Granth 11 Likhat 148: 16 Chet 2019 Bikarmi Bibi Paro Khalra Jila Amritsar

੧੬ ਚੇਤ ੨੦੧੯ ਬਿਕ੍ਰਮੀ ਬੀਬੀ ਪਾਰੋ ਖਾਲੜਾ ਜ਼ਿਲਾ ਅੰਮ੍ਰਿਤਸਰ

ਕਾਇਆ ਅੰਤਰ ਬ੍ਰਹਮ ਪਰਕਾਸ਼, ਪਾਰਬ੍ਰਹਮ ਪ੍ਰਭ ਨੂਰ ਦਰਸਾਈਆ। ਅਗਿਆਨ ਅੰਧੇਰ ਹੋਏ ਵਿਨਾਸ, ਸਤਿਗੁਰ ਪੂਰਾ ਦਇਆ ਕਮਾਈਆ। ਸੁਰਤੀ ਸ਼ਬਦੀ ਸਾਚੀ ਰਾਸ, ਗੋਪੀ ਕਾਹਨ ਖੇਲ ਕਰਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਜਿਸ ਜਨ ਆਪਣਾ ਰੰਗ ਵਖਾਈਆ। ਸਦਾ ਸੁਹੇਲਾ ਇਕ ਅਕੇਲਾ ਨਿਰਗੁਣ ਸਰਗੁਣ ਵਸੇ ਪਾਸ, ਵਿਛੜ ਕਦੇ ਨਾ ਜਾਈਆ। ਲੱਖ ਚੁਰਾਸੀ ਜਮ ਕੀ ਫਾਸੀ ਕੱਟਣਹਾਰਾ ਬੰਦ ਖ਼ੁਲਾਸ, ਬੰਦੀਖਾਨਾ ਦਏ ਤੁੜਾਈਆ। ਮਾਤ ਗਰਭ ਨਾ ਦਸ ਦਸ ਮਾਸ, ਉਲਟਾ ਬਿਰਖ ਨਾ ਅਗਨ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਜਿਸ ਦਿਵਾਈਆ। ਸਚ ਪਰਕਾਸ਼ ਸਾਚੇ ਘਰ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਕਾਇਆ ਅੰਤਰ ਆਪੇ ਵੜ, ਡੂੰਘੀ ਭਵਰੀ ਵੇਖ ਵਖਾਇੰਦਾ। ਪੰਚ ਵਿਕਾਰਾ ਲਏ ਫੜ, ਆਸਾ ਤ੍ਰਿਸ਼ਨਾ ਮਾਇਆ ਮਮਤਾ, ਹਉਮੇ ਹੰਗਤਾ ਡੇਰਾ ਢਾਹਿੰਦਾ। ਆਪਣੀ ਕਿਰਪਾ ਆਪੇ ਕਰ, ਘਰ ਘਰ ਵਿਚ ਖੇਲ ਕਰਾਇੰਦਾ। ਸੁਖਮਨ ਟੇਢੀ ਬੰਕ ਪਾਰ ਕਰ, ਰੂਪ ਅਨੂਪ ਆਪ ਦਰਸਾਇੰਦਾ । ਨਿਰਮਲ ਜੋਤ ਦੀਆ ਬਾਤੀ ਆਪੇ ਧਰ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਕਾਇਆ ਅੰਤਰ ਖੇਲ ਅਪਾਰਾ, ਘਰ ਘਰ ਵਿਚ ਆਪ ਜਣਾਈਆ। ਖੋਲ੍ਹਣਹਾਰਾ ਬੰਦ ਕਿਵਾੜਾ, ਆਤਮ ਤਾਕੀ ਕੁੰਡਾ ਲਾਹੀਆ। ਸ਼ਬਦ ਅਨਾਦੀ ਧੁੰਨ ਜੈਕਾਰਾ, ਰਾਗੀ ਰਾਗ ਸੁਣਾਈਆ। ਅੱਠੇ ਪਹਿਰ ਮੰਗਲਾਚਾਰਾ, ਦਿਵਸ ਰੈਣ ਖ਼ੁਸ਼ੀ ਮਨਾਈਆ। ਬਿਨ ਤੇਲ ਬਾਤੀ ਏਕਾ ਦੀਪਕ ਕਰ ਉਜਿਆਰਾ, ਘਰ ਘਰ ਵਿਚ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਿਆਰਾ, ਸੇਜ ਸੁਹੰਜਣੀ ਦਏ ਵਡਿਆਈਆ। ਸੁਰਤੀ ਸ਼ਬਦ ਪੁਰਖ ਨਾਰਾ, ਨਾਰੀ ਕੰਤ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦਏ ਅਧਾਰਾ, ਅੰਸ ਬੰਸ ਆਪ ਸੁਹਾਈਆ। ਆਤਮ ਪਰਮਾਤਮ ਬਣ ਵਣਜਾਰਾ, ਸਾਚਾ ਵਣਜ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਬੂਝ ਬੁਝਾਈਆ। ਕਰੇ ਪਰਕਾਸ਼ ਬਿਨ ਤੇਲ ਬਾਤੀ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਭਗਤਨ ਮੇਲਾ ਭਗਵੰਤ ਕਮਲਾਪਾਤੀ, ਕਵਲ ਨੈਣ ਨੈਣ ਆਪਣਾ ਆਪ ਖੁਲ੍ਹਾਇੰਦਾ। ਅੰਮ੍ਰਿਤ ਦੇਵੇ ਬੂੰਦ ਸਵਾਂਤੀ, ਨਿਝਰ ਝਿਰਨਾ ਆਪ ਝਿਰਾਇੰਦਾ। ਮੇਟ ਮਿਟਾਏ ਅੰਧੇਰੀ ਰਾਤੀ, ਕੂੜੀ ਕਿਰਿਆ ਮੋਹ ਚੁਕਾਇੰਦਾ। ਸ਼ਬਦ ਅਗੰਮੀ ਸੁਣਾਏ ਸਾਖੀ, ਆਪਣਾ ਭੇਵ ਆਪ ਖੁਲ੍ਹਾਇੰਦਾ। ਖੋਲ੍ਹਣਹਾਰਾ ਬੰਦ ਤਾਕੀ, ਦਰ ਦਰਵਾਜ਼ਾ ਇਕ ਰਖਾਇੰਦਾ। ਆਤਮ ਪਰਮਾਤਮ ਦੇਵੇ ਝਾਕੀ, ਪੜਦਾ ਉਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਇਕ ਸਮਝਾਇੰਦਾ। ਸਚ ਪਰਕਾਸ਼ ਗੁਰ ਕਾ ਗਿਆਨ, ਗੁਰ ਗੁਰ ਸ਼ਬਦ ਸ਼ਬਦ ਵਡਿਆਈਆ। ਦਿਵਸ ਰੈਣ ਇਕ ਧਿਆਨ, ਸੁਰਤੀ ਸ਼ਬਦੀ ਬੰਧਨ ਪਾਈਆ। ਕਾਇਆ ਮੰਦਰ ਸਚ ਮਕਾਨ, ਘਰ ਠਾਕਰ ਨਜ਼ਰੀ ਆਈਆ। ਸੁਆਮੀ ਖੇਲ ਕਰੇ ਮਿਹਰਵਾਨ, ਅਨਭਵ ਆਪਣਾ ਰੂਪ ਦਰਸਾਈਆ। ਸਤਿ ਸਤਿਵਾਦੀ ਹੋ ਪਰਧਾਨ, ਸਤਿ ਪੁਰਖ ਨਿਰੰਜਣ ਆਪਣੀ ਖੇਲ ਵਖਾਈਆ। ਈਸ਼ ਜੀਵ ਦੇਵੇ ਦਾਨ, ਜਗਦੀਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਨੂਰ ਨੂਰ ਦਰਸਾਈਆ। ਨੂਰ ਨੁਰਾਨਾ ਏਕੰਕਾਰ, ਕਵਲ ਨੈਣ ਆਪ ਅਖਵਾਇੰਦਾ। ਜਨ ਭਗਤਾਂ ਦੇਵੇ ਦਰਸ ਦੀਦਾਰ, ਭਗਤਾਂ ਦਰਸਨ ਆਪੇ ਪਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇੰਦਾ। ਰੂਪ ਅਨੂਪ ਰਾਮ ਰਮਈਆ ਖੇਲ ਅਪਾਰ, ਗ਼ਰੀਬ ਨਿਮਾਣੇ ਆਪਣੇ ਗਲੇ ਲਗਾਇੰਦਾ। ਗੜ੍ਹ ਹੰਕਾਰੀ ਤੋੜ ਸੰਸਾਰ, ਸਾਚਾ ਖੇਲ ਆਪ ਜਣਾਇੰਦਾ। ਮੁਕੰਦ ਮਨੋਹਰ ਲੱਖਮੀ ਨਰਾਇਣ ਨੇਤਰ ਆਪਣਾ ਇਕ ਉਘਾੜ, ਚੌਦਾਂ ਲੋਕ ਚਰਨਾਂ ਹੇਠ ਰਖਾਇੰਦਾ। ਭਗਤ ਭਗਵੰਤ ਮੇਲ ਮਿਲਾਏ ਵਿਚ ਸੰਸਾਰ, ਆਤਮ ਪਰਮਾਤਮ ਬੂਝ ਬੁਝਾਇੰਦਾ। ਨਾਮ ਬੰਸਰੀ ਅਗੰਮ ਅਪਾਰ, ਮਧੁਰ ਧੁੰਨ ਆਪ ਸੁਣਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਆਪ ਅਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਆਤਮ ਪਰਮਾਤਮ ਪੜਦਾ ਆਪ ਉਠਾਇੰਦਾ। ਆਤਮ ਪਰਮਾਤਮ ਪੜਦਾ ਚੁੱਕ, ਆਪਣਾ ਭੇਵ ਖੁਲ੍ਹਾਈਆ। ਕਾਇਆ ਮੰਦਰ ਅੰਦਰ ਜੋ ਬੈਠਾ ਲੁਕ, ਰੂਪ ਅਨੂਪ ਲਏ ਪਰਗਟਾਈਆ। ਜਨਮ ਜਨਮ ਦੀ ਮੇਟੇ ਤ੍ਰਿਸਨਾ ਭੁੱਖ, ਜਿਸ ਜਨ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਰਕਾਸ਼ ਜੁਗਾ ਜੁਗੰਤਰ ਆਪਣੇ ਨਾਮ ਦਏ ਵਡਿਆਈਆ। ਹਰਿ ਕਾ ਨਾਉਂ ਵੱਡਾ ਵਡ, ਭੇਵ ਕੋਇ ਨਾ ਪਾਇੰਦਾ। ਜੁਗਾ ਜੁਗੰਤਰ ਦੋ ਜਹਾਨਾਂ ਨਿਸ਼ਾਨਾ ਗੱਡ, ਲੋਆਂ ਪੁਰੀਆਂ ਬ਼੍ਰਹਿਮੰਡਾਂ ਖੰਡਾਂ ਆਪ ਝੁਲਾਇੰਦਾ। ਭੇਵ ਅਭੇਦਾ ਕਿਸੇ ਨਾ ਜਣਾਏ ਆਪਣੀ ਹੱਦ, ਪਾਰ ਕਿਨਾਰਾ ਆਪਣੇ ਹੱਥ ਰਖਾਇੰਦਾ। ਬੋਧ ਅਗਾਧਾ ਇਕ ਵਜਾਏ ਸਾਚਾ ਨੱਦ, ਤੁਰੀਆ ਰਾਗ ਨਾਦ ਅਲਾਇੰਦਾ। ਵੇਖਣਹਾਰਾ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਜਨ ਭਗਤਾਂ ਸਾਚਾ ਸਾਜਣ ਸਾਜ, ਭਗਵਨ ਆਪਣਾ ਭੇਵ ਖੁਲ੍ਹਾਇੰਦਾ। ਨਾਮ ਅਮੋਲਕ ਦੇਵੇ ਦਾਤ, ਕਾਇਆ ਚੋਲੀ ਆਪ ਭਰਾਇੰਦਾ। ਬੈਠਾ ਰਹੇ ਇਕ ਇਕਾਂਤ, ਅਕਲ ਕਲ ਆਪਣੀ ਖੇਲ ਕਰਾਇੰਦਾ। ਸੰਤ ਸੁਹੇਲਾ ਸਾਚੇ ਸੰਤਾਂ ਪੁੱਛੇ ਵਾਤ, ਸਤਿਗੁਰ ਆਪਣਾ ਰੂਪ ਵਟਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਨਾ ਕੋਇ ਤੁੜਾਇੰਦਾ। ਅੰਤਰ ਆਤਮ ਇਕ ਪਰਕਾਸ਼, ਬਣ ਪਰਕਾਸ਼ੀ ਆਪ ਪਰਗਟਾਇੰਦਾ। ਹਰਿ ਕਾ ਨੂਰ ਨਾ ਹੋਏ ਵਿਨਾਸ਼, ਅਬਿਨਾਸ਼ੀ ਆਪਣਾ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਮੰਦਰ ਸਾਚਾ ਖੇਲ ਕਰਾਇੰਦਾ। ਕਾਇਆ ਮੰਦਰ ਸਾਚਾ ਰੰਗ, ਹਰਿ ਰੰਗ ਰੰਗੀਲਾ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਸੋਭਾ ਪਾਈਆ। ਨਾਦ ਅਨਾਦੀ ਇਕ ਮਰਦੰਗ, ਅਨਹਦ ਰਾਗ ਸੁਣਾਈਆ। ਡੂੰਘੀ ਭਵਰੀ ਆਪੇ ਲੰਘ, ਆਪਣੇ ਮੰਦਰ ਆਪੇ ਸੋਭਾ ਪਾਈਆ। ਕਰੇ ਖੇਲ ਸੂਰਾ ਸਰਬੰਗ, ਪੁਰਖ ਅਕਾਲ ਵਡੀ ਵਡਿਆਈਆ। ਅੰਦਰ ਬਾਹਰ ਇਕੋ ਅਨੰਦ, ਨਿਜਾਨੰਦ ਅਨੰਦ ਰਸਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਕੋਟਨ ਕੋਟ ਰਵ ਸਸ ਪਰਕਾਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਆਪਣੀ ਭਗਤੀ ਲਾਈਆ। ਸਾਚੀ ਭਗਤੀ ਹਰਿ ਭਗਵਾਨ, ਆਦਿ ਜੁਗਾਦਿ ਦ੍ਰਿੜਾਇੰਦਾ। ਸਤਿ ਸਤਿਵਾਦੀ ਧੁਰ ਫ਼ਰਮਾਣ, ਨਾਮ ਨਿਧਾਨਾ ਆਪ ਸੁਣਾਇੰਦਾ। ਲੇਖਾ ਜਾਣੇ ਦੋ ਜਹਾਨ, ਜੀਵ ਜੰਤ ਲੱਖ ਚੁਰਾਸੀ ਘਰ ਘਰ ਆਪਣਾ ਆਸਣ ਲਾਇੰਦਾ। ਗੁਰਮੁਖ ਵਿਰਲਾ ਚਤਰ ਸੁਘੜ ਸੁਜਾਨ, ਜਿਸ ਜਨ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਕਰ ਪਰਵਾਨ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਬੰਧਨ ਪਾਇੰਦਾ। ਬਣੇ ਵਿਚੋਲਾ ਵਿਚ ਜਹਾਨ, ਜੀਵਣ ਜੁਗਤ ਇਕ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਆਪੇ ਵੇਖੇ ਆਣ, ਰਾਮਾ ਕ੍ਰਿਸ਼ਨਾ ਰੂਪ ਵਟਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨੌਂ ਖੰਡ ਪ੍ਰਿਥਮੀ ਖੇਲ ਕਰਾਇੰਦਾ। ਸੱਤਾਂ ਦੀਪਾਂ ਏਕਾ ਆਣ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਗਿਆਨ, ਆਪ ਆਪਣੀ ਬੂਝ ਬੁਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲੋਕਮਾਤ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਸਚ ਸੰਦੇਸਾ ਇਕ ਜਣਾਇੰਦਾ। ਲੇਖਾ ਜਾਣੇ ਵੇਦ ਪੁਰਾਨ, ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਖਾਣੀ ਬਾਣੀ ਆਪਣਾ ਹੁਕਮ ਵਰਤਾਇੰਦਾ। ਭਗਤ ਭਗਵੰਤ ਲਏ ਪਛਾਣ, ਸਾਚੇ ਸੰਤਾਂ ਦੇਵੇ ਮਾਣ, ਚਰਨ ਕਵਲ ਉਪਰ ਧਵਲ ਏਕਾ ਓਟ ਰਖਾਇੰਦਾ। ਕਲਜੁਗ ਅੰਤਮ ਹੋ ਪਰਧਾਨ, ਨਿਰਗੁਣ ਰੂਪ ਸ੍ਰੀ ਭਗਵਾਨ, ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਮਾਰ ਧਿਆਨ, ਚਾਰੋਂ ਕੁੰਟ ਆਪਣਾ ਨੈਣ ਉਠਾਇੰਦਾ। ਰੈਣ ਅੰਧੇਰੀ ਮੇਟੇ ਆਣ, ਕੂੜੀ ਕਿਰਿਆ ਮੋਹ ਮਿਟਾਇੰਦਾ। ਸਾਚਾ ਮਾਰਗ ਸ੍ਰੀ ਭਗਵਾਨ, ਲੋਕਮਾਤ ਇਕ ਲਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਗਿਆਨ, ਊਚ ਨੀਚ ਜਾਤ ਪਾਤ ਵਰਨ ਬਰਨ ਨਾ ਕੋਇ ਰਖਾਇੰਦਾ। ਸਰਬ ਜੀਆਂ ਇਕ ਨਿਸ਼ਾਨ, ਸਚ ਨਿਸ਼ਾਨਾ ਇਕ ਬਣਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਘਰ ਸੋਭਾ ਪਾਇੰਦਾ। ਏਕਾ ਤੀਰਥ ਤਟ ਇਸ਼ਨਾਨ, ਸਰ ਸਰੋਵਰ ਇਕ ਵਖਾਇੰਦਾ। ਏਕਾ ਰਸਨਾ ਏਕਾ ਗਾਣ, ਏਕਾ ਨਾਮ ਜਪਾਇੰਦਾ। ਏਕਾ ਇਸ਼ਟ ਸ੍ਰੀ ਭਗਵਾਨ, ਦ੍ਰਿਸ਼ਟ ਸਭ ਦੀ ਆਪ ਖੁਲ੍ਹਾਇੰਦਾ। ਘਟ ਘਟ ਆਪ ਕਰੇ ਬਿਸਰਾਮ, ਗ੍ਰਹਿ ਗ੍ਰਹਿ ਆਪਣੀ ਸੇਜ ਸੁਹਾਇੰਦਾ। ਖੇਲੇ ਖੇਲ ਰਮਈਆ ਰਾਮ, ਰਮਈਆ ਰਾਮ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਘਨਈਆ ਸ਼ਾਮ, ਛਹਿਬਰ ਆਪਣੇ ਨਾਮ ਲਗਾਇੰਦਾ। ਪੀਰ ਪੈਗ਼ੰਬਰ ਦੇ ਪੈਗ਼ਾਮ, ਹੱਕ ਹਕ਼ੀਕ਼ਤ ਆਪ ਸਮਝਾਇੰਦਾ। ਆਦਿ ਜੁਗਾਦੀ ਏਕਾ ਨਾਮ, ਜੁਗ ਜੁਗ ਲੋਕਮਾਤ ਵਰਤਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਹਰਿ ਕਰਤਾ ਆਪ ਕਰਾਇੰਦਾ। ਏਕਾ ਮੰਤਰ ਏਕਾ ਗਿਆਨ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਅੰਧ ਅੰਧੇਰਾ ਮਿਟੇ ਵਿਚ ਜਹਾਨ, ਕਾਇਆ ਬੰਕ ਬੰਕ ਵਡਿਆਇੰਦਾ। ਨੂਰੀ ਜੋਤ ਪਰਕਾਸ਼ ਕਰੇ ਮਹਾਨ, ਪਰਕਾਸ਼ੀ ਆਪਣਾ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚਾ ਦੇਵੇ ਬ੍ਰਹਮ ਗਿਆਨ, ਆਤਮ ਪਰਮਾਤਮ ਸੋਹੰ ਢੋਲਾ ਜਗਤ ਵਿਚੋਲਾ ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸਚ ਪਰਕਾਸ਼ ਮਿਲੇ ਘਰ, ਘਰ ਘਰ ਵਿਚ ਆਪ ਵਖਾਈਆ। ਪੰਚ ਵਿਕਾਰਾ ਚੁੱਕੇ ਡਰ, ਪੰਚਮ ਨਾਦ ਸ਼ਬਦ ਧੁੰਨ ਸ਼ਨਵਾਈਆ। ਪੰਚਮ ਮੇਲਾ ਆਪੇ ਕਰ, ਪੰਚਮ ਵੱਜੇ ਸਚ ਵਧਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਦੀਨ ਦਿਆਲਾ ਆਪਣੀ ਕਿਰਪਾ ਦੇਵੇ ਕਰ, ਕਿਰਪਾਨਿਧ ਠਾਕਰ ਸਵਾਮੀ ਆਪਣੀ ਬੂਝ ਬੁਝਾਈਆ। ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਏਕਾ ਰੰਗ ਰੰਗਾਏ ਸੰਞ ਸਵੇਰਾ, ਦਿਵਸ ਰੈਣ ਨਾ ਕੋਇ ਵਖਾਈਆ। ਭਗਤ ਭਗਵੰਤ ਇਕ ਦੂਜੇ ਨੂੰ ਕਹਿਣ ਤੂੰ ਮੇਰਾ ਮੈਂ ਤੇਰਾ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਸਚ ਪਰਕਾਸ਼, ਪਰਕਾਸ਼ਵਾਨ ਆਪ ਵਖਾਈਆ। ਮੁਕਤ ਵਿਚਾਰੀ ਜਗਤ ਨਿਮਾਣੀ, ਨੇਤਰ ਨੈਣਾਂ ਰੋ ਰੋ ਨੀਰ ਵਹਾਈਆ। ਜਿਸ ਜਨ ਸਤਿਗੁਰ ਸੱਚਾ ਮਿਲੇ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਚਰਨ ਕਵਲ ਕਵਲ ਚਰਨ ਰਖਾਏ ਇਕ ਧਿਆਨੀ, ਧਿਆਨ ਧਿਆਨ ਵਿਚ ਮਿਲਾਈਆ। ਸ਼ਬਦ ਅਗੰਮੀ ਚਾੜ੍ਹ ਬਿਬਾਣੀ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਸਚਖੰਡ ਵਖਾਏ ਸਚ ਨਿਸ਼ਾਨੀ ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਗੁਰਸਿਖ ਤੇਰੀ ਮੁੱਕੇ ਆਵਣ ਜਾਣੀ, ਲੱਖ ਚੁਰਾਸੀ ਫੰਦ ਕਟਾਈਆ । ਇਕ ਵਖਾਏ ਪਦ ਨਿਰਬਾਣੀ, ਪਦ ਨਿਰਬਾਣ ਆਪਣਾ ਰੂਪ ਦਰਸਾਈਆ। ਗੁਰਮੁਖ ਮੇਲਾ ਗੁਰ ਗੁਰ ਹਾਣੀ, ਸਤਿਗੁਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਸੋ ਗੁਰਮੁਖ ਜਗਤ ਮੁਕਤੀ ਆਪਣਿਆਂ ਚਰਨਾਂ ਹੇਠ ਦਬਾਈਆ। ਜਗਤ ਮੁਕਤੀ ਗੁਰਮੁਖਾਂ ਕੋਲੋਂ ਰਹੀ ਡਰ, ਨੇਤਰ ਵੇਖਣ ਨਾ ਪਾਈਆ। ਜਿਨਾਂ ਪੁਰਖ ਅਕਾਲ ਏਕੰਕਾਰ ਏਕ ਲਿਆ ਵਰ, ਏਕਾ ਘਰ ਵੱਜੀ ਵਧਾਈਆ। ਨਾਤਾ ਬਣਾਇਆ ਪੁਰਖ ਨਾਰ, ਨਾਰ ਕੰਤ ਏਕਾ ਰੂਪ ਸਮਾਈਆ। ਸਚਖੰਡ ਦੁਆਰੇ ਸੋਭਾਵੰਤ, ਸਾਚੇ ਮੰਦਰ ਵੱਜੇ ਵਧਾਈਆ। ਗੁਰਮੁਖ ਲੇਖਾ ਚੁੱਕੇ ਆਦਿ ਅੰਤ, ਅੰਤ ਆਪਣੀ ਜੋਤ ਮਿਲਾਈਆ। ਸਤਿਗੁਰ ਪੂਰਾ ਸ੍ਰੀ ਭਗਵੰਤ, ਗੁਰਸਿਖ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਦਰ, ਸੋ ਗੁਰਸਿਖ ਕਿਸੇ ਦੁਆਰੇ ਮੁਕਤੀ ਮੰਗਣ ਨਾ ਜਾਈਆ। ਮੁਕਤੀ ਜੁਗਤੀ ਭਗਤਾਂ ਦਾਸੀ, ਦਾਸੀ ਬਣ ਬਣ ਸੇਵ ਕਮਾਈਆ। ਗੁਰਮੁਖ ਸੱਚਾ ਸਚਖੰਡ ਦਾ ਸੱਚਾ ਵਾਸੀ, ਕਬੀਰ ਜੁਲਾਹਾ ਕੂਕ ਕੂਕ ਗਿਆ ਸੁਣਾਈਆ। ਨਿਰਗੁਣ ਮੇਲਾ ਨਿਰਗੁਣ ਪੁਰਖ ਅਬਿਨਾਸ਼ੀ, ਆਤਮ ਪਰਮਾਤਮ ਏਕਾ ਦਰ ਸੋਭਾ ਪਾਈਆ। ਜਿਸ ਜਨ ਕਲਜੁਗ ਅੰਤ ਮਿਲਿਆ ਘਨਕਪੁਰ ਵਾਸੀ, ਸੋ ਜਨ ਜਨਮ ਮਰਨ ਵਿਚ ਨਾ ਆਈਆ। ਲੱਖ ਚੁਰਾਸੀ ਕੱਟੇ ਫਾਸੀ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪੇ ਫੜ, ਫੜ ਫੜ ਆਪਣਾ ਮੇਲ ਮਿਲਾਈਆ। ਪੜ੍ਹੇ ਪੜ੍ਹਾਏ ਜੀਵ ਜੰਤ, ਜਗਤ ਵਿਦਿਆ ਨਾਲ ਕੁੜਮਾਈਆ। ਹਰਿ ਕਾ ਰੂਪ ਹਰਿ ਭਗਵੰਤ, ਹਰਿ ਸ਼ਬਦ ਕਰੇ ਸ਼ਨਵਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਜਨ ਆਪਣੀ ਬੂਝ ਬੁਝਾਈਆ। ਘਰ ਮੇਲਾ ਘਰ ਸੁਹਾਗ ਘਰ ਸੇਜ ਨਾਰੀ ਕੰਤ, ਘਰ ਕੰਤ ਕੰਤੂਹਲ ਖ਼ੁਸ਼ੀ ਮਨਾਈਆ। ਗੱਲਾਂ ਬਾਤਾਂ ਕਰੇ ਜੀਵ ਜੰਤ, ਜੀਵਣ ਜੁਗਤੀ ਸਤਿਗੁਰ ਆਪਣੀ ਸ਼ਬਦ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਖੇਲ ਕਰ, ਰਸਨਾ ਭੇੜ ਨਾ ਕੋਇ ਵਖਾਈਆ।