਼ਾਸਤਰ ਸਿਮਰਤ ਨਾਲ ਰਲਾਈਆ। ਲਹਿਣਾ ਦੇਣਾ ਚੁਕਾਏ ਗੁਰ ਅਵਤਾਰਾ, ਪੀਰ ਪੈਗ਼ੰਬਰ ਔਲੀਏ ਮੁੱਲਾਂ ਸ਼ੇਖ਼ ਮੁਸਾਇਕ ਬਾਕੀ ਕੋਇ ਰਹਿਣ ਨਾ ਪਾਈਆ। ਵੇਖੇ ਵਿਗਸੇ ਵੇਖਣਹਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਈਆ। ਕਲਜੁਗ ਅੰਤਮ ਹੋ ਉਜਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰਾ, ਆਪਣੀ ਧਾਰ ਆਪ ਸਮਝਾਈਆ। ਅਲੱਖ ਅਗੋਚਰ ਅਗੰਮ ਅਥਾਹ, ਆਪਣੀ ਖੇਲ ਖਿਲਾਇੰਦਾ। ਵਸਣਹਾਰਾ ਸਚਖੰਡ ਸਚ ਮਕਾਨ, ਬੇਮਕਾਨ ਫੇਰਾ ਪਾਇੰਦਾ। ਆਦਿ ਜੁਗਾਦਿ ਨਾ ਹੋਏ ਫਨਾਹ, ਬਿਸਮਲ ਆਪਣੀ ਧਾਰ ਚਲਾਇੰਦਾ। ਰਹਿਬਰ ਬਣ ਆਪ ਖ਼ੁਦਾ, ਖ਼ੁਦੀ ਤਕਬਰ ਸਰਬ ਮਿਟਾਇੰਦਾ। ਏਕਾ ਹਕ਼ੀਕ਼ਤ ਦਏ ਜਣਾ, ਸਹੀ ਸਲਾਮਤ ਨਜ਼ਰੀ ਆਇੰਦਾ। ਕਲਮਾ ਅਮਾਮ ਦਏ ਪੜ੍ਹਾ, ਕਾਇਨਾਤ ਆਪ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਤਬਕ ਚੌਦਾਂ ਲੋਕ ਫੇਰਾ ਪਾ, ਤ੍ਰੈਭਵਣ ਧਨੀ ਆਪਣੀ ਖੇਲ ਕਰਾਇੰਦਾ। ਕਾਗਦ ਕਲਮ ਲਿਖ ਲਿਖ ਥੱਕੀ ਛਾਹ, ਅੰਤ ਨਾ ਪਾਇਆ ਬੇਪਰਵਾਹ, ਬੇਅੰਤ ਬੇਅੰਤ ਨਾਨਕ ਨਿਰਗੁਣ ਨਿਰਗੁਣ ਗਾਇੰਦਾ। ਸਾਚਾ ਢੋਲਾ ਇਕ ਸੁਣਾ, ਚਾਰ ਵਰਨ ਗਿਆ ਸਮਝਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾ, ਆਤਮ ਪਰਮਾਤਮ ਕਰ ਕੁੜਮਾਈਆ। ਜਗਤ ਵਿਚੋਲਾ ਬਣ ਮਲਾਹ, ਜੋਤੀ ਜੋਤ ਕਰ ਰੁਸ਼ਨਾ, ਸ਼ਬਦੀ ਸੁਰਤ ਮੇਲ ਮਿਲਾ, ਆਤਮ ਅੰਤਰ ਜਗਤ ਬਸੰਤਰ ਦਏ ਬੁਝਾ, ਅੰਮ੍ਰਿਤ ਮੇਘ ਦਏ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਕਰੇ ਕਰਤਾਰਾ, ਕਰਨਹਾਰ ਆਪ ਅਖਵਾਇੰਦਾ। ਨੌਂ ਸੌ ਚੁਰਾਨਵੇ ਜੁਗ ਵਿਸ਼ਨ ਬ੍ਰਹਮਾ ਸ਼ਿਵ ਦਏ ਸਹਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਨਾਲ ਮਿਲਾਇੰਦਾ। ਸਾਚੇ ਸੰਤਾਂ ਖੋਲ੍ਹ ਕਿਵਾੜਾ, ਅੰਤਰ ਮੰਤਰ ਬੂਝ ਬੁਝਾਇੰਦਾ। ਆਦਿ ਜੁਗਾਦਿ ਖੇਲ ਬ੍ਰਹਿਮਾਦ, ਸ਼ਬਦ ਅਨਾਦ ਦੋ ਜਹਾਨਾਂ ਆਪ ਸੁਣਾਇੰਦਾ। ਆਪਣੇ ਵਿਚੋਂ ਆਪਾ ਕਾਢ, ਪੂਤ ਸਪੂਤਾ ਕਰੇ ਲਾਡ, ਜੋਤੀ ਜਾਤਾ ਪੁਰਖ ਬਿਧਾਤਾ ਲੱਖ ਚੁਰਾਸੀ ਬੰਨ੍ਹੇ ਨਾਤਾ, ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਧ ਆਪ ਹੰਢਾਇੰਦਾ। ਕਲਜੁਗ ਮਧ ਖੇਲ ਅਵੱਲਾ, ਏਕਾ ਏਕ ਏਕ ਕਰਾਈਆ। ਆਪ ਫੜਾਏ ਆਪਣਾ ਪੱਲਾ, ਪੱਲੂ ਆਪਣੇ ਨਾਲ ਬੰਧਾਈਆ। ਬਿਸਮਲ ਹੋ ਕੇ ਆਪੇ ਰੱਲਾ, ਆਲਮੀਨ ਇਕ ਖ਼ੁਦਾਈਆ। ਸਚ ਸੰਦੇਸ ਨਰ ਨਰੇਸ ਏਕਾ ਘੱਲਾ, ਮੁਹੰਮਦ ਕਰੇ ਸਚ ਪੜ੍ਹਾਈਆ। ਤੀਸ ਬੱਤੀਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹਦੀਸ ਇਕ ਸੁਣਾਈਆ। ਸਚ ਹਦੀਸ ਏਕਾ ਵਾਰ, ਏਕੰਕਾਰਾ ਆਪ ਜਣਾਇੰਦਾ। ਬੰਦ ਕਿਵਾੜਾ ਖੋਲ੍ਹ ਦਵਾਰ, ਦਰ ਦਰਵਾਜ਼ਾ ਆਪ ਵਖਾਇੰਦਾ। ਦਰ ਦਰਵੇਸ਼ ਬਣੇ ਭਿਖਾਰ, ਨਰ ਨਰੇਸ਼ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਮੁਹੰਮਦ ਉਠ ਕਰੇ ਵਿਚਾਰ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੀ ਕਿਰਪਾ ਪਰਵਰਦਿਗਾਰ, ਤੇਰਾ ਨੂਰ ਮੋਹੇ ਨਜ਼ਰੀ ਆਈਆ। ਤੇਰਾ ਜਲਵਾ ਅਪਰ ਅਪਾਰ, ਬੇਪਰਵਾਹ ਤੇਰੀ ਸ਼ਹਿਨਸ਼ਾਹੀਆ। ਮੈਂ ਬੈਠਾ ਦਰ ਭਿਖਾਰ, ਤੇਰੇ ਅੱਗੇ ਝੋਲੀ ਡਾਹੀਆ। ਕਲਜੁਗ ਮਿਲਿਆ ਮੀਤ ਮੁਰਾਰ, ਗਲਵਕੜੀ ਰਿਹਾ ਪਾਈਆ। ਆਪਣਾ ਦੱਸੇ ਸਾਰਾ ਹਾਲ, ਚਾਰ ਲੱਖ ਬੱਤੀ ਹਜ਼ਾਰ ਮੇਰੀ ਆਯੂ ਲਿਖ ਲਿਖ ਲੇਖ ਸਮਝਾਈਆ। ਮੈਂ ਕੂੜ ਕੁੜਿਆਰਾ ਗਿਆ ਹਾਰ, ਚਾਰੋਂ ਕੁੰਟ ਕੁੰਟ ਲਲਕਾਰ, ਜੀਵ ਜੰਤ ਜੰਤ ਸਮਝਾਈਆ। ਮੇਰਾ ਕੋਈ ਨਾ ਕਰੇ ਪਿਆਰ, ਰਲੀਆਂ ਮਾਣੇ ਨਾ ਵਿਚ ਸੰਸਾਰ, ਦੁਹਾਗਣ ਨਾਰ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਗਤ ਵਿਚੋਲਾ ਸਾਚਾ ਢੋਲਾ ਕਲਜੁਗ ਪੜਦਾ ਉਹਲਾ ਦਏ ਚੁਕਾਈਆ। ਕਲਜੁਗ ਮੇਲਾ ਸੰਗ ਮੁਹੰਮਦ, ਮੁਹੰਮਦ ਸੰਗ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਚਾੜ੍ਹੇ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵਜਾਏ ਮਰਦੰਗ, ਘਰ ਘਰ ਨਾਦ ਸੁਣਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਦਇਆਵਾਨ ਆਪਣੀ ਦਇਆ ਕਮਾਇੰਦਾ। ਤੇਰਾ ਲੇਖਾ ਚੌਧਵੀਂ ਚੰਦ, ਚੰਦ ਚਾਂਦਨੀ ਆਪ ਚਮਕਾਇੰਦਾ। ਚੌਦਾਂ ਸਦ ਤੇਰਾ ਪੰਧ, ਬਣ ਪਾਂਧੀ ਰਾਹ ਚਲਾਇੰਦਾ। ਚੌਦਾਂ ਤਬਕਾਂ ਤੇਰਾ ਛੰਦ, ਹੱਕ ਹਕ਼ੀਕ਼ਤ ਇਕ ਵਖਾਇੰਦਾ। ਅੰਤਮ ਕਰੇ ਖੰਡ ਖੰਡ, ਖੰਡਾ ਖੜਗ ਹੱਥ ਰਖਾਇੰਦਾ। ਨਾਨਕ ਗੋਬਿੰਦ ਕਰੇ ਤੇਰੀ ਵੰਡ, ਵੰਡਣ ਵੰਡ ਆਪ ਵੰਡਾਇੰਦਾ। ਲੇਖਾ ਚੁੱਕੇ ਜੇਰਜ ਅੰਡ, ਉਤਭੁਜ ਸੇਤਜ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦਾ ਜਗਤ ਲੇਖਾ ਜੁਗ ਕਰਤਾ ਆਪ ਰਖਾਇੰਦਾ। ਜੁਗ ਕਰਤਾ ਕਰਨੇ ਯੋਗ, ਯੋਗ ਜੁਗੀਸ਼ਰ ਭੇਵ ਨਾ ਆਈਆ। ਹਰਿ ਕਰਤਾ ਜਾਣੇ ਧੁਰ ਸੰਜੋਗ, ਗੁਰ ਅਵਤਾਰਾਂ ਮੇਲ ਮਿਲਾਈਆ। ਗੁਰ ਕਰਤਾ ਕੱਟਣਹਾਰਾ ਦੂਈ ਦਵੈਤੀ ਰੋਗ, ਪੀਰ ਪੈਗ਼ੰਬਰ ਆਪ ਪੜ੍ਹਾਈਆ। ਹਰਿ ਕਰਤਾ ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕਾਂ ਚਰਨਾਂ ਹੇਠ ਦਬਾਈਆ। ਹਰਿ ਕਰਤਾ ਆਦਿ ਜੁਗਾਦਿ ਇਕ ਜਣਾਏ ਆਪਣੀ ਓਟ, ਦੂਸਰ ਨਜ਼ਰ ਕੋਇ ਨਾ ਆਈਆ। ਆਦਿ ਪੁਰਖ ਨਿਰਮਲ ਜੋਤ, ਸ਼ਬਦ ਗੁਰੂ ਗੁਰੂ ਸਮਝਾਈਆ। ਲੱਖ ਚੁਰਾਸੀ ਕਿਲਾ ਕੋਟ, ਬੰਕ ਦੁਵਾਰਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਕਰੇ ਖੇਲ ਸਾਚਾ ਨਰ, ਨਰ ਨਰਾਇਣ ਵਡੀ ਵਡਿਆਈਆ। ਹਰਿ ਜੂ ਹਰਿ ਨਰ ਨਰਾਇਣ, ਨਿਰਗੁਣ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਰਸਨਾ ਕਹਿ ਕਹਿ ਸਰਬ ਸੁਣਾਇੰਦਾ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਪੁਰਖ ਅਕਾਲ ਨੇਤਰ ਪੇਖੇ ਨੈਣ, ਨੈਣ ਨੈਣ ਨਾਲ ਮਿਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਸਭ ਦਾ ਚੁਕਾਏ ਲਹਿਣ ਦੇਣ, ਬਾਕੀ ਨਜ਼ਰ ਕੋਇ ਨਾ ਆਇੰਦਾ। ਸ੍ਰਿਸ਼ਟ ਸਬਾਈ ਬਣੇ ਸਾਕ ਸੱਜਣ ਸੈਣ, ਹਿੰਦੂ ਮੁਸਲਮ ਸਿੱਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੇ ਗਲੇ ਲਗਾਇੰਦਾ। ਜ਼ਾਤ ਪਾਤ ਬਣਾਏ ਸਾਕ ਸੱਜਣ ਭਾਈ ਭੈਣ, ਘਰ ਸਾਚੇ ਮੇਲ ਮਿਲਾਇੰਦਾ। ਤਨ ਬਸਤਰ ਇਕ ਪਹਿਨਾਏ ਸਾਚਾ ਗਹਿਣ, ਨਾਮ ਖੰਡਾਂ ਤਨ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਜੁਗ ਜੁਗ ਲੇਖਾ ਜਾਏ ਚੁੱਕ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਗਏ ਉਠ, ਆਪਣਾ ਪੰਧ ਮੁਕਾਈਆ। ਕਲਜੁਗ ਅੰਤ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਛੁਪ, ਕਲਜੁਗ ਜੀਵ ਕੂੜੀ ਕਿਰਿਆ ਰਹੇ ਕਮਾਈਆ। ਨਾ ਕੋਈ ਮਾਨਸ ਨਾ ਮਨੁਖ, ਮਾਨਵ ਆਪਣਾ ਰੰਗ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਭੁਲਿਆ ਅਬਿਨਾਸ਼ੀ ਅਚੁੱਤ, ਚੇਤਨ ਰੂਪ ਨਾ ਕੋਇ ਵਖਾਈਆ। ਆਪਣੀ ਜੜ੍ਹ ਆਪੇ ਰਹੇ ਪੁੱਟ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਮਿਲਾਈਆ। ਨਾਤਾ ਜੁੜ੍ਹਿਆ ਜੂਠ ਝੂਠ, ਸਚ ਸੁੱਚ ਨਾ ਕੋਇ ਕੁੜਮਾਈਆ। ਕਿਸੇ ਦਰ ਨਾ ਦਿਸੇ ਬਸੰਤੀ ਰੁੱਤ, ਪੱਤ ਡਾਲ੍ਹੀ ਨਾ ਕੋਇ ਮਹਿਕਾਈਆ। ਸੇਜ ਸੁਹਾਏ ਮਾਤ ਪੁੱਤ, ਭੈਣ ਭਾਈ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ੍ਰੀ ਭਗਵਾਨਾ ਵਾਲੀ ਦੋ ਜਹਾਨਾਂ, ਕਲਜੁਗ ਅੰਤਮ ਮਨਮੁਖ ਜੀਵ ਧਰਤ ਮਾਤ ਦੀ ਗੋਦ ਰਹਿਣ ਨਾ ਪਾਈਆ। ਘਰ ਘਰ ਦਰ ਦਰ ਪਈ ਫੁੱਟ, ਜਗਤ ਵਾਸਨਾ ਰਹੀ ਲੁੱਟ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨ ਹਰਿ ਨਾਮੇ ਖਾਲੀ ਬੁੱਤ, ਰਾਮ ਕ੍ਰਿਸ਼ਨ ਨਾਨਕ ਗੋਬਿੰਦ ਈਸਾ ਮੂਸਾ ਮੁਹੰਮਦ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਲਜੁਗ ਅੰਤਮ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਇੰਦਾ। ਲਹਿਣਾ ਚੁੱਕੇ ਚਾਰ ਯਾਰਾ, ਯਾਰੀ ਜਗਤ ਨਾ ਕੋਇ ਨਿਭਾਇੰਦਾ। ਚਾਰ ਕੁੰਟ ਝੂਠ ਅਖਾੜਾ, ਆਸਾ ਤ੍ਰਿਸਨਾ ਨਾਚ ਨਚਾਇੰਦਾ। ਤ੍ਰੈਗੁਣ ਮਾਇਆ ਤੱਤੀ ਹਾੜਾ, ਪੰਚਮ ਤੱਤ ਤੱਤ ਜਲਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਸਾਚੀ ਸੇਜ ਨਾ ਕੋਇ ਹੰਢਾਇੰਦਾ। ਨਾ ਕੋਈ ਸ਼ਬਦ ਨਾਦ ਜੈਕਾਰਾ, ਜੈ ਜੈਕਾਰ ਨਾ ਕੋਇ ਅਲਾਇੰਦਾ। ਨੇਤਰ ਰੋਵੇ ਮੰਦਰ ਮਸਜਦ ਮੱਠ ਸ਼ਿਵਦਵਾਲ ਗੁਰਦੁਆਰਾ, ਹਰਿ ਗੁਰੂ ਗੁਰ ਨਜ਼ਰ ਕਿਸੇ ਨਾ ਆਇੰਦਾ। ਪੜ੍ਹ ਪੜ੍ਹ ਕਰੇ ਨਾ ਕੋਇ ਵਿਚਾਰਾ, ਰਸਨਾ ਵਾਦ ਸਰਬ ਵਖਾਇੰਦਾ। ਗੋਬਿੰਦ ਨਾਨਕ ਲਿਖ ਲਿਖ ਗਿਆ ਲਿਖਾਰਾ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਵੇਦ ਵਿਆਸ ਕਰੇ ਪੁਕਾਰਾ, ਕਲਜੁਗ ਅੰਤਮ ਪਰਗਟ ਹੋਵੇ ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਦਏ ਸਹਾਰਾ, ਨਿਹਕਲੰਕ ਨਾਉਂ ਰਖਾਇੰਦਾ। ਈਸਾ ਦੋਏ ਜੋੜ ਕਰੇ ਨਿਮਸਕਾਰਾ, ਮੇਰਾ ਪਰਵਰਦਿਗਾਰ ਮੇਰੇ ਪਿਛੇ ਮੇਰਾ ਰਾਹ ਤਕਾਇੰਦਾ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣ ਨਾ ਕੋਇ ਉਘਾੜਾ, ਅਮਾਮ ਅਮਾਮਾ ਮਿਹਬਾਨ ਬੀਦੋ ਆਪਣਾ ਖੇਲ ਖਿਲਾਇੰਦਾ। ਲੋਕਮਾਤ ਆਏ ਏਕੰਕਾਰਾ, ਅਕਲ ਕਲ ਆਪਣੀ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਵੇਖੇ ਵਿਚ ਸੰਸਾਰਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਪੁਰਖ ਸਮਰਥ, ਕਲਜੁਗ ਅੰਤ ਅੰਤ ਕਰਾਈਆ। ਲੱਖ ਚੁਰਾਸੀ ਪਾਏ ਨੱਥ, ਨਾਮ ਡੋਰੀ ਹੱਥ ਰਖਾਈਆ। ਪੂਰਬ ਲਹਿਣਾ ਹੋਵੇ ਬਸ, ਅੱਗੇ ਪੰਧ ਨਾ ਕੋਇ ਰਖਾਈਆ। ਚਾਰ ਵਰਨਾਂ ਪੂਰੀ ਕਰੇ ਆਸ, ਇਕ ਇਕੱਲਾ ਸ਼ਹਿਨਸ਼ਾਹੀਆ। ਘਟ ਘਟ ਜੋਤ ਕਰੇ ਪਰਕਾਸ਼, ਅੰਧ ਅੰਧੇਰ ਗਵਾਈਆ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼, ਗਗਨ ਮੰਡਲ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰੱਖੇ ਪਾਸ, ਸਗਲਾ ਸੰਗ ਆਪ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਨਾਉਂ ਪਰਗਟਾਈਆ। ਨਿਰਗੁਣ ਨਾਉਂ ਹਰਿ ਨਿਰੰਕਾਰਾ, ਆਪਣਾ ਆਪ ਜਣਾਇੰਦਾ। ਜੋਤੀ ਜੋਤ ਹੋ ਉਜਿਆਰਾ, ਪੰਜ ਤੱਤ ਚੋਲਾ ਆਪ ਤਜਾਇੰਦਾ। ਸੰਬਲ ਵਸਿਆ ਧਾਮ ਨਿਆਰਾ, ਸਾਢੇ ਤਿੰਨ ਹੱਥ ਆਸਣ ਲਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਦੋ ਜਹਾਨਾਂ ਆਪ ਵਖਾਇੰਦਾ। ਤਿੱਖੀਆਂ ਰੱਖੇ ਆਪੇ ਧਾਰਾ, ਲੋਹਾਰ ਤਰਖਾਣ ਨਾ ਕੋਇ ਬਣਾਇੰਦਾ। ਬਾਡੀ ਬਣਿਆ ਆਪ ਕਰਤਾਰਾ, ਲੋਕਮਾਤ ਵੇਸ ਵਟਾਇੰਦਾ। ਇਕੋ ਰੱਖਿਆ ਤਿੱਖਾ ਆਰਾ, ਦੋ ਜਹਾਨਾਂ ਚੀਰ ਚਿਰਾਇੰਦਾ। ਕਲਜੁਗ ਮੇਟੇ ਰੈਣ ਅੰਧਿਆਰਾ, ਅੰਧ ਅੰਧੇਰਾ ਮਾਤ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੰਡਾ ਆਪ ਸਮਝਾਇੰਦਾ। ਸਾਚਾ ਖੰਡਾ ਨਾਮ ਨਿਧਾਨ, ਹਰਿ ਜੂ ਹਰਿ ਹਰਿ ਆਪ ਬਣਾਇੰਦਾ। ਲਹਿਣਾ ਦੇਣਾ ਚੁਕਾਏ ਜ਼ਿਮੀਂ ਅਸਮਾਨ, ਜ਼ਾਬਰ ਜ਼ਬਰ ਖੇਲ ਕਰਾਇੰਦਾ। ਹੰਕਾਰੀਆਂ ਤੋੜੇ ਗੜ੍ਹ ਅਭਿਮਾਨ, ਅਭਿਮਾਨੀ ਕੋਇ ਰਹਿਣ ਨਾ ਪਾਇੰਦਾ। ਰਾਜ ਰਾਜਾਨਾਂ ਮੇਟੇ ਨਿਸ਼ਾਨ, ਸੀਸ ਤਾਜ ਨਾ ਕੋਇ ਟਿਕਾਇੰਦਾ। ਨੌਂ ਖੰਡ ਪ੍ਰਿਥਮੀ ਕਰੇ ਵੀਰਾਨ, ਆਪਣਾ ਤਰਸ ਨਾ ਕੋਇ ਕਮਾਇੰਦਾ। ਗੁਰਮੁਖ ਸੱਜਣ ਲਏ ਪਛਾਣ, ਲੱਖ ਚੁਰਾਸੀ ਵਿਚੋਂ ਆਪ ਉਠਾਇੰਦਾ। ਏਕਾ ਦੇਵੇ ਸਾਚਾ ਦਾਨ, ਨਾਮ ਦਾਨ ਝੋਲੀ ਪਾਇੰਦਾ। ਆਤਮ ਅੰਤਰ ਇਕ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਬ੍ਰਹਮ ਪਾਰਬ੍ਰਹਮ ਕਰ ਪਰਵਾਨ, ਆਪ ਆਪਣਾ ਰੰਗ ਵਖਾਇੰਦਾ। ਸਾਚਾ ਮੰਦਰ ਇਕ ਮਕਾਨ, ਗ੍ਰਹਿ ਹੱਟ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਖੇਲ ਕਰਾਇੰਦਾ । ਨਿਰਗੁਣ ਖੇਲ ਨਿਹਕਲੰਕ, ਸੋ ਪੁਰਖ ਨਿਰੰਜਣ ਆਪ ਕਰਾਈਆ। ਦੋ ਜਹਾਨਾਂ ਵਜਾਏ ਡੰਕ, ਡੌਰੂ ਆਪਣੇ ਹੱਥ ਉਠਾਈਆ। ਆਪ ਉਠਾਏ ਰਾਓ ਰੰਕ, ਸੋਇਆ ਕੋਇ ਰਹਿਣ ਨਾ ਪਾਈਆ। ਸਾਚਾ ਨਾਮ ਫੜੇ ਧਨਸ਼, ਚਿੱਲਾ ਹੋਰ ਨਾ ਕੋਇ ਉਠਾਈਆ। ਰਥ ਰਥਵਾਹੀ ਬਣੇ ਬੇਅੰਤ, ਕਲਜੁਗ ਅੰਤਮ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਸਾਚਾ ਖੇਲ ਕਰ ਅੰਤਮ ਅੰਤ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਲੱਖ ਚੁਰਾਸੀ ਵੇਖੇ ਜੀਵ ਜੰਤ, ਘਟ ਘਟ ਪੜਦਾ ਆਪੇ ਲਾਹਿੰਦਾ। ਗੁਰਮੁਖ ਮੇਲੇ ਸਾਚੇ ਸੰਤ, ਬਣ ਵਿਚੋਲਾ ਦਇਆ ਕਮਾਇੰਦਾ। ਲੇਖਾ ਜਾਣੇ ਨਾਰ ਕੰਤ, ਕੰਤ ਕੰਤੂਹਲ ਸੇਜ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾਇੰਦਾ। ਇਕ ਇਕੱਲਾ ਏਕੰਕਾਰਾ, ਦੂਜੀ ਕੁਦਰਤ ਆਪ ਵਖਾਈਆ। ਤੀਜੇ ਨੈਣ ਖੋਲ੍ਹ ਕਿਵਾੜਾ, ਚੌਥੇ ਪਦ ਕਰੇ ਰਸਾਈਆ। ਪੰਚਮ ਵੇਖ ਇਕ ਅਖਾੜਾ, ਛੇਵੇਂ ਘਰ ਖ਼ੁਸ਼ੀ ਮਨਾਈਆ। ਸੱਤਵੇਂ ਸਤਿ ਸਤਿਵਾਦੀ ਸਾਚੀ ਧਾਰਾ, ਅੱਠਾਂ ਤੱਤਾਂ ਆਪ ਜਣਾਈਆ। ਨੌਂਵੇ ਨੌਂ ਦਰ ਖੋਲ੍ਹੇ ਆਪ ਕਿਵਾੜਾ, ਦਸਵੇਂ ਆਪਣਾ ਰੰਗ ਰੰਗਾਈਆ। ਬੀਸ ਸੌ ਹੋ ਉਜਿਆਰਾ, ਵੀਹ ਦਸ ਖ਼ੁਸ਼ੀ ਮਨਾਈਆ । ਦਸ ਇਕ ਦੇ ਸਹਾਰਾ, ਸਾਢੇ ਤਿੰਨ ਹੱਥ ਮੂਲ ਚੁਕਾਈਆ। ਦਸ ਦੋ ਦੇ ਅਧਾਰਾ, ਨੌਂ ਦੁਆਰੇ ਪੰਧ ਮੁਕਾਈਆ। ਦਸ ਤਿੰਨ ਇਕ ਅਖਾੜਾ, ਰਾਜ ਰਾਜਾਨਾ ਸ਼ਾਹ ਸੁਲਤਾਨਾ ਮਾਟੀ ਖ਼ਾਕ ਵਖਾਈਆ। ਦਸ ਚਾਰ ਚੌਦਾਂ ਸਚ ਬਹਾਰਾ, ਜਨ ਭਗਤਾਂ ਏਕਾ ਇਕੀ ਪਾਈਆ। ਦਸ ਪੰਜ ਪੰਦਰਾਂ ਅਠਸਠ ਤੀਰਥ ਵੇਖੇ ਵੇਖਣਹਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣੇ ਚਰਨਾਂ ਹੇਠ ਰਖਾਈਆ। ਦਸ ਛੇ ਸੋਲਾਂ ਸੋਲਾਂ ਸ਼ਿਗਾਰ ਸੋਲਾਂ ਇਛਿਆ ਭਰ ਭੰਡਾਰਾ, ਕਲਜੁਗ ਕੂੜੀ ਕਿਰਿਆ ਦਏ ਵਖਾਈਆ। ਦਸ ਸੱਤ ਸਤਾਰਾਂ ਕਰੇ ਖੇਲ ਨਿਆਰਾ, ਪਰਗਟ ਹੋ ਵਿਚ ਸੰਸਾਰਾ, ਜਗਤ ਜਗਦੀਸ ਸੀਸ ਤਾਜ਼ ਇਕ ਟਿਕਾਈਆ। ਦਸ ਅਠ ਅਠਾਰਾਂ ਵੀਹ ਸੌ ਬਿਕ੍ਰਮੀ ਕਰੇ ਪਿਆਰਾ, ਰਾਸ਼ਟਰਪਤਿ ਕਰੇ ਖ਼ਬਰਦਾਰਾ, ਖੜਗ ਖੰਡਾ ਇਕ ਵਖਾਈਆ। ਬੀਸ ਬੀਸ ਅਪਰ ਅਪਾਰਾ, ਇਕ ਨੌਂ ਵਣਜ ਵਣਜਾਰਾ ਨੌਂ ਇਕ ਜਗਤ ਅਖਾੜਾ, ਜੀਵ ਜੰਤ ਜੰਤ ਜਣਾਈਆ। ਅੱਗ ਲੱਗੇ ਤੱਤੀ ਹਾੜਾ, ਨਾ ਕੋਈ ਸਕੇ ਮਾਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆ ਨਾਇਆ ਇਕ ਉਨੀਸਾ, ਲੇਖਾ ਜਾਣੇ ਮੂਸਾ ਈਸਾ ਕਾਲਾ ਸੂਸਾ ਤਨ ਪਹਿਨਾਈਆ। ਕਾਲਾ ਸੂਸਾ ਤਨ ਮੁਖ ਨਕ਼ਾਬ, ਬੇਨਕ਼ਾਬ ਖੇਲ ਕਰਾਇੰਦਾ। ਲੇਖਾ ਜਾਣੇ ਦੋ ਦੋ ਆਬ, ਦੋ ਜਹਾਨਾਂ ਵੇਖ ਵਖਾਇੰਦਾ। ਭੇਵ ਚੁਕਾਏ ਜ਼ਾਹਰ ਬਾਤਨ ਬਾਤ, ਅਨਭਵ ਆਪਣੀ ਧਾਰ ਚਲਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਨ ਚੜ੍ਹਾਇੰਦਾ। ਚਾਰ ਵਰਨ ਸੁਣਾਏ ਏਕਾ ਗਾਥ, ਸਾਚਾ ਢੋਲਾ ਆਪ ਸੁਣਾਇੰਦਾ। ਲਹਿਣਾ ਦੇਣਾ ਸਭ ਦਾ ਚੁੱਕੇ ਮਸਤਕ ਮਾਥ, ਪੂਰਬ ਝੋਲੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਇਆ ਨਾਇਆ ਏਕਾ ਘਰ ਘਰ ਭੇੜ ਭਿੜਾਇੰਦਾ। ਘਰ ਘਰ ਭੇੜ ਦੇਵੇ ਭੇੜ, ਭੇਵ ਨਾ ਕਿਸੇ ਜਣਾਈਆ। ਸੰਮਤ ਉਨੀਂ ਮਾਸ ਦਸ ਦਰ ਦਰ ਛੇੜਾਂ ਦੇਵੇ ਛੇੜ, ਛੇਕੜ ਆਪਣੇ ਹੱਥ ਰਖਾਈਆ। ਦੇਵਣਹਾਰਾ ਉਲਟਾ ਗੇੜ, ਨੌਂ ਖੰਡ ਰਿਹਾ ਭੁਵਾਈਆ। ਧਰਤ ਮਾਤ ਦਾ ਖੁਲ੍ਹਾ ਵੇਹੜ, ਏਕਾ ਵਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਬੇਪਰਵਾਹੀਆ। ਬੀਸ ਬੀਸਾ ਚੜ੍ਹੇ ਸੰਮਤ, ਸਿੰਮਤ ਹਰਿ ਹਰਿ ਵੇਖ ਵਖਾਇੰਦਾ। ਉਤਰ ਪੂਰਬ ਪੱਛਮ ਦੱਖਣ ਲੇਖਾ ਜਾਣੇ ਕਰ ਕਰ ਆਪਣੀ ਹਿੰਮਤ, ਦੂਜਾ ਬਲ ਨਾ ਕੋਇ ਜਣਾਇੰਦਾ। ਭੇਵ ਨਾ ਜਾਣੇ ਕੋਈ ਪੰਡਤ, ਮੁੱਲਾਂ ਸ਼ੇਖ਼ ਮੁਸਾਇਕ ਪੀਰ ਮਸਲਾ ਹੱਲ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਚੁਕਾਏ ਜੇਰਜ ਅੰਡਤ ਅੰਡਤ ਜੇਰਜ ਆਪਣੇ ਲੇਖੇ ਪਾਇੰਦਾ। ਬੀਸ ਬੀਸਾ ਹਾੜ ਸਤਾਰਾਂ, ਸਤਿ ਸਤਿ ਸਮਝਾਈਆ। ਸ੍ਰਿਸ਼ਟ ਸਬਾਈ ਕਰ ਖੁਆਰਾ, ਏਕਾ ਨਾਅਰਾ ਦਏ ਲਗਾਈਆ। ਸਰਬ ਜੀਆਂ ਦਾ ਸਾਂਝਾ ਯਾਰਾ, ਪਰਵਰਦਿਗਾਰ ਆਪ ਖ਼ੁਦਾਈਆ। ਰਾਮ ਰਹੀਮ ਨਜ਼ਰੀ ਆਏ ਅਗੰਮ ਅਪਾਰਾ, ਕਾਹਨਾ ਕ੍ਰਿਸ਼ਨਾ ਬੰਸਰੀ ਨਾਮ ਵਜਾਈਆ। ਮੁਕੰਦ ਮਨੋਹਰ ਲੱਖਮੀ ਨਰਾਇਣ ਦੇ ਸਹਾਰਾ, ਕਵਲ ਨੈਣ ਨੈਣ ਮਿਲਾਈਆ। ਕਲਮਾ ਕਲਾਮ ਕਾਇਨਾਤ ਬੋਲ ਜੈਕਾਰਾ, ਹੱਕ ਹੱਕ ਇਕ ਵਖਾਈਆ। ਸਤਿਨਾਮ ਨਾਮ ਸਤਿ ਵਣਜਾਰਾ, ਸਤਿ ਸਰੂਪ ਨਜ਼ਰੀ ਆਈਆ। ਫਤਹਿ ਡੰਕਾ ਅੰਤਮ ਵਾਰਾ, ਵਾਹਿਗੁਰੂ ਆਪਣੇ ਨਾਮ ਵਜਾਈਆ। ਸ੍ਰਿਸ਼ਟ ਸਬਾਈ ਚਾਰ ਵਰਨ ਚਾਰ ਕੁੰਟ ਚਾਰ ਖਾਣੀ ਚਾਰ ਬਾਣੀ ਏਕਾ ਗਾਏ ਨਾਅਰਾ, ਆਤਮ ਪਰਮਾਤਮ ਵਡ ਵਡਿਆਈਆ। ਬੀਸ ਬੀਸਾ ਹਰਿ ਜਗਦੀਸਾ ਛਤਰ ਝੁਲਾਏ ਏਕਾ ਸੀਸਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਿ ਜੈਕਾਰਾ, ਦੋ ਜਹਾਨ ਸੁਣਾਏ ਏਕਾ ਵਾਰਾ, ਬਿਨ ਰਸਨਾ ਜਿਹਵਾ ਕਰੇ ਪੜ੍ਹਾਈਆ। ਊਚ ਨੀਚ ਜ਼ਾਤ ਪਾਤ ਵਰਨ ਬਰਨ ਨਾ ਕੋਇ ਅਖਾੜਾ, ਬ੍ਰਹਮ ਪਾਰਬ੍ਰਹਮ ਏਕਾ ਘਰ ਵਖਾਈਆ। ਗੁਰਮੁਖ ਵਿਰਲਾ ਪਾਵੇ ਸਾਰਾ, ਸਤਿਗੁਰ ਬੁਝਾਏ ਬੁੱਝਣਹਾਰਾ, ਏਕਾ ਦੂਜਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਏਕ ਸੁਣਾਈਆ। ਸਚ ਸੰਦੇਸਾ ਸੁਨਣਾ ਕਾਨ, ਬਿਨ ਕੰਨਾਂ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਸਦਾ ਮਿਹਰਵਾਨ, ਮਿਹਰ ਆਪਣੀ ਆਪ ਰਖਾਇੰਦਾ। ਹਰਿ ਪੁਰਖ ਨਿਰੰਜਣ ਦਾਨੀ ਦਾਨ, ਵਸਤ ਅਮੋਲਕ ਆਪ ਵਰਤਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਸਤਿ ਸਤਿਵਾਦੀ ਨੂਰ ਡਗਮਗਾਇੰਦਾ। ਅਬਿਨਾਸ਼ੀ ਕਰਤਾ ਕਰੇ ਪਰਵਾਨ, ਧੁਰ ਪਰਵਾਨਾ ਇਕ ਸੁਣਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਮਾਣ, ਨਿਰਧਨ ਆਪਣੇ ਗਲੇ ਲਗਾਇੰਦਾ। ਨੌਂ ਖੰਡ ਪ੍ਰਿਥਮੀ ਇਕ ਦੁਕਾਨ, ਹਰਿ ਜੂ ਆਪਣੇ ਹੱਟ ਵਿਕਾਇੰਦਾ। ਚਾਰ ਵਰਨ ਦਾ ਇਕ ਮਕਾਨ, ਗ੍ਰਹਿ ਮੰਦਰ ਇਕ ਵਖਾਇੰਦਾ। ਸ੍ਰਿਸ਼ਟ ਸਬਾਈ ਇਕ ਇਮਾਨ, ਏਕਾ ਇਸ਼ਟ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਏਕਾ ਨਜ਼ਰੀ ਆਇੰਦਾ। ਪੁਰਖ ਅਕਾਲ ਏਕੋ ਏਕ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰਾਂ ਦੇਵੇ ਟੇਕ, ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵੰਤ ਕਰ ਬੁਧ ਬਿਬੇਕ, ਵਿਵੇਕੀ ਆਪਣਾ ਰੰਗ ਰੰਗਾਇੰਦਾ। ਬਿਨ ਨੇਤਰ ਲਏ ਵੇਖ, ਲੋਚਣ ਨੈਣ ਨਾ ਕੋਇ ਖੁਲ੍ਹਾਇੰਦਾ। ਹਰਿ ਕਾ ਰੂਪ ਮੁੱਛ ਦਾੜ੍ਹੀ ਨਾ ਕੋਈ ਕੇਸ, ਮੂੰਡ ਮੁੰਡਾਏ ਨਾ ਸੋਭਾ ਪਾਇੰਦਾ। ਆਦਿ ਜੁਗਾਦਿ ਰਹੇ ਹਮੇਸ, ਜੁਗ ਜੁਗ ਸੇਵ ਕਮਾਇੰਦਾ। ਸਦਾ ਸੁਹੇਲਾ ਇਕ ਅਕੇਲਾ ਨਰ ਨਰੇਸ਼, ਤਖ਼ਤ ਨਿਵਾਸੀ ਸਚਖੰਡ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨ ਇਕ ਗਿਆਨ, ਸਚ ਉਪਦੇਸ਼ ਆਪ ਸੁਣਾਇੰਦਾ। ਸਚ ਸੰਦੇਸ ਇਕ ਉਪਦੇਸ਼ ਕਰ ਉਤਪਤ, ਆਪਣੀ ਉਤਪਤ ਲਏ ਸਮਝਾਈਆ। ਸਰਬ ਜੀਆਂ ਦੇਵੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਨਿਰਗੁਣ ਨਿਰਗੁਣ ਬੁਝੇ ਤੱਤ, ਈਸ਼ ਜੀਵ ਹੋਏ ਕੁੜਮਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤੱਤ ਨਾ ਕੋਇ ਜਲਾਈਆ। ਸਰਬ ਜੀਆਂ ਪ੍ਰਭ ਰੱਖੇ ਪੱਤ, ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਗਾਏ ਇਕੋ ਜਸ, ਜਸ ਵੇਦ ਪੁਰਾਨਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦੇਵੇ ਇਕ ਗਿਆਨ, ਦੂਸਰ ਵੰਡ ਨਾ ਕੋਇ ਵੰਡਾਈਆ ।